ਤਿੱਥ ਤਿਉਹਾਰ ਪੰਜਾਬੀਆਂ ਦੇ ਦਿਲਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰਦੇ ਹਨ ,ਉਮੰਗਾਂ ਜਗਾਉਂਦੇ, ਸੱਜਣ -ਫੱਬਣ ਦੀ ਰੀਝ ਪੈਦਾ ਕਰਦੇ ਤੇ ਜੀਭ ਦੇ ਸੁਆਦਾਂ ਨੂੰ ਪੂਰਾ ਕਰਦਿਆਂ ਹੋਰਨਾਂ ਦੀਆਂ ਭਾਵਨਾਵਾਂ ਨਾਲ ਤਾਣੇ ਪੇਟੇ ਜਿਹੀਆਂ ਸਾਂਝਾ ਜੋੜਨ ਦਾ ਜ਼ਰੀਆ ਬਣਦੇ ਹਨ । ਨਵੇਂ ਵਰ੍ਹੇ ਅੰਨਾ ਨਵਾਂ ਕਰਨ ਦੀ ਮੰਗ ਵੀ ਇਨ੍ਹਾਂ ਦੇ ਦਿਲ ਵਿੱਚ ਰਹਿੰਦੀ ਹੈ ।ਪੰਜਾਬ ਵਿੱਚ ਤਿੱਥ ਤਿਉਹਾਰ ਖੂਹਾਂ ਦੀਆਂ ਟਿੰਡਾਂ ਵਾਂਗ ਆਉਂਦੇ ਜਾਂਦੇ ਹੀ ਰਹਿੰਦੇ ਹਨ। ਬੱਚੇ ਮਾਵਾਂ ਪਾਸੋਂ ਇਨ੍ਹਾਂ ਬਾਰੇ ਪੁੱਛਦੇ ਤੇ ਆਪਣੀਆਂ ਫਰਮਾਇਸ਼ਾਂ ਵੀ ਨਾਲ ਹੀ ਬਿਆਨ ਕਰ ਦਿੰਦੇ ਹਨ ।
ਪੁਰਾਤਨ ਹਿਸਾਬ ਨਾਲ ਵਰ੍ਹਾਂ ਚੇਤਰ ਦੀ ਏਕਮ ਤੋਂ ਅਰੰਭ ਹੁੰਦਾ ਹੈ ਜਿਸ ਦਿਨ ਪ੍ਰਥਮ ਤਿੳੁਹਾਰ 1.'ਨਵਾਂ ਸੰਮਤ' ਹਾੜੀ ਦੀਆਂ ਫਸਲਾਂ ਦੇ ਦਾਣੇ ਪੈਣ ਤੇ ਪੱਕਣ ਦੀ ਖੁਸ਼ੀ ਚ ਮਨਾਇਆ ਜਾਂਦਾ ਹੈ। ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦਾ ਛੋਲੂਆ ,ਛੋਲਿਆਂ ਦੇ ਬੂਟਿਆਂ ਨੂੰ ਪੁੱਟ ਕੇ ਤੇ ਹੋਲ਼ਾਂ ਭੁੰਨਕੇ 'ਅੰਨ ਨਵਾਂ' ਕੀਤਾ ਜਾਂਦਾ ਹੈ। ਖੀਰ ਕੜਾਹ ਸਰਦੇ- ਪੁਜਦੇ ਘਰੀਂ ,ਨਹੀਂ ਤਾਂ ਭੁੱਜੀ ਕਣਕ ਦਾ ਦਲੀਆ ਦੁੱਧ 'ਚ ਪਾ ਕੇ ਖਾਧਾ ਜਾਂਦਾ ਹੈ । ਲੋਕ ਤੁਕ- 'ਬੇਰੀਆਂ ਨੂੰ ਬੇਰ ਲੱਗਦੇ ਤੈਨੂੰ ਕੁਝ ਨਾ ਲੱਗੇ ਮੁਟਿਆਰੇ ' ਵੀ ਬੇਰ ਪੱਕਣ ਦੀ ਰੁੱਤ ਵੱਲ ਸੰਕੇਤ ਕਰਦੀ ਹੈ।ਦਮਦਮੇ ,ਆਨੰਦਪੁਰ ਤੇ ਅੰਮ੍ਰਿਤਸਰ ਆਦਿ ਥਾਵਾਂ ਤੇ ਵੱਡੇ ਮੇਲੇ ਲੱਗਦੇ ਹਨ ।ਕੁੜੀਆਂ ,ਮੁੰਡੇ ਨਹਾ ਧੋ ਕੇ ਗਿੱਧਾ ,ਭੰਗੜਾ ਪਾਉਂਦੇ ਹਨ ।ਵਿਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ । 3.) 'ਨਿਰਜਲਾ ਇਕਾਦਸ਼ੀ '-ਤਿਉਹਾਰ ਰਾਹੀਆਂ ਨੂੰ ਜਲ ਛਕਾਕੇ ਮਨਾਇਆ ਜਾਂਦਾ ਹੈ। ਗਰਮੀ ਦੀ ਰੁੱਤ ਤੇ ਦਿਨ ਵੱਡੇ ਹੋਣ ਦਾ ਇਹ ਸਿਖਰਲਾ ਦਿਹਾੜਾ ਹੁੰਦਾ ਹੈ। ਨਿਮਾਣੀ ਇਕਾਦਸ਼ੀ ਗਰਮੀ ਦੇ ਮੌਸਮ ਦਾ ਮੁੱਖ ਦਿਨ ਹੁੰਦਾ ਹੈ ।
3. ਤੀਆਂ :- ਲੇਖਕ ਅਨੁਸਾਰ ,
"ਸਾਉਣ ਮਹੀਨੇ ਤੀਆਂ ਦੇ ਦਿਨ ਕੀ ਆਉਂਦੇ ਹਨ, ਮੇਰੇ ਪਿੰਡ ਦੇ ਕੁੜੀਆਂ ਮੁੰਡਿਆਂ ਲਈ ਜਿਵੇਂ ਖ਼ੁਸ਼ੀ ਦੇ ਕੜ੍ਹ ਪਾਟ ਗਏ ਹੋਣ ।"
ਅੱਜ ਮਹਿੰਦੀ, ਕੱਲ੍ਹ ਤੀਆਂ ,ਪਰਸੋਂ ਪ੍ਰਾਹੁਣਿਆਂ ਦੀ ਆਮਦ ਤੀਆਂ ਦੀ ਵਿਦਾਇਗੀ ਰਸਮ ਤੀਕ ਹਰ ਘਰ ਦੂਜੇ ਤੀਜੇ ਕੜਾਹੀ ਚੜ੍ਹੀ ਰਹਿੰਦੀ ਹੈ। ਗੁਲਗੁਲੇ ,ਮੱਠੀਆਂ, ਸੇਵੀਆਂ ਮਿੱਠਾ ਦਲੀਆ ਅਤੇ ਖੀਰ ਹੈ ।ਇਸ ਮਹੀਨੇ ਦੀ ਨਿਹਮਤ ਸਮਝੀ ਜਾਂਦੀ ਹੈ -
"ਸਾਵਣ ਖੀਰ ਨਾ ਖਾਧੀਆ, ਕਿਉਂ ਜੰਮੀਆਂ ਅਪਰਾਧੀਆਂ ।"
