ਸਾਹਿਤ, ਇਕ ਸੁਹਜਾਤਮਕ ਵਰਤਾਰਾ ਹੈ। ਜਿਸ ਨੂੰ ਸਾਹਿਤਕਾਰ ਵਲੋਂ ਸਮਾਜ ਦੇ ਯਥਾਰਥਕ ਅਤੇ ਅਦਾਰਸ਼ਨਿਕ ਕਲਪਨਾ ਦੇ ਰੂਪ ਵਿੱਚ ਸਿਰਜਿਆ ਜਾਂਦਾ ਹੈ। ਸਾਹਿਤ ਮੂਲ ਰੂਪ ਵਿੱਚ ਸਾਰਿਆਂ ਦੇ ਹਿੱਤ ਭਾਵ ਭਲਾਈ ਦੀ ਗੱਲ ਕਰਨ ਵਾਲੀ ਕਲਾਤਮਿਕ ਕਿਰਤ ਹੁੰਦੀ ਹੈ। ਸੰਸਾਰ ਭਰ ਦੀਆਂ ਭਾਸ਼ਾਵਾਂ ਦਾ ਸਾਹਿਤ ਕਵਿਤਾ ਤੋਂ ਵਾਰਤਕ ਵੱਲ ਨੂੰ ਸਫ਼ਰ ਕਰਦਾ ਹੈ। ਇਉਂ ਸਾਹਿਤ, ਇਕ ਅਨੰਤ ਸੰਭਾਵਨਾਵਾਂ ਵਾਲਾ ਵਿਸ਼ਾਲ ਖੇਤਰ ਹੈ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਘੋਖਣ ਦਾ ਯਤਨ ਕਰਾਂਗੇ।
ਸਾਡਾ ਸਮਕਾਲ 'ਵਿਸ਼ਵ-ਪਿੰਡ' ਦੀ ਧਾਰਨਾ ਨਾਲ ਓਤ-ਪੋਤ ਹੈ। ਇਉਂ ਸਾਡਾ 'ਨਿੱਜ' 'ਵਿਸ਼ਵ-ਨਾਗਰਿਕ' ਬਣ ਜਾਂਦਾ ਹੈ। ਇਸ ਲਈ ਹੁਣ ਸਾਹਿਤ ਦੇ ਖੇਤਰ ਵਿੱਚ ਰੁਜ਼ਗਾਰ ਵੀ ਵਿਸ਼ਵ-ਵਿਆਪੀ ਹੀ ਹੋ ਗਿਆ ਜਾਪਦਾ ਹੈ। ਸਾਹਿਤ ਦੇ ਖੇਤਰ ਵਿੱਚ ਲੇਖਕ ਉੱਤਮ ਪੁਰਖ ਹੈ ਜੋ ਸਾਹਿਤਕ ਕਿਰਤ ਦੀ ਸਿਰਜਣਾ ਕਰਦਾ ਹੈ। ਉਹ ਸ਼ੌਕੀਆ ਲੇਖਕ ਵੀ ਹੋ ਸਕਦਾ ਹੈ। 'ਮਿਹਨਤਾਨਾ ਲੈ ਕੇ ਲਿਖਣ ਵਾਲਾ' ਵੀ ਹੋ ਸਕਦਾ ਹੈ। ਕੋਈ ਵਿਸ਼ੇਸ਼ ਪ੍ਰੋਜੈਕਟ ਲੈ ਕੇ ਲਿਖਣ ਦੀ ਭੂਮਿਕਾ ਨਿਭਾਉਣ ਵਾਲਾ ਵੀ ਹੋ ਸਕਦਾ ਹੈ। ਇਸ ਤਰ੍ਹਾਂ 'ਲੇਖਕ ਕਮਾਊ ਲਿਖਤਾਂ' ਦੀ ਸਿਰਜਣਾ ਕਰਨ ਦਾ ਰੁਜ਼ਗਾਰ ਕਰ ਸਕਦਾ ਹੈ। ਜਿਸ ਵਿੱਚ 'ਉਸਾਰੂ ਪ੍ਰੋਜੈਕਟ ਲਿਖਤਾਂ, ਉਸਾਰੂ ਇਮਤਿਹਾਨੀ ਕਿਤਾਬਾਂ ਵੀ ਲਿਖ ਸਕਦਾ ਹੈ ਅਤੇ ਟੈਕਸਟਸ ਕਿਤਾਬਾਂ ਦੀ ਲੇਖਣੀ ਆਦਿ ਕਰ ਸਕਦਾ ਹੈ।
