Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਪਹਿਲੀ ਗੱਲ ..... 

        ਜ਼ਿੰਦਗੀ,ਮਹਿਜ਼ ਇਕ ਰੰਗ ਨਹੀਂ। ਜ਼ਿੰਦਗੀ ਅਹਿਸਾਸ ਵੀ ਹੈ ਤੇ ਥੀਂਣ ਦੀ ਪਿਆਸ ਵੀ ਹੈ। ਅਸੀਂ ਪੜ੍ਹਾ-ਦਰ-ਪੜ੍ਹਾ ਆਪਣੇ ਅਨੁਭਵ ਗਹਿਰੇ ਹੁੰਦੇ, ਮਹਿਸੂਸ ਸਕਦੇ ਹਾਂ । ਸੁਖਵੀਰ ਸਿੱਧੂ ਨਵਾਂ ਲੇਖਕ ਹੈ। ਉਸ ਦੇ ਭਾਵੁਕ ਖ਼ਿਆਲ , ਉਸ ਦੀ ਲੇਖਣੀ ਦਾ ਆਧਾਰ ਬਣੇ ਹਨ। ਉਸ ਦੀ 'ਆਪਣੀ ਬੀਤੀ' ਤੇ 'ਆਪ-ਮਹਿਸੂਸੀ' ਜੀਵਨ-ਸ਼ੈਲੀ ਹੀ 'ਅੱਧਾ ਮਾਸਟਰ' ਦਾ ਵਿਸ਼ਾ-ਵਸਤੂ ਹੈ। ਲੇਖਕ ਵਲੋਂ ਵਿਧਾ ਨਾਲੋਂ ਵਿਚਾਰ-ਮੁੱਖੀ ਅਤੇ ਖੋਜ ਨਾਲੋਂ ਮਹਿਸੂਸੀ ਤੇ ਗੁਜ਼ਾਰੀ ਜ਼ਿੰਦਗੀ ਹੀ 'ਪਹਿਲੀ ਸਿਰਜਣਾ' ਹੈ। ਇਉਂ ਕਹਿ ਸਕਦੇ ਹੋ ਕਿ ਉਹ ਆਪਣਾ ਪੱਖ ਰੱਖ ਰਿਹਾ ਹੈ। ਉਸ ਦੇ ਸ਼ਬਦ ਜਾਂ ਵਾਕ ਅਹੁੜ੍ਹਨ ਵਿਧਾਨ ਨੂੰ ਪੂਰਦੇ ਹਨ। ਆਮ ਰੁਝਾਨ ਹੈ ਕਿ ਕਵਿਤਾ ਅਵੇਸ਼ ਹੁੰਦੀ ਹੈ। ਜਦਕਿ ਵਾਰਤਕ ਪ੍ਰਵੇਸ਼। ਪਰ ਸੁਖਵੀਰ ਸਿੱਧੂ ਵਾਰਤਕ 'ਆਵੇਸ਼ ਤੇ ਪ੍ਰਵੇਸ਼' ਦੇ ਮਿਲਗੋਭੇ ਵਾਲੀ ਸਿਰਜਦਾ ਹੈ। ਮਸਲਨ ਅਜੋਕੀ ਲੇਖਕ ਪੀੜੀ 'ਕਾਵਿ-ਵਾਰਤਕ' ਪੱਖੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦੇ ਚਾਅ , ਖ਼ਿਆਲ, ਹਾਸੇ, ਗ਼ਮ ਅਤੇ ਜੀਵਨ ਝਮੇਲੇ ਦੋਹਰੀ ਮਾਨਸਿਕਤਾ ਨੂੰ ਪ੍ਰਤੀਬਿੰਬਤ ਕਰਦੇ ਹਨ। ਉਹ ਕਿਸੇ ਇਕ ਪਾਸੇ ਖੜ੍ਹਨ ਨਾਲੋਂ , ਦੋਹੀਂ ਪਾਸੀਂ ਪੱਖ ਰੱਖਦੇ ਹਨ। ਅਜਿਹਾ ਕਰਦਿਆਂ 'ਇਨਸਾਨ ਵਿਚ ਇਨਸਾਨੀਅਤ' ਦਾ ਵਿਚਾਰ ਉਘਾੜਨ ਵੱਲ ਤਤਪਰ ਵੀ ਰਹਿੰਦੇ ਹਨ ।
