Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਜੀਵਨੀ ਸਾਹਿਤ ਰੂਪ ਤੇ ਨੋਟ ਲਿਖੋ ?

 'ਜੀਵਨੀ' ਸਾਹਿਤ ਦਾ ਇੱਕ ਪ੍ਰਭਾਵਸ਼ਾਲੀ ਰੂਪ ਹੈ। ਜੀਵਨੀ ਤੋਂ ਭਾਵ ਹੈ ਕਿਸੇ ਦੇ ਜੀਵਨ ਬਾਰੇ ਲਿਖਣਾ। ਅਕਸਰ ਮਹਾਨ ਲੋਕਾਂ ਦੀਆਂ ਜੀਵਨੀਆਂ ਸਾਨੂੰ ਸੇਧ ਦਿੰਦੀਆਂ ਹਨ। ਪੁਰਾਣੇ ਸਮੇਂ ਵਿਚ ਗੁਰੂਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀਆਂ ਜ਼ਿੰਦਗੀਆਂ ਨੂੰ ਸ਼ਰਧਾਮਈ ਢੰਗ ਵਿੱਚ ਲਿਖਿਆ ਜਾਂਦਾ ਸੀ। ਅੱਜ ਕੱਲ ਪ੍ਰਸਿੱਧ ਖਿਡਾਰੀਆਂ, ਨੇਤਾਵਾਂ, ਫ਼ਿਲਮੀ ਕਲਾਕਾਰਾਂ ਤੇ ਲੇਖਕਾਂ ਜਾਂ ਸਮਾਜ ਸੇਵਕਾਂ ਦੇ ਜੀਵਨ ਬਾਰੇ ਜੀਵਨੀ ਲਿਖੀ ਜਾਂਦੀ ਹੈ।


ਪਰਿਭਾਸ਼ਾ - ਜੀਵਨੀ ਬਾਰੇ ਇੱਕ ਅੰਗਰੇਜ਼ ਵਿਦਵਾਨ ਮਾਰਕ ਟਵੇਨ ਨੇ ਲਿਖਿਆ ਹੈ-
     "ਜੀਵਨੀ ਅਜਿਹਾ ਲਿਬਾਸ ਹੈ, ਜਿਸ ਵਿੱਚ ਝਰੋਖੇ ਹੁੰਦੇ ਹਨ ਤੇ ਜਿਨ੍ਹਾਂ ਨੂੰ ਮਨੁੱਖ ਆਪ ਨਹੀਂ ਦੇਖ ਲਿਖ ਸਕਦਾ।" ਸੋ, ਜੀਵਨੀ ਲੇਖਕ ਵੱਲੋਂ ਕਿਸੇ ਦੇ ਜੀਵਨ ਬਾਰੇ ਬਿਓਰਾ ਲਿਖਣਾ ਹੈ।


ਵਿਸ਼ੇਸ਼ਤਾਵਾਂ - 

1. ਜੀਵਨੀ ਜੀਵਨ ਦੀ ਝਾਕੀ ਹੁੰਦੀ ਹੈ।
2. ਜੀਵਨੀ ਸਾਡਾ ਗਿਆਨ ਵੀ ਵਧਾਉਂਦੀ ਹੈ ਤੇ ਮਨੋਰੰਜਨ ਵੀ ਕਰਦੀ ਹੈ।
3. ਜੀਵਨੀ ਵਾਰਤਕ ਦੀ ਕਿਸਮ ਹੈ।
4. ਕਿਸੇ ਮਹਾਨ ਆਦਮੀ ਦੇ ਨਾਲ ਨਾਲ ਆਪਣੇ ਸਮੇਂ ਦੇ ਸਮਾਜ ਬਾਰੇ ਵੀ ਕਾਫੀ ਜਾਣਕਾਰੀ ਦਿੱਤੀ ਹੁੰਦੀ ਹੈ।


ਤੱਤ- ਜੀਵਨੀ ਲਿਖਣ ਲਈ ਕੁਝ ਤੱਤਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ।

1. ਜੀਵਨੀ ਨਾਇਕ - ਲੇਖਕ ਸਭ ਤੋਂ ਪਹਿਲਾਂ ਜੀਵਨੀ ਦੇ ਨਾਇਕ ਦੀ ਚੋਣ ਕਰਦਾ ਹੈ। ਅਕਸਰ ਕਿਸੇ ਮਹਾਨ ਜਾਂ ਪ੍ਰਸਿੱਧ ਵਿਅਕਤੀ ਨੂੰ ਜੀਵਨੀ ਦਾ ਨਾਇਕ ਚੁਣਿਆਂ ਜਾਂਦਾ ਹੈ। ਜਿਵੇਂ- ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਭਗਤ ਰਵਿਦਾਸ ਵਰਗੇ ਮਹਾਨ ਇਨਸਾਨਾਂ ਦੀ ਜੀਵਨੀ ਧਰਮਪਾਲ ਸਿੰਗਲ ਤੇ ਹੋਰ ਵੀ ਅਨੇਕਾਂ ਲੇਖਕਾਂ ਨੇ ਲਿਖੀਆਂ ਹਨ।

2. ਘਟਨਾਵਾਂ ਦੀ ਚੋਣ - ਲੇਖਕ ਦਾ ਅਗਲਾ ਕੰਮ ਹੁੰਦਾ ਹੈ ਨਾਇਕ ਦੇ ਜੀਵਨ ਵਿਚੋਂ ਮੁੱਖ ਘਟਨਾਵਾਂ ਦੀ ਚੋਣ ਕਰਨਾ ਅਤੇ ਉਨ੍ਹਾਂ ਨੂੰ ਸਹੀ ਸਹੀ ਪੇਸ਼ ਕਰਨਾ। ਉਦਹਾਰਣ ਵਜੋਂ- ਕੁਲਬੀਰ ਸਿੰਘ ਕਾਂਗ ਨੇ ਭਗਤ ਪੂਰਨ ਸਿੰਘ ਬਾਰੇ ਲਿਖੀ ਜੀਵਨੀ 'ਸਤਿ ਮਾਰਗ ਦਾ ਪਾਂਧੀ' ਵਿਚ ਦੱਸਿਆ ਹੈ ਕਿ ਜਦ ਪੂਰਨ ਸਿੰਘ ਦੀ ਮੌਤ ਹੋਈ ਤਾਂ ਪਿੰਗਲਵਾੜੇ ਵਿੱਚ ਰਹਿਣ ਵਾਲੀਆਂ ਲਾਵਾਰਸ ਤੇ ਅੰਗਹੀਣ ਕੁੜੀਆਂ ਉੱਚੀ ਉੱਚੀ ਰੋ ਰਹੀਆਂ ਸਨ-
                 "ਅੱਜ ਸਾਡਾ ਬਾਪ ਮਰ ਗਿਆ।" 

3. ਸੱਚ ਦੀ ਭਾਲ - ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨੀ ਨਾਇਕ ਬਾਰੇ ਅੰਨ੍ਹੀ ਸ਼ਰਧਾ ਜਾਂ ਪੱਖ-ਪਾਤੀ ਰਵਈਆ ਨਾ ਰੱਖੇ। ਸਗੋਂ ਸਚਾਈ ਨੂੰ ਸਾਹਮਣੇ ਲੈ ਕੇ ਆਵੇ। ਨਾਇਕ ਦੀ ਕਮਜ਼ੋਰੀ ਵੀ ਦੱਸਣੀ ਚਾਹੀਦੀ ਹੈ। ਪੁਰਾਣੀਆਂ ਜਨਮ ਸਾਖੀਆਂ ਲੇਖਕ ਆਪਣੇ ਨਾਇਕ ਬਾਰੇ ਸ਼ਰਧਾ ਭਾਵਨਾ ਨਾਲ ਲਿਖਦੇ ਸਨ।

4. ਬੋਲੀ ਤੇ ਸ਼ੈਲੀ - ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਲੇਖਕ ਆਪਣੇ ਸ਼ਬਦਾਂ ਰਾਹੀਂ ਆਪਣੇ ਵਿਚਾਰ ਅਤੇ ਭਾਵ ਪ੍ਰਗਟ ਕਰਦਾ ਹੈ। ਭਾਸ਼ਾ ਤੋਂ ਬਿਨਾਂ ਕੋਈ ਸਾਹਿਤ ਰਚਨਾ ਹੋ ਹੀ ਨਹੀਂ ਸਕਦੀ। ਬੋਲੀ ਢੁਕਵੀਂ ਸੌਖੀ ਤੇ ਸਪਸ਼ਟ ਹੋਣੀ ਚਾਹੀਦੀ ਹੈ। ਸ਼ੈਲੀ ਤੋਂ ਭਾਵ ਹੈ ਢੰਗ ਜਾਂ ਤਰੀਕਾ। ਅੰਗਰੇਜ਼ੀ ਵਿਦਵਾਨ ਨੇ ਕਿਹਾ ਸੀ-"Style is the man."(ਸ਼ੈਲੀ ਹੀ ਮਨੁੱਖ ਹੈ।)
                    ਸੋ, ਲੇਖਕ ਅਕਸਰ ਕਈ ਸ਼ੈਲੀਆਂ ਵਰਤਦਾ ਹੈ। ਜਿਵੇਂ- ਡਾਇਰੀ ਸ਼ੈਲੀ, ਨਾਟਕੀ ਸ਼ੈਲੀ, ਸੰਬੋਧਨੀ ਸ਼ੈਲੀ, ਕਾਵਿਕ ਸ਼ੈਲੀ, ਬਿਆਨੀਆ ਸ਼ੈਲੀ ਆਦਿ।
                 ਪ੍ਰਿੰਸੀਪਲ ਤੇਜਾ ਸਿੰਘ ਨੇ ਠੇਠ, ਸ਼ੁੱਧ ਤੇ ਟਕਸਾਲੀ ਬੋਲੀ ਵਿੱਚ ਲਿਖਿਆ ਹੈ- "ਅੱਜ-ਕੱਲ੍ਹ ਬੋਲੀ ਮਨ ਦੇ ਭਾਵ ਪ੍ਰਗਟਾਉਣ ਲਈ ਨਹੀਂ ਸਗੋਂ ਛੁਪਾਉਣ ਲਈ ਵਰਤੀ ਜਾਂਦੀ ਹੈ।"

5. ਸਿਰਲੇਖ - ਜੀਵਨੀ ਦਾ ਸਿਰਲੇਖ ਛੋਟਾ ਤੇ ਢੁਕਵਾਂ ਹੋਣਾ ਚਾਹੀਦਾ ਹੈ ਜੋ ਜੀਵਨੀ ਦਾ ਕੇਂਦਰ ਬਿੰਦੂ ਹੋਵੇ। ਜਿਸ ਦੁਆਲੇ ਸਾਰੀ ਰਚਨਾ ਘੁੰਮਦੀ ਹੋਵੇ। ਸਿਰਲੇਖ ਰੌਚਕ ਵੀ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨੀ ਪੜਨ ਨੂੰ ਮਨ ਕਰ ਆਵੇ। ਉਦਹਾਰਨ- ਹਰਦਿਆਲ ਸਿੰਘ ਨੇ, ਡਾ. ਦੀਵਾਨ ਸਿੰਘ ਕਾਲੇਪਾਣੀ ਬਾਰੇ ਜੀਵਨੀ 'ਸੁਨਹਿਰੀ ਦਿਲ' ਲਿਖੀ। ਆਮ ਕਰਕੇ ਜੀਵਨੀ ਦਾ ਸਿਰਲੇਖ ਨਾਇਕ ਦੇ ਨਾਂ ਵਾਲਾ ਹੀ ਹੁੰਦਾ ਹੈ।

6. ਤਰਤੀਬ ਜਾਂ ਬਣਤਰ -  ਲੇਖਕ, ਵੇਰਵਿਆਂ ਨੂੰ ਸਹੀ ਤਰਤੀਬ ਦਿੰਦਾ ਹੈ।
ਉਦਾਹਰਣ ਵਜੋਂ- ਕਿਸੇ ਆਦਮੀ ਦੇ ਜੀਵਨ ਦੀਆਂ ਘਟਨਾਵਾਂ ਸਹੀ ਤਰਤੀਬ ਵਿੱਚ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਉਸਦੇ ਜਨਮ  ਫਿਰ ਬਚਪਨ, ਫਿਰ ਜਵਾਨੀ ਅਤੇ  ਫਿਰ ਬੁਢਾਪੇ ਅਤੇ ਮੌਤ ਦੀ ਗੱਲ ਲਿਖਣੀ ਚਾਹੀਦੀ ਹੈ।


7. ਉਦੇਸ਼ - ਹਰ ਰਚਨਾਂ ਦਾ ਕੋਈ ਵਿਸ਼ਾ ਜਾਂ ਉਦੇਸ਼ ਹੁੰਦਾ ਹੈ। ਸਾਹਿਤ ਦਾ ਉਦੇਸ਼ ਸਮਾਜ ਨੂੰ ਸੇਧ ਦੇਣਾ ਹੈ। ਚੰਗੇ ਲੋਕਾਂ ਦੀ ਜੀਵਨੀ ਪੜ੍ਹ ਕੇ ਸਾਨੂੰ ਚੰਗਾ ਜੀਵਨ ਗੁਜ਼ਾਰਨ ਦੀ ਸੇਧ ਮਿਲਦੀ ਹੈ।


ਪੰਜਾਬੀ ਜੀਵਨੀ ਸਾਹਿਤ - ਪੰਜਾਬੀ ਵਿੱਚ ਦਿੱਤ ਸਿੰਘ, ਭਾਈ ਸੰਤੋਖ ਸਿੰਘ, ਧਰਮਪਾਲ ਸਿੰਗਲ, ਡਾ. ਕੁਲਬੀਰ ਸਿੰਘ ਕਾਂਗ, ਪ੍ਰਿੰਸੀਪਲ ਸਰਵਣ ਸਿੰਘ ਵਰਗੇ ਲੋਕਾਂ ਨੇ ਜੀਵਨੀ ਸਾਹਿਤ ਰਚਿਆ।
          ਜੀਵਨੀ ਤੋ ਇਲਾਵਾ ਸਵੈ-ਜੀਵਨੀ ਅਤੇ ਸਾਹਿਤਕ ਸਵੈ ਜੀਵਨੀ ਲਿਖਣ ਦਾ ਰਿਵਾਜ ਹੈ। ਅੱਜ-ਕੱਲ੍ਹ ਵਿਅੰਗ ਭਰਪੂਰ, ਸੰਖੇਪ ਤੇ ਤਿੱਖੇ ਰੇਖਾ ਚਿੱਤਰ ਵੀ ਲਿਖੇ ਜਾ ਰਹੇ ਹਨ। ਉਮੀਦ ਹੈ ਕਿ ਜੀਵਨੀ ਲਿਖਣ ਦਾ ਰਿਵਾਜ਼ ਵੀ ਕਾਇਮ ਰਹੇਗਾ।



Post a Comment

0 Comments