ਸਾਹਿਤ ਦੇ ਖੇਤਰ ਵਿੱਚ ਪ੍ਰਕਾਸ਼ਨਾਵਾਂ ਦੀ ਆਪਣੀ ਭੂਮਿਕਾ ਹੁੰਦੀ ਹੈ। ਇਹ ਵਪਾਰਕ ਕਾਰਜ ਹੈ। ਤੁਸੀਂ ਇਕ ਪ੍ਰਕਾਸ਼ਕ ਵਜੋਂ ਵੱਖ ਵੱਖ ਭਾਸ਼ਾਵਾਂ ਦੀ ਕਿਤਾਬਾਂ ਛਾਪ ਸਕਦੇ ਹੋ। ਤੁਸੀਂ ਕਿਤਾਬਾਂ ਦੇ ਨਾਲ ਨਾਲ ਅਖ਼ਬਾਰਾਂ ਦੀ ਛਪਾਈ ਜਾਂ ਫਿਰ ਵੱਖ-ਵੱਖ ਰਸਾਲਿਆਂ ਦੀ ਪ੍ਰਕਾਸ਼ਨਾ ਦਾ ਕਾਰਜ ਵੀ ਕਰ ਸਕਦੇ ਹੋ। ਇਸ ਪਾਸੇ ਚੰਗੇ ਰੁਜ਼ਗਾਰ ਦੇ ਰਾਹ ਵੀ ਹਨ ਤੇ ਚਣੌਤੀਆਂ ਵੀ।
ਇਸੇ ਖੇਤਰ ਵਿੱਚ ਅਗਲਾ ਪੜਾਅ ਹੈ ਪ੍ਰਿੰਟਿੰਗ ਪ੍ਰੈੱਸ ਵਿੱਚ ਕਾਰਜ ਕਰਨਾ ਜਾਂ ਆਪਣੀ ਪ੍ਰੈੱਸ ਸ਼ੁਰੂ ਕਰਨੀ। ਇਸ ਤੋਂ ਬਿੰਨਾਂ ਸਾਹਿਤ ਦਾ 'ਪ੍ਰਿੰਟ ਰੂਪ' ਅਧੂਰਾ ਹੀ ਰਹੇਗਾ। ਤੁਸੀਂ ਮਾਨਤਾ ਪ੍ਰਾਪਤ ਪ੍ਰਿੰਟਿੰਗ ਪ੍ਰੈੱਸ ਸ਼ੁਰੂ ਕਰ ਸਕਦੇ ਹੋ। ਵੱਖ ਵੱਖ ਪ੍ਰਕਾਸ਼ਕਾਂ ਨਾਲ ਮੇਲ-ਮਿਲਾਪ ਕਰਕੇ ; ਹਰ ਭਾਸ਼ਾ ਦੀਆਂ ਕਿਤਾਬਾਂ ਪ੍ਰਿੰਟ ਕਰ ਸਕਦੇ ਹੋ। ਇਸ ਖੇਤਰ ਵਿੱਚ ਚੰਗੀ ਕਮਾਈ ਹੈ।
ਤੁਸੀਂ ਸਾਹਿਤਕ ਰੁਚੀਆਂ ਰੱਖਣ ਦੇ ਨਾਲ ਨਾਲ ; ਸਾਹਿਤਕ ਕਿਤਾਬਾਂ ਵੇਚਣ/ਸੇਲ ਕਰਨ ਦਾ ਕਾਰਜ ਵੀ ਕਰ ਸਕਦੇ ਹੋ। ਜਿੱਥੇ ਸਾਹਿਤਕ ਕਿਤਾਬਾਂ, ਰਸਾਲੇ, ਨੌਕਰੀਆਂ ਆਦਿ ਦੇ ਫਾਰਮ ਆਦਿ ਦੀ ਦੁਕਾਨ ਚਲਾ ਸਕਦੇ ਹੋ। ਇੱਥੋਂ ਤੱਕ ਕਿ ਤੁਸੀਂ ਵਧੀਆ ਲਾਇਬਰੇਰੀ ਵੀ ਚਲਾ ਸਕਦੇ ਹੋ। ਇਸੇ ਨਾਲ ਆਨ-ਲਾਈਨ ਕਿਤਾਬਾਂ ਦੀ ਵਿਕਰੀ ਵੀ ਕੀਤੀ ਜਾ ਸਕਦੀ ਹੈ।
ਪਿਆਰੇ ਦੋਸਤੋ ! ਤੁਸੀਂ ਇਕ ਟਾਈਪਿਸਟ ਵਜੋਂ ਵੀ ਕਾਰਜ ਕਰ ਸਕਦੇ ਹੋ। ਇਕ ਪਰੂਫ਼ ਰੀਡਰ ਵਜੋਂ ਵੀ ਕੰਮ ਸੰਭਾਲ ਸਕਦੇ ਹੋ। ਇਕ ਕਵਰ ਡਿਜ਼ਾਈਨਰ ਦਾ ਕਿੱਤਾ ਵੀ ਅਪਨਾ ਸਕਦੇ ਹੋ। ਜ਼ਿਕਰਯੋਗ ਹੈ ਕਿ ਤੁਸੀਂ 'ਈ-ਲੇਖਣੀ' ਕਰਦਿਆਂ ਬਲੌਗ ਰਚਨਾ, ਵੈੱਬ-ਲੇਖਕ ਦਾ ਕਾਰਜ ਕਰ ਸਕਦੇ ਹੋ।
