Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਇਹ ਜੁ ਦੁਨੀਆ ਸਿਹਰੁ ਮੇਲਾ (ਭੂਮਿਕਾ)

ਭੂਮਿਕਾ 
        ਸਹਿਜ ਸੁਭਾਅ ਤੁਰਦਿਆਂ ਵੀ ਬੰਦਾ ਜ਼ਿੰਦਗੀ ਨੂੰ ਜਿਊਣਾ ਭੁੱਲ ਜਾਂਦਾ ਹੈ। ਉਹ ਵਕਤ ਦਿਆਂ ਪੁੜਾਂ ਵਿੱਚ ਪਿਸਣ ਲਗਦਾ ਹੈ ਜਾਂ ਕਹਿ ਲਵੋ ਆਪਣਾ ਆਪ ਵਿਸਾਰਦਾ ਜਾਂਦਾ ਹੈ। ਅਜਿਹੇ ਸਮੇਂ ਚੁੱਪ ਵਰਤ ਸਕਦੀ ਹੈ ਜਾਂ ਸ਼ੋਰ ਮੱਚ ਸਕਦਾ ਹੈ ਤੇ ਕਿਧਰੇ ਸਥਿਤੀ ਡਾਵਾਂਡੋਲ ਵੀ ਹੋ ਸਕਦੀ ਹੈ। ਹਰ ਪ੍ਰਾਣੀ ਆਪੋ ਆਪਣੀ ਮਨੋ-ਅਵਸਥਾ ਅਨੁਸਾਰ ਕਾਰਜਸ਼ੀਲ ਭੂਮਿਕਾ ਨਿਭਾਉਂਦਾ ਹੈ, ਕਦੀ ਧੀ/ਪੁੱਤ ਦੀ, ਕਦੀ ਮਾਂ/ਪਿਓ ਦੀ, ਕਦੀ ਪਤੀ/ਪਤਨੀ ਦੀ ਤੇ ਕਦੀ ਹੋਰ, ਜੋ ਰਿਸ਼ਤਾ ਨਾਤਾ ਪ੍ਰਬੰਧ 'ਤੇ ਨਿਰਭਰ ਹੋਵੇ। ਉਸਦੀ ਮਾਨਸਿਕਤਾ ਮਹਿਜ਼ ਵਰਤਮਾਨ ਵਿੱਚ ਦਰਪੇਸ਼ ਵੰਗਾਰਾਂ ਨਾਲ਼ ਹੀ ਨਹੀਂ, ਕਦੀ ਮਾਜ਼ੀ ਦੇ ਭੰਵਰਜਾਲ਼ ਵਿੱਚ ਫਸਦੀ ਤੇ ਕਦੀ ਭਵਿੱਖ ਦੀ ਤਜ਼ਵੀਜ ਕਰਦਿਆਂ ਸਹਿ-ਸੰਵਾਦ ਰਚਾਉਂਦੀ ਹੈ। ਅਜਿਹੇ ਵੇਲ਼ੇ ਕੋਈ ਢਾਰਸ ਲਾਜ਼ਮੀ ਹੈ, ਕੋਈ ਟੇਕ ਵਿਚਾਰਨਯੋਗ ਹੈ ਕਿਉਂਕਿ ਮਨੁੱਖ ਮੌਤ ਦੇ ਡਰੋਂ ਹੀ ਜਿਉਂਦਾ ਹੈ, ਉਂਞ ਜੀਣਾ ਭੁਲਿਆ ਰਹਿੰਦਾ ਹੈ।
