Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਨਾਵਲ ਸਾਹਿਤ ਰੂਪ ਉਪਰ ਨੋਟ ਲਿਖੋ?

                     ਨਾਵਲ ਅਜੋਕੇ ਸਾਹਿਤ ਦਾ ਇੱਕ ਹਰਮਨ ਪਿਆਰਾ ਤੇ ਪ੍ਰਭਾਵਸ਼ਾਲੀ ਰੂਪ ਹੈ। ਭਾਵੇਂ ਇਸ ਦਾ ਆਕਾਰ ਵੱਡਾ ਹੁੰਦਾ ਹੈ। ਪਰ ਅੱਜ ਕੱਲ੍ਹ ਦਾ ਤੇਜ਼ ਰਫ਼ਤਾਰ ਵਾਲਾ ਜ਼ਮਾਨਾ ਵੀ ਇਸ ਨੂੰ ਪੜ੍ਹਨ ਦਾ ਸ਼ੌਕ ਰੱਖਦਾ ਹੈ। ਨਾਵਲ ਵਿੱਚ ਆਮ ਕਰਕੇ ਕੁਝ ਪਾਤਰਾਂ ਦੀ ਜੀਵਨ ਕਹਾਣੀ ਨੂੰ ਸਾਹਿਤਿਕ ਢੰਗ ਨਾਲ ਪੇਸ਼ ਕੀਤਾ ਹੁੰਦਾ ਹੈ। ਨਾਵਲ ਗਲਪ ਦਾ ਇੱਕ ਰੂਪ ਹੈ। ਪਰਿਭਾਸ਼ਾ- ਨਾਵਲ ਬਾਰੇ ਵੱਖ-ਵੱਖ ਵਿਦਵਾਨਾਂ ਨੇ ਪਰਿਭਾਸ਼ਾ ਦਿੱਤੀ ਹੈ।

ਸ਼ਿਆਮ ਸੁੰਦਰ ਅਨੁਸਾਰ- "ਸਾਡੇ ਅਸਲ ਜੀਵਨ ਦੀ ਕਲਪਿਤ ਕਥਾ ਨਾਵਲ ਕਿਹਾ ਜਾਂਦਾ ਹੈ।"

 Ralf fox (ਰੈਲਫ਼ ਫੋਕਸ) ਅਨੁਸਾਰ- "(Novel is the epic of life)" "ਨਾਵਲ ਜੀਵਨ ਦਾ ਮਹਾਂਕਾਵਿ ਹੈ।"

ਵਾਲਟਰ ਸਕਾਟ ਅਨੁਸਾਰ- " ਨਾਵਲ ਸਾਡੀਆਂ ਰੋਜ਼ਾਨਾ ਗੱਲਾਂ ਦਾ ਰੋਜਨਾ ਮਚਾ ਹੈ। ਇਸ ਦੇ ਪਾਤਰ ਸਾਨੂੰ,ਗਲੀ ਦੇ ਮੋੜ 'ਤੇ ਮਿਲ ਜਾਂਦੇ ਹਨ।"

                        ਸੋ, ਨਾਵਲ ਦੀ ਮਦਦ ਨਾਲ ਦਿਲਚਸਪ ਰੂਪ ਵਿਚ ਕਿਸੇ ਕਥਾ ਨੂੰ ਵੱਡੇ ਅਕਾਰ ਵਿੱਚ ਪੇਸ਼ ਕਰਦਾ ਹੈ l 

ਵਿਸ਼ੇਸ਼ਤਾਵਾਂ- 

1. ਇਸ ਦਾ ਅਕਾਰ ਵੱਡਾ ਹੁੰਦਾ ਹੈ।

2. ਨਾਵਲ ਵਿੱਚ ਅਸਲੀਅਤ ਅਤੇ ਕਲਪਨਾ ਦਾ ਸੁਮੇਲ ਹੁੰਦਾ ਹੈ।

3. ਨਾਵਲ ਵਿਚ ਪਾਤਰਾਂ ਦੇ ਜੀਵਨ ਦੀਆਂ ਘਟਨਾਵਾਂ ਕਹਾਣੀ ਰਸ ਰਾਹੀਂ ਪੇਸ਼ ਕੀਤੀਆਂ ਹੁੰਦੀਆਂ ਹਨ। 

ਤੱਤ- 

1. ਕਥਾਨਕ /ਗੋਂਦ/ਪਲਾਟ-  ਕਿਸੇ ਰਚਨਾ ਵਿੱਚ ਚੋਣਵੀਆਂ ਘਟਨਾਵਾਂ ਦੀ ਤਰਤੀਬ ਵਾਰ ਪੇਸ਼ਕਾਰੀ ਪਲਾਟ ਅਖਵਾਉਂਦੀ ਹੈ।" ਡਾ. ਆਤਮਜੀਤ ਦਾ ਮੰਨਣਾ ਹੈ- ਘਟਨਾਵਾਂ ਨੂੰ ਜਿਸ ਲੜੀ ਵਿੱਚ ਗੁੰਦਿਆ ਜਾਂਦਾ ਹੈ ਉਸ ਨੂੰ ਗੋਂਦ ਜਾਂ ਪਲਾਂਟ ਕਹਿੰਦੇ ਹਨ।"ਪੰਜਾਬੀ ਦੇ ਬਹੁਤ ਸਾਰੇ ਨਾਵਲਾਂ ਦੀ ਗੋਂਦ ਜਾਂ ਬਣਤਰ ਗੁੰਦਵੀਂ ਤੇ ਢੁਕਵੀਂ ਹੈ। 

ਜਿਵੇਂ- ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ, ਨਾਸੂਰ ਆਦਿ।

2. ਪਾਤਰ-ਵਿਧਾਨ- ਪਾਤਰ ਨਾਵਲ ਦੀ ਜਿੰਦ ਜਾਨ ਹੁੰਦੇ ਹਨ। ਨਾਵਲ ਕਿਸੇ ਨਾ ਕਿਸੇ ਪਾਤਰ ਦੀ ਜ਼ਿੰਦਗੀ ਨੂੰ ਜਾਂ ਜ਼ਿੰਦਗੀ ਦੇ ਕੁੱਝ ਹਿੱਸੇ ਨੂੰ ਪੇਸ਼ ਕਰਦਾ ਹੈ। ਕੁਝ ਰਚਨਾਵਾਂ ਪਾਤਰਾਂ ਦੇ ਸਿਰ ਤੇ ਹੀ ਜਿਉਂਦੀਆਂ ਹਨ। ਰਚਨਾਵਾਂ ਵਿਚ ਪਾਤਰ ਅਕਸਰ ਦੋ ਤਰ੍ਹਾਂ ਦੇ ਹੁੰਦੇ ਹਨ।

1) ਗੋਲ ਪਾਤਰ (ਹਾਲਾਤ ਅਨੁਸਾਰ ਬਦਲਣ ਵਾਲੇ)

2) ਚਪਟੇ ਪਾਤਰ (ਹਾਲਾਤ ਅਨੁਸਾਰ ਨਾ ਬਦਲਣ ਵਾਲੇ)

ਪੰਜਾਬੀ ਵਿਚ ਕੲੀ ਨਾਵਲ ਆਪਣੇ ਪਾਤਰਾਂ ਕਰਕੇ ਪ੍ਰਸਿੱਧ ਹੋ ਗਏ ਹਨ। ਜਿਵੇਂ- ਪਰਸਾ ਨਾਵਲ ਦਾ ਪਾਤਰ ਪਰਸਾ ਨਾਸੂਰ ਦਾ ਪਾਤਰ ਸੰਗਤੂ 

ਪਾਲੀ ਦੀ ਪਾਤਰ ਪਾਲੀ 

ਅਗਨੀ ਪ੍ਰੀਖਿਆ ਦੀ ਪਾਤਰ ਮਨਦੀਪ ਆਦਿ।

3. ਵਾਰਤਾਲਾਪ- (ਸੰਵਾਦ / ਡਾਇਲੌਗ) ਵਾਰਤਾਲਾਪ ਰਚਨਾ ਨੂੰ ਰੌਚਕ ਬਣਾਉਂਦੇ ਹਨ ਅਤੇ ਘਟਨਾਵਾਂ ਨੂੰ ਅੱਗੇ ਵਧਾਉਂਦੇ ਹਨ। ਪਾਤਰ ਆਪਸ ਵਿੱਚ ਜੋ ਗੱਲਬਾਤ ਕਰਦੇ ਹਨ ਉਹ ਵਾਰਤਾਲਾਪ ਹੈ। ਵਾਰਤਾਲਾਪ ਰਾਹੀਂ ਪਾਤਰ ਬਾਰੇ ਪਤਾ ਲੱਗਦਾ ਹੈ। 

ਉਦਾਹਰਣ ਵਜੋਂ- 'ਮੜ੍ਹੀ ਦਾ ਦੀਵਾ' ਨਾਵਲ ਵਿਚੋਂ 

ਰੌਣਕੀ - "ਮੋਹ ਬਿਨਾਂ ਦੁਨੀਆ  ਕਾਹਦੀ, 

  ਜਗਸਿਆ, ਮੋਹ ਅੱਜ ਕੱਲ ਲੋਕਾਂ 'ਚੋਂ ਊਈ-ਮੁੱਕਦਾ ਜਾਂਦੈ।"

 ਜਗਸੀਰ- "ਜੇ ਬੰਦੇ ਦਾ ਕੋਈ ਨਾ ਹੋਵੇ ਰੋਣਕਾ,

                 ਫੇਰ ਭਲਾ ਉਹ ਵੱਧ ਸੌਖਾ ਰਹੇ।" 

ਜਾਂ

         'ਬਸ ਅਜੇ ਏਨਾ ਹੀ' ਨਾਵਲ 'ਚ ਮਨੀ ਕਹਿੰਦੀ ਹੈ-      

                 "ਪਿਆਰ ਵੀ ਬੁਖ਼ਾਰ ਵਰਗਾ ਹੁੰਦੈ।

                  ਕਦੇ ਵਧ ਜਾਂਦਾ ਕਦੇ ਘੱਟ ਜਾਂਦਾ।"

4. ਵਿਸ਼ਾ- ਵਿਸ਼ਾ ਰਚਨਾ ਨੂੰ ਅਰਥ ਦਿੰਦਾ ਹੈ। ਹਰ ਰਚਨਾ ਵਿਚ ਕੋਈ ਵਿਚਾਰ ਜਰੂਰ ਪੇਸ਼ ਕੀਤਾ ਹੁੰਦਾ ਹੈ। ਅਕਸਰ ਨਾਵਲ ਦਾ ਵਿਸ਼ਾ ਸਮਾਜਿਕ, ਮਨੋਵਿਗਿਆਨਿਕ, ਰਾਜਨੀਤਿਕ, ਆਰਥਿਕ, ਇਤਿਹਾਸਿਕ ਆਦਿ ਕੋਈ ਵੀ ਹੋ ਸਕਦਾ ਹੈ। 

ਉਦਾਹਰਣ ਵਜੋਂ- ਨਛੱਤਰ ਦਾ ਲਿਖਿਆ ਨਾਵਲ 'ਸਲੋਅਡਾਊਨ' ਬਹੁਦੇਸੀ ਕੰਪਨੀਆਂ ਦੇ ਜਾਲ 'ਚ ਫਸੇ ਨੌਜਵਾਨਾਂ ਬਾਰੇ ਹੈ।

5. ਵਾਤਾਵਰਣ- ਨਾਵਲ ਵਿਚ ਵਿਸ਼ੇ ਤੇ ਕਹਾਣੀ ਮੁਤਾਬਿਕ ਵਾਤਾਵਰਣ ਚੁਣਿਆ ਹੁੰਦਾ ਹੈ। ਪੇਂਡੂ ਪਾਤਰ ਪਿੰਡਾਂ ਵਾਲੀ ਬੋਲੀ ਬੋਲਦੇ ਹਨ। ਪੇਂਡੂ ਪਹਿਰਾਵਾ ਪਾਉਂਦੇ ਹਨ। ਸੋ, ਅਜਿਹੇ ਨਾਵਲ ਵਿੱਚ ਪੇਂਡੂ ਨਾਵਲ ਹੁੰਦਾ ਹੈ। ਪੰਜਾਬੀ ਵਿੱਚ ਗੁਰਦਿਆਲ ਸਿੰਘ ਨੇ, ਮਾਲਵੇ ਦੇ ਵਾਤਾਵਰਣ ਵਾਲੇ ਆਂਚਲਿਕ ਨਾਵਲ ਲਿਖਿਆ ਹੈ। ਨਰੂਲਾ ਨੇ ਮਾਂਝੇ ਦਾ ਵਾਤਾਵਰਣ ਪੇਸ਼ ਕੀਤਾ ਹੈ।