ਪੇਕੇ ਨਾ ਆਉਣ ਵਾਲੀਆਂ ਕੁੜੀਆਂ ਲਈ ਸਹੁਰੇ ਸੰਧਾਰਾ ਭੇਜਿਆ ਜਾਂਦਾ ਹੈ ।
4. ਜਨਮ ਅਸ਼ਟਮੀ:-
ਖਾਸ ਤੌਰ ਤੇ ਬ੍ਰਾਹਮਣ ਘਰਾਂ ਵਿੱਚ ਸ਼ਾਨੋ ਸ਼ੌਕਤ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ।ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਇਸ ਦਿਨ ਬਾਰੇ ਹੁਣ ਰੇਡੀਓ ਟੀਵੀ ਨੇ ਪ੍ਰਚਾਰ ਕਰਕੇ ਕਾਫ਼ੀ ਜਾਣਕਾਰੀ ਦਿੱਤੀ ਹੈ। ਰਾਮ ਲੀਲਾ ਹੁੰਦੀ ਹੈ ,ਬੱਚੇ ਮੱਖਣ ਚੋਰ ਬਣਨਾ ਲੋਚਦੇ ਹਨ ।
5. ਰੱਖੜੀ:-
ਸਾਉਣ ਦੀ ਪੂਰਨਮਾਸ਼ੀ ਨੂੰ ਭੈਣਾਂ ਭਰਾਵਾਂ ਦੇ ਗੁੱਟ ਤੇ ਗਾਨੇ ਜਾਂ ਪਹੁੰਚੀਆਂ ਰੱਖੜੀਆਂ ਬਣਦੀਆਂ ਹਨ ਤੇ ਭਰਾ ਸ਼ਗਨ ਵਜੋਂ ਚਾਂਦੀ ਦਾ ਰੁਪਿਆ ਦਿੰਦੇ ਹਨ ।ਬ੍ਰਾਹਮਣ ਆਪਣੇ ਜਜਮਾਨਾਂ ਤੋਂ ਲਾਗ ਉਗਰਾਉਣ ਦਾ ਕੰਮ ਕਰਦੇ ਹਨ।' ਰੱਖੜ੍ਰੀ' ਤੇ 'ਰਕਸ਼ਾ ਬੰਧਨ 'ਦਾ ਇਤਿਹਾਸ ਮਿਥਿਹਾਸ ਦੱਸਦਾ ਲੇਖਕ ਇਸ ਨੂੰ ਬ੍ਰਾਹਮਣ ਦੇ ਯੱਗ ਦੀ ਰਕਸ਼ਾ ਨਾਲ ਤੇ ਕ੍ਰਿਸ਼ਨਾਵਤੀ ਹਿਮਾਯੂੰ ਨਾਲ ਜੋੜਦਾ ਹੈ।' ਰਕਸ਼ਾ ਬੰਧਨ' ਵੇਲੇ ਰਾਜਪੂਤਾਂ ਦੇ ਹਥਿਆਰ ਰਹਿਤ ਹੋ ਕੇ ਸੂਰਜ ,ਕੁੰਭ ਤੇ ਹਵਨ ਕਰਨ ਦਾ ਇਤਿਹਾਸ ਵੀ ਦੱਸਿਆ ਗਿਆ ਹੈ ।
ਹਾਰੇ ਹੋਏ ਇੰਦਰ ਦੁਆਰਾ ਆਪਣੀ ਰਾਣੀ ਇੰਦਰਾਨੀ ਤੋਂ ਬ੍ਰਹਮਾ ਦਾ ਜਾਪ ਕਰਾਕੇ ਬੱਧੀ ਰੱਖੜੀ ਉਪਰੰਤ ਰਾਕਸ਼ਾਂ ਨੂੰ ਭਾਂਜ ਦੇਣਾ ਵੀ ਇਸ ਦੇ ਪਿਛੋਕੜ ਵਿਚ ਸ਼ਾਮਿਲ ਹੈ ।ਪ੍ਰੰਤੂ ਅੱਜ ਇਹ ਜ਼ਿਆਦਾ ਰਸਮੀ ਜਿਹੇ ਹੋ ਕੇ ਰਹਿ ਗਿਆ ਹੈ ।
6. ਗੁੱਗਾ ਨੌਮੀ:-
ਗੁੱਗਾ ਰਾਜਸਥਾਨ ਦਾ ਚੌਹਾਨ ਯੋਧਾ ਸੀ ਜਿਸ ਨੇ ਆਪਣੀ ਮੰਗ ਵਿਆਹੁਣ ਦੇ ਰੋਸ 'ਚ ਆਪਣੀ ਮਾਸੀ ਦੇ ਪੁੱਤਰ ਮਾਰ ਦਿੱਤੇ । ਗੁੱਸੇ ਹੋਈ ਮਾਂ ਨਾਲ ਰੁੱਸ ਕੇ ਗੁੱਗੇ ਨੇ ਧਰਤੀ 'ਚ ਸਮਾਧੀ ਲੈ ਲਈ ਤੇ ਇੰਝ ਧਰਤੀ ਅੰਦਰ ਰਹਿਣ ਵਾਲੇ ਜੀਵਾਂ ਦਾ ਰਾਜਾ ਬਣ ਗਿਆ । ਇਸ ਦਿਨ ਸੇਵੀਆਂ ਵੱਟ ਕੇ (ਸਪੋਲੀਏ ਜਾਂ ਗੰਡੋਏ ਜਿਹੀਆਂ) ਗੁੱਗੇ ਨੂੰ ਖੁਸ਼ ਕੀਤਾ ਜਾਂਦਾ ਹੈ। ਖੁੱਡਾਂ ਚ ਕੱਚੀ ਲੱਸੀ ਪਾਈ ਜਾਂਦੀ ਹੈ । ਗੁੱਗੇ ਦੀ ਪਹਿਲੀ ਤੇ ਵੱਡੀ ਬੀਕਾਨੇਰ ਵਾਲੀ ਮੜੀ ਤੋਂ ਮਿੱਟੀ ਲਿਆ ਕੇ ਮਟੀਆਂ ਆਦਿ ਬਣਾ ਲਈਆਂ ਹਨ । ਪ੍ਰਸਿੱਧ ਛਪਾਰ ਦੀ ਮੜ੍ਹੀ ਤੇ ਮੇਲੇ ਨੂੰ ਮਿੱਟੀ ਕੱਢੀ ਜਾਂਦੀ ਹੈ । ਜਾਣ ਤੋਂ ਅਸਮਰੱਥ ਰਾਹ 'ਚ ਹੀ ਮਿੱਟੀ ਕੱਢ ਆਉਂਦੀਆਂ ਹਨ। ਮਿੱਟੀ ਕੱਢਣ ਜਾਂਦੀਆਂ ਤੇ ਆਉਂਦੀਆਂ ਔਰਤਾਂ ਗੀਤ ਗਾਉਂਦੀਆਂ ਹਨ ,
"ਪੱਲੇ ਮੇਰੇ ਜੱਲੀਆਂ , ਮੈਂ ਗੁੱਗਾ ਮਨਾਵਣ ਚੱਲੀਆਂ । ਜੀ ਮੈਂ ਵਾਰੀ ਗੁੱਗਾ ਜੀ ।"
ਹਿੰਦੂ ਮੁਸਲਮਾਨ ਦੇ ਇਸ ਸਾਂਝੇ ਪੀਰ ਨੂੰ ਢਿੱਲੜ ਇਮਾਨ ,ਪੇਂਡੂ ਹਿੰਦੂ ਤੇ ਸਾਧਾਰਨ ਲੋਕ ਜ਼ਿਆਦਾ ਮੰਨਦੇ ਹਨ। ਲੂਣਾ -ਸਲੂਣਾ ਖਾਣ ਤੇ ਕੌੜਾ ਕੁਸੈਲਾ ਬੋਲਣ ਤੋਂ ਇਲਾਵਾ ਇਸ ਮੇਲੇ ਵਿੱਚ ਮਰਦਾਂ ਦਾ ਗਿੱਧਾ ਤੇ ਲੱਚਰ ਬੋਲੀਆਂ ਦੀ ਪ੍ਰਮੁੱਖਤਾ ਹੁੰਦੀ ਹੈ ।
