Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਮਿਆਂ ਦਾ ਹਾਣੀ : ਡਾ. ਗੋਪਾਲ ਸਿੰਘ ਬੁੱਟਰ

           ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹਮੇਸ਼ਾ ਖਿੱਚ ਦਾ ਕੇਂਦਰ ਰਹੀ ਤੇ ਮੈਂ, ਉੱਥੋਂ ਗ੍ਰੈਜੂਏਸ਼ਨ ਕਰਨ ਉਪਰੰਤ ਮੁੜ ਆਪਣੇ ਖਿੱਤੇ ਦੁਆਬੇ ਵਿੱਚ ਆਉਣ ਦਾ ਮਨ ਬਣਾਇਆ ਤੇ ਫਿਰ ਪੋਸਟ ਗ੍ਰੈਜੂਏਸ਼ਨ ਲਈ ਜਲੰਧਰ ਦੇ ਲਗਭਗ ਸਾਰੇ ਕਾਲਜਾਂ ਦਾ ਭਰਮਣ ਕਰਨ ਮਗਰੋਂ, ਆਖ਼ਿਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਦਾਖ਼ਲਾ ਕਰਵਾ ਲਿਆ। ਉੱਥੇ ਹੀ ਪਹਿਲੀ ਦਫ਼ਾ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਨੂੰ ਮਿਲਣ ਦਾ ਸਬੱਬ ਬਣਿਆ। ਉਨ੍ਹਾਂ ਸਾਡੀ ਜਮਾਤ ਨੂੰ 'ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ' ਪਰਚਾ ਪੜ੍ਹਾਉਣਾ ਸ਼ੁਰੂ ਕੀਤਾ.... ਤੇ ਸ਼ਬਦਾਂ ਦੇ ਧੁਰ ਵਿੱਚ ਲਹਿ ਜਾਣ ਦਾ ਵਲ਼ ਦੱਸਿਆ। ਓਦੋਂ ਹੀ ਪਤਾ ਲੱਗਿਆ ਸੀ ਕਿ 'ਔਰੰਜ' (ਸੰਤਰਾ) ਅਸਲ ਵਿੱਚ 'ਨਾਰੰਗੀ' ਦਾ ਹੀ ਬਦਲਵਾਂ ਰੂਪ ਹੈ। ਡਾ. ਗੋਪਾਲ ਸਿੰਘ ਬੁੱਟਰ, ਜਿਨ੍ਹੀਂ ਤੇਜ਼ ਤੁਰਦਾ ਓਨੇ ਹੀ ਕਦਮਾਂ ਦਾ 'ਸਾਬਤ' ਵੀ ਹੁੰਦਾ। ਉਸ ਦਾ ਆਪਣਾ ਇਕ ਲੋਕ ਪੱਖੀ ਸਟੈਂਡ ਰਿਹਾ ਕਿ ਹਮੇਸ਼ਾ ਵਿਦਿਆਰਥੀਆਂ ਦੇ ਹੱਕ ਵਿੱਚ ਖੜਿਆ। ਉਸ ਨੇ ਆਪਣੇ ਵਿਦਿਆਰਥੀਆਂ 'ਤੇ ਮਾਣ ਕੀਤਾ ਤੇ ਵਿਦਿਆਰਥੀਆਂ ਨੂੰ ਉਸ ਅਦਬੀ ਸ਼ਖ਼ਸੀਅਤ 'ਤੇ ਸਦਾ ਮਾਣ ਰਿਹਾ।
             ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਤੁਸੀਂ ਕਵੀ ਨਹੀਂ ਹੋ ਸਕਦੇ ਤਾਂ ਕਵਿਤਾ ਹੋ ਜਾਓ‌। ਐਪਰ ਗੋਪਾਲ ਸਿੰਘ ਬੁੱਟਰ ਕਵਿਤਾ ਤਾਂ ਧੁਰੋਂ ਹੀ ਸੀ ਤੇ ਉਹ ਕਵੀ ਵੀ ਹੋ ਗਿਆ। ਪੰਜਾਬ ਭਰ ਦੀਆਂ ਸਾਹਿਤ ਸਭਾਵਾਂ ਦਾ ਮਾਣ ਬਣਿਆ। ਇਹ ਸ਼ੌਕ, ਉਸ ਦੇ ਵਿਦਿਆਰਥੀ ਜੀਵਨ ਵਿਚ ਹੀ ਉਪਜਿਆ ਤੇ ਸਮੇਂ ਦੀ ਮਾਰ ਨੇ ਦਬੋਚ ਲਿਆ। ਸੱਚ ਤਾਂ ਇਹੀ ਹੈ ਕਿ ਹਿੰਮਤ-ਏ-ਮਰਦਾਂ, ਮਦਦ-ਏ-ਖੁਦਾ। ਉਸ ਨੇ ਜੋ ਪਹਿਲਾਂ ਗੁਆਇਆ, ਆਪਣੇ ਅਧਿਆਪਨ ਸਮੇਂ ਕਰ ਦਿਖਾਇਆ। ਡਾ. ਗੋਪਾਲ ਸਿੰਘ ਬੁੱਟਰ ਸਿਰੜੀ, ਚੇਤੰਨ ਤੇ ਸੋਚਾਂ ਦਾ ਸੌਦਾਗਰ ਪ੍ਰੋਫ਼ੈਸਰ ਬਣਿਆ। ਉਸ ਦੀਆਂ ਗੱਲਾਂ ਵਿਚੋਂ ਅਧਿਐਨ ਬੋਲਦਾ, ਚਿੰਤਨ ਝਲਕਦਾ ਤੇ ਉਹ ਹਵਾ ਦੀ ਤੋਰੇ ਤੁਰਦਾ, ਖੜ੍ਹਦਾ ਨਹੀਂ ਸਗੋਂ ਖੜਿਆਂ ਨੂੰ ਤੋਰਦਾ ਕਿ 'ਭਾਈ ਆਪਾਂ ਤਾਂ (ਸਗੋਂ) ਪਹਿਲਾਂ ਹੀ ਪਿੱਛੇ ਰਹਿ ਗਏ ਆਂ, ਆਓ ਜਲਦ ਸਮੇਂ ਦੇ ਹਾਣੀ ਬਣੀਏ'। ਉਹ ਆਪਣੇ ਵਿਦਿਆਰਥੀਆਂ ਨੂੰ ਕਾਮਯਾਬ ਬਣਾਉਣ ਤੇ ਮੁਕਾਮ ਦਵਾਉਣ ਲਈ ਹਮੇਸ਼ਾ ਯਤਨਸ਼ੀਲ ਰਿਹਾ।
              ਪਹਿਲਾਂ ਪਹਿਲ ਮੈਨੂੰ ਬਾ-ਕਾਇਦਾ ਸਿੱਖੀ ਸਰੂਪ ਵਿੱਚ ਵੇਖ (ਕੱਟੜ ਸਮਝਕੇ) ਬਹੁਤੀ ਤਵੱਜੋ ਨਾ ਦਿੱਤੀ ਐਪਰ ਮੇਰੀ ਕਵਿਤਾ 'ਮੈਂ ਪ੍ਰਭਾਤ ਲੱਭ ਰਿਹਾ ਹਾਂ' ਸੁਣਨ ਉਪਰੰਤ ਅਪਣੱਤ ਦੀ ਅਜਿਹੀ ਪੀਡੀ ਸਾਂਝ ਵਿਚ ਬੰਨ ਲਿਆ ਕੇ ਵਾਰੇ ਵਾਰੇ ਜਾਂਦਾ ਹਾਂ। ਇਹ ਬੁੱਟਰ ਸਾਹਬ ਦੀ ਫ਼ਰਾਖ਼ਦਿਲੀ ਹੀ ਸੀ ਕਿ ਮੈਂ ਪਹਿਲੀ ਦਫ਼ਾ ਡੀ.