Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸੱਭਿਆਚਾਰ -ਪਰਿਭਾਸ਼ਾ, ਵਿਉਂਤਪਤੀ ,ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ (ਲੱਛਣ)

          ਸੱਭਿਆਚਾਰ ਸਾਡੇ ਵੱਡੇ ਵਡੇਰਿਆਂ ਅਤੇ ਸਾਡੇ ਦੁਆਰਾ ਸਿਰਜਿਆ ਅਤੇ ਭੋਗਿਆ ਜਾਂਦਾ ਹੈ।  ਨਿਰਸੰਦੇਹ ਹਰ ਵਿਅਕਤੀ ਜਨਮ ਤਾਂ ਮਾਂ ਦੀ ਕੁੱਖੋਂ ਲੈਂਦਾ ਹੈ ਪਰ ਉਸ ਦਾ ਇੱਕ ਸੱਭਿਆਚਾਰਕ ਜਨਮ ਵੀ ਹੁੰਦਾ ਹੈ ।ਮਨੁੱਖ ਦੀ ਸਮਾਜਿਕ ਹੋਂਦ ਕਾਰਨ ਸੱਭਿਆਚਾਰ ਉਸ ਦੀ ਇੱਕ ਵਿਲੱਖਣ ਪ੍ਰਾਪਤੀ ਹੈ ਜਿਹੜੀ ਨਾ ਸਿਰਫ ਪ੍ਰਕਿਰਤੀ ਦੇ ਬਾਕੀ ਜੀਵ ਜੰਤੂਆਂ ਤੋਂ ਅਲੱਗ ਕਰਦੀ ਹੈ ਸਗੋਂ ਵਿਭਿੰਨ ਮਨੁੱਖਾ, ਮਨੁੱਖੀ ਸਮੂਹਾਂ ਅਤੇ ਉੱਪ ਸਮੂਹਾਂ ਵਿਚਕਾਰ ਸਾਂਝਾਂ ਅਤੇ ਵਖਰੇਵੇਂ ਦੇ ਲੱਛਣ ਵੀ ਨਿਰਧਾਰਿਤ ਕਰਦੀ ਹੈ। ਸੱਭਿਆਚਾਰ ਹੀ ਵਿਅਕਤੀ ਲਈ ਵਿਸ਼ਵ ਅਤੇ ਆਲੇ ਦੁਆਲੇ ਦੇ ਅਰਥ ਨਿਰਧਾਰਿਤ ਕਰਦਾ ਹੈ ਤੇ ਉਸ ਲਈ ਅਤੀਤ, ਵਰਤਮਾਨ ਅਤੇ ਭਵਿੱਖ ਦੇ ਸੰਕਲਪ ਉਘਾੜਦਿਆਂ ਵਿਸ਼ਾਲ ਬ੍ਰਹਿਮੰਡ ਵਿੱਚ ਉਸ ਦੀ ਨਿਵੇਕਲੀ ਹੋਂਦ ਸਥਾਪਿਤ ਕਰਦਾ ਹੈ ।ਇੱਕ ਮਨੁੱਖ ਆਪਣੇ ਸੱਭਿਆਚਾਰ ਦੇ ਸੰਦਰਭ ਵਿੱਚ ਹੀ ਸੰਸਾਰ ਨੂੰ ਖੋਜਦਾ ਅਤੇ ਪਰਖਦਾ ਹੈ। ਸੱਭਿਆਚਾਰ ਸਾਡੀ ਚੇਤਨਾ ਅੰਦਰ ਸਾਡੀ ਚੇਤਨਾ ਦੀ ਰੱਖਿਆ ਕਰਨ ਵਾਲੀ ਇੱਕ ਹੋਰ ਚੇਤਨਾ ਹੁੰਦੀ ਹੈ ।ਇਹ ਚੇਤਨਾ ਸਾਨੂੰ ਹਾਰਨ ਦੇ ਬਾਵਜੂਦ ਹਾਰਨ ਨਹੀਂ ਦਿੰਦੀ । ਇਹ ਵਿਸ਼ਵ ਚੇਤਨਾ ਦਾ ਭਾਗ ਹੁੰਦੀ ਹੋਈ ਵੀ ਆਪਣੇ ਆਪ ਵਿੱਚ ਵਿਸ਼ਵ ਚੇਤਨਾ ਦਾ ਦਰਜਾ ਰੱਖਦੀ ਹੈ ।
ਸੱਭਿਆਚਾਰ ਭਾਵੇਂ ਮਨੁੱਖੀ ਚੇਤਨਾ ਦੇ ਪਹਿਲੇ ਪੜਾਅ ਤੋਂ ਹੀ ਹੋਂਦ ਵਿੱਚ ਆ ਗਿਆ ਸੀ ।ਪਰ ਇਸ ਦੇ ਵਿਗਿਆਨਕ ਅਧਿਐਨ ਦਾ ਕਾਰਜ ਆਧੁਨਿਕ ਯੁੱਗ ਵਿੱਚ ਸ਼ੁਰੂ ਹੋਇਆ,1871 ਈਸਵੀ ਵਿੱਚ ਟੇਲਰ ਨੇ ਇਸ ਨੂੰ ਵਿਸ਼ੇ ਵਜੋਂ ਅਧਿਐਨ ਕਰਨ ਦੀ ਪਿਰਤ ਤੋਰੀ ।ਇਸ ਨੂੰ ਸਮਾਜ ਵਿਗਿਆਨ ਵਿੱਚ ਮੁੱਢਲੇ ਸੰਕਲਪ ਵਜੋਂ ਜਦਕਿ ਮਾਨਵ ਵਿਗਿਆਨ ਵਿੱਚ ਬੁਨਿਆਦੀ ਸੰਕਲਪ ਵਜੋਂ ਮਾਨਤਾ ਪ੍ਰਾਪਤ ਹੈ ।
