Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਮੱਧਕਾਲੀਨ ਪੰਜਾਬੀ ਕਾਵਿ-ਧਰਾਵਾਂ 'ਤੇ ਨੋਟ ਲਿਖੋ ।

          
                  ਮੱਧਕਾਲ ਦਾ ਸਮਾਂ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਸੀ ।ਇਸ  ਸਮੇਂ ਗੁਰੂਆਂ ਦੀ ਗੁਰਬਾਣੀ ਨੇ ਸਮਾਜ ਨੂੰ ਸੁਧਾਰਿਆ ।  ਸੂਫੀ ਕਵਿਤਾ ਦੀ ਸਾਦਗੀ, ਕਿੱਸਾ ਕਾਵਿ  ਦੀ ਰੰਗੀਨੀ ਅਤੇ ਬੀਰ ਕਾਵਿ  ਦੀ ਦਲੇਰੀ ਝਲਕਾਂ ਮਾਰਦੀ ਹੈ। ਇਹ ਸਮਾਂ ਪੰਜਾਬੀ ਕਵਿਤਾ ਲਈ ਸਭ ਤੋਂ ਵੱਧ ਵਿਕਾਸਵਾਦੀ ਸੀ ।ਇਸ ਸਮੇਂ ਬਾਰੇ ' ਡਾ. ਅਤਰ ਸਿੰਘ ' ਨੇ ਲਿਖਿਆ ਹੈ- "ਮੱਧ ਕਾਲ ਦਾ ਯੁੱਗ ਪੰਜਾਬੀ ਸਾਹਿਤ ਦਾ ਸੁਨਹਿਰੀ ਦੌਰ ਹੈ।ਇਸ ਸਮੇਂ ਵਾਰਤਕ ਨੇ  ਘੱਟ ਵਿਕਾਸ  ਕੀਤਾ ਪਰ ਕਵਿਤਾ ਨੇ ਆਪਣੀ ਚੋਟੀ  ਨੂੰ ਛੂਹਿਆ ।"
             ਮੱਧ ਯੁੱਗ ਵਿਚ ਚਾਰ ਕਾਵਿ - ਧਾਰਾਵਾਂ ਨੇ ਜਨਮ ਲਿਆ । ਮੱਧ ਯੁੱਗ ਨੂੰ ਤੇ ਉਸ ਦੇ ਸਾਹਿਤ ਨੂੰ ਪੰਜ ਕਾਲਾਂ ਵਿੱਚ ਵੰਡਿਆ ਜਾ ਸਕਦਾ ਹੈ ।
 1.   ਆਦਿ ਕਾਲ 
 2.   ਨਾਨਕ ਕਾਲ 
 3.   ਉੱਤਰ ਨਾਨਕ ਕਾਲ 
 4.   ਸਿੱਖ ਰਾਜ ਕਾਲ
 5.   ਸਕ੍ਰਾਂਤੀ ਕਾਲ 

 1) ਆਦਿ ਕਾਲ ਦੀ ਪੰਜਾਬੀ ਕਵਿਤਾ : ਆਦਿ ਕਾਲ ਜਾਂ ਪੂਰਵ ਨਾਨਕ ਕਾਲ ਸਾਡੇ ਪੰਜਾਬੀ ਸਾਹਿਤ ਦਾ ਆਰੰਭਕ ਕਾਲ ਹੈ।  ਇਸ ਸਮੇਂ  ਸ਼ੇਖ਼ ਫ਼ਰੀਦ ਨੇ ਸੂਫ਼ੀ ਕਵਿਤਾ ਦਾ ਆਰੰਭ ਕੀਤਾ । ਛੇ ਲੋਕ ਵਾਰਾਂ ਵੀ ਮਿਲਦੀਆਂ ਹਨ।