ਡੀ. ਪੰਜਾਬੀ 'ਤੇ ਹੋਏ ਨੌਜਵਾਨ ਕਵੀ ਦਰਬਾਰ ਵਿਚ ਸ਼ਮੂਲੀਅਤ ਕਰ ਸਕਿਆਂ। ਇਸ ਦੌਰਾਨ ਹੀ ਪਹਿਲੀ ਵੇਰ ਡਾ. ਬੁੱਟਰ ਸਾਹਬ ਹੁਰਾਂ ਦੀ ਸ਼ਰੀਕ ਏ ਹਿਯਾਤ ਬੀਬੀ ਕੁਲਵਿੰਦਰ ਕੌਰ ਬੁੱਟਰ ਨੂੰ ਮਿਲਿਆਂ। ਉਨ੍ਹਾਂ ਨੂੰ ਮਿਲਣਾ ਤੇ ਬੋਲ ਸਾਂਝੇ ਹੋਣੇ ਆਪਣੇ ਆਪ ਵਿੱਚ ਵਡਮੁਲੀ ਗਾਥਾ ਹੈ। ਉਹ ਚੁੱਪ ਜਿਹੀ ਸ਼ਖ਼ਸੀਅਤ ਤੇ ਬੁੱਟਰ ਸਾਹਬ ਗੱਲਾਂ ਦੇ ਵਣਜਾਰੇ, ਦੋਹੇਂ ਇਕੋ ਸਿੱਕੇ ਦੇ ਦੋਵੇਂ ਪਾਸੇ। ਇਕ ਅੰਤਰਮੁਖੀ ਤੇ ਦੂਜਾ ਬਾਹਰਮੁਖੀ ਜਾਪਦਾ। ਹੁਣ ਵੀ ਜਦ ਕਦੇ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਦੀਆਂ ਗੱਲ ਗੱਲ 'ਤੇ ਟੋਟਕੇ ਭਰੀਆਂ ਗੱਲਾਂ ਯਾਦ ਆਉਂਦੀਆਂ ਤਾਂ ਖੌਰੈ ਕਿਉਂ ਮਨ ਹੀ ਮਨ 'ਤੁਮ ਜੋ ਇਤਨਾ ਮੁਸਕਰਾ ਰਹੇ ਹੋ....ਕਿਆ ਗ਼ਮ ਹੈ ਜਿਸੇ ਛੁਪਾ ਰਹੇ ਹੋ' ਦੀ ਧੁੰਨ ਉਗਮ ਆਉਂਦੀ। ਅਸਲ ਵਿੱਚ ਡਾ. ਬੁੱਟਰ ਆਪਣੀ ਬੋਲੀ, ਆਪਣੇ ਲੋਕਾਂ ਤੇ ਆਪਣੇ ਗਰਾਂ ਪ੍ਰਤੀ ਬਹੁਤਾ ਭਾਵੁਕ ਹੀ ਰਿਹਾ। ਉਹ ਆਪਣੇ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਦਾ ਤੇ 'ਉਹ' ਗੱਲ ਕਹਿ ਦਿੰਦਾ ਜੋ ਕਹਿਣੀ ਹੁੰਦੀ। ਉਸ ਦੀਆਂ ਹਲਕੀਆਂ ਫੁਲਕੀਆਂ ਵੀ ਚਿੰਤਨ ਭਰਪੂਰ ਹੁੰਦੀਆਂ।
             'ਕੇਰਾਂ ਮਿਸਿਜ਼ ਬੁੱਟਰ ਹੁਰਾਂ ਦੱਸਿਆ ਕਿ ਪ੍ਰੋ. ਬੁੱਟਰ ਨੂੰ ਸਮਝਦਿਆਂ ਉਮਰ ਲੰਘ ਗਈ ਪਰ ਹਾਲੇ ਵੀ ਸਮਝ 'ਚ ਨਹੀਂ ਆਉਂਦੇ। ਅਖੇ, ਇਕ ਦਿਨ ਪੜ੍ਹਨ ਬੈਠੇ ਤੇ ਮੈਂ ਡਿਊਟੀ 'ਤੇ ਜਾਣਾ ਸੀ। ਮੈਂ ਖਾਣਾ ਵਗੈਰਾ ਤਿਆਰ ਕਰਕੇ ਰੱਖ ਦਿੱਤਾ ਤੇ ਆਪਣੀ ਡਿਊਟੀ 'ਤੇ ਚੱਲੀ ਗਈ, ਫਿਰ ਸ਼ਾਮ ਜਦ ਮੁੜ ਕੇ ਘਰ ਪਰਤੀ ਤਾਂ ਵੇਖਿਆ ਕਿ ਬੁੱਟਰ ਸਾਹਬ ਨੂੰ, ਜਿੱਥੇ ਸਵੇਰੇ ਬੈਠੇ ਪੜ੍ਹਦਿਆਂ ਨੂੰ ਛੱਡ ਕੇ ਗਈ ਸਾਂ ਉੱਥੇ ਹੀ ਬੈਠੇ ਪੜ੍ਹ ਰਹੇ ਸਨ। ਸਾਰਾ ਦਿਨ ਨਾ ਰੋਟੀ ਖਾਧੀ, ਨਾ ਆਰਾਮ ਹੀ ਫ਼ਰਮਾਇਆ। ਹਾਂ ! ਇਕ ਕੰਮ ਜ਼ਰੂਰ ਸਿਰੇ ਲਾਇਆ ਕਿ ਕਿਤਾਬ ਪੂਰੀ ਪੜ੍ਹ ਮਾਰੀ। ਹੁਣ ਤੱਕ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਨੇ ਤਿੰਨ ਕਿਤਾਬਾਂ ਸੰਪਾਦਿਤ ਕਰ ਦਿੱਤੀਆਂ ਹਨ ਅਤੇ ਚਾਰ ਆਲੋਚਨਾਤਮਕ ਕਿਤਾਬਾਂ ਲਿਖ ਚੁਕੇ ਹਨ ਪਰ ਉਨ੍ਹਾਂ ਵੱਲੋਂ ਹਵਾ ਵਿਚ ਲਿਖੇ ਹਰਫ਼ਾਂ ਦਾ ਕੋਈ ਲੇਖਾ ਜੋਖਾ ਨਹੀਂ।
           ਡਾ. ਗੋਪਾਲ ਸਿੰਘ ਬੁੱਟਰ ਦੀ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਪੰਜਾਬੀ ਵਿਭਾਗ ਹਮੇਸ਼ਾ ਵਡੇਰੇ ਵਿਦਵਾਨਾਂ ਦੀ ਆਮਦ ਨਾਲ਼ ਨਵਾਜਿਆ ਜਾਂਦਾ ਰਿਹਾ ਹੈ। ਉਸੇ ਵਿਭਾਗ ਹੀ ਤੋਂ ਡਾ. ਬੁੱਟਰ ਸਾਹਬ ਵੀ ਮੁਖੀ ਵਜੋਂ ਹੀ ਸੇਵਾ ਮੁਕਤ ਹੋਏ। ਉਹ ਅਕਸਰ ਕਹਿੰਦੇ ਕਿ ਮੈਂ 1984-86 ਵਿੱਚ, ਇੱਥੋਂ ਹੀ ਐੱਮ.ਏ. ਕਰਦਿਆਂ; ਸੋਚਿਆ ਸੀ ਕਿ ਇਸੇ ਕਾਲਜ ਦੀ, ਇਸੇ ਜਮਾਤ ਨੂੰ ਪੜ੍ਹਾਉਣਾ ਹੈ। ਉਨ੍ਹਾਂ ਆਪਣੇ ਉਸ ਖ਼ਾਬ ਨੂੰ ਪੂਰਾ ਕਰ ਦਿਖਾਇਆ ਬੇਸ਼ੱਕ ਇਸ ਕਾਰਜ ਲਈ ਚੌਦਾਂ ਸਾਲ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਪੰਜਾਬੀਅਤ ਵਿੱਚ ਰੂੜ ਹੋਈ ਚੌਦਾਂ ਸਾਲ ਦੀ, ਉਸ ਮਿੱਥ ਨੂੰ ਹੰਢਿਆ ਜਿਸ ਦਾ ਤੱਤ ਸਾਰ ਚੌਦਾਂ ਸਾਲ ਆਪਣੀ ਪੜ੍ਹਨ ਭੂਮੀ ਨੂੰ ਕਰਮ ਭੂਮੀ ਬਣਾਉਣ ਲਈ ਦਰਪੇਸ਼ ਆਈਆਂ ਚਣੌਤੀਆਂ ਨਾਲ਼ ਦੋ ਚਾਰ ਹੁੰਦੇ ਰਹੇ। ਜਿਸ ਉਪਰੰਤ ਦਿਨ ਰਾਤ ; ਇਕ ਕਰਕੇ ਅਧਿਆਪਨ ਨੂੰ ਨਵੇਂ ਆਯਾਮ ਦਿੱਤੇ। ਉਨ੍ਹਾਂ ਆਪਣੇ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਹੀ, ਸਿਰਜਣਾਤਮਕ ਵਰਕਸ਼ਾਪਾਂ ਦਾ ਮੁੱਢ ਬੰਨ੍ਹਿਆਂ, ਵਿਦਿਆਰਥੀਆਂ ਨੂੰ ਸਾਹਿਤ ਤੇ ਸਮਾਜ ਪ੍ਰਤੀ ਚੇਤੰਨ ਕਰਨ ਦਾ ਉਦਮ ਕੀਤਾ। ਵਿਭਾਗ ਦੀ ਪੰਜਾਬੀ ਸਾਹਿਤ ਸਭਾ ਨੂੰ ਪੁਨਰ ਸੁਰਜੀਤ ਕੀਤਾ ਤੇ ਰਸਾਲੇ ਵਿਚਲੇ ਪੰਜਾਬੀ ਸੈਕਸ਼ਨ ਲਈ ਉਦਮੀਆਂ ਨੂੰ ਇਕ ਜੁੱਟ ਕਰ ਦਿਖਾਇਆ।
             ਡਾ. ਗੋਪਾਲ ਸਿੰਘ ਬੁੱਟਰ ਚੇਤੰਨਤਾ ਦਾ ਯੁੱਗ ਬਣੇ। ਉਨ੍ਹਾਂ ਸਮੇਂ ਦੇ ਹਾਣ ਦੀਆਂ ਢੁੱਕਵੀਆਂ ਗੱਲਾਂ ਨਾਲ਼ ਹਰ ਮਹਿਫ਼ਲ ਨੂੰ ਮਹਿਕਾਇਆ ਤੇ ਜੜ੍ਹ ਵੱਤ ਹੋਏ ਹਨੇਰੇ ਮਨਾਂ ਵਿਚ ਜੁਗਨੂੰਆਂ ਵਰਗੇ ਸੁਪਨਿਆਂ ਨੂੰ ਟਹਿਕਣ ਦਾ ਵਲ਼ ਦਿੱਤਾ। ਮੈਨੂੰ ਉਹ ਵਕਤ ਵੀ ਯਾਦ ਹੈ ਜਦ ਲਾਕ ਡਾਊਨ ਨੇ ਘਰਾਂ ਨੂੰ ਜੇਲ੍ਹਾਂ ਬਣਾ ਦਿੱਤਾ ਤੇ ਗ਼ਰੀਬਾਂ ਦੀ ਰੋਜ਼ੀ ਰੋਟੀ ਖੋਹ ਲਈ। ਓਦੋਂ ਚੁੱਪ ਚਪੀਤੇ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਜਿੱਥੇ ਸਮਾਜਿਕ ਜ਼ਿੰਮੇਵਾਰੀ ਨਿਭਾਈ, ਉੱਥੇ ਹੀ ਸਿੱਖਿਆ ਤੋਂ ਵਿਹੂਣੇ ਵਿਦਿਆਰਥੀਆਂ ਲਈ ਸਮਾਰਟ ਫ਼ੋਨ ਮੁਹੱਈਆ ਕਰਵਾਏ ਤੇ ਗਿਆਨ ਦੇ ਚਾਨਣ ਦੇ ਰਾਹ ਖੋਲ੍ਹੇ। ਉਹ ਨੌਵੀਂ ਪਾਤਸ਼ਾਹੀ ਦੀ ਆਪਾਰ ਕਿਰਪਾ ਦੀ ਓਟ ਲੈਣ ਵਾਲਾ, ਗੁਰੂ ਨਾਨਕ ਦੇ 'ਕਰਤਾ ਪੁਰਖ਼' ਨੂੰ ਸਮਝਦਾ ਸੀ ਤਾਂ ਹੀ ਤਾਂ 'ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ' ਕਰਕੇ ਜਾਣਦਾ ਰਿਹਾ। ਉਸ ਹਮੇਸ਼ਾ ਕਿਰਤ ਕੀਤੀ ਤੇ ਵੰਡ ਕੇ ਛਕਿਆ। ਉਹ ਗੁਰਬਾਣੀ ਦਾ ਸ਼ਰਧਾਲੂ ਹੀ ਨਾ ਬਣਿਆ ਸਗੋਂ ਚਿਤੰਕ ਵੀ ਬਣਿਆ। ਉਸੇ ਚੇਤਨਾ ਨੇ ਹੀ ਬੁੱਟਰਾਂ ਦੇ 'ਗੋਪਾਲ' ਨੂੰ 'ਡਾ. ਗੋਪਾਲ ਸਿੰਘ ਬੁੱਟਰ' ਬਣਾਇਆ ਤੇ ਪੰਜਾਬ ਭਰ ਦੀਆਂ ਸਿੱਖਿਆਵਾਂ ਸੰਸਥਾਵਾਂ, ਸਾਹਿਤਕ ਸਭਾਵਾਂ ਤੇ ਲੋਕ ਦਿਲਾਂ ਵਿਚ ਧੜਕਣ ਦਾ ਦਿੱਤਾ। ਉਸ ਹਰਫ਼ਨਮੌਲਾ ਸ਼ਖ਼ਸੀਅਤ ਨੂੰ ਮੇਰਾ ਸਜਦਾ ! ਲੰਮੇਰੀ ਉਮਰ ਲਈ ਅਰਦਾਸ।
ਫੁੱਲਾਂ ਦੇ ਖੇੜੇ ਵਰਗਾ
ਹਾਸਾ ਜੋ ਹੱਸਦਾ ਰਹਿੰਦਾ।
ਗੱਲਾਂ ਦੇ ਨਾਲ਼ ਅਸਾਡੇ
ਦਿਲਾਂ ਨੂੰ ਖੱਸਦਾ ਰਹਿੰਦਾ।
ਸੋਚਾਂ ਦੇ ਪੁਲ਼ ਬਣਕੇ
ਗਾਹੁੰਦਾ ਏ ਲੱਖ ਗਹਿਰਾਈਆਂ।
ਬੱਚਿਆਂ ਨੂੰ ਨਵੀਂਆਂ ਲੱਗਣ
ਗੱਲਾਂ ਜੋ ਓਸ ਸੁਣਾਈਆਂ।
ਜਿਸ ਨੂੰ ਹੈ ਵਸਣਾ ਆਉਂਦਾ
'ਰਹਿੰਦੀ ਤੱਕ' ਵਸਦਾ ਰਹਿੰਦਾ।
ਅੱਖਾਂ ਵਿੱਚ ਨੂਰ ਇਲਾਹੀ
ਜੁੱਸਾ ਪਰ ਭਾਰਾ ਵੀ ਹੈ।
ਮੈਖਾਨਾ ਇਸ਼ਕ ਕਿਤਾਬਾਂ
ਬੰਦਾ ਉਹ ਪਿਆਰਾ ਵੀ ਹੈ।
ਸਿਰ 'ਤੇ ਦਸਤਾਰ ਸਜਾਉਂਦਾ
ਤੁਰਦਾ ਹੀ ਨੱਸਦਾ ਰਹਿੰਦਾ।
ਅਗਲੀ ਤੇ ਪਿਛਲੀ ਪੀੜ੍ਹੀ
ਦੋਹਾਂ ਦਾ ਬਣਦਾ ਸਾਥੀ।
ਨਾਨਕ ਦਾ ਪੁੱਤ ਸੁਣੀਂਦਾ
ਅੱਖਾਂ ਵਿੱਚ ਮੱਕਾ ਕਾਂਸ਼ੀ।
ਬਖ਼ਸ਼ਿਆ ਗੁਰ ਤੇਗ਼ ਬਹਾਦਰ
ਸਭ ਨੂੰ ਹੈ ਦੱਸਦਾ ਰਹਿੰਦਾ।
ਸਦਕੇ ਮੈਂ ਜਾਵਾਂ ਸ਼ਾਇਰ
ਆਸ਼ਕ ਹੈ ਅੱਖਰਾਂ ਦਾ।
ਨਿਮਾਣਾ ਜਿਹਾ ਬਣ ਜਾਂਵਦਾ
ਵਸਣਾ ਜਿਉਂ ਫੱਕਰਾਂ ਦਾ।
ਉਸ ਦੇ ਤਾਂ ਜੀਣੇਂ ਅੰਦਰ
ਮਸਲਾ ਰਹੱਸ ਦਾ ਰਹਿੰਦਾ।
                    - ਪ੍ਰੋ. ਜਸਵੀਰ ਸਿੰਘ 'ਸ਼ਾਇਰ'
       
   

(ਨੋਟ - ਮੇਰਾ ਇਹ ਆਰਟੀਕਲ 'ਨਵਾਂ ਜ਼ਮਾਨਾ' ਅਤੇ 'ਪੰਜਾਬ ਟਾਈਮਜ਼' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)

Post a Comment

0 Comments