Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਲੋਕਧਾਰਾ ਅਤੇ ਸਾਹਿਤ ਦੇ ਅੰਤਰ-ਸਬੰਧ ਜਾਂ ਸਬੰਧ ਬਿਆਨ ਕਰੋ ?

           ਲੋਕਧਾਰਾ ਅਤੇ ਸਾਹਿਤ ਦਾ ਅਟੁੱਟ ਸਬੰਧ ਹੈ। ਲੋਕਧਾਰਾ ਨੇ ਹੀ ਜੀਵਨ ਦੀਆਂ ਕਈ ਅਮਰ ਰੂੜੀਆਂ ਦੀ ਸਿਰਜਣਾ ਕੀਤੀ ਹੈ। ਲੋਕਧਾਰਾ ਦੇ ਹਰ ਖੇਤਰ ਵਿੱਚ ਸਾਹਿਤ ਨੂੰ ਪ੍ਰਭਾਵਿਤ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ।ਇਨ੍ਹਾਂ ਦੋਹਾਂ ਦੇ ਅੰਤਰ-ਸਬੰਧ ਨੂੰ ਜਾਨਣ ਤੋਂ ਪਹਿਲਾਂ ਇਹ ਜਾਣ ਲੈਣਾ ਅਤਿ ਆਵਸ਼ਕ ਹੈ ਕਿ 'ਲੋਕਧਾਰਾ' ਅਤੇ 'ਸਾਹਿਤ' ਤੋਂ ਕੀ ਭਾਵ ਹੈ?---

ਲੋਕਧਾਰਾ ਕੀ ਹੈ---ਲੋਕਧਾਰਾ ਮਾਨਵ-ਜੀਵਨ ਜਿੰਨਾ ਹੀ ਪ੍ਰਾਚੀਨ ਹੈ ਅਤੇ ਵਿਸ਼ਾਲ ਵਰਤਾਰਾ ਹੈ। ਇਹ ਅੰਗਰੇਜ਼ੀ ਸ਼ਬਦ ਫੋਕਲੋਰ ਦਾ ਅਨੁਵਾਦ ਹੈ ਜਿਸ ਦਾ ਸਰਬ ਪ੍ਰਥਮ ਪ੍ਰਯੋਗ ਵਿਲੀਅਮ ਜਾਨ ਥਾਮਸ ਨੇ 1846ਈ: ਵਿਚ ਕੀਤਾ,ਜਦੋਂ ਜੀਵਨ ਦੇ ਕਿਸੇ ਵਰਤਾਰੇ ਵਿੱਚ ਲੋਕ ਮਨ ਪਰੰਪਰਾ ਅਤੇ ਲੋਕ ਸੱਭਿਆਚਾਰ ਦੇ ਤੱਤ ਸ਼ਾਮਲ ਹੋ ਜਾਣ ਤਦ ੳੁਹ ਲੋਕਧਾਰਾ ਦੇ ਖੇਤਰ ਦੀ ਚੀਜ਼ ਬਣਦੀ ਹੈ।


ਡਾਕਟਰ ਕਰਨੈਲ ਸਿੰਘ ਥਿੰਦ ਮੁਤਾਬਕ,

   "ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਅਤੇ ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀਓ- ਪੀੜ੍ਹੀ ਅੱਗੇ ਤੋਰੇ ਲੋਕਯਾਨ ਹੈ।ਇਸ ਵਿੱਚ ਕਲਾ, ਸਾਹਿਤ ,ਭਾਸ਼ਾ, ਅਨੁਸ਼ਠਾਨ , ਵਿਸ਼ਵਾਸ , ਕਿੱਤੇ , ਮੰਨੋਰੰਜਨ ਆਦਿ ਲੋਕ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਸਮੱਗਰੀ ਸ਼ਾਮਲ ਹੋ ਸਕਦੀ ਹੈ।"

ਪਰੰਪਰਾ , ਲੋਕ-ਮਾਨਸ, ਲੋਕ-ਪ੍ਰਵਾਨਗੀ , ਲੋਕ ਸੰਸਕ੍ਰਿਤੀ, ਮੌਖਿਕਤਾ ਅਤੇ ਅਨਾਮਕਤਾ ਆਦਿ ਇਸ ਦੇ ਮੁੱਖ ਲੱਛਣ ਹਨ।

ਸਾਹਿਤ ਕੀ ਹੈ?-

                 ਸਾਹਿਤ ਸ਼ਬਦ ਰੂਪੀ ਸੁੰਦਰ ਰਚਨਾ ਹੈ ਜਿਸ ਨੂੰ ਜੀਵਨ ਅਤੇ ਸਮਾਜ ਦਾ ਦਰਪਣ ਆਖਿਆ ਜਾਂਦਾ ਹੈ।ਸਾਹਿਤ ਮਨੁੱਖ ਦੇ ਵਰਤਮਾਨ, ਅਤੀਤ ਅਤੇ ਭਵਿੱਖ ਦੀ ਨਿਚੋੜ ਰੂਪ ਵਿਚ ਪੇਸ਼ ਕੀਤੀ ਕਹਾਣੀ ਨਹੀ ਸਗੋਂ ਮਨੁੱਖ ਦੇ ਸੰਪੂਰਨਤਾ ਵੱਲ ਸਫਰ ਦੀ ਕਹਾਣੀ ਹੈ। ਸਾਹਿਤ ਲਲਿਤ ਕਲਾ ਹੈ ਜਿਸ ਦਾ ਪ੍ਰਯੋਜਨ 'ਸਤਿਅਮ , ਸ਼ਿਵਮ, ਸੁੰਦਰਮ' ਨਿਰਧਾਰਿਤ ਕੀਤਾ ਗਿਆ ਹੈ।

Hudson ਲਿਖਦਾ ਹੈ,

   "The literature deals with the great drama of human life and action."

ਰੇਨੈ ਵੈਲਿਕ 'Theory of literature'ਵਿੱਚ ਲਿਖਦਾ ਹੈ,

     "ਕੋਈ ਵੀ ਸਾਹਿਤਕ ਕਲਾਕ੍ਰਿਤ ਇੱਕ ਸਿੱਧ ਪੱਧਰੀ ਵਸਤੂ ਨਹੀਂ, ਇਕ ਅਧਿਕ ਅਰਥਾਂ ਤੇ ਸੰਬੰਧਾਂ ਨੂੰ ਜਨਮ ਦੇਣ ਵਾਲੀ ਅਤਿਅੰਤ ਜਟਿਲ ਕ੍ਰਿਤ ਹੈ।"

ਕਵਿਤਾ , ਵਾਰਤਕ ਅਤੇ ਨਾਟਕ ਸਾਹਿਤ ਦੇ ਰੂਪ ਹਨ ਜਦਕਿ ਭਾਵ, ਕਲਪਨਾ,ਬੌਧਿਕਤਾ ਅਤੇ ਰੂਪ ਇਸ ਦੇ ਲੱਛਣ ਹਨ।

           ਜੀਵਨ ਦੇ ਹੋਰ ਖੇਤਰਾਂ ਨਾਲੋਂ ਲੋਕਧਾਰਾ ਦਾ ਸਬੰਧ ਸਾਹਿਤ ਨਾਲ ਵਧੇਰੇ ਹੈ। ਸਤਿੰਦਰ ਸਿੰਘ ਨੇ ਆਪਣੀ ਪੁਸਤਕ 'ਲੋਕਤੱਤ ਅਧਿਐਨ' ਵਿੱਚ ਪੰਨਾ 54 ਉਪਰ ਲਿਖਿਆ ਹੈ,

     "ਕੋਈ ਵੀ ਸਾਹਿਤ ਲੋਕ ਯਾਨ ਦੇ ਪ੍ਰਭਾਵ ਤੋਂ ਅਛੋਹ ਨਹੀਂ ਰਹਿ ਸਕਦਾ ਕਿਉਂ ਜੋ ਲੋਕ ਯਾਨ ਦੇ ਵਿਸ਼ਿਸ਼ਟ ਸਾਹਿਤ ਦੀਆ ਪ੍ਰਵਿਰਤੀਆ ਵਿੱਚ ਜਿਹੜਾ ਮੌਲਿਕ ਭੇਦ ਹੈ, ਉਹ ਇਸ ਪ੍ਰਭਾਵ ਨੂੰ ਅਤਿ ਆਵਸ਼ਕ ਬਣਾ ਦਿੰਦਾ ਹੈ।"

ਲੋਕਧਰਾਈ ਸਮੱਗਰੀ ਦੀ ਸਾਹਿਤ ਨੂੰ ਦੇਣ:-

       ਇਸੇ ਕਾਰਨ ਗੋਰਕੀ ਨੇ ਸਾਹਿਤਕਾਰਾਂ ਨੂੰ ਲੋਕਧਾਰਾ ਦੇ ਡੂੰਘੇ ਅਧਿਐਨ ਕਰਨ ਦੀ ਸਲਾਹ ਦਿੱਤੀ ਹੈ। ਲੋਕਧਾਰਾ ਦੀਆਂ ਰੂੜ੍ਹੀਆਂ ਸਾਰਥਕ ਤੇ ਗੋਰਵਮਈ ਹਨ ਕਿ ਇਹਨਾਂ ਤੋਂ ਮੁਕਤ ਹੋ ਕੇ ਕੋਈ ਵੀ ਸਾਹਿਤਕ ਸਿਰਜਣਾ ਅਸੰਭਵ ਜਾਪਦੀ ਹੈ।ਵਸ਼ਿਸ਼ਟ ਸਾਹਿਤ ਦਾ ਅਧਾਰ ਮੌਖਿਕ ਤੇ ਲੋਕ ਸਾਹਿਤ ਹੋਇਆ ਕਰਦਾ ਹੈ। ਲੋਕ-ਮਾਨਸ ਦੀ ਅਭਿਵਿਅਕਤੀ ਦੁਆਰਾ ਪ੍ਰਾਪਤ ਹੋਣ ਵਾਲੇ ਤੱਤ 'ਲੋਕਤੱਤ' ਹੁੰਦੇ ਹਨ। ਵਿਸ਼ਿਸ਼ਟ ਸਾਹਿਤ ਵਿੱਚ ਇਹ ਤੱਤ ਪਾਏ ਜਾਂਦੇ ਹਨ ਜਿਵੇਂ ਲੋਕ ਕਲਾ ਦੇ ਤੱਤ, ਲੋਕ ਵਿਸ਼ਵਾਸਾਂ ਦੀ ਤੱਤ,ਲੋਕ ਮਨੋਰੰਜਨ ਤੇ ਲੋਕ ਧੰਦੇ ਆਦਿ। ਡਾਕਟਰ ਕਰਨੈਲ ਸਿੰਘ ਥਿੰਦ ਨੇ ਇਹਨਾਂ ਨੂੰ ਪੰਜਾਂ ਤੱਤਾਂ ਵਿੱਚ ਵੰਡਿਆ ਹੈ--

1. ਲੋਕ ਸਾਹਿਤ ਦੇ ਤੱਤ  

2. ਲੋਕ ਕਲਾ ਦੇ ਤੱਤ

3. ਅਨੁਸ਼ਠਾਨਾਂ ਦੇ ਤੱਤ

4. ਲੋਕ ਵਿਸ਼ਵਾਸਾਂ ਦੇ ਤੱਤ 

5. ਲੋਕ ਮਨੋਰੰਜਨ ਅਤੇ ਲੋਕ ਬੋਲੀਆਂ ਦੇ ਤੱਤ।

1. ਲੋਕ ਸਾਹਿਤ ਦੇ ਤੱਤ:-

                            ਇਨ੍ਹਾਂ ਵਿਚ ਕਾਵਿ ਭੇਦ, ਲੋਕ ਗੀਤ ਸ਼ੈਲੀਆਂ, ਲੋਕ ਪ੍ਰਚੱਲਿਤ ਕਥਾ ਰੂਪ , ਲੋਕ ਕਥਾਵਾਂ ਤੇ ਕਥਾਨਕ ਰੂੜੀਆਂ ਤੇ ਲਘੂ ਧਰਾਵਾਂ ਜਿਵੇਂ ਅਖਾਣ-ਮੁਹਾਵਰੇ ਆਦਿ ਸ਼ਾਮਿਲ ਹਨ। ਇਹ ਸਭ ਵਿਸ਼ਿਸ਼ਟ ਸਾਹਿਤ ਦੀ ਸਿਰਜਨਾ ਲਈ ਮੁੱਖ ਸ੍ਰੋਤ ਹੁੰਦੇ ਹਨ। ਸਾਹਿਤਕਾਰ ਲੋਕ ਸਾਹਿਤ ਦੀ ਵਸਤੂ ਤੋਂ ਪ੍ਰਤੀਕ ਲੈ ਕੇ ਉਸਨੂੰ ਰਚਨਾ ਦਾ ਆਧਾਰ ਬਣਾਉਂਦੇ ਹਨ। G.W.boswall ਦਾ ਵਿਚਾਰ ਹੈ,

    "ਮਹਾਨ ਸਾਹਿਤਕਾਰ ਲੋਕ ਸਾਹਿਤ ਦੀ ਸਮਗਰੀ ਦੀ ਵਰਤੋਂ ਕਰਦੇ ਹਨ ਅਤੇ ਵਿਸ਼ੇਸ਼ ਕਰਕੇ ਬੱਚਿਆਂ ਲਈ ਰਚਿਤ ਸਾਹਿਤ ਦੇ ਲੋਕ ਦੇ ਕਥਾਨਕ ਵਿਚੋਂ ਬਿਨਾਂ ਕਿਸੇ ਤਬਦੀਲੀ ਦੇ ਗ੍ਰਹਿਣ ਕਰ ਲੈਂਦੇ ਹਨ।"

      ਜਿਸ ਪ੍ਰਕਾਰ ਭਾਸ਼ਾ ਲੋਕ ਬੋਲੀ ਦੁਆਰਾ ਵਿਕਾਸ ਕਰਦੀ ਹੈ ਉਸੇ ਪ੍ਰਕਾਰ ਵਸ਼ਿਸ਼ਟ ਸਾਹਿਤ ਦਾ ਨਿਰਮਾਣ ਲੋਕ ਸਾਹਿਤ ਦੁਆਰਾ ਹੁੰਦਾ ਹੈ ।ਗੁਰੂ ਨਾਨਕ , ਟੈਗੋਰ ਤੇ ਗੋਰਕੀ ਆਦਿ ਲੋਕ ਧਾਰਾਈ ਸਮਗਰੀ ਦੀ ਵਰਤੋਂ ਕਰਦੇ ਹਨ।

2. ਲੋਕ ਕਲਾ ਦੇ ਤੱਤ:-

                        ਵਿਸ਼ਿਸ਼ਟ ਸਾਹਿਤ ਨੂੰ ਪ੍ਰਭਾਵਿਤ ਕਰਨ ਵਿੱਚ ਲੋਕ ਸੰਗੀਤ ਦੀਆਂ ਧੁਨੀਆਂ , ਤਰਜ਼ਾਂ, ਧਾਰਨਾਵਾਂ, ਲੋਕ ਚਿਤ੍ਰਾਂ ਦੇ ਪ੍ਰਤੀਕ , ਲੋਕ ਨਾਚ ਤੇ ਲੋਕ ਨਾਟਕ ਦੀਆਂ ਰੂੜੀਆਂ ਹਿੱਸਾ ਪਾਉਂਦੀਆਂ ਹਨ।

3. ਅਨੁਸ਼ਠਾਨਾਂ ਦੇ ਤੱਤ:-     

                                       ਸਾਹਿਤਕਾਰ ਆਪਣੀ ਰਚਨਾ ਵਿੱਚ ਸਮਾਜਿਕ ਅਚਾਰ, ਵਿਹਾਰ, ਵਰਤ, ਉਤਸਵ, ਰਹੁ-ਰੀਤਾਂ ਦਾ ਉਲੇਖ ਕਰਦਾ ਹੈ। ਰਵਿੰਦਰ ਭਰਮਾਰ ਨੇ ਪੁਸਤਕ 'ਹਿੰਦੀ ਸਾਹਿਤ ਮੇਂ ਲੋਕਤੱਤਵ' ਦੇ ਪੰਨਾ 9 ਉਪਰ ਲਿਖਿਆ ਹੈ,

         " ਜਦੋਂ ਵੀ ਕਿਸੇ ਸਾਹਿਤਕਾਰ ਨੂੰ ਲੋਕਾਂ ਤੋਂ ਆਪਣੇ ਵਿਚਾਰਾਂ ਨੂੰ ਮਨਵਾਉਣ ਦੀ ਲੋੜ ਪਈ ਹੈ, ਸਾਹਿਤਕਾਰ ਨੇ ਆਪਣੀਆਂ ਰਚਨਾਵਾਂ ਨੂੰ ਲੋਕਯਾਨਕ ਤੱਤਾਂ ਦੇ ਪ੍ਰਯੋਗ ਦੁਆਰਾ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਹੈ।"

4. ਲੋਕ ਵਿਸ਼ਵਾਸਾਂ ਦੇ ਤੱਤ:-ਲੋਕ ਵਿਸ਼ਵਾਸ ਮਨੁੱਖੀ ਜੀਵਨ ਦੇ ਸਮੁੱਚੇ ਅਤੇ ਵਿਆਪਕ ਵਰਤਾਰੇ ਨੂੰ ਆਪਣੇ ਕਲੇਵਰ ਵਿਚ ਲੈਂਦੇ ਹਨ, ਤੇ ਵਿਸ਼ਿਸ਼ਟ  ਸਾਹਿਤ ਵਿੱਚ ਲੋਕ ਜੀਵਨ ਵਿੱਚੋਂ ਪ੍ਰਾਪਤ ਹੋਣ ਵਾਲੇ ਬਹੁਤ ਸਾਰੇ ਵਿਸ਼ਵਾਸਾਂ ਦਾ ਉਲੇਖ ਮਿਲਦਾ ਹੈ। ਸਾਹਿਤਕਾਰ ਲੋਕ ਵਿਸ਼ਵਾਸਾਂ ,ਵਹਿਮਾਂ-ਭਰਮਾਂ, ਰੀਤਾਂ-ਰਿਵਾਜਾਂ ਤੇ ਸ਼ਗਨਾਂ ਅਪਸ਼ਗਨਾਂ ਦੀ ਵਰਤੋਂ ਆਮ ਕਰਦਾ ਹੈ।

5. ਲੋਕ ਮਨੋਰੰਜਨ ਅਤੇ ਲੋਕ ਬੋਲੀਆਂ ਦੇ ਤੱਤ:-ਸਾਹਿਤਕਾਰ ਆਪਣੀਆਂ ਕਿਰਤਾਂ ਵਿਚ ਲੋਕਮਨੋਰੰਜਨ , ਕੰਮ ਧੰਦੇ ਤੇ ਲੋਕ ਬੋਲੀ ਨੂੰ ਅਹਿਮ ਸਥਾਨ ਦਿੰਦਾ ਹੈ ਜਿਸ ਨਾਲ ਉਸਦੀ ਰਚਨਾ ਪ੍ਰਸਿੱਧੀ ਤੇ ਲੰਮੀ ਉਮਰ ਗ੍ਰਹਿਣ ਕਰਦੀ ਹੈ।

      ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ,"ਹਰ ਸਮੇਂ ਸਾਹਿਤ ਵਿੱਚ ਲੋਕਧਾਰਾ ਦਾ ਸੰਚਾਰ ਉਸੇ ਰੂਪ ਵਿਚ ਮਿਲਦਾ ਹੈ ਜਿਵੇਂ ਬਜ਼ੁਰਗਾਂ ਦਾ ਖ਼ੂਨ ਉਨ੍ਹਾਂ ਦੀ ਸੰਤਾਨ ਵਿੱਚ (ਬਲਵੀਰ ਸਿੰਘ ਪੂਨੀ)।"


ਸਾਹਿਤ ਵਿਚ ਲੋਕਧਾਰਾਈ ਸਮੱਗਰੀ ਦਾ ਪ੍ਰਯੋਗ:-

                     ਇਹ ਤਾਂ ਸਪਸ਼ਟ ਹੈ ਕਿ ਇਹ ਲੋਕ ਧਾਰਾ ਸਿਰਜਣਾਤਮਕ ਲਿਖਤਾਂ ਬਾਰੇ ਨਵੀਂ ਸੂਝ ਨੂੰ ਉਤਸ਼ਾਹਿਤ ਕਰਦੀ ਹੈ ਤੇ ਵਿਸ਼ਿਸ਼ਟ ਸਾਹਿਤ ਨੂੰ ਆਪਣੇ ਵਿਆਪਕ ਭੰਡਾਰੇ ਵਿਚੋਂ ਸਮੱਗਰੀ ਦੇ ਕੇ ਅਮੀਰ ਬਣਾਉਂਦੀ ਹੈ। ਪਰ ਇਸ ਦਾ ਸਾਹਿਤਕਾਰ ਪ੍ਰਯੋਗ ਕਿਵੇਂ ਕਰੇਗੀ ਇਸ ਸਬੰਧੀ ਵੱਖ-ਵੱਖ ਵਿਦਵਾਨਾਂ ਵਿੱਚ ਮੱਤਭੇਦ ਹਨ। 'ਡੇਨੀਅਲ ਜੀ ਹੌਫ਼ਮੈਨ' ਨੇ ਆਪਣੀ ਪੁਸਤਕ 'folklore in literature'ਦੇ ਪੰਨਾ 20 ਉਪਰ ਲੋਕ ਤੱਤਾਂ ਨੂੰ ਸਾਹਿਤ ਵਿੱਚ ਵਰਤਨ ਦੇ ਤਿੰਨ ਢੰਗ ਦਰਸਾਏ ਹਨ-

1. ਉਸ ਦਾ ਉਦੇਸ਼ ਅਤੇ ਰੂਪ ਉਸੇ ਪ੍ਰਕਾਰ ਹੈ। 

2. ਪ੍ਰੰਪਰਾਗਤ ਰੂਪ ਸਥਾਈ ਰਹੇ। ਇਸ ਦਾ ਕਰਤੱਵ ਜ਼ੁਬਾਨੀ ਰੂਪ ਭਾਵੇ ਖ਼ਤਮ ਹੋ ਚੁੱਕਾ ਹੋਵੇ।

3. ਰੂਪ ਬਦਲ ਕੇ ਅੰਤਰਮੁਖੀ ਭਾਵ ਨੂੰ ਪ੍ਰਸਤੁਤ ਕਰੇ।

       ਕਰਨੈਲ ਸਿੰਘ ਥਿੰਦ ਨੇ ਇਸ ਵਿੱਚ ਪ੍ਰਯੋਗ ਕਰਕੇ ਇਸ ਨੂੰ ਇੰਝ ਪੇਸ਼ ਕੀਤਾ ਹੈ:-

1. ਲੋਕ ਯਾਨਿਕ ਸਮੱਗਰੀ ਦਾ ਸਾਹਿਤਕ ਕਿਰਤਾਂ ਵਿੱਚ ਸਿੱਧੇ ਰੂਪ ਵਿੱਚ ਪ੍ਰਯੋਗ:-ਸਾਹਿਤਕਾਰ ,ਸਮਾਜ, ਸਭਿਆਚਾਰ , ਭੂਗੋਲ ਜਾਂ ਕੰਮ ਧੰਦਿਆਂ ਤੋਂ ਪ੍ਰਾਪਤ ਸਮੂਹਿਕ ਗਿਆਨ ਨੂੰ ਆਪਣੀਆਂ ਕਿਰਤਾਂ ਵਿੱਚ ਸ਼ਾਮਲ ਕਰ ਲੈਂਦਾ ਹੈ। ਜਿਵੇਂ ਦੇਵ ਕਥਾਵਾਂ ਤੇ ਲੋਕ ਕਥਾਵਾਂ ਦੇ ਪਲਾਟ , ਘਟਨਾਵਾਂ ਤੇ ਪਾਤਰਾਂ ਦਾ ਸਿੱਧਾ ਪ੍ਰਯੋਗ ਇਸੇ ਪ੍ਰਕਾਰ ਲੋਕ-ਵਿਸ਼ਵਾਸ, ਰਸਮ ਰਿਵਾਜ ਮੁਹਾਵਰੇ ਤੇ ਅਖੌਤਾਂ ਵੀ ਸਿੱਧੇ ਪ੍ਰਯੋਗ ਅਧੀਨ ਆਉਂਦੇ ਹਨ। ਸਾਹਿਤਕਾਰ ਖੁਦ ਵੀ ਲੋਕ ਸਮੂਹ ਦਾ ਅੰਗ ਹੁੰਦਾ ਹੈ, ਜਿਸ ਦੀ ਸ਼ਖਸ਼ੀਅਤ ਦਾ ਪ੍ਰਭਾਵ ਵੀ ਰਚਨਾਵਾਂ ਉਪਰ ਸਿੱਧਿਆਂ ਅਸਰ ਅੰਦਾਜ ਹੁੰਦਾ ਹੈ।

2. ਲੋਕਯਾਨਕ ਸਮੱਗਰੀ ਦੀ ਪ੍ਰਤੀਕ ਰੂਪ ਵਿੱਚ ਵਰਤੋ:-

                  ਲੋਕਧਾਰਾਈ ਸਮੱਗਰੀ ਵਿੱਚੋਂ ਲਏ ਗਏ ਪ੍ਰਤੀਕਾਂ ਨੂੰ ਸਾਹਿਤਕਾਰ ਆਪਣੀ ਅੰਤਰਮੁਖੀ ਭਾਵਨਾ ਨੂੰ ਪ੍ਰਗਟਾਉਣ ਲਈ ਵਰਤਦੇ ਹਨ।Encyclopaedia Brittanica(vol.21.  P-700) ਅਨੁਸਾਰ,

   "ਪ੍ਰਤੀਕ ਤੋਂ ਭਾਵ ਕੋਈ ਦਿਸਦਾ ਪਦਾਰਥ ਹੈ ਜੋ ਮਨ ਦੀ ਕਿਸੇ ਉਹ ਅਦ੍ਰਿਸ਼ਟ ਅਵਸਥਾ ਦੀ ਪ੍ਰਤਿਨਿਧਤਾ ਕਰਦਾ ਹੈ।"

     ਜਿਵੇਂ ਕਿੱਸਾ ਕਾਵਿ ਦੇ ਨਾਇਕਾਂ ਹੀਰ ਰਾਂਝਾ ਦਾ ਗੁਰਮਤਿ ਵਿੱਚ ਆਤਮਾ ਪ੍ਰਮਾਤਮਾ ਵਜੋ ਪ੍ਰਤੀਕਾਤਮਕ ਪ੍ਰਯੋਗ।

3. ਲੋਕ ਰੂੜੀਆਂ ਦੀ ਵਰਤੋਂ:-          

          ਰੂੜ੍ਹੀ Motif ਦਾ ਪੰਜਾਬੀ ਅਨੁਵਾਦ ਹੈ ਇਸ ਦਾ ਭਾਵ ਹੈ ਕਿ ਜਿਸ ਦਾ ਪ੍ਰਭਾਵ ਸੁਤੰਤਰ ਦਿਖਾਈ ਦਿੰਦਾ ਹੋਵੇ।

ਸਟਿਥ ਥਾਮਸਨ ਅਨੁਸਾਰ,

    "Motif ਉਹ ਚੋਣਵਾਂ ਗੁਣ ਹੈ ਜਿਸ ਦੁਆਰਾ ਲੋਕਯਾਨ ਦੇ ਕਿਸੇ ਭਾਗ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।"

ਗੁਰਮਤਿ ਸਾਹਿਤ ਵਿਚ ਇਨ੍ਹਾਂ ਦਾ ਬਹੁਤ ਪ੍ਰਯੋਗ ਕੀਤਾ ਗਿਆ ਹੈ । ਪੰਜਾਬੀ ਲੇਖਕ ਆਮ ਮਤਰੇਈ ਮਾਂ, ਜ਼ਾਲਮ ਸੱਸ , 12 ਸਾਲ,ਤਿੰਨ ਸੌ ਸੱਠ ਸਹੇਲੀਆਂ , ਹੁਸੀਨ ਪਰੀਆਂ ਤੇ ਪਸ਼ੂ ਪੰਛੀਆਂ ਦਾ ਬੋਲਣਾ ਆਦਿ ਪ੍ਰਯੋਗ ਕਰਦੇ ਹਨ। ਇਸੇ ਤਰਾਂ ਪੂਛਲ ਤਾਰਾ, ਤੀਰਥ ਯਾਤਰਾ ਆਦਿ ਦਾ ਪ੍ਰਯੋਗ ਹੋਇਆ ਹੈ।

          ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸਾਹਿਤ ਅਤੇ ਲੋਕਧਾਰਾ ਦਾ ਬਹੁਤ ਨੇੜੇ ਦਾ ਸਬੰਧ ਹੈ ਪਰ ਇਨ੍ਹਾਂ ਵਿਚ ਕੁਝ ਕੁ ਅੰਤਰ ਵੀ ਪਾਇਆ ਜਾਂਦਾ ਹੈ।

ਆੱਰਚਰ ਟੇਲਰ ਅਨੁਸਾਰ,

       "ਜਿੱਥੇ ਲੋਕਧਾਰਾ (ਲੋਕ ਸਾਹਿਤ) ਰਵਾਇਤੀ, ਰੂੜੀਵਾਦੀ ਵਿਸ਼ਿਆਂ ਅਤੇ ਢੰਗਾਂ ਦੀ ਵਰਤੋਂ ਵੀ ਕਰਦਾ ਹੈ ਉੱਥੇ ਸਾਹਿਤ ਰੂਪ ਅਤੇ ਵਿਸ਼ੇ ਦੁਆਰਾ ਮਰਿਆਦਾ ਨੂੰ ਲਾਹ ਦੇਣ ਦੀ ਕੋਸ਼ਿਸ਼ ਵੀ ਕਿਤੇ ਕਿਤੇ ਕਰਦਾ ਹੈ।"


        ਇਸ ਤੋਂ ਇਲਾਵਾ ਲੋਕਧਾਰਾ ਵਿਚ ਬੇਨਾਮਤਾ ਅਤੇ ਮੌਖਿਕਤਾ ਦੀ ਵਿਸ਼ੇਸ਼ਤਾ ਹੈ ਪਰ ਸਾਹਿਤ ਵਿਚ ਵਿਅਕਤੀਗਤ ਯਤਨ ਤੇ ਲਿਖਤੀ ਪ੍ਰਗਟਾਅ ਨੂੰ ਮਹੱਤਵ ਮਿਲਦਾ ਹੈ। ਸਾਹਿਤ ਦੀ ਵੱਖਰਤਾ ਇਸ ਦੀ ਇਤਿਹਾਸਕਤਾ ਵਿੱਚ ਵੀ ਹੈ। ਲੋਕ ਸਾਹਿਤ ਦੀ ਧਾਰਾ ਪ੍ਰੰਪਰਾ ਦੇ ਡੂੰਘੇ ਵਹਿਣਾਂ ਵਿਚ ਨਿਰੰਤਰ ਚਲਦੀ ਹੈ ਉੱਥੇ ਸਾਹਿਤ ਦੀ ਧਾਰਾ ਨਿਰੰਤਰ ਵਿਗਸਦੀ ਸੁਚੇਤ ਰੂਪ ਵਿਚ ਨਵੇਂ ਅਣਜਾਣੇ ਮੁਸ਼ਕਿਲ ਅਤੇ ਔਝੜ ਰਾਹਾਂ ਨੂੰ ਅਪਣਾਉਂਦੀ ਅੱਗੇ ਵੱਧਦੀ ਹੈ।

       ਪਰ ਇਹ ਵੀ ਵਾਸਤਵਿਕਤਾ ਹੈ ਕਿ ਲੋਕਧਾਰਾ ਹਰ ਸਮੇਂ ਭਾਸ਼ਾ ਨੂੰ ਤੇ ਸਾਹਿਤ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਭਾਵਿਤ ਕਰਦੀ ਹੈ। 'ਸ਼ਕੁੰਤਲਾ' 'ਪੈਰਾਡਾਇਸ ਲਾਸਟ','ਕਿੰਗਲੀਅਰ'ਤੇ ਕਈ ਕਾਵ ਧਰਾਵਾ ਲੋਕਯਾਨਕ ਤੱਥਾਂ ਦੀ ਭਰਮਾਰ ਕਾਰਨ ਅਮਰ ਹਨ।'ਰਿਗ ਵੇਦ'ਵਿੱਚ ਅਜਿਹੇ ਮੰਤਰ ਵੀ ਹਨ ਜਿਨ੍ਹਾਂ ਵਿਚ ਮ੍ਰਿਤੂ,ਪੁਨਰ-ਜਨਮ ਤੇ ਸੌਂਕਣ ਨੂੰ ਪਤੀ ਪ੍ਰੇਮ ਤੋਂ ਦੂਰ ਕਰਨ ਨਾਲ ਸਬੰਧਿਤ ਮੌਖਿਕ ਪ੍ਰੰਪਰਾ ਦਾ ਜ਼ਿਕਰ ਹੈ। ਪੁਰਾਣਾਂ ਦੀ ਸਮੱਗਰੀ ਦਾ ਸਰੋਤ ਵੀ ਲੋਕ ਯਾਨ ਹੈ। ਸ਼ਿਵ, ਬ੍ਰਹਮਾ, ਵਿਸ਼੍ਣੁ, ਕ੍ਰਿਸ਼ਨ, ਰਾਮ, ਕੌਮੀ ਰੂੜੀਆਂ ਦਾ ਰੂਪ ਧਾਰ ਚੁੱਕੇ ਹਨ। ਬਾਈਬਲ ਤੇ ਗ੍ਰੰਥ ਸਾਹਿਬ ਵਿੱਚ ਪਾਏ ਜਾਂਦੇ ਲੋਕ ਧਾਰਾ ਦੇ ਤੱਤ ਸਿੱਧ ਕਰਦੇ ਹਨ ਕਿ ਵਸ਼ਿਸ਼ਟ ਸਾਹਿਤ ਦੇ ਦਾਰਸ਼ਨਿਕ ਸਿਧਾਂਤਾ ਨੂੰ ਵੀ ਲੋਕਯਾਨ ਦੀ ਸਹਾਇਤਾ ਲੈਣੀ ਪੈਂਦੀ ਹੈ। ਲੋਕਯਾਨਕ ਸਿਧਾਂਤਾਂ ਦੇ ਪਿਛੋਕੜ ਤੋਂ ਬਿਨਾਂ ਸਾਹਿਤ ਦਾ ਅਧਿਐਨ ਅਧੂਰਾ ਰਹਿ ਜਾਂਦਾ ਹੈ।




Post a Comment

0 Comments