Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਚੰਗੇ ਭਵਿੱਖ ਲਈ ਵਰਤਮਾਨ ਵਿਚ ਕੀ ਕਰੀਏ ?


 

                ਜਿੱਥੇ ਪੜ੍ਹਾਈ ਸਾਡੇ ਕਿਰਦਾਰ ਦੇ ਉਸਾਰ ਲਈ ਬੜੀ ਚੇਤੰਨ ਪੱਧਰ ਉੱਤੇ ਲਾਜ਼ਮੀ ਹੈ। ਉੱਥੇ ਪੜ੍ਹਨ-ਪੜਾਉਣ ਦਾ ਦੂਜਾ ਪਾਸਾ ਰੁਜ਼ਗਾਰ ਦੀ ਪੂਰਤੀ ਲਈ ਨਿਯਤ ਸ਼ਰਤਾਂ ਪੂਰੀਆਂ ਕਰਨ ਦਾ ਵੀ ਹੈ।  ਜਿਹੜੇ ਬੱਚੇ ਆਪਣੀ ਪੜ੍ਹਾਈ ਪ੍ਰਤੀ ਸੁਚੇਤ ਹੋਣਗੇ ਉਹੀ ਆਪਣੇ ਕਿੱਤੇ ਬਾਬਤ ਜਾਨਣ ਦੇ ਇੱਛੁਕ ਹੋਣ ਦੇ ਨਾਲ ਨਾਲ ਲੋੜੀਂਦੀ ਜਦੋਜਹਿਦ ਵੀ ਕਰਨਗੇ। ਅਜਿਹੇ ਵੇਲੇ ਕੁੱਝ ਨੁਕਤਿਆਂ ਨੂੰ ਯਾਦ ਰੱਖਣਾ ਅਤਿ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਸਾਡਾ ਅੱਜ ਲਿਆ ਫ਼ੈਸਲਾ ਹੀ ਭਵਿੱਖ ਵਿਚ ਸਿੱਟੇ ਪ੍ਰਦਾਨ ਕਰੇਗਾ। ਇਸ ਲਈ ਆਪਣੀ ਪੜ੍ਹਾਈ ਪ੍ਰਤੀ ਅਤੇ ਆਪਣੀ ਸਮਰੱਥਾ ਬਾਰੇ ਜਿੰਨੀ ਜਲਦੀ ਜਾਣ ਸਕੋਗੇ ਉਨ੍ਹੀਂ ਹੀ ਸਹਿਜਤਾ ਨਾਲ ਆਪਣੇ ਹੁਨਰ ਨੂੰ ਵਿਕਸਤ ਕਰਕੇ ਸਾਰਥਿਕ ਰੁਜ਼ਗਾਰ ਪ੍ਰਾਪਤ ਕਰ ਸਕੋਗੇ। 

              ਪਹਿਲਾ ਨੁਕਤਾ ਕਿ ਤੁਸੀਂ ਕਿਹੜਾ ਕੋਰਸ ਚੁਣ ਰਹੇ ਹੋ ? ਉਸ ਕੋਰਸ ਵਿਚ ਕਿੰਨੀ ਕੁ ਤੇ ਕਿੱਥੇ-ਕਿੱਥੇ ਰੁਜ਼ਗਾਰ ਦੀ ਸੰਭਾਵਨਾ ਹੈ। ਫਿਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਤੁਸੀਂ ਕਿਹੜਾ ਕਾਲਜ/ਯੂਨੀਵਰਸਿਟੀ ਚੁਣ ਰਹੇ ਹੋ ? ਕੀ ਤੁਸੀਂ ਉਸਦੀ ਮਾਣਤਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ  ਦੀਆਂ ਸ਼ਰਤਾਂ ਅਨੁਸਾਰੀ ਹੈ ਜਾਂ ਨਹੀਂ ? ਫ਼ੇਕ ਸੰਸਥਾਵਾਂ ਦੀ ਲਿਸਟ ਜਾਨਣ ਲਈ ਲਾਗਿਨ ਕਰ ਸਕਦੇ ਹੋ - www.ugc.ac.in , ਇਸੇ ਨਾਲ ਉਹ ਸੰਸਥਾ ਤੁਹਾਡੇ ਹੁਨਰ ਨੂੰ ਸਾਰਥਕ ਕਰਨ ਵਿਚ ਕਿੰਨੀ ਕੁ ਉਤਸ਼ਾਹਜਨਕ ਹੈ ? ਇਨ੍ਹਾਂ ਗੱਲਾਂ/ਸਵਾਲਾਂ ਨਾਲ ਦੋ ਚਾਰ ਹੋਣ ਮਗਰੋਂ ਹੀ ਆਪਣੀ ਪੜ੍ਹਾਈ ਲਈ ਸੰਸਥਾ ਦੀ ਚੋਣ ਕਰਨੀ ਚਾਹੀਦੀ ਹੈ।

