ਪੰਜਾਬ ਦੀ ਸੰਸਕ੍ਰਿਤੀ ਗਾਉਂਦੀ, ਨੱਚਦੀ, ਜੂਝਦੀ ਸੰਸਕ੍ਰਿਤੀ ਰਹੀ ਹੈ ਅਤੇ ਪੰਜਾਬੀ ਲੋਕ ਗੀਤ ਇਸ ਵਿਰਸੇ ਦਾ ਜਮਾਂਦਰੂ ਅਮਾਨਤਦਾਰ ਹਨ । ਡਾ. ਦਿਵੇਦੀ ਅਨੁਸਾਰ ਲੋਕ ਗੀਤਾਂ ਦਾ ਮਹੱਤਵ ਮੁਹਿੰਜੋਦੜੋ ਦੇ ਖੰਡਰਾਂ ਤੋਂ ਕਿਤੇ ਵੱਧ ਹੈ ।ਰੰਧਾਵਾ ਤੇ ਸਤਿਆਰਥੀ ਲਈ ਇਹ ਆਪਣੀ ਸੱਭਿਅਤਾ ਨਾਲ ਗੱਲਾਂ ਕਰਨ ਦਾ ਜਰੀਆ ਹਨ ਜਦਕਿ Alan dundes ਮੁਤਾਬਿਕ ਲੋਕ ਗੀਤਾਂ ਵਿੱਚ ਜਨ ਜੀਵਨ ਦਾ ਸੱਚਾ ਤੇ ਸੁੱਚਾ ਚਿੱਤਰ ਹੁੰਦਾ ਹੈ ।
ਡਾ.ਕਰਨੈਲ ਸਿੰਘ ਥਿੰਦ ਅਨੁਸਾਰ ,
"ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਸੰਚਾਰਿਤ ਅਜਿਹੀ ਸੰਗੀਤਮਈ ਰਚਨਾ, ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਲੋਕ ਸਮੂਹ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀਓਂ -ਪੀੜ੍ਹੀ ਅੱਗੇ ਤੋਰਦਾ ਆਇਆ ਹੋਵੇ ਉਹ ਲੋਕ ਗੀਤ ਹੈ ।"
ਪੰਜਾਬੀ ਗੀਤਾਂ ਅੰਦਰ ਜੰਮਦਾ, ਲੋਰੀਆਂ ਨਾਲ ਪਾਲਦਾ, ਬੋਲੀਆਂ ਵਿੱਚ ਜਵਾਨ ਹੁੰਦਾ ਅਤੇ ਕੀਰਨਿਆਂ /ਲਾਉਣੀਆਂ ਦੁਆਰਾ ਵਿਦਾ ਹੁੰਦਾ ਹੈ । ਸਬੰਧਿਤ ਸੱਭਿਆਚਾਰਕ ਖੰਡ ਦੇ ਭਾਈਚਾਰਕ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕ ਗੀਤ ਕਿਸੇ ਖਿੱਤੇ ਦੇ ਲੋਕ ਜੀਵਨ ਦੇ ਅਹਿਮ ਸੰਸਕ੍ਰਿਤਿਕ ਦਸਤਾਵੇਜ਼ ਹੋਇਆ ਕਰਦੇ ਹਨ।
1.ਸੱਭਿਆਚਾਰਕ ਭੂਮਿਕਾ :-