        ਜਦ ਕਦੀ ਵੀ ਭੀੜ ਬਣਦੀ ਹੈ ਜਾਂ 'ਨੇਰ ਗਾੜ੍ਹਾ ਹੁੰਦਾ ਜਾਂਦਾ ਹੈ ਤਾਂ ਕੋਈ ਹਿੰਮਤੀ ਮਿਸ਼ਾਲਚੀ ਮਿਸ਼ਾਲ ਲੈ ਅੱਗੇ ਆਉਂਦਾ ਹੈ...ਉਸਦੇ ਕਦਮਾਂ ਵਿੱਚ ਸਥਿਰਤਾ ਤੇ ਬੋਲਾਂ ਵਿੱਚ ਅਪਣੱਤ ਪਨਪਦਾ ਹੈ ਜਿਸ ਨੂੰ ਲੋਕ ਆਫ਼ਤਾਬੀ ਚਮਕ ਦੱਸਦੇ ਹਨ ਅਜਿਹੇ ਹੀ ਵਿਚਾਰਾਂ ਦੀ ਗੁਥਲੀ ਹੈ 'ਇਹ ਜੁ ਦੁਨੀਆ ਸਿਹਰੁ ਮੇਲਾ' ਸਿਰਲੇਖ ਹੇਠ ਹਰਪ੍ਰੀਤ ਸਿੰਘ ਸਵੈਚ ਦੀ ਹਥਲੀ ਵਾਰਤਕ ਰਚਨਾ; ਜਿਸ ਨੂੰ ਉਸਨੇ ਆਪਣੇ ਮੌਲਿਕ ਕਾਵਿ ਸੰਗ੍ਰਹਿ 'ਇਬਾਦਤਗਾਹ' ਤੇ ਜੀਵਨੀਆਂ ਦੀ ਪੁਸਤਕ "ਰਤੇ ਇਸਕ ਖ਼ੁਦਾਇ" ਉਪਰੰਤ ਰਚਿਆ ਹੈ। ਉਸਦੀ ਰਚਨਾ ਵਿੱਚ ਜੀਵਨ ਦੀ ਤਾਂਘ ਹੈ ਤੇ ਜਾਗਦੇ ਰਹਿਣ ਦਾ ਸੁਨੇਹਾ ਹੈ। ਉਹ ਏਕੇ ਦਾ ਮੁਦੱਈ ਹੈ। ਉਹ ਪਿਆਰ ਦਾ ਵਣਜਾਰਾ ਹੈ। ਹਰਪ੍ਰੀਤ ਆਪਣੇ ਨਾਂਓਂ ਵਾਂਗ ਹਰਿ ਦੀ ਪ੍ਰੀਤ ਵਿੱਚ ਭਿੱਜੀ ਰੂਹ ਹੈ। ਉਸ ਨੂੰ ਦੁਨੀਆਂ ਦਾ ਹਰ ਪ੍ਰਾਣੀ ਆਪਣਾ ਜਾਪਦਾ ਹੈ। ਉਸਦੇ ਸਿੱਧੇ ਤੇ ਸਾਦੇ ਬੋਲ ਵੀ ਮਨੁੱਖਤਾ ਨੂੰ ਮੁਹੱਬਤ ਵੱਲ ਤੋਰਨ ਦਾ ਯਤਨ ਕਰਦੇ ਹਨ। ਉਹ ਆਪੇ ਨੂੰ ਪਿਆਰਨ ਤੋਂ ਵਾਰਨ ਤੱਕ ਦਾ ਸਫ਼ਰ ਕਰ ਰਿਹਾ ਹੈ। ਇਹ ਉਸਦੀ ਵਡਿਆਈ ਹੀ ਨਹੀਂ, ਉਸਦੀ ਜੀਵਨ ਜਾਚ ਵੀ ਹੈ।
           ਸਰਘੀ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਦਾ ਮਸ਼ਵਰਾ ਸੀ ਕਿ ਆਪਣੇ ਲੇਖਾਂ ਵਿੱਚ ਕਹਾਣੀ ਦੀ ਜੁਗਤ ਵੀ ਵਰਤੀਂ। ਸਵੈਚ ਹੁਰਾਂ ਗੱਲ ਸਿਰਮੱਥੇ ਕਬੂਲੀ। ਸਾਡੀ ਤਿੰਨਾਂ ਦੀ ਯਾਰਾਨਾ ਤਿੱਕੜੀ ਵਿੱਚ ਹਰਪ੍ਰੀਤ ਸਿੰਘ ਸਵੈਚ; ਸਾਡਾ ਮਹਿਬੂਬ ਲੇਖਕ ਹੈ। ਅਸਲੋਂ ਤਾਂ ਉਹ ਸਫ਼ਰਨਾਮਾਕਾਰ ਹੈ ਪਰ ਸਫ਼ਰ ਕਰਦਿਆਂ ਬੰਦਾ ਸਿਆਣਪਾਂ ਵੀ ਆਪਣੀ ਝੋਲੀ ਪਾਉੰਦਾ ਜਾਂਦਾ ਹੈ ਜੋ ਕਿਤੇ ਨਾ ਕਿਤੇ ਸਾਂਝੀਆਂ ਕਰਨੀਆਂ ਲਾਜ਼ਮੀ ਹੋ ਜਾਂਦੀਆਂ ਹਨ। ਇਸੇ ਬਹਾਨੇ ਉਹ ਦਿਲ ਫੋਲਦਾ ਹੈ ਤੇ ਆਪਣੇ ਜਜ਼ਬਾਤ ਲਿਖਣ ਲਗਦਾ ਹੈ। ਇਨ੍ਹਾਂ ਜਜ਼ਬਿਆਂ ਵਿੱਚ ਇਨਸਾਨੀਅਤ ਵਸਦੀ ਹੈ। ਇਹ ਮਹਿੰਗੇ ਭਾਅ ਦੇ ਹਨ। ਇਹ ਅੰਦਰ ਦਾ ਸਫ਼ਰ ਹਨ। ਇਹ ਦੁਨੀਆਂ ਦੀ ਕੀਰਤੀ ਹਨ। ਇਹ ਬੰਦੇ ਦੇ ਬੰਦਾ ਹੋਣ ਦਾ ਸਫ਼ਰ ਹੈ। ਆਓ! ਇਸ ਸਫ਼ਰ ਵਿੱਚ ਹਰਪ੍ਰੀਤ ਸਿੰਘ ਸਵੈਚ ਦੇ ਨਾਲ਼ ਤੁਰੀਏ..!
           ਸਹਿ ਸੁਭਾਅ ਤੁਰਨਾ ਮਾੜਾ ਨਹੀਂ ਪਰ ਮੌਤ ਡਰੋਂ ਜੀਣਾ ਭੈੜਾ ਹੈ। ਸੁਪਨ-ਸਮੁੰਦਰ ਦੀ ਤਾਰੀ ਲਾ ਕੇ ਹੁਣ ਅਸਲ ਦੇ ਰੂ-ਬਰੂ ਹੋਈਏ। ਸੱਚ, ਹੱਕ ਤੇ ਪੱਥ ਵੱਲ ਹੋਈਏ...ਅੱਬੜਬਾਹੇ ਉੱਠੇ ਹੋ... ਸਵੇਰ ਨਹੀਂ ਹੋਈ...ਉਸਦਾ ਝੌਲ਼ਾ ਹੈ। ਸਵੇਰ ਤਾਂ ਸ਼ਬਦਾਂ ਦੀ ਪ੍ਰਕਰਮਾਂ ਕੀਤਿਆਂ ਹੀ ਹੋਵੇਗੀ...ਹਰ ਸ਼ਬਦ ਰੌਸ਼ਨ ਹੈ। ਸੂਰਜ ਮੱਥਿਆਂ 'ਚੋਂ ਉੱਗੇਗਾ, ਪਹਿਲਾ ਕਦਮ ਚੁੱਕੋ ਤੇ ਸ਼ਬਦ ਨਗਰ ਦੀਆਂ ਗਲ਼ੀਆਂ ਦਾ ਸਫ਼ਰ ਕਰੋ। ਤੁਹਾਡਾ ਆਪਾ ਨਹੀਂ ਝੁਰੇਗਾ। ਤੁਸੀਂ ਜਾਣ ਜਾਓਗੇ ਮੈਂ ਨੂੰ, ਤੂੰ ਨੂੰ ਤੇ ਸਭ ਨੂੰ...ਜਿਸ ਨੂੰ ਅਕਸਰ ਰੱਬ ਕਿਆਸਦੇ ਹਾਂ।
