ਕਹਾਣੀਕਾਰ ਸੁਰਿੰਦਰ ਕੈਲੇ ਰਚਿਤ ਸੂਰਜ ਦਾ ਪਰਛਾਵਾਂ ਕਹਾਣੀ ਸੰਗ੍ਰਹਿ ਦੇ ਪ੍ਰਸੰਗ ਵਿੱਚ 'ਦ੍ਰਿਸ਼ਟੀ, ਪਸਾਰ ਤੇ ਸੰਵਾਦ' ਸੰਪਾਦਨ ਅਰਵਿੰਦਰ ਕੌਰ ਕਾਕੜਾ ਦੀ ਆਲੋਚਨਾਤਮਕ ਕਿਤਾਬ ਵਿੱਚ ਕਰੀਬ 19 ਅਲੋਚਕਾਂ ਵੱਲੋਂ 'ਸੂਰਜ ਦਾ ਪਰਛਾਵਾਂ' ਨੂੰ ਸਨਮੁੱਖ ਰੱਖਦਿਆਂ ਵਿਚਾਰ ਚਰਚਾ ਕੀਤੀ ਗਈ ਹੈ। ਜਿਸ ਵਿੱਚ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ਰਚਨਾ, ਅਣੂ ਦੀ ਸੰਪਾਦਨਾ ਤੇ ਮਿੰਨੀ ਕਹਾਣੀਆਂ ਦੇ ਮੋਢੀਆਂ ਨੂੰ ਯਾਦ ਕੀਤਾ ਗਿਆ ਹੈ।
ਕਹਾਣੀ, ਇਕ ਬਿਰਤਾਂਤਕ ਕਲਾ ਹੈ। ਜਿਸ ਵਿੱਚ ਸਹਿਜ,ਸੂਝ ਤੇ ਸਿਆਣਪ ਨੂੰ ਪੇਸ਼ ਤਾਂ ਕਰਨਾ ਹੀ ਹੈ ਇਸ ਦੇ ਨਾਲ-ਨਾਲ ਰੂਪਕ ਪੱਖੋਂ ਵੀ ਸਾਵਧਾਨ ਰਹਿਣਾ ਲਾਜ਼ਮੀ ਜਾਪਦਾ ਹੈ। ਉਕਤ ਕਿਤਾਬ ਵਿੱਚ 19 ਵਿਦਵਾਨਾਂ ਵੱਲੋਂ ਆਪੋ ਆਪਣੇ ਨਜ਼ਰੀਏ ਤੋਂ ਸੁਰਿੰਦਰ ਕੈਲੇ ਦੀਆਂ ਸੂਰਜ ਦਾ ਪਰਛਾਵਾਂ ਕਿਤਾਬ ਵਿੱਚ ਪ੍ਰਕਾਸ਼ਿਤ ਕਹਾਣੀਆਂ 'ਤੇ ਕਿਧਰੇ ਟਿੱਪਣੀ, ਕਿਤੇ ਚਰਚਾ ਤੇ ਕਈ ਥਾਈਂ ਵਿਚਾਰ ਪ੍ਰਗਟਾਏ ਗਏ ਹਨ। ਇਹ ਅਲੋਚਨਾ ਸੰਜੀਦਾ ਵੀ ਹੈ ਤੇ ਗਿਣੀ ਮਿੱਥੀ ਵੀ।
ਇੱਥੇ ਕਹਾਣੀਕਾਰ ਦੀ ਆਪਣੀ ਹਸਤੀ ਕਾਰਜਸ਼ੀਲ ਹੈ। ਉਹ ਮਿੰਨੀ ਕਹਾਣੀ ਨੂੰ ਨਾਮਵਰ ਵੰਨਗੀ ਬਣਾਉਂਣ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੈ। ਉਸ ਨੂੰ ਮਿੰਨੀ ਕਹਾਣੀ ਦੀ ਸਮਝ ਤਾਂ ਹੋਣੀ ਹੀ ਹੈ ਪਰ ਉਹ ਵਿਸ਼ਿਆਂ ਬਾਰੇ ਵੀ ਸੁਚੇਤ ਜਾਪਦਾ ਹੈ। ਇਹੀ ਪ੍ਰਾਪਤੀ ਆਲੋਚਕਾ ਨੇ ਅਲੋਚਨਾ ਵਿੱਚ ਵਾਰ ਵਾਰ ਦੁਹਰਾਈ ਹੈ । ਅਸਲੋਂ ਕੁੱਝ ਕੁ ਨੇ ਨਿੱਠ ਕੇ ਕਹਾਣੀਆਂ ਪੜ੍ਹਨ ਉਪਰੰਤ ਆਪਣੇ ਵਿਚਾਰ ਦਿੱਤੇ ਹਨ ਜੋਕਿ ਕਾਬਲ-ਏ- ਤਾਰੀਫ਼ ਆਲੋਚਨਾ ਕਹੀ ਜਾ ਸਕਦੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਲੋਚਨਾ ਤੇ ਸਵਾਗਤੀ ਸ਼ਬਦਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਕਿਤਾਬ ਨੂੰ ਜੀ ਆਇਆਂ ਕਹਿਣਾ ਮਾਮੂਲੀ ਕਾਰਜ ਹੈ ਪਰ ਆ+ਲੋਚਨਾ ਅਜਿਹੀ ਆਗਿਆ ਨਹੀਂ ਦਿੰਦੀ। ਆਖ਼ਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਮਿੰਨੀ ਕਹਾਣੀ ਦੇ ਆਲੋਚਨਾਤਮਕ ਖੇਤਰ ਵਿੱਚ ਦ੍ਰਿਸ਼ਟੀ, ਪਸਾਰ ਤੇ ਸੰਵਾਦ ਸਾਰਥਕ ਵਾਧਾ ਜ਼ਰੂਰ ਹੈ।

0 Comments