                  ਅਸੀਂ ਧੁਰ ਅੰਦਰੋਂ ਜ਼ਮੀਨ ਨਾਲ ਜੁੜੇ ਹਾਂ। ਸਾਡੀ ਰਹਿਤਲ, ਸਾਡੇ ਵਿਹਾਰ ਅਤੇ ਸੱਭਿਆਚਾਰਕ ਤਾਣੇ-ਬਾਣੇ ਹੀ ਸੋਚ ਨੂੰ ਰਾਹ ਦਿੰਦੇ ਹਨ। ਗੁਰਬਾਣੀ, ਸਾਡੀ ਮਾਰਗ-ਦਰਸ਼ਕ ਹੈ। ਦੁਨੀਆਂ ਦੀ ਹਰ ਭਾਸ਼ਾ ਦਾ ਸਾਹਿਤ, ਕਵਿਤਾ ਤੋਂ ਹੀ ਅਗਲੇ ਪੰਧ ਉਲੀਕਦਾ ਆ ਰਿਹਾ, ਦ੍ਰਿਸ਼ਟੀਗੋਚਰ ਹੁੰਦਾ ਹੈ। ਕਵਿਤਾ, ਅੰਤ੍ਰੀਵ ਨੂੰ ਟੋਹਲੀ ਅਤੇ ਬਾਹਰਮੁਖੀ ਹੋ ਬੋਲਦੀ ਹੈ। ਕਵਿਤਾ , ਸੁਹਜ ਤੋਂ ਯਥਾਰਥ ਤੱਕ ਵਿਚਰਦੀ ਹੈ। ਸੁਖਵੀਰ ਸਿੱਧੂ ਵੀ ਕਵਿਤਾ ਤੋਂ ਹੀ ਆਪਣੀ ਲੇਖਣੀ ਸ਼ੁਰੂ ਕਰਦਾ ਹੈ। ਫਿਰ ਆਪਣੇ ਵਾਰਤਕ -ਗਲਪੀ ਵਿਚਾਰ ਲਿਖਣ ਲੱਗ ਪੈਂਦਾ ਹੈ। ਉਹ ਆਪਣੇ ਜਜ਼ਬਾਤਾਂ ਨੂੰ ਲਿੱਪੀਬੱਧ ਕਰਨ ਲਈ ਦਿਨ-ਰਾਤ ਇਕ ਕਰ ਦਿੰਦਾ ਹੈ। ਉਸ ਨੂੰ ਹਜ਼ਾਰਾਂ 'ਮਸਲੇ' ਘੇਰ ਲੈਂਦੇ ਹਨ। ਉਹ ਲੱਖਾਂ ਸਵਾਲਾਂ ਦੇ ਤਾਣੇ ਉਂਣਨ ਲੱਗ ਜਾਂਦਾ ਹੈ। ਇਉਂ ਆਪਣੀ ਹਰ ਲਿਖਤ ਵਿਚ 'ਆਪ' ਸ਼ਾਮਲ ਹੋ ਜਾਂਦਾ ਹੈ। ਕਿਤੇ-ਕਿਤੇ 'ਆਪਣਾ ਪੱਖ ਰੱਖਦਾ', ਆਪ ਹੀ ਸਮਝਾਉਣ ਲੱਗ ਪੈਂਦਾ ਹੈ ਕਿ ਉਹ ਕੀ ਕਹਿਣਾ ਚਾਹੁੰਦਾ ਹੈ। ਜਿਵੇਂ ਨਵੇਂ ਲੇਖਕ ਆਪਣਾ ਸ਼ਪੱਸ਼ਟੀਕਰਨ ਦੇ ਰਹੇ ਹੋਣ, ਕਿ ਉਨ੍ਹਾਂ ਦਾ ਜ਼ਹਿਨ, ਕੀ ਕਹਿਣ ਵੱਲ ਰੁਚਿਤ ਹੈ, ਤੁਸੀਂ ਸਮਝੇਂ ਕਿ ਨਹੀਂ ?
             ਸਾਹਿਤ ਸਿਰਜਣਾ ਦੀਆਂ ਅਨੇਕ ਸ਼ੈਲੀਆਂ ਹਨ। ਅਨੇਕ ਵਿਧਾਵਾਂ ਹਨ। ਹਰ ਲੇਖਕ 'ਆਪਣੇ ਪਹਿਲੂ' ਤੋਂ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਵਿਚਾਰ ਨਿਵੇਕਲੇ ਅੰਦਾਜ਼ ਵਿਚ ਕਹਿਣ ਲਈ , ਕਈ ਆਰਾ-ਸਾਰੇ ਲਾਉਂਦਾ ਹੈ। ਸੁਖਵੀਰ ਸਿੱਧੂ ਵੀ ਆਪਣੀ ਗੱਲ ਰੱਖਣ ਲਈ 'ਸ੍ਵੈ-ਜੀਵਨੀ-ਮੂਲਕ' ਹੋ ਲਿਖਦਾ ਹੈ। ਉਹ ਆਪਣੇ ਅਨੁਭਵਾਂ ਨੂੰ 'ਸ਼ਬਦਾਂ' ਵਿੱਚ ਢਾਲਣ ਲਈ ਤਤਪਰ ਦਿਸਦਾ ਹੈ। ਫਿਰ ਆਪਣਾ ਵਿਸ਼ਾ 'ਪ੍ਰਸ਼ਨੋਤਰੀ ਸ਼ੈਲੀ' ਨਾਲ ਅਗਾਂਹ ਵੱਲ ਤੋਰਨ ਲੱਗਦਾ ਹੈ। ਕਦੀ ਮਸਲੇ ਸੁਲਝਾਉਂਦਾ , ਉਲਝਣ-ਸੁਲਝਣ ਦੇ ਸਾਗਰਾਂ ਵਿਚ ਤਾਰੀਆਂ ਲਾਉਂਦਾ ਹੈ। ਹਾਲੇ ਸੁਖਵੀਰ ਸਿੱਧੂ ਸਾਹਿਤ ਵੱਲ ਪਹਿਲੀ ਪੁਲਾਂਘ ਪੁੱਟ ਰਿਹਾ ਹੈ। ਉਸ ਦੇ ਖ਼ਿਆਲ ਉਡਾਰੀਆਂ ਮਾਰ ਰਹੇ ਹਨ। ਉਹ ਕਿਤਾਬਾਂ ਸੰਗ ਸੰਵਾਦ ਰਚਾਏਗਾ। ਨਵੇਂ ਤੇ ਪੁਰਾਣੇ ਅਨੁਭਵਾਂ ਨੂੰ ਕਸਵੱਟੀ ਲਾਏਗਾ। ਉਮੀਦ ਹੈ ਕਿ ਨਵੀਂਆਂ ਪਰਵਾਜ਼ਾਂ ਭਰੇਗਾ। ਇਸ ਸਮਾਜ ਲਈ ਰਾਹ-ਦਸੇਰਾ ਬਣਕੇ, ਚੰਗੇ ਅਤੇ ਸਿਹਤਯਾਬ, ਇਨਸਾਨੀ ਗੁਣਾਂ ਵਾਲੇ ਵਿਅਕਤੀਤਵ ਸਿਰਜੇਗਾ । ਸੁਖਵੀਰ ਸਿੱਧੂ ਭੁਵਿੱਖ ਵਿਚ ਹੋਰ ਉੱਚੀਆਂ ਤੇ ਸੁੱਚੀਆਂ ਲਿਖਤਾਂ,ਬੜੀ ਪੁਖ਼ਤਗੀ ਨਾਲ ਲਿਖੇ। ਰੱਬ ਕਰੇ, ਉਹ ਸਦਾ ਉਤਸ਼ਾਹ ਤੇ ਮਲਾਹ ਨਾਲ ਆਪਣੇ ਆਰ੍ਹੇ ਲੱਗਾ ਰਹੇ।
                              'ਅੱਧਾ-ਮਾਸਟਰ' ਲਈ ਮੁਬਾਰਕਬਾਦ ਦਿੰਦਿਆਂ !

( ਨੋਟ - ਇਹ ਮੇਰੇ ਵਲੋਂ ਲਿਖਿਆ 'ਮੁੱਖ ਬੰਦ' ਹੈ। ਜੋ ਕਿ ਅਕਤੂਬਰ,2019 ਵਿਚ ਪ੍ਰਕਾਸ਼ਿਤ ਹੋਈ, ਅੱਧਾ-ਮਾਸਟਰ ਕਿਤਾਬ ਵਿਚ ਛਪਿਆ ਸੀ।)

Post a Comment

0 Comments