                 ਦੂਜਾ ਨੁਕਤਾ- ਇਹ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਆਪਣੀ ਪੜ੍ਹਾਈ ਦਾ ਆਧਾਰ ਕਿਸ ਤਰ੍ਹਾਂ ਦੀ ਸਮੱਗਰੀ ਬਣਾ ਰਹੇ ਹੋ ? ਕਿਤੇ ਤੁਸੀਂ 'ਚੀਪ ਸਟੱਡੀ ਮਟੀਰੀਅਲ' ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ? ਜਾਂ ਇਸ ਦੀ ਬਜਾਇ ਤੁਸੀਂ ਸ੍ਵੈ-ਅਧਿਐਨ ਕਰ ਰਹੇ ਹੋ ? ਇੱਥੇ ਆਤਮ-ਮੰਥਨ ਕਰਨ ਦੀ ਤੀਬਰ ਲੋੜ ਹੈ। ਸ੍ਵੈ-ਅਧਿਐਨ ਲਈ ਕੋਰਸ ਦੀਆਂ ਟੈਕਸਟ ਬੁਕਸ/ ਕਿਤਾਬਾਂ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਪਾਠ ਨੂੰ ਸਮਝਣਾ ਪਵੇਗਾ। ਜਿੱਥੇ ਕੁੱਝ ਮੁਸ਼ਕਲ ਆਵੇ ਆਪਣੇ ਉਸਤਾਦ/ ਅਧਿਆਪਕ ਨਾਲ ਚਰਚਾ ਕਰਕੇ ਹੱਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੰਬੰਧਿਤ ਵਿਸ਼ੇ ਨਾਲ ਰਲਦੀਆਂ ਮਿਲਦੀਆਂ ਹੋਰ ਕਿਤਾਬਾਂ ਵੀ ਵਾਚਣੀਆਂ ਚਾਹੀਦੀਆਂ ਹਨ। ਇਉਂ ਤੁਸੀਂ ਆਪਣੀ ਫ਼ੀਲਡ ਵਿਚ ਮਾਹਰ ਹੋਣ ਵੱਲ ਆਪਣੇ ਕਦਮ ਵਧਾ ਸਕਦੇ ਹੋ।

               ਤੀਜਾ ਨੁਕਤਾ - ਤੁਸੀਂ ਹੁਣ ਮੋਬਾਇਲ ਯੁੱਗ ਦੇ ਬਾਸ਼ਿੰਦੇ ਹੋ। ਇਸ ਨੂੰ ਮੱਦੇਨਜ਼ਰ ਰੱਖਦਿਆਂ ਆਪਣਾ ਰਾਬਤਾ ਸ਼ੋਸ਼ਲ ਮੀਡੀਆ ਨਾਲ ਜ਼ਰੂਰ ਬਣਾਓ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸ਼ੋਸਲ ਮੀਡੀਏ ਦਾ ਸਦਉਪਯੋਗ ਹੀ ਕਰੋ। ਇੱਥੇ ਤੁਸੀਂ ਆਪਣੇ ਪਸੰਦੀਦਾ ਪੜ੍ਹਾਈ/ਰੁਜ਼ਗਾਰ ਸੰਬੰਧੀ ਪੇਜ/ਗਰੁੱਪ (ਫੇਸਬੁੱਕ), ਚੈੱਨਲ (ਯੂਟਿਬਰ) ਆਦਿ ਚੁਣ ਸਕਦੇ ਹੋ। ਇਨ੍ਹਾਂ ਦੀ ਅਪਡੇਸ਼ਨ ਨੂੰ ਧਿਆਨ ਵਿਚ ਰੱਖੋ। ਬਸ਼ਰਤੇ ਕਿ ਤੁਸੀਂ ਆਪਣੀ ਸੰਸਥਾ ਦੇ ਕਰੀਅਰ ਸੈੱਲ, ਸਕਿੱਲ ਡਿਵੈਲਪਮੈਂਟ ਸੈਂਟਰ ਨਾਲ ਜੁੜੇ ਹੋਣ ਦੀ ਹਾਮੀ ਵੀ ਭਰੋ।

            ਚੌਥਾ ਨੁਕਤਾ - ਜੇਕਰ ਤੁਸੀਂ ਖੇਡਾਂ ਵਿਚ ਭਵਿੱਖ ਪ੍ਰਫੁੱਲਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੇਡ ਚੁਣਨ ਲੱਗਿਆਂ ਆਪਣੇ ਸ਼ੌਕ ਅਤੇ ਯੋਗਤਾ/ਸਮਰੱਥਾ ਅਨੁਸਾਰ ਹੀ ਉਸ ਖੇਡ ਨੂੰ ਤਰਜੀਹ ਦਿਓ ਜਿਸ ਦੀ ਗਰੇਡੇਸ਼ਨ ਹੁੰਦੀ ਹੋਵੇ। ਖੇਡ ਸਰਟੀਫਿਕੇਟਾਂ ਦੀ ਗਰੇਡੇਸ਼ਨ ਕਰਵਾਓ ਵਿਚ ਵੀ ਢਿੱਲ ਨਾ ਵਰਤੋਂ। 

           ਪੰਜਵਾਂ ਨੁਕਤਾ -  ਜੇਕਰ ਤੁਸੀਂ ਪੱਤਰ ਵਿਹਾਰ ਅਰਥਾਤ ਡਿਸਟੈਂਸ ਲਰਨਿੰਗ ਕਰਨ ਵੱਲ ਵਧ ਰਹੇ ਹੋ ਤਾਂ ਯਾਦ ਰੱਖੋ ਕਿ ਪੱਤਰ ਵਿਹਾਰ ਕੋਰਸਾਂ ਦੀ ਮਾਨਤਾ ਆਮ ਤੌਰ 'ਤੇ 'ਸੰਬੰਧਿਤ ਸੂਬੇ/ਪ੍ਰਾਂਤ' ਤੱਕ ਹੀ ਸੀਮਤ ਹੁੰਦੀ ਹੈ। ਪੱਤਰ ਵਿਹਾਰ ਲਈ ਕੇਂਦਰ ਸਰਕਾਰ ਦੀ ਸੰਸਥਾ 'ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਬੜੀ ਕਿਫ਼ਾਇਤੀ ਅਤੇ ਵੈਲਿਡ ਹੈ। ਤੁਸੀਂ ਯੂਨੀਵਰਸਿਟੀ ਦੀ ਵੈੱਬਸਾਈਟ www.igno.ac.in ਨਾਲ ਰਾਬਤਾ ਸਿਰਜ ਸਕਦੇ ਹੋ। 

           ਛੇਵਾਂ ਨੁਕਤਾ- ਤੁਸੀਂ ਆਪਣੇ ਕੋਰਸਾਂ / ਪੜ੍ਹਾਈ , ਰੁਚੀ ਤੇ ਰੁਝਾਨ ਸਾਹਮਣੇ ਰੱਖ ਕੇ ਆਪਣਾ ਰਿਜ਼ੀਊਮ / ਬਾਇਓ ਡਾਟਾ ਜ਼ਰੂਰ ਤਿਆਰ ਕਰੋ। ਇਸ ਨੂੰ ਅਪਡੇਟ ਕਰਦੇ ਰਹੋ। ਭਵਿੱਖ ਵਿਚ ਰੁਜ਼ਗਾਰ ਲੈਣ ਵਿਚ ਸਹਾਈ ਸਿੱਧ ਹੋਵੇਗਾ।

          ਸੱਤਵਾਂ ਨੁਕਤਾ ਇਹ ਹੈ ਕਿ ਤਕਰੀਬਨ ਸਾਰੀ ਕਿਸਮ ਦੀਆਂ ਨੌਕਰੀਆਂ ਵਿਚੋਂ ਇੰਟਰਵਿਊ ਨੂੰ ਸਰਕਾਰੀ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ ਹੈ। ਇਸ ਲਈ ਆਪਣੀ ਪੜ੍ਹਾਈ ਅਤੇ ਚੁਣੇ ਜਾ ਰਹੇ ਰੁਜ਼ਗਾਰ ਵਿਚ ਮਾਹਰ ਹੋਣ ਦੀ ਸਾਖੀ ਭਰਦੇ ਹੋਏ, ਪ੍ਰੀਖਿਆ ਕੇਂਦਰ ਵੱਲ ਤਰੋ। 

                     ਪਿਆਰੇ ਦੋਸਤੋ ! ਸਾਡਾ ਵਰਤਮਾਨ ਹੀ ਭਵਿੱਖ ਨੂੰ ਸਾਰਥਕ ਕਰ ਸਕਦਾ ਹੈ। ਅੱਜ ਤੋਂ ਹੀ ਆਪਣੀ ਪੜ੍ਹਾਈ ਪ੍ਰਤੀ ਸਤਰਕਤਾ ਨਾਲ ਪੇਸ਼ ਆਓ ਤਾਂ ਹੀ ਰੁਚੀ ਅਤੇ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ , ਆਪਣੀ ਯੋਗਤਾ ਅਨੁਸਾਰ ਆਪਣੇ ਕਿੱਤੇ ਦੀ ਭਾਲ ਕਰ ਸਕੋਗੇ ਅਤੇ ਸੁਰੱਖਿਅਤ ਭਵਿੱਖ ਲਈ ਆਸਵੰਦ ਹੋ ਪਾਓਗੇ।

Post a Comment

0 Comments