Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਡਰਾਇਵਿੰਗ ਦੇ ਖੇਤਰ ਵਿਚ ਰੁਜ਼ਗਾਰ ਲਈ ਕੀ ਕਰੀਏ ?

 


                        ਅਜ਼ੀਜ਼ ਦੋਸਤੋ ! ਨਵੇਂ ਯੁੱਗ ਨੂੰ ਟੈਕਨਾਲੋਜੀ ਅਤੇ ਨਵੇਂ ਸਾਧਨਾਂ ਦੀ ਉਪਜ ਦਾ ਨਾਂ ਦਿੱਤਾ ਜਾਂਦਾ ਹੈ। ਅਜਿਹੇ ਵੇਲੇ ਹਰ ਖੇਤਰ ਵਿਚ ਵੱਡੇ ਪੱਧਰ ਉੱਤੇ ਕ੍ਰਾਂਤੀ ਆਈ ਹੈ। ਹਰ ਖੇਤਰ ਆਪਣੀਆਂ ਸਿਰਜਣਾਤਮਕ ਸੰਭਾਵਨਾਵਾਂ ਦਿਖਾ ਰਿਹਾ ਹੈ। ਸਮੇਂ ਦੀ ਕਰਵਟ ਨੂੰ ਵੇਖਦਿਆਂ ਹੀ ਸੜਕਾਂ ਦੇ ਜਾਲ ਵਿਛ ਗਏ ਹਨ। ਨਵੀਂਆਂ ਮੋਟਰ-ਕਾਰਾਂ ਬਾਜ਼ਾਰਾਂ ਦੀ ਸੋਭਾ ਬਣ ਰਹੀਆਂ ਹਨ। ਜਿੰਨ੍ਹਾਂ ਵਿਚ ਪਾਵਰ ਗੱਡੀਆਂ , ਰਿਮੋਟ ਕੰਟਰੋਲ ਕਾਰਾਂ ਨੇ ਆਪਣੀ ਖ਼ਾਸੀ ਥਾਂ ਬਣਾ ਲਈ ਹੈ। ਹੁਣ ਸਾਨੂੰ ਆਪਣੇ ਸ੍ਵੈ ਨੂੰ ਜਾਚਣਾਂ ਚਾਹੀਦਾ ਹੈ ਕਿ ਅਸੀਂ ਕਿੰਨਾ ਜਾਣਦੇ ਹਾਂ - ਮੋਟਰ - ਕਾਰਾਂ ਬਾਰੇ ? ਜਾਂ ਸੜਕੀ ਨਿਯਮਾਂ ਬਾਰੇ ਅਤੇ ਜਾਂ ਫਿਰ ਡਰਾਇਵਿੰਗ ਵਿਚ ਮੁਹਾਰਤ ਸੰਬੰਧੀ। 
                   ਅੱਜ ਕੱਲ੍ਹ ਕੋਈ ਇਕਾ ਦੂਕਾ ਹੀ ਹੋਵੇਗਾ ਜੋ ਲੰਮੇ ਸਫ਼ਰ ਲਈ ਨਿੱਜੀ ਸਾਧਨ/ਵਾਹਨ ਵਰਤਣ ਦੀ ਔਖ ਨੂੰ ਸਹਿਣ ਕਰ ਸਕਦਾ ਹੋਵੇਗਾ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਬੜਾ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਕਿਸੇ ਨਿਪੁੰਨ ਡਰਾਇਵਿੰਗ ਸੰਸਥਾ ਨਾਲ ਜੁੜ ਕੇ ਪਹਿਲਾਂ ਮਾਹਰ ਡਰਾਈਵਰ ਬਣਾਈਏ ਅਤੇ ਫਿਰ ਆਪਣੇ ਰੁਜ਼ਗਾਰ ਸ਼ੁਰੂ ਕਰੀਏ । ਆਓ ! ਅੱਗੇ ਸਿੱਖਣ ਸੰਸਥਾ ਅਤੇ ਰੁਜ਼ਗਾਰ ਲਈ ਸਹਾਈ ਨੁਕਤਿਆਂ ਨੂੰ ਜਾਣੀਏ । 
