ਪੰਜਾਬੀ ਸੂਫ਼ੀ ਕਵਿਤਾ ਇੱਕ ਅਮੀਰ ਕਾਵਿ ਪਰੰਪਰਾ ਹੈ। ਇਸਲਾਮ ਦੇ ਕੱਟੜ ਨਿਯਮਾਂ ਦੀ ਬਜਾਏ ਉਦਾਰਵਾਦੀ ਤੇ ਖੁਲ੍ਹੇ ਖਿਆਲਾਂ ਵਾਲ਼ੇ ਲੋਕਾਂ ਨੇ ਮਸਤੀ ਅਤੇ ਸਾਫ਼ ਦਿਲੀ ਵਾਲ਼ਾ ਰਾਹ ਚੁਣਿਆ ।ਇਨ੍ਹਾਂ ਲੋਕਾਂ ਨੇ ਪੰਜਾਬੀ ਵਿਚ ਬੜਾ ਸੁੰਦਰ,ਸੰਗੀਤਕ ਅਤੇ ਸੌਖਾ ਸਾਹਿਤ ਰਚਿਆ । ਸ਼ੇਖ਼ ਫ਼ਰੀਦ ਤੋਂ ਲੈ ਕੇ ਗੁਲਾਮ ਫਰੀਦ ਤੱਕ ਆਦਿ-ਕਾਲ ਤੋਂ ਸਕ੍ਰਾਂਤੀ ਕਾਲ ਤੱਕ ਪੰਜਾਬੀ ਸੂਫ਼ੀ ਕਵਿਤਾ ਰਚੀ ਗਈ।
'ਡਾ ਅਤਰ ਸਿੰਘ' ਅਨੁਸਾਰ -
"ਸੂਫ਼ੀ ਕਵਿਤਾ ਪੰਜਾਬੀ ਕਵਿਤਾ ਦੀ ਹਰਮਨ ਪਿਆਰੀ ਕਾਵਿ ਧਾਰਾ ਹੈ । ਸੂਫੀਆਂ ਦੇ ਗਗਨ ਦਾ ਸੂਰਜ ਬੁੱਲ੍ਹੇ ਸ਼ਾਹ ਨੂੰ ਕਿਹਾ ਜਾ ਸਕਦਾ ਹੈ ਤੇ ਹਾਸ਼ਮ ਨੂੰ ਇਸ ਦਾ ਚੰਨ।"
ਵਿਸ਼ੇਸ਼ਤਾਵਾਂ/ਪਛਾਣ ਚਿੰਨ - ਸੂਫ਼ੀ ਕਵਿਤਾ ਦੇ ਮੁੱਖ ਲੱਛਣ ਇਸ ਪ੍ਰਕਾਰ ਹਨ-
1. ਨੂਰੀ (ਅੱਲਾ)ਤੇ ਖ਼ਾਕੀ ( ਭਗਤ: ਆਦਮੀ ) ਦਾ ਸੱਚਾ ਪਿਆਰ।
2. ਮੁਰਸ਼ਦ ਦਾ ਮਹੱਤਵ ।
3. ਸਾਦਾ ਤੇ ਚੰਗੇ ਜੀਵਨ ਤੇ ਜ਼ੋਰ ।
4. ਆਮ ਘਰੇਲੂ ਬੋਲੀ ਤੇ ਪ੍ਰਤੀਕ ।
5. ਅਲੰਕਾਰ , ਰਸ ਤੇ ਬਿੰਬ ਦੀ ਵਰਤੋੰ
6. ਸਲੋਕ, ਕਾਫ਼ੀਆਂ ਆਦਿ ਦੀ ਰਚਨਾ ।
7. ਸੰਗੀਤਕਤਾ ।
8. ਕੱਟੜਤਾ ਦਾ ਵਿਰੋਧ ।
ਪੰਜਾਬੀ ਸੂਫ਼ੀ ਕਵਿਤਾ ਦਾ ਇਤਿਹਾਸਕ ਵਿਕਾਸ :-
ਇਸ ਦਾ ਵਰਨਣ ਇਸ ਪ੍ਰਕਾਰ ਹੈ-
1.ਆਦਿ ਕਾਲ ਦੀ ਸੂਫੀ ਕਵਿਤਾ
2. ਨਾਨਕ ਕਾਲ ਦੀ ਸੂਫੀ ਕਵਿਤਾ
3. ਉਤਰ ਨਾਨਕ ਕਾਲ ਦੀ ਸੂਫ਼ੀ ਕਵਿਤਾ
4. ਸਿੱਖ ਰਾਜ ਕਾਲ ਦੀ ਸੂਫ਼ੀ ਕਵਿਤਾ
5.ਸਕ੍ਰਾਂਤੀ ਕਾਲ ਦੀ ਸੂਫੀ ਕਵਿਤਾ
ਸੂਫੀ ਕਾਵਿ ਦੀ ਕਾਲ ਵੰਡ :
5. ਸਕ੍ਰਾਂਤੀ ਕਾਲ (1850-1900) - ਗ਼ੁਲਾਮ ਫ਼ਰੀਦ
4. ਸਿੱਖ ਰਾਜ ਕਾਲ (1800-1850) - ਹਾਸ਼ਮ
3. ਉਤਰ ਨਾਨਕ ਕਾਲ (1708-1800) - ਬੁੱਲ੍ਹੇ ਸ਼ਾਹ
2. ਨਾਨਕ ਕਾਲ (1500-1708) - ਸ਼ਾਹ ਹੁਸੈਨ
1. ਆਦਿ ਕਾਲ। (1150-1500) - ਸੇਖ ਫਰੀਦ
1.ਆਦਿ ਕਾਲ ਦੀ ਸੂਫੀ ਕਵਿਤਾ- ਸ਼ੇਖ ਫਰੀਦ (1173-1266ਈ.) ਨੇ ਪੰਜਾਬੀ ਸੂਫ਼ੀ ਕਵਿਤਾ ਨਾਲ ਪੰਜਾਬੀ ਕਵਿਤਾ ਦਾ ਆਰੰਭ ਵੀ ਕੀਤਾ। ਆਪ ਦੇ 4 ਸ਼ਬਦ ਅਤੇ 112 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਨ । ਆਪ ਨੇ ਅੱਲਾ ਦਾ ਨਾਮ ਜਪਣ, ਮੁਰਸ਼ਦ ਤੋਂ ਸਿੱਖਿਆ ਲੈਣ, ਸਾਦਗੀ ਤੇ ਨਿਮਰਤਾ ਭਰਿਆ ਜੀਵਨ ਅਪਣਾਉਣ ਦੀ ਸੇਧ ਦਿੱਤੀ ਹੈ। ਆਪ ਦੀ ਬੋਲੀ ਸੋੌਖੀ, ਸਾਦੀ, ਅਲੰਕਾਰ, ਬਿੰਬ ਤੇ ਰਸ ਭਰਪੂਰ ਹੈ।
ਜਿਵੇਂ -
"ਫਰੀਦਾ ਰੁਖੀ ਸੁਖੀ ਖਾਇ ਕੇ ਠੰਢਾ ਪਾਣੀ ਪੀਅ।।
ਦੇਖ ਪਰਾਈ ਚੋਪੜੀ ਨਾ ਤਰਸਾਇ ਜੀਅ।।"
2. ਨਾਨਕ ਕਾਲ ਦੀ ਸੂਫੀ ਕਵਿਤਾ- ਨਾਨਕ ਕਾਲ ਵਿੱਚ ਵਜੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਵਰਗੇ ਸੂਫੀ ਕਵੀ ਹੋੲੇ। ਇਹਨਾਂ ਦੀ ਕਵਿਤਾ 'ਚ ਉਦਾਹਰਣ ਇਸ ਪ੍ਰਕਾਰ ਹੈ-
ਜਿਵੇਂ -
"ਵਜੀਦਾ ਕੌਣ ਸਾਹਿਬ ਨੋ ਆਖੇ
ਐਊ ਨਹੀਂ ਅੰਞ ਕਰ।"
3. ਉੱਤਰ ਨਾਨਕ ਕਾਲ ਦੀ ਸੂਫੀ ਕਵਿਤਾ - ਬੁੱਲ੍ਹੇ ਸ਼ਾਹ ਤੇ ਅਲੀ ਹੈਦਰ ਨੇ ਸੂਫੀ ਕਵਿਤਾ ਲਿਖੀ। ਬੁੱਲ੍ਹੇ ਦੀਆਂ ਕਾਫ਼ੀਆਂ ਨਾਲ ਸੂਫੀ ਕਵਿਤਾ ਸਿਖਰ ਉੱਪਰ ਜਾ ਪਹੁੰਚੀ। ਬੁਲ੍ਹੇ ਨੇ ਸਿੱਧੀ - ਸਾਦੀ ਬੋਲੀ, ਘਰੇਲੂ ਉਦਾਹਰਨਾਂ ਤੇ ਸੰਗੀਤਕ ਕਾਫੀਆਂ ਲਿਖ ਕੇ ਰੱਬ ਨਾਲ਼ ਮਨੋੰ ਪਿਆਰ ਕਰਨ ਦਾ ਸੰਦੇਸ਼ ਦਿੱਤਾ।
ਜਿਵੇਂ -
"ਸ਼ਾਹ ਰਗ ਤੋਂ ਰੱਬ ਵੱਸਦਾ ਨੇੜੇ,
ਲੋਕਾਂ ਭਾਣੇ ਲੰਮੇ ਝੇੜੇ।"
4. ਸਿੱਖ ਰਾਜ ਕਾਲ ਦੀ ਸੂਫੀ ਕਵਿਤਾ - ਹਾਸ਼ਮ ਸ਼ਾਹ ਨੇ ਸੂਫੀ ਰੰਗ ਦੇ ਦੋਹੜੇ ਲਿਖੇ। ਜੋ ਅਲੰਕਾਰਾਂ ਤੇ ਸੁੰਦਰ ਸ਼ਬਦਾਂ ਨਾਲ ਸਜੇ ਹੋਏ ਹਨ।
ਜਿਵੇਂ -
"ਹਾਸ਼ਮ ਬੈਠ ਗਈਆਂ ਲੱਖ ਡਾਰਾਂ
ਇਹ ਜਗਤ ਮੁਸਾਫ਼ਰ ਖਾਨਾ।"
5. ਸਕ੍ਰਾਂਤੀ ਕਾਲ ਦੀ ਸੂਫੀ ਕਵਿਤਾ - ਗ਼ੁਲਾਮ ਫ਼ਰੀਦ ਦੀ ਕਵਿਤਾ ਨਾਲ਼ ਸੂਫੀ ਕਵਿਤਾ ਖ਼ਤਮ ਹੋ ਗਈ। ਉਸਨੇ ਰੱਬ ਤੋਂ ਵਿਛੋੜੇ ਦਾ ਦਰਦ ਪ੍ਰੇਮੀ- ਪ੍ਰੇਮਿਕਾ ਦੇ ਪ੍ਰਤੀਕ ਵਿਚ ਸੰਗੀਤਕ ਢੰਗ ਨਾਲ ਪੇਸ਼ ਕੀਤਾ।
ਜਿਵੇਂ -
"ਕਿਤ ਵੱਲ ਆਖਿਆ ਮਜਨੂੰ ਨੂੰ, ਤੇਰੀ ਲੈਲਾ ਦਿਖਦੀ ਕਾਲੀ,
ਮਜਨੂੰ ਨੇ ਜਵਾਬ ਦਿੱਤਾ, ਤੇਰੀ ਅੱਖ ਨਾ ਵੇਖਣ ਵਾਲੀ,
ਗੁਲਾਮ ਫ਼ਰੀਦਾ ਜਾ ਅੱਖੀਆਂ ਲੜੀਆਂ
ਕਿਆ ਗੋਰੀ ਕਿਆ ਕਾਲੀ।"
ਸੋ, ਪੰਜਾਬੀ ਸੂਫ਼ੀ ਕਵਿਤਾ ਨੇ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਦਿੱਤੀ ਹੈ । ਇਸਦੇ ਪ੍ਰਤੀਕ ਵਰਤ ਕੇ ਹੋਰ ਕਵੀਆਂ ਨੇ ਆਪਣੀ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਇਆ। ਅੱਜ ਵੀ ਸਾਡੇ ਸਾਹਿਤ ਉਪਰ ਸੂਫੀ ਕਵਿਤਾ ਦਾ ਅਸਰ ਸਪਸ਼ਟ ਵੇਖਿਆ ਜਾ ਸਕਦਾ ਹੈ।

0 Comments