ਮਨੁੱਖੀ ਸਮਾਜ ਵਿੱਚ ਸੱਭਿਆਚਾਰ 'ਸੁਲਝੇ ਵਤੀਰੇ 'ਦੇ ਅਰਥਾਂ ਤੋਂ ਲੈ ਕੇ ਸਮੁੱਚੇ ਵਤੀਰੇ ਦੇ ਅਰਥਾਂ ਤੱਕ ਅਨੇਕਾਂ ਸੰਦਰਭਾਂ ਵਿੱਚ ਪ੍ਰਯੋਗ ਹੁੰਦਾ ਹੈ ।ਮਨੁੱਖ ਦੇ ਕੁਦਰਤੀ ਵਿਅਕਤੀਤਵ ਦਾ ਸਮਾਜੀਕਰਨ ਕਰਨ ਲਈ ਸਮਾਜ ਜੋ ਰਿਸ਼ਤੇ, ਸੰਸਥਾਵਾਂ ,ਕਦਰਾਂ ਤੇ ਰੋਹ ਰੀਤਾਂ ਸਿਰਜਦਾ ਹੈ ਉਹ ਸਭ ਮਨੁੱਖ ਦੇ ਮਾਨਸਿਕ ਉਤਪਾਦਨ ਅੰਤਰਗਤ ਸ਼ਾਮਿਲ ਕੀਤੇ ਜਾਂਦੇ ਹਨ। ਸਮਾਜੀਕਰਨ ਦੀ ਪ੍ਰਕਿਰਿਆ ਦੌਰਾਨ ਹੀ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਜੋ ਰੂਪ ਧਾਰਨ ਕਰਨ ਦੀਆਂ ਹਨ ਉਨ੍ਹਾਂ ਨੂੰ ਸੰਸਕਾਰ ਕਿਹਾ ਜਾਂਦਾ ਹੈ ।ਇਹ ਵੀ ਮਾਨਸਿਕ ਉਤਪਾਦਨ ਦਾ ਅੰਗ ਹਨ । ਨਿਰਬੰਧ ਟੱਬਰਦਾਰੀ (promiscous family ) ਤੇ ਅੰਤਰਰਾਸ਼ਟਰੀ ਰਿਸ਼ਤਿਆਂ ਤੱਕ ਸਭ ਰਿਸ਼ਤੇ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਦੇ ਬਦਲਵੇਂ ਰੂਪਾਂ ਅਥਵਾ ਸੰਸਕਾਰਾਂ ਦੀ ਸਿਰਜਣਾ ਕਰਦੇ ਹਨ ਤੇ ਫਿਰ ਉਨ੍ਹਾਂ ਉਨ੍ਹਾਂ ਸਹਾਰੇ -ਬਣਦੇ ਬਿਨਸਦੇ ਰਹਿੰਦੇ ਹਨ।
ਨਿਹਾਰ ਰੰਜਨ ਰੇਅ ਅਨੁਸਾਰ -
               "ਮਨੁੱਖ ਦੇ ਪਦਾਰਥਕ ਅਤੇ ਮਾਨਸਿਕ ਦੋਹਾਂ ਕਿਸਮਾਂ ਦੇ ਉਤਪਾਦਨ ਲਈ ਅੰਗਰੇਜ਼ੀ ਵਿੱਚ ਸਾਂਝਾ ਸ਼ਬਦ ਕਲਚਰ (culture)ਪ੍ਰਚੱਲਿਤ ਹੈ ਜਿਹੜਾ ਲਾਤੀਨੀ ਜ਼ੁਬਾਨ ਦੇ ਸ਼ਬਦ ਕਲੱਟ ਤੋਂ ਬਣਿਆ ਹੈ ।ਇਸ ਦਾ ਮੂਲ ਅਰਥ ਤਾਂ ਪਦਾਰਥਕ ਉਤਪਾਦਨ ਹੀ ਹੈ ਪਰ ਹੌਲੀ ਹੌਲੀ ਇਹ ਸ਼ਬਦ ਮਨੁੱਖ ਦੇ ਮਾਨਸਿਕ ਮਾਨਸਿਕ ਉਤਪਾਦਨ ਲਈ ਵੀ ਵਰਤਿਆ ਜਾਣ ਲੱਗ ਪਿਆ ।
ਭਾਰਤੀ ਚਿੰਤਕ' ਸੱਭਿਆਚਾਰ' ਸ਼ਬਦ ਨੂੰ ਹਿੰਦੀ ਸ਼ਬਦ ਸੰਸਕ੍ਰਿਤੀ ਦਾ ਮੂਲ ਉਸੇ ਧਾਤੂ ਨਾਲ ਜੋੜਦੇ ਹਨ ਜਿਸ ਤੋਂ ਸੰਸਕ੍ਰਿਤੀ ਅਤੇ ਸੰਸਕਾਰ ਸ਼ਬਦ ਉਪਜੇ ਹਨ, ਇਸ ਸ਼ਬਦ ਨੂੰ ਸਜਾਉਣਾ, ਸੰਵਾਰਨਾ ਪਵਿੱਤਰ ਕਰਨਾ ,ਮੰਤਰਾਂ ਦੁਆਰਾ ਅਭਿਵਿਅਕਤ ਕਰਨ ਵਰਗੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ।