                  ਡਰਾਇਵਿੰਗ ਦੇ ਖੇਤਰ ਵੱਲ ਜਾਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਹੈ ਕਿ ਉਹ ਵੱਖ ਵੱਖ ਵਾਹਨਾਂ ਦੇ ਜਾਣਕਾਰ ਹੋਣ ਅਤੇ ਉਨ੍ਹਾਂ ਦੀ ਵਰਤੋਂ ਤੋਂ ਵਾਕਫ਼ ਹੋਣ। ਅੱਗੇ ਵਧੀਏ ਤਾਂ ਸੜਕੀ ਨਿਯਮਾਂ, ਸਾਈਨ ਚਿੰਨ੍ਹਾਂ ਦਾ ਗਿਆਨ ਵੀ ਹੋਣਾ ਲਾਜ਼ਮੀ ਗੱਲ ਹੈ। ਇਸੇ ਤਰ੍ਹਾਂ ਵਾਹਨ ਦੇ ਕਾਗਜ਼ਾਤ ਅਪਡੇਟਡ ਹੋਣੇ ਚਾਹੀਦੇ ਹਨ ਜਿਵੇਂ - ਆਰ.ਸੀ. , ਪ੍ਰਦੂਸ਼ਣ ਕਾਰਡ ਆਦਿ। ਵਾਹਨ ਚਾਲਕ ਭਾਵ ਡਰਾਈਵਰ ਕੋਲ ਆਪਣਾ ਡਰਾਇਵਿੰਗ ਲਾਈਸੈਂਸ ਹੋਣਾਂ ਅਤਿ ਵਿਚਾਰਨਯੋਗ ਨੁਕਤਾ ਹੈ ਕਿਉਂਕਿ ਡਰਾਇਵਿੰਗ ਲਾਈਸੈਂਸ ਹੀ ਵਾਹਨ ਚਾਲਕ ਦੀ ਮੋਟਰ-ਗੱਡੀ ਚਲਾਉਣ ਦੀ ਉਮਰ, ਮੁਹਾਰਤ ਅਤੇ ਇਜ਼ਾਜਤ ਦਾ ਸਬੂਤ ਬਣਦਾ ਹੈ। 
                   ਸਭ ਤੋਂ ਪਹਿਲਾਂ ਸਾਨੂੰ ਡਰਾਇਵਿੰਗ ਲਾਈਸੈਂਸ ਬਾਰੇ ਜਾਣ ਲੈਣਾ ਚਾਹੀਦਾ ਹੈ ਕਿ ਇਹ ਕਿਵੇਂ ਬਣਦਾ ਹੈ ? ਕਿਸ ਉਮਰ ਪੜਾਅ ਵਾਲੇ ਅਪਲਾਈ ਕਰ ਸਕਦੇ ਹਨ ਜਾਂ ਫਿਰ ਡਰਾਇਵਿੰਗ ਲਾਈਸੈਂਸ ਕਿਹੜੀ ਕਿਹੜੀ ਕਿਸਮ ਦਾ ਹੋ ਸਕਦਾ ਹੈ ... ਆਦਿ। 
                   ਡਰਾਈਵਿੰਗ ਦੇ ਖੇਤਰ ਵੱਲ ਜਾਣ ਵਾਲੇ ਉਤਸ਼ਾਹੀ ਡਰਾਇਵਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਜਿਸ ਦੀ ਉਮਰ ਅਠਾਰਾਂ ਸਾਲ ਤੋਂ ਘੱਟ ਹੋਵੇ ਉਹ ਜਨਤਕ ਥਾਵਾਂ 'ਤੇ ਵਾਹਨ ਨਹੀਂ ਚਲਾ ਸਕਦਾ, ਇਸੇ ਵਿਚਾਰ ਨੂੰ ਜਰ੍ਹਾ ਹੋਰ ਵਿਸਥਾਰ ਨਾਲ ਸਮਝੀਏ ਤਾਂ 16 ਸਾਲ ਦੀ ਉਮਰ ਤੋਂ 20 ਸਾਲ ਦੀ ਉਮਰ ਤੱਕ ਦੇ ਸਿਖਾਂਦਰੂ ਡਰਾਇਵਰ 50 ਸੀ.ਸੀ. ਵਾਲੇ ਵਾਹਨ ਹੀ ਡਰਾਇਵ ਕਰ ਸਕਦੇ ਹਨ। ਇੱਥੇ ਇਹ ਵੀ ਜਾਣ ਲੈਣਾ ਉਚਿਤ ਹੋਵੇਗਾ ਕਿ 20 ਸਾਲ ਦੀ ਉਮਰ ਵਾਲੇ ਨੌਜਵਾਨਾਂ ਨੂੰ , ਕਿਸੇ ਵੀ ਜਨਤਕ ਥਾਂ 'ਤੇ ਟ੍ਰਾਂਸਪੋਰਟ ਵਾਹਨ ਚਲਾਉਣ ਦੀ ਮਨਾਹੀ ਹੈ।

 ਡਰਾਇਵਿੰਗ ਲਾਈਸੈਂਸ ਬਾਰੇ ਕੁੱਝ ਨੁਕਤੇ :- 

ੳ) ਸਭ ਤੋਂ ਪਹਿਲਾਂ ਯਾਦ ਰੱਖੋ ਕਿ ਡਰਾਇਵਿੰਗ ਲਾਈਸੈਂਸ ਨਾ ਹੋਣ ਦੀ ਸੂਰਤ ਵਿਚ ਕੋਈ ਵੀ ਵਾਹਨ ਚਾਲਕ , ਕੋਈ ਵੀ ਵਾਹਨ ਜਨਤਕ ਥਾਵਾਂ 'ਤੇ ਨਹੀਂ ਚਲਾ ਸਕਦਾ।

ਅ) ਦੂਜੀ ਗੱਲ ਸਭ ਤੋਂ ਪਹਿਲਾਂ ਲਰਨਿੰਗ ਲਾਇਸੰਸ ਲਈ ਅਪਲਾਈ ਕਰਨਾ ਪਵੇਗਾ। ਲਰਨਿੰਗ ਡਰਾਇੰਗ ਲਾਈਸੰਸ ਅਪਲਾਈ ਕਰਨ ਲਈ ਤੁਹਾਨੂੰ ਮੈਡੀਕਲ ਸਰਟੀਫਿਕੇਟ ਲਈ ਫਾਰਮ ਨੰ. : 1-A ਜਾਂ ਘੋਸ਼ਣ ਪੱਤਰ / ਡਿਕਲੇਰੇਸ਼ਨ ਫਾਰਮ - 1  ਭਰਨ ਦੀ ਲੋੜ ਪਵੇਗਾ। ਇਸੇ ਨਾਲ ਅਪਲਾਈ ਕਰਤਾ ( ਐਪਲੀਕੈਂਟ ) ਦੀਆਂ ਤਿੰਨ ਪਾਸਪੋਰਟ ਫੋਟੋਆਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਅੱਗੇ ਜੇਕਰ ਫੀਸ ਦੀ ਗੱਲ ਕਰੀਏ ਤਾਂ ਲਰਨਿੰਗ ਲਾਇਸੰਸ ਲਈ ਪ੍ਰਤੀ ਸ਼੍ਰੇਣੀ ਵਾਹਨ ( ਈਚ ਕਲਾਸ ਆੱਫ਼ ਵਾਹੀਕਲ ) 30 ਫੀਸ ਲੱਗੇਗੀ। ਯਾਦ ਰਹੇ ਕਿ ਲਰਨਿੰਗ ਲਾਇਸੰਸ ਦੀ ਮਿਆਦ 6 ਮਹੀਨੇ ਤੱਕ ਦੀ ਹੁੰਦੀ ਹੈ ਅਤੇ ਲਰਨਿੰਗ ਲਾਇਸੰਸ ਬਣਨ ਮਗਰੋਂ ਹੀ ਪੱਕੇ ( ਪਰਮਾਨੈਂਟ ) ਡਰਾਇਵਿੰਗ ਲਾਇਸੰਸ ਲਈ ਅਪਲਾਈ ਕੀਤਾ ਜਾ ਸਕਦਾ ਹੈ।

ੲ) ਪੱਕਾ ਡਰਾਇਵਿੰਗ ਲਾਇਸੰਸ ਬਣਾਉਣ ਲਈ ਪਹਿਲਾਂ ਪ੍ਰਭਾਵਸ਼ਾਲੀ ਲਰਨਿੰਗ ਲਾਇਸੰਸ ਦੀ ਕਾਪੀ ਲੱਗੇਗੀ, ਫਿਰ ਪ੍ਰਤੀ ਸ਼੍ਰੇਣੀ ਵਾਹਨ 50 ਰੁਪਏ ਫੀਸ ਲੱਗਣ ਦੇ ਨਾਲ ਨਾਲ 200 ਰੁਪਏ ਸਮਾਰਟ ਕਾਰਡ ਦੀ ਫੀਸ ਵੀ ਤਾਰਨੀ ਪਵੇਗੀ ਅਤੇ ਅਪਲਾਈ ਕਰਤਾ ਦੀਆਂ ਤਿੰਨ ਪਾਸਪੋਰਟ ਫੋਟੋਆਂ ਵੀ ਲਰਨਿੰਗ ਲਾਇਸੰਸ ਵਾਂਗ ਹੀ ਲੱਗਣਗੀਆਂ। ਇਸ ਤੋਂ ਬਾਅਦ ਐਪਲੀਕੈਂਟ ਦਾ ਲਾਇਸੰਸ ਅਥਾਰਟੀ ਵਲੋਂ ਡਰਾਇਵਿੰਗ ਟੈਸਟ ਲਿਆ ਜਾਵੇਗਾ। ਇਹ ਟੈਸਟ ਉਸ ਵਾਹਨ ਦਾ ਹੀ ਲਿਆ ਜਾਣਾ ਹੈ ਜਿਸ ਲਈ ਤੁਸੀਂ ਅਪਲਾਈ ਕੀਤਾ ਹੋਵੇਗਾ ਮਸਲਨ ਕਿ ਦੋ-ਪਹੀਆ ਵਾਹਨ ਕਿ ਚਾਰ ਪਹੀਆ ਵਾਹਨ ਜਾਂ ਕੋਈ ਹੋਰ ਆਦਿ। 
                    ਹੁਣ ਇੱਥੇ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਜੇਕਰ ਤੁਸੀਂ ਨਾਨ-ਟ੍ਰਾਂਸਪੋਰਟ ਵਾਹੀਕਲ ਲਈ ਲਾਇਸੰਸ ਅਪਲਾਈ ਕੀਤਾ ਹੈ ਤਾਂ ਉਸ ਦੀ ਮਿਆਦ ਵੀਹ ਸਾਲ ਹੁੰਦੀ ਹੈ। ਮਸਲਨ ਜੇਕਰ ਤੁਸੀਂ 20 ਸਾਲ ਦੀ ਉਮਰ ਦੇ ਹੋ ਤਾਂ ਤੁਹਾਡੇ ਨਾਨ - ਟ੍ਰਾਂਸਪੋਰਟ ਵਾਹੀਕਲ ਦੇ ਡਰਾਇਵਿੰਗ ਲਾਇਸੰਸ ਦੀ ਮਿਆਦ ਤੁਹਾਡੀ 40 ਸਾਲ ਦੀ ਉਮਰ ਤੱਕ ਸੁਨਿਸ਼ਚਿਤ ਹੋਵੇਗੀ। ਫਿਰ ਦੁਬਾਰਾ ਰੀਨਿਊ ਕਰਵਾਉਣ 'ਤੇ ਇਹ ਮਿਆਦ ਦਸ ਸਾਲ ਤੱਕ ਵਧੇਗੀ ਭਾਵ ਤੁਹਾਡੀ ਉਮਰ ਦੇ 50 ਸਾਲ ਤੱਕ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਪਲੀਕੈਂਟ ਜਿਸ ਦੀ ਉਮਰ 50 ਸਾਲ ਤੋਂ ਘੱਟ ਹੈ ਉਹ ਜੇਕਰ 40 ਸਾਲ ਦੀ ਉਮਰ ਵਿਚ ਲਾਇਸੰਸ ਲਈ ਅਪਲਾਈ ਕਰਦਾ ਹੈ ਤਾਂ ਉਸ ਦੇ ਡਰਾਇਵਿੰਗ ਲਾਇਸੰਸ ਦੀ ਮਿਆਦ ਸਿਰਫ਼ ਦਸ ਸਾਲ ਦੀ ਹੋਵੇਗੀ ਅਤੇ ਜਦੋਂ ਕੋਈ ਵੀ ਉਮੀਦਵਾਰ 50 ਸਾਲ ਦੀ ਉਮਰ ਦਾ ਜਾਂ ਇਸ ਤੋਂ ਵੱਧ ਦਾ ਹੋਵੇਗਾ ਤਾਂ ਡਰਾਇਵਿੰਗ ਲਾਇਸੰਸ ਦੀ ਰੀਨਿਊ ਮਿਆਦ ਪੰਜ ਸਾਲ ਤੱਕ ਵੱਧਣ ਦਾ ਨਿਯਮ ਲਾਗੂ ਹੁੰਦਾ ਹੈ। ਫਿਰ ਪੰਜ ਸਾਲ ਬਾਅਦ ਰੀਨਿਊ ਕਰਵਾਉਣਾ ਪਵੇਗਾ।
                   ਜੇਕਰ ਤੁਸੀਂ ਟ੍ਰਾਂਸਪੋਰਟ ਵਾਹਨ ਚਲਾਉਣ ਲਈ ਡਰਾਇਵਿੰਗ ਲਾਇਸੰਸ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਡਰਾਇਵਿੰਗ ਲਾਇਸੰਸ ਦੀ ਮਿਆਦ ਤਿੰਨ ਸਾਲ ਹੋਵੇਗੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਤੁਹਾਨੂੰ ਡਰਾਇਵਰ ਹੁਨਰ ਸਟੇਟ ਇੰਸਟੀਚਿਊਟ, ਮਹੂਆਣਾ ਤੋਂ ਡਰਾਇਵਿੰਗ ਦਾ ਕੋਰਸ ਵੀ ਕਰਨਾ ਪਵੇਗਾ। ਇਸ ਸੰਸਥਾ ਵਲੋਂ ਦਿੱਤੇ ਸਰਟੀਫਿਕੇਟ ਦੀ ਮਾਨਤਾ ਨੂੰ ਮੁੱਖ ਰੱਖਦਿਆਂ ਹੀ ਟ੍ਰਾਂਸਪੋਰਟ ਲਾਇਸੰਸ ਬਣ ਸਕੇਗਾ।
                   ਜੇਕਰ ਡਰਾਇਵਿੰਗ ਲਾਇਸੰਸ ਦੀ ਇਕ ਹੋਰ ਕਿਸਮ ਵੱਲ ਝਾਤ ਮਾਰੀਏ ਤਾਂ ਉਹ ਹਨ ਡੇਜਰਸ ਭਾਵ ਖ਼ਤਰਨਾਕ ਮਾਲ ਢੋਂਣ ਵਾਲੇ ਵਾਹਨ , ਇਨ੍ਹਾਂ ਵਾਹਨਾਂ ਨੂੰ ਚਲਾਉਣ ਲਈ ਬਣੇ ਡਰਾਇਵਿੰਗ ਲਾਇਸੰਸ ਦੀ ਮਿਆਦ ਸਿਰਫ਼ ਇਕ ਸਾਲ ਹੁੰਦੀ ਹੈ। ਇਕ ਸਾਲ ਮਗਰੋਂ ਦੁਬਾਰਾ ਰੀਨਿਊ ਕਰਵਾਉਣਾ ਪੈਂਦਾ ਹੈ ਅਤੇ ਇਕ ਦਿਨ ਦਾ ਰੀਫ਼ਰੈੱਸ  ਕੋਰਸ ਵੀ ਲਗਾਉਣਾ ਪੈਂਦਾ ਹੈ। ਡਰਾਇਵਿੰਗ ਲਾਇਸੰਸ ਬਾਬਤ ਨਵੀਂ ਤੇ ਅਪਡੇਟਡ ਜਾਣਕਾਰੀ ਲਈ http://www.punjabtransport.org/forms.aspx 'ਤੇ ਲਾਗਿਨ ਕੀਤਾ ਜਾ ਸਕਦਾ ਹੈ। 

                   ਇਸ ਤੋਂ ਅੱਗੇ ਡਰਾਇਵਿੰਗ ਸਿੱਖਣ ਸੰਸਥਾ ਅਤੇ ਆਪਣੇ ਡਰਾਇਵਿੰਗ ਖੇਤਰ ਵਿਚ ਰੁਜ਼ਗਾਰ ਲਈ ਹੇਠਾਂ ਦਿੱਤੇ ਨੁਕਤੇ ਵਾਚ ਸਕਦੇ ਹੋ। 
                  ਪੰਜਾਬ ਵਿਚ ਸੰਜੀਦਾ ਤੇ ਨਿਪੁੰਨ ਡਰਾਇਵਿੰਗ ਦੇ ਗੁਰ ਸਿੱਖਣ  ਲਈ ਮੋਟਰ ਕਾਰ ਤੇ ਡਰਾਈਵਰ ਹੁਨਰ ਸਟੇਟ ਇੰਸਟੀਚਿਊਟ, ਮਹੂਆਣਾ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਜਿੱਥੇ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਅਤੇ ਆਟੋਮੋਬਾਇਲ/ ਮੋਟਰ ਕਾਰ ਨਾਲ ਸੰਬੰਧਿਤ ਆਈ.ਟੀ.ਆਈ. ਦੇ ਪੰਜ ਕਿੱਤੇ ਮਹੁੱਈਆਂ ਕਰਵਾਏ ਜਾਂਦੇ ਹਨ। ਜੇ ਕਰ ਆਪਾਂ ਡਰਾਈਵਰ ਟ੍ਰੇਨਿੰਗ ਇੰਸਟੀਚਿਊਟ ਦੀ ਗੱਲ ਕਰੀਏ ਤਾਂ ਅਦਾਰੇ ਵਲੋਂ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰਾਲਾ, ਉੱਤਰ ( ਰੋਡ ਸੇਫਟੀ ਸੈੱਲ ਲ ਕੇਂਦਰ ਸਰਕਾਰ) ਦੇ ਤਹਿਤ ਡਰਾਈਵਰਾਂ ਲਈ ਦੋ ਦਿਨ ਦਾ ਮੁੜ ਤਾਜ਼ਾ ਕਰਨ ਵਾਲਾ ਕੋਰਸ ਕਰਵਾਇਆ ਜਾਂਦਾ ਹੈ। ਜਿਸ ਵਿਚ ਰੋਡ ਸੇਫ਼ਟੀ, ਸੰਕੇਤ ਚਿੰਨ ਤੇ ਦੁਰਘਟਨਾ ਤੋਂ ਬਚਾਉਣ ਲਈ ਡਰਾਈਵਰਾਂ ਦਾ ਹੁਨਰ ਵਧਾਉਣ ਲਈ ਕਾਰ, ਲਾਈਟ ਮੋਟਰ ਵਹੀਕਲ, ਹੈਵੀ ਮੋਟਰ ਵਹੀਕਲ ਤੇ ਅਰਥ ਮੂਵਿੰਗ ਮਸ਼ੀਨਰੀ ਜਿਵੇਂ ਜੇ.ਸੀ.ਬੀ. ਤੇ ਖੁਦਾਈ ਵਾਲੀਆਂ ਮਸ਼ੀਨਾਂ ਆਦਿ ਲਈ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਜਿਸ ਦਾ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਅਦਾਰੇ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ।
                     'ਆਪਣੀ ਗੱਡੀ ਆਪਣਾ ਰੋਜ਼ਗਾਰ' ਅਜੋਕੇ ਤੇਜ਼-ਤਰਾਰ ਜ਼ਮਾਨੇ ਵਿਚ ਡਰਾਇਵਿੰਗ ਦੇ ਖੇਤਰ ਵਿਚ ਰੁਜ਼ਗਾਰ ਲਈ ਚੰਗਾ ਉੱਦਮ ਸਾਬਤ ਹੋ ਰਿਹਾ ਹੈ। ਇਸ ਪਾਸੇ ਉਨ੍ਹਾਂ ਨੌਜਵਾਨਾਂ ਦਾ ਚੋਖਾ ਲਾਹਾ ਹੈ ਜੋ ਡਰਾਇਵਿੰਗ ਦੇ ਸ਼ੌਕੀਨ ਹਨ ਕਿਉਂਕਿ ਆਪਣੇ ਸ਼ੌਕ ਨੂੰ ਪੂਰਦਿਆਂ ਅਤੇ ਨਿੱਤ ਨਵੇਂ ਮੁਸਾਫ਼ਰਾਂ ਨਾਲ ਰਾਬਤਾ ਸਿਰਜਦਿਆਂ ਆਪਣੀ ਰੋਜ਼ੀ ਰੋਟੀ ਵੀ ਕਮਾਈ ਜਾ ਸਕਦੀ ਹੈ। ਆਪਣੀ ਗੱਡੀ ਆਪਣਾ ਰੋਜ਼ਗਾਰ ਲਈ ਯਾਦ ਰੱਖੋ ਕਿ ਕੋਈ ਵੀ ਉਹ ਉਮੀਦਵਾਰ ਜੋ ਅੱਠਵੀਂ ਪਾਸ ਹੋਵੇ ਅਤੇ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇ। ਉਸ ਕੋਲ ਵੈਲਿਡ ਡਰਾਇਵਿੰਗ ਲਾਇਸੈਂਸ ਹੋਵੇ। ਉਹ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਨਾਲ ਸੰਪਰਕ ਕਰਕੇ ਆਪਣੀ ਅਰਜ਼ੀ ਦੇ ਸਕਦੇ ਹਨ। ਇਸ ਸਕੀਮ ਅਧੀਨ ਉਮੀਦਵਾਰ ਓਲਾ ਅਤੇ ਉਬਰ ਕੰਪਨੀਆਂ ਨਾਲ ਮਿਲਕੇ; ਆਪਣੇ ਨਿੱਜੀ ਦੋ ਪਹੀਆ, ਤਿੰਨ ਪਹੀਆ ਜਾਂ ਚਾਰ ਪਹੀਆ ਵਾਹਨ ਜਾਂ ਕੰਪਨੀ ਤੋਂ ਖਰੀਦ ਕੇ ਜਾਂ ਕੰਪਨੀ ਤੋਂ ਲੀਜ਼ 'ਤੇ ਲੈ ਕੇ ਜਾਂ ਕਿਰਾਏ 'ਤੇ ਚਲਾ ਸਕਦੇ ਹਨ। ਇਸ ਵੇਲੇ ਓਲਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ , ਮੋਹਾਲੀ ਵਿਚ ਅਤੇ ਉਬਰ ਅੰਮ੍ਰਿਤਸਰ, ਲੁਧਿਆਣਾ ਤੋਂ ਇਲਾਵਾ ਐੱਸ.ਏ.ਐੱਸ. ਨਗਰ ,ਮੋਹਾਲੀ ਵਿਖੇ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਚਾਹਵਾਨ ਓਲਾ ਵਿਚ ਕੰਮ ਲਈ 011-39587127 ਅਤੇ ਉਬਰ ਨਾਲ ਰਾਬਤਾ ਕਰਨ ਲਈ 07939593348 'ਤੇ ਕਾਲ ਕਰ ਸਕਦੇ ਹਨ।
                            ਆਖ਼ਰ ਲੋੜ ਹੈ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ ਅਤੇ ਲੰਮੇਰੇ ਸਫ਼ਰਾਂ ਵੱਲ ਤੁਰਨ ਦੀ। ਤੁਹਾਡੇ ਸੁਨਹਿਰੀ ਭਵਿੱਖ ਲਈ ਆਸਵੰਦ ਹੁੰਦਿਆਂ..... ਵਿਦਾ ਲੈਂਦਾ ਹਾਂ।


Post a Comment

0 Comments