6. ਬੋਲੀ ਤੇ ਸ਼ੈਲੀ- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ। 

ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਨਾਵਲ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ। ਜਿਵੇਂ- ਪੱਤਰ ਸ਼ੈਲੀ, ਡਾਇਰੀ ਸ਼ੈਲੀ, ਕਾਵਿਕ ਸ਼ੈਲੀ, ਬਿਆਨੀਆ ਸ਼ੈਲੀ, ਨਾਟਕੀ ਸ਼ੈਲੀ, ਸੰਬੋਧਨੀ ਸ਼ੈਲੀ, ਵਾਰਤਾਲਾਪੀ ਸ਼ੈਲੀ ਆਦਿ।

ਉਦਾਹਰਣ ਵਜੋਂ- ਨਾਵਲ 'ਤੂਤਾਂ ਵਾਲਾ ਖੂਹ' ਦੀ ਬੋਲੀ ਅਤੇ ਸ਼ੈਲੀ ਦੀ ਝਲਕ ਵੇਖ ਸਕਦੇ ਹਾਂ।

 ("ਜਿਥੇ ਕਦੇ ਬੁਲਬੁਲਾਂ ਗਾਉਂਦੀਆਂ ਸੀ, ਅੱਜ ਉਥੇ ਉੱਲੂਆਂ ਦਾ ਬੋਲਬਾਲਾ ਏ। ਤੇ ਜਾਣਦੈ? ਉੱਲੂ ਸਦਾ ਉਜਾੜ ਭਾਲਦੇ ਨੇ ਉਜਾੜ।") ਵਾਰਤਾਲਾਪੀ ਸ਼ੈਲੀ

7. ਸਿਰਲੇਖ- ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੌਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।

ਉਦਾਹਰਣ ਵਜੋਂ- ਏਹੁ ਹਮਾਰਾ ਜੀਵਣਾ, ਪੀਲ਼ੇ ਪੱਤਿਆਂ ਦੀ ਦਾਸਤਾਨ, ਪਾਲੀ, ਕਥਾ ਇਕ ਹਉਕੇ ਦੀ ਇਕ ਮਿਆਨ ਦੋ ਤਲਵਾਰਾਂ, ਵੀਹਵੀਂ ਸਦੀ ਦੀ ਆਖਰੀ ਕਥਾ, ਰਾਤ ਦੇ ਰਾਹੀ, ਬੁਰਕੇ ਵਾਲੇ ਲੁਟੇਰੇ, ਪਿਉ-ਪੁੱਤਰ।

8. ਉਦੇਸ਼-ਹਰ ਰਚਨਾ ਦਾ ਕੋਈ ਉਦੇਸ਼ ਹੁੰਦਾ ਹੈ। ਸਮਾਜ ਨੂੰ ਸੇਧ ਦੇਣਾ ਜਾਂ ਕਿਸੇ ਹਾਲਤ ਦਾ ਬਿਆਨ ਕਰ ਦੇਣਾ ਨਾਵਲ ਦਾ ਮੁੱਖ ਮਨੋਰਥ ਹੈ।

 ਪੰਜਾਬੀ ਨਾਵਲ ਦਾ ਇਤਿਹਾਸ-

                         ਪੰਜਾਬੀ ਵਿਚ ਨਾਨਕ ਸਿੰਘ, ਚਰਨ ਸਿੰਘ, ਜਸਵੰਤ ਸਿੰਘ ਕਮਲ, ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਅੰਮ੍ਰਿਤਾ ਪ੍ਰੀਤਮ, ਕਰਮਜੀਤ ਕੁੱਸਾ, ਮੋਹਨ ਕਾਹਲੋਂ, ਜਤਿੰਦਰ ਹਾਂਸ, ਨਿਰੰਜਨ ਤਸਨੀਮ ਬਲਜਿੰਦਰ ਨਸਰਾਲੀ ਆਦਿ ਲੇਖਕਾਂ ਨੇ ਨਾਵਲ ਲਿਖ ਕੇ ਇਸ ਦਾ ਵਿਕਾਸ ਕੀਤਾ।

                        ਸੋ, ਪੰਜਾਬੀ ਨਾਵਲ ਦਾ ਭਵਿੱਖ ਰੌਸ਼ਨ ਹੈ। ਉਮੀਦ ਹੈ ਕਿ ਲੋਕ ਇਸ ਨੂੰ ਪੜ੍ਹਨ ਅਤੇ ਲਿਖਣ  ਵੱਲ ਹੋਰ ਰੁਚੀ ਦਿਖਾਉਣਗੇ।




Post a Comment

0 Comments