7. ਨੌਂ ਨਰਾਤੇ ਦਸਵਾਂ ਦੁਸਹਿਰਾ :-
ਦੁਸਹਿਰਾ ਨੌਂ ਨਰਾਤਿਆਂ ਪਿੱਛੋਂ ਅੱਸੂ ਦੇ ਦੂਜੇ ਪਖਵਾੜੇ ਮਨਾਇਆ ਜਾਂਦਾ ਹੈ । ਰੁੱਤ ਦੇ ਇਸ ਚੰਗੇ ਪ੍ਰਭਾਵ ਬਾਰੇ ਲੋਕ ਗੀਤ ਹੈ :-
" ਬਾਬਲਾ ਅੱਸੂ ਦਾ ਕਾਜ ਮਚਾਈ,
ਤੇਰਾ ਅੰਨ ਨਹੀਂ ਬੁਸੇਗਾ ,
ਕਬੀਲਾ ਨਹੀਂ ਰੁੱਸੇਗਾ ।"
ਰਾਮਲੀਲਾ ਵਿੱਚ ਰਾਮ ਬਨਵਾਸ ਤੇ ਸੀਤਾ ਹਰਨ ਦੇ ਸਵਾਂਗ ਰਚਾਏ ਜਾਂਦੇ ਹਨ । ਦੁਸਹਿਰੇ ਦੇ ਮੇਲੇ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਨੂੰ ਕਾਗਜ਼ੀ ਤਮਾਸ਼ੇਗਰੀੇ ਮਾਤ ਦਿੱਤੀ ਜਾਂਦੀ ਹੈ । ਘੜਿਆਂ ਦੀਆਂ ਘੜੋਲੀਆਂ ਹੇਠੋਂ ਪਹਿਲੇ ਨਰਾਤੇ ਕੱਕਾ ਰੇਤਾ ਵਿਛਾ ਕੇ ਤੇ ਥੋੜ੍ਹਾ ਥੋੜ੍ਹਾ ਠੂਠੀਆਂ ਕੁੱਜੀਆਂ ਤੇ ਬੱਠਲੀਆਂ ਚ ਪਾ ਕੇ ਜੌਂ ਬੀਜੇ ਜਾਂਦੇ ਅਤੇ ਦੁਸਹਿਰੇ ਨੂੰ ਇਹ ਪਿਤਾਵਾਂ ,ਚਾਚਿਆਂ ਤਾਇਆਂ ਤੇ ਭਰਾਵਾਂ ਦੀਆਂ ਪੱਗਾਂ ਤੇ ਟੰਗੇ ਜਾਂਦੇ ਹਨ । ਕੁੜੀਆਂ ਨੂੰ ਬਣਦਾ ਬਣਦਾ ਸ਼ਗਨ ਦਿੱਤਾ ਜਾਂਦਾ ਹੈ।( ਇੱਕ ਰੁਪਿਆ ਚਾਂਦੀ ਦਾ)
8. ਸਰਾਧ:-
ਹਿੰਦੂ ਸਮਾਜ ਅੱਸੂਵਦੇ ਹਨੇਰੇ ਪੱਖ ਦੇ ਪੰਦਰਾਂ ਦਿਨ ਪਿਤਰ ਪੂਜਾ ਨਮਿੱਤ ਰੱਖੇ ਹੋਏ ਹਨ। ਜਿਸ ਤਿੱਥ ਨੂੰ ਪਰਾਣੀ ਮਰਿਆ ਹੋਵੇ ਉਸੇ ਤਿੱਥ ਨੂੰ ਬ੍ਰਾਹਮਣ ਰਜਾਉਂਦੇ ਉੱਤਮ ਕਰਮ ਮੰਨਿਆ ਜਾਂਦਾ ਹੈ । ਵਿਅੰਗ ਨਾਲ ਲੇਖਕ ਕਹਿੰਦਾ ਹੈ ਕਿ ਅੱਜ ਦੇ ਸਿੱਖ ਗੁਰਦੁਆਰੇ ਦੇ ਗ੍ਰੰਥੀ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਇਹ ਰੀਤ ਪਾਲਦੇ ਹਨ । ਹਾਲਾਂਕਿ ਗੁਰਵਾਕ ਹੈ ,
"ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ ॥
ਪਿਤੁ ਭੀ ਬਪੁਰੇ ਕਹੁ ਕਿਹ ਖਾਵੇ ਕੂਊਏਂ ਕੂਕਰ ਖਾਹੀ ॥"
ਇਹ ਦਕਸ਼ਣਾ( ਭੋਜਨ ਚਿੱਥ ਕੇ ਪਿੱਤਰਾਂ ਨੂੰ ਪਹੁੰਚਾਉਣਾ) ਪੱਕੀ ਧਾਰਮਿਕ ਰੀਤ ਬਣ ਗਈ ਹੈ । ਲੇਖਕ ਇਸ ਵਾਰਤਾ ਨੂੰ ਰਾਜੇ ਕਰਣ ਤੇ ਬਿਕਰਮਜੀਤ ਨਾਲ ਤੇ ਹੋਰ ਸਾਥੀਆਂ ਨਾਲ ਜੋੜ ਕੇ ਵਿਅੰਗ ਭਰਪੂਰ ਬਣਾਉਂਦਾ ਹੈ ।
9. ਸਾਂਝੀ ਮਾਈ ਦੀ ਆਰਤੀ :-
ਪਹਿਲੇ ਨਰਾਤੇ 'ਚ ਇੱਕ ਕੰਧ ਉੱਤੇ ਗੋਹਾ ਮਿੱਟੀ ਥੱਪ ਕੇ ਇੱਕ ਸੁੰਦਰ ਕਲਾਕ੍ਰਿਤੀ ਸਾਂਝੀ ਮਾਈ ਦੀ ਮੂਰਤੀ ਬਣਾਈ ਜਾਂਦੀ ਹੈ। ਕੁਆਰੀਆਂ ਖਾਸ ਤੌਰ ਤੇ ਹਰ ਸ਼ਾਮ ਇਸ ਦੀ ਪੂਜਾ ਕਰਦੀਆਂ ਹਨ ।
"ਉੱਠ ਮੇਰੀ ਸਾਂਝੀ ਖੋਲ੍ਹ ਪੱਟੜੇ, ਕੁੜੀਆਂ ਆਈਆਂ ਪੁੱਜਣ ਨੂੰ ।"
ਮੰਗਲਾਚਰਨ ਪਿੱਛੋਂ ਉਹ ਹੱਲੇ ਦਾ ਗੀਤ ਛੋਹ ਦਿੰਦੀਆਂ ਹਨ, ਜਿਸ ਰਾਹੀਂ ਚਿੰਨ੍ਹ ਰੂਪ ਵਿੱਚ ਸਾਂਝੀ, ਜੀਵਨ ਲੋੜਾਂ, ਪੁਰਾਤਨ ਸਾਂਝਾਂ ਤੇ ਤਾਣੇ ਤਣਨ ਦਾ ਮਾਧਿਅਮ ਬਣਦੀ ਹੈ ,