             ਧਰਮ, ਇੱਕ ਵਚਨ ਸ਼ਬਦ ਹੈ। ਇਹ ਓਹੀ ਫ਼ਰਜ਼ ਹੈ ਜੋ ਦ੍ਰਿਸ਼ ਨਹੀਂ, ਦ੍ਰਿਸ਼ਟੀਕੋਣ ਬਦਲਦਾ ਹੈ। ਨਜ਼ਰ ਦੀ ਐਨਕ ਲਾਓ ਤੇ ਨਜ਼ਰੀਏ ਨੂੰ ਹੋਰ ਫੈਲਾਓ... ਹਰਪ੍ਰੀਤ ਸਿੰਘ ਸਵੈਚ ਕਿਸੇ ਸਫ਼ਰ 'ਤੇ ਹੋਵੇਗਾ, ਉਸਦੇ ਪਰਤਣ ਤੋਂ ਪਹਿਲਾਂ ਇਸ ਪੋਥੀ ਦਾ ਪਾਠ ਕਰਨਾ ਜ਼ਰੂਰੀ ਹੈ। ਬੰਦਿਆਂ ਨੇ ਹੀ ਬੰਦਿਆਂ ਦਾ ਆਖਾ ਮੰਨਣਾ ਹੁੰਦਾ...ਤੇ ਬੰਦੇ ਬਣਨਾ ਡਾਢਾ ਮੁਹਾਲ ਹੈ। ਵੇਖੋ! ਕੌਣ ਬਣਦਾ ਹੈ ਤੇ ਕੌਣ ਬਣਨ ਦੀ ਕੋਸ਼ਿਸ਼ ਕਰਦਾ ਹੈ। ਕਿਤਾਬ ਕੋਈ ਵੀ ਹੋਵੇ ਉਹ ਬੰਦੇ ਵਿਚਲੇ ਬੰਦਿਆਂ ਦੀ ਤਲਾਸ਼ ਕਰਦੀ ਰਹਿੰਦੀ ਹੈ। ਭਟਕਦੀਆਂ ਰੂਹਾਂ ਦਾ ਆਸਰਾ ਇਸੇ ਡੇਰੇ ਵਿੱਚ ਹੈ। ਭਗਤੀ, ਇਸੇ ਭੋਰੇ ਵਿੱਚ ਹੈ। ਕਿਤਾਬ ਮਹਿਜ਼ ਕਾਗ਼ਜ਼ਾਂ ਦੀ ਥੱਬੀ ਨਹੀਂ, ਸ਼ਬਦਾਂ ਦੀ ਟਕਸਾਲ ਹੈ। ਜਿੱਥੋਂ ਸੱਚੇ ਤੇ ਸੁੱਚੇ ਹੋਣ ਦਾ ਵਲ਼ ਮਿਲ਼ਦਾ, ਰਾਹ ਦਿਸਦਾ ਹੈ। ਇਸ ਪਰਉਪਕਾਰ ਤੇ ਹਿੰਮਤ ਲਈ ਹਰਪ੍ਰੀਤ ਸਿੰਘ ਸਵੈਚ ਨੂੰ ਮੁਬਾਰਕਾਂ! ਉਸਦੀ ਹਰ ਲਿਖ਼ਤ ਜੀਵਨ ਜਿਊਣ ਦਾ ਸਲੀਕਾ ਦੱਸੇ। ਉਹ ਚੜ੍ਹਦੀ ਕਲਾ ਵਿੱਚ ਰਹੇ... ਆਮੀਨ!
              ਜਸਵੀਰ ਸਿੰਘ ਸ਼ਾਇਰ 
              ਲਫ਼ਜ਼ਾਂ ਦੀ ਦੁਨੀਆਂ, ਬਾੜਾ ਸਿੱਧਪੁਰ (ਨਕੋਦਰ) ਜਲੰਧਰ

Post a Comment

0 Comments