        ਇੰਝ ਮਨੁੱਖ ਦਾ ਹਰੇਕ ਪ੍ਰਕਾਰ ਦਾ ਉਤਪਾਦਨ ਉਸ ਦਾ ਸੱਭਿਆਚਾਰ ਹੈ ।ਮਾਰਕਸੀ ਚਿੰਤਕਾਂ ਲਈ ਪਦਾਰਥਕ ਉਤਪਾਦਨ ਆਧਾਰ ਹੈ ਤੇ ਮਾਨਸਿਕ ਉਤਪਾਦਨ ਉਸਾਰ। ਪ੍ਰਸਿੱਧ ਭਾਰਤੀ ਇਤਿਹਾਸਕਾਰ ਡੀ. ਡੀ ਕੇਸਾਂਬੀ ਨੇ ਪਦਾਰਥਕ ਉਤਪਾਦਨ ਲਈ civilization ਅਤੇ ਮਾਨਸਿਕ ਲਈ culture  ਸ਼ਬਦ ਵਰਤੇ ਹਨ। ਸੋ ਅਸੀਂ ਪਦਾਰਥਕ ਉਤਪਾਦਨ ਲਈ ਸੱਭਿਅਤਾ ਤੇ ਮਾਨਸਿਕ ਲਈ ਸੰਸਕ੍ਰਿਤੀ ਨੂੰ ਪਰਿਭਾਸ਼ਿਕ ਸੰਕੇਤਾਂ ਵਜੋਂ ਅਪਣਾ ਸਕਦੇ ਹਾਂ ।ਸੱਭਿਅਤਾ ਅਤੇ ਸੰਸਕ੍ਰਿਤੀ ਅੰਤਰ ਸਬੰਧਿਤ ਹੋਂਦਾ ਹਨ ਜਿਨ੍ਹਾਂ ਦੀ ਸੰਬੰਧ ਕੜੀ ਸਮਾਜਿਕ ਮਨੁੱਖ ਹੈ ।ਮੈਨਲੋਵਸਕੀ ਅਨੁਸਾਰ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਵਿੱਚ ਲਚਕੀਲਾਪਣ ਹੋਣ ਕਾਰਨ ਢਲ ਜਾਣ ਦੀ ਪ੍ਰਯੋਗਤਾ ਹੁੰਦੀ ਹੈ । ਇਸ ਕਾਰਨ ਉਹ ਸੱਭਿਅਕ ਜੀਵ ਬਣਦਾ ਹੈ ।
(ਸੱਭਿਆ+ਆਚਾਰ ) ਤੋਂ ਬਣੇ ਇਸ ਸ਼ਬਦ 'ਸੱਭਿਆਚਾਰ 'ਦੀ ਵੀ ਪਰਿਭਾਸ਼ਾ ਵਿਭਿੰਨ ਵਿਦਵਾਨਾਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਕੀਤੀ ਹੈ ।
1.ਹਰਸਕੋਵਿਟਸ ਪੁਸਤਕ 'man and his works' ਵਿੱਚ ਲਿਖਦਾ ਹੈ -
"ਸੱਭਿਆਚਾਰ ਵਾਤਾਵਰਨ ਦਾ   ਮਨੁੱਖ ਸਿਰਜਤ ਭਾਗ ਹੈ "
2. ਐਡਵਰਡ ਬੀ. ਟਾਇਲਰ ਦੇ ਅਨੁਸਾਰ ,
       "ਸੱਭਿਆਚਾਰ ਇੱਕ ਅਜਿਹਾ ਸਮੂਹਿਕ ਸੰਗਠਨ ਹੈ ,ਜਿਸ ਵਿੱਚ ਗਿਆਨ ,ਵਿਸ਼ਵਾਸ ,ਕਲਾ ਕੀਮਤ, ਰਸਮ ਰਿਵਾਜ ਤੇ ਮਨੁੱਖ ਦੀਆਂ ਉਹ ਸਾਰੀਆਂ ਯੋਗਤਾਵਾਂ ਸ਼ਾਮਿਲ ਹਨ ਜਿਹੜੀਆਂ ਉਸ ਨੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਧਾਰਨ ਕੀਤੀਆਂ ਹਨ ।"
3.ਕਰੌਬਰ ਅਤੇ ਕਲੱਕ ਹੋਨ ਨੇ 1952'ਚ 160 ਪਰਿਭਾਸ਼ਾਵਾਂ ਦੇ ਅਧਿਅੈਨ ਪਿੱਛੋਂ ਲਿਖਿਆ -
     "ਸੱਭਿਆਚਾਰ ਚਿੰਨਾਂ ਦੁਆਰਾ ਪ੍ਰਾਪਤ ਤੇ ਸੰਚਾਰਿਤ ਵਿਹਾਰ ਦੇ ਵਿਅਕਤ ਅਤੇ ਅਵਿਅਕਤ  ਨਮੂਨਿਆਂ ਤੋਂ ਬਣਦਾ ਹੈ ।ਇਹ ਮਨੁੱਖੀ ਸਮੂਹਾਂ ਗਰੁੱਪਾਂ ਦੀ ਵਿਲੱਖਣ ਪ੍ਰਾਪਤੀ ਹੈ ,ਜੋ ਕਲਾ ਸਮੱਗਰੀ ਰਾਹੀਂ ਵਿਅਕਤ ਹੁੰਦਾ ਹੈ। ਸੱਭਿਆਚਾਰ ਦਾ ਪ੍ਰਮੁੱਖ ਪੱਖ ਪਰੰਪਰਾਗਤ ਵਿਚਾਰਾਂ ਤੇ ਉਨ੍ਹਾਂ ਨਾਲ ਸੰਬੰਧਿਤ ਕੀਮਤਾਂ ਨਾਲ ਹੈ, ਸੱਭਿਆਚਾਰ ਇੱਕ ਹੱਥ ਦੀ ਕਿਰਤ ਹੈ ਅਤੇ ਦੂਜਾ ਹੱਥ ਉਸ ਦੇ ਤੱਤਾਂ ਦਾ ਅਨੁਕੂਲਨ ਕਰਦਾ ਹੈ ।"
