ਪਰਵਾਨਾ ਪੁੜੈਣ ਇੱਕ ਨਾਮਵਰ ਕਵੀ ਅਤੇ ਨਾਮਵਰ ਪੱਤਰ ਪ੍ਰੇਰਕ ਹਨ । ਸੰਜੀਦਾ ਸੋਚ , ਪੁਖਤਾ ਵਿਚਾਰ ਅਤੇ ਪਰਿਪੱਕ ਸ਼ੈਲੀ ਉਨ੍ਹਾਂ ਦੀ ਲੇਖਣੀ ਦਾ ਹਿੱਸਾ ਰਹੇ ਹਨ । "ਸੂਰਜ ਉਦਾਸ ਹੈ" , "ਹੂਕ ਗੂੰਗੇ ਦਰਦ ਦੀ" , "ਇੱਕ ਲੰਬਾ ਖ਼ਤ ਲਿਖੀਂ" ਅਤੇ "ਸਹੁੰ ਤੇਰੀ ਮੈਂ ਆਵਾਂਗਾ" ਚਾਰ ਕਾਵਿ ਪੁਸਤਕਾਂ ਤੋਂ ਮਗਰੋਂ 'ਸਿਦਕ਼ ਜਿੰਨ੍ਹਾਂ ਦੇ ਸਾਦਿਕ਼' ਉਨ੍ਹਾਂ ਦੀ ਪਹਿਲੀ ਨਾਵਲੀ ਰਚਨਾ ਹੈ । ਇਹ ਰਚਨਾ ਵਿਸ਼ਾ ਅਤੇ ਕਲਾ ਦੋਨ੍ਹਾਂ ਪੱਖਾਂ ਤੋਂ ਇੱਕ ਗਿਣਨਯੋਗ ਪ੍ਰਾਪਤੀ ਮੰਨੀ ਜਾ ਸਕਦੀ ਹੈ । ਕਵੀ ਹੋਣ ਕਾਰਨ ਆਮ ਤੌਰ ਦੇ ਉੱਤੇ ਨਾਵਲੀ ਬਿਰਤਾਂਤਕ ਰਚਨਾਵਾਂ ਵਿੱਚ ਕਾਵਿਕਤਾ ਕਈ ਲੇਖਕਾਂ ਦੀ ਸਮੱਸਿਆ ਬਣ ਜਾਂਦੀ ਹੈ । ਪਰ ਪਰਵਾਨਾ ਪੁੜੈਣ ਨੇ ਇਸ ਨਾਵਲ ਵਿੱਚ ਬਿਰਤਾਂਤਕਾਰੀ ਪੱਖੋਂ ਨਿਭਾਅ ਵਿੱਚ ਕੋਈ ਕਮੀ ਨਹੀਂ ਛੱਡੀ । ਸ਼ਾਇਦ ਪੱਤਰਕਾਰੀ ਦੇ ਖੇਤਰ ਦੀ ਪ੍ਰਪੱਕਤਾ ; ਇਸ ਬਿਰਤਾਂਤਕਾਰੀ ਦੀ ਪੁਖ਼ਤਗੀ ਦਾ ਆਧਾਰ ਬਣੀ ਹੋਵੇ । ਜਿੱਥੇ ਇਸ ਨਾਵਲ ਵਿੱਚ ਪੇਸ਼ ਵਿਸ਼ਿਆਂ , ਪਾਤਰਾਂ , ਸਥਿਤੀਆਂ ਅਤੇ ਇਸਦੇ ਬਣਤਰ ਪੱਖ ਉੱਪਰ ਚਰਚਾ ਕਰਨੀ ਬਣਦੀ ਹੈ , ਉੱਥੇ ਮੈਂ ਇਸ ਨਾਵਲ ਵਿੱਚ ਪੇਸ਼ ਮਾਨਸਿਕ ਸੰਦਰਭਾਂ ਨੂੰ ਦ੍ਰਿਸ਼ਟੀ-ਗੋਚਰ ਕਰਨ ਦਾ ਯਤਨ ਕੀਤਾ ਹੈ ।
ਨਾਵਲ ਵਿਚਲੇ ਪ੍ਰਸੰਗ ਨਾਵਲ ਵਿੱਚ ਪੇਸ਼ ਵੱਖ ਵੱਖ ਪਾਤਰਾਂ ਦਾ ਮਨੋ ਯਥਾਰਥ ਅਤੇ ਸਮਾਜਿਕ ਪਰਿਪੇਖ ਕਈ ਥਾਵਾਂ ਉੱਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ । ਨਾਵਲਕਾਰ ਨੇ ਮਾਨਸਿਕ ਪ੍ਰਸੰਗਾਂ ਨੂੰ ਪਹਿਚਾਣਦਿਆਂ ; ਕਈ ਥਾਵਾਂ ਤੇ ਖ਼ੁਦ ਸਿੱਧੀਆਂ ਟਿੱਪਣੀਆਂ ਕੀਤੀਆਂ ਹਨ ਅਤੇ ਕਈ ਥਾਵਾਂ ਤੇ ਅਸਿੱਧੇ ਪ੍ਰਸੰਗ ਸਿਰਜੇ ਹਨ । ਪਰ ਆਲੋਚਨਾਤਮਕ ਨਜ਼ਰੀਏ ਤੋਂ ਇਸ ਨਾਵਲ ਨੂੰ ਪੜ੍ਹਦਿਆਂ ਮੈਂ ਨਾਵਲ ਦੀ ਟੈਕਸਟ ਜੋ ਕਹਿੰਦੀ ਹੈ ਉਹਦੇ ਨਾਲ ਨਾਲ 'ਪੀਅਰੇ ਮਸ਼ੀਰੀ' ਦੇ 'ਪਾਠ ਦੀਆਂ ਖਾਮੋਸ਼ੀਆਂ' ਦੇ ਸੰਕਲਪ ਨੂੰ ਵੀ ਮੱਦੇਨਜ਼ਰ ਰੱਖਣਾ ਚਾਹਾਂਗਾ । ਭਾਵ ਨਾਵਲਕਾਰ ਜਾਂ ਨਾਵਲੀ ਸਥਿਤੀਆਂ ; ਜੋ ਕਹਿੰਦੀਆਂ ਹਨ ਉਹਦੇ ਨਾਲ ਨਾਲ ਜੋ ਨਹੀਂ ਕਹਿੰਦੀਆਂ ਅਤੇ ਕਿਉਂ ਨਹੀਂ ਕਹਿੰਦੀਆਂ ; ਇਹ ਮਹੱਤਵਪੂਰਨ ਮਾਨਸਿਕ ਪ੍ਰਸੰਗਾਂ ਨੂੰ ਪੇਸ਼ ਕਰਦਾ ਹੈ ।
".... ਹਰਦਿਲਜੀਤ ਸੋਚਦੀ ਕਿ ਮਨਮੀਤ ਨੂੰ ਉਹ ਆਪਣੀ ਹੀ ਨਿਗਰਾਨੀ ਹੇਠ ਰੱਖੇਗੀ । ਇੱਕ ਪਾਸੇ ਛਾਤੀ ਦਾ ਦੁੱਧ ਮਨਮੀਤ ਨੂੰ ਤੇ ਦੂਜੇ ਪਾਸੇ ਦਾ ਜ਼ੋਰੇ ਨੂੰ ਚੁੰਘਾ ਦਿਆ ਕਰਾਂਗੀ । ਹਰਦਿਲਜੀਤ ਨੂੰ ਇਨ੍ਹਾਂ ਸੋਚਾਂ ਦੇ ਘੇਰਿਆ ਹੋਇਆ ਸੀ , ਮਨਮੀਤ ਦੇ ਰੌਣ ਦੀ ਆਵਾਜ਼ ਆਈ, ਹਰਦਿਲਜੀਤ ਨੇ ਝੱਟ ਚੁੱਕ ਲਿਆ ।..... ਪੰਨਾਂ - 17
ਇਸ ਨਾਵਲ ਦੀ ਇੱਕ ਅਹਿਮ ਖ਼ੂਬਸੂਰਤੀ ਮੈਨੂੰ ਇਸ ਗੱਲ ਵਿੱਚ ਨਜ਼ਰ ਆਈ ਹੈ ਕਿ ਨਾਵਲ ਵਿੱਚ ਔਰਤ ਪਾਤਰ ਆਮ ਨਾਵਲਾਂ ਵਾਲੇ ਮਰਦ ਪਾਤਰਾਂ ਨਾਲੋਂ ਵੀ ਕਿਤੇ ਕਿਤੇ ਵੱਧ ਬਲਵਾਨ ਨਜ਼ਰ ਆਉਂਦੇ ਹਨ ਅਤੇ ਮਰਦ ਪਾਤਰ ਆਮ ਨਾਵਲਾਂ ਵਿੱਚ ਦੱਬੀਆਂ ਗਈਆਂ ਔਰਤ ਪਾਤਰਾਂ ਦੀਆਂ ਸਥਿਤੀਆਂ ਹੰਢਾਉਂਦੇ ਦਿਖਾਈ ਦਿੰਦੇ ਹਨ ।
..... "ਮਲਕੀਤ ਬੋਲਿਆ ਮੈਂ ਕਿਹੜਾ ਕਤਲ ਕਰਤਾ ਐਵੇਂ ਪਾਰਾ ਚੜ੍ਹਾਈ ਜਾਨੀ ਆਂ ।" ਹਰਦਲਜੀਤ ਨੂੰ ਹੋਰ ਗੁੱਸਾ ਚੜ੍ਹ ਗਿਆ ਤੇ ਬੋਲੀ ਜੋ ਕੁਛ ਤੂੰ ਕਰ ਰਿਹਾ ਏਂ , ਉਹ ਕਤਲ ਤੋਂ ਵੱਧ ਹੈ । ................... ਮਲਕੀਤ ਸਿੰਘ ਹਰਦਲਜੀਤ ਦੀਆਂ ਖਰੀਆਂ ਖਰੀਆਂ ਸੁਣਕੇ ਅਵਾਕ ਹੋ ਕੇ ਰਹਿ ਗਿਆ । ..... ਪੰਨਾਂ - 23
ਜਾਂ
...."ਪਹਿਲਾਂ ਮੈਨੂੰ ਫੜਾਉਣ ਤੇ ਤਨਖਾਹ ਭਿੱਟੀ ਗਈ । ਮੇਰੀ ਤਨਖਾਹ ਨੂੰ ਹਾਬੜਿਆਂ ਵਾਂਗ ਫੜਦਾ , ਉਦੋਂ ਨੀ ਕਰੰਟ ਵੱਜਦਾ।" ਮਲਕੀਤ ਹਰਦਿਲਜੀਤ ਦਾ ਗੁੱਸਾ ਦੇਖਕੇ ਮੱਝਾਂ ਦੀਆਂ ਖੁਰਲੀਆਂ ਵਿਚ ਨਿਗ੍ਹਾ ਮਾਰਨ ਚਲਾ ਗਿਆ ......ਪੰਨਾਂ - 24
ਨਾਵਲ ਦੀ ਨਾਇਕਾ ਹਰਦਲਜੀਤ ਅਤੇ ਉਸ ਦੀ ਸਹੇਲੀ ਸਰਪੰਚਨੀ ਮਨਜੀਤ ਅੱਗੇ ਬਹੁਤ ਸਾਰੇ ਪਾਤਰ ਬੇਬੱਸ ਨਜ਼ਰ ਆਉਂਦੇ ਹਨ । ਇਨ੍ਹਾਂ ਪਾਤਰਾਂ ਦੀ ਸਹਿਜ , ਸੂਝ ਅਤੇ ਮਾਨਸਿਕ ਪ੍ਰਪੱਕਤਾ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਅਤੇ ਮਾਨਸਿਕ ਦੁਸ਼ਵਾਰੀਆਂ ਨੂੰ ਹੱਲ ਕਰਕੇ ; ਕਈ ਦੱਬੇ ਕੁਚਲੇ ਲੋਕਾਂ ਦਾ ਰਾਹ ਹਮਵਾਰ ਕਰਦੇ ਹਨ । ਆਧੁਨਿਕ ਮਨੋਵਿਗਿਆਨ ਦਾ ਇੱਕ ਮੁੱਖ ਸੰਕਲਪ ਹੈ ਕਿ ਵਿਅਕਤੀ ਆਪਣੀ ਜੱਦ ਨਾਲੋਂ ਆਪਣੇ ਵਾਤਾਵਰਨ ਤੋਂ ਜਿਆਦਾ ਸਿੱਖਦਾ ਹੈ ।
ਇਸੇ ਸੰਦਰਭ ਵਿੱਚ ਮਨਮੀਤ , ਹਰਦਲਜੀਤ ਵੱਲੋਂ ਪਾਲਿਆ ਹੋਣ ਕਰਕੇ ਜ਼ਿਆਦਾ ਸੰਸਕਾਰੀ ਹੈ। ਜਦਕਿ ਹਰਦਿਲਜੀਤ ਦਾ ਢਿੱਡੋਂ ਜਾਇਆ ਪੁੱਤਰ ਜੋਰਾ ਆਪਣੇ ਪਿਓ ਦੀ ਸੰਗਤ ਕਾਰਨ ਮਿਲੇ ਗ਼ਲਤ ਵਾਤਾਵਰਨ ਕਰਕੇ ਕਿਰਦਾਰ ਨਹੀਂ ਬਣਾ ਪਾਉਂਦਾ ।
....." ਹਰਦਲਜੀਤ ਨੇ ਮਲਕੀਤ ਕੋਲ ਜ਼ੋਰੇ ਦਾ ਕੱਚਾ ਚਿੱਠਾ ਬਿਆਨ ਕੀਤਾ । ਉਹਨੇ ਕਿਹਾ ਕਿ 'ਮਨਮੀਤ ਨੇ ਵੀ ਮੇਰਾ ਦੁੱਧ ਪੀਤਾ, ਉਸਦਾ ਪਾਲਣ ਪੋਸ਼ਣ ਵੀ ਇਸੇ ਘਰ 'ਚ ਹੋਇਆ ਪਰ ਦੋਹਾਂ ਵਿੱਚ ਪੂਰਬ-ਪੱਛਮ ਜਿੰਨਾ ਫਰਕ ਹੈ।' ਮਲਕੀਤ ਹਰਦਲਜੀਤ ਦੀਆਂ ਸੱਚੀਆਂ ਸੁਣ ਕੇ ਚੁੱਪ ਹੋ ਗਿਆ।" .....ਪੰਨਾਂ - 31
ਜਾਂ
..... "ਜ਼ੋਰਾ ਪਾਪਾ ਜੀ ਮੰਮੀ ਨੇ ਸਾਰੀ ਖੇਡ ਵਿਗਾੜ ਦਿੱਤੀ । ਮਲਕੀਤ ਜ਼ੋਰੇ ਦੀ ਗੱਲ ਸੁਣ ਕੇ ਆਖਣ ਲੱਗਾ , 'ਵੱਡੀ ਆਈ ਹੈ ਤਿਆਗਣ । ਭਲੀਏ ਮਾਣਸੇ ਉਨ੍ਹਾਂ ਨੇ ਦਾਜ ਆਪਣੀ ਧੀ ਨੂੰ ਦੇਣਾ .....।" ਪੰਨਾਂ - 32/33
ਜੇਕਰ ਅਸੀਂ ਜੱਦ ਦੇ ਅਨੁਸਾਰ ਦੇਖੀਏ ਤਾਂ ਜ਼ੋਰੇ ਨੂੰ ਵਧੇਰੇ ਸੰਸਕਾਰੀ ਹੋਣਾ ਚਾਹੀਦਾ ਸੀ । ਜਦਕਿ ਉਸ ਨਾਲੋਂ ਮਨਮੀਤ ਜ਼ਿਆਦਾ ਸੰਸਕਾਰੀ ਹੈ ਭਾਵੇਂ ਕਿ ਉਹ ਹਰਦਿਲਜੀਤ ਦੇ ਜੇਠ ਜੇਠਾਣੀ ਦਾ ਪੁੱਤਰ ਹੈ ।
ਪੁਰਾਤਨ ਸਮਾਜਿਕ ਰੀਤਾਂ ਰਸਮਾਂ ; ਗੁੰਝਲਾਂ ਅਤੇ ਬੰਦਸਾਂ ਨੂੰ ਪਾਰ ਕਰ ਸਕਣਾ ; ਕਿਸੇ ਦਲੇਰ ਮਾਨਸਿਕਤਾ ਵਾਲੇ ਕਿਰਦਾਰ ਦੇ ਹੀ ਹਿੱਸੇ ਆਉਂਦਾ ਹੈ । ਇਸ ਪ੍ਰਸੰਗ ਵਿੱਚ ਹਰਦਿਲਜੀਤ , ਮਨਜੀਤ , ਮਨਮੀਤ ਅਤੇ ਹਰਮਨਦੀਪ ਕੌਰ ਉੱਘੜ ਕੇ ਸਾਡੇ ਸਾਹਮਣੇ ਆਉਂਦੇ ਹਨ । ਜੋ ਰੀਤਾਂ ਤੇ ਰਵਾਇਤਾਂ ਨੂੰ ਨਾ ਸਿਰਫ ਤੋੜਦੇ ਹਨ । ਬਲਕਿ ਨਵੇਂ ਪੂਰਨੇ ਪਾਉਣ ਦੇ ਵੀ ਸਮਰੱਥ ਸਾਬਤ ਹੁੰਦੇ ਹਨ ।
"...... ਹਰਦਿਲਜੀਤ ਬੋਲੀ , "ਜੇ ਮੇਰੀ ਗੱਲ ਮੰਨੋ ਤਾਂ ਪੰਜ ਬੰਦੇ ਜਾ ਕੇ ਆਨੰਦ ਕਾਰਜ ਦੀ ਰਸਮ ਕਰਕੇ ਵਾਪਸ ਆ ਜਾਓ ਤੇ ਪਾਰਟੀ ਘਰ ਹੀ ਕਰ ਲਵਾਂਗੇ । "..... ਪੰਨਾਂ - 37
ਜਾਂ
" ਹਰਮਨਦੀਪ ਅੰਤਰਰਾਸ਼ਟਰੀ ਗਤੀਵਿਧੀਆਂ ਦਾ ਵੀ ਖਿਆਲ ਰੱਖਦੀ ਸੀ । ਉਹ ਕਿਸੇ ਵੀ ਕੀਮਤ ਤੇ ਕੈਨੇਡਾ ਜਾਣਾ ਨਹੀਂ ਸੀ ਚਾਹੁੰਦੀ । ..... ਉਸ ਨੇ ਕਿਹਾ ਕਿ ਉਹ ਹਰ ਰੋਜ਼ ਰੁਲ਼ਦੀਆਂ , ਰੋਂਦੀਆਂ , ਕੁਰਲਾਉਂਦੀਆਂ ਕੁੜੀਆਂ ਬਾਬਤ ਸੁਣਦੀ ਹੀ ਰਹਿੰਦੀ ਹੈ। ..... ਅਨਪੜ੍ਹਾਂ ਨੂੰ ਦਲਾਲ ਕੈਨੇਡਾ ਦੇ ਸਬਜ਼ਬਾਗ ਦਿਖਾ ਦਿੰਦੇ ਨੇ ਉਨ੍ਹਾਂ ਦੇ ਜ਼ਿਹਨ ਵਿੱਚ ਕੈਨੇਡਾ ਦੀਆਂ ਰਮਣੀਕ ਵਾਦੀਆਂ ਹੀ ਰਹਿਦੀਆਂ ਹਨ , ਐਵੇਂ ਕੁੜੀਆਂ ਨੂੰ , 'ਚੜ੍ਹ ਜਾ ਬੱਚਾ ਸੂਲੀ ਭਲੀ ਕਰੇਗਾ ਰਾਮ' ਦੀ ਕਹਾਵਤ ਵਾਂਗ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖ਼ਿਲਵਾੜ ਕਰਦੇ ਹਨ।" ਪੰਨਾਂ - 67-68
ਜੇਕਰ ਬਿਰਤਾਂਤਕਾਰ ਦੀ ਆਪਣੀ ਮਾਨਸਿਕਤਾ ਦੀ ਗੱਲ ਕਰੀਏ ਤਾਂ ਪੱਤਰਕਾਰੀ ਦਾ ਲੰਮਾ ਅਨੁਭਵ ਨਾਵਲੀ ਬਿਰਤਾਂਤ ਵਿੱਚ 'ਕੀ' , 'ਕਿਉਂ' , 'ਕਿਵੇਂ' , 'ਕਦੋਂ' ਅਤੇ 'ਕਿੱਥੋਂ' ਆਦਿ ਪ੍ਰਸ਼ਨਾਂ ਨੂੰ ਬਹੁਤ ਹੀ ਤਰਕਮਈ ਢੰਗ ਨਾਲ ਸੁਲਝਾਉਣ ਦੇ ਯੋਗ ਹੁੰਦਾ ਹੈ । ਨਾਵਲ ਵਿਚਲੇ ਪਾਤਰ ਹਰਦਿਲਜੀਤ, ਹਰਮਨਦੀਪ, ਮਨਜੀਤ, ਬਾਬਾ ਸਰਮੁੱਖ ਸਿੰਘ , ਮਨਜੀਤ ; ਮੈਂ ਤੇ ਕਦਰਾਂ ਕੀਮਤਾਂ ਅਤੇ ਪੂਰਬੀ ਸਿੱਖਿਆ ਤੇ ਸਮਾਜਿਕ ਨਿਯਮਾਂਵਲੀ ਦੇ ਹਾਂ-ਪੱਖੀ ਪ੍ਰਸੰਗਾਂ ਨਾਲ ਜੁੜੇ ਹੋਏ ਹਨ । ਜਦਕਿ ਮਲਕੀਤ , ਜ਼ੋਰਾ , ਪਾਖਰ ਸਿੰਘ ਅਤੇ ਮੰਡੀ ਵਾਲਾ ਆੜ੍ਹਤੀਆ ਜਾਂ ਸੇਠ ਲਾਲਚ ਹਿਰਸ ਅਤੇ ਹਵਸ ਦਾ ਸ਼ਿਕਾਰ ਹਨ । ਇਨ੍ਹਾਂ ਦੀ ਮਾਨਸਿਕਤਾ ਵਿੱਚ ਸਮਾਜਿਕ ਮੁੱਲਾਂ , ਨੈਤਿਕ ਕਦਰਾਂ-ਕੀਮਤਾਂ ਅਤੇ ਇਨਸਾਨੀਅਤ ਦੇ ਪੱਖ ਬਿਲਕੁਲ ਮਨਫ਼ੀ ਨਜ਼ਰ ਆਉਂਦੇ ਹਨ ।
" ਮਲਕੀਤ ਦੀ ਅੱਖ ਸਦਾ ਹੀ ਹਰਦਲਜੀਤ ਦੇ ਪੇਕਿਆਂ ਵਾਲ਼ੀ ਜ਼ਮੀਨ ਤੇ ਟਿਕੀ ਰਹਿੰਦੀ ਸੀ । ...... ਹਰਦਿਲਜੀਤ ਮਲਕੀਤ ਦੇ ਲਾਲਚੀ ਸੁਭਾਅ ਤੋਂ ਵਾਕਿਫ਼ ਸੀ । ....... ਹਰਦਲਜੀਤ ਦੇ ਸਾਫ ਸੁਥਰੇ ਜੀਵਨ ਅਤੇ ਉਸ ਦੀ ਸਿਆਣਪ ਦੇ ਸਾਰੇ ਕਾਇਲ ਸਨ । ਜ਼ੋਰੇ ਦੀ ਆਵਾਰਗੀ ਅਤੇ ਸ਼ਰਾਬੀ ਹੋਣ ਬਾਰੇ ਸਾਰੇ ਪਿੰਡ ਵਿੱਚ ਚਰਚਾ ਸੀ । ਘਰ ਵਿੱਚ ਉਹਦੇ ਕੰਮਚੋਰ ਹੋਣ ਦਾ ਸਾਰਿਆਂ ਨੂੰ ਪਤਾ ਸੀ । ਉਸ ਦਾ ਸੁਭਾਅ ਵੀ ਪਿਓ ਦੀ ਕਾਰਬਨ ਕਾਪੀ ਹੀ ਸੀ ।" ਪੰਨਾਂ - 40
ਕਾਲਜ ਦੇ ਮਾਹੌਲ ਵਿੱਚ ਵਿਦਿਆਰਥੀਆਂ ਦਾ ਜ਼ਿਕਰ ਨਾ ਮਾਤਰ ਹੋਣਾ, ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਮਨਮੀਤ ਅਤੇ ਹਰਮਨਦੀਪ ਦੇ ਵਿਆਹ ਦੇ ਵਿੱਚ ਦੇਰੀ ਦਾ ਹੋਣਾ , ਹਰਦਿਲਜੀਤ ਦਾ ਆਪਣੇ ਪੇਟੋਂ ਜਾਏ ਪੁੱਤਰ ਜ਼ੋਰੇ ਪ੍ਰਤੀ ਭਾਵੁਕ ਘੱਟ ਹੋਣਾ ਆਦਿ ਪਾਠ ਦੀਆਂ ਅਹਿਮ ਖਾਮੋਸ਼ੀਆਂ ਹਨ । ਇਹ ਖਾਮੋਸ਼ੀਆਂ ਨਵੇਂ ਅਰਥਾਂ ਤੇ ਸੰਦਰਭਾਂ ਨੂੰ ਜਨਮ ਦਿੰਦੀਆਂ ਹਨ ।
ਨਾਵਲੀ ਰਚਨਾ ਵਿੱਚ ਨਾਵਲਕਾਰ ਦੀ ਮਾਨਸਿਕਤਾ ਦੀ ਗੱਲ ਕਰਦਿਆਂ ਕੁਝ ਅੱਛੇ ਪਾਤਰਾਂ ਵਿੱਚ ਕੇਵਲ ਅੱਛਾਈਆਂ ਅਤੇ ਬੁਰੇ ਪਾਤਰਾਂ ਵਿੱਚ ਕੇਵਲ ਬੁਰਾਈਆਂ ਤੱਕਣ ਦੀ ਰੁਚੀ ਭਾਰੂ ਨਜ਼ਰ ਆਉਂਦੀ ਹੈ । ਅਜੋਕੇ ਸਮਾਜ ਵਿੱਚ ਇੱਕੋ ਪਾਤਰ ਵਿੱਚ ਅੱਛਾਈਆਂ ਅਤੇ ਬੁਰਾਈਆਂ ਨੂੰ ਸੁਭਾਵਿਕ ਰੂਪ ਵਿੱਚ ਚਿਤਰਤ ਕਰਨ ਵਾਲੀਆਂ ਰਚਨਾਵਾਂ ਆਮ ਮਿਲ ਜਾਂਦੀਆਂ ਹਨ ਪਰ ਪੁਰਾਤਨ ਬਿਰਤਾਂਤਿਕ ਰਚਨਾ ਦੀ ਤਰਜ਼ ਤੇ ਨਾਵਲਕਾਰ ਦੀ ਮਾਨਸਿਕਤਾ ਇਸ ਨਾਵਲ ਵਿਚਲੇ ਪਾਤਰਾਂ ਨੂੰ ਕੇਵਲ ਚੰਗੇ ਅਤੇ ਕੇਵਲ ਬੁਰੇ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ । ਨਾਵਲ ਵਿਚਲੇ ਪਾਤਰਾਂ ਦੇ ਨਾਵਾਂ ਦਾ ਸ਼ਾਬਦਿਕ ਵਿਸ਼ਲੇਸ਼ਣ ਕਰਦਿਆਂ ਪਤਾ ਲੱਗਦਾ ਹੈ ਕਿ ਹਰਦਲਜੀਤ ਕੌਰ 'ਹਰ ਕਿਸੇ ਦਾ ਦਿਲ ਜਿੱਤਣ ਵਾਲੀ' ਔਰਤ ਹੈ । ਮਨਜੀਤ ਕੌਰ ਜੋ ਪਿੰਡ ਦੀ ਸਰਪੰਚਣੀ ਬਣਦੀ ਹੈ 'ਉਸ ਨੇ ਆਪਣੇ ਪਿੰਡ ਦੇ ਵਾਸੀਆਂ ਦਾ ਆਪਣੇ ਕੰਮਾਂ ਨਾਲ ਮਨ ਜਿੱਤ ਲਿਆ ਹੋਇਆ ਹੈ'। ਇਸੇ ਤਰ੍ਹਾਂ ਮੁਹੱਬਤ ਦਾ ਭਰਿਆ ਮਨਮੀਤ ਆਪਣੇ ਸੁਲਝੇਪਨ ਨਾਲ 'ਹਰ ਇੱਕ ਦਾ ਮੀਤ' ਹੋ ਨਿੱਬੜਦਾ ਹੈ ।
ਇਸ ਦੇ ਉਲਟ ਨਾਵਲ ਵਿਚਲਾ ਪਾਤਰ ਜ਼ੋਰਾ ਆਪਣੇ ਨਾਮ ਅਨੁਸਾਰ 'ਜ਼ਬਰ ਅਤੇ ਜ਼ੋਰ ਦਾ ਦਿਖਾਵਾ ਕਰਦਾ ਪੇਸ਼ ਹੋਇਆ ਹੈ' ।
ਮਲਕੀਤ ਜੋ ਕੇ ਜ਼ੋਰੇ ਦਾ ਪਿਓ ਹੈ 'ਉਹ ਹਰ ਵੇਲੇ ਜ਼ਮੀਨ ਦੀ ਮਲਕੀਅਤ ਦੀ ਲੋਚਾ ਰੱਖਦਾ ਅਤੇ ਮਲਕੀਅਤ ਦੀ ਦ੍ਰਿਸ਼ਟੀ ਨਾਲ ਹੀ ਰਿਸ਼ਤੇ ਬਣਾਉਂਦਾ ਅਤੇ ਤੋੜਦਾ ਪੇਸ਼ ਹੋਇਆ ਹੈ' ।
ਨਾਵਲ ਵਿੱਚ ਜਿੱਥੇ ਗੁਰਮੁਖ ਸਿੰਘ ਗੁਰਮੁੱਖਾਂ ਵਾਲੇ ਕੰਮ ਕਰਦਾ ਹੈ ਉੱਥੇ ਹਰਮਨਦੀਪ ਵੀ ਹਰ ਇੱਕ ਦੇ ਮਨ ਵਿੱਚ ਪਿਆਰ ਮੁਹੱਬਤ ਦਾ ਦੀਪ ਬਾਲਣ ਵਿੱਚ ਕਾਮਯਾਬ ਰਹਿੰਦੀ ਹੈ ।
ਬਿਰਤਾਂਤਕਾਰ ਦੇ ਅਚੇਤ ਮਨ ਵਿੱਚ ਬੈਠੀ ਪੱਤਰਕਾਰੀ ਨਾਵਲੀ ਬਿਰਤਾਂਤ ਨੂੰ ਰਿਪੋਰਟਿੰਗ ਆਧਾਰ ਪ੍ਰਦਾਨ ਕਰਦੀ ਪ੍ਰਤੀਤ ਹੁੰਦੀ ਹੈ । ਭਾਵ ਨਾਵਲੀ ਬਿਰਤਾਂਤ ਵਿੱਚ ਭਾਵੇਂ ਬਹੁਤ ਥਾਵਾਂ ਤੇ ਨਾਟਕੀਅਤਾ ਝਲਕਦੀ ਹੈ ਪਰ ਸਮੁੱਚਾ ਬਿਰਤਾਂਤ ਰਿਪੋਰਟਿੰਗ ਨੂੰ ਪੇਸ਼ ਕਰਦਾ ਨਜ਼ਰ ਆਉਂਦਾ ਹੈ ।
(ਨੋਟ-ਮੇਰਾ ਇਹ ਆਲੋਚਨਾਤਮਕ ਲੇਖ (ਰਿਸਰਚ ਪੇਪਰ) ਅਲਖ ਨਾਮਕ ਰਸਾਲੇ ਵਿਚ ਛਪਿਆ ਸੀ।)

0 Comments