ੳ) ਸੂਫੀ ਕਾਵਿ ਧਾਰਾ-  ਸ਼ੇਖ ਫ਼ਰੀਦ (1173-1266ਈ.)  ਨੇ ਸੂਫ਼ੀ ਪੰਜਾਬੀ ਕਵਿਤਾ ਨਾਲ਼ ਪੰਜਾਬੀ ਕਵਿਤਾ ਦਾ ਆਰੰਭ  ਵੀ ਕੀਤਾ। ਆਪ ਦੇ ਚਾਰ ਸ਼ਬਦ ਤੇ 112 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ । ਆਪ ਨੇ  ਅੱਲ੍ਹਾ ਦਾ ਨਾਮ ਜਪਣ, ਮੁਰਸ਼ਦ ਤੋਂ ਸਿੱਖਿਆ ਲੈਣ, ਸਾਦਗੀ ਤੇ ਨਿਮਰਤਾ ਭਰਿਆ ਜੀਵਨ ਅਪਣਾਉਣ ਦੀ ਸੇਧ ਦਿੱਤੀ ਹੈ। ਆਪ ਦੀ ਬੋਲੀ, ਸੌਖੀ, ਸਾਦੀ, ਅਲੰਕਾਰ, ਬਿੰਬ ਤੇ ਰਸ-ਭਰਪੂਰ ਹੈ।
ਜਿਵੇਂ - "ਫਰੀਦਾ ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਅ।।
           ਦੇਖ ਪਰਾਈ ਚੋਪੜੀ ਨਾ ਤਰਸਾਇ ਜੀਅ।।"

ਅ) ਬੀਰ ਕਾਵਿ- ਛੋਟੇ-ਛੋਟੇ ਮੁੱਦਿਆਂ (ਮਾਮਲਿਆਂ) ਉੱਪਰ ਹੋਣ ਵਾਲੀਆਂ ਲੜਾਈਆਂ ਨੇ  ਲੋਕ ਵਾਰਾਂ ਨੂੰ ਜਨਮ ਦਿੱਤਾ।ਪਾਣੀ ਦੀ ਵਾਰੀ ਜਾਂ ਮੰਗ ਵਿਆਹੁਣ ਪਿੱਛੇ ਲੜਾਈਆਂ ਦਾ ਵਰਣਨ ਹਸਨੇ ਦੀ ਵਾਰ, ਮੂਸੇ ਦੀ ਵਾਰ ਆਦਿ ਵਿੱਚ ਹੋਇਆ ਹੈ।

2.ਨਾਨਕ ਕਾਲ/ ਗੁਰੂ ਕਾਲ/ ਮੁਗ਼ਲ ਕਾਲ ਦੀ ਕਵਿਤਾ -
     ਸੂਫੀ ਅਤੇ ਬੀਰ ਕਾਵਿ ਦੇ ਨਾਲ - ਨਾਲ ਕਿੱਸਾ ਅਤੇ ਗੁਰਮਤਿ ਕਾਵਿ ਵੀ ਲਿਖੇ ਗਏ। ਗੁਰਬਾਣੀ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਲਿਤ ਹੋਇਆ। ਇਹ ਸਮਾਂ ਸੁਨਹਿਰੀ ਕਾਲ ਸੀ। 

ੳ) ਸੂਫੀ ਕਾਵਿ ਧਾਰਾ-ਨਾਨਕ ਕਾਲ ਵਿੱਚ ਵਜੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਵਰਗੇ ਸੂਫ਼ੀ ਕਵੀ ਹੋਏ। ਇਨ੍ਹਾਂ ਦੀ ਕਵਿਤਾ 'ਚੋਂ ਉਦਾਹਰਣ ਇਸ ਪ੍ਰਕਾਰ ਹੈ:
       "ਵਜੀਦਾ ਕੌਣ ਸਾਹਿਬ ਨੋ ਆਖੇ
             ਐਉ ਨਹੀਂ ਅੰਝ ਕਰ।"
                    ਜਾਂ
          "ਚਰਖਾ ਮੇਰਾ ਰੰਗੁਲੜਾ ਰੰਗ ਲਾਲ।"
                   ਜਾਂ
   " ਅਲਫ਼ ਅੱਲਾ ਚੰਬੇ ਦੀ ਬੂਟੀ 
           ਮੁਰਸ਼ਦ ਦਿਲ ਮੇਰੇ ਵਿਚ ਲਾਈ ਹੂ।"

ਅ)  ਬੀਰ ਕਾਵਿ - ਤਿੰਨ ਲੋਕ ਵਾਰਾਂ ਦੇ ਨਾਲ ਨਾਲ ਇਸ ਸਮੇਂ ਦਾ ਬੀਰ ਰਸੀ ਸਾਹਿਤ ਚੰਡੀ ਦੀ ਵਾਰ ਦੇ ਰੂਪ ਵਿਚ ਮਿਲਦਾ ਹੈ।
ਚੰਡੀ ਦੀ ਵਾਰ - ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਲਿਖੀ ਚੰਡੀ ਦੀ ਵਾਰ ਬੀਰ ਰਸ ਦਾ ਉੱਤਮ ਨਮੂਨਾ ਹੈ। ਦੁਰਗਾ ਦੀ ਮਦਦ ਨਾਲ ਦੇਵਤੇ ਮਿਥਿਹਾਸਕ ਯੁੱਧ ਵਿਚ ਦੈਂਤਾਂ ਤੋਂ ਜਿੱਤ ਜਾਂਦੇ ਹਨ। ਵਾਰ ਵਿਚ ਬਿੰਬ,ਰਸ ਅਤੇ ਛੰਦ, ਅਲੰਕਾਰ ਖੂਬ ਰੰਗ ਬੰਨ੍ਹਦੇ ਹਨ।
ਜਿਵੇਂ-  
          "ਲੱਖ ਨਗਾਰੇ ਵੱਜਣ ਆਹਮੋ-ਸਾਮਹਣੇ 
            ਰਾਕਸ਼ ਰਣੋਂ ਨ ਭਜਣਿ ਰੋਹੇ ਰੋਹਲੇ।"

ੲ) ਕਿੱਸਾ ਕਾਵਿ-ਦਮੋਦਰ ਦੀ ਰਚਨਾ ਹੀਰ ਨਾਲ ਕਿੱਸਾ ਕਵਿਤਾ ਸ਼ੁਰੂ ਹੋਈ। ਪੀਲੂ ਤੇ ਹਾਫ਼ਿਜ਼ ਨੇ ਕਿੱਸੇ ਲਿਖ ਕੇ ਇਸ ਦਾ ਮਾਣ ਵਧਾਇਆ। ਪੀਲੂ ਦੀ ਰਚਨਾ ਮਿਰਜਾ ਸਾਹਿਬਾ 'ਚੋਂ ਉਦਾਹਰਨ ਇਸ ਤਰ੍ਹਾਂ ਹੈ-
"ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦੇਵੇ ਮੱਤ।
 ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ
 ਹੱਸ-ਹੱਸ ਲਾਉਂਦੀਆਂ ਯਾਰੀਆਂ ਤੇ ਰੋ ਰੋ ਦਿੰਦੀਆਂ ਦੱਸ।"

ਸ) ਗੁਰਮਤਿ ਕਾਵਿ - ਪਹਿਲੇ 5 ਗੁਰੂ ਸਾਹਿਬਾਨ, 9ਵੇਂ ਤੇ ਦਸਵੇਂ ਗੁਰੂ ਦੀ ਰਚਨਾ ਅਤੇ ਭਾਈ ਗੁਰਦਾਸ ਦੀ ਵਿਆਖਿਆ ਭਰੀ ਰਚਨਾ ਗੁਰਮਤਿ ਕਾਵਿ ਵਿਚ ਸ਼ਾਮਲ ਹੈ , ਜਿਸਦਾ  ਉਦੇਸ਼ ਗੁਰਬਾਣੀ ਵਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਇਸ ਸਮੇਂ ਹੀ ਹੋਇਆ, ਜੋ ਸਾਰੇ ਸੰਸਾਰ ਨੂੰ ਸੇਧ ਦੇਣ ਵਾਲਾ ਗ੍ਰੰਥ ਹੈ। ਗੁਰਮਤਿ ਕਾਵਿ ਆਮ ਅਤੇ ਪ੍ਰਭਾਵਸ਼ਾਲੀ ਬੋਲੀ ਵਿੱਚ ਮਨੁੱਖ ਨੂੰ ਆਪਣਾ ਆਪ  ਸੁਧਾਰਨ ਅਤੇ ਸਮਾਜ ਨੂੰ ਸੁਧਾਰਨ ਦਾ ਉਪਦੇਸ਼ ਦਿੰਦਾ ਹੈ।
ਜਿਵੇਂ- 
      "ਤੇਰਾ ਭਾਣਾ ਮੀਠਾ ਲਾਗੇੈ।।
ਹਰਿ ਨਾਮ ਪਦਾਰਥ ਨਾਨਕ ਮਾਂਗੇੈ।।"
                     ਜਾਂ
      "ਮਿਠਤੁ ਨੀਵੀ ਨਾਨਕਾ।।
        ਗੁਣ ਚੰਗਿਆਈਆਂ ਤੱਤ।।"