4.encyclopaedia americana ਮੁਤਾਬਿਕ -
      "ਸਾਰੇ ਮਾਨਵ ਵਿਗਿਆਨੀ ਮੰਨਦੇ ਹਨ ਕਿ ਸੱਭਿਆਚਾਰ ਵਿਰਸੇ ਤੋਂ ਪ੍ਰਾਪਤ ਸੁਭਾਅ ਦੇ ਸਾਂਝੇ ਅਤੇ ਆਦਿਮ ਪ੍ਰਵਿਰਤੀਆਂ ਤੋਂ ਉਲਟ ਵਤੀਰੇ ਦੇ ਢੰਗ ਨੂੰ ਲਿਖਣ ਤੇ ਗ੍ਰਹਿਣ ਕਰਨ ਨਾਲ ਹੀ ਬਣਦਾ ਹੈ ।"
5. ਡ .ਗੁਰਬਖਸ਼ ਸਿੰਘ ਫ੍ਰੈਂਕ ਅਨੁਸਾਰ -   "ਸੱਭਿਆਚਾਰ ਇਕਜੁੱਟ ਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਤੇ ਉਨ੍ਹਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ ।"
6.ਡਿਕਸ਼ਨਰੀ ਆਫ਼ ਸ਼ੋਸ਼ੋਆਲੋਜੀ ਅਨੁਸਾਰ-
        "ਸੱਭਿਆਚਾਰ ਮਨੁੱਖ ਦਾ ਭਾਵ ਜਗਤ ਹੈ ,ਇਹ ਮਨੁੱਖ ਦੇ ਸਮੁੱਚੇ ਸੁਭਾਅ ਨੂੰ ਪ੍ਰਗਟਾਉਣ ਲਈ ਇੱਕ ਸਾਂਝਾ ਨਾਂ ਹੈ ।ਜਿਸ ਨੂੰ ਸੰਕੇਤਾਂ, ਪ੍ਰਤੀਕਾਂ ਦਾ ਚਿੰਨ੍ਹਾਂ ਰਾਹੀਂ ਸਮਾਜਿਕ ਤੌਰ ਤੇ ਗ੍ਰਹਿਣ ਕੀਤਾ ਜਾਂਦਾ ਹੈ ਅਤੇ ਸਮਾਜਿਕ ਤੌਰ ਤੇ ਹੀ ਅਗਲੀ ਪੀੜ੍ਹੀ ਨੂੰ ਸੌਂਪਿਆ ਜਾਂਦਾ ਹੈ ।"
             ਉਪਰੋਕਤ ਪਰਿਭਾਸ਼ਾਵਾਂ ਦਾ ਸਮੁੱਚਾ ਸਾਰਾਂਸ਼ ਇਹੀ ਬਣਦਾ ਹੈ ਕਿ ਸੱਭਿਆਚਾਰ ਕਿਸੇ ਕੌਮ ਦਾ ਜੀਵਨ ਢੰਗ ਹੁੰਦਾ ਹੈ। ਇਸਦਾ ਵਿਸ਼ਾ ਖੇਤਰ ਬੜਾ ਵਿਸ਼ਾਲ ਹੈ ।ਇਸ ਵਿੱਚ ਸਾਡੀ ਭਾਸ਼ਾ, ਲਿਖਣ ਢੰਗ ,ਖਾਣ -ਪੀਣ ,ਪਹਿਰਾਵਾ 'ਕੰਮ- ਧੰਦੇ ,ਕਲਾ, ਚਿੱਤਰਕਾਰੀ, ਸੰਗੀਤ ਆਦਿ ਆ ਜਾਂਦੇ ਹਨ । ਇਸ ਤੋਂ ਇਲਾਵਾ ਇਸ ਵਿੱਚ ਮਿਥਿਹਾਸ ਆਦਿ ਧਾਰਮਿਕ ਰਵਾਇਤਾਂ, ਪਰਿਵਾਰਕ ਅਤੇ ਸਮਾਜਿਕ ਪ੍ਰਬੰਧ ਵੀ ਸ਼ਾਮਲ ਕੀਤੇ ਜਾ ਸਕਦੇ ਹਨ ।
  1.ਪ੍ਰਤੀਕਾਤਮਕ ਦ੍ਰਿਸ਼ਟੀ :- ਇਹ ਉਪਰੋਕਤ ਪਰਿਭਾਸ਼ਾਵਾਂ ਸੱਭਿਆਚਾਰ ਦੀ ਪ੍ਰਕਿਰਤੀ ਤੇ ਸਰੂਪ ਬਾਰੇ ਕੁਝ ਮਹੱਤਵਪੂਰਨ ਸਿੱਟੇ ਪ੍ਰਸਤੁਤ ਕਰਦੀਆਂ ਹਨ ।ਟਾਇਲਰ ਸੱਭਿਆਚਾਰ ਨੂੰ ਸਮਾਜਿਕ ਵਿਰਸੇ ਦੇ ਰੂਪ ਵਿੱਚ ਪੇਸ਼ ਕਰਦਾ ਹੈ ।ਹਰਸਕੋਵਿਟਸ ਇਸਨੂੰ ਪ੍ਰਕਿਰਤੀ ਅਤੇ ਮਨੁੱਖ ਦੇ ਪਰਸਪਰ ਘੋਲ ਦਾ ਸਿੱਟਾ ਮੰਨਦਾ ਹੈ ।ਕਰੌਬਰ ਅਤੇ ਕਲੱਕਹੌਨ ਦੀ ਪਰਿਭਾਸ਼ਾ ਸੱਭਿਆਚਾਰ ਸਿਸਟਮ ਦੇ ਵਿਭਿੰਨ ਅੰਸ਼ਾਂ ਜਾਂ ਅੰਸ਼ ਸਮੂਹਾਂ ਨੂੰ ਪ੍ਰਤੀਕਾਂ ਰਾਹੀਂ ਗ੍ਰਹਿਣ ਕਰਨ ਦੀ ਗੱਲ ਕੀਤੀ ਗਈ ਹੈ ।ਕਲਾਈਡ ਕੱਲਕ ਹੌਨ ਤੇ ਵਿਲੀਅਮ ਕੈਲੀ ਇਸ ਨੂੰ ਇਤਿਹਾਸਕ ਗਤੀਸ਼ੀਲਤਾ ਦੇ ਪੱਖ ਤੋਂ ਦਰਸਾਉਂਦੇ ਹਨ। 