ਇਸੇ ਖੇਤਰ ਦੇ ਵਿਸਥਾਰ ਅਧੀਨ ਗੀਤ ਰਚਨਾ ਕਰ ਸਕਦੇ ਹੋ। ਫਿਲਮਾਂ ਦੀ ਸਿਰਜਣਾ ਅਤੇ ਡਾਇਲਾਗ ਲਿਖਣ ਦਾ ਜ਼ਿੰਮਾ ਨਿਭਾਅ ਸਕਦੇ ਹੋ। ਰੇਡੀਓ ਸਕਰਿਪਟਾਂ, ਟੀ.ਵੀ. ਚੈੱਨਲਾਂ ਲਈ ਵਿਸ਼ੇਸ਼ ਲੇਖਣੀ ਵੀ ਕਰ ਸਕਦੇ ਹੋ। ਜਾਂ ਫਿਰ ਵੱਖ ਵੱਖ ਅਖ਼ਬਾਰਾਂ ਲਈ ਸਾਹਿਤਕ ਤੇ ਖ਼ਬਰਾਂ ਦੀ ਨੁਕਤਾ ਚੀਨੀ ਜਾਂ ਪੱਤਰਕਾਰਤਾ ਕਰ ਸਕਦੇ ਹੋ।
ਸਾਹਿਤਕ ਖੇਤਰ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਯੂ-ਟਿਊਬ ਚੈੱਨਲ ਬਣਾ ਕੇ ; ਵੱਖ ਵੱਖ ਲੇਖਕਾਂ ਨਾਲ ਮੁਲਾਕਾਤਾਂ, ਕਿਤਾਬਾਂ 'ਤੇ ਗੋਸ਼ਟਾਂ, ਕਿਤਾਬਾਂ ਨੂੰ ਲੋਕ-ਅਰਪਣ ਆਦਿ ਕਰਕੇ ; ਚੈੱਨਲ ਨੂੰ ਕਮਾਈ ਦਾ ਸਾਧਨ ਵੀ ਬਣਾਇਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਸਾਹਿਤਕ ਰੁਚੀ ਵੀ ਪੈਦਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਫੇਸਬੁੱਕ 'ਤੇ ਪੇਜ ਬਣਾ ਕੇ ਕੀਤਾ ਜਾ ਸਕਦਾ ਹੈ।
ਜੋ ਲੇਖਕ ਆਪਣਾ ਜੀਵਨ ਸਾਹਿਤਕ ਖੇਤਰ ਨੂੰ ਸਮਰਪਿਤ ਕਰਨ ਵੱਲ ਰੁਚਿਤ ਹਨ। ਉਹ ਆਪਣੀਆਂ ਸਾਹਿਤਕ ਰਚਨਾਵਾਂ ਦੇ ਖਰੜਿਆਂ ਨੂੰ 'ਖ਼ੁਦ' ਹੀ ਇਕੱਤਰ ਕਰਨ ਉਪਰੰਤ ਟਾਈਪ ਕਰ ਸਕਦੇ ਹਨ। ਫਿਰ ਗ਼ਲਤੀਆਂ ਲਾਉਣ ਮਗਰੋਂ ; ਕਵਰ/ ਜਿਲਦ ਦੀ ਚੋਣ ਵੀ ਆਪ ਹੀ ਕਰਨ ਦਾ ਹੰਭਲ ਮਾਰ ਸਕਦੇ ਹਨ ਇਸ ਤੋਂ ਬਾਅਦ ਲੇਖਕ ਖ਼ੁਦ ਹੀ ਆਨ-ਲਾਈਨ ਮੁਫ਼ਤ ਵਿੱਚ 'ਆਈ.ਐੱਸ. ਬੀ.ਐੱਨ.' ਵੀ ਲੈ ਸਕਦਾ ਹੈ। ਆਖ਼ਰ ਵਿੱਚ ਬਿੰਨਾਂ ਕਿਸੇ ਪਬਲੀਕੇਸ਼ਨ ਤੋਂ ਖ਼ੁਦ ਆਪਣੀ ਕਿਤਾਬ ਖ਼ੁਦ ਵੀ ਪ੍ਰਿੰਟ ਕਰਵਾ ਸਕਦਾ ਹੈ। ਇਉਂ ਹੀ ਉਹ ਆਪਣੇ ਦੋਸਤ ਲੇਖਕਾਂ ਅਤੇ ਹੋਰਨਾਂ ਸਿਰਜਣਹਾਰਿਆਂ ਦੀ ਸਿਰਜਣਾਵਾਂ ਵੀ ਛਾਪਣ ਦੀ ਭੂਮਿਕਾ ਅਦਾ ਕਰ ਸਕਦਾ ਹੈ। ਅੰਤ ਵਿੱਚ ਆਪਣੀ ਕਿਤਾਬ ਵੱਖ ਵੱਖ ਦੁਕਾਨਾਂ 'ਤੇ ਜਾਂ ਆਨ-ਲਾਈਨ ਵੇਚ ਸਕਦਾ ਹੈ। ਯਾਦ ਰਹੇ ਕਿ ਮੁੱਲਵਾਨ ਕਿਤਾਬਾਂ ਦੀ ਪੂਰੀ ਕੀਮਤ ਦੇਣ ਲਈ ਪਾਠਕ ਵੀ ਉਤਾਵਲੇ ਰਹਿੰਦੇ ਹਨ।