"ਨੀਂ ਤੂੰ ਜਾਗ ਸਾਂਝੀ ਜਾਗ ,ਮੱਥੇ
ਤੇਰੇ ਭਾਗ ।
ਤੇਰੇ ਪੱਟੀਆਂ ਸਿਰ ਸੁਹਾਗ,
ਮੱਥਾ ਤੇਰਾ ਹਰਿਆ ਤਿਲ ਚੌਲੀ,
ਸ਼ੱਕਰ ਭਰਿਆ ।
ਮੇਰੀ ਸਾਂਝੀ ਦੇ ਆਲੇ ਦੁਆਲੇ
ਹਰੀ ਹੈ ਚਲਾਈ,
ਮੈਂ ਪੁੱਛਾਂ ਤੈਨੂੰ ਸਾਂਝੀ ਕਿੰਨੇ ਕੁ
ਤੇਰੇ ਭਾਈ।
ਅੱਠ ਸੱਤ ਭਤੀਜੇ ਭੈਣੇ ਮੇਰੇ ,ਸੋਲਾਂ
ਮੇਰੇ ਭਾਈ,
ਮੇਰੀ ਸਾਂਝੀ ਦੇ ਆਲੇ ਦੁਆਲੇ
ਹਰੀ ਭਰੀ ਚਲਾਈ ।"
ਉਸਦੀਆਂ ਗਹਿਣਿਆਂ ਦੀਆਂ ਲੋੜਾਂ ਪੂਰੀਆਂ ਕਰਵਾਉਣ ਦੇ ਵਿਸ਼ਵਾਸ ਦੁਆ ਕੇ ਉਸ ਦੀ ਦੇਵੀ ਦੀ ਆਰਤੀ ਉਤਾਰੀ ਜਾਂਦੀ ਹੈ ,
"ਸਾਂਝੀ ਮਾਈ ਆਰਤੀ ,ਸਾਂਝੀ
ਮਾਈ ਆਰਤੀ,ਆਰਸੀ ਦਾ ਫੁੱਲ ਚੰਗਿਆਨ ਸੈ ਡੰਡੀ ।
ਸੁਣੋ ਨੀ ਬਹੂਓ ਕੰਤ ਤੁਮਾਰੇ ਵੀਰ ਹਮਾਰੇ , ਭੈਣਾਂ ਕੁਮਾਰੀਆਂ ਪੱਕਣ ਖੇਲੀਆਂ ਰੱਜੇ ਫਕੀਰ , ਅੱਠੜਿਓ ਬੱਚੜਿਓ ਚੁੱਪ ਕਰੋ ਭਾਈ।
ਲੇਫ ਤਲਾਈ 'ਚ ਬੈਠੀ ਸਾਂਝੀ ਮਾਈ ।"
'ਕਿੱਥੇ ਜੰਮੀ ਤੁਲਸੀ ,ਕਿੱਥੇ ਜੰਮਿਆਂ ਰਾਮ' ਗੀਤ ਗਾਉਂਦੀਆਂ ਕੁੜੀਆਂ ਗੌਰਜਾਂ ਦੇ ਬਾਗ ਜੋਂਆ ਦੇ ਠੂਠੇ ਵੱਧ ਮੀਂਹ ਮੰਗਣ ਲਈ ਟੋਭੇ ਤਾਰਦੀਆਂ ਹਨ। (ਰਾਵਣ ਸੜੇ ਵਹੁਚੰਗਾ ) ਸਾਂਝੀ ਦੇ ਗੀਤ ਤੇ ਆਰਤੀ ਪਿੱਛੋਂ ਅੱਠਵੇਂ ਦਿਨ ਵਰਤ ਰੱਖਿਆ ਜਾਂਦਾ ਹੈ । ਲੋਕ ਧਰਮ ਦੀ ਦੇਵੀ ਨੂੰ ਦੁਸਹਿਰੇ ਵਾਲੇ ਦਿਨ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ।
10. ਦੀਵਾਲੀ :-
ਲੋਕ ਆਪਣੇ ਘਰ ਲਿੱਪ ਪੋਚ ਕੇ ਲਸ਼ਮੀ ਦੇ ਸਵਾਗਤ ਦੀ ਤਿਆਰੀ ਕਰਦੇ ਹਨ । ਜਵਾਨ ਡਾਂਗਾਂ ਆਦਿ ਖੜਕਾਉਂਦੇ ਹਨ। ਉੱਭਰ ਰਹੇ ਮੁੰਡੇ ਘੁਮਾਰਾਂ ਦੇ ਆਵੇ ਤੋਂ ਚੋਨੁਕਰੀ ਜਾਂ ਗੋਲ ,ਮਿੱਟੀ ਦੀ ਮਸ਼ਾਲ ਵਿੱਚ ਸੋਟੀ ਠੋਕ ਕੇ ਤੇ ਫਿਰ ਵੜੇਵਿਆਂ ਤੇ ਸਰੋਂ ਤੇਲ 'ਚ ਤਰ ਕੀਤੀਆਂ ਗਿੱਦੜ ਪੀੜ੍ਹੀਆਂ ਦੀਆਂ ਮਸ਼ਾਲਾਂ ਗਲੀਆਂ ਚ ਬਾਲਦੇ ਹਨ। ਹਰ ਘਰੋਂ ਪੱਲੀ ਪੱਲੀ ਤੇਲ ਮੰਗਦੇ ਹਨ ।ਕੁੜੀਆਂ ਮਠਿਆਈਆਂ ਭਰੀ ਸ਼ਗਨਾ ਮੱਤੀ ਹੱਟੜੀ ਜਗਾਉਂਦੀਆਂ ਹਨ । ਹਿੰਦੂ ਇਸ ਨੂੰ ਰਾਮ ਦੇ ਬਨਵਾਸ ਤੋਂ ਵਾਪਸ ਅਯੁੱਧਿਆ ਆਉਣ ਅਤੇ ਸਿੱਖ ਬੰਦੀ ਛੋੜ ਗੁਰੂ ਦੇ ਗਵਾਲੀਅਰ ਦੇ ਕਿਲੇ ਤੋਂ ਅੰਮ੍ਰਿਤਸਰ ਆਉਣ ਤੇ ਮਿਥਿਹਾਸ ਇਤਿਹਾਸ ਨਾਲ ਜੋੜਦੇ ਹਨ ।
11. ਵਿਸ਼ਵਕਰਮਾ ਦਿਨ:-
ਹੰਸ ਦੀ ਸਵਾਰੀ ਕਰਨ ਵਾਲੇ ਇਸ ਕਿਰਤ ਦੇ ਦੇਵਤੇ ਅਤੇ ਅਨੇਕਾਂ ਕਲਾਵਾਂ ਦੇ ਮਾਹਿਰ ਪਿਤਾਮਾ ਸਬੰਧੀ ਮਿੱਥ ਹੈ ਕਿ -ਜਦੋਂ ਟਾਲ ਮਟੋਲ ਪਿੱਛੋਂ ਵਿਸ਼ਵਕਰਮਾ ਨੇ ਸ਼ਿਵਪੁਰੀ ਬਣਾਈ ਤਾਂ ਸ਼ਿਵ ਦੇ ਪੁੱਛਣ ਤੇ ਕਿਹਾ ਕਿ ਮੇਰੀ ਔਲਾਦ ਕਿਰਤ ਕਰਕੇ ਖਾਏਗੀ ਪਰ ਤੇਰੀ ਦਰ ਦਰ ਤੇ ਮੰਗਣ ਜਾਏਗੀ । ਰਾਮ ਦੀ ਲੰਕਾ ਪੁੱਜਣ ਲਈ ਸਮੁੰਦਰ ਤੇ ਪੁਲ ਵੀ ਕਹਿੰਦੇ ਵਿਸ਼ਵਕਰਮਾ ਦੀ ਸੰਤਾਨ ਕਲ ਤੇ ਨੀਲ ਨੇ ਬਣਵਾਇਆ ਸੀ। ਸਾਰੇ ਸੰਤ ਰਾਜਗੱਦੀ ਤੇ ਬਿਠਾਏ ਜਾਂਦੇ ਹਨ ਇਸ ਦਿਨ ।