ਪੰਜਾਬੀ ਜੀਵਨ ਵਿੱਚ ਭਿੰਨ ਭਿੰਨ ਮੌਕਿਆਂ ਉੱਪਰ ਨਿਭਾਏ / ਉਚਾਰੇ ਜਾਣ ਵਾਲੇ ਲੋਕ ਗੀਤਾਂ ਦੀ ਸੱਭਿਆਚਾਰਕ ਭੂਮਿਕਾ ਬਦਲਦੀ ਰਹਿੰਦੀ ਹੈ । ਜਿੱਥੇ ਗਿੱਧੇ ਦੇ ਪਿੜ੍ਹ ਵਿੱਚ ਇਨ੍ਹਾਂ ਦੀ ਮਨੋਰੰਜਨੀ ਭੂਮਿਕਾ ਹੁੰਦੀ ਹੈ ਉੱਥੇ ਰੋਹ ਦਿੱਤਾ ਸਮੇਂ ਇਹ ਸੰਸਾਰਕ ਭੂਮਿਕਾ ਨਿਭਾਉਂਦੇ ਹਨ। ਇੰਝ ਕਿਧਰੇ ਇਨ੍ਹਾਂ ਦੀ ਭੂਮਿਕਾ 'ਮੰਗਲ ਗੀਤਾਂ ' ਵਜੋਂ ,ਕਿਧਰੇ 'ਮੰਤਰ ਕਾਵਿ',ਕਿਧਰੇ 'ਸਨੋਵਿਰੇਚਣੀ' ਸਾਹਿਤ ਵਜੋਂ ਤੇ ਕਿਧਰੇ 'ਸੰਸਕ੍ਰਿਤਿਕ ਸੱਚ ਦੀ ਪੇਸ਼ਕਾਰੀ ਵਾਲੇ ਤੱਥਾਂ' ਵਜੋਂ ਹੁੰਦੀ ਹੈ । ਇਨ੍ਹਾਂ ਦੀ ਸੱਭਿਆਚਾਰਕ ਆਰਥਕਤਾ ਇਨ੍ਹਾਂ ਦੀ ਸੱਭਿਆਚਾਰਕ ਭੂਮਿਕਾ ਦੁਆਰਾ ਹੀ ਉਜਾਗਰ ਹੁੰਦੀ ਹੈ ।
2. ਪੰਜਾਬੀ ਸਮਾਜ ਵਿੱਚ ਪੁੱਤਰ ਦੇ ਜਨਮ ਨੂੰ ਸੁਭਾਗ ਮੰਨਿਆ ਜਾਂਦਾ ਹੈ। ਇਸ ਸਮੇਂ ਸੋਹਲੇ ਗਾ ਕੇ ਖ਼ੁਸ਼ੀ ਪ੍ਰਗਟਾਈ ਅਤੇ ਸਾਂਝੀ ਕੀਤੀ ਜਾਂਦੀ ਹੈ । ਜਿੱਥੇ ਜਨਮ ਸਮੇਂ ਦੇ ਸੁਹਲਿਆਂ ਵਿੱਚ ਪੰਜਾਬੀਆਂ ਦੇ ਆਪਣੇ ਸੂਭਾਗੇ ਜੀਵਨ ਦਾ ਸੁਪਨਾ ਬਣਿਆ ਹੁੰਦਾ ਹੈ ਉੱਥੇ ਲੋਰੀਆਂ ਦੁਆਰਾ ਮਾਵਾਂ ਆਪਣੇ ਬਾਲਾਂ ਨੂੰ ਅਸੀਸਾਂ ਦਿੰਦੀਆਂ ਆਪਣੇ ਭਵਿੱਖ ਦੀ ਸੁਰੱਖਿਆ ਨੂੰ ਆਪਣੇ ਪੁੱਤਰਾਂ ਦੀ ਸਫ਼ਲਤਾ ਵਿੱਚੋਂ ਵੇਖਦੀਆਂ ਹਨ। ਇਨ੍ਹਾਂ ਸੋਹਲਿਆਂ ਅਤੇ ਲੋਰੀਆਂ ਵਿੱਚੋਂ ਪੰਜਾਬੀ ਜੀਵਨ ਦਾ ਉੱਤਮ ਰੋਮਾਂਟਿਕ ਬਿੰਬ ਉੱਘੜਦਾ ਹੈ ।
3. ਵਿਆਹ ਪੰਜਾਬੀਆਂ ਲਈ ਸਭ ਤੋਂ ਵੱਧ ਚਾਵਾਂ ਦਾ ਸਮਾਂ ਹੁੰਦਾ ਹੈ। ਵਟਣੇ ਦੇ ਗੀਤ, ਬੇਦੀ ਦੇ ਗੀਤ ਤੇ ਜੰਞ ਦੀ ਵਿਦਾਇਗੀ ਦੇ ਗੀਤਾਂ ਤੋਂ ਇਲਾਵਾ ਇਸ ਸਮੇਂ ਸਿੱਠਣੀਆਂ ਦੁਆਰਾ ਨਵੇਂ ਰਿਸ਼ਤੇਦਾਰਾਂ ਨਾਲ ਹਾਸੇ ਠੱਠੇ ਭਰਿਆ ਸੰਵਾਦ ਰਚਾਇਆ ਜਾਂਦਾ ਹੈ । 