    3). ਉੱਤਰ ਨਾਨਕ ਕਾਲ ਦਾ ਸਾਹਿਤ :
  ਇਹ ਉੱਤਰ ਨਾਨਕ ਕਾਲ ਜਾਂ ਉੱਤਰ ਮੁਗਲ ਕਾਲ ਦਾ ਸਮਾਂ ਸੀ।ਇਸ ਸਮੇਂ ਵਿੱਚ ਗੁਰਮਤਿ ਕਾਵਿ ਨਹੀਂ ਲਿਖਿਆ ਗਿਆ। ਸੂਫੀ, ਬੀਰ ਤੇ ਕਿੱਸਾ ਕਵਿਤਾ ਲਿਖੀ ਗਈ।

ੳ) ਸੂਫੀ ਕਵਿਤਾ- ਬੁੱਲੇ ਸ਼ਾਹ ਅਤੇ ਅਲੀ ਹੈਦਰ ਨੇ ਸੂਫੀ ਕਵਿਤਾ ਲਿਖੀ। ਬੁੱਲੇ ਦੀਆਂ ਕਾਫ਼ੀਆਂ ਨਾਲ ਸੂਫੀ ਕਵਿਤਾ ਆਪਣੇ ਸਿਖਰ ਉੱਪਰ ਜਾ ਪਹੁੰਚੀ। ਬੁੱਲੇ ਨੇ ਸਿੱਧੀ ਸਾਦੀ ਬੋਲੀ, ਘਰੇਲੂ, ਉਦਾਹਰਨਾਂ ਅਤੇ ਸੰਗੀਤਕ ਕਾਫ਼ੀਆਂ ਲਿਖ ਕੇ ਰੱਬ ਨਾਲ਼ ਮਨੋ ਪਿਆਰ ਕਰਨ ਦਾ ਸੰਦੇਸ਼ ਦਿੱਤਾ।
ਜਿਵੇਂ-           
 "ਸ਼ਾਹ ਰਗ ਤੋਂ ਰੱਬ ਵਸਦਾ ਨੇੜੇ,
 ਲੋਕਾਂ ਭਾਣੇ ਲੰਮੇ ਝੇੜੇ ।" (ਬੁੱਲ੍ਹੇ ਸ਼ਾਹ)
                 ਜਾਂ 
  " ਮੂੰਹ ਆਈ ਬਾਤ ਨਾ ਰਹਿੰਦੀ ਏ।"

ਅ) ਬੀਰ ਕਾਵਿ- ਇਸ ਸਮੇਂ ਨਜ਼ਾਬਤ ਨੇ ਨਾਦਰ ਸ਼ਾਹ ਦੇ ਹਮਲੇ ਬਾਰੇ ਲਿਖਿਆ। ਉਸ ਦੀ ਵਾਰ ਦੇਸ਼ ਪਿਆਰ ਨਾਲ ਭਰਪੂਰ ਹੈ।
ਜਿਵੇਂ - 
   "ਸਿਰ ਦੇਣਾ ਮਨਜ਼ੂਰ ਹੈ।
     ਜੇ ਹਿੰਦ ਨਾ ਜਾਏ ।"

ੲ) ਕਿੱਸਾ ਕਾਵਿ- ਮੁਕਬਲ ਨੇ ਨੇਤਰਹੀਣ ਹੋਣ ਦੇ ਬਾਵਜੂਦ ਹੀਰ ਦਾ ਕਿੱਸਾ ਬੜੀ ਸੁੰਦਰਤਾ ਨਾਲ ਲਿਖਿਆ। ਇਸ ਸਮੇਂ ਵਾਰਸ ਦੀ ਰਚਨਾ ਹੀਰ ਨਾਲ ਕਿੱਸਾ ਕਵਿਤਾ ਆਪਣੇ ਸਿਖਰ ਤੇ ਪਹੁੰਚੀ।
ਜਿਵੇਂ - 
  "ਕੌਣ ਜੰਮਿਆਂ ਜੋ ਗੁਨਾਹਗਾਰ    
     ਨਾਹੀਂ।"
   " ਰਾਂਝੇ ਉਠ ਕੇ ਆਖਿਆ - ਵਾਹ ਸੱਜਣ।
  ਹੀਰ ਹੱਸ ਕੇ ਤੇ ਮਿਹਰਬਾਨ ਹੋਈ ।"