12. ਟਿੱਕਾ ਭਾਈ ਦੂਜ :-
ਇਹ ਦੀਵਾਲੀ ਤੋਂ ਇੱਕ ਦਿਨ ਪਿੱਛੋਂ ਆਉਂਦਾ ਹੈ। ਸ਼ਹਿਰੀ ਭੈਣਾਂ ਭਰਾਵਾਂ ਦੇ ਟਿੱਕਾ ਲਾ ਕੇ ਸ਼ਗਨ ਆਦਿ ਨਾਲ ਨਿਵਾਜੀਆਂ ਜਾਂਦੀਆਂ ਹਨ ।
13. ਲੋਹੜੀ :-
ਇਹ ਵੱਡਾ ਤਿਉਹਾਰ ਪੋਹ ਦੇ ਆਖ਼ਰੀ ਦਿਨ ਦਾ ਹੁੰਦਾ ਹੈ। ਇਹ ਮੁੰਡੇ ਜੰਮਣ ਵਾਲੇ ਜਾਂ ਨਵ ਵਿਆਹ ਵਾਲੇ ਘਰਾਂ ਵਿੱਚ ਜ਼ਸਨ ਪੈਦਾ ਕਰਦੀ ਹੈ ।ਇਨ੍ਹਾਂ ਘਰਾਂ ਤੋਂ ਗੁੜ ਦੀ ਭੇਲੀ ਮੰਗੀ ਜਾਂਦੀ ਹੈ ਤੇ ਰਾਤ ਨੂੰ ਖੁੰਡ ਬਾਲ ਕੇ ਧੂਣੀ ਦੁਆਲੇ ਇਕੱਠੇ ਹੋਏ ਲੋਕਾਂ ਵਿੱਚ ਸਾਂਝੀਆਂ ਵਧਾਈਆਂ ਦਾ ਇਹ ਗੁੜ ਵੰਡ ਦਿੱਤਾ ਜਾਂਦਾ ਹੈ। ਪਾਥੀਆਂ ਇਕੱਠੀਆਂ ਕਰਕੇ ਲਗਾਈ ਧੂਣੀ ਦੀ ਅੱਗ ਤੇ ਤਿਲ ਸੁੱਟੇ ਜਾਂਦੇ ਹਨ। ਲੋਕ ਵਿਸ਼ਵਾਸ ਹੈ -"ਜਿਤਨੇ ਜਠਾਣੀ ਤਿਲ਼ ਸੁੱਟੇਗੀ, ਉਤਨੇ ਦਰਾਣੀ ਪੁੱਤ ਜੰਮੇਗੀ "
ਸਤਨਾਜਾ ਅਤੇ ਕੁਝ ਹੋਰ ਵਸਤੂ ਧੂਣੀ ਦੀ ਭੇਟ ਕਰ ਆਖਿਆ ਜਾਂਦਾ ਹੈ ਕਿ - "ਈਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।" ਚੰਗੇ ਫਲ ਦੀ ਪ੍ਰਾਪਤੀ ਦਾ ਉੱਦਮ ਵੀ ਚੰਗਾ ਹੀ ਹੋਇਆ ਕਰਦਾ ਹੈ, ਤਿਲ ਛੰਡੇ ਛੰਡ ਕਲਾਏ, ਗੁੜ ਦੇਹ ਮੁੰਡੇ ਦੀਏ ਮਾਏ।"
"ਅਸੀਂ ਗੁੜ ਨਹੀਂ ਲੈਣਾ ਥੋੜ੍ਹਾ ,ਅਸੀਂ ਲੈਣਾ ਗੁੜ ਦਾ ਰੋੜਾ" ਦੁੱਲੇ ਭੱਟੀ ਦੁਆਰਾ ਗਰੀਬ ਬ੍ਰਾਹਮਣ ਦੀ ਧੀ ਦੇ ਵਿਆਹ ਸਮੇਂ ਕੀਤੀ ਅਮਰ ਸਹਾਇਤਾ ਦਾ ਜ਼ਿਕਰ ਵੀ ਉੱਘੜਦਾ ਹੈ -
ਸੁੰਦਰ ਮੁੰਦਰੀਏ ਹੋ ! ਤੇਰਾ ਕੌਣ ਵਿਚਾਰਾ ਹੋ ! ਦੁੱਲਾ ਭੱਟੀ ਵਾਲਾ ਹੋ ! ਦੁੱਲੇ ਦੀ ਧੀ ਵਿਆਹੀ ਹੋ ! ਸੇਰ ਸ਼ੱਕਰ ਪਾਈ ਹੋ ! ਕੁੜੀ ਦੇ ਬੋਝੇ ਪਾਈ ਹੋ ! ਕੁੜੀ ਦਾ ਲਾਲ ਪਟਾਕਾ ਹੋ ! ਕੁੜੀ ਦਾ ਸਾਲੂ ਪਾਟਾ ਹੋ ! ਸਾਲੂ ਕੌਣ ਸਮੇਟੇ ਹੋ ! ਚਾਚਾ ਗਾਲੀ ਦੇਸੇ ਹੋ ! ਚਾਚੇ ਚੂਰੀ ਕੁੱਟੀ ਹੋ! ਜ਼ੋਰਾਵਰਾਂ ਨੇ ਲੁੱਟੀ ਹੋ ! ਜ਼ਿਮੀਦਾਰ ਸਦਾਊ ਹੋ ! ਗਿਣ ਗਿਣ ਪੋਲੇ ਲਾਏ ਹੋ ! ਇੱਕ ਪੋਲਾ ਘੱਸ ਗਿਆ ਹੋ ! ਜ਼ਿਮੀਂਦਾਰ ਵਹੁਟੀ ਲੈ ਕੇ ਨੱਸ ਗਿਆ ਹੋ ! ਹੋ..ਹੋ ..... ਹੋ..ਹੋ........ਹੋ..ਹੋ..!
ਬੱਚਾ ਪਾਰਟੀ ਨੇ ਹਾਲੇ ਕਈ ਘਰੀਂ ਫਿਰਨਾ ਹੁੰਦਾ ਹੈ ,ਸੋ ਇਨ੍ਹਾਂ ਨੂੰ ਕਾਹਲੀ ਹੁੰਦੀ ਹੈ :- "ਸਾਡੇ ਪੈਰਾਂ ਹੇਠ ਸਲਾਈਆਂ ,ਅਸੀਂ ਕਿਹੜੇ ਵੇਲੇ ਦੀਆਂ ਆਈਆਂ" "ਸਾਡੇ ਪੈਰਾਂ ਹੇਠ ਰੋੜ ,ਸਾਨੂੰ ਛੇਤੀ ਛੇਤੀ ਤੋਰ ।"
ਭੂਆ -ਭਤੀਜੀਆਂ ,ਨਣਦਾ, ਮਾਸੀਆਂ ,ਮਾਮੀਆਂ ਛੋਟੇ ਬੱਚੇ ਨਾਲ ਆਪਣੇ ਸ਼ੌਕ ਉਸਾਰਦੀਆਂ ਹਨ, "ਤਿਲ ਚੌਲੀਏ ਨੀਂ ,ਗੀਗਾ ਮੌਲੀਏ ਨੀਂ 'ਗੀਗਾ ਜੰਮਿਆਂ ਨੀ 'ਗੁੜ ਵੰਡਿਆ ਨੀਂ !
