ਬਾਤਾਂ ਜਾਂ ਲੋਕ ਕਹਾਣੀ ਮਨੁੱਖ ਦੇ ਜਨਮ ਨਾਲ ਹੀ ਜਨਮੀ ਭਾਸਦੀ ਹੈ ।ਅੰਗਰੇਜ਼ੀ ਸ਼ਬਦ folk tale ਦੇ ਸਮਾਨਅਰਥਕ ਵਜੋਂ ਵਣਜਾਰਾ ਬੇਦੀ ਲੋਕ ਕਹਾਣੀ ਸ਼ਬਦ ਦਾ ਪ੍ਰਯੋਗ ਇਸ ਲਈ ਕਰਦਾ ਹੈ । ਅੰਗਰੇਜ਼ੀ ਵਿੱਚ ਇਸ ਲਈ tale ਤੇ story ਸ਼ਬਦ ਵਰਤੇ ਜਾਂਦੇ ਹਨ । ਬਿਰਤਾਂਤ ਲੋਕਮਨ ਦੀ ਅਭਿਵਿਅਕਤੀ ਤੇ ਪ੍ਰੰਪਰਾਗਤ ਰੂੜੀਆਂ ਨੂੰ ਬੁਨਿਆਦੀ ਰੂਪ ਵਿੱਚ ਬਾਤ ਨੇ ਤੱਤ ਨਿਸ਼ਚਿਤ ਕਰਦਿਆਂ ਵਣਜਾਰਾ ਬੇਦੀ ਨੇ ਇਨ੍ਹਾਂ ਦਾ ਉਦੇਸ਼ ਸੁਹਜ ਸੁਆਦ ,ਸੋਝੀ , ਸੇਧ ਦੇਣਾ ਤੇ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਮੰਨਿਆ ਹੈ, ਬਾਤਾਂ ਦੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦਿਆਂ ਲੇਖਕ ਇਨ੍ਹਾਂ ਦੀ ਵੰਡ ਤਿੰਨ ਹਿੱਸਿਆਂ ਵਿੱਚ ਕਰਦਾ ਹੈ । ਮਿੱਥ ਕਥਾ ,ਦੰਦ ਕਥਾ ਅਤੇ ਕਹਾਣੀ ।
ਉਸੇ ਅਨੁਸਾਰ ਮਿੱਥ, ਪਾਤਰ ਅਤੇ ਵਿਸ਼ਵਾਸ ਤੇ ਆਧਾਰਿਤ ਦੇਵੀ ਦੇਵਤਿਆਂ ਜਾਂ ਪੋਰਾਣਕ ਪਾਤਰਾਂ ਨਾਲ ਸਬੰਧਿਤ ਪੂਰਵ ਇਤਿਹਾਸਕ ਕਾਲ 'ਚ ਵਾਪਰੀ ਕੋਈ ਘਟਨਾ ਜਾਂ ਬਿਰਤਾਂਤ ਹੈ ।
ਦੰਦ ਕਥਾ ਅਤੇ ਪਾਤਰ ਇਤਿਹਾਸਕ ਤੱਥ 'ਤੇ ਆਧਾਰਿਤ ਕਿਸੇ ਇਤਿਹਾਸਕ ਵਿਅਕਤੀ (ਪਾਤਰ ),ਘਟਨਾ ਜਾਂ ਸਥਿਤੀ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਹੈ, ਜਿਸ ਵਿੱਚ ਤੱਥ ਤੇ ਮਿੱਥ ਦਾ ਸੁਮੇਲ ਹੁੰਦਾ ਹੈ ।
ਕਹਾਣੀ ਅਤੇ ਪਾਤਰ ਨਿਰੋਲ ਕਲਪਨਾ ਉੱਪਰ ਆਧਾਰਿਤ ਪਰੰਪਰਾਗਤ ਬਿਰਤਾਂਤ ਹੈ । ਇਨ੍ਹਾਂ ਨੂੰ ਸਮੁੱਚ ਵਿੱਚ ਉਸਨੇ 'ਬਾਤਾਂ' ਆਖਿਆ ਹੈ ।
ਪੰਜਾਬੀ ਬਾਤ ਦੇ ਪਾਤਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਸਮਕਾਲੀ ਮਾਨਸਿਕਤਾ ਉੱਪਰ ਨਜ਼ਰ ਮਾਰ ਲੈਣੀ ਉਚਿਤ ਪ੍ਰਤੀਤ ਹੁੰਦੀ ਹੈ ।ਮੱਧਕਾਲੀਨ ਕਥਾ ਸੰਸਾਰ ਵਿੱਚ ਵਣਜਾਰਾ ਬੇਦੀ ਸਮਕਾਲੀ ਕਥਾ ਜਗਤ ਨੂੰ ਵਸਤੂ ਜਗਤ ਨਾਲੋਂ ਵਿਲੱਖਣ ਅਦਭੁੱਤ ਤੇ ਰੌਚਿਕ ਮੰਨਦਾ ਹੈ। ਲੋਕ ਮਨ ਜਿਸ ਨੂੰ ਵਿਚਿੱਤਰ ,ਰਹੱਸਮਈ ,ਦੈਵਿਕ ਅਤੇ ਵਿਲੱਖਣ ਹੋਣ ਦੇ ਬਾਵਜੂਦ ਆਪਣੇ ਯਥਾਰਥ ਵਜੋਂ ਗ੍ਰਹਿਣ ਕਰਦਾ ਹੈ। ਵਿਗਿਆਨੀ ਮਨ ਵੀ ਪਰੰਪਰਾਗਤ ਰੂਪ ਵਿੱਚ ਮਨੁੱਖ ਨੂੰ ਵਿਰਸੇ 'ਚ ਮਿਲੇ ਆਦਿਮ ਸੰਸਕਾਰਾਂ ,ਮਨੋਤਾ, ਵਿਸ਼ਵਾਸਾਂ ਤੋਂ ਪੂਰਨ ਮੁਕਤ ਨਹੀਂ ।ਲੋਕ ਮਨ ਲਈ ਕਲਪਨਾ ਤੇ ਯਥਾਰਥ, ਜਾਗਰਿਤ ਤੇ ਸੁਪਨ ਅਵਸਥਾ ,ਮੁੱਲ ਤੇ ਪ੍ਰਛਾਵੇਂ ,ਅਸਲ ਤੇ ਨਕਲ ,ਅੰਸ਼ ਤੇ ਅਸ਼ੀ ਵਿੱਚ ਕੋਈ ਫਰਕ ਨਹੀਂ ਕਰਦਾ। ਇਸ ਅੰਦਰ ਮੌਤ ਨੂੰ ਨੀਂਦ ਵਿਸਥਾਰ ਹੀ ਮੰਨਿਆ ਜਾਂਦਾ ਹੈ ।ਇਹ ਲੋਕ ਮਨ 'ਨਾਮ' ਨੂੰ ਹਮੇਸ਼ਾ ਰੂਪ ਵਿੱਚ ਕਲਪਦਾ ਹੈ ।ਜਿਵੇਂ ਕਿ ਹੋਣੀ, ਕਿਸਮਤ ਤੇ ਬਿਧਮਾਤਾ ਨੂੰ ਕਲਪਿਆ ਗਿਆ ਹੈ ।ਲੋਕਮਨ ਮੁਤਾਬਿਕ ਟੂਣੇ ਨਾਲ ਪ੍ਰਕਿਰਤੀ ਉੱਪਰ ਤੇ ਮੰਤਰ ਦੁਆਰਾ ਅਧਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ ।ਇੰਝ ਦੈਵੀ ਪਾਤਰ ਪ੍ਰਕਿਰਤੀ ਨੂੰ ਵੱਸ ਚ ਰੱਖ ਸਕਦੇ ਹਨ ।
ਇੰਝ ਲੋਕ ਕਥਾਵਾਂ ਬਾਤਾਂ ਰਾਹੀਂ ਸਿਰਜਿਆ ਲੋਕ ਮਨ ਦਾ ਜਗਤ ਅਸਲ 'ਚ ਕਿਸੇ ਵਿਸ਼ੇਸ਼ ਸਮੇਂ 'ਚ ਜਿਉਂ ਰਹੇ ਲੋਕਾਂ ਦੀ ਕਲਪਨਾ ਦਾ ਸੱਚ ਹੈ ,ਵਸਤੂਗਤ ਸੱਚ ਨਹੀਂ। ਇਸ ਸੰਦਰਭ ਵਿੱਚ kenneth payson kampto ਦੇ ਵਿਚਾਰ ਵਾਚਣਯੋਗ ਹਨ ,
" it is not possible to tell a story without presenting characters."
hudson ਨੇ ਪਾਤਰਾਂ ਬਾਰੇ ਆਪਣੇ ਵਿਚਾਰ ਇੰਝ ਪ੍ਰਗਟ ਕੀਤੇ ਹਨ :-
".........as he deals with life,he must deal with the moral facts and issues everywhere involved in life."
ਇਸ ਨੁਕਤੇ ਦੇ ਅੰਤਰਗਤ ਅਸੀਂ ਬਾਤਾਂ ਵਿਚਲੇ ਪਾਤਰਾਂ ਦੇ ਚਰਿੱਤਰ ਨੂੰ ਸਮਝਣ ਦੇ ਯੋਗ ਹੋ ਸਕਦੇ ਹਾਂ ।
ਵਿਸ਼ੇ ਦੇ ਨਿਭਾਅ ਜਾਂ ਉਦੇਸ਼ ਪੂਰਤੀ ਲਈ ਪਾਤਰ ਅਹਿਮ ਭੂਮਿਕਾ ਨਿਭਾਉਂਦੇ ਹਨ ।ਇਨ੍ਹਾਂ ਦੇ ਪਾਤਰਾਂ ਤੋਂ ਹੀ ਇਨ੍ਹਾਂ ਦੀ ਇਤਿਹਾਸਕ ਰੇਖਾ ਖਿੱਚ ਦਾ ਡਾਕਟਰ ਵਣਜਾਰਾ ਬੇਦੀ ਲਿਖਦਾ ਹੈ ,
"ਨਰ ਸਿੰਘ ਪਾਤਰ ਜਿਸ ਦਾ ਧੜ ਸ਼ੇਰ ਦਾ ਤੇ ਮੁੱਖ ਮਾਨਵ ਦਾ ਹੈ, ਹੜੱਪਾ ਠੀਕਰ ਮੋਹਰਾਂ ਉੱਤੇ ਮਿਲਦਾ ਹੈ। ਜਿਸਦਾ ਮਗਰੋਂ ਆਰਿਆਈ ਸੰਸਕ੍ਰਿਤੀ ਵਿੱਚ ਉਦਾਤੀਕਰਨ ਹੋ ਗਿਆ ਤੇ ਪੁਰਸ਼ਾਂ ਵਿੱਚ ਇਹ ਵਿਸ਼ਨੂੰ ਦੇ ਅਵਤਾਰ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋਇਆ ।"
' ਬਾਤਾਂ ਮੁੱਢ ਕਦੀਮ ਦੀਆਂ 'ਵਿੱਚ ਲੱਗਭੱਗ ਅਠੱਤੀ ਉਨਤਾਲੀ ਕਹਾਣੀਆਂ (ਬਾਤਾਂ )ਅਤੇ ਤੇਰਾਂ ਮੁਢੀਆਂ ਹਨ। ਮੱਧ ਕਾਲੀਨ ਲੋਕ ਮਾਨਸਿਕਤਾ ਦੁਆਰਾ ਕਲਪਨਾ ਅਤੇ ਯਥਾਰਥ ਵਿੱਚ ਸਮਾਨਤਾ ਵੇਖਣ ਕਾਰਨ ਹੀ ਇਨ੍ਹਾਂ ਬਾਤਾਂ ਵਿੱਚ ਕੇਵਲ ਸਮਾਜਿਕ ਮਨੁੱਖੀ ਪਾਤਰਾਂ ਵਜੋਂ ਪੇਸ਼ ਨਹੀਂ ਹੋਏ, ਬਲਕਿ ਦੈਵੀ ਪਾਤਰਾਂ ਵਜੋਂ ਦੇਵੀ ਦੇਵਤੇ (ਸ਼ਿਵ ਪਾਰਬਤੀ) (ਵਿਧਮਾਤਾ ਜਾਂ ਹੋਣੀ) ਨੂੰ ਵੀ ਪੇਸ਼ ਕੀਤਾ ਗਿਆ ਹੈ । 'ਸੰਦਲਾਂ 'ਤੇ 'ਅਨਾਰਾਂ ਸ਼ਹਿਜ਼ਾਦੀ' ਵਿੱਚ ਪਰੀਆਂ ਪਾਤਰ ਬਣੀਆਂ ਹਨ। ਕੁਝ ਬਾਤਾਂ ਵਿੱਚ ਸੰਕਲਪਾਂ ਦਾ ਮਾਨਵੀਕਰਨ ਕੀਤਾ ਗਿਆ ਹੈ (ਮਾਇਆ ਤੇ ਕਰਮ) ਬਹੁਤ ਸਾਰੀਆਂ ਸਰਬਵਿਆਪਕ ਸੱਚਾਈਆਂ ਨੂੰ ਮੂਰਤੀਮਾਨ ਕਰਨ ਹਿੱਤ ਜਨੌਰਾਂ ਤੇ ਪਸ਼ੂ ਪੰਛੀਆਂ ਆਦਿ ਨੂੰ ਵੀ ਪਾਤਰਾਂ ਵਜੋਂ ਪੇਸ਼ ਕੀਤਾ ਗਿਆ ਹੈ ।
ਇਨ੍ਹਾਂ ਬਾਤਾਂ ਵਿਚਲੇ ਪਾਤਰਾਂ ਨੂੰ ਅਸੀਂ ਤਿੰਨ ਵਰਗਾਂ ਵਿੱਚ ਵਿਭਾਜਿਤ ਕਰ ਸਕਦੇ ਹਾਂ -
ੳ) ਮਨੁੱਖੀ ਪਾਤਰ:-
ਜਿਸ ਵਿੱਚ ਰਾਜੇ, ਮਹਾਰਾਜੇ ,ਸ਼ਹਿਜ਼ਾਦੇ, ਹਟਵਾਣੀਏ ,ਸ਼ਾਹੂਕਾਰ ,,ਕਿਰਸਾਨ ਸੁਨਿਆਰ ,ਤਰਖਾਣ ਤੇ ਹੋਰ ਕੰਮੀ ਸ਼੍ਰੇਣੀ ਦੇ ਪਾਤਰ ਸ਼ਾਮਿਲ ਹਨ ।ਇਨ੍ਹਾਂ ਵਿੱਚ ਇਤਿਹਾਸਕ ਪਾਤਰ ਰਣਜੀਤ ਸਿੰਘ, ਕਬੀਰ, ਲੋਈ, ਕੌੜਾ ਮੱਲ ਵੀ ਹਨ ।
ਅ) ਜਨੌਰ ਪਾਤਰ:-
ਇਸ ਵਿੱਚ ਕਾਂ, ਕਬੂਤਰ ,ਹੰਸ ,ਡੱਡੂ ,ਸ਼ੇਰ ,ਬਲਦ, ਚਿੜੀ, ਗਿੱਦੜ ,ਸੱਪ ਆਦਿ ਸ਼ਾਮਿਲ ਹਨ। ਪ੍ਰਕਿਰਤਕ ਪਾਤਰ --ਬੋਹੜ ,ਘਾਹ, ਮੋਥਾ( ਬਨਸਪਤੀ ਨਾਲ ਸੰਬੰਧਿਤ )
ਦੈਵੀ ਪਾਤਰ:-
ਇਸ ਵਿੱਚ ਸ਼ਿਵ ਜੀ, ਪਾਰਵਤੀ, ਵਿਧਮਾਤਾ, ਕਿਸਮਤ, ਹੋਣੀ ,ਰੱਬ ,ਪਰੀ,ਜਿੰਨ, ਭੂਤ, ਪ੍ਰੇਤ ਆਦਿ ਹਨ ।
ਇਨ੍ਹਾਂ ਤੇ ਵਿਅਕਤੀਗਤ ਵਿਚਾਰ ਕਰਨ ਦੀ ਥਾਂ ਇਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਸਮਝਣਾ ਚਾਹੀਦਾ ਹੈ ।
1. ਵਾਸਤਵ ਵਿੱਚ ਸਾਰੇ ਪਾਤਰ ਮਨੁੱਖ ਹਨ:-
ਅਗਰ ਉਨ੍ਹਾਂ ਦਾ ਦਿਸਦਾ ਰੂਪ ਪਸ਼ੂ ,ਪੰਛੀ ,ਪ੍ਰੇਤ, ਜਿੰਨ ,ਦੇਵੀ, ਦੇਵਤੇ ਦਾ ਵੀ ਹੈ ਤਾਂ ਉਹ ਕੇਵਲ ਬਾਤ ਦੀ ਉਦੇਸ਼ ਪੂਰਤੀ ਲਈ ਕੀਤਾ ਗਿਆ ਯਤਨ ਮੰਨਣਾ ਚਾਹੀਦਾ ਹੈ ।ਉਦਾਹਰਨ ਵਜੋਂ 'ਸ਼ੇਰ ਤੇ ਬ੍ਰਾਹਮਣ ' ਬਾਤ ਵਿੱਚ ਬੋਹੜ , ਬਲਦ ,ਉਕਾਬ ,ਮਗਰਮੱਛ ਤੇ ਗਿੱਦੜ ਆਦਿ ਜਾਨਵਰ ਪਾਤਰ ਵੱਖ ਵੱਖ ਪ੍ਰਕਾਰ ਦੇ ਮਨੁੱਖਾਂ ਜਾਂ ਮਨੁੱਖੀ ਸੁਭਾਅ ਦੇ ਪ੍ਰਤੀਕ ਹਨ। ਜਿਵੇਂ ਗਿੱਦੜ ਮੱਕਾਰੀ ਜਾਂ ਡਰੂ ਵਜੋਂ, ਸ਼ੇਰ ਸਮਾਰਟੀ, ਸਰਬਸ਼ਕਤੀਮਾਨ ਮਨੁੱਖ ਵਜੋਂ ਪ੍ਰਤੀਕ ਹੈ ।
ਇਹ ਬਾਤਾਂ (ਪਰੀ ਨੀਤੀ, ਜਨੌਰ ਕਥਾਵਾਂ) ਉਪਦੇਸ਼ਾਤਮਕ ਸੁਭਾਅ ਵਾਲੀਆਂ ਹਨ ।ਪਰ ਕਥਾ ਵਿਚਲੀਆਂ ਪਰੀਆਂ ਦਾ ਚਰਿੱਤਰ ਵਧੇਰੇ ਰੋਮਾਂਟਿਕ ਤੇ ਆਦਰਸ਼ਵਾਦੀ ਜਾਪਦਾ ਹੈ ,ਉੱਥੇ ਇਨ੍ਹਾਂ ਭਰੀਆਂ ਰਾਹੀਂ ਪੇਸ਼ ਘਟਨਾਵਾਂ ਦਾ ਸੱਚ ਆਪਣੇ ਅਸਲ ਸਾਰ ਵਿੱਚੋਂ ਸਮਾਜਿਕ ਯਥਾਰਥ ਨੂੰ ਮੂਰਤੀਮਾਨ ਕਰਨ ਦੀ ਇੱਕ ਜੁਗਤ ਵਜੋਂ ਵੀ ਵੇਖਿਆ ਤੇ ਸਮਝਿਆ ਜਾਣਾ ਚਾਹੀਦਾ ਹੈ ।
2. ਮਨੋਰਥਮੁੱਖੀ ਬਾਤਾਂ ਦੇ ਪਾਤਰਾਂ ਇੱਕ ਦਿਸ਼ਾਵੀ ਚਿੱਤਰ :-
ਬਾਤਾਂ ਦਾ ਉਦੇਸ਼ ਉਪਦੇਸ਼ਾਤਮਕ ਹੋਣ ਕਾਰਨ ਪਾਤਰਾਂ ਦੇ ਚਰਿੱਤਰ ਆਧੁਨਿਕ ਗਲਪ ਵਾਂਗ ਵਿਕਸਤ ਨਹੀਂ ਹੁੰਦਾ ,ਸਗੋਂ ਸਦਗੁਣਾਂ ਦੇ ਧਾਰਨੀ ਪਾਤਰ ਕੇਵਲ ਨਿਹਕਲੰਕ ਰਹਿੰਦੇ ਹਨ । ਜਦਕਿ ਅਵਗੁਣੀ ਪੂਰਨ ਤੌਰ 'ਤੇ ਗੁਣਹੀਣ। ਪਰ ਆਪਣੇ ਆਕਾਰ ਦੀ ਸੀਮਾ ਅਤੇ ਮਨੋਰਥ ਦੀ ਪੂਰਤੀ ਹਿੱਤ ਇਸ ਪ੍ਰਕਾਰ ਦੇ ਪਾਤਰਚਿੱਤਰਨ ਲਈ ਇਹ ਬਾਤਾਂ ਪਾਬੰਦ ਹਨ ।
3. ਪਾਤਰਾਂ ਦੀ ਅਸੁਤੰਤਰ ਹੋਂਦ :-
ਬਾਤਾਂ ਦੇ ਮਨੋਰਥ ਦੀ ਸਿੱਧੀ ਦਾ ਸਾਧਨ ਪਾਤਰ ਆਪਣੀ ਸੁਤੰਤਰ ਹੋਂਦ ਨਹੀਂ ਰੱਖਦੇ ।ਕਲਪਿਤ ਹੋਣ ਦੇ ਬਾਵਜੂਦ ਇਨ੍ਹਾਂ ਦੁਆਰਾ ਕੀਤਾ ਗਿਆ ਵਾਰਤਾਲਾਪ ਪੂਰੀ ਤਰ੍ਹਾਂ ਜੀਵਨ ਯਥਾਰਥ ਨੂੰ ਮੂਰਤੀਮਾਨ ਕਰਨ ਵਾਲਾ ਹੁੰਦਾ ਹੈ ।ਇਨ੍ਹਾਂ ਪਾਤਰਾਂ ਬਾਰੇ ਜਿਵੇਂ ਪਹਿਲਾਂ ਕਿ' ਹਰ ਵਸਤੂ ਜਿਸ ਦਾ ਨਾਂ ਹੈ ਉਸ' ਚ ਚੇਤਨਾ ਹੈ ਦਾ ਸਿਧਾਂਤ ਵਿਦਮਾਨ ਹੈ ।
4.ਵਿਅਕਤੀਗਤ ਨਹੀਂ ਪ੍ਰਤੀਨਿਧ ਹੋਂਦ :-
ਬਾਤਾਂ ਵਿਚਲੇ ਪਾਤਰਾਂ ਜਿਵੇਂ ਰਾਜਿਆਂ ,ਰਾਣੀਆਂ ,ਕਿਸਾਨਾਂ, ਵਪਾਰੀਆਂ ,ਫਫੇਕੁੱਟਣੀਆਂ ,ਸ਼ਹਿਜ਼ਾਦੀਆਂ ਕਾਵਾਂ, ਗਿੱਦੜ ,ਚਿੜੀ, ਸ਼ੇਰ ਆਦਿ ਦਾ ਨਾਂ ਲੈਂਦਿਆਂ ਹੀ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਕਰਮਾਂ ਦਾ ਇੱਕ ਮਾਨਸਿਕ ਬਿੰਬ ਪਹਿਲਾਂ ਹੀ ਸਾਡੀ ਚੇਤਨਾ ਵਿੱਚ ਉਜਾਗਰ ਹੋ ਜਾਂਦਾ ਹੈ । ਜਿਵੇਂ ਫਕੀਰ ਤਿਆਗੀ ਹੁੰਦੇ ਹਨ ,ਸ਼ਾਹੂਕਾਰ ਅਤੇ ਬਾਣੀਏ ਲਾਲਚੀ, ਸ਼ੇਰ ਧੱਕੜ, ਗਿੱਦੜ ਸਮਝਦਾਰ ਤੇ ਮਤਰੇਈ- ਪਿਆਰ ਨਹੀਂ ਕਰਦੀ ,ਸੰਤ ਕਿਸੇ ਨੂੰ ਸਤਾਉਂਦੇ ਨਹੀਂ ਆਦਿ ।
5. ਸਮਾਜਿਕ ਸਗੰਠਨ ਤੋਂ ਦੇਖਿਆ ਪਾਤਰਾਂ ਦੇ ਦੋ ਪ੍ਰਕਾਰ :-
ਪਹਿਲੀ ਕਿਸਮ ਦੇ ਪਾਤਰ ਦਸਾਂ -ਨਹੁੰਆਂ ਦੀ ਕਿਰਤ ਕਰਕੇ ਸਬਰ ਸੰਤੋਖ ਵਾਲਾ ਜੀਵਨ ਜਿਉਣਾ ਚਾਹੁੰਦੇ ਹਨ। ਉਹ ਮਾਇਆ ਦੀ ਥਾਂ ਮਨੁੱਖੀ ਸਦਗੁਣਾਂ ਨੂੰ ਅਪਣਾਉਂਦੇ ਹਨ ।ਇਨ੍ਹਾਂ ਚ ਕਿਸਾਨ ,ਤਰਖਾਨ' ਲੋਹਾਰ ,ਸੁਨਿਆਰ ,ਚਰਖਾ ਕੱਤਦੀਆਂ ਬੁੱਢੀਆਂ ਤੇ ਜਨੌਰ ਥਾਵਾਂ ਵਿੱਚ ਹੰਸ ਤੇ ਚਿੜੀ ਆਦਿ ਸ਼ਾਮਿਲ ਹਨ ।
ਦੂਸਰੀ ਧਿਰ ਉਨ੍ਹਾਂ ਦੀ ਹੈ ਜਿਹੜੇ ਸਵਾਰਥ ਨੂੰ ਆਪਣਾ ਇਸ਼ਟ ਮੰਨਦੇ ਹਨ ।ਪਰਾਈ ਕਮਾਈ ਨੂੰ ਲੁੱਟਣਾ ਜਾਂ ਤੇ ਹਥਿਆਉਣਾ ਉਨ੍ਹਾਂ ਦਾ ਉਦੇਸ਼ ਹੈ ।ਹਟਵਾਣੀਆਂ ,ਬ੍ਰਾਹਮਣ, ਸੌਦਾਗਰ ,ਰਾਜੇ ,ਕਾ ਆਦਿ ਲੁਟੇਰੀ ਜਾਤ ਦੇ ਪ੍ਰਤੀਨਿਧ ਹਨ ।
6. ਸੋਸ਼ਕ,ਸੋਸ਼ਿਤ ਅਤੇ ਲੋਕਮਨ:-
ਨੀਝ ਨਾਲ ਵੇਖਿਆ ਪਤਾ ਚੱਲਦਾ ਹੈ ਕਿ ਆਪਣੇ ਵੇਲੇ ਦੀ ਲੁੱਟੀ -ਪੁੱਟੀ ਜਨਤਾ ਨਾਲ ਲੋਕਮਨ ਦੀ ਇਕਸੁਰਤਾ ਤੇ ਸਾਂਝ ਦਾ ਹੀ ਫਲ ਹੈ ਕਿ ਹੈ ਕਿ ਪੰਜਾਬੀ ਬਾਤਾਂ 'ਚ ਉੱਚੀ/ ਨੀਵੀਂ ਸ਼੍ਰੇਣੀ ਦੇ ਪਾਤਰਾਂ ਨੂੰ ਬਹੁਤ ਘੱਟ ਥਾਵਾਂ ਉੱਪਰ ਪੇਸ਼ ਕੀਤਾ ਗਿਆ ਹੈ ।ਜਿੱਥੇ ਕਿਤੇ ਅਜਿਹਾ ਹੋਇਆ ਵੀ ਹੈ ਉੱਥੇ ਕਿਰਤੀ ਸ਼੍ਰੇਣੀ ਦੇ ਪਾਤਰਾਂ ਦੀ ਲੁਟੇਰਿਆਂ ਦੀ ਸ਼੍ਰੇਣੀ ਤੇ ਜਿੱਤ ਦੇ ਮਨੋਰਥ ਦੀ ਪੂਰਤੀ ਨੂੰ ਲੋਕਮਨ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਹੈ ।
7.ਕਲਪਿਤ ਪਾਤਰ ਵੀ ਅਸੰਭਵ ਨਹੀਂ :-
ਬਾਤਾਂ ਦਾ ਸੱਚ ਸਮਝਣ ਲਈ ਲੋਕਮਨ ਦਾ ਯਥਾਰਥ ਸਮਝਣਾ ਅਤਿ ਆਵਸ਼ਕ ਹੈ ।ਜਿਵੇਂ 'ਨੇਜੇ ਨੂੰ ਫਲ 'ਕਹਾਣੀ ਵਿੱਚ ਭਾਵੇਂ ਨੇਜੇ ਨੂੰ ਫਲ ਨਾ ਲੱਗੇ ਹੋਣ ਪਰ ਲੋਕ ਮਨ ਦਾ ਪ੍ਰਯੋਜਨ ਇਹ ਤੱਥ ਦ੍ਰਿੜਾਂਦਾ ਹੈ ਕਿ ਦਿਖਾਵੇ ਦੀ ਭਗਤੀ( ਫਕੀਰੀ )ਨਾਲੋਂ ਦੂਜਿਆਂ ਦੀ ਜਾਨ ਬਚਾਉਣ ਲਈ ਕੀਤੀ ਹਿੰਮਤ ਉੱਤਮ ਭਗਤੀ ਹੈ ।ਅਗਰ ਨਿਹੰਗ ਤੇ ਫਕੀਰ ਸੱਚਮੁੱਚ ਦੇ ਪਾਤਰ ਨਾ ਵੀ ਮੰਨੀਏ ਤਾਂ ਵੀ ਉਨ੍ਹਾਂ ਦੁਆਰਾ ਪੇਸ਼ ਮਨੁੱਖੀ ਦਾ ਸੱਚ ਸਾਡੇ ਲਈ ਗ੍ਰਹਿਣ ਯੋਗ ਹੈ ।
8. ਸਿੱਧੜਪੁਣੇ ਵਿੱਚ ਵਿਵੇਕ ਦਾ ਪ੍ਰਗਟਾਅ :-
' ਛੰਭ ਦਾ ਇਨਸਾਫ਼' ਵਿੱਚ ਦੀਵਾਨ ਦਾ ਕੱਢਿਆ ਨਤੀਜਾ, 'ਵਹੁਟੀ ਕਿਸਦੀ 'ਵਿੱਚ ਰਾਜੇ ਦੁਆਰਾ ਤਰਖਾਣ ਨੂੰ ਕੁੜੀ ਦਾ ਪਿਤਾ, ਦਰਜੀ ਨੂੰ ਭਰਾ, ਸੁਨਿਆਰ ਨੂੰ ਪਤੀ ਅਤੇ ਪੰਡਿਤ ਨੂੰ ਗੁਰੂ ਵਜੋਂ ਪੇਸ਼ ਕਰਨਾ ਵਿਵੇਕਪੂਰਨ ਹੈ। ਜਿਹੜਾ ਸਾਧਾਰਨ ਮਾਹੌਲ ਵਿੱਚ ਹੋਇਆ ਹੈ ।
ਸੋ ਇਹ ਪਾਤਰ ਬਾਤਾਂ ਦੇ ਮਨੋਰਥ ਉਪਦੇਸ਼ ਦੇਣਾ ਅਤੇ ਮਨੋਰੰਜਨ ਦੇ ਸਾਧਨ ਮਾਤਰ ਹਨ। ਆਧੁਨਿਕ ਗਲਪ ਦੇ ਪਾਤਰਾਂ ਵਾਲੀ ਗੰਭੀਰਤਾ ,ਜਟਿਲਤਾ ,ਵਿਸ਼ਾਲਤਾ, ਗਤੀਸ਼ੀਲਤਾ ,ਤਣਾਓ ਤੇ ਯਥਾਰਥ ਦੇ ਗੁਣ ਇਨ੍ਹਾਂ ਵਿੱਚ ਨਹੀਂ ।ਕਿਉਂਕਿ ਮੱਧਕਾਲੀ ਲੋਕਮਨ ਦੇ ਯਥਾਰਥ ਦਾ ਸੰਕਲਪ ਤੇ ਸਮਾਜ ਪ੍ਰਤੀ ਦ੍ਰਿਸ਼ਟੀਕੋਣ ਅਧਿਆਤਮਵਾਦੀ ਤੇ ਆਦਰਸ਼ਵਾਦੀ ਸੀ ।ਇਸ ਦ੍ਰਿਸ਼ਟੀਕੋਣ ਦੀ ਸੀਮਾ ਦੇ ਬਾਵਜੂਦ ਇਹ ਪਾਤਰ ਸਮਕਾਲੀ ਸਮਾਜਿਕ ਯਥਾਰਥ ਤੇ ਸਮੱਸਿਆਵਾਂ ਦੇ ਕਲਪਨਾ ਦੀ ਪੱਧਰ ਤੇ ਸਿਰਜਨਾਤਮਕ ਹੱਲ ਪ੍ਰਸਤੁਤ ਕਰਦੇ ਹਨ। ਕਿਉਂਕਿ ਇਹ ਪਾਤਰ ਆਪਣੇ ਅਨੇਕਾਂ ਦਿਖਾਵੇ ਰੂਪਾਂ ਦੇ ਬਾਵਜੂਦ ਸਮਕਾਲੀ ਮਨੁੱਖ ਦੇ ਜੀਵਨ ਦੇ ਸਮਾਜਿਕ ਸੱਚ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਦਾ ਸਾਧਨ ਬਣੇ। ਇਹ ਇਨ੍ਹਾਂ ਪਾਤਰਾਂ ਦੀ ਪ੍ਰਾਪਤੀ ਹੈ ਤੇ ਇਹੋ ਇਨ੍ਹਾਂ ਦੀ ਸੀਮਾ ਕਹੀ ਜਾ ਸਕਦੀ ਹੈ ।


0 Comments