4). ਸਿੱਖ ਰਾਜ ਕਾਲ ਦਾ ਸਾਹਿਤ:
 1800 ਤੋਂ 1850 ਤੱਕ ਦੇ ਇਸ ਸਮੇਂ ਨੂੰ ਰਣਜੀਤ ਸਿੰਘ ਕਾਲ ਵੀ ਕਿਹਾ ਜਾਂਦਾ ਹੈ। ਸਿੱਖ ਰਾਜ ਸਮੇਂ ਸੂਫ਼ੀ ਕਿੱਸਾ ਤੇ ਬੀਰ ਕਾਵਿ ਰਚੇ ਗਏ ।

ੳ)ਸੂਫ਼ੀ ਕਵਿਤਾ- ਹਾਸ਼ਮ ਸ਼ਾਹ ਨੇ ਸੂਫ਼ੀ ਰੰਗ ਦੇ ਦੋਹੜੇ ਲਿਖੇ। ਜੋ ਅਲੰਕਾਰਾਂ ਅਤੇ ਸੁੰਦਰ ਸ਼ਬਦਾਂ ਨਾਲ ਸਜੇ ਹੋਏ ਹਨ।
ਜਿਵੇਂ- 
  "ਹਾਸ਼ਮ ਬੈਠ ਗਈਆਂ ਲੱਖ ਡਾਰਾਂ
     ਇਹ ਜਗਤ ਮੁਸਾਫ਼ਰ ਖਾਨਾ ।"

ਅ) ਬੀਰ ਕਾਵਿ- ਸ਼ਾਹ ਮੁਹੰਮਦ ਨੇ ਅੰਗਰੇਜ਼ ਸਿੱਖ ਯੁੱਧਾਂ ਦਾ ਹਾਲ 'ਜੰਗਨਾਮਾ ਸਿੰਘਾਂ ਤੇ ਫਿਰੰਗੀਆਂ' ਵਿੱਚ ਲਿਖਿਆ। ਉਸ ਦੀ ਹਮਦਰਦੀ ਅਤੇ  ਸ਼ਰਧਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਹੈ।ਪੰਜਾਬ ਦਾ ਕੌਮੀ ਕਵੀ ਕਿਹਾ  ਜਾਂਦਾ ਹੈ। 
ਜਿਵੇਂ-  
 "ਸ਼ਾਹ ਮੁਹੰਮਦਾ ਐਸਾ ਕੌਣ ਜੱਗ ਤੇ
   ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।"

 ੲ) ਕਿੱਸਾ ਕਵਿਤਾ- ਸਿੱਖ ਰਾਜ ਕਾਲ ਵਿੱਚ ਹਾਸ਼ਮ ਸ਼ਾਹ ਤੇ ਕਾਦਰਯਾਰ ਨੇ ਕਿੱਸੇ ਲਿਖੇ।ਹਾਸ਼ਮ ਨੇ ਸੋਹਣੀ ਤੇ ਹੀਰ ਦਾ ਕਿੱਸਾ ਵੀ ਲਿਖਿਆ। ਪਰ ਉਸਦੀ ਵਧੇਰੇ ਪ੍ਰਸਿੱਧੀ ਸੱਸੀ ਪੁੰਨੂੰ ਕਾਰਨ ਹੋਈ।
ਜਿਵੇਂ-
 "ਗੁੱਡੀ ਵਾਂਗ ਹੋਇਆ ਤਨ ਉਸਦਾ, 
   ਉੱਡਦਾ ਬਾਝ ਹਵਾਵਾਂ।"
 ਕਾਦਰਯਾਰ ਨੇ ਪੂਰਨ ਭਗਤ ਦਾ ਸਦਾਚਾਰ ਕਿੱਸਾ ਲਿਖਿਆ। ਇਸ ਵਿਚ ਪੂਰਨ ਦੇ ਉੱਚੇ ਆਚਰਨ ਨੂੰ ਮਹੱਤਵ ਦਿੱਤਾ।
        "ਮੈਂ ਭੁੱਲੀ ਤੁਸਾਂ ਨਾ ਭੁੱਲ ਜਾਇਓ,
      ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੋ।"(ਕਾਦਰਯਾਰ)

5). ਸਕ੍ਰਾਂਤੀ ਕਾਲ ਦੀ ਕਵਿਤਾ- ਸੰਗਰਾਂਦ ਜਾਂ ਸਕ੍ਰਾਂਤੀ ਦਾ ਅਰਥ ਹੈ ਤਬਦੀਲੀ, ਬਦਲਾਅ ਜਾਂ ਨਵੀਂ ਸ਼ੁਰੂਆਤ।  ਜਦੋਂ ਮੱਧ ਕਾਲ ਵਾਲਾ ਰੰਗ ਬਦਲ ਕੇ ਆਧੁਨਿਕ ਕਾਲ ਵਿਚ ਢਲ ਰਿਹਾ ਸੀ ਤਦ ਇਸ ਤਬਦੀਲੀ ਦੇ ਸਮੇਂ 1850 ਤੋਂ 1900 ਈ. ਵਿੱਚ ਸਕ੍ਰਾਂਤੀ ਕਾਲ ਦਾ ਸਮਾਂ ਆਇਆ । ਇਸ ਸਮੇਂ ਬੀਰ ਕਾਵਿ ਤਕਰੀਬਨ ਖਤਮ ਹੋ ਗਿਆ। ਕਿੱਸਾ ਤੇ ਸੂਫ਼ੀ ਕਵਿਤਾ ਦਾ ਆਖ਼ਰੀ ਕਵੀ ਹੋਇਆ।

ੳ) ਸੂਫ਼ੀ ਕਵਿਤਾ - ਗੁਲਾਮ ਫ਼ਰੀਦ ਦੀ ਕਵਿਤਾ ਨਾਲ ਸੂਫੀ ਕਵਿਤਾ ਖ਼ਤਮ ਹੋ ਗਈ। ਉਸ ਨੇ ਰੱਬ ਤੋਂ ਵਿਛੋੜੇ ਦਾ ਦਰਦ ਪ੍ਰੇਮੀ-ਪ੍ਰੇਮਿਕਾ ਦੇ ਪ੍ਰਤੀਕ ਵਿੱਚ ਸੰਗੀਤਕ ਢੰਗ ਨਾਲ ਪੇਸ਼ ਕੀਤਾ।
ਜਿਵੇਂ-
" ਕਿਤ ਵੱਲ ਆਖਿਆ ਮਜਨੂੰ ਨੂੰ ਤੇਰੀ ਲੈਲਾ ਦਿਖਦੀ ਕਾਲੀ,             
  ਮਜਨੂੰ ਨੇ ਜਵਾਬ ਦਿੱਤਾ, ਤੇਰੀ ਅੱਖ ਨਾ ਵੇਖਣ ਵਾਲੀ
  ਗੁਲਾਮ ਫਰੀਦਾ ਜਾ ਅੱਖੀਆਂ ਲੜੀਆਂ 
   ਕਿਆ ਗੋਰੀ ਕਿਆ ਕਾਲੀ।"

ਅ) ਕਿੱਸਾ ਕਵਿਤਾ - ਕਿੱਸਾ ਕਵਿਤਾ ਦਾ ਆਖਰੀ ਕਵੀ ਫ਼ਜ਼ਲ ਸ਼ਾਹ ਸੀ। ਜਿਸ ਨੇ ਸੋਹਣੀ ਮਹੀੰਵਾਲ ਤੇ ਹੀਰ ਰਾਂਝੇ ਦਾ ਕਿੱਸਾ ਲਿਖਿਆ। ਉਹ ਸ਼ਬਦਾਂ ਦੀ ਵਰਤੋਂ ਨਗਾਂ (ਨਗੀਨੇ) ਵਾਂਗ ਕਰਦਾ ਸੀ।
ਜਿਵੇਂ- 
"ਵਲਾਂ ਵਾਲੀਆਂ ਉਸਦੀਆਂ ਵਾਲ਼ੀਆਂ ਨੇ                  
 ਲਿਆ ਲੁੱਟ ਜਹਾਨ ਦੇ ਵਾਲਿਆਂ ਨੂੰ।"

    ਸੋ ਮੱਧ ਕਾਲ ਦੀ ਕਵਿਤਾ , ਸਮੁੱਚੇ ਪੰਜਾਬੀ ਸਾਹਿਤ ਦੀ ਗੌਰਵ ਸ਼ਾਲੀ ਸੌਗਾਤ (ਪ੍ਰਾਪਤੀ) ਹੈ। ਇਸ ਤੋਂ ਪ੍ਰੇਰਨਾ ਲੈ ਕੇ ਸਾਡਾ ਅੱਜ ਵੀ ਸਾਹਿਤ ਰਚਿਆ ਜਾਂਦਾ ਹੈ। ਮੱਧ ਕਾਲੀ ਸਾਹਿਤ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Post a Comment

0 Comments