.......................................ਗੁੜ ਦੀਆਂ ਰੋੜੀਆਂ, ਭਰਾਵਾਂ ਦੀਆਂ ਜੋੜੀਆਂ, ਗੀਗਾ ਆਪ ਜੀਵੇਗਾ, ਮਾਈ ਬਾਪ ਜੀਵੇਗਾ ,ਸਹੁਰਾ ਸਾਕ ਜੀਵੇਗਾ, ਜੀਵੇਗਾ ਵੀ ਜੀਵੇਗਾ -ਜੀਵੇਗਾ।" ਬੱਚੇ ਨਾਲ ਗੁੱਝੀਆਂ ਅਸੀਸਾਂ ਦੇ ਕੇ ਰਿਸ਼ਤੇਦਾਰਾਂ ਨੂੰ ਪਿਘਲਾਇਆ ਜਾਂਦਾ ਹੈ :-
"ਕਲਮਦਾਨ ਵਿੱਚ ਕਾਨੀ ,ਜੀਵੇ ਮੁੰਡੇ ਦੀ ਨਾਨੀ ।" ਨਾ -ਪਘਰਨ ਵਾਲਿਆਂ ਨੂੰ ਇਹ ਨਿੱਕੀਆਂ ਫੌਜਾਂ (ਤਰਨਾ ਦਲ) ਇੰਝ ਪੇਸ਼ ਹੁੰਦਾ ਹੈ , 1."ਅੰਦਰੋਂ ਭਾਂਡੇ ਨਾ ਖੜਕਾ ,ਲੋਹੜੀ ਸਾਡੇ ਹੱਥ ਫੜਾ ।" 2. "ਭੁੱਖੇ ਲੰਬੜਾਂ ਨੇ ਦਿੱਤੀ ਇੱਕ ਪਾਥੀ ,ਗੀਤ ਸਾਥੋਂ ਸਭ ਸੁਣ ਲੈ ।"
ਵਧਾਈ ਵਾਲੇ ਘਰ ਧੂਣੀਆਂ ਉੱਪਰ ਸੁਆਣੀਆਂ ਲੰਮੀ ਹੇਕ ਨਾਲ ਰਵਾਇਤੀ ਗੀਤ ਛੋਹ ਦਿੰਦੀਆਂ ਹਨ , "ਹਰਿਆ ਨੀ ਮਾਏ ,ਹਰਿਆ ਨੀ ਭੈਣੇ , ਹਰਿਆ ਤੇ ਭਾਗੀਂ ਭਰਿਆ ਨੀ ਹਾਂ! ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ ,ਸੇਈ ਦਿਹਾੜਾ ਭਾਗੀਂ ਭਰਿਆ ਨੀ ਹਾਂ !
.........................................
ਮਿੱਠੀ -ਮਿੱਠੀ ਨਿੱਘੀ ਧੂਣੀ ਦੁਆਲੇ ਲੰਮੀਆਂ ਗੱਲਾਂ ਛਿੜ ਪੈਂਦੀਆਂ ਹਨ, ਤਿਲ ਪਟਾਕੇ ਰਾਗ ਉਤਪੰਨ ਕਰਦੇ ਹਨ ,ਤਲੂਏ ਵੰਡੇ ਜਾਂਦੇ ਹਨ। ਸਵੇਰ ਆਉਣ ਤੇ ਇਸ ਪਾਵਨ ਸੁਆਹ ਨੂੰ ਲੈ ਕੇ ਜਾਂਦੇ ਹਨ। ਦਿਨ ਵੱਡੇ ਹੋਣ ਲੱਗਦੇ ਹਨ- ਲੋਕ ਵਿਸ਼ਵਾਸ ਹੈ ,
"ਤਿਲ ਤਿੜ੍ਕਣ ਤੇ ਦਿਨ ਸਰਕਣ।"
ਇਸ ਠੰਢੇਤਮ ਦਿਨ ਲੋਕ ਅੱਗ ਸੇਕਦੇ ਤੇ ਗਰਮ ਚੀਜ਼ਾਂ ਖਾਂਦੇ ਹਨ। ਧੂਣੀ ਦੀ ਅੱਗ ਆਪੋ ਆਪਣੇ ਘਰੀਂ ਲਿਜਾਣੀ ਰੀਤ ਹੈ," ਅੱਗ ਭਖ਼ਦੀ ਰਹੇ "ਅਸੀਸ ਵੀ ਦਿੱਤੀ ਜਾਂਦੀ ਹੈ ।
14. ਮਾਘੀ:-ਲੋਹੜੀ ਤੋਂ ਅਗਲੇ ਦਿਨ ਇਹ ਵਿਆਹਾਂ ਦਾ ਮਹੀਨਾ ਆਰੰਭ ਹੁੰਦਾ ਹੈ । ਇਸ ਮਹੀਨੇ ਦਾਨ ਬਹੁਤ ਲੱਗਦਾ ਹੈ ਤੇ ਕੰਨਿਆ ਦਾਨ ਜਿਹਾ ਹੋਰ ਕਿਹੜਾ ਦਾਨ ਹੋ ਸਕਦਾ ਹੈ । ਲੋਕ ਪਵਿੱਤਰ ਸਥਾਨਾਂ ਦੀਆਂ ਜਾਂ ਯਥਾਸੰਭਵ ਥਾਵਾਂ ਤੇ ਇਸ਼ਨਾਨ ਕਰਦੇ ਹਨ । ਕਿਉਂਕਿ ,
"ਜਲ ਮਿਲਿਆ ਪਰਮੇਸ਼ਰ ਮਿਲਿਆ ਤਨਕੀ ਗਏ ਬੁਲਾਇ।"
ਪਹਿਰ ਦੇ ਤੜਕੇ ਬੱਚਿਆਂ ਨੂੰ ਨਵਾਉਣ ਲਈ' ਸੋਨੇ ਦੇ ਵਾਲ 'ਹੋ ਜਾਣ ਤੇ ਪਹੁਫੁੱਟਦੀ ਨੂੰ ਨਹਾਉਣ ਲਈ ਚਾਂਦੀ ਦੇ ਵਾਲ ਹੋਣ ਦਾ ਲਾਲਚ ਦਿੱਤਾ ਜਾਂਦਾ ਹੈ । ਸਵੇਰੇ ਵੇਲੇ ਮੋਠ ਬਾਜਰੇ ਦੀ ਖਿਚੜੀ, ਮੂਲੀਆਂ ,ਗੰਨਿਆਂ ਦੇ ਰਸ 'ਚ ਰਿੰਨੀ ਖੀਰ ਖਾਣੀ ਉੱਤੋਂ ਮੰਨੀ ਜਾਂਦੀ ਹੈ । ਸੂਤਰ ਹੈ ,-'ਪੋਹ ਰਿੱਧੀ ਮਾਘ ਖਾਧੀ।' ਨੌਜਵਾਨ/ ਪਹਿਲਵਾਨ ਸਿਹਤ ਬਣਾਉਂਦੇ ਹਨ ।
15.ਬਸੰਤ ਪੰਚਮੀ :-
' ਆਈ ਬਸੰਤ ਪਾਲਾ ਉਡੰਤ ' ਇਹ ਰੁੱਤਾਂ ਦੀ ਰਾਣੀ ਹੁੰਦੀ ਹੈ। ਦੂਰ ਨੇੜੇ ਧਾਰਮਿਕ ਮੇਲੇ ਲੱਗਦੇ ਹਨ। ਬਸੰਤੀ ਕੱਪੜੇ ਪਹਿਨਾਏ ਜਾਂਦੇ ਹਨ' ਪਤੰਗ ਉਡਾਏ ਜਾਂਦੇ ਹਨ, ਹਕੀਕਤ ਰਾਏ ਦੀ ਸ਼ਹੀਦੀ ਇਸ ਵਿੱਚ ਧਾਰਮਿਕ ਰੰਗਣ ਪੈਦਾ ਕਰਦੀ ਹੈ ।
16.ਹੋਲੀ :-
