Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਦਸਵੀਂ ਤੋਂ ਬਾਅਦ ਕੀ ਕਰੀਏ…..?

 

               


                   ਦਸਵੀਂ ਕਰਦਿਆਂਂ ਜਾਂ ਕਰਨ ਤੋਂ ਬਾਅਦ ਤੁਹਾਡੇ ਬੱਚਿਆਂਂ ਦੇ ਦਿਮਾਗ਼ ਵਿਚ ਕੁੱਝ ਪ੍ਰਸ਼ਨ ਜ਼ਰੂਰ ਆਉਂਦੇ ਹਨ। ਜਿਵੇਂ - ਅੱਗੇ ਕਿਹੜੀ ਸਟਰੀਮ ਵੱਲ ਜਾਇਆ ਜਾਏ ? ਕਿਸ ਪਾਸੇ ਜਲਦੀ ਤੇ ਚੰਗੀ ਕਮਾਈ ਯੋਗ ਨੌਕਰੀ ਮਿਲਣ ਦੀ ਆਸ ਹੈ ? ਜਾਂ ਫਿਰ ਅੱਗੇ ਪੜ੍ਹਿਆ ਜਾਵੇ ਜਾਂ ਕੋਈ ਰੁਜ਼ਗਾਰ ਲੱਭੀਏ ? ਇਨ੍ਹਾਂ ਸਵਾਲਾਂ ਨੂੰ ਜਰ੍ਹਾਂ ਇੱਥੇ ਹੀ ਅਟਕਾਓ ਤੇ ਸਭ ਤੋਂ ਪਹਿਲਾਂ ਆਪਣੀ ਫ਼ਿਕਰ ਤਿਆਗ ਦਿਓ ਤੇ ਆਓ ਹੁਣ ਆਪਾਂ ਸ੍ਵੈ ਨੂੰ ਪਛਾਨਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਆਪਣੀ ਸ਼ਖ਼ਸੀਅਤ ਦੇ ਗੁਣ ਦੇਖੋ, ਫਿਰ ਆਪਣੀਆਂ ਖ਼ਾਮੀਆਂ ਨੂੰ ਵੀ ਵਾਚੋ। ਇਸ ਤੋਂ ਅੱਗੇ ਵਧੋ ਤੇ ਆਪਣੀਆਂ ਪੜ੍ਹਨ ਤੇ ਖੋਜਣ ਦੀਆਂ ਰੁਚੀਆਂ ਵੱਲ ਧਿਆਨ ਦਿਓ।

                   ਇਹੀ ਸਮਾਂ ਹੁੰਦਾ ਹੈ ਜਦੋਂ ਘਰ ਦੀ ਆਰਥਿਕ ਹਾਲਤ ਅਤੇ ਅਗਲੇਰੀ ਪੜ੍ਹਾਈ ਦੀਆਂ ਫੀਸਾਂ ਦਾ ਆਪਸੀ ਟਾਕਰਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰੀ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੀ ਲਿਸਟ ਦੇਖੀ ਜਾਵੇ, ਜੋ ਤੁਹਾਡੀ ਦਸਵੀਂ ਜਮਾਤ ਦੀ ਚੰਗੀ ਪ੍ਰਤੀਸ਼ਤ ਨੂੰ ਦੇਖਦਿਆਂ, ਤੁਹਾਡੇ ਵਲੋਂ ਚੁਣੇ ਜਾ ਰਹੇ ਕੋਰਸ ਲਈ ਸਹੀ ਅਤੇ ਸੁਚੱਜਾ ਯੋਗਦਾਨ ਦੇ ਸਕਣ ਦਾ ਭਰੋਸਾ ਦਿਵਾਉਂਦੀ ਹੋਵੇ ਤੁਸੀਂ ਉਹੀ ਸੰਸਥਾ ਚੁਣ ਸਕਦੇ ਹੋ।

ਤਿਆਰ ਕਰੋ ਕੋਰਸ ਦੀ ਸੂਚੀ   

               ਇਮ ਸਮਾਂ ਹਰ ਕਾਲਜ ਆਪੋ ਆਪਣੀ ਫੀਲਡ ਵਿਚ ਮਾਹਰ ਹੋਣ ਲਈ ਵੱਖ ਵੱਖ ਕੋਰਸਾਂ ਦੀ ਆਵਾਜ਼ਾਂ ਲਗਾਉਂਦੇ ਨਜ਼ਰ ਆਉਂਦੇ ਹਨ। ਇਸ ਵਕਤ ਤੁਸੀਂ ਜਿਸ ਫੀਲਡ/ਸਟਰੀਮ ਵੱਲ ਭਵਿੱਖ ਵੇਖ ਰਹੇ ਹੋ ਉਸ ਨਾਲ ਸੰਬੰਧਿਤ ਕੋਰਸਾਂ ਦੀ ਸੂਚੀ ਤਿਆਰ ਕਰੋ। ਹੋ ਸਕੇ ਤਾਂ ਉਸ ਫੀਲਡ ਦੇ ਉਦਮੀਆਂ ਦੀ ਸਲਾਹ ਜ਼ਰੂਰ ਲਵੋ, ਇਸੇ ਨਾਲ ਸ਼ਖ਼ਸੀਅਤ ਦੇ ਉਸਾਰ ਵਿਚ ਸਹਾਈ ਵਿਚਾਰਾਂ ਨਾਲ ਵੀ ਸਾਂਝ ਬਣਾਉਂਦੇ ਰਹਿਣਾ ਚਾਹੀਦਾ ਹੈ। ਤੁਹਾਡੇ ਵਲੋਂ ਇਕੱਤਰ ਕੀਤੀ ਗਈ ਕੋਰਸ ਸੂਚੀ ਵਿਚੋਂ ਆਪਣੀ ਪਸੰਦੀਦਾ ਕੋਰਸ ਚੁਣੋਂ,ਉਸ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਪਛਾਣ ਵੀ ਜ਼ਰੂਰ ਕਰ ਲੈਂਣੀ ਲੋੜੀਂਦੀ ਹੋਵੇਗੀ।

              ਆਓ ਹੁਣ ਦਸਵੀਂ ਕਰਨ ਮਗਰੋਂ ਕਿਹੜਾ ਫੀਲਡ ਜਾਂ ਸਟਰੀਮ ਚੁਣ ਸਕਦੇ ਹਾਂ ਇਸ ਵੱਲ ਝਾਤ ਮਾਰੀਏ। ਪੰਜਾਬੀ ਦੇ ਸੁਲਝੇ ਅਧਿਆਪਕ ਤੇ ਪੰਜਾਬੀ ਕਵੀ ਕਰਮਜੀਤ ਗਰੇਵਾਲ ਹੋਰਾਂ ਦੀ ਰਚਨਾ ਦਾ ਬੰਦ ਯਾਦ ਆ ਰਿਹਾ ਹੈ ਉਨ੍ਹਾਂ ਲਿਖਿਆ ਸੀ ਕਿ "ਸਾਇੰਸ, ਆਰਟਸ, ਕਮਰਸ, ਵੋਕੇਸ਼ਨ,   ਇੱਕ ਗੱਡੀ ਦੇ ਚਾਰ ਸਟੇਸ਼ਨ"   ਬੇਸ਼ੱਕ ਕਾਵਿ-ਬੰਦ ਦੀਆਂ ਚਾਰ ਸਟਰੀਮਸ 'ਚੋਂ ਆਮ ਕਰਕੇ ਇਕ ਚੁਣ ਲਿਆ ਜਾਂਦਾ ਹੈ। ਜੋ ਬੱਚੇ ਕਲਾ , ਸਾਹਿਤ ਆਦਿ ਦੇ ਖੇਤਰ ਵੱਲ ਜਾਣਾ ਚਾਹੁੰਦੇ ਹਨ ਉਹ ਆਰਟਸ ਸਟਰੀਮ ਚੁਣ ਲੈਂਦੇ ਨੇ, ਜਿੰਨ੍ਹਾਂ ਨੇ ਡਾਕਟਰੀ , ਇੰਜੀਨੀਅਰਿੰਗ ਆਦਿ ਸੇਵਾਵਾਂ ਦੇਣ ਦੀ ਠਾਣੀ ਹੁੰਦੀ ਹੈ ਉਹ ਸਾਇੰਸ ਦਾ ਫੀਲਡ ਚੁਣਦੇ ਹਨ। ਇਸੇ ਤਰ੍ਹਾਂ ਬੈਕਿੰਗ ਜਾਂ ਅਰਥ-ਸ਼ਾਸਤਰ ਨਾਲ ਸੰਬੰਧਿਤ ਰੁਝਾਨਾਂ ਵਾਲੇ ਬੱਚੇ ਕਮਰਸ, ਇਕਨੋਮਿਕਸ, ਮੈੱਥ ਜਾਂ ਕੰਪਿਊਟਰ ਵੱਲ ਨੂੰ ਤੁਰ ਪੈਂਦੇ ਹਨ ਅਤੇ ਆਖ਼ਰ ਅੱਗੇ ਵੇਖੀਏ ਤਾਂ ਇਲੈਕਟ੍ਰਾਨਿਕ ਆਦਿ ਕੰਮਾਂ ਵਿਚ ਦਿਲਚਸਪੀ ਰੱਖਣ ਵਾਲੇ ਬੱਚੇ ਵੋਕੇਸ਼ਨਲ ਸਟਰੀਮ ਨੂੰ ਤਰਜੀਹ ਦਿੰਦੇ ਹਨ। ਦਸਵੀਂ ਜਮਾਤ ਕਰਨ ਮਗਰੋਂ ਗਿਆਰਵੀਂ ਦੀ ਪੜਾਈ ਰਸਮੀ ਜਾਂ ਰਵਾਇਤੀ ਸਿਖਿਆ ਵਜੋਂ ਜਾਣੀ ਜਾਂਦੀ ਹੈ।

           ਇਨ੍ਹਾਂ ਚਾਰ ਸਟਰੀਮਸ ਨੂੰ ਨਜ਼ਰਸਾਨੀ ਕਰਦਿਆਂ ਹੀ , ਇਨ੍ਹਾਂ ਦੇ ਸਮਨਾਂਤਰ ਕੁੱਝ ਉਦਮੀ ਕੋਰਸ ਹਨ ਜੋ ਦਸਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਟੈਕਨੀਕਲ ਕੋਰਸਾਂ ਦੇ ਰੂਪ ਵਿਚ ਵਿਚਾਰੇ ਜਾ ਸਕਦੇ ਹਨ। ਟੈਕਨੀਕਲ ਕੋਰਸਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

1) ਆਈ.ਟੀ.ਆਈ. ਕੋਰਸ

2) ਡਿਪਲੋਮਾ ਕੋਰਸ

3) ਸ਼ੌਟ-ਟਰਮ ਕੋਰਸਜ਼

ਆਈ.ਟੀ.ਆਈ.

                            ਵਿਦਿਆਰਥੀ ਦਸਵੀਂ ਮਗਰੋਂ ਆਈ.ਟੀ.ਆਈ. ਕਰਨ ਉਪਰੰਤ ਤਿੰਨ ਸਾਲਾ ਡਿਪਲੋਮਾ, ਜੋ ਕਿ ਦੋ ਸਾਲ ਦਾ ਰਹਿ ਜਾਂਦਾ ਹੈ , ਨੂੰ ਕਰਨ ਉਪਰੰਤ ਚਾਰ ਸਾਲ ਦੀ ਡਿਗਰੀ ਚੋਂ ਇਕ ਸਾਲ ਘੱਟ ਕੇ , ਡਿਗਰੀ ਤਿੰਨ ਸਾਲਾਂ ਵਿਚ ਪੂਰੀ ਹੋ ਜਾਂਦੀ ਹੈ। ਇਉਂ ਜਿੱਥੇ ਸਮੇਂ ਦੀ ਬੱਚਤ ਹੁੰਦੀ ਹੈ ਉੱਥੇ ਪੈਸਾ ਤਾਂ ਬਚਦਾ ਹੀ ਹੈ ਇਸੇ ਨਾਲ ਰੁਜ਼ਗਾਰ ਸਮੇਂ ਸਿਰ ਮਿਲਣ ਦੇ ਆਸਾਰ ਵੱਧ ਜਾਂਦੇ ਹਨ। ਇਹ ਜ਼ਰੂਰ ਹੈ ਕਿ ਡਿਗਰੀ ਹੋਲਡਰਾਂ ਲਈ ਵੱਡੇ ਪੈਕੇਜ ਮਿਲਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਪਰ ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਚੰਗੇ ਪੈਕੇਜ ਮਿਲ ਜਾਂਦੇ ਹਨ। ਇਕ ਸਾਲਾ ਆਈ.ਟੀ.ਆਈ ਕੋਰਸ ਹਨ :- ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਕਟਿੰਗ ਟੇਲਰਿੰਗ, ਵੈਲਡਰ , ਕੰਪਿਊਟਰ  ਹਾਰਡਵੇਅਰ,  ਕਾਰਪੇਂਟਰ,  ਟਰੈਕਟਰ ਮਕੈਨਿਕ ਕੋਰਸ ਆਦਿ ਹਨ। ਇਸੇ ਤਰ੍ਹਾਂ ਦੋ ਸਾਲਾ ਕੋਰਸ ਹਨ - ਫਿਟਰ, ਪਲੰਬਰ,  ਇਲੈਕਟਰੀਸ਼ਨ, ਡੀਜ਼ਲ ਮਕੈਨਿਕ ਆਦਿ ।

 ਡਿਪਲੋਮਾ ਕੋਰਸ

                            ਤਿੰਨ ਅਤੇ ਚਾਰ ਸਾਲਾ ਡਿਪਲੋਮਾ ਕੋਰਸਾਂ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਪ੍ਰੌਡਕਸ਼ਨ ਇੰਜੀਨੀਅਰਿੰਗ, ਮਕੈ.ਇੰਜੀ.ਟੂਲ ਅਤੇ ਡਾਈ ਟੈਕਨੋਲੋਜੀ, ਕੰਪਿਊਟਰ ਇੰਜੀਨੀਅਰਿੰਗ, ਇਨਫਾਰਮੇਸ਼ਨ ਟੈਕਨੋਲੋਜੀ, ਇਲੈਕਟਰੋਨਿਕ ਕੋਮਿਊਨੀਕੇਸ਼ਨ, ਇਲੈਕਟਰੋਨਿਕ ਟੈਲੀ ਕੋਮਿਊਨੀਕੇਸ਼ਨ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨ, ਗਾਰਮੈਂਟ, ਨਿਟਿੰਗ, ਲ਼ੈਦਰ ਟੈਕਨੋਲੋਜੀ, ਮਾਡਰਨ ਆਫਿਸ ਪ੍ਰੈਕਟਿਸ, ਲਾਇਬਰੇਰੀ ਅਤੇ ਇਨਫਾਰਮੇਸ਼ਨ ਸਾਇੰਸ ਤੋਂ ਇਲਾਵਾ ਮੈਡੀਕਲ ਲੈਬ ਟੈਕਨਾਲੌਜੀ, ਟੈਕਸਟਾਈਲ ਟੈਕਨਾਲੌਜੀ, ਕੈਮੀਕਲ ਇੰਜੀਨੀਅਰਿੰਗ, ਪਲਾਸਟਿਕ ਟੈਕਨਾਲੋਜੀ, ਆਟੋਮੋਬਾਇਲ ਇੰਜੀਨੀਅਰਿੰਗ ਆਦਿ ਕੋਰਸਾਂ 'ਚੋਂ ਆਪਣੀ ਸਮਰਥਾ ਅਤੇ ਰੁਝਾਨ ਅਨੁਸਾਰ ਚੁਣਿਆ ਜਾ ਸਕਦਾ ਹੈ।

ਦਾਖ਼ਲਾ ਲੈਣ ਦਾ ਤਰੀਕਾ

                          ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਮੈਟ੍ਰਿਕ ਪ੍ਰੀਖਿਆ ਦੇ ਨੰਬਰਾਂ ਦੇ ਆਧਾਰ 'ਤੇ  ਸੀਟ ਮਿਲ ਜਾਂਦੀ ਹੈ। ਕੋਰਸ ਐਡਮਿਸ਼ਨ ਸੰਬੰਧੀ ਸੂਚਨਾ ਵੱਖ ਵੱਖ ਅਖ਼ਬਾਰਾਂ ਅਤੇ ਵੈੱਬਸਾਈਟ ਤੇ ਸਮੇਂ ਸਿਰ ਆਉਂਦੀਆਂ ਰਹਿੰਦੀਆਂ ਹਨ।

ਸ਼ੌਟ-ਟਰਮ ਕੋਰਸ

                        ਪੜ੍ਹਾਈ ਦੇ ਨਾਲ ਕਿੱਤਾਮੁਖੀ ਕੋਰਸ ਕਰਨ ਲਈ ਕਈ ਸੰਸਥਾਵਾਂ ਹਨ।  ਅਜਿਹੀਆਂ ਕਾਰਜਸ਼ੀਲ ਸੰਸਥਾਵਾਂ ਵਿਚੋਂ ਇਕ ਸੰਸਥਾ ਰੂਡਸੇਟ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਰੂਡਸੇਟ ਦਾ ਅਰਥ ਹੈ - ਪੇਂਡੂ ਵਿਕਾਸ ਅਤੈ ਸਵੈ ਰੋਜ਼ਗ਼ਾਰ ਸਿਖਲਾਈ ਸੰਸਥਾ। ਇਸ ਸਮੇਂ ਪੂਰੇ ਭਾਰਤ ਵਿਚ ਇਸਦੀਅਾਂ 27 ਸਾਖ਼ਾਵਾ ( ਬ੍ਰਾਂਚਾਂ ) ਕੰਮ ਕਰ ਰਹੀਆਂ ਹਨ। ਜਿਲ੍ਹੇ ਜਲੰਧਰ ਵਿਚ 2000 ਈ. ਵਿਚ ਰੂਡਸੇਟ ਸੰਸਥਾ ਸਥਾਪਤ ਕੀਤੀ ਗਈ ਸੀ। ਜਿਥੇ ਅੱਠ ਘੰਟੇ ਰੋਜ਼ਾਨਾ ਭਾਵ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸਿਖਲਾਈ ਦਿੱਤੀ ਜਾਂਦੀ ਹੈ। ਸਾਰੇ ਦੇ ਸਾਰੇ ਕੋਰਸ ਸ਼ੌਟ-ਟਰਮ ਹਨ। ਜਿਵੇਂ - ਟੇਲਰਿੰਗ ਅਤੇ ਡਰੈੱਸ ਡਿਜ਼ਾਇਨਿੰਗ ( ਲੜਕੇ ਤੇ ਲੜਕੀਆਂ), ਬਿਊਟੀ ਪਾਰਲਰ ਮੈਨਜਮੈਂਟ, ਕੰਪਿਊਟਰ ਟੈਲੀ/ਅਕਾਊਂਟਿੰਗ, ਫਰਿੱਜ ਅਤੇ ਏ.ਸੀ. ਮੁਰੰਮਤ, ਪਲਮਬਰਿੰਗ ਅਤੇ ਸੈਨਟਰੀ ਵਰਕ, ਮੋਟਰ ਵਾਇਡਿੰਗ, ਪੰਪ ਸੈੱਟ ਰਿਪੇਇ ਅਤੇ ਬਿਜਲੀ ਫਿਟਿੰਗ, ਫੋਟੋਗ੍ਰਾਫੀ ਅਤੇ ਵਿਡਿਓਗ੍ਰਾਫ਼ੀ, ਫੌਰਵਿਲਰ ਡਰਾਇਵਿੰਗ, ਮੋਬਾਇਲ ਰਿਪੇਅਰਿੰਗ, ਆਦਿ ਕੋਰਸ ਦੀ ਟ੍ਰੇਨਿੰਗ 30 ਦਿਨ ਅਤੇ ਖੁੰਬ ਉਤਪਾਦਨ, ਮਧੂਮੱਖੀ ਪਾਲਣ, ਪਸ਼ੂ ਪਾਲਭ ਅਤੇ ਖਾਦ ਬਨਾਉਣ, ਫਾਸਟ ਫੂਡ ਪ੍ਰੀਪ੍ਰੇਸ਼ਨ ਆਦਿ ਦੀ ਸਿਖਲਾਈ ਦਸ ਦਿਨ ਵਿਚ ਦਿੱਤੀ ਜਾਂਦੀ ਹੈ। । ਇਨ੍ਹਾਂ ਕੋਰਸਾਂ ਤੋਂ ਬਿੰਨਾਂ ਹੋਰ ਵੀ ਸ਼ੌਟ-ਟਰਮ ਕੋਰਸ ਜਿਵੇਂ ਕੰਪਿਊਟਰ ਰਿਪੇਅਰਿੰਗ, ਕੰਪਿਊਟਰ ਡੀ.ਟੀ.ਪੀ. ਸਲਾਈ-ਕਢਾਈ, ਡਾਟਾ ਉਪਰੇਟਰ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਦਾਖ਼ਲਾ ਲੈਣ ਦਾ ਤਰੀਕਾ

                                        ਇਨ੍ਹਾਂ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਪ੍ਰਰਾਥੀ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਸੰਸਥਾਨ ਵਲੋਂ ਵੀ ਕਿੱਤਾ-ਸਹਾਈ ਕੋਰਸ ਕਰਵਾਏ ਜਾਂਦੇ ਹਨ।

ਸਰਕਾਰੀ ਸਕਾਲਰਸ਼ਿੱਪਸ਼ ਯੋਜਨਾ

                                     ਪੰਜਾਬ ਸਰਕਾਰ ਵਲੋਂ 'ਮੁੱਖ ਮੰਤਰੀ ਸਕਾਲਰਸ਼ਿੱਪਸ਼ ਯੋਜਨਾ' ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਅਧੀਨ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਲਈ ਉਨ੍ਹਾਂ ਦੀ ਪ੍ਰੀਖਿਆ ਵਿਚੋਂ  ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਦੇ ਆਧਾਰ 'ਤੇ ਫੀਸ ਮੁਆਫ਼ ਕੀਤੀ ਜਾਂਦੀ ਹੈ। ਉਦਾਹਰਣ ਲਈ ਜੇਕਰ ਤੁਹਾਡੇ 65% ਅੰਕ ਹਨ ਤਾਂ ਤੁਹਾਡੇ ਵਲੋਂ ਚੁਣੇ ਗਏ ਕੋਰਸ ਦੀ 65% ਫੀਸ ਮੁਆਫ਼ ਕੀਤੀ ਜਾਵੇਗੀ। ਜਦ ਕਿ ਐੱਸ.ਸੀ. ਵਿਦਿਆਰਥੀਆਂ ਦੀ ਸਾਰੀ ਫੀਸ ਮੁਆਫ਼ ਹੈ। ਇਸੇ ਨਾਲ 90% ਤੋਂ ਵੱਧ ਨੰਬਰ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਂਦੀ ਹੈ।


                  ( ਨੋਟ - ਮੇਰਾ ਇਹ ਆਰਟੀਕਲ 'ਜੱਗ-ਬਾਣੀ' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)

Post a Comment

0 Comments