Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਵੈ-ਜੀਵਨੀ

                  ਸਵੈ-ਜੀਵਨ ਸਾਹਿਤ ਦਾ ਇੱਕ ਪ੍ਰਭਾਵਸ਼ਾਲੀ (ਅਸਰਦਾਰ) ਰੂਪ ਹੈ। ਇਹ ਸਵੈ ਪ੍ਰਕਾਸ਼ ਦਾ ਸਾਹਿਤ ਹੈ। ਸਵੈ ਜੀਵਨੀ ਦਾ ਅਰਥ ਹੈ- ਆਪਣੀ ਜੀਵਨੀ ਆਪ ਲਿਖਣਾ। ਦੂਸਰੇ ਸ਼ਬਦਾਂ ਵਿਚ ਇਸ ਵਿੱਚ ਨਾਇਕ ਅਤੇ ਲੇਖਕ ਇਕੋਂ ਆਦਮੀ ਹੀ ਹੁੰਦਾ ਹੈ।

                           ਪਰਿਭਾਸ਼ਾ-

 ਡਾ. ਪ੍ਰੇਮ ਪ੍ਰਕਾਸ਼ ਅਨੁਸਾਰ- "ਸਵੈ-ਜੀਵਨੀ, ਆਪੇ ਦਾ ਸਾਹਿਤ ਹੈ। ਇਹ ਨਿੱਜੀ ਜੀਵਨ ਦਾ ਬਿਉਰਾ ਹੈ।" ਸੋ, ਆਪਣੇ ਬਾਰੇ ਕਲਾਤਮਕ ਢੰਗ ਨਾਲ ਲਿਖੀ ਹੋਈ ਜੀਵਨੀ  ਕਹਾਣੀ ਸਵੈ-ਜੀਵਨੀ ਹੈ।

 ਵਿਸ਼ੇਸ਼ਤਾਵਾਂ-

1. ਸਵੈ-ਜੀਵਨੀ ਯਾਦਾਂ ਅਤੇ ਭੇਤਾਂ ਦਾ ਇਕੱਠ ਹੁੰਦਾ ਹੈ।
2. ਸਵੈ-ਜੀਵਨੀ ਆਪੇ ਦਾ ਸਾਹਿਤ ਹੈ।
3. ਇਸ ਵਿਚ ਲੇਖਕ ਆਪਣਾ ਚਿਹਰਾ ਲੋਕਾਂ ਨੂੰ ਦਿਖਾਉਂਦਾ ਹੈ।

ਤੱਤ- ਸਵੈ ਜੀਵਨੀ ਆਪ ਹੰਢਾਏ ਬਿਤਾਏ ਪਲਾਂ ਦੀ ਪੁਨਰ ਉਸਾਰੀ ਹੁੰਦੀ ਹੈ।

1. ਆਪਣਾ-ਆਪ- ਸਵੈ-ਜੀਵਨੀ ਦੀ ਨੀਂਹ (ਬੁਨਿਆਦ) ਲੇਖਕ ਦਾ ਅਪਣਾ ਆਪ ਹੁੰਦੀ ਹੈ। ਸੋ, ਪਹਿਲੀ ਸ਼ਰਤ ਇਹ ਹੈ ਕਿ ਲੇਖਕ ਨੂੰ ਆਪਣੇ ਆਪ ਬਾਰੇ ਪਤਾ ਹੋਣਾ ਚਾਹੀਦਾ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ 'ਰਸੀਦੀ ਟਿਕਟ' ਵਿੱਚ ਆਪਣੇ ਬਾਰੇ ਲਿਖਿਆ ਹੈ।
      "ਮੇਰੇ ਜੀਵਨ ਦਾ ਸੋਲ੍ਹਵਾਂ ਵਰਾ ਆਇਆ। 
        ਅਜਨਬੀਆਂ ਵਾਂਗ ਵਿੱਥ ਤੇ ਖਲੋਤਾ ਰਿਹਾ।
         ਜੇ ਮੇਰੀ ਮਾਂ ਹੁੰਦੀ ਤਾਂ ਇਹ, ਦੋਸਤਾਂ 
          ਸਹੇਲੀਆਂ ਵਾਂਗ ਆਉਂਦਾ ਹੈ।"

2. ਘਟਨਾਵਾਂ ਦੀ ਚੋਣ- ਸਵੈ ਜੀਵਨੀ ਕਾਰ ਆਪਣੇ ਜੀਵਨ ਵਿਚੋਂ ਖਾਸ ਖਾਸ ਘਟਨਾਵਾਂ ਦੀ ਚੋਣ ਕਰਕੇ ਪੇਸ਼ ਕਰਦਾ ਹੈ। ਇਹ ਘਟਨਾਵਾਂ ਪੜ੍ਹਨ ਵਾਲਿਆਂ ਨੂੰ ਵੀ ਰੌਚਕ ਲੱਗਣੀਆਂ ਚਾਹੀਦੀਆਂ ਹਨ। ਪ੍ਰੋ. ਪੂਰਨ ਸਿੰਘ ਨੇ ਆਪਣੇ ਬਚਪਨ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੈਰ 'ਤੇ ਨਲਕਾ ਡਿੱਗਣ ਦੀ ਘਟਨਾ ਦੀ ਚੋਣ ਕੀਤੀ ਅਤੇ ਆਖਿਆ- 
"ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਰਾ ਜਾਂ ਚੰਗਿਆੜਾ, ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ।

3. ਨੰਗਾ ਸੱਚ- ਲੇਖਕ ਨੂੰ ਚਾਹੀਦਾ ਹੈ ਕਿ ਉਹ ਕੇਵਲ ਆਪਣੀਆਂ ਸਿਫ਼ਤਾਂ ਹੀ ਨਾ ਕਰੀ ਜਾਵੇ ਸਗੋਂ ਆਪਣੀਆਂ ਕਮੀਆਂ ਬਾਰੇ ਵੀ ਸੱਚੋ-ਸੱਚ ਲਿਖ ਦੇਵੇ। ਪਾਠਕ ਸਾਹਮਣੇ ਉਸ ਦੇ ਜੀਵਨ ਦੀ ਅਸਲੀਅਤ ਆਉਣੀ ਚਾਹੀਦੀ ਹੈ। ਉਦਾਹਰਣ ਦੇ ਤੌਰ ਤੇ- '
                     ਮਹਾਤਮਾ ਗਾਂਧੀ ਨੇ ਆਪਣੀ ਸਵੈ ਜੀਵਨੀ ਵਿੱਚ ਆਪਣੇ ਝੂਠ ਬੋਲਣ ਅਤੇ ਚੋਰੀ ਕਰਨ ਦੀ ਆਪਣੀ ਆਦਤ ਬਾਰੇ ਸੱਚ ਲਿਖਿਆ ਹੈ।

4. ਬੋਲੀ ਤੇ ਸ਼ੈਲੀ- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ। 
ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਨਾਵਲ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ।
ਉਦਾਹਰਣ ਦੇ ਤੌਰ ਤੇ-
                          ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ-ਜੀਵਨੀ 'ਜਿੰਦਗੀ ਦੇ ਰਾਹਾਂ ਤੇ' ਵਿੱਚ ਲਿਖਿਆ ਹੈ-      
      "ਮਨੁੱਖ ਨਾਲ ਮਨੁੱਖ ਦਾ ਮੇਲ, ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ।"

5. ਸਿਰਲੇਖ- ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੌਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।
ਉਦਾਹਰਣ ਦੇ ਤੌਰ ਤੇ-
                       ਪੰਜਾਬੀ ਦੀਆਂ ਕਈ ਸਵੈ ਜੀਵਨੀਆਂ ਦੇ ਸਿਰਲੇਖ ਬੜੇ ਸੋਹਣੇ ਹਨ। 
  "ਅੱਧੀ ਮਿੱਟੀ ਅੱਧਾ ਸੋਨਾ,
                            ਨੰਗੇ ਪੈਰਾਂ ਦਾ ਸਫ਼ਰ (ਟਿਵਾਣਾ) ਉਮਰਾਂ ਦਾ ਪੰਧ 
                             ਰੰਗਾਂ ਦੀ ਗਾਗਰ (ਜੌਹਲ)

6. ਰੋਚਕਤਾ (ਦਿਲਚਸਪੀ)- ਲੋਕ ਉਸ ਰਚਨਾ ਨੂੰ ਹੀ ਪੜ੍ਹਦੇ ਹਨ ਜੋ ਰੌਚਕ ਹੋਵੇ। ਭਾਵ ਦਿਲਚਸਪ ਹੋਵੇ। ਸੋ, ਲੇਖਕ ਕਈ ਪ੍ਰਕਾਰ ਦੇ ਹਾਸੇ ਮਜਾਕ ਜਾਂ ਲੋਕਾਂ ਦੀ ਰੁਚੀ ਦੀਆਂ ਘਟਨਾਵਾਂ ਆਪਣੀ ਰਚਨਾ ਵਿਚ ਸ਼ਾਮਲ ਕਰ ਲੈਂਦਾ ਹੈ। ਕੁਝ ਲੋਕਾਂ ਦੀਆਂ ਗੱਲਾਂ ਜਾਂ ਕੁੱਝ ਯਾਦਗਾਰੀ ਪੱਲ ਸਵੈ-ਜੀਵਨੀ ਵਿਚ ਦੁਬਾਰਾ ਤੋਂ ਜੀਵਤ ਹੋ ਉੱਠਦੇ ਹਨ।
ਜਿਵੇਂ- ਪ੍ਰਿੰ. ਸਾਹਿਬ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਲਿਖਿਆ ਹੈ- 
     "ਕੀ ਪਿੱਦੀ ਤੇ ਕੀ ਪਿੱਦੀ ਦਾ ਸੋਰਬਾ?
      ਮੈਂ ਬਹੁਤ ਤਕੜਾ ਭਲਵਾਨ ਤਾਂ ਨਹੀਂ ਬਣਿਆ 
     ਪਰ ਢਾਂਗੇ ਨਾਲ ਪਤਾ ਬਤਾਊਂ ਲਾਹੁਣ ਦਾ ਮਾਸਟਰ ਜੀ       
      ਦਾ ਤੌਖ਼ਲਾ ਵੀ ਨਾ ਰਿਹਾ।"

7. ਵਿਸ਼ਾ ਤੇ ਉਦੇਸ਼- ਸਵੈ ਜੀਵਨੀ ਦਾ ਅਸਲ ਵਿਸ਼ਾ ਤੇ ਉਦੇਸ਼ ਲੇਖਕ ਵੱਲੋਂ ਆਪਣੇ ਜੀਵਨ ਬਾਰੇ ਸਹੀ ਜਾਣਕਾਰੀ ਪੇਸ਼ ਕਰਨਾ ਹੁੰਦਾ ਹੈ। ਅਕਸਰ ਮਹਾਨ ਲੋਕਾਂ ਵੱਲੋਂ ਸਵੈ ਜੀਵਨੀ ਲਿਖੀ ਜਾਂਦੀ ਹੈ। ਸੋ ਉਨ੍ਹਾਂ ਦੇ ਜੀਵਨ 'ਚੋਂ ਸਾਨੂੰ ਚੰਗੀ ਸੇਧ ਮਿਲਦੀ ਹੈ। 
ਜਿਵੇਂ- 
      ਪ੍ਰਿੰ. ਤੇਜਾ ਸਿੰਘ - ਡਾ. ਜਸਵੰਤ ਸਿੰਘ ਨੇਕੀ ਦੇ ਜੀਵਨ ਬਾਰੇ ਪੜ੍ਹ ਕੇ ਸਾਨੂੰ ਹਿੰਮਤ, ਮਿਹਨਤ ਅਤੇ ਲਗਨ ਦੀ ਪ੍ਰੇਰਨਾ ਮਿਲਦੀ ਹੈ।

8. ਯਾਦਾਂ- ਸਵੈ ਜੀਵਨੀ ਵਿਚ ਲੇਖਕ ਦੇ ਆਪਣੇ ਅਨੁਭਵ ਅਤੇ ਯਾਦਾਂ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ।ਪ੍ਰੋ. ਪੂਰਨ ਸਿੰਘ ਦਾ ਮੰਨਣਾ ਹੈ ਕਿ ਯਾਦਾਂ ਜਿੰਦਗੀ ਹਨ। ਜੀਵਨ ਦੀ ਟੋਕਰੀ ਵਿੱਚ ਮਨੁੱਖਾਂ ਨੂੰ, ਤਾਰਿਆਂ ਨੂੰ, ਫੁੱਲਾਂ ਨੂੰ ਅਤੇ ਯਾਦਾਂ ਨੂੰ ਇਕੱਠੇ ਕਰੀ ਜਾਣਾ  ਅਤਿ ਸ਼ਾਨਦਾਰ ਰੁਝੇਵਾਂ ਹੈ। 
         "ਯਾਦਾ ਵੀ ਬੜੀਆਂ ਅਜੀਬ ਹੁੰਦੀਆਂ ਨੇ,
          ਜੋ ਦੂਰ ਹੁੰਦੇ ਨੇ ਉਨ੍ਹਾਂ ਨੇ ਕਰੀਬ ਹੁੰਦੀਆ ਨੇ।"

9. ਤਰਤੀਬ ਜਾਂ ਬਣਤਰ- ਲੇਖਕ, ਵੇਰਵਿਆਂ ਨੂੰ ਸਹੀ ਤਰਤੀਬ ਦਿੰਦਾ ਹੈ। ਉਦਾਹਰਣ ਵਜੋਂ- ਕਿਸੇ ਆਦਮੀ ਦੇ ਜੀਵਨ ਦੀਆਂ ਘਟਨਾਵਾਂ ਸਹੀ ਤਰਤੀਬ ਵਿੱਚ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਉਸ ਦੇ ਜਨਮ ਫਿਰ ਬਚਪਨ, ਫਿਰ ਜਵਾਨੀ ਅਤੇ ਫਿਰ ਬੁਢਾਪੇ ਮੌਤ ਦੀ ਗੱਲ ਲਿਖਣੀ ਚਾਹੀਦੀ ਹੈ।

ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਕ ਵਿਕਾਸ- ਪੰਜਾਬੀ ਵਿੱਚ ਨਾਨਕ ਸਿੰਘ ਨੇ 'ਮੇਰੀ ਦੁਨੀਆਂ' ਪ੍ਰਿੰ. ਤੇਜਾ ਸਿੰਘ ਨੇ 'ਆਰਸੀ', ਦਲੀਪ ਕੌਰ ਟਿਵਾਣਾ ਨੇ 'ਨੰਗੇ ਪੈਰਾਂ ਦਾ ਸਫ਼ਰ', ਅੰਮ੍ਰਿਤਾ ਪ੍ਰੀਤਮ ਨੇ 'ਰਸੀਦੀ ਟਿਕਟ', ਅਜੀਤ ਕੌਰ ਨੇ 'ਕੂੜਾ ਕਰਕਟ', ਆਦਿ ਸਵੈ ਜੀਵਨੀਆਂ ਲਿਖੀਆਂ। ਰਾਮ ਸਰੂਪ ਅਣਖੀ, ਸੰਤ ਸਿੰਘ ਸੇਖੋਂ, ਬਲਰਾਜ ਸਾਹਨੀ, ਪ੍ਰਿੰ. ਸਾਹਿਬ ਸਿੰਘ, ਕਰਤਾਰ ਸਿੰਘ ਦੁੱਗਲ ਨੇ ਵੀ ਇਸ ਖੇਤਰ ਵਿਚ ਯੋਗਦਾਨ ਪਿਆ। ਪੰਜਾਬੀ ਵਿੱਚ ਸਵੈ ਜੀਵਨੀ ਲਿਖਣ ਦਾ ਰੁਝਾਨ ਜਾਰੀ ਹੈ। ਇਸ ਦੀਆਂ ਸੰਭਾਵਨਾਵਾਂ ਵੀ ਰੌਸ਼ਨ ਹਨ।




Post a Comment

0 Comments