         ਸੱਭਿਆਚਾਰ ਮਨੁੱਖੀ ਜੀਵਨ ਦੇ ਵਿਕਾਸ ਦੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਵਿਭਿੰਨ ਤੱਤ ਹਰ ਪੀੜ੍ਹੀ ਨੂੰ ਚਿਹਨਾਤਮਕ ਆਦਾਨ ਪ੍ਰਦਾਨ ਰਾਹੀਂ ਪ੍ਰਾਪਤ ਹੁੰਦੇ ਹਨ। ਕਿਉਂਕਿ ਇਹ ਪੀੜ੍ਹੀ ਦਰ ਪੀੜ੍ਹੀ ਬੋਲਾਂ, ਸੰਕੇਤਾਂ ਤੇ ਚਿੰਨ੍ਹਾਂ ਰਾਹੀਂ ਗ੍ਰਹਿਣ ਹੁੰਦਾ ਹੈ ਤੇ ਅੱਗੇ ਤੋਰਿਆ ਜਾਂਦਾ ਹੈ ਇਸ ਲਈ ਇਸ ਨੂੰ ਚਿੰਨ੍ਹਾਂ ਦੇ ਅਜਿਹੇ ਸਿਸਟਮ ਵਜੋਂ ਵੇਖਿਆ ਜਾ ਸਕਦਾ ਹੈ ਜਿਹੜਾ ਕਿਸੇ ਖਾਸ ਭੂਗੋਲਿਕ ਖਿੱਤੇ ਦੇ ਲੋਕਾਂ ਦੀ ਜੀਵਨ ਵਿਧੀ ਦੇ ਰੂਪ ਵਿੱਚ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਕਾਰਜਸ਼ੀਲ ਹੁੰਦਾ ਹੈ ।
         ਸੱਭਿਆਚਾਰ ਦੇ ਅੰਤਰਗਤ ਵਿਚਾਰੇ ਜਾਣ ਵਾਲੇ ਹਰ ਵਸਤੂ, ਵਿਚਾਰ ਦੇ ਵਰਤਾਰੇ ਦਾ ਸੁਭਾਅ ਪ੍ਰਤੀਕਾਤਮਕ ਹੁੰਦਾ ਹੈ ।
ਅਰਨੈਸਟ ਅਨੁਸਾਰ :-
      "ਸੰਕੇਤ ਵਸਤੂਗਤ ਸੰਸਾਰ ਦੀ ਚੀਜ਼ ਹੈ ਅਤੇ ਪ੍ਰਤੀਕ ਮਨੁੱਖ ਦੇ ਵਿਚਾਰਧਾਰਾਤਮਕ ਜਗਤ ਨਾਲ ਸਬੰਧ ਰੱਖਦਾ ਹੈ ।"
ਸੰਕੇਤ ਦੇ ਵਿਪਰੀਤ ਪ੍ਰਤੀਕ ਦੁਆਰਾ ਸੰਚਾਾਰਿਤ ਅਰਥ ਦੀ ਵਿਸ਼ੇਸ਼ਤਾ ਉਸ ਦੀ ਇੱਕਸਾਰਤਾ ਨਹੀਂ ,ਸਗੋਂ ਬਹੁਪੱਖਤਾ ਹੈ ।ਅਰਨੈਸਟ signal ਅਤੇ symbol ਮਨੁੱਖੀ ਆਦਾਨ ਪ੍ਰਦਾਨ ਦੇ ਦੋ ਵਿਭਿੰਨ ਪ੍ਰਪੰਚ ਮੰਨਦ‍ਾ ਹੈ । ਮਾਨਵ ਵਿਗਿਆਨ ਦੇ ਖੇਤਰ ਵਿੱਚ ਪ੍ਰਤੀਕਾਤਮਕਤਾ ਨੂੰ ਸੱਭਿਆਚਾਰ ਦੀ ਬੁਨਿਆਦੀ ਵਿਸ਼ੇਸ਼ਤਾਵਾਂ ਮੰਨਣ ਵਾਲਾ ਪ੍ਰਥਮ ਵਿਗਿਆਨੀ ਲੈਜ਼ਲੀਏਵਾਈਟbf local ਦੋਨਾਂ ਵਿੱਚ ਅੰਤਰ ਨਿਖੇੜ ਕਰਦਿਆਂ ਪ੍ਰਤੀਕ ਨੂੰ ਮਨੁੱਖੀ ਵਤੀਰੇ ਦਾ ਪ੍ਰਗਟਾਅ ਮਾਧਿਅਮ ਮਿਥਦਾ ਹੈ। ਪਸ਼ੂ ਜਗਤ ਵਿਚ ਮੁਢਲੀ ਕਿਸਮ ਦੇ ਨਿਸ਼ਚਤ ਤੇ ਠੋਸ ਸੰਕੇਤ ਤਾਂ ਮਿਲਦੇ ਹਨ ਪ੍ਰੰਤੂ ਪ੍ਰਤੀਕਾਤਮਕ ਵਰਤਾਰੇ ਦਾ ਇਥੇ ਅਭਾਵ ਹੁੰਦਾ ਹੈ। ਮਨੁੱਖ ਪਾਸ ਬੌਧਿਕਤਾ ਦਾ ਵਧਾਅ, ਸਿਮਰਤੀ ਤੇ ਯਾਦ ਵਿੱਚ ਸਾਂਭੇ ਅਨੁਭਵ ਸੋਚ ਸਕਣ ਤੇ ਮਹਿਸੂਸ ਕਰ ਸਕਣ ਦੀ ਸਮਰੱਥਾ ਹੈ। ਸੋਚ ਸ਼ਕਤੀ ਨਾਲ ਹੀ ਅਨੁਭਵ ਨਿਖੇੜਕਰਨਾ , ਕਿਸੇ ਸਥਿਤੀ ਦੇ ਸਮੁੱਚੇ ਤੇ ਅੰਗਾਂ ਵਿਚ ਨਵੀਨ ਸਬੰਧ ਸਥਾਪਿਤ ਕਰਨੇ ਤੇ ਸਮੁੱਚੀ ਪ੍ਰਕਿਰਿਆ ਤੋਂ ਪ੍ਰਾਪਤ ਅਨੁਭਵ ਨੂੰ ਭਾਸ਼ਾ ਰਾਹੀਂ ਪ੍ਰਗਟਾਉਣਾ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਜੋ ਬੋਲ ਮਨੁੱਖ ਉਚਾਰਦਾ ਹੈ ਉਹ ਵਿਭਿੰਨ ਸਬੰਧਾਂ ਵਿੱਚ ਬੱਝੇ ਧੁਨੀ ਪ੍ਬੰਧ ਹੁੰਦੇ ਹਨ।ਬੋਲੀ ਮਨੁੱਖੀ ਸਭਿਆਚਾਰ ਦੀ ਪਹਿਲੀ ਪ੍ਰਤੀਕ ਯੋਜਨਾ ਹੈ ਜੋ ਅਨੁਭਵ ਨੂੰ ਸਥੂਲ ਤੇ ਸਥਾਈ ਰੂਪ ਪ੍ਰਦਾਨ ਕਰਦੀ ਹੈ। ਬੋਲੀ ਰਾਹੀਂ ਪ੍ਰਗਟ ਹੋਇਆ ਅਨੁਭਵ ਵਸਤਾਂ ਜਾਂ ਵਰਤਾਰੇ ਨਹੀਂ ਬਲਕਿ ਇਨ੍ਹਾਂ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੁੰਦਾ ਹੈ,ਜੋ ਮਨੁੱਖ ਨੇ ਦਿਮਾਗ ਨਾਲ ਸਿਰਜਿਆ ਹੈ ਭਾਵੇਂ ਇਸ ਸਿਰਜਣਾ ਦਾ ਆਧਾਰ ਵਾਸਤਵਿਕਤਾ ਦਾ ਮਨੁੱਖੀ ਦਿਮਾਗ ਉੱਤੇ ਪਿਆ ਹੁੰਦਾ ਹੈ। ਅਨੁਭਵ ਦੇ ਅਧਾਰ ਤੇ ਲੋਕ ਨਿੱਤ ਨਵਾਂ ਗਿਆਨ ਸਿਰਜਦਾ ਰਹਿੰਦਾ ਹੈ।ਤੇ ਕੁਝ ਸੱਭਿਆਚਾਰ ਵਿਗਿਆਨੀਆਂ ਮੁਤਾਬਕ ਸਮੁੱਚਾ ਮਨੁੱਖੀ ਸਭਿਆਚਾਰ ਹੀ ਪ੍ਰਤੀਕ ਪਰਬੰਧ ਹੋ ਨਿਬੜਦਾ ਹੈ।ਜਿਵੇਂ ਸੱਭਿਆਚਾਰ ਦਾ ਅਧਿਆਤਮਕ ਪੱਖ ਇੱਕ ਤਰਾਂ ਦਾ ਪ੍ਰਤੀਕਾਤਮਕ ਵਰਤਾਰਾ ਹੈ ਜੋ ਮਨੁੱਖ ਨੇ ਬਾਹਰਮੁਖੀ ਸੰਸਾਰ ਦੇ ਆਪਣੇ ਅਨੁਭਵ ਦੇ ਅਧਾਰ ਤੇ ਆਪਣੇ ਦਿਮਾਗ ਨਾਲ ਸਿਰਜਿਆ ਹੈ ਤੇ ਇਸ ਦੀ ਇਤਿਹਾਸਕ ਹੋਂਦ ਹੈ।ਮਨੁੱਖ ਆਪਣੇ ਆਲੇ-ਦੁਆਲੇ ਦੀਆਂ ਵਸਤਾਂ ਵਰਤਾਰਿਆਂ ਨਾਲ ਗਿਆਨ ਹੀ ਨਹੀਂ ਸਗੋਂ ਭਾਵਨਾਤਮਕ ਸਬੰਧ ਵੀ ਜੋੜਦਾ ਹੈ ਜਿਵੇਂ ਗੰਗਾ ਦਰਿਆ ਨੂੰ ਗੰਗਾ ਮਾਤਾ ਦਾ ਨਾਂ ਦਿੱਤਾ ਗਿਆ ਹੈ। ਸੱਭਿਆਚਾਰਕ ਪ੍ਰਤੀਕਾਂ ਨੂੰ ਹਰੇਕ ਸਮਾਜ ਆਪ ਅਰਥ ਦਿੰਦਾ ਹੈ ਤੇ ਇਹ ਪਰਿਵਰਤਨਸ਼ੀਲ ਵੀ ਹੁੰਦੇ ਹਨ ਚਿੱਟਾ ਬਾਣਾ। ਕਿਸੇ ਸਮਾਜ ਲਈ ਸਾਦਗੀ ਤੇ ਪਵਿੱਤਰਤਾ ਦਾ ਪ੍ਰਤੀਕ ਹੋ ਸਕਦਾ ਹੈ ਤੇ ਕਿਸੇ ਲਈ ਇਸ ਦੇ ਵਿਪਰੀਤ।

