Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਇਕਾਂਗੀ

                    ਇਕਾਂਗੀ, ਸਾਹਿਤ ਦਾ ਪ੍ਰਭਾਵਸ਼ਾਲੀ ਰੂਪ ਹੈ। ਇਸਦੀ ਪ੍ਰਕਿਰਤੀ ਦੋਹਰੇ ਕਿਰਦਾਰ ਵਾਲੀ ਹੈ।ਇਸਦਾ ਲਿਖਤੀ ਰੂਪ ਵੀ ਹੁੰਦਾ ਹੈ ਅਤੇ ਸਟੇਜ ਉੱਪਰ ਖੇਡਿਆ ਹੋਇਆ ਪ੍ਰਦਰਸ਼ਕ ਰੂਪ ਵੀ।

    ਪਰਿਭਾਸ਼ਾ-

1.  ਆਈ.ਸੀ.ਨੰਦਾ ਅਨੁਸਾਰ-"ਇਕਾਂਗੀ ਰੋਜ਼ ਦਿਹਾੜੀ ਦੇ ਜੀਵਨ ਦਾ ਨਕਸ਼ਾ ਖਿੱਚਦਾ ਹੈ।"

2. ਮਿਸਰੋ- One act play is a copy of life.

                     ਇਕਾਂਗੀ ਦਾ ਅਰਥ ਹੈ ਇਕ ਅੰਕੀ ਨਾਟਕ ਇਸ ਦਾ ਇੱਕ ਐਕਟ ਹੁੰਦਾ ਹੈ। ਸੋ, ਕੁਝ ਪਾਤਰਾਂ ਦੇ ਵਾਰਤਾਲਾਪ ਰਾਹੀਂ ਰੰਗ ਮੰਚ ਉਪਰ ਪੇਸ਼ ਕੀਤਾ ਜਾਣ ਵਾਲਾ ਥੋੜੇ ਸਮੇਂ ਦਾ ਅਭਿਨੈ ਕਾਰਜ ਇਕਾਂਗੀ ਕਹਾਉਂਦਾ ਹੈ।

ਵਿਸ਼ੇਸ਼ਤਾਵਾਂ - 

1.ਇਸ ਦਾ ਆਕਾਰ ਛੋਟਾ ਹੁੰਦਾ ਹੈ।

2.ਇਕਾਂਗੀ ਵਿੱਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੁੰਦੀ ਹੈ।

3.ਇਕਾਂਗੀ ਵਿਚਲੇ ਪਾਤਰ ਅਕਸਰ ਵਾਰਤਾਲਾਪ ਕਰਦੇ ਹਨ।ਇਸ ਵਿੱਚ ਅਦਾਕਾਰੀ ਦਾ ਮਹੱਤਵ ਹੁੰਦਾ ਹੈ।

4.ਇਕਾਂਗੀ ਵਿਚ ਅਭਿਨੈ (ਅਦਾਕਾਰੀ) ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।

ਇਕਾਂਗੀ ਦਾ ਜਨਮ -

                         ਇੰਗਲੈਂਡ ਵਿੱਚ ਪੂਰਾ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਪਰਦਾ ਉਠਾਓ ਰੂਪ ਵਿੱਚ ਇੱਕ ਇਕਾਂਗੀ 'ਬਾਂਦਰ ਦਾ ਪੰਜਾ' (The monkey's paw) ਲੋਕਾਂ ਦੇ ਮਨੋਰੰਜਨ ਲਈ ਖੇਡਿਆ ਗਿਆ। ਲੋਕ ਇਸ ਤੋਂ ਇੰਨ੍ਹੇ ਪ੍ਰਭਾਵਿਤ ਹੋਏ ਕਿ ਪੂਰਾ ਨਾਟਕ ਦੇਖੇ ਬਿਨਾਂ ਹੀ ਮੁੜ ਗਏ। ਇਸ ਪਿਛੋਂ ਇਕਾਂਗੀ ਖੇਡਣ ਦਾ ਰਿਵਾਜ ਪੈ ਗਿਆ।

ਇਕਾਂਗੀ ਦੇ ਤੱਤ- 

1.ਕਥਾਨਕ/ਗੋਂਦ/ਪਲਾਟ - ਕਿਸੇ ਰਚਨਾ ਵਿੱਚ ਚੋਣਵੀਆਂ ਘਟਨਾਵਾਂ ਦੀ ਤਰਤੀਬ ਵਾਰ ਪੇਸ਼ਕਾਰੀ ਪਲਾਟ ਅਖਵਾਉਂਦੀ ਹੈ।" ਡਾ. ਆਤਮਜੀਤ ਦਾ ਮੰਨਣਾ ਹੈ- ਘਟਨਾਵਾਂ ਨੂੰ ਜਿਸ ਲੜੀ ਵਿੱਚ ਗੁੰਦਿਆ ਜਾਂਦਾ ਹੈ ਉਸ ਨੂੰ ਗੋਂਦ ਜਾਂ ਪਲਾਂਟ ਕਹਿੰਦੇ ਹਨ।"ਪੰਜਾਬੀ ਦੇ ਬਹੁਤ ਸਾਰੇ ਇਕਾਂਗੀ ਦੀ ਗੋਂਦ ਜਾਂ ਬਣਤਰ ਗੁੰਦਵੀਂ ਤੇ ਢੁਕਵੀਂ ਹੈ।

ਉਦਾਹਰਨ ਵਜੋਂ-'ਬੰਬ ਕੇਸ' ਤੇ ਬੇਬੇ ਰਾਮ ਭਜਨੀ ਆਦਿ ਇਕਾਂਗੀ ਗੁੰਦਵੇ ਪਲਾਟ ਵਾਲੇ ਹਨ।

2. ਪਾਤਰ-ਵਿਧਾਨ - ਪਾਤਰ ਨਾਨਕ ਦੀ ਜਿੰਦ ਜਾਨ ਹੁੰਦੇ ਹਨ। ਇਕਾਂਗੀ ਕਿਸੇ ਨਾ ਕਿਸੇ ਪਾਤਰ ਦੀ ਜ਼ਿੰਦਗੀ ਨੂੰ ਜਾਂ ਜ਼ਿੰਦਗੀ ਦੇ ਕੁੱਝ ਹਿੱਸੇ ਨੂੰ ਪੇਸ਼ ਕਰਦਾ ਹੈ। ਕੁਝ ਰਚਨਾਵਾਂ ਪਾਤਰਾਂ ਦੇ ਸਿਰ ਤੇ ਹੀ ਜਿਉਂਦੀਆਂ ਹਨ। ਰਚਨਾਵਾਂ ਵਿਚ ਪਾਤਰ ਅਕਸਰ ਦੋ ਤਰ੍ਹਾਂ ਦੇ ਹੁੰਦੇ ਹਨ।

1) ਗੋਲ ਪਾਤਰ (ਹਾਲਾਤ ਅਨੁਸਾਰ ਬਦਲਣ ਵਾਲੇ)

2) ਚਪਟੇ ਪਾਤਰ (ਹਾਲਾਤ ਅਨੁਸਾਰ ਨਾ ਬਦਲਣ ਵਾਲੇ)

ਪੰਜਾਬੀ ਵਿਚ ਕੲੀ ਇਕਾਂਗੀ ਆਪਣੇ ਪਾਤਰਾਂ ਕਰਕੇ ਪ੍ਰਸਿੱਧ ਹੋ ਗਏ ਹਨ। 

ਉਦਾਹਰਣ- 'ਮੈਂ ਯੁੱਗ ਸਿਰਜਾਂਗਾ' ਦਾ ਪਾਤਰ ਬਰਛਾ, 'ਅੰਨ੍ਹੇ ਨਿਸ਼ਾਨਚੀ ਦਾ ਬਾਬਾ ਵਿਸ਼ੇਸ਼ ਧਿਆਨ ਮੰਗਦੇ ਹਨ।

3. ਵਾਰਤਾਲਾਪ- (ਸੰਵਾਦ / ਡਾਇਲੌਗ) ਵਾਰਤਾਲਾਪ ਰਚਨਾ ਨੂੰ ਰੌਚਕ ਬਣਾਉਂਦੇ ਹਨ ਅਤੇ ਘਟਨਾਵਾਂ ਨੂੰ ਅੱਗੇ ਵਧਾਉਂਦੇ ਹਨ। ਪਾਤਰ ਆਪਸ ਵਿੱਚ ਜੋ ਗੱਲਬਾਤ ਕਰਦੇ ਹਨ ਉਹ ਵਾਰਤਾਲਾਪ ਹੈ। ਵਾਰਤਾਲਾਪ ਰਾਹੀਂ ਪਾਤਰ ਬਾਰੇ ਪਤਾ ਲੱਗਦਾ ਹੈ। 

ਉਦਾਹਰਣ-'ਅੰਨ੍ਹੇ ਕਾਣੇ' ਇਕਾਂਗੀ 'ਚ ਖੋਜੀ, ਇਹ ਵਾਰਤਾਲਾਪ ਕਰਦਾ ਹੈ- 

         "ਤੁਸੀਂ ਲੋਕ ਜਾਂ ਸਿਰ ਨੂੰ ਪੈਣਾ ਜਾਣਦੇ 

           ਹੋ ਜਾਂ ਪੈਰੀਂ ਪੈਣਾ।"

4. ਵਾਤਾਵਰਣ- ਇਕਾਂਗੀ ਵਿਚ ਵਿਸ਼ੇ ਤੇ ਕਹਾਣੀ ਮੁਤਾਬਿਕ ਵਾਤਾਵਰਣ ਚੁਣਿਆ ਹੁੰਦਾ ਹੈ। ਪੇਂਡੂ ਪਾਤਰ ਪਿੰਡਾਂ ਵਾਲੀ ਬੋਲੀ ਬੋਲਦੇ ਹਨ। ਪੇਂਡੂ ਪਹਿਰਾਵਾ ਪਾਉਂਦੇ ਹਨ। ਸੋ, ਅਜਿਹੇ ਇਕਾਂਗੀ ਵਿੱਚ ਪੇਂਡੂ ਇਕਾਂਗੀ ਹੁੰਦੀ ਹੈ। ਪੰਜਾਬੀ ਵਿੱਚ ਗੁਰਦਿਆਲ ਸਿੰਘ ਨੇ, ਮਾਲਵੇ ਦੇ ਵਾਤਾਵਰਣ ਵਾਲੇ ਆਂਚਲਿਕ ਇਕਾਂਗੀ ਲਿਖੀ ਹੈ। ਨਰੂਲਾ ਨੇ ਮਾਂਝੇ ਦਾ ਵਾਤਾਵਰਣ ਪੇਸ਼ ਕੀਤਾ ਹੈ। 

ਉਦਾਹਰਨ- 'ਮੁਕਤੀ' ਨਾਟਕ ਬਿਰਧ ਆਸ਼ਰਮ ਵਾਲਾ ਹੈ।

5. ਵਿਸ਼ਾ - ਵਿਸ਼ਾ ਰਚਨਾ ਨੂੰ ਅਰਥ ਦਿੰਦਾ ਹੈ। ਹਰ ਰਚਨਾ ਵਿਚ ਕੋਈ ਵਿਚਾਰ ਜਰੂਰ ਪੇਸ਼ ਕੀਤਾ ਹੁੰਦਾ ਹੈ। ਅਕਸਰ ਇਕਾਂਗੀ ਦਾ ਵਿਸ਼ਾ ਸਮਾਜਿਕ, ਮਨੋਵਿਗਿਆਨਿਕ, ਰਾਜਨੀਤਿਕ, ਆਰਥਿਕ, ਇਤਿਹਾਸਿਕ ਆਦਿ ਕੋਈ ਵੀ ਹੋ ਸਕਦਾ ਹੈ। ਉਦਾਹਰਣ ਵਜੋਂ- 'ਮਨ ਦੀਆਂ ਮਨ ਵਿੱਚ' ਇਕਾਂਗੀ 'ਨਸ਼ੇ ਦੀ ਸਮੱਸਿਆ' ਤੇ ਅੰਨ ਜੋੜ ਵਿਆਹ ਬਾਰੇ ਗੱਲ ਕਰਦਾ ਹੈ। ਨਸ਼ਿਆਂ ਬਾਰੇ ਮਿੱਟੀ ਰੁਦਨ ਕਰੇ, ਸਰਹੱਦਾਂ ਹੋਰ ਵੀ ਨੇ, ਇਨ੍ਹਾਂ ਜ਼ਖਮਾਂ ਦਾ ਕੀ ਕਰੀਏ? ਆਦਿ ਇਕਾਂਗੀ ਵੀ ਬੜੇ ਪ੍ਰਸਿੱਧ ਹੋਏ ਹਨ।

6. ਸਿਰਲੇਖ - ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੌਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।

ਉਦਹਾਰਣ- 'ਗਊਮੁਖਾ ਸ਼ੇਰਮੁਖਾ', ਵਾਪਸੀ', ਮਿੱਟੀ ਦਾ ਬਾਵਾ, ਬੰਬ ਕੇਸ', ਤਾਸ਼ ਦੀ ਬਾਜ਼ੀ'।

7. ਬੋਲੀ ਤੇ ਸ਼ੈਲੀ - ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ। 

ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਇਕਾਂਗੀ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ। ਉਦਾਹਰਣ- 'ਤਾਸ਼ ਦੀ ਬਾਜੀ' ਇਕਾਂਗੀ ਵਿਚੋਂ ਉਦਾਹਰਨ ਇਸ ਤਰ੍ਹਾਂ ਹੈ- 

        "ਓਏ, ਬੀਬੀਆਂ ਆਪੋ ਆਪਣੇ ਬਾਬੂਆਂ ਦੀਆਂ,

          ਤੁਸੀਂ ਉਹਨਾਂ ਪਿੱਛੇ ਕਿਉਂ ਲੜਦੇ ਹੋ।"

8. ਉਦੇਸ਼ - ਹਰ ਰਚਨਾ ਦਾ ਕੋਈ ਉਦੇਸ਼ ਹੁੰਦਾ ਹੈ। ਸਮਾਜ ਨੂੰ ਸੇਧ ਦੇਣਾ ਜਾਂ ਕਿਸੇ ਹਾਲਤ ਦਾ ਬਿਆਨ ਕਰ ਦੇਣਾ ਇਕਾਂਗੀ ਦਾ ਮੁੱਖ ਮਨੋਰਥ ਹੈ।ਉਦਾਹਰਣ- 'ਚੰਨ ਜਦੋਂ ਰੋਟੀ ਲਗਦਾ ਹੈ' ਇਕਾਂਗੀ ਦਾ ਉਦੇਸ਼ ਕਾਰਗਿਲ ਦੀ ਜੰਗ ਦੇ ਸ਼ਹੀਦਾਂ ਤੇ ਪਰਿਵਾਰਿਕ ਜੀਵਨ ਬਾਰੇ ਜਾਣਕਾਰੀ ਦੇਣਾ ਹੈ।

9. ਰੰਗਮੰਚ ਜਾਂ ਸਟੇਜ - ਰੰਗਮੰਚ ਜਾਂ ਸਟੇਜ ਜਿਸ ਉਪਰ ਇਕਾਂਗੀ ਖੇਡੀ ਜਾਂਦੀ ਹੈ। ਇਕਾਂਗੀ ਦੀ ਅਸਲ ਪਛਾਣ ਹੈ। ਸਿਰਫ ਉਹੀ ਇਕਾਂਗੀ ਸਫਲ ਹੈ ਜੋ ਸਟੇਜ ਉਪਰ ਪੇਸ਼ ਕੀਤਾ ਜਾ ਸਕੇ। ਡਾ. ਆਤਮਜੀਤ ਦਾ ਇਕੋ ਤੱਤ ਮੰਨਣਾ ਹੈ ਕਿ ਲਿਖਤੀ ਰੂਪ ਇਕਾਂਗੀ ਦਾ ਪੇਕਾ ਘਰ ਹੈ ਅਤੇ ਰੰਗ ਮੰਚ ਉਸ ਦਾ ਸਹੁਰਾ ਘਰ ਹੈ ਜਿਥੇ ਜਾ ਕੇ ਉਸ ਨੇ ਵਸਣਾ ਹੈ।ਇਸ ਦੇ ਜਵਾਬ ਵਿਚ ਸੰਤ ਸਿੰਘ ਸੇਖੋਂ ਨੇ ਲਿਖਿਆ ਹੈ ਜੇ ਕੁੜੀ ਦਾ ਵਿਆਹ ਨਾ ਵੀ ਹੋਵੇ ਉਹ ਸਹੁਰੇ ਘਰ ਨਾ ਵੀ ਵਸੇ ਤਾਂ ਵੀ ਰਹਿੰਦੀ ਤਾਂ ਉਹ ਕੁੜੀ ਹੀ ਹੈ। ਸੋ, ਜੋ ਇਕਾਂਗੀ ਸਟੇਜ ਤੇ ਨਾ ਖੇਡ ਹੋਵੇ ਰਹਿੰਦੀ ਤਾਂ ਉਹ ਇਕਾਂਗੀ ਹੀ ਹੈ। ਰੰਗਮੰਚ ਉਪਰ ਆਵਾਜ਼ ਤੇ ਰੌਸ਼ਨੀ ਦੀ ਤਕਨੀਕ ਵਰਤ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ।

       ਪੰਜਾਬੀ ਇਕਾਂਗੀ ਦਾ ਇਤਿਹਾਸ-

       ਪੰਜਾਬੀ ਇਕਾਂਗੀ ਦਾ ਜਨਮ ਪੱਛਮੀ ਪ੍ਰਭਾਵ ਵਿਚ ਸ੍ਰੀਮਤੀ ਨੌਰਾ ਰਿਚਰਡਜ਼ ਦੇ ਵਿਦਿਆਰਥੀ ਡਾ.ਆਈ. ਸੀ. ਨੰਦਾ ਨੇ ਕੀਤਾ। ਡਾ. ਹਰਚਰਨ ਸਿੰਘ, ਹਰਸਰਨ ਸਿੰਘ, ਕਪੂਰ ਸਿੰਘ ਘੁੰਮਣ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਪਾਲ ਟਿਵਾਣਾ, ਅਜਮੇਰ ਔਲਖ, ਸੀ. ਡੀ. ਸਿੱਧੂ, ਗੁਰਚਰਨ ਸਿੰਘ ਜਸੂਜਾ, ਡਾ. ਸਤੀਸ਼ ਵਰਮਾ, ਡਾ ਆਤਮਜੀਤ, ਭਾਅ ਜੀ ਗੁਰਸ਼ਰਨ ਸਿੰਘ ਨੇ ਇਕਾਂਗੀ ਦਾ ਵਿਕਾਸ ਕੀਤਾ। ਸੁਰਜੀਤ ਸੇਠੀ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਨਿਰਮਲ ਜੌੜਾ, ਰਾਣਾ ਰਣਬੀਰ, ਸੋਮਪਾਲ ਹੀਰਾ, ਹਰਕੇਸ਼ ਚੌਧਰੀ, ਸੁਰਿੰਦਰ ਸ਼ਰਮਾਂ, ਰੰਗ ਹਰਜਿੰਦਰ ਆਦਿ ਅਨੇਕਾਂ ਇਕਾਂਗੀਕਾਰ ਤੇ ਰੰਗ ਕਰਮੀ ਅੱਜ ਕੱਲ ਇਸ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ‌।

                 ਰੇਡੀਓ ਇਕਾਂਗੀ, ਨੁਕੜ ਇਕਾਂਗੀ, ਓਪੇਰਾ ਆਦਿ ਰਾਹੀਂ ਪੰਜਾਬੀ ਇਕਾਂਗੀ ਤੇ ਰੰਗਮੰਚ ਅੱਗੇ ਵੱਧ ਰਿਹਾ ਹੈ‌। ਅੱਜ ਵੀ ਲੋਕਾਂ ਨੂੰ ਸੇਧ ਦੇਣ ਅਤੇ ਮਨੋਰੰਜਨ ਕਰਨ ਲਈ ਇਕਾਂਗੀ ਸਸਤਾ ਅਤੇ ਸਮਰੱਥ ਸਾਧਨ ਹੈ।




Post a Comment

0 Comments