Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਲੋਕਧਾਰਾ ਅਤੇ ਸਭਿਆਚਾਰ ਦੇ ਅੰਤਰ-ਸਬੰਧਾਂ ਦਾ ਵਰਣਨ ਕਰੋ ?

                        ਲੋਕਧਾਰਾ ਦਾ ਅਰੰਭ ਸਭਿਆਚਾਰ ਦੇ ਨਾਲ ਹੀ ਹੋਇਆ ਪ੍ਰਤੀਤ ਹੁੰਦਾ ਹੈ। ਸੱਭਿਆਚਾਰ ਵਿਕਾਸ ਨਾਲ ਲੋਕਯਾਨ ਵੀ ਮਲਿਆ ਹੈ। ਲੋਕਧਾਰਾ ਵਿੱਚ ਲੋਕ ਸੱਭਿਆਚਾਰ ਅਤੇ ਪ੍ਰਾਚੀਨ ਸੱਭਿਆਚਾਰ ਦੇ ਪੱਖ ਮੌਜੂਦ ਹੁੰਦੇ ਹਨ।  ਲੋਕ ਸਭਿਆਚਾਰ ਲੋਕ ਜੀਵਨ ਦਾ ਦਰਪਣ ਹੈ। ਲੋਕਧਾਰਾ ਸਾਨੂੰ ਉਨ੍ਹਾਂ ਪਰੰਪਰਾਵਾਂ ਨਾਲ ਜੋੜਦੀ ਹੈ ਜੋ ਸਦੀਆਂ ਤੋਂ ਸਾਡੇ ਜੀਵਨ ਵਿੱਚ ਉਮਾਹ ਵਾਂਗ ਫੁੱਟਦੀਆਂ ਹਨ। ਇਸ ਵਿੱਚ ਕਿਸੇ ਜਾਤੀ ਦਾ ਸਭਿਆਚਾਰ, ਮੂਲ ਪ੍ਰਵਿਰਤੀਆਂ, ਸਮਾਜਿਕ ਪਰਪੰਚ ਤੇ ਜਾਤੀ ਚਰਿਤਰ ਪੂਰੀ ਤਰਾਂ  ਚਿਤਰਿਤ ਹੁੰਦਾ ਹੈ। ਆਧੁਨਿਕ ਯੁੱਗ ਵਿੱਚ ਜਿਥੇ ਵਿਗਿਆਨਿਕ ਅਤੇ ਮਸ਼ੀਨੀਕਰਨ ਨੇ ਸਾਡੇ ਸਭਿਆਚਾਰ ਨੂੰ ਅਗਰਸਰ ਕੀਤਾ ਹੈ ਉਥੇ ਲੋਕਧਾਰਾ ਦਾ ਇਸ ਨਾਲੋਂ ਰਿਸ਼ਤਾ ਤੋੜ ਦਿੱਤਾ ਭਾਸਦਾ ਹੈ। ਅੱਜ-ਕੱਲ੍ਹ ਲੋਕਧਾਰਾ ਲੋਕ ਮਾਨਸ ਨਾਲੋਂ ਟੁੱਟ ਕੇ ਕਿਤਾਬੀ ਗੱਲ ਹੀ ਬਣ ਗਈ ਹੈ।ਪ੍ਰੰਤੂ ਇਨ੍ਹਾਂ ਦੋਹਾਂ ਦਾ ਰਿਸ਼ਤਾ ਅਤਿਅੰਤ ਨਿਕਟਵਰਤੀ ਹੋਣ ਕਰਕੇ ਜਿਥੇ ਮਾਨਵ ਵਿਗਿਆਨੀ ਲੋਕਧਾਰਾ ਨੂੰ ਮਨੁੱਖੀ ਸੱਭਿਆਚਾਰ ਦਾ ਅੰਗ ਸਮਝਦੇ ਹਨ ਓਥੇ ਲੋਕਧਾਰਾ ਸ਼ਾਸਤਰੀ ਲੋਕ ਸੱਭਿਆਚਾਰ ਨੂੰ ਲੋਕਧਾਰਾ ਦਾ ਇੱਕ ਵਿਸ਼ੇਸ਼ ਤੱਤ ਮੰਨਦੇ ਹਨ।