2. ਚਿਹਨ ਵਿਗਿਆਨ ਦ੍ਰਿਸ਼ਟੀ:- ਵਾਈਟ  ਨੇ ਪ੍ਰੀਤ ਨੂੰ ਸੋਸਿਊਰ ਦੇ ਚਿਨਾਂ ਵਾਂਗ ਹੀ ਵਿਸ਼ਾਲ ਤੇ ਵਿਆਪਕ ਅਰਥਾਂ ਵਿੱਚ ਵਰਤਿਆ ਹੈ। ਪ੍ਰਸਿੱਧ ਭਾਸ਼ਾ-ਵਿਗਿਆਨੀ ਫਰਦੀਨਾ -ਦ- ਸਸਿਊਰ ਭਾਸ਼ਾ ਨੂੰ ਚਿਨ੍ਹਾਂ ਦਾ ਜਟਿਲ ਪ੍ਰਬੰਧ ਮੰਨਦਾ ਹੈ ਜਿਸ ਦੇ ਸਹਾਰੇ ਮਨੁੱਖ ਵਿਚਾਰ ਪ੍ਰਗਟਾਉਂਦੇ ਹਨ। ਉਸ ਦੇ ਚਿੰਨ੍ਹ ਵਿਗਿਆਨ ਸੰਕਲਪ ਵਿਚ ਚਿਹਨ ਕਿਸੇ ਵਸਤ ਦਾ ਨਾਮ ਮਾਤਰ ਹੀ ਨਹੀਂ ਸਗੋਂ ਅਜਿਹਾ ਜਟਿਲ ਸਮੁੱਚ ਹੈ ਜਿਹੜਾ ਧੁਨੀ ਬਿੰਬ ਨੂੰ ਸੰਕਲਪ ਬਿੰਬ ਨਾਲ ਜੋੜਦਾ ਹੈ। ਜੇ ਵਸਤੂ ਚਿਹਨ ਦੇ ਆਪਹੁਦਰੇ ਸਬੰਧ ਰਾਹੀਂ ਧੁਨੀ ਚਿਹਨਕ ਵਿੱਚ ਰੂਪਾਂਤ੍ਰਿਤ ਹੁੰਦੀ ਹੈ ਤਾਂ ਧੁਨੀ ਚਿਹਨਕ ਤੇ  ਸੰਕਲਪ ਚਿਹਨਕ ਵਿਚਕਾਰ ਸਬੰਧ ਉਸ ਨੂੰ ਕਿਸੇ ਮਨੁੱਖੀ ਸਮਾਜ ਨਾਲ ਜੋੜਦਾ ਹੈ। ਸਭਿਆਚਾਰ ਮਨੁੱਖੀ ਸਿਰਜਣਾਵਾਂ ਦਾ ਜਟਿਲ ਸਮੁੱਚ ਹੈ। ਜਿਸ ਦੇ ਵਿਭਿੰਨ ਅੰਸ਼ ਜੁੱਟਾਂ ਨੂੰ ਚਿਹਨ ਰੂਪ ਵਿਚ ਅਪਣਾਇਆ ਅਤੇ ਅਗਲੀ ਪੀੜ੍ਹੀ ਲਈ ਅੱਗੇ ਪਹੁੰਚਾਇਆ ਜਾਂਦਾ ਹੈ। ਸਸਿਊਰ ਭਾਸ਼ਾ ਨੂੰ ਲੈਂਗ(langue)(ਸਿਸਟਮਿਕ ਰੂਪ) ਤੇ ਪੈਰੋਲ (parole)(ਵਿਅਕਤੀਗਤ ਉਚਾਰ) ਦੋ ਪੱਖਾਂ ਤੋਂ ਵੇਖਦਾ ਹੈ। ਉਪਰੋਕਤ ਮਾਡਲ ਅਨੁਸਾਰ ਵੇਖਿਆ- ਸਮਾਜਿਕ ਭਾਸ਼ਾ ਪ੍ਰਬੰਧ ਹੈ ਤੇ ਵਿਅਕਤੀਆਂ ਦੇ ਆਪਸੀ ਕਾਰ ਵਿਹਾਰ ਉਸ ਭਾਸ਼ਾ ਦੇ ਵੰਨ-ਸੁਵੰਨੇ ਵਿਚਾਰ ਹਨ। ਅਗਰ ਨੋਆਮ- ਚੌਮਸਕੀ ਦੇ 'ਯੋਗਤਾ ਅਤੇ ਨਿਭਾਓ' ਦੇ ਸੰਕਲਪ ਪੱਖੋਂ ਦੇਖੀਏ ਤਾਂ ਯੋਗਤਾ ਸਮਾਜਿਕ ਨਿਯਮਾਂ ਦੀ ਵਿਆਕਰਣ ਹੈ ਅਤੇ ਨਿਭਾਓ ਇਨ੍ਹਾਂ ਨਿਯਮਾਂ ਦਾ ਵਿਵਹਾਰਕ ਜੀਵਨ ਵਿੱਚ ਪ੍ਰਗਟ ਹੋਣਾ ਹੈ। ਹਰ ਇੱਕ ਭਾਸਿਕ ਚਿਹਨ ਕਿਉਂਕਿ ਸਮਾਜਿਕ ਯਥਾਰਥ ਦੀ ਉਪਜ ਹੁੰਦਾ ਹੈ ਇਸ ਲਈ ਭਾਸ਼ਾ ਦਾ ਵਿਸ਼ਲੇਸ਼ਣ ਕਰਨ ਸਮੇਂ ਇਕ ਤਰ੍ਹਾਂ ਨਾਲ ਕਰ ਰਹੇ ਹੁੰਦੇ ਹਾਂ। ਸੋਸਿਉਰ ਭਾਸ਼ਾ ਨੂੰ ਇਕਾਲਕ (ਸਮੁੱਚੇ ਪ੍ਰਬੰਧ ਦੇ ਅੰਗ ਵਜੋਂ) ਅਤੇ ਦੁਕਾਲਕ (ਇਤਿਹਾਸਕ ਗਤੀਸ਼ੀਲਤਾ ਦੇ ਪਰਿਪੇਖ ਵਿੱਚ) ਦ੍ਰਿਸ਼ਟੀ ਤੋਂ ਵੀ ਵਾਚਦਾ ਹੈ। ਉਹ ਭਾਸ਼ਿਕ ਤੱਤ ਵਿਚਾਰਦਿਆਂ ਸਿਨਟੈਗ (ਵਾਕ ਵਿਚ ਵਰਤੇ ਸ਼ਬਦਾਂ ਦਾ ਕਰਮ ਪੇਸ਼ ਕਰਨ ਵਾਲੇ ਸਬੰਧ) ਅਤੇ ਪੈਰਾਡਿਗਮੈਟਿਕ (ਸ਼ਬਦਾਂ ਦਾ ਵੀ ਅਤੇ ਪ੍ਰਣਾਲੀ ਦਾ ਵੀ-ਸਹਿਚਾਰੀਕ)ਦਾ ਸੰਕਲਪ ਵੀ ਵਰਤਦਾ ਹੈ। ਇਸੇ ਸੰਕਲਪ ਨੂੰ ਰੋਮਨ ਜੈਕਬਸਨ' ਮੈਟਾਫਰ' ਅਤੇ 'ਮੈਟਾਨਮੀ' ਦੇ ਸੰਕਲਪ ਰਾਹੀਂ ਵਿਸਥਾਰ ਦਿੰਦਾ ਹੈ। ਜੈਕਬਸਨ ਦੇ ਇਸ ਸਮਾਨ(metaphor) ਮੂਲਕ ਅਲੰਕਾਰ ਤੇ ਸੰਗਲੀ ਮੁਲਕ ਅਲੰਕਾਰ (metonymy)ਦੇ ਸੰਕਲਪ ਨੂੰ ਲੈਵੀਸਤਰਾਸ ਕੁਝ ਆਦਮ ਕਬੀਲਿਆਂ ਦੇ ਸਦਾਚਾਰੀ ਪ੍ਰਬੰਧ ਅੰਦਰਲੇ ਸੰਚਾਰ ਸਿਸਟਮ ਨੂੰ ਸਮਝਣ ਲਈ ਵਰਤਦਾ ਹੈ। ਉਸ ਅਨੁਸਾਰ ਇਨ੍ਹਾਂ ਦੋਨਾਂ ਬਿਨਾ ਸਮਾਜਿਕ ਪਰਿਵਰਤਨ ਅਸੰਭਵ ਹੈ। ਕਿਉਂਕਿ ਜਦੋਂ ਅਸੀਂ ਸਮਾਜਿਕ ਪ੍ਰਬੰਧ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੇਖਦੇ ਹਾਂ ਤਾਂ ਇਸ ਵਿੱਚ ਸਾਰੇ ਰਿਸ਼ਤੇ ਮਾਂ, ਬਾਪ, ਭੈਣ ,ਭਾਈ, ਪੁੱਤਰ ,ਧੀ ਵਿਚਕਾਰ ਸੰਗਲੀ ਮੁਲਕ ਅਲੰਕਾਰ ਦੇ ਨਿਯਮਾਂ ਉਤੇ ਆਧਾਰਿਤ ਸੰਬੰਧ ਹੁੰਦੇ ਹਨ। ਜਿਸ ਵਿੱਚ ਮਿਲਦਿਆਂ ਵਸਤਾਂ ਦਾ ਆਧਾਰ ਸਮਾਨਤਾ ਨਹੀਂ ਸਮੀਪਤਾ ਹੁੰਦਾ ਹੈ। ਜਦ ਕੇ ਕਿਸੇ ਪਰਿਵਾਰ ਦੀ ਧੀ ਦਾ ਦੂਜੇ ਪਰਿਵਾਰ ਵਿੱਚ ਅਪਣਾਏ ਜਾਣਾ ਜਾਂ ਨੂੰਹ ਬਣ ਕੇ ਆਉਣਾ ਸਮਾਨਤਾ ਮੁਲਕ ਅਲੰਕਾਰ ਦੇ ਨਿਯਮ ਤੇ ਆਧਾਰਿਤ ਹੁੰਦਾ ਹੈ। ਜਿਸ ਵਿੱਚ ਇੱਕ ਧਿਰ ,ਦੂਜੀ ਨਾਲ ਸਮਾਨਤਾ ਦੇ ਆਧਾਰ ਤੇ ਜੋੜੀ ਜਾਂਦੀ ਹੈ। ਦਦੇਰੇ ਮਮੇਰੇ ਜਾਂ ਮਤਰੇਏ ਭੈਣ ਭਰਾ ਦੇ ਸਬੰਧ ਦੀ ਉਸਾਰੀ ਵੀ ਸਮਾਨਤਾ ਮੂਲਕ ਅਲੰਕਾਰ ਤੇ ਨਿਰਭਰ ਕਰਦੀ ਹੈ।
         ਚਿਹਨ ਵਿਗਿਆਨੀ ਹਰ ਤਰ੍ਹਾਂ ਦੇ ਸੱਭਿਆਚਾਰਕ ਵਰਤਾਰੇ ਨੂੰ ਚਿਹਨ ਮੰਨ ਕੇ ਮਨੁੱਖੀ ਜਗਤ ਨਾਲ ਸੰਬੰਧਿਤ ਸਮੁੱਚੀਆਂ ਕਿਰਤਾਂ ਨੂੰ ਚਿਹਨ ਸਿਸਟਮ ਬੀ ਵਿਸ਼ਾਲ ਘੇਰੇ ਵਿੱਚ ਲੈ ਆਉਂਦੇ ਹਨ। ਹਰ ਚਿਹਨ ਭੌਤਿਕ ਜਗਤ ਦੇ ਅਨੁਭਵ ਦੀ ਦੇਣ ਹੁੰਦਾ ਹੈ।

3. ਵਿਗਿਆਨਕ ਭੋਤਿਕਵਾਦੀ ਦ੍ਰਿਸ਼ਟੀ:-ਵਿਗਿਆਨਕ ਭੌਤਿਕਵਾਦ ਅਨੁਸਾਰ ਪ੍ਰਕਿਰਤੀ ਦੇ ਨਿਰੰਤਰ ਗਤੀਸ਼ੀਲ ਅਮਲ ਦੌਰਾਨ ਹੀ ਮਨੁੱਖ ਅਤੇ ਉਸ ਦੀਆਂ ਸਰੀਰਕ ਖ਼ਾਸੀਅਤਾਂ ਹੋਂਦ ਵਿੱਚ ਆਈਆਂ ਹਨ। ਰੋਜ਼ਾਨਾ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਨੇਮ ਮਨੁੱਖ ਦੇ ