Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਮਕਾਲ ਦੇ ਸਨਮੁੱਖ



           ਨੁੱਖੀ ਸਿਰਜਣਾ ਸੁਹਜ,ਸਿਆਣਪ ਤੇ ਬੁੱਧੀ ਦੀ ਉੱਪਜ ਹੁੰਦੀ ਹੈ। ਹਰ ਬੰਦਾ ਆਪਣੇ ਅੰਦਰ ਵੱਲ ਦਾ ਸਫ਼ਰ ਕਰਦਾ ਹੈ ਅਤੇ ਆਪਣੇ ਬਾਹਰ ਵੱਲ ਨੂੰ ਵਧਣ ਦੀ ਜਾਂਚ ਸਿੱਖਦਾ ਹੈ। ਸਾਹਿਤ, ਸਮਾਜ ਦਾ ਸ਼ੀਸ਼ਾ ਅਖਵਾਉਂਦਾ ਹੈ ਕਿਉਂ ਜੋ ਸਮਾਜ ਵਿਚਲੀਆਂ ਗਤੀਵਿਧੀਆਂ ਨੂੰ ਸਾਹਿਤਕ ਰੰਗਾਂ ਵਿਚ ਬਿਆਨਦਾ ਹੈ। ਹਰ ਕਿਸੇ ਦੀ ਬਿਆਨ-ਸ਼ੈਲੀ ਆਪੋ ਆਪਣੀ , ਵਿਧਾ-ਵਿਧਾਨ ਇੱਛਾ-ਮੂਲਕ ਅਤੇ ਵਿਸ਼ੇ ਸਮਾਜਿਕ ਕਾਰ-ਵਿਹਾਰ ਤੋਂ ਪ੍ਰਭਾਵਿਤ ਹੀ ਹੁੰਦੇ ਹਨ। ਅਜੋਕਾ ਸਾਹਿਤ ਯਥਾਤੱਥ ਤਕਨੀਕੀ ਹੁੰਦਾ ਜਾ ਰਿਹਾ ਹੈ। ਕਵਿਤਾ ਨਿੱਤ ਦਿਨ ਬੋਝਣ ਹੁੰਦੀ ਜਾਪਦੀ ਹੈ। ਵਾਰਤਕ ਆਪਣੇ ਰੂਪਾਕਾਰ ਰੰਗਾਂ ਨੂੰ ਵਿਸਾਰ ਰਹੀ ਹੈ। ਗ਼ਲਪੀ ਰਚਨਾਵਾਂ ਵੀ ਨਵੇਂ ਰੰਗ-ਢੰਗ ਗ੍ਰਹਿਣ ਕਰਦੀਆਂ ਜਾ ਰਹੀਆਂ ਹਨ। ਇਉਂ ਲੱਗਦਾ ਜਿਵੇਂ ਅਜੋਕਾ ਸਾਹਿਤ ਸਮਾਜ ਦਾ ਤਿੜਕਿਆ ਹੋਇਆ ਸ਼ੀਸ਼ਾ ਹੋਵੇ ਤੇ ਸਭ ਪਾਸੇ ਅਧੂਰੇ ਹੀ ਪੂਰੇ ਹੋਣ ਦਾ ਦਾਅਵਾ ਕਰ ਰਹੇ ਹੋਣ। ਕਿਤੇ ਕੋਈ ਢੋਈ ਦੀ ਆਸ ਵੀ ਨਹੀਂ ਦੀਂਹਦੀ। 
            ਅਜੋਕਾ ਮਨੁੱਖ ਆਪੇ ਤੋਂ ਟੁੱਟ ਚੁੱਕਾ ਹੈ। ਸ੍ਵੈ-ਸੰਵਾਦ ਦੀ ਘਾਟ ਹੀ ਸ੍ਵੈ-ਪੜਤਾਲ ਨੂੰ ਖੋਰਾ ਲਾ ਰਹੀ ਹੈ। ਜਿੱਥੇ 'ਵਾਦ' ਆਪਣੇ ਵਿਵਾਦ ਤਾਂ ਖੜ੍ਹੇ ਕਰਦੇ ਹਨ ਪਰ ਸੰਵਾਦ ਦੀ ਲੀਹੇ ਨਹੀਂ ਪੈਂਦੇ। ਮਨੁੱਖੀ ਕਿਰਦਾਰ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਗ਼ਰਜ਼ਾਂ ਪੂਰਦੇ ਹਨ। ਧੀਆਂ ਦੀ ਆਬਰੂ, ਤ੍ਰੀਮਤਾਂ ਦੀ ਆਸਥਾ ਅਤੇ ਮਰਦਾਂ ਦਾ ਮਨੋਬਲ ਚੂਰ-ਚੂਰ ਹੋ ਰਿਹਾ ਹੈ। ਬੇਸ਼ੱਕ ਵਕਤ ਆਪਣੀ ਤੋਰ ਤੁਰਦਾ ਹੈ ਪਰ ਵਕਤ ਦੀ ਡਾਢੀ ਮਾਰ ਕਿਸਾਨੀ ਬਿਰਤਾਂਤ ਨੂੰ ਛੇੜਦਿਆਂ ਹੀ ਗਲ਼ ਪਏ ਫਾਹੇ ਯਾਦ ਕਰਵਾ ਦਿੰਦੀ ਹੈ। ਗ਼ਰੀਬੀ ਤੇ ਨਸੀਬੀ ਦੀਆਂ ਲਕੀਰਾਂ ਮੱਥੇ ਪਏ ਵੱਟਾਂ ਨੂੰ ਹੋਰ ਗੂੜੀਆਂ ਤਿਊੜੀਆਂ ਵਿਚ ਬਦਲ ਦਿੰਦੀਆਂ ਹਨ। ਕਦੀ ਹੱਥ ਲੱਗਦਾ ਹੈ ਹੜਾਂ ਦੀ ਮਾਰ ਦਾ ਸਾਇਆ ਤੇ ਕਦੀ ਸੋਕੇ ਦੀ ਕਰੋਪੀ । ਜ਼ਿੰਮੀਦਾਰ ਮੰਡੀਆਂ ਵਿਚ ਦਾਣੇਂ ਢੋਂਹਦਾ ਹੈ ਤੇ ਆੜਤੀਆ ਦਾਣੇ ਸਾਂਭ ਕੇ ਪਾਸੇ ਹੁੰਦਾ ਹੈ। ਇਸ ਵਿਚ ਲੈਣ-ਦੇਣ ਨੂੰ ਕੁੱਝ ਬੱਚਦਾ ਹੀ ਨਹੀਂ। ਉਦਾਸੀ ਆਪਣੀ ਗਾਥਾ ਦੁਹਰਾਉਂਦੀ ਹੈ। ਚੁੱਪ ਦਾ ਪਹਿਰਾ ਸਿੱਖ਼ਰ ਦੁਪਹਿਰਾਂ ਵਿਚ ਲੱਗਦਾ ਹੈ। ਹਰ ਆਦਮੀ ਆਪਣੇ ਇਕ ਦਮ ਵਿਚ ਥਿਰ ਹੋਇਆ ਪ੍ਰਤੀਤ ਹੁੰਦਾ ਹੈ।
              ਪੰਜਾਬੀ ਰਹਿਤਲ ਬੜੀ ਜ਼ਰਖੇਜ਼ ਹੈ। ਪੰਜਾਬੀ ਜ਼ੁਬਾਨ ਸ਼ੱਕਰ ਭਿੰਨੀ ਹੈ। ਇਹ ਬੋਲੀ ਦੁਨੀਆਂ ਵਿਚ ਨਾਮਣਾ ਖੱਟ ਚੁੱਕੀ ਹੈ। ਜਿਸ ਦੇ ਤਿੰਨ ਸਵਰ-ਵਾਹਕ, ਉਨੱਤੀ ਵਿਅੰਜਨ , ਦੋ ਅਰਧ-ਸ੍ਵਰ ਅਤੇ ਇਕ ਸੁਰ-ਯੰਤਰੀ ਧੁੰਨੀਆਂ ਹਨ। ਇਸ ਤੋਂ ਇਲਾਵਾ ਨਵੀਨ ਵਰਗ ਦੀਆਂ ਛੇ ਧੁੰਨੀਆਂ ਜੋੜ ਕੇ ਕੁੱਲ ਇੱਕਤਾਲੀ ਧੁਨੀਆਂ ਬਣ ਜਾਂਦੀਆਂ ਹਨ। ਇੰਝ ਗੁਰਮੁੱਖੀ ਲਿਪੀ ਆਪਣੇ ਪੈਂਤੀ ਅੱਖਰੀ ਨਾਮ ਤੋਂ ਇਕਤਾਲੀ ਅੱਖਰੀ ਸਿਰਨਾਵਾਂ ਗ੍ਰਹਿਣ ਕਰਦੀ ਹੈ।  ਜੇ ਸਾਹਿਤਕ ਪੱਖ ਵੇਖੀਏ ਤਾਂ ਗੋਰਖਨਾਥ ਜੀ ਦੀ ਰਚਨਾ ਵਿਚ ਪੰਜਾਬੀ ਜ਼ੁਬਾਨ ਦਾ ਝਲਕਾਰਾ ਮਿਲਦਾ ਹੈ। ਬਾਬਾ ਫ਼ਰੀਦ ਜੀ ਪਹਿਲੇ ਸ਼ੁੱਧ ਪੰਜਾਬੀ ਸਾਹਿਤਕਾਰ ਅਖਵਾਉਂਦੇ ਹਨ। ਪੰਜਾਬੀ ਬੋਲੀ ਦੀਆਂ ਢੇਰ ਸਾਰੀਆਂ ਖ਼ਾਸੀਅਤਾਂ ਹਨ। ਅਜੋਕੇ ਵੇਲੇ ਪੰਜਾਬੀ ਦੀ ਮਹਾਨਤਾ ਨੂੰ ਸਮਝਦਿਆਂ ਦੁਨੀਆਂ ਵਿਚ ਦਸਵਾਂ ਸਥਾਨ ਮਿਲਿਆ ਹੈ। ਇਸੇ ਨਾਲ ਭਾਰਤੀ ਸੰਵਿਧਾਨ ਗਵਾਹ ਹੈ ਕਿ ਭਾਰਤ ਦੀਆਂ 22 ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਵਿਚੋਂ ਪੰਜਾਬੀ ਇਕ ਹੈ। ਸ਼ਪੱਸ਼ਟ ਹੈ ਕਿ ਪੰਜਾਬੀ ਭਾਰਤ ਦੀ ਰਾਸ਼ਟਰੀ ਭਾਸ਼ਾ ਦਾ ਰੁਤਬਾ ਰੱਖਦੀ ਹੈ। ਯਾਦ ਰਹੇ ਅਸਟ੍ਰੇਲੀਆ ਵਿਚ ਪੰਜਾਬੀ ਤੀਜੀ ਭਾਸ਼ਾ ਵਜੋਂ ਸਨਮਾਨਿਤ ਹੋ ਚੁੱਕੀ ਹੈ ਤੇ ਕਨੇਡਾ ਬਾਰੇ ਤੁਸੀਂ ਜਾਣਦੇ ਹੀ ਹੋ ਨਾ ?
             ਸਾਡੀ ਪੀੜ੍ਹੀ ਦੇ ਵੱਡੇ ਭਾਗ ਹਨ ਕਿ ਉਹ ਉਸ ਯੁੱਗ ਵਿਚ ਚੇਤਨਤਾ ਦੀ ਪੌੜੀ ਚੜ੍ਹ ਰਹੀ ਹੈ ਜਦੋਂ ਜਗਤ ਗੁਰੂ ਬਾਬੇ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ-ਬਾਬੇ ਦਾ ਸੁਨੇਹਾ ਹੈ ਕਿ ਕਿਰਤ ਕਰੋ , ਵੰਡ ਛਕੋ ਤੇ ਨਾਮ ਜਪੋ। ਕਿੰਨੀ ਨਿਆਰੀ ਤੇ ਸਤਿਕਾਰੀ ਗੱਲ ਹੋਵੇਗੀ ਜੇ ਅਸੀਂ 'ਸਚਹੁ ਉਰੈ ਸਭੁ ਕੋ ਉਪਰਿ ਸਚਿ ਆਚਾਰੁ' ਨੂੰ ਜੀਵਨ ਦਾ ਆਧਾਰ ਬਣਾ ਲਈਏ। ਇਸੇ ਨਾਲ 'ਫੱਕੜ ਜਾਤੀ ਫੱਕੜ ਨਾਓਂ' ਦਾ ਪਾਠ ਪੜ੍ਹਦਿਆਂ 'ਮਿਠੁਤ ਨੀਵੀਂ ਨਾਨਕਾ ਗੁਣਿ ਚੰਗਿਆਈਆ ਤਤੁ' ਦੀ ਧਾਰਨਾ ਨੂੰ ਸਿਰ-ਮੱਥੇ ਕਬੂਲ ਕਰ ਸਕੀਏ। ਪਿਆਰਿਓ ! ਜਿੰਨ੍ਹਾਂ ਦਾ ਰੱਬ ਹੀ 'ਕਰਤਾ ਪੁਰਖ' ਹੋਵੇ ਉਹ ਐਸ਼-ਪ੍ਰਸਤ, ਮਤਲਬੀ, ਚੋਰ-ਉਚੱਕੇ ਅਤੇ ਵਿਹਲੜ ਨਹੀਂ ਹੋ ਸਕਦੇ ਸਗੋਂ ਉਹ ਤਾਂ ਮਿਹਨਤੀ, ਦਿਆਲੂ, ਸੁਲਝੇ ਅਤੇ ਉੱਚੇ-ਸੁੱਚੇ ਕਿਰਦਾਰਾਂ ਵਾਲੇ ਹੀ ਹੋਣੇ ਚਾਹੀਦੇ ਹਨ। ਇਹੀ ਤਾਂ ਪੰਜਾਬੀਅਤ ਦਾ ਦਸਤੂਰ ਹੈ। ਗੁਰੂ ਨਾਨਕ ਜੀ ਸਾਡੇ ਰਾਹ ਦਸੇਰੇ ਹਨ। ਉਨ੍ਹਾਂ ਦੀ ਰਚੀ ਬਾਣੀ, ਸਾਡੇ ਗਿਆਨ ਦੇ ਉਸਾਰ ਦਾ ਮਾਧਿਅਮ ਹੈ। ਗੁਰੂ-ਬਾਬੇ ਨੂੰ ਸੱਚਾ ਪ੍ਰਣਾਮ ਇਹੀ ਹੋਵੇਗਾ ਕਿ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਤੁਰ ਸਕੀਏ । ਆਪੇ ਨੂੰ ਪਹਿਚਾਨਣਦਿਆਂ , ਨੇਕ ਇਨਸਾਨ ਬਣ ਸਕੀਏ।
             ਔਰਤ ਹਰ ਯੁੱਗ ਵਿਚ ਤ੍ਰਾਸਦਿਕ ਪ੍ਰਸਿਥਤੀਆਂ ਵਿਚੋਂ ਗੁਜ਼ਰੀ ਹੈ। ਉਸ ਦੀ 'ਥੀਂਣੀ ਉੱਪਰ' 'ਹੋਣੀਂ ਨਾਲੋਂ' , 'ਕਰਨੀ' ਜ਼ਿਆਦਾ ਸੰਕਟਮਈ ਬਣੀ ਰਹੀ ਹੈ। ਜਿੱਥੇ ਮਰਦ-ਪ੍ਰਧਾਨ ਸਮਾਜ ਔਰਤ ਦਾ ਦੋਖੀ ਬਣਿਆ।ਉੱਥੇ ਔਰਤ ਵੀ ਔਰਤ ਨੂੰ ਨਿੰਦਣ ਤੋਂ ਪਿੱਛੇ ਨਹੀਂ ਰਹੀ। ਬਹੁਤੇ ਸਾਹਿਤਕਾਰ ਵੀ ਆਪਣੀ ਸਿਆਣਪ ਝਾੜ੍ਹਦੇ ਹੋਏ ਬਾਘਨੀ ਜਾਂ ਪੈਰ ਦੀ ਜੁੱਤੀ ਆਦਿਕ ਵਿਸ਼ੇਸ਼ਣ ਔਰਤ ਲਈ ਵਰਤਦੇ ਰਹੇ ਹਨ। ਦੁਨੀਆਂ ਭਰ ਦੇ ਧਾਰਮਕ ਵਿਦਵਾਨਾਂ ਨੇ ਔਰਤ ਨੂੰ ਉਹੀ ਰੁਤਬਾ ਦਿੱਤਾ ਜਿਸ ਨਾਲ ਔਰਤ ਦਾ ਔਰਤ ਹੋਣਾਂ ਪਾਪ ਜਾਪਣ ਲੱਗਾ । ਖ਼ੈਰ ਗੁਰੂ ਨਾਨਕ ਜੀ ਇਕੋ ਇਕ ਅਜਿਹੇ ਕ੍ਰਾਂਤੀਕਾਰੀ ਆਗੂ ਹੋਏ ਜਿੰਨ੍ਹਾਂ ਔਰਤ ਨੂੰ ਸਤਿਕਾਰ ਦੀ ਪਾਤਰ ਬਣਾਇਆ। ਅਜੋਕਾ ਵੇਲਾ ਬੜੀ ਦੁਚਿੱਤੀ ਵਿਚ ਵਿਚਰ ਰਿਹਾ ਹੈ ਜਦੋਂ ਨਾਰੀਵਾਦ ਆਪਣੇ ਹੱਕਾਂ ਪ੍ਰਤੀ ਚੇਤਨ ਹੋਣ ਲਈ ਪੱਬਾਂ ਭਾਰ ਹੋ ਰਿਹਾ ਹੈ। ਇਸ ਵਕਤ ਸਵਾਲ ਇਹ ਖੜ੍ਹਦਾ ਹੈ ਕਿ ਔਰਤ ਅਤੇ ਮਰਦ ਆਹਮੋ-ਸਾਹਮਣੇ ਮੁਕਾਬਲੇ ਵਿਚ ਤਾਂ ਨਹੀਂ ਆ ਰਹੇ ? ਇਸ ਵਿਚ ਕਿਸ ਦੀ ਝੰਡੀ ਤੇ ਕਿਸ ਦੀ ਭੰਡੀ ਹੋਵੇਗੀ ? ਕੀ ਇਹ ਜੀਵਨ ਦਾ ਸਾਰਥਕ ਵਰਤਾਰਾ ਹੋਵੇਗਾ ? ਚਲੋ ਇਹ ਤਾਂ ਸਮਾਂ ਹੀ ਦੱਸੇਗਾ। ਪਰ ਲੋੜ ਹੈ, ਔਰਤ-ਮਰਦ ਦੇ ਆਪਸੀ ਵਿਚਾਰਾਂ ਨੂੰ ਇਕ-ਜੁੱਟ ਕਰਨ ਦੀ, ਸੋਚਾਂ ਵਿਚ ਅਪਣਤ ਅਤੇ ਆਦਰ ਲਿਆਉਣ ਦੀ। ਇਹੀ ਸਾਹਿਤਕ ਸੱਥਾਂ ਵਿਚ ਹੋਣਾ ਸਾਰਥਕ ਮਾਲੂਮ ਹੁੰਦਾ ਹੈ।
             ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇ । ਪੌਣ-ਪਾਣੀ, ਖਾਣ-ਪੀਣ ਅਤੇ ਰਹਿਣ- ਸਹਿਣ ਜ਼ਿੰਦਗੀ ਨੂੰ ਗੰਧਲਾਉਂਦਾ ਨਾ ਹੋਵੇ ਤਾਂ ਕਿੰਨਾਂ ਚੰਗਾ ਹੋਵੇਗਾ। ਵਾਤਾਵਰਨ ਦੀ ਸਾਂਭ-ਸੰਭਾਲ ਬੜੀ ਵੱਡੀ ਚਣੌਤੀ ਹੈ ਕਿਉਂਕਿ ਜਿੱਥੇ ਨਵੇਂ ਵਿਕਾਸ ਮਾਡਲ ਤਿਆਰ ਕਰਨੇ ਹਨ ਉੱਥੇ ਕੁਦਰਤ ਤੋਂ ਬਲਿਹਾਰ ਵੀ ਜਾਣਾਂ ਹੈ। ਜਿੱਥੇ ਮਨੁੱਖੀ ਸਿਰਜਣਾ ਨੂੰ ਸਾਕਾਰ ਕਰਨਾ ਹੈ ਉੱਥੇ 'ਰੱਬੀ' ਰਚਨਾ ਨੂੰ ਵੀ ਸੱਜਦਾ ਕਰਨਾ ਹੈ। ਆਖ਼ਰ ਤਾਂ ਹੀ ਤਾਂ ਕੁਦਰਤ ਅਤੇ ਮਨੁੱਖ ਵਿਚਲੇ ਦਵੰਦ ਦਾ ਕੋਈ ਹੱਲ ਹੋ ਸਕੇਗਾ। ਕੁਦਰਤੀ ਵਰਤਾਰਾ ਮਨੁੱਖੀ ਹੋਂਦ ਉਸਾਰਨ ਪ੍ਰਤੀ ਵਚਨਬੱਧ ਰਿਹਾ ਹੈ। ਇਹ ਮਨੁੱਖੀ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖ ਲਾਈਏ, ਕੀਟਨਾਸ਼ਕ ਦਵਾਈਆਂ ਤੋਂ ਪ੍ਰਹੇਜ਼ ਕਰੀਏ ਅਤੇ ਪਾਣੀਆਂ ਵਿਚ ਜ਼ਹਿਰਾਂ ਨਾ ਮਿਲਾਈਏ। ਮਸਲਨ, ਮਨੁੱਖੀ ਤਬੀਅਤ ਨੂੰ ਕੁਦਰਤੀ ਸੋਮਿਆਂ ਦੀ ਸੁਰੱਖਿਆ ਹਿੱਤ ਸਿਰਜੀਏ। ਫਿਰ ਗੁਰਬਾਣੀ ਅਨੁਸਾਰ  'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਦਾ ਸਾਡੇ ਜੀਵਨ ਨਾਲ ਗੂੜ੍ਹਾ ਸਾਕ ਵੀ ਤਾਂ ਹੈ।
              ਅੱਜ ਮਨੁੱਖ ਤਰੱਕੀ ਪਸੰਦ 'ਖ਼ੁਦੀ' ਦਾ ਮਾਲਕ ਹੈ। ਉਸ ਦੇ ਇਸ਼ਾਰੇ 'ਤੇ ਦੁਨੀਆਂ ਦੇ ਕਾਰ-ਵਿਹਾਰ ਹੋ ਰਹੇ ਹਨ। ਸਮੁੱਚਾ ਬ੍ਰਹਿਮੰਡਕ ਵਰਤਾਰਾ ਸਮਝਣ ਦੀ ਤੜਪ ਅਜੋਕੇ ਖੋਜੀ ਮਨੁੱਖ ਨੂੰ 'ਧਰਤੀ ਹੋਰ ਪਰੇ ਹੋਰ' ਵੱਲ ਤੋਰਦੀ ਨਜ਼ਰੀਂ ਆਉਂਦੀ ਹੈ। ਜਿੱਥੇ ਨਾਨਕ-ਬਾਣੀ ਅਜੋਕੇ ਯੁੱਗ ਵਿਚ ਆਪਣੀ ਸਾਰਥਿਕਤਾ ਰੱਖਦੀ ਹੈ ਉੱਥੇ ਸਮਕਾਲ ਦੇ ਮਨੁੱਖ ਦੀ ਸਮਝ ਤੇ ਸਮਰਪਣ ਵੀ ਆਪਣੀਆਂ ਸੰਭਾਵਨਾਵਾਂ ਦਿਖਾਉਣ ਵੱਲ ਰੁਚਿਤ ਦਿਸਦੇ ਹਨ। ਹਾਲੇ ਮਨੁੱਖੀ ਵਿਕਾਸ ਦੀ ਪੌੜੀ ਚੜ੍ਹਦਿਆਂ ਰੋਟੀ ਦਾ ਮਸਲਾ , ਜਾਤ-ਮਜ਼੍ਹਬ ਦਾ ਮਸਲਾ, ਰੰਗ-ਭੇਦ ਦੀ ਕਰੂਰਤਾ ਅਤੇ ਕੱਟੜ ਰਾਸ਼ਟਰਵਾਦ ਦਾ ਮਸਲਾ ਆਦਿ ਹੋਰ ਅਨੇਕਾਂ ਮਸਲਿਆਂ ਨੂੰ ਸੁਲਝਾਉਣ ਦੀ ਲੋੜ ਜਾਪਦੀ ਹੈ। ਉਂਝ ਤਾਂ ਅਸੀਂ ਸਮਕਾਲ ਦੇ ਸਨਮੁੱਖ ਹੁੰਦਿਆਂ ਮਨੁੱਖੀ ਸ਼ਖ਼ਸੀਅਤਾਂ ਨੂੰ ਨੇਕ ਦਿਲੀ ਨਾਲ ਉਸਾਰੂ ਨਹੀਂ ਬਣਾ ਸਕਾਂਗੇ। 


                       (ਨੋਟ - ਪੰਜਾਬੀ ਰਸਾਲੇ 'ਸ਼ਮ੍ਹਾਦਾਨ' ਦੀ ਸੰਪਾਦਕੀ, ਪੁਸਤਕ ਲੜ੍ਹੀ - 4)

Post a Comment

0 Comments