ਕਿਤਾਬ : ਪਾਵੇ ਨਾਲ ਬੰਨ੍ਹਿਆ ਹੋਇਆ ਕਾਲ਼
ਕਹਾਣੀਕਾਰ : ਜਤਿੰਦਰ ਸਿੰਘ ਹਾਂਸ
ਪੰਜਾਬੀ ਆਪਣੇ ਹੀ ਹਿਸਾਬ ਤੇ ਵਿਹਾਰ ਦੇ ਮਾਲਕ ਹਨ। ਉਨ੍ਹਾਂ ਦੀ ਰਹਿਣੀ ਬਹਿਣੀ ਵਿਚ ਸਹਿਜ ਵੀ ਤੇ ਸਦਮਾ ਵੀ। ਜਿੱਥੇ ਖੁੱਲ੍ਹ ਦਿਲੀ ਹੈ ਉੱਥੇ ਬੁਝਾਰਤ ਜਿਹੀ ਬਣੀ ਲਿਆਕਤ ਵੀ ਹੈ। ਪੰਜਾਬੀ ਆਪ ਮੁਹਾਰੇ ਤੁਰੇ, ਅਜਿਹੇ ਵਹਿਣ ਵਿਚ ਵਹਿੰਦੇ ਹਨ; ਜਿਨ੍ਹਾਂ ਦੀ ਹੋਣੀ ਬੜੀ ਅਜਬ ਹੁੰਦੀ ਜਾਪਦੀ ਹੈ।
ਜਤਿੰਦਰ ਸਿੰਘ ਹਾਂਸ ਪਿੰਡ ਨੂੰ ਧੁਰੋਂ ਜਾਣਦਾ ਹੈ। ਇਹੀ ਉਸਦਾ ਖ਼ਾਸਾ ਹੈ। ਇਹੀ ਉਸਦੀ ਕਹਾਣੀ ਦਾ ਵੀ ਖ਼ਾਸਾ ਹੈ। ਉਹ ਸਹਿਜ ਤੁਰਦਾ ਹੈ ਇਸੇ ਤੋਰ ਵਿਚੋਂ ਅਸਹਿਜ ਜ਼ਿੰਦਗੀ ਦੀ ਘੋਖ ਕਰਦਾ ਜਾਂਦਾ ਹੈ। ਮੈਨੂੰ ਜਤਿੰਦਰ ਸਿੰਘ ਹਾਂਸ ਚੁੱਪ ਜਿਹਾ ਪਰ ਭੇਤੀ ਕਹਾਣੀਕਾਰ ਜਾਪਦਾ ਹੈ। ਉਹ ਆਪ ਘੱਟ ਤੇ ਉਹਦੀ ਕਲਮ ਵੱਧ ਬੋਲਦੀ ਹੈ। ਉਹ ਕਮਾਲ ਦਾ ਕਹਾਣੀ ਸਿਰਜਕ ਹੈ।
ਪਾਵੇ ਨਾਲ ਬੰਨ੍ਹਿਆ ਹੋਇਆ ਕਾਲ਼, ਜਤਿੰਦਰ ਸਿੰਘ ਹਾਂਸ ਦੀਆਂ ਪ੍ਰਤੀਨਿਧ ਕਹਾਣੀਆਂ ਦੀ ਕਿਤਾਬ ਹੈ। ਜੋ ਸਮੇਂ ਸਮੇਂ ਵੱਖ ਵੱਖ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਤੇ ਫਿਰ ਇਕ ਕਿਤਾਬ ਦਾ ਰੂਪ ਧਾਰਨ ਕਰ ਗਈਆਂ। ਇਸ ਕਿਤਾਬ ਵਿੱਚ ਬਾਰ੍ਹਾਂ ਕਹਾਣੀਆਂ ਹਨ। ਜੋ ਮੇਰੀਆਂ ਉੱਪਰ ਕੀਤੀਆਂ ਗੱਲਾਂ ਨੂੰ ਸੱਚ ਤੇ ਯਕੀਨੀ ਬਣਾਉਣ ਵਿਚ ਭਲੀਭਾਂਤ ਸਹਾਈ ਹੁੰਦੀਆਂ ਹਨ। ਮਾਲਵੇ ਦੇ ਪੇਂਡੂ ਖਿੱਤੇ ਨੂੰ ਸਾਦਗੀ ਤੇ ਸਿਆਣਪ ਨਾਲ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ।
ਇਹ ਮੇਰੀ ਨਵੇਂ ਸਾਲ ਭਾਵ 2022 ਦੀ ਪਹਿਲੀ ਕਿਤਾਬ ਹੈ ਜੋ ਪੜ੍ਹੀ ਹੈ। ਆਉਂਦੇ ਦਿਨਾਂ 'ਚ ਰਮਨ ਸੰਧੂ ਦੇ ਬੰਸਰੀ 'ਚ ਕੈਦ ਸੁਰ 'ਤੇ ਗੱਲ ਕਰਾਂਗੇ।
- ਪ੍ਰੋ. ਜਸਵੀਰ ਸਿੰਘ

0 Comments