ਪ੍ਰਹਿਲਾਦ ਦੇ ਆਪਣੀ ਭੂਆ ਦੇ ਸੜਨ( ਹੋਲਕਾ) ਬਾਅਦ ਬੱਚ ਜਾਣ ਦੀ ਖੁਸ਼ੀ ਵਿੱਚ ਇਹ ਮਨਾਈ ਜਾਂਦੀ ਹੈ । ਹੋਲਾਂ( ਅੱਗ ਚ ਭੁੰਨੇ ਦਾਣਿਆਂ ਨੂੰ ਹਲੂਲ ਕਰਨਾ) ਵੀ ਇਸ ਦੇ ਨਾਮਕਰਨ ਨਾਲ ਜੁੜਦਾ ਹੈ ।ਕ੍ਰਿਸ਼ਨ ਤੇ ਗੋਪੀਆਂ ਨਾਲ ਹੋਲੀ ਖੇਡਣ ਦੇ ਪ੍ਰਸੰਗ ਵਿੱਚ ਇਸ ਦਿਨ ਸਭ ਤੇ ਪਿਆਰਾਂ ਦੇ ਰੰਗ ਪਾਏ ਜਾਂਦੇ ਹਨ ।ਦਿਉਰ ਭਰਜਾਈ ਦੇ ਇਸ ਤਿਉਹਾਰ ਵਿੱਚ ਸਿਆਣੇ ਉਪਦੇਸ਼ ਦੇ ਕੇ ਸਿਆਣਪ ਤੇ ਸੰਜਮਤਾ ਘੋਲ ਦਿੰਦੇ ਹਨ ।
17.ਵੈਸਾਖੀ:-
'ਆਈ ਮੇਖ ਕੱਚੀ ਪਿੱਲੀ ਨਾ ਦੇਖ ।'ਵਿਸਾਖਾ ਨਛੱਤਰ ਵਾਲੀ ਪੂਰਨਮਾਸ਼ੀ ਕਰਮ ਧਰਮ ਦੇ ਪ੍ਰੇਮੀਆਂ ਲਈ ਕਈ ਤਰ੍ਹਾਂ ਦੇ ਪੁੰਨ ਦਾਨ, ਵਰਤਪੂਜਾ ਦੇ ਮਹਾਤਮਾ ਵਾਲੀ ਮੰਨੀ ਜਾਂਦੀ ਹੈ । ਵਾਢੀ ਸ਼ੁਰੂ ਹੋ ਜਾਂਦੀ ਹੈ , 'ਫਸਲਾਂ ਦੀ ਮੁੱਕ ਗਈ ਰਾਖੀ ,ਓ ਜੱਟਾ ਆਈ ਵਿਸਾਖੀ।' ਖਾਲਸੇ ਦੇ ਜਨਮ ਨਾਲ ਇਸ ਦਾ ਧਾਰਮਿਕ ਮਹੱਤਵ ਬਹੁਤ ਵੱਧ ਗਿਆ ਹੈ ।
18.ਵਰਤ:-
ਇਹ ਔਰਤਾਂ ਵੀ ਰੱਖਦੀਆਂ ਹਨ ਤੇ ਮਰਦ ਵੀ । ਆਮ ਪੂਰਨਮਾਸ਼ੀ ,ਇਕਾਦਸ਼ੀ ਜਾਂ ਮੰਗਲਵਾਰ ਦੇ ਵਰਤ ਰੱਖੇ ਜਾਂਦੇ ਹਨ । ਗਾਂਧੀ ਨੇ ਇਸ ਨਾਲ ਅੰਗਰੇਜ਼ ਝੁਕਾਅ ਦਿੱਤੇ ਸਨ । ਔਰਤਾਂ ਸੁਖਨਾ ਲਾਉਣ ਲਈ ਵਰਤ ਰੱਖਦੀਆਂ ਹਨ। ਕੁਝ ਵਰਤ ਪੂਰਨ ਤੇ ਔਖੇ ਹੁੰਦੇ ਹਨ ਜਦਕਿ ਕਈਆਂ ਵਿੱਚ ਅੰਨ, ਲੂਣ ਤੋਂ ਬਿਨਾਂ ਕੁਝ ਖਾਣ ਦੀ ਖੁੱਲ੍ਹ ਹੁੰਦੀ ਹੈ। ਕਰਵਾ ਚੌਥ ਜਾਂ ਕਰੂਏ ਦਾ ਵਰਤ- ਕੁਆਰੀਆਂ ਲਈ ਨਰਮ ਪਰ ਵਿਆਦੜਾਂ ਲਈ ਮਾਵਾਂ/ ਸੱਸਾਂ ਸਖ਼ਤ ਹਦਾਇਤਾਂ ਜਾਰੀ ਕਰਦੀਆਂ ਹਨ ।ਪਤੀ ਦੀ ਦੀਰਘ ਆਯੂ ਦੀ ਕਾਮਨਾ ਹੁੰਦੀ ਹੈ ।ਸਹੁਰੇ ਬੈਠਿਆਂ ਨੂੰ' ਸਰਗੀ ਦਾ ਬੋਹੀਆ' ਪੇਕੇ ਭੇਜਦੇ ਹਨ । ਕਰੂਆਂ (ਕੋਰਾ ਕੁੱਜਾ) ਲੇਖਕ ਵੀਰੋ ਤੇ ਬੀਝਲ ਦੀਆਂ ਕਥਾਵਾਂ ਸੁਣਾਉਂਦਾ ਹੈ ।ਜੇਕਰ ਵਰਤ ਤੀਜ ਦਾ ਹੋਵੇ ਤਾਂ ਚੰਦ ਪਹਿਲਾਂ ਚੜ੍ਹ ਜਾਂਦਾ ਹੈ ਤੇ ਜੇ ਤੀਜ ਤੇ ਚੌਥ ਇਕੱਠੀਆਂ ਹੋਣ ਤਾਂ ਚੰਨ ਪੱਛੜ ਕੇ ਚੜ੍ਹਦਾ ਹੈ ਦਿਨ ਦੇ ਤੀਜੇ ਪਹਿਰ ਕਰੂਏ ਵਟਾਉਣ ਦੀ ਰਸਮ ਹੁੰਦੀ ਹੈ। ਮਿੱਟੀ ਦੇ ਕੁੱਜੇ ,ਠੂਠਿਆਂ ਚ ਘਰੋਗੀ ਚੀਜ਼ਾਂ ਪਾ ਕੇ ਸੱਸਾਂ ਨੂੰ ਭੇਂਟ ਕੀਤੇ ਜਾਂਦੇ ਹਨ। ਸੱਸ ਆਸ਼ੀਰਵਾਦ ਦਿੰਦੀ ਹੈ ।ਕਰੂਏ ਭਰਾਵਾਂ ਦੀ ਭੈਣ ਦੀ ਭੇਟਾਂ ਕਰਦੀਆਂ ਹਨ -
"ਲੈ ਭਾਈਆਂ ਦੀ ਭੈਣ ਕਰਵੜਾ, ਲੈ ਸਰਬ ਸੁਹਾਗਣ ਕਰਵੜਾ । ਕਰਵੜਾ ਵਟਾਇਆ ,ਜੀਂਵਦਾ ਝੋਲੀ ਪਾਇਆ। ਕੱਤੀ ਨਾ ਅਟੇਰੀ ਨਾ ,ਘੁੰਮ ਚਰਖੜਾ ਫੇਰੀਂ ਨਾ। ਬਾਹਰ ਪੈਰ ਪਾਈਂ ਨਾ, ਸੁੱਤੇ ਨੂੰ ਜਗਾਈਂ ਨਾ ।"
ਪੁੱਗੇ ਦਾ ਵਰਤ- ਪੋਹ ਦੇ ਮਹੀਨੇ ਇਹ ਦੂਜਾ ਮਹਾਨ ਵਰਤ ਹੈ । ਤਿਲਾਂ ਚ ਗੁੜ ਪਾ -ਪਾ ਕੁੱਟ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਹਨ। ਸੰਧਾਰੇ 'ਚ ਕੁੜੀ ਨੂੰ ਸਹੁਰੀ ਭੇਜਿਆ ਜਾਂਦਾ ਹੈ ।ਇਹ ਵੀਰਾਂ ਲਈ ਹੁੰਦਾ ਹੈ ।ਛੋਟੇ ਦਿਨ ਹੋਣ ਕਾਰਨ ਸਭ ਰੱਖ ਲੈਂਦੀਆਂ ਹਨ ।
19.ਗੁਰਪੁਰਬ :-
ਕੱਤੇ ਦੀ ਪੂਰਨਮਾਸ਼ੀ ਨੂੰ ਗੁਰਦੁਆਰੇ ਅਖੰਡ ਪਾਠ ਰੱਖ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ। ਪੋਹ ਸੁਦੀ ਸੱਤਵੀਂ ਦੇ ਦਿਹਾੜੇ ਇਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ। ਤੀਜਾ ਗੁਰਪੁਰਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਨਾਇਆ ਜਾਂਦਾ ਹੈ। ਲੇਖਕ ਵਰਤਾਰੇ ਬਾਰੇ ਦੱਸਦਾ ਹੈ - "ਜੈਸਾ ਵਿੱਤ ਹੋਇ ਤੈਸੋ ਵਰਤੋਂ ਆਪਣਾ ਬਲ ਨਹੀਂ ਹਾਰ ।"
ਮੁਸਲਮਾਨਾਂ ਦੇ ਤਿਉਹਾਰ :-
ਮਿੱਠੇਵਾਲ 10 ਕੁ ਮੁਸਲਿਮ ਘਰ ਹਨ। ਪੀਰਾਂ ਫ਼ਕੀਰਾਂ ਨੂੰ ਮੰਨਣ ਵਾਲੇ ਮਲੇਰਕੋਟਲੇ ਦੇ ਹੈਦਰ ਸ਼ੇਖ, ਜਗਰਾਵਾਂ ਦੇ ਮੋਹਕਮ ਦੀਨ ਆਦਿ ਨੂੰ ਮੰਨਦੇ ਹਨ। ਮਾਲੇਰਕੋਟਲੇ ਨਿਰਸੰਤਾਨ ਜਾਂਦੇ ਹਨ। ਹਾੜ ਦੀ ਇਕਾਦਸ਼ੀ ਨੂੰ ਵੱਡਾ ਜੋੜ ਮੇਲਾ ਲੱਗਦਾ ਹੈ । ਦੀਨੀ ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਪਿੱਛੋਂ ਜ਼ਕਾਤ ਅਦਾ ਕਰ ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਮਨਾਉਂਦੇ ਹਨ ।ਸ਼ਾਇਦ ਇਸੇ ਦਿਨ ਮੁਹੰਮਦ ਸਾਹਿਬ ਨੂੰ ਕੁਰਾਨ ਉੱਤਰੀ ਸੀ। ਬਕਰੀਦ (ਈਦ ਉਲ ਜੂਹਾ) ਵਾਲੇ ਦਿਨ ਮੱਕੇ ਹੱਜ ਕਰਦੇ ਹਨ। ਬੱਕਰੀ ਆਦਿ ਸ਼ਹੀਦ ਕੀਤੇ ਜਾਂਦੇ ਹਨ। ਇਬਰਾਹਿਮ ਨੂੰ ਖੁਦਾ ਦੇ ਕਹਿਣ ਤੇ ਪੁੱਤਰ ਹਾਸਿਲ ਕਰਨਾ ਪੈਣਾ ਸੀ ।ਅੱਖਾਂ ਮੀਟ ਕੇ ਉਹ ਹਲਾਲ ਕਰਦਾ ਰਿਹਾ ਪਰ ਤੱਕਿਆ ਕਿ ਇੱਕ ਟੁੰਬਾ ਅੱਲ੍ਹਾ ਨੇ ਭੇਜ ਕੇ ਬੱਚਾ ਬਚਾ ਲਿਆ ਸੀ। ਅਰਬ ਦੇਸ਼ਾਂ ਵਿੱਚ ਗਊਆਂ ਨੂੰ ਬੱਕਰਾ ਕਿਹਾ ਜਾਂਦਾ ਹੈ ।
ਸ਼ੀਆ ਮੁਸਲਮਾਨ ਅਲੀ ਨੂੰ ਖਲੀਫਾ ਮੰਨਦੇ ਹਨ। ਜਿਸ ਦੀ ਯਾਦ ਚ ਤੀਜੀ ਈਦ ਮਨਾਉਂਦੇ ਹਨ। ਕਹਿੰਦੇ ਹਨ ਕਿ ਮੱਕੇ ਮਦੀਨੇ ਪਾਸ ਗੱਡੀ ਤਲਾਅ ਦੇ ਕੰਢੇ ਹਜ਼ਰਤ ਮੁਹੰਮਦ ਅਲੀ ਨੂੰ ਖਲੀਫਾ ਥਾਪਿਆ ਸੀ । ਇਸ ਨੂੰ ਮਿਲਾਦ ਈਦ ਵੀ ਕਹਿੰਦੇ ਹਨ । ਹਸਨ ਤੇ ਹੁਸੈਨ ਦੇ ਪਿਆਸੇ ਮਰ ਜਾਣ ਦੇ ਸੋਗ ਵਿੱਚ ਜਲੂਸ (ਤਾਜ਼ੀਆ) ਕੱਢੇ ਜਾਂਦੇ ਹਨ ਸੁੰਨੀ ਤਾਜੀਏ ਕੱਢਣ ਦੇ ਵਿਰੋਧੀ ਹਨ । ਜੇਠ ਹਾੜ੍ਹ ਦੇ ਮਹੀਨੇ ਤੀਏ- ਚੌਥੇ ਵਰ੍ਹੇ ਸੁੰਨਤਾਂ ਵੀ ਕਰਵਾਈਆਂ ਜਾਂਦੀਆਂ ਹਨ ।
" ਮੇਰੇ ਪਿੰਡ ਮਜ਼ਹਬ ਦਾ ਤਾਲੁਕ ਸਮਝ ਨਾਲ ਨਹੀਂ ,ਵਿਸ਼ਵਾਸਾਂ ਉੱਤੇ ਹੈ। ਖੁਦਾ ਉਨ੍ਹਾਂ ਦੇ ਵਿਸ਼ਵਾਸ ਬਣਾਈ ਰੱਖੇ ਤੇ ਉਹ ਖੁਸ਼ ਰਹਿਣ ।"
'ਸਰਗੀ ਦਾ ਬੋਹੀਆ' ,ਡੋਲੀ ਲੁੱਟਣਾ' ਜਾਂ 'ਲੁੱਟ ਮਚਾਉਣੀ 'ਧੀਆਂ ਦੀ ਅੰਤਿਮ ਰਸਮ ਹੈ ।
ਫੜੂਹਾ ਤੀਆਂ 'ਚ ਹੱਲੇ ਦਾ ਨਾਟਕੀ ਰਮਜ਼ ਭਰਿਆ ਗੀਤ, ਕੁੜੀਆਂ ਧਾਪਾ ਦਿੰਦੀਆਂ ਇੱਕ ਗਾਉਂਦੀ ਹੈ (ਪੀੜ ਹੁੰਦੀ ਐ...... )
(ਮਿੱਥ ਦੰਦ ਕਥਾ ਤੇ ਕਹਾਣੀ)? ਗਦੌੜਾ ਫੇਰਨਾ ,ਪੱਲਾ ਪਾਉਣਾ, ਸੋਨੇ ਦੀ ਪੌੜੀ ਚੜ੍ਹਾਉਣਾ ,(ਕਪਾਲ ਕਿਰਿਆ) ਪਰਸ਼ੀਅਨ 'ਚੋ ਮਾਹੀ= ਮੱਛੀ ,'ਚੌਕ ਪੂਰਨਾ' ਢੋਲਕ ਦੇ ਗੀਤ ਕੁੜੀਆਂ ਵਿਆਹ ਤੋਂ ਪਹਿਲਾਂ ਗਾਉਂਦੀਆਂ ਹਨ ।


0 Comments