ਇਕ ਲੇਖਕ ਆਪਣੀ ਭਾਸ਼ਾ ਦਾ ਮੌਲਿਕ ਲੇਖਕ ਹੋਣ ਦੇ ਨਾਲ ਨਾਲ ਅਨੁਵਾਦਕ ਵਜੋਂ ਵੀ ਕਾਰਜ ਕਰ ਸਕਦਾ ਹੈ। ਅਜਿਹੇ ਕਾਰਜ ਲਈ ਵੱਖ ਵੱਖ ਯੂਨੀਵਰਸਿਟੀਆਂ/ ਸੰਸਥਾਵਾਂ ਤੋਂ ਪ੍ਰੋਜੈਕਟ ਵੀ ਲਏ ਜਾ ਸਕਦੇ ਹਨ।
ਬੇਸ਼ੱਕ ਸਾਹਿਤ ਇਕ ਕਲਾਤਮਿਕ ਖੇਤਰ ਹੈ ਪਰ ਇਸ ਨਾਲ ਸੰਬੰਧਿਤ ਖੇਤਰਾਂ ਵਿੱਚ ਰੁਜ਼ਗਾਰ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਇਸ ਖੇਤਰ ਵਿੱਚ 'ਕਲਮਾਂ ਨਹੀਂ ਵਿਕਣੀਆਂ ਚਾਹੀਦੀਆਂ ਬਲਕਿ ਕਿਰਤਾਂ ਦਾ ਪੂਰਾ ਮੁੱਲ ਹੀ ਅਸਲ ਕਮਾਈ ਹੈ।' ਸੋ ਤੁਸੀਂ ਸਾਹਿਤਕ ਕਿਰਤਾਂ, ਸਿੱਖਿਆ ਦੇ ਖੇਤਰ ਦੀਆਂ ਕਿਤਾਬਾਂ, ਪਬਲੀਕੇਸ਼ਨ ਦਾ ਕੰਮ ਜਾਂ ਟਾਈਪਸਟ, ਪਰੂਫ਼ ਰੀਡਰ ਜਾਂ ਫਿਰ ਇਕ ਬਲੌਗਰ ਅਤੇ ਅੰਤ ਵਿੱਚ ਇਕ ਬੁੱਕ ਸੈਲਰ ਵਜੋਂ ਸੁਹਿਰਦਤਾ ਨਾਲ ਰੁਜ਼ਗਾਰ ਕਰ ਸਕਦੇ ਹੋ।
ਆਖ਼ਰ ਵਿੱਚ ਆਪਣੇ ਸ਼ੌਕ ਅਤੇ ਲੋੜਾਂ ਨੂੰ ਵੇਖਦਿਆਂ; ਸਾਹਿਤ ਦੇ ਖੇਤਰ ਵਿੱਚ ਕਰਨਾ ਹੀ ਚੰਗਾ ਹੋਵੇਗਾ। ਤੁਸੀਂ ਜਾਣਦੇ ਹੀ ਹੋਵੋਂਗੇ ਕਿ ਯੂ.ਪੀ.ਐੱਸ.ਸੀ. ਤੱਕ ਦੇ ਖੇਤਰਾਂ ਵਿੱਚ ਵੀ 'ਸਾਹਿਤ' ਦੇ ਵਿਸ਼ੇ ਵਿੱਚ ਮੁਹਾਰਤ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ। ਸਾਹਿਤ, ਤੁਹਾਨੂੰ ਵੱਡੇ ਅਹੁੱਦੇ ਵੀ ਦਿਵਾ ਸਕਦਾ ਹੈ ਤੇ ਰੂਹ ਨੂੰ ਸਕੂਨ ਵੀ।
(ਨੋਟ - ਮੇਰਾ ਇਹ ਆਰਟੀਕਲ 'ਜੱਗ-ਬਾਣੀ' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)


0 Comments