ਬੀਰ ਕਾਵਿ ਧਾਰਾ ਪੰਜਾਬੀ ਸੁਭਾਅ ਨਾਲ਼ ਮਿਲ਼ਦੀ ਜੁਲ਼ਦੀ ਅਤੇ ਹਰਮਨ ਪਿਆਰੀ ਕਾਵਿ-ਧਾਰਾ ਹੈ। ਭਾਰਤ ਦਾ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ' ਪ੍ਰਵੇਸ਼ ਦੁਆਰ ' ਕਿਹਾ ਜਾਂਦਾ ਸੀ। ਵਿਦੇਸ਼ੀ ਹਮਲਿਆਂ ਨਾਲ਼ ਲੜਦੇ ਲੜਦੇ ਪੰਜਾਬੀ ਹੋਰ ਵੀ ਅਣਖੀਲੇ ਤੇ ਜੁਝਾਰੂ ਬਣ ਗਏ। ਇਸ ਲਈ ਬੀਰ ਰਸ ਨਾਲ ਭਰਪੂਰ ਵਾਰਾਂ ਤੇ ਜੰਗਨਾਮੇ ਲਿਖੇ ਗਏ। ਇਹਨਾਂ ਰਚਨਾਵਾਂ ਵਿਚ ਯੁੱਧ ਦਾ ਵਰਨਣ ਅਤੇ ਸੂਰਬੀਰਾਂ ਦੀ ਬਹਾਦਰੀ ਦਾ ਚਿਤਰਨ ਕੀਤਾ ਹੁੰਦਾ ਹੈ।
ਵਾਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ। ਸੰਸਾਰ ਵਿੱਚ ਦੋ ਫੌਜਾਂ ਜਾਂ ਧਿਰਾਂ ਵਿਚਲੇ ਯੁੱਧ ਦਾ ਚਿਤਰਨ ਕਰਨ ਵਾਲੀਆਂ ਬੀਰ ਰਸੀ ਵਾਰਾਂ ਅਤੇ ਮਨ ਵਿਚ ਚਲਦੇ ਨੇਕੀ ਅਤੇ ਬਦੀ ਦੇ ਸੰਘਰਸ਼ ਦਾ ਵਰਨਣ ਕਰਨ ਵਾਲੀਆਂ ਅਧਿਆਤਮਿਕ (ਧਾਰਮਿਕ) ਵਾਰਾਂ। ਵਾਰ ਦਾ ਮਤਲਬ ; ਵਾਰ ਕਰਨ, ਵਾਰ ਰੋਕਣਾ, ਸੂਰਬੀਰਾਂ ਤੋਂ ਵਾਰੇ- ਵਾਰੇ ਜਾਣਾ ਜਾਂ ਲੜਾਈ ਦਾ ਚਿਤਰਨ ਕਰਨਾ ਹੈ।
ਡਾ. ਅਤਰ ਸਿੰਘ ਅਨੁਸਾਰ -
"ਬੀਰ ਰਸੀ ਕਵਿਤਾ, ਪੰਜਾਬੀ ਕਵਿਤਾ ਦਾ ਮਹੱਤਵਪੂਰਨ ਅੰਗ ਹੈ। ਛੇ ਲੋਕ ਵਾਰਾਂ ਆਦਿ ਕਾਲ ਵਿੱਚ ਲਿਖੀਆਂ ਗਈਆਂ ਅਤੇ ਤਿੰਨ ਲੋਕ ਵਾਰਾਂ ਨਾਨਕ ਕਾਲ ਵਿਚ। ਪਰ ਬੀਰ ਕਾਵਿ ਦੀ ਅਸਲ ਪ੍ਰਾਪਤੀ ਚੰਡੀ ਦੀ ਵਾਰ ਹੈ।"
ਵਿਸ਼ੇਸ਼ਤਾਵਾਂ / ਲੱਛਣ -
1. ਇਹ ਬੀਰ ਰਸ ਭਰਪੂਰ ਹੁੰਦਾ ਹੈ।
2. ਇਸ ਕਵਿਤਾ ਵਿੱਚ ਲੜਾਈ ਦਾ ਭਿਆਨਕ ਵਰਨਣ
ਹੁੰਦਾ ਹੈ।
3. ਨਾਇਕ ਦੀ ਵਡਿਆਈ (ਤਾਰੀਫ਼) ਕੀਤੀ ਹੁੰਦੀ ਹੈ।
4. ਇਸ ਦਾ ਆਰੰਭ (ਸ਼ੁਰੂਆਤ) ਮੰਗਲਾਚਰਨ ਨਾਲ ਹੁੰਦਾ
ਹੈ।
5. ਇਸ ਵਿੱਚ ਖੜ੍ਹਕੇ ਦੜ੍ਹਕੇ ਵਾਲ਼ੀ ਠੇਠ ਬੋਲੀ ਵਰਤੀ ਜਾਂਦੀ ਹੈ। ਜਿਸ ਵਿੱਚ / ਘ, ਝ, ਢ, ਧ, ਭ, ਰ, ਣ, ੜ, ਡ, ਛ/ ਆਦਿ ਧੁਨੀਆਂ ਹੁੰਦੀਆਂ ਹਨ ।
6. ਇਸ ਵਿਚ ਅਲੰਕਾਰ ਅਤੇ ਬਿੰਬ ਵਰਤੇ ਜਾਂਦੇ ਹਨ।
7. ਵਾਰਾਂ ਵਿੱਚ ਕਾਵਿਕ-ਨਿਆਂ (ਨਿਰਪੱਖ ਵਰਨਣ) ਹੁੰਦਾ
ਹੈ।
8. ਇਸ ਵਿਚ ਅਕਸਰ ਉਥਾਨਿਕਾ (ਭੂਮਿਕਾ) ਹੁੰਦੀ ਹੈ।
1). ਆਦਿ ਕਾਲ ਦੀ ਬੀਰ ਕਵਿਤਾ- ਛੋਟੇ-ਛੋਟੇ ਮੁੱਦਿਆਂ ਉੱਪਰ ਹੋਣ ਵਾਲੀਆਂ ਲੜਾਈਆਂ ਨੇ ਬੀਰ ਲੋਕਾਂ ਨੂੰ ਜਨਮ ਦਿੱਤਾ। 'ਪਾਣੀ ਦੀ ਵਾਰੀ' ਜਾਂ ਮੰਗ ਵਿਆਹੁਣ ਪਿੱਛੇ ਲੜਾਈਆਂ ਦਾ ਵਰਣਨ ਮੂਸੇ ਦੀ ਵਾਰ, ਹਸਨੇ ਦੀ ਵਾਰ ਆਦਿ ।
2. ਨਾਨਕ ਕਾਲ ਦੀ ਬੀਰ ਕਵਿਤਾ- ਤਿੰਨ ਲੋਕ ਵਾਰਾਂ ਦੇ ਨਾਲ ਇਸ ਸਮੇਂ 'ਚੰਡੀ ਦੀ ਵਾਰ' (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਗਈ ਵਾਰ) ਬੀਰ ਰਸ ਦਾ ਉੱਤਮ ਨਮੂਨਾ ਹੈ। ਦੁਰਗਾ ਦੀ ਮਦਦ ਨਾਲ ਦੇਵਤੇ, ਮਿਥਿਹਾਸਿਕ ਯੁੱਧ ਵਿਚ ਦੈਂਤਾ ਤੋਂ ਜਿੱਤ ਜਾਂਦੇ ਹਨ। ਵਾਰ ਵਿੱਚ ਬਿੰਬ,ਰਸ, ਛੰਦ ਅਤੇ ਅਲੰਕਾਰ ਖ਼ੂਬ ਰੰਗ ਬੰਨ੍ਹਦੇ ਹਨ।
ਜਿਵੇਂ-
"ਲੱਖ ਨਗਾਰੇ ਵੱਜਣ ਆਮੋ ਸਾਹਮਣੇ
ਰਾਕਸ਼ ਰਣੁ ਨਾ ਭੱਜਣ ਰੋਹੇ ਰੋਹਲੇ।"
3. ਉੱਤਰ ਨਾਨਕ ਕਾਲ ਦੀ ਬੀਰ ਕਵਿਤਾ- ਇਸ ਸਮੇਂ ਨਜਾਬਤ ਨੇ ,ਨਾਦਰ ਸ਼ਾਹ ਦੇ ਹਮਲੇ ਬਾਰੇ ਲਿਖਿਆ ਹੈ। ਉਸ ਦੀ ਵਾਰ 'ਦੇਸ਼ ਪਿਆਰ' ਨਾਲ ਭਰਪੂਰ ਹੈ।
ਜਿਵੇਂ-
" ਸਿਰ ਦੇਣਾ ਮਨਜ਼ੂਰ ਹੈ,
ਜੇ ਹਿੰਦ ਨਾ ਜਾਏ।"
4. ਸਿੱਖ ਰਾਜ ਕਾਲ ਦੀ ਬੀਰ ਕਵਿਤਾ- 'ਸ਼ਾਹ ਮੁਹੰਮਦ' ਨੇ ਅੰਗਰੇਜ਼ ਸਿੱਖ ਯੁੱਧ ਦਾ ਹਾਲ 'ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ' ਵਿੱਚ ਲਿਖਿਆ। ਉਸਦੀ ਹਮਦਰਦੀ ਤੇ ਸ਼ਰਧਾ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਨਾਲ ਹੈ। ਉਸ ਨੂੰ ਪੰਜਾਬ ਦਾ ਕੌਮੀ ਕਵੀ ਕਿਹਾ ਜਾਂਦਾ ਹੈ।
ਜਿਵੇਂ-
"ਸ਼ਾਹ ਮੁਹੰਮਦਾ ਐਸਾ ਕੌਣ ਜੱਗ ਤੇ
ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।"
ਇਸ ਪ੍ਰਕਾਰ ਪੰਜਾਬੀ ਵਿੱਚ ਬਹੁਤ ਸਾਰੀਆਂ ਵਾਰਾਂ ਲਿਖੀਆਂ ਗਈਆਂ। ਪੀਰ ਮੁਹੰਮਦ ਦੀ 'ਚੱਠਿਆਂ ਦੀ ਵਾਰ' ਵੀ ਕਾਫੀ ਪ੍ਰਸਿੱਧ ਹੋਈ। ਜੰਗਨਾਮਾ ਵੀ ਲਿਖਿਆ ਗਿਆ। ਆਧੁਨਿਕ ਕਾਲ ਵਿੱਚ ਲੋਕ , ਵਾਰਾਂ ਨੂੰ ਗਾਉਂਦੇ ਤਾਂ ਹਨ ਪਰ ਲਿਖਣ ਦਾ ਰਿਵਾਜ ਖਤਮ ਹੋ ਗਿਆ ਹੈ। ਫਿਰ ਵੀ ਇਸ ਅਮੀਰ ਕਾਵਿ ਪਰੰਪਰਾ ਨੂੰ ਭੁਲਾਇਆ ਨਹੀਂ ਜਾ ਸਕਦਾ।

0 Comments