'ਛੰਦ ਪਰਾਗਿਆਂ' ਵਿੱਚ ਲਾੜੇ ਦੀ ਬੁੱਧੀ ਮਾਨਤਾ ਤੇ ਹਾਜ਼ਰ ਜਵਾਬੀ ਦੀ ਪਰਖ ਕੀਤੀ ਜਾਂਦੀ ਹੈ । ਹੇਅਰਿਆਂ ਨਾਲ ਵਿਆਹ ਦੀਆਂ ਵਿਭਿੰਨ ਰਸਮਾਂ ਤੇ ਮੌਕਿਆਂ ਉੱਤੇ ਖੁਸ਼ੀ ਪ੍ਰਗਟਾਈ ਜਾਂਦੀ ਹੈ ,ਪੰਜਾਬੀਆਂ ਦੇ ਸੁਖਦ ਅਤੇ ਆਦਰਸ਼ਕ ਰੂਪ ਦੀ ਸੰਕਲਪਨਾ ਪੇਸ਼ ਕਰਦੇ 'ਸੁਹਾਗ ਅਤੇ ਘੋੜੀ' ਗੀਤ ਸਾਡੀ ਸੱਭਿਆਚਰਕ ਰਵਾਇਤਾਂ ਅਨੁਸਾਰ ਬੇਟੇ ਅਤੇ ਬੇਟੀ ਸਬੰਧੀ ਦ੍ਰਿਸ਼ਟੀਕੋਣ ਨੂੰ ਵੀ ਬੋਲ ਪ੍ਰਦਾਨ ਕਰਦੇ ਹਨ । ਇਸ ਪ੍ਰਸੰਗ ਵਿੱਚ ਜੀਤ ਸਿੰਘ ਜੋਸ਼ੀ ਦਾ ਕਥਨ ਮਹੱਤਵਪੂਰਨ ਹੋ ਜਾਂਦਾ ਹੈ :-
"ਸੁਹਾਗ ਗੀਤ ਕੇਵਲ ਯੋਗ ਵਰ ਅਤੇ ਘਰ ਦੀ ਲੋਚਾ ਕਰਦੇ ਹਨ ਅਤੇ ਘੋੜੀ ਅੰਦਰ ਖੁਸ਼ਹਾਲੀ ਖੂਬਸੂਰਤੀ ਅਤੇ ਖ਼ੁਸ਼ ਨਸੀਬੀ ਦਾ ਖੁੱਲ੍ਹਾ ਡੁੱਲ੍ਹਾ ਪ੍ਰਗਟਾਵਾ ਹੁੰਦਾ ਹੈ ।"
ਮੌਤ ਦਾ ਸ਼ੋਕ ਕੀਰਨਿਆਂ ਅਤੇ ਅਲਾਹੁਣੀਆਂ ਦੁਆਰਾ ਪ੍ਰਗਟਾਇਆ ਜਾਂਦਾ ਹੈ ਜਿਨ੍ਹਾਂ ਦਾ ਸਮਾਜਿਕ ਪ੍ਰਕਾਰਜ ਦੁੱਖ ਨੂੰ ਭਾਈਚਾਰੇ ਵਿੱਚ ਵੰਡ ਕੇ ਘਟਾਉਣ ਦਾ ਉਪਰਾਲਾ ਕਰਨਾ ਹੈ ।
ਸਾਡੇ ਬਹੁਤ ਸਾਰੇ ਲੋਕ ਗੀਤ ਲੋਕ ਨਾਚਾਂ ਨਾਲ ਸਬੰਧਿਤ ਹਨ । ਲੋਕ ਨਾਚ ਜਿੱਥੇ ਮਨ ਦੀ ਖ਼ੁਸ਼ੀ ਦਾ ਜਿਸਮਾਨੀ ਪ੍ਰਗਟਾਵਾ ਹਨ ਉੱਥੇ ਲੋਕ ਗੀਤ ਤੇ ਇਸ ਖੁਸ਼ੀ ਦਾ ਮੌਖਿਕ ਉਚਾਰ । ਇਸ ਸਮੇਂ ਪਾਈਆਂ ਬੋਲੀਆਂ ਤੇ ਉਚਾਰੇ ਟੱਪਿਆਂ ਵਿੱਚ ਪੰਜਾਬੀ ਜੀਵਨ ਦੇ ਯਥਾਰਥ ਦਾ ਕਰੜਾ ਧਰਾਤਲ ਅਤੇ ਬੁਣੇ ਗਏ ਰੰਗੀਨ ਹੁਸੀਨ ਸੁਪਨਿਆਂ ਦਾ ਕਲਪਿਤ ਸੰਸਾਰ ਇੱਕ ਦੂਜੇ ਨਾਲ ਟਕਰਾਉਂਦਾ ਅਤੇ ਘੁਲਦਾ ਮਿਲਦਾ ਨਜ਼ਰ ਆਉਂਦਾ ਹੈ। ਇੰਝ ਇਹ ਲੋਕਗੀਤ ਪੰਜਾਬੀ ਸੱਭਿਆਚਾਰਕ ਜੀਵਨ ਵਿੱਚ ਮਨੋਰੰਜਨ ਦੀ ਭੁੱਖ ਨੂੰ ਤ੍ਰਿਪਤ ਕਰਨ ਦੀ ਭੂਮਿਕਾ ਨਿਭਾਉਂਦੇ ਹਨ ।
ਪੰਜਾਬੀ ਬਾਲ ਲੋਕ ਖੇਡਾਂ ਨਾਲ ਉਚਾਰੇ ਜਾਂਦੇ ਲੋਕ ਗੀਤਾਂ ਵਿੱਚ ਪੰਜਾਬੀ ਬਾਲਪਨ ਦਾ ਸਿਰਜਨਾਤਮਕ ਖਿੜਾਓ ਵੇਖਣ ਨੂੰ ਮਿਲਦਾ ਹੈ । 'ਥਾਲ', 'ਕਿੱਕਲੀ' ਗੀਤ ਆਦਿ ਬੱਚਿਆਂ ਦੀ ਅਸਚਰਜ ਭਾਵਨਾ' ਅਦਭੁੱਤ ਕਲਪਨਾ ਦੇ ਸੰਸਾਰ ਨੂੰ ਜਾਣਨ ਦੀ ਤੀਬਰ ਉਤਸੁਕਤਾ ਦਾ ਪਤਾ ਦਿੰਦੇ ਹਨ ।
ਪੰਜਾਬੀ ਸਮਾਜਿਕ ਜੀਵਨ ਵਿੱਚ ਹਰ ਮਹੱਤਵਪੂਰਨ ਸਮਾਜਿਕ / ਧਾਰਮਿਕ ਕਾਰਜ ਸਮੇਂ ਰਹੁ ਰੀਤਾਂ ਨਿਭਾਈਆਂ ਜਾਂਦੀਆਂ ਹਨ। ਪੰਜਾਬੀ ਤਿਉਹਾਰਾਂ ,ਉਤਸਵਾਂ, ਪੁਰਬਾਂ ਤੇ ਧਾਰਮਿਕ ਪੂਜਾ ਵਿਧੀਆਂ ਨੂੰ ਅਦਾ ਕਰਨ ਸਮੇਂ ਉਚਾਰੇ ਗਏ ਲੋਕ ਗੀਤ ਸੰਸਕਾਰ ਗੀਤ ਅਖਵਾਉਂਦੇ ਹਨ । ਸਰੀਰਕ ਕਿਰਿਆ ਨਾਲ ਚੱਲਦੇ ਸੰਸਕਾਰ ਗੀਤ ਮੰਤਰ ਦੀ ਭੂਮਿਕਾ ਹੀ ਸਾਕਾਰ ਕਰਦੇ ਪ੍ਰਸਤੁਤ ਹੁੰਦੇ ਹਨ। ਇਸ ਸਮੇਂ ਲੋਕ ਗੀਤਾਂ ਦਾ ਸਮਾਜਿਕ ਪ੍ਰਯੋਜਨ ਅਰਦਾਸ ਵਰਗਾ ਹੋ ਜਾਂਦਾ ਹੈ । ਇਨ੍ਹਾਂ ਵਿੱਚ ਧਰਤੀ ਮਾਤਾ ਦੇ ਗੀਤ 'ਪੂਜਾ ਤੇ ਅਰਗ ਦੇ ਗੀਤ', 'ਗੁੱਗੇ ਦੇ ਗੀਤ', 'ਦੇਵੀ ਦੇਵਤਿਆਂ ਦੀ ਉਸਤਤੀ ਦੇ ਗੀਤ' ਤੇ 'ਗੁਰੂ ਪੀਰਾਂ ਦੀ ਸ਼ਰਧਾ ਦੇ ਗੀਤ' ਆਦਿ ਸਾਡੇ ਲੋਕ ਵਿਸ਼ਵਾਸਾਂ ਦਾ ਪ੍ਰਗਟਾਵਾ ਕਰਦੇ ਹਨ ।
ਪੰਜਾਬੀਆਂ ਦੇ ਹਰ ਖੁਸ਼ੀ ਗਮੀ ਦੇ ਮੌਕੇ ਨਾਲ ਲੋਕ ਗੀਤਾਂ ਦਾ ਕੋਈ ਨਾ ਕੋਈ ਨਿਭਾਓ ਰੂਪ ਜੁੜਿਆ ਹੋਇਆ ਹੈ । ਇਹ ਖ਼ੁਸ਼ੀ ਸਾਂਝੀ ਕਰਨ ਤੇ ਦੁੱਖ ਵੰਡਣ ਦਾ (ਭਾਈਚਾਰੇ 'ਚ) ਸਾਧਨ ਹਨ ।
ਜਿੱਥੇ ਇਨ੍ਹਾਂ ਦੀ ਸੱਭਿਆਚਾਰਕ ਭੂਮਿਕਾ ਜੀਵਨ ਦੇ ਤਿੰਨ ਮਹੱਤਵਪੂਰਨ ਪੜਾਵਾਂ ਨਾਲ ਸੰਬੰਧਿਤ ਹੋਣ ਵਿੱਚ ਹੈ, ਉੱਥੇ ਇਸ ਗੱਲ ਵਿੱਚ ਵੀ ਹੈ ਕਿ ਇਹ ਪੰਜਾਬੀ ਜੀਵਨ ਦੇ ਬੁਨਿਆਦੀ ਸਰੋਕਾਰਾਂ ਭਾਵਾਂ ਅਤੇ ਰਿਸ਼ਤਿਆਂ ਦਾ ਸੰਚਾਰ ਕਰਦੇ ਹਨ। ਇਸ ਸੰਚਾਰ ਦੁਆਰਾ ਲੋਕਗੀਤ ਵਿਅਕਤੀ ਖੁੱਲ੍ਹਾ ਅਤੇ ਸਮੂਹ( ਸੰਞਮ) ਨੂੰ ਇਕ ਸੂਰਤਾਂ ਦੇ ਰਿਸ਼ਤੇ ਵਿੱਚ ਬੰਨ੍ਹਣ ਦਾ ਕਾਰਜ ਕਰਦੇ ਹਨ। ਇਨ੍ਹਾਂ ਵਿੱਚੋਂ ਪੰਜਾਬੀ ਸੁਭਾਅ ਦੇ ਮੁੱਢਲੇ ਪਛਾਣ ਚਿੰਨ੍ਹਾਂ, ਜੀਵਨ ਮੁੱਲਾਂ, ਸਦਾਚਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਸਦੀਵੀਂ ਸੁਭਾਅ ਅਤੇ ਆਧਾਰਗਤ ਪੈਟਰਨ ਨੂੰ ਉਘੜ੍ਹਦੇ ਹਨ। ਹਰ ਵਿਅਕਤੀ ਜੱਗ ਵਿੱਚ ਆਪਣਾ ਸੀਰ ਮਹਿਸੂਸ ਕਰਦਾ ਹੈ ।
ਪੰਜਾਬੀ ਲੋਕ ਗੀਤ ਸਾਡੇ ਜੀਵਨ ਦੀਆਂ ਤਿੰਨ ਬੁਨਿਆਦੀ ਇਕਾਈਆਂ ਵਿਅਕਤੀ ,ਪਰਿਵਾਰ, ਅਤੇ ਪਿੰਡ (ਜਿਨ੍ਹਾਂ ਦੁਆਲੇ ਪੰਜਾਬੀ ਜੀਵਨ ਦਾ ਸਮੁੱਚਾ ਪ੍ਰਪੰਚ (ਤਾਣਾ ਬਾਣਾ) ਉਸਰਿਆ ਹੈ) ਕੇਂਦਰਿਤ ਹੈ। ਇੰਝ ਇਹ ਪੰਜਾਬੀ ਜੀਵਨ ਦੀਆਂ ਬੁਨਿਆਦਾਂ ਨਾਲ ਤਿੰਨ ਪੱਧਰਾਂ( 1.ਪੰਜਾਬੀ ਜੀਵਨ ਦਾ ਰੂਪ , 2.ਸਾਰ ਅਤੇ 3. ਸੰਚਾਰ)ਉੱਤੇ ਜੁੜਿਆ ਹੋਇਆ ਹੈ । ਇੰਝ ਲੋਕਗੀਤਾਂ ਦੀ ਸੱਭਿਆਚਾਰਕ ਭੂਮਿਕਾ ਤੇ ਸਾਰਥਿਕਤਾ ਸਾਡੇ ਜੀਵਨ ਦੇ ਤਿੰਨ ਮਹੱਤਵਪੂਰਨ ਪੜਾਵਾਂ , ਤਿੰਨ ਮਹੱਤਵਪੂਰਨ ਇਕਾਈਆਂ ਤਿੰਨੇ ਰੂਪਾਂ ਵਿੱਚ ਜੁੜੇ ਹੋਣ ਵਿੱਚ ਹੈ ।
ਲੋਕ- ਗੀਤਾਂ ਦੀ ਸਾਰਥਿਕਤਾ:-
ਹਰ ਲੋਕ ਗੀਤ ਨੂੰ ਗਾਉਣ ਲਈ ਵਿਸ਼ੇਸ਼ ਮੌਕਾ ,ਵਿਸ਼ੇਸ਼ ਲੋਕ ਦਾਇਰਾ, ਵਿਸ਼ੇਸ਼ ਸਮਾਜਿਕ ਇਕੱਠ ਜਾਂ ਉਤਸਵ ਨਿਰਧਾਰਿਤ ਹੁੰਦਾ ਹੈ । ਲੋਕ ਗੀਤ ਕਿਉਂਕਿ ਕਿਸੇ ਵਿਸ਼ੇਸ਼ ਸਮਾਜਿਕ ਪ੍ਰਕਾਰਜ ਹਿੱਤ ਉਚਾਰੇ ਜਾਂਦੇ ਹਨ । ਸੋ ਅਜਿਹੇ ਸੱਭਿਆਚਾਰਕ ਪ੍ਰਕਾਰਜ ਨੂੰ ਪੂਰਾ ਕਰਨ ਕਰਕੇ ਹੀ ਇਨ੍ਹਾਂ ਦੀ ਸਾਡੇ ਜੀਵਨ ਵਿੱਚ ਸਾਰਥਿਕਤਾ ਬਣੀ ਰਹਿੰਦੀ ਹੈ ।ਇਸਦੇ ਕੁਝ ਪੱਖ ਇਸ ਪ੍ਰਕਾਰ ਹਨ:-
1. ਮਨੋਰੰਜਨੀ ਪ੍ਰਕਾਰਜ :-
ਲੋਕ ਮਨੋਰੰਜਨ ਦਾ ਕਾਰਜ ਕਰਨ ਵਾਲੇ ਗੀਤ -ਰੂਪ ਬੋਲੀਆਂ ,ਟੱਪੇ ,ਸਿੱਠਣੀਆਂ ,ਖੇਡਗੀਤ,ਨਾਚ ਗੀਤ ਆਪਣੀ ਸੱਭਿਆਚਾਰਕ ਸਾਰਥਿਕਤਾ ਇਸੇ ਤੱਥ ਵਿੱਚ ਸਮੋਈ ਬੈਠੇ ਹਨ। ਕਿਉਂਕਿ ਸਾਡੀ ਮਾਨਸਿਕਤਾ ਵਿੱਚ 'ਹੱਸਣ ਕੁੱਦਣ ਮਨ ਕਾ ਚਾਉ' ਦਾ ਵਿਸ਼ੇਸ਼ ਮਹੱਤਵ ਹੈ ।
2. ਭਾਵ ਵਿਰੇਚਨੀ ਪ੍ਰਕਾਰਜ :-
ਇਸ ਅਧੀਨ ਕੀਰਨੇ ਅਤੇ ਅਲਾਹੁਣੀਆਂ ਅਤੇ ਸੋਗ ਤੇ ਦੁੱਖ ਦੇ ਬੋਝਲ ਭਾਵਾਂ ਨੂੰ ਘਟਾਉਣ ਵਿੱਚ ਸਹਾਇਤਾ ਕਰਦੀਆਂ ਹਨ । ਟੱਪੇ ਤੇ ਬੋਲੀਆਂ ਭੰਗੜੇ ਅਤੇ ਗਿੱਧਿਆਂ ਆਦਿ ਦੇ ਪਿੜਾਂ ਰਾਹੀਂ ਸੱਭਿਆਚਾਰ ਦੀਆਂ ਪ੍ਰਵਾਨਤ ਖੁੱਲ੍ਹਾਂ ਦੇ ਅੰਦਰ ਲੋਕਮਨ ਦੀਆਂ ਤ੍ਰਿਪਤ ਮਨੋਕਾਮਨਾਵਾਂ ,ਕਾਮੁਕਤਾਵਾਂ ਦਾ ਜਾਂ ਤ੍ਰਾਸਦ ਭਾਵਾਂ ਦਾ ਭਾਵ ਵਿਰੇਚਨ ਕਰਦੇ ਹਨ ।
3. ਧਾਰਮਿਕ ਅਤੇ ਸੰਸਕਾਰਗਤ ਪ੍ਰਕਾਰਜ :-
ਪੰਜਾਬੀ ਜਨ ਜੀਵਨ ਵਿੱਚ ਵਿਸ਼ਾਲ ਲੋਕ ਧਰਮ ਦੇ ਅੰਤਰਗਤ ਸਮਿਆਂ ਤੇ ਉਚਾਰੇ ਲੋਕਗੀਤ ਰੀਤ ਜਾਂ ਰਸਮ ਦੀ ਪ੍ਰਕਿਰਿਆ ਦੇ ਸਹਿਯੋਗੀ ਹੋ ਨਿੱਬੜਦੇ ਹਨ । ਪੰਜਾਬੀ ਲੋਕ ਗੀਤਾਂ ਵਿੱਚੋਂ ਜਿਹੜਾ ਭਾਗ ਰੀਤਾਂ ਨਾਲ ਸਬੰਧਿਤ ਹੈ ਉਸ ਵਿੱਚ ਮਨੁੱਖੀ ਦੀ ਜੀਨਸ ਦੇ ਵਾਧੇ,ਅਨਾਜ ਦੀ ਬਹੁਲਤਾ ਦੀ ਮੰਗ ਤੇ ਦੁੱਧ ਪੁੱਤ ਦੇ ਵਾਧੇ ਦੀ ਸੁੱਖ ਮੰਗੀ ਜਾਂਦੀ ਹੈ । ਇੰਜ ਕਲਾਤਮਕ ਅਤੇ ਸਮਾਜਿਕ ਪ੍ਰਕਾਰਜਾਂ ਤੋਂ ਇਲਾਵਾ ਲੋਕਗੀਤਾਂ ਦੀ ਸਾਰਥਕਤਾ ਇਨ੍ਹਾਂ ਦੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਰਹਿਣ ਕਾਰਨ ਵੀ ਬਣੀ ਰਹਿੰਦੀ ਹੈ ।
4. ਕਲਾਤਮਕ ਪ੍ਰਕਾਰਜ :-
ਲੋਕ ਗੀਤ ਕਿਸੇ ਸੱਭਿਆਚਾਰਕ ਖਿੱਤੇ ਦੀ ਲੋਕ ਪ੍ਰਤਿਭਾ ਦਾ ਪ੍ਰਗਟਾਵਾ ਹੁੰਦੇ ਹਨ। ਕੋਈ ਵਿਸ਼ੇਸ਼ ਪ੍ਰਤੀਭਾਵਾਨ ਵਿਅਕਤੀ ਲੋਕ ਸਮੂਹ ਦੀ ਸਮੂਹਿਕ ਭਾਵਨਾ ਅਤੇ ਸਿਰਜਨਾਤਮਿਕ ਸ਼ਕਤੀ ਦੇ ਆਸਰੇ ਇਨ੍ਹਾਂ ਦੀ ਰਚਨਾ ਕਰਦਾ ਹੈ । ਸੋ ਇਨ੍ਹਾਂ ਦੀ ਸੱਭਿਆਚਰਕ ਸਾਰਥਿਕਤਾ ਪੰਜਾਬੀ ਮਨ ਦੇ ਸਿਰਜਨਾਤਮਿਕ ਖਿੜਾਓ ਦਾ ਆਵਿਸ਼ਕਾਰ ਪੇਸ਼ ਕਰਨ ਵਿੱਚ ਹੈ। ਇਹ ਇਤਿਹਾਸਕ ਹੋਣੀਆਂ ਸੰਗ ਭਿੜਨ ਵਾਲੇ ਪੰਜਾਬੀ ਲੋਕਾਂ ਦੇ ਜੀਵਨ ਨੂੰ ਪਿਆਰਨ ਅਤੇ ਤੀਬਰ ਵੇਗ ਨਾਲ ਜੀਵਨ ਜਿਉਣ ਦੀ ਲੋਚਾ ਦਾ ਪ੍ਰਗਟਾਵਾ ਕਰਦੇ ਹਨ। ਇੰਝ ਸਾਡੇ ਜੀਵਨ ਦੇ ਯੁੱਧ ਅਤੇ ਸ਼ਾਂਤੀ ਦੋਹਾਂ ਸਮਿਆਂ ਚ ਇਹਨਾਂ ਦੀ ਸਾਰਥਿਕਤਾ ਬਣੀ ਰਹਿੰਦੀ ਹੈ ।
5. ਇਤਿਹਾਸਕ ਸਿਮ੍ਰਤੀ ਨੂੰ ਸਾਂਭਣ ਦਾ ਪ੍ਰਕਾਰਜ :-
ਕਿਸੇ ਸੱਭਿਆਚਾਰਕ ਖੇਤਰ ਦੇ ਲੋਕ ਜਿਨ੍ਹਾਂ ਇਤਿਹਾਸਕ ਪੜਾਵਾਂ ਨੂੰ ਤੈਅ ਕਰਕੇ ਆਏ ਹੁੰਦੇ ਹਨ ਉਸ ਦੀਆਂ ਯਾਦਾਂ ਲੋਕ ਗੀਤਾਂ ਦੇ ਰੂਪ ਵਿੱਚ ਸਮੂਹਿਕ ਮਨ ਅੰਦਰ ਸਮੋਈਆਂ ਰਹਿੰਦੀਆਂ ਹਨ। ਸਾਡੇ ਲੋਕ ਗੀਤਾਂ ਦੀਆਂ ਤਰਜ਼ਾਂ , ਧੁਨਾਂ ਅਤੇ ਬੋਲਾਂ ਵਿੱਚ ਪੰਜਾਬੀਆਂ ਦੀ ਇਤਿਹਾਸਕ ਹੋਣੀ ਦੇ ਦੀਦਾਰ ਹੁੰਦੇ ਹਨ । ਪੰਜਾਬੀ ਮਨ ਵੱਖ ਵੱਖ ਇਤਿਹਾਸਕ ਸੰਕਟਾਂ ਸਮੇਂ ਬੁਨਿਆਦੀ ਪ੍ਰਸ਼ਨਾਂ ਨਾਲ ਕਿਵੇਂ ਮੁਖਾਤਿਬ ਹੋਇਆ ਇਹ ਇਤਿਹਾਸਕ ਸੰਦਰਭਾਂ ਵਾਲੀ ਸਾਰਥਿਕਤਾ ਅੱਜ ਵੀ ਲੋਕ ਗੀਤਾਂ ਰਾਹੀਂ ਭਵਿੱਖ ਦਾ ਰਾਹ ਦਿਖਲਾਉਂਦੀ ਹੈ ।
6. ਵਿਅਕਤੀ ਅਤੇ ਸਮਾਜ ਵਿੱਚ ਸਮਤੋਲ ਰੱਖਣ ਦਾ ਪ੍ਰਕਾਰਜ :-
ਇਹ ਲੋਕ ਗੀਤ ਜੀਵਨ ਦੇ ਬੁਨਿਆਦੀ ਮੌਕੇ ਅਤੇ ਸਮਾਜਿਕ ਢਾਂਚੇ ਦੀਆਂ ਬੁਨਿਆਦੀ ਇਕਾਈਆਂ ਨਾਲ ਸਬੰਧਿਤ ਹਨ । ਇਨ੍ਹਾਂ ਵਿੱਚ ਪੇਸ਼ ਹੋਇਆ ਰਿਸ਼ਤਾ ਨਾਤਾ ਪ੍ਰਬੰਧ ਤੇ ਵਾਰ -ਵਾਰ ਦਿਖਾਏ ਗਏ ਸਮਾਜਿਕ ਤੇ ਮਾਨਵੀ ਮੁੱਲ ਪੰਜਾਬੀ ਸ਼ਖ਼ਸੀਅਤ ਦੀ ਸਿਰਜਣਾ ਅਤੇ ਨਰੋਈ ਸੇਧ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਭਾਵੇਂ ਅਸੀਂ ਲੋਕ ਗੀਤਾਂ ਵਾਲੇ ਭਾਈਚਾਰਕ ਸਮਾਜ ਤੋਂ ਵਿਛੜ ਗਏ ਹਾਂ ਪਰ ਹੁਣ ਵੀ ਇਨ੍ਹਾਂ ਦੀ ਸਮਾਜਿਕ ਸਾਰਥਿਕਤਾ ਕਾਇਮ ਹੈ । ਦੋਹਰੀ ਗੁਲਾਮੀ ਭੋਗਦੀ ਮੱਧਕਾਲੀ ਔਰਤ ਇਸ ਕਲਾਤਮਿਕ ਹਥਿਆਰ ਰਾਹੀਂ ਜਿੱਥੇ ਆਪਣੀ ਸਮਾਜਿਕ ਹੋਂਦ ਜਤਾਉਂਦੀ ਰਹੀ ਹੈ ਉੱਥੇ ਔਰਤ ਵਰਗ ਨੂੰ ਇੱਕ ਭਾਵੁਕ ਸਤਰ ਉੱਤੇ ਸੰਗਠਿਤ ਵੀ ਕਰਦੀ ਰਹੀ ਹੈ । ਇਨ੍ਹਾਂ ਗੀਤਾਂ ਦੀ ਇਤਿਹਾਸਕ ਭੂਮਿਕਾ ਰਹੀ ਹੈ ਅਤੇ ਹੁਣ ਵੀ ਹੈ ।
ਸੋ ਸਮੁੱਚੇ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਇਨ੍ਹਾਂ ਦੀ ਮਹੱਤਤਾ ਦਾ ਉੱਚਤਮ ਪੱਖ ਇਹ ਹੈ ਕਿ ਇਹ ਸੰਬੰਧਿਤ ਲੋਕ ਸਮੂਹ ਦੇ ਆਪਣੇ ਬਾਰੇ ਆਪ ਉਚਾਰੇ ਬੋਲ ਹੁੰਦੇ ਹਨ। ਇਹ ਲੋਕ ਗੀਤ ਪੰਜਾਬੀ ਜੀਵਨ ਨੂੰ ਵਧੇਰੇ ਜਿਊਣ ਜੋਗਾ ਬਣਾਉਣ ਵਿੱਚ, ਪੰਜਾਬੀ ਜੀਵਨ ਅੰਦਰ ਰੋਮਾਂਸ ਤੇ ਰੰਗੀਨੀ ਭਰਨ ਵਿੱਚ ਅਤੇ ਵਿਅਕਤੀ ਤੇ ਭਾਈਚਾਰੇ ਨੂੰ ਇੱਕ ਮਾਨਵੀ ਸੰਤੁਲਨ ਵਿੱਚ ਬੰਨਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ । ਇਸ ਅਹਿਮ ਭੂਮਿਕਾ ਵਿੱਚ ਹੀ ਇਨ੍ਹਾਂ ਲੋਕਗੀਤਾਂ ਦੀ ਸੱਭਿਆਚਾਰਕ ਭੂਮਿਕਾ ਅਤੇ ਸਾਰਥਿਕਤਾ ਨਿਹਿਤ ਹੈ ।


0 Comments