        ਲੋਕਧਾਰਾ ਦੀ ਸਾਰੀ ਸਮੱਗਰੀ ਨੂੰ ਸਭਿਆਚਾਰਕ ਪਰਿਪੇਖ ਵਿਚ ਸਮਝਿਆ ਜਾਂਦਾ ਹੈ। ਲੋਕਧਾਰਾ ਕਿਸੇ ਸੱਭਿਆਚਾਰ ਵਿੱਚ ਵਿਆਪਕ ਲੋਕ ਸਾਹਿਤ, ਲੋਕ ਵਿਸ਼ਵਾਸਾਂ, ਲੋਕ ਰੀਤਾਂ ਰਸਮਾਂ ਰਿਵਾਜ਼ਾਂ, ਆਦਿ ਦੇ ਸਮੂਹ ਦਾ ਨਾਮ ਹੈ।
ਭਾਸ਼ਾ ਅਤੇ ਸਾਹਿਤ ਤੋਂ ਇਲਾਵਾ ਲੋਕਧਾਰਾ ਨੂੰ ਕਿਸੇ ਸੱਭਿਆਚਾਰ ਦੀ ਸਹਿਜ-ਸੁਭਾਵਿਕ  ਉਪਜ ਮੰਨਿਆ ਜਾ ਸਕਦਾ ਹੈ। ਲੋਕਧਾਰਾ ਹੀ ਕਿਸੇ ਸਭਿਆਚਾਰ ਦਾ ਮਾਨਸਿਕ ਪ੍ਰਤੀਬਿੰਬ ਹੁੰਦੀ ਹੈ। ਲੋਕਮਾਨਸ ਦੇ ਵਿਸ਼ਵਾਸਾਂ ਨਾਲ ਜੁੜੇ ਵੱਖ-ਵੱਖ ਵਿਚਾਰ ਲੋਕਧਾਰਾ ਬਣ ਜਾਂਦੇ ਹਨ। ਲੋਕ ਧਾਰਾ ਰਾਹੀਂ ਹੀ ਸੱਭਿਆਚਾਰਕ ਪ੍ਰਗਤੀ ਦੇ ਪੜਾਵਾਂ ਨੂੰ ਵੇਖਿਆ ਜਾ ਸਕਦਾ ਹੈ। ਲੋਕਧਾਰਾ ਅਧਿਐਨ ਸੱਭਿਆਚਾਰ ਚ ਸਮੇਂ ਸਮੇਂ ਆਉਂਦੇ ਉਤਾਰ- ਚੜਾਵਾਂ ਦਾ ਵੇਰਵਾ ਵੀ ਸਮਝਾਉਂਦਾ ਹੈ। ਜਦੋਂ ਕੋਈ ਸੱਭਿਆਚਾਰ ਵਿਕਾਸ ਕਰਦਾ ਹੈ ਜਾਂ ਪੈਦਾਵਾਰੀ ਰਿਸ਼ਤੇ ਬਦਲ ਦੇ ਹਨ , ਇਸ ਅਦਲਾ-ਬਦਲੀ ਦੇ ਨਾਲ ਸਾਡੀਆਂ ਸਮਾਜਿਕ, ਰਾਜਨੀਤਿਕ ਕੀਮਤਾਂ ਵਿੱਚ ਅਦਲਾ ਬਦਲੀ ਹੁੰਦੀ ਹੈ। ਸੱਭਿਆਚਾਰਕ ਵਿਕਾਸ ਹੀ ਮਨੁੱਖ ਅੰਦਰਲੇ ਪਸ਼ੁ ਨੂੰ ਸਮਾਜਿਕ ਬੰਧਨਾਂ ਵਿਚ ਬੰਨ੍ਹ ਕੇ ਸੱਭਿਅਕ ਮਨੁੱਖ ਬਣਾੳੁਦਾ ਹੈ। ਇੰਝ ਲੋਕਧਾਰਾ ਸੱਭਿਆਚਾਰ ਦੇ ਵਿਕਾਸ ਨਾਲ ਹੀ ਉਪਜਦਾ ਤੇ ਵਿਗਸਦਾ ਹੈ।
     ਸਭਿਆਚਾਰ ਦੇ ਸਬੰਧ ਵਿੱਚ ਲੋਕਧਾਰਾ ਦੇ ਮਹੱਤਵ ਨੂੰ ਦਸਦੇ ਹੋਏ ਕਰਨੈਲ ਸਿੰਘ ਥਿੰਦ ' Standard dictionary of folk lore' ਵਿੱਚ ਇਉਂ ਬਿਆਨਦੇ ਹਨ:-
     " ਲੋਕਯਾਨ ਸ਼ਾਸ਼ਤਰ ਪ੍ਰਾਪਤ ਸਮੱਗਰੀ ਦੀ ਖੋਜ ਰਾਹੀਂ ਮਨੁੱਖੀ ਸੰਸਕ੍ਰਿਤੀ ਦਾ ਇਤਿਹਾਸ ਰੂਪਮਾਨ ਕਰਦਾ ਹੈ,ਜਿਹੜਾ ਲੋਕ-ਮਾਨਸ ਦੀ ਸਮੂਹਿਕ ਭਾਵਨਾ ਵਿਚੋਂ ਪ੍ਰਗਟ ਹੁੰਦਾ ਹੈ।ਇਸ ਤਰ੍ਹਾਂ ਲੋਕਯਾਨ ਸਮਾਜ ਵਿਗਿਆਨ ਦੇ ਖੇਤਰ ਵਿੱਚ ਲੋਕ ਚਿੱਤ ਅਤੇ ਅਭਿਆਸ ਨਾਲ ਸੰਬੰਧਿਤ ਇਕ ਅਜਿਹਾ ਸ਼ਾਸ਼ਤਰ ਹੈ ਜੋ ਸਭਿਅਤਾ ਅਤੇ ਇਤਿਹਾਸ ਦਾ ਅਧਿਐਨ ਵੀ ਕਰਦਾ ਹੈ ਤੇ ਵਿਆਖਿਆ ਵੀ।"
      ਪੰਜਾਬ ਦੀ ਲੋਕਧਾਰਾ ਅਤੇ ਸਭਿਆਚਾਰ ਸੰਯੁਕਤ ਰੂਪ ਵਿੱਚ ਇੱਥੋਂ ਦੀ ਭੂਗੋਲਿਕ ਤੇ ਭੌਤਿਕ ਵਿਸ਼ੇਸ਼ਤਾਵਾਂ ਤੋਂ ਪ੍ਰਭਾਵਿਤ ਹੋਏ ਹਨ। ਸਾਡਾ ਕਿਸਾਨੀ ਸੱਭਿਆਚਾਰ ਸਦਾ ਹੀ ਇੱਥੋਂ ਦੇ ਮੌਸਮ ਦੀ ਅਨਿਸ਼ਚਤਾ ਨੂੰ ਲੋਕ ਸਾਹਿਤ ਅਤੇ ਲੋਕ ਸਿਆਣਪਾਂ ਰਾਹੀਂ ਬਿਆਨਦਾ ਰਿਹਾ ਹੈ-
 "ਅਤਿ ਭਲਾ ਨਾ ਮੇਘਲਾ, ਅਤਿ ਭਲੀ ਨਾ ਧੁੱਪ।
 ਅਤਿ ਭਲਾ ਨਾ ਬੋਲਣਾ, ਅਤਿ ਭਲੀ ਨਾ ਚੁੱਪ।"

ਇਸੇ ਪ੍ਰਕਾਰ ਖੇਤੀਬਾੜੀ ਨਾਲ ਸਬੰਧਤ ਅਨੇਕਾਂ ਲੋਕ ਅਖਾਣ ਹਨ, ਜਿਵੇਂ;

"ਕਣਕ , ਕਮਾਦੀ, ਛੱਲੀਆਂ ਹੋਰ ਜੋ ਖੇਤੀ ਕੁੱਲ। 
ਰੂੜੀ ਬਾਝ ਨਾ ਹੁੰਦੀਆ, ਤੂੰ ਨਾ ਜਾਈਂ ਭੁੱਲ।"

"ਤਿਲ ਵਿਰਲੇ ਜੌਂ ਸੰਘਣੇ, ਵਿਥੌਂ ਵਿੱਥ ਕਪਾਹ।
ਲੈਫ਼ ਦੀ ਬੁੱਕਲ ਮਾਰ ਕੇ , ਮੱਕੀ ਵਿੱਚ ਦੀ ਜਾਹ।"

     ਲੋਕਧਾਰਾ ਸੱਭਿਆਚਾਰ ਦਾ ਹੀ ਇੱਕ ਚਲਦਾ ਫਿਰਦਾ ਰੂਪ ਹੈ। ਲੋਕਧਾਰਾ ਸੱਭਿਆਚਾਰ ਦੇ ਵਿਸ਼ਾਲ ਖੇਤਰ ਵਿਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ। ਲੋਕ ਗੀਤ , ਲੋਕ ਨਾਚ, ਲੋਕ ਖੇਡਾ, ਲੋਕ ਤਮਾਸ਼ੇ ,ਲੋਕ ਕਥਾਵਾਂ ਦੰਦ-ਕਥਾਵਾਂ ਆਦਿ ਸਮੱਗਰੀ ਲੋਕਯਾਨ ਦਾ ਕਾਰਜ ਖੇਤਰ ਬਣਦੀ ਹੈ। 'ਡਾਕਟਰ ਵਣਜਾਰਾ ਬੇਦੀ' ਵੀ ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ ਵਿਚ ਲੋਕਯਾਨ ਅਤੇ ਸੱਭਿਆਚਾਰ ਬਾਰੇ ਲਿਖਦੇ ਹਨ-
    "ਕਿਸੇ ਜਾਤੀ ਦੇ ਸੱਭਿਆਚਾਰ ਦੇ ਨੈਣ-ਨਕਸ਼, ਉਸ ਦੀ ਰਹਿਤ-ਬਹਿਤ, ਸੋਚ, ਮਨੋਤਾਂ ਅਤੇ ਵਿਵਹਾਰ ਆਪਣੇ ਸੱਚੇ ਸੁੱਚੇ ਰੂਪ ਵਿੱਚ ਲੋਕ ਗੀਤਾਂ ਵਿੱਚ ਉਭਰ ਦੀਆਂ ਸੁਰਾਂ ਹੀ ਕਿਸੇ ਜਾਤੀ ਦੇ ਅਚੇਤ ਮਨ ਦਾ ਸੰਸਕਾਰ ਬਣਦੀਆਂ ਹਨ। ਇਸ ਪੱਖੋਂ ਕਿਸੇ ਸੱਭਿਆਚਾਰ ਵਿੱਚ ਬਿਖਰੇ ਹਰ ਤਰਾਂ ਦੇ ਉਹ ਗੀਤ-ਭਾਵੇਂ ਉਨ੍ਹਾਂ ਵਿੱਚ ਸਾਹਿਤਕ ਰੰਗ ਪਤਲਾ ਹੋਵੇ ਜਾਂ ਸੰਘਣਾ- ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹੁੰਦੇ ਹਨ। ਇਹ ਕਿਸੇ ਸੱਭਿਆਚਾਰ ਦੀ ਰੂੜੀ ਨੂੰ ਆਪਣੇ ਅੰਦਰ ਸਮੋਈ ਰੱਖਦੇ ਹਨ।"

     ਮ੍ਰਿਥਕ ਕਥਾ ਅਤੇ ਮਿਥਿਹਾਸ ਕਿਸੇ ਸਭਿਆਚਾਰ ਦੇ ਪੂਰਨ ਇਤਿਹਾਸਕ, ਅਜਿਹੇ ਲੋਕ ਯਾਨਕ ਸੋਮੇ ਹਨ ਸਨ ਜਿਨ੍ਹਾਂ ਰਾਹੀਂ ਆਦਿ ਮਨੁੱਖ ਦਾ ਪ੍ਰਕਿਰਤੀ ਨਾਲ ਸਬੰਧਤ ਦੇਖਿਆ ਤੇ ਉਲੀਕਿਆ ਜਾ ਸਕਦਾ ਹੈ। ਇਨ੍ਹਾਂ ਮਿਥਿਹਾਸਕ ਕਥਾਵਾਂ ਵਿੱਚ ਮਨੁੱਖੀ ਨਸਲਾਂ ਵਿੱਚ ਵਿਆਪਕ ਰੁਚੀਆਂ, ਖਾਹਿਸ਼ਾਂ, ਲੋੜਾਂ ਤੇ ਜੀਵਨ ਜਿਊਣ ਦੇ ਸਾਧਨਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਪੇਸ਼ ਹੁੰਦਾ ਵੇਖਦੇ ਹਾਂ। ਜੀਵਨ ਦੀ ਇਹ ਪ੍ਰਕਿਰਿਆ ਮਨੁੱਖ ਨੂੰ ਪ੍ਰਕਿਰਤੀ ਤੋਂ ਸੰਸਕ੍ਰਿਤੀ ਵਾਲਾ ਨਿਰੰਤਰ ਪ੍ਰੇਰਦੀ ਰਹੀ ਹੈ। ਜਿਸ ਢੰਗ ਨਾਲ ਮਨੁੱਖ ਪ੍ਰਕਿਰਤੀ ਨੂੰ ਆਪਣੇ ਲੋਕਯਾਨਕ ਅਭਿਆਸ ਵਿੱਚ ਢਾਲ ਕੇ ਆਪਣੇ ਸਭਿਆਚਾਰ ਦਾ ਭਾਗ ਬਣਾਉਂਦਾ ਹੈ। ਇਸੇ ਤੋਂ ਅਸੀਂ ਉਸ ਸਭਿਆਚਾਰ ਦੇ ਵਿਕਾਸ ਦਾ ਪਤਾ ਲਗਾ ਸਕਦੇ ਹਾਂ। ਇੱਕ ਕਬੀਲੇ ਜਾਂ ਫਿਰਕੇ ਦੀ ਪ੍ਰਕਿਰਤੀ ਨੂੰ ਆਪਣੇ ਸਭਿਆਚਾਰ ਵਿਚ ਬਦਲਣ ਦਾ ਢੰਗ ਹੀ ਉਸ ਨੂੰ ਦੂਜੀ ਸੰਸਕ੍ਰਿਤੀ ਨਾਲੋਂ ਵੱਖਰਾਉਂਦਾ ਹੈ।
ਡਾਕਟਰ ਪਿਆਰ ਸਿੰਘ ਦਾ ਕਥਨ ਹੈ,
     "ਲੋਕਯਾਨਕ ਕਿਸੇ ਵੀ ਜਾਤੀ ਦੀ ਸੰਸਕ੍ਰਿਤੀ ਦਾ ਉਹ ਅੰਗ ਕਿਹਾ ਜਾ ਸਕਦਾ ਹੈ, ਜਿਸ ਵਿਚ ਇਸ ਦੇ ਘੜਣ ਹਾਰਿਆਂ ਦਾ ਅਲਿਖਿਤ ਇਤਿਹਾਸ, ਉਹਨਾਂ ਦੀਆਂ ਇਛਾਵਾਂ , ਨਿਰਾਸ਼ਾਵਾਂ,  ਰੁਚੀਆਂ , ਅਰੁਚੀਆਂ,ਵਿਸ਼ਵਾਸ,  ਪ੍ਰਾਪਤੀਆਂ,  ਅਪ੍ਰਾਪਤੀਆਂ ਤੇ ਜ਼ਿੰਦਗੀ ਸਬੰਧੀ ਕਦਰਾਂ-ਕੀਮਤਾਂ ਦੀ ਕਹਾਣੀ ਪ੍ਰਤਿਬਿੰਬਤ ਹੁੰਦੀ ਹੈ।"

   ਜਿਸ ਪ੍ਰਕਾਰ ਸੱਭਿਆਚਾਰ ਨੂੰ ਕਿਸੇ ਸਮਾਜ ਦੇ ਲੋਕ ਸਿਰਜਦੇ ਹਨ, ਉਸੇ ਤਰਾਂ ਲੋਕਯਾਨ ਵੀ ਕਿਸੇ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਉਪਜ ਹੁੰਦਾ ਹੈ। ਮਨੁੱਖ ਦਾ ਅਤੀਤ, ਵਰਤਮਾਨ ਤੇ ਭਵਿੱਖ ਸਭਿਆਚਾਰ ਦੀ ਸਿਰਜਣਾ ਹੈ। ਮਨੁੱਖ ਦੀ ਹਰ ਸਾਂਝ ਸੱਭਿਆਚਾਰ ਉੱਤੇ ਆਧਾਰਿਤ ਹੋਇਆ ਕਰਦੀ ਹੈ। ਇਸੇ ਕਾਰਨ ਲੋਕਧਾਰਾ ਦਾ ਯਥਾਰਥਕ ਪਿੜ ਕਿਸੇ ਸਮੂਹ ਦਾ ਸੱਭਿਆਚਾਰ ਹੀ ਹੁੰਦਾ ਹੈ।ਜਸਵਿੰਦਰ ਸਿੰਘ 'ਪੰਜਾਬੀ ਲੋਕ - ਸਾਹਿਤ ਸ਼ਾਸਤਰ' ਦੇ ਪੰਨਾ 26 ਉੱਤੇ ਲਿਖਦੇ ਹਨ,
    "ਲੋਕ ਸਾਹਿਤ ਦਾ ਅਧਿਐਨ ਵਿਸ਼ੇਸ਼ ਸੱਭਿਆਚਾਰ ਦੇ ਲੋਕ ਸਮੂਹ ਦੀ ਮਾਨਸਿਕ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਲਈ ਅਤਿਅੰਤ ਸਾਰਥਕ ਹੈ। ਲੋਕ ਮਨ ਦਾ ਸਦੀਵੀ ਮਨੁੱਖੀ ਸੰਕਟਾ ,ਲੋੜਾਂ ,ਜਜ਼ਬਿਆਂ ਪ੍ਰਤੀ ਹੁੰਗਾਰਾ ,ਮਨੋ-ਕਲਪਨਾ ,ਮੂਲ ਸਰੋਕਾਰ ,ਮਾਨਸਿਕ ਬਣਤਰ, ਮਨੋਵਿਗਿਆਨਕ ਵਿਸ਼ਲੇਸ਼ਣ ਅਤੇ ਮੁਲਾਂਕਣ ਲੋਕ ਸਾਹਿਤ ਅਧਿਐਨ ਦੇ ਪ੍ਰਮੁੱਖ ਪਹਿਲੂ ਹਨ।"

ਇਕ ਹੀ ਲੋਕ ਗੀਤ ਕਈ ਸੱਭਿਆਚਾਰਕ ਪੱਖ ਚਿਤਰਿਤ ਕਰਨ ਦੀ ਸਮਰੱਥਾ ਰੱਖਦਾ ਹੈ-
 "ਦਿਓਰ ਭਾਬੀਆਂ ਲੱਖ ਲੱਖ  ਹੱਸਦੇ,
ਕੀ ਗੋਲੀ ਸੀ ਮਾਰੀ।
ਚੜ੍ਹਿਆ ਜੇ ਹਸਦੇ ਨੇ ਕਰ ਲਈ ਮਸ਼ਕਰੀ,
 ਤੂੰ ਕੀ ਹੋ ਗਈ ਮਾੜੀ।
ਹਾੜੀ ਸੁਧੇ ਵੰਡਾ ਲਊ ਸਾਉਣੀ,
ਭੋਂ ਵੰਡਾ ਲਊ ਸਾਰੀ।
ਫੇਰ ਵੰਡਾ ਲਊ ਟੂੰਬਾਂ ਛੱਲੇ,
ਆਹ ਬੂਥਾ ਨਹੀਂ ਰਹਿਣਾ।
ਮੈਂ ਸਮਝਾਦੂੰਗਾ,
 ਤੂੰ ਕੀ ਬੋਲ ਕੇ ਲੈਣਾ।"

   ਇਹ ਗੀਤ ਘਰੇਲੂ ਆਰਥਿਕਤਾ ਨੂੰ ਸੰਤੁਲਿਤ ਰੱਖਣ ਲਈ ਪਤੀ ਵੱਲੋਂ ਪਤਨੀ ਨੂੰ ਦਿਉਰ ਦੀਆ ਨਜਾਇਜ਼ ਸ਼ਰਾਰਤਾਂ ਪ੍ਰਤੀ ਦੜ ਵੱਟ ਲੈਣ ਦੀ ਪ੍ਰੇਰਨਾ ਦਿੰਦਾ ਹੈ। 

     ਸਭਿਆਚਾਰ ਅਤੇ ਲੋਕਧਾਰਾ ਦਾ ਸੰਕਲਨ ਕਰਦੇ ਸਮੇਂ ਪੈਮਾਨੇ ਸਮੂਹਿਕ ਮਨ ਦੇ ਵਰਤਣੇ ਚਾਹੀਦੇ ਹਨ। ਲੋਕ ਸਮੂਹ ਦਾ ਸੱਚ ਉਹ ਹੀ ਹੁੰਦਾ ਹੈ ਜਿਹੜਾ ਉਹ ਆਪਣੇ ਸੱਭਿਆਚਾਰ ਦੀ ਅਮੀਰੀ ਲਈ ਚੁਣਦਾ ਹੈ। ਸੱਭਿਆਚਾਰ ਦਾ ਸੱਚ ਹੀ ਲੋਕਧਾਰਾ ਦਾ ਸੱਚ ਹੁੰਦਾ ਹੈ। ਲੋਕਧਾਰਾ ਵਿੱਚ ਇਸਦੀ ਗਤੀ ਦੀ ਚਾਲ ਉਹੋ ਹੀ ਹੁੰਦੀ ਹੈ ਜੋ ਇਕ ਡੋਡੀ ਨੂੰ ਫੁੱਲ ਬਣਨ ਤਕ ਸਮਾਂ ਲੱਗਦਾ ਹੈ।
      ਭਾਸ਼ਾ ਵਾਂਗ ਲੋਕਧਾਰਾ ਵੀ ਸੱਭਿਆਚਾਰ ਦਾ ਸ਼ੀਸ਼ਾ ਹੈ। ਇਸ ਵਿੱਚ (ਲੋਕਧਾਰਾ) ਮੌਜੂਦ ਰਸਮਾਂ ਰੀਤਾਂ,ਵਹਿਮਾਂ ਭਰਮਾਂ ਨੂੰ ਅਨੁਸ਼ਠਾਨਾਂ ਤੇ ਵਿਸ਼ਵਾਸਾਂ ਆਦਿ ਤੋਂ ਸੱਭਿਆਚਾਰਕ ਜੀਵਨ ਦੀ ਪੂਰੀ ਝਲਕ ਨਜ਼ਰ ਆ ਜਾਂਦੀ ਹੈ। ਇਸ ਤੋਂ ਸਾਨੂੰ ਪੁਰਾਤਨ ਘਟਨਾਵਾਂ ਅਤੇ ਰਿਵਾਜਾਂ ਦਾ ਪਤਾ ਲਗਦਾ ਹੈ ਕੀ ਲੋਕ ਸਭਿਆਚਾਰਕ ਤੌਰ ਤੇ ਕਿਹੜੇ ਜੀਵਨ ਢੰਗਾਂ ਨੂੰ ਅਪਣਾ ਰਹੇ ਹਨ।
     ਲੋਕਧਾਰਾ ਨੂੰ ਸੱਭਿਆਚਾਰ ਦੇ ਮੁਹਾਂਦਰੇ ਵਿਚੋਂ ਵੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਸਭਿਆਚਾਰ ਅਤੇ ਲੋਕਧਾਰਾ ਦਾ ਰਿਸ਼ਤਾ ਏਨਾ ਡੂੰਘਾ ਹੈ ਕਿ ਇਨ੍ਹਾਂ ਦੀ ਕਲਾਤਮਿਕ ਸਾਂਝ ਇਤਿਹਾਸਕ ਚੇਤਨਾ ਰਾਹੀਂ ਵੇਖੀ ਜਾ ਸਕਦੀ ਹੈ। ਲੋਕਧਾਰਾ ਇਤਿਹਾਸ ਤੋਂ ਵੀ ਪਹਿਲਾਂ ਸੱਭਿਆਚਾਰ ਦੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੀ ਰਹੀ ਹੈ। ਸੱਭਿਆਚਾਰ ਅਜਿਹੀ ਜੀਵਨ ਵਿਧੀ ਹੈ ਜਿਸ ਨਾਲ ਲੋਕਧਾਰਾ ਦਾ ਵਿਗਿਆਨਕ ਅਧਿਐਨ ਵੀ ਕੀਤਾ ਜਾ ਸਕਦਾ ਹੈ । ਸੱਭਿਆਚਾਰ ਦੀ ਸਮੱਗਰੀ ਵਾਸਤਵ ਵਿੱਚ ਪਹਿਲਾਂ ਲੋਕਧਾਰਾ ਦੀ ਕੱਚੀ ਸਮੱਗਰੀ ਰਹੀ ਹੈ ।
ਜਿਸ ਪ੍ਰਕਾਰ ਮਨੁੱਖੀ ਰਿਸ਼ਤਿਆਂ ਦੇ ਰੂਪ ਵਿੱਚ ਸੁਰੱਖਿਅਤ ਹੁੰਦੇ ਹਨ ਠੀਕ ਉਸੇ ਤਰ੍ਹਾਂ ਹੀ ਮਨੁੱਖੀ ਜੀਵਨ ਦੇ ਵਿਕਾਸ ਪੜਾਵਾਂ ਦੇ ਪਹਿਲੇ ਰੂਪ ਲੋਕਧਾਰਾ ਵਿੱਚ ਸੁਰੱਖਿਅਤ ਹੁੰਦੇ ਹਨ। ਲੋਕ ਧਾਰਾਈ ਸਾਹਿਤਕ ਰੂਪਾਂ ਵਿੱਚ ਮਨੁੱਖ ਆਉਣ ਵਾਲੀ ਪੀੜ੍ਹੀ ਨੂੰ ਵਡੇਰਿਆਂ ਦੇ ਤਜਰਬਿਆਂ ਦਾ ਲਾਭ ਉਠਾਉਣ ਲਈ ਕੋਈ ਸੰਦੇਸ਼ ਦੇਣਾ ਚਾਹੁੰਦਾ ਹੈ ।ਇੰਝ ਲੋਕਧਾਰਾ ਸੱਭਿਆਚਾਰ ਵਿੱਚ ਸਵੀਕ੍ਰਿਤ ਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਦ੍ਰਿੜਾਉਣ ਦਾ ਯਤਨ ਕਰਦਾ ਹੋਇਆ ਆਉਣ ਵਾਲੀ ਪੀੜ੍ਹੀ ਲਈ ਸਿੱਖਿਆ ਦਾ ਸਾਧਨ ਵੀ ਬਣਦਾ ਹੈ ।ਲੋਕਧਾਰਾ ਦਾ ਮਹੱਤਵ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਉਸ ਦਾ ਪੁਨਰ ਮੁਲਾਂਕਣ ਕਰਨਾ ਜਾਂ ਉਨ੍ਹਾਂ ਪਰਿਭਾਸ਼ਾਵਾਂ ਨੂੰ ਚਿਹਰਾ ਧਿਆਨ ਦਿਵਾਉਣਾ ਹੁੰਦਾ ਹੈ ,ਜਿਸ ਤੋਂ ਅਸੀਂ ਆਪਣੀ ਸੰਸਕ੍ਰਿਤੀ ਅਤੇ ਇਤਿਹਾਸ ਦੇ ਮਹੱਤਵਪੂਰਨ ਪੜਾਵਾਂ ਦਾ ਅਧਿਐਨ ਕਰ ਸਕਦੇ ਹਾਂ।
ਭਾਵੇਂ ਇਨ੍ਹਾਂ ਵਿੱਚ ਇਸ ਪੱਖੋਂ ਅੰਤਰ ਵੀ ਦਿਖਾਈ ਦਿੰਦਾ ਹੈ ਕਿ ਲੋਕਧਾਰਾ ਵਿੱਚ ਕੁਝ ਅਜਿਹੀਆਂ ਗੱਲਾਂ ਕੀਤੀਆਂ ਹੋਈਆਂ ਮਿਲਦੀਆਂ ਹਨ ਜਿਹੜੀਆਂ ਉਂਜ ਸੱਭਿਆਚਾਰਕ ਜੀਵਨ ਵਿੱਚ ਵਰਜਿਤ ਹਨ ।ਜਿਵੇਂ ਬਹੁ ਵਿਆਹ ,ਨਵ ਜਨਮੀ ਦਾ ਕਤਲ ਆਦਿ ਅਜਿਹੇ ਸਮੇਂ ਲੋਕਧਾਰਾ ਸੱਭਿਆਚਾਰ ਦਾ ਸਹੀ ਬਿੰਬ ਪੇਸ਼ ਨਹੀਂ ਕਰਦੀ ।
ਸਮੁੱਚੇ ਤੌਰ ਤੇ ਅਸੀਂ ਆਖ ਸਕਦੇ ਹਾਂ ਕਿ ਮਾਨਵ ਜੀਵਨ ਵਿੱਚ ਦੋਹਾਂ ਦਾ ਅਥਾਹ ਮਹੱਤਵ ਹੈ ।ਅਜੋਕੇ ਮਸ਼ੀਨੀ ਮਾਨਵ ਦੀ ਇਕੱਲਤਾ ਨੂੰ ਦੂਰ ਕਰਨ ਲਈ ਅਤੇ ਰਸਹੀਣ ਜ਼ਿੰਦਗੀ ਨੂੰ ਅਨੰਦ ਯੁਕਤ ਕਰਨ ਲਈ ਆਧੁਨਿਕ ਲੋਕਧਾਰਾ ਵਿਗਿਆਨੀਆਂ ਦਾ ਇਹ ਫਰਜ਼ ਹੈ ਕਿ ਉਹ ਆਪਣੇ ਲੋਕ ਵਿਰਸੇ ਦੀ ਖੋਜ, ਸੰਭਾਲ ਅਤੇ ਵਿਆਖਿਆ ਕਰਕੇ ਉਸ ਨੂੰ ਆਧੁਨਿਕ ਜਗਤ ਨਾਲ ਜੋੜਨ ਵੱਲ ਵਿਸ਼ੇਸ਼ ਧਿਆਨ ਦੇਣ ।
ਲੋਕਧਾਰਾ ਤੇ ਸੱਭਿਆਚਾਰ ਕੁਝ ਕੁ ਅੰਤਰ ਰੱਖਦਿਆਂ ਵੀ ਇੱਕ ਦੂਜੇ ਦੇ ਪੂਰਕ ਆਖੇ ਜਾ ਸਕਦੇ ਹਨ। ਲੋਕਧਾਰਾ ਦੀ ਸਮੱਗਰੀ ਜਿੱਥੇ ਸੱਭਿਆਚਾਰ ਦਾ ਆਧਾਰ ਹੈ ਉੱਥੇ ਸੱਭਿਆਚਾਰ ਲੋਕਧਾਰਾ ਨੂੰ ਵਿਰਸੇ ਵਜੋਂ ਸੰਭਾਲਦਾ ਹੈ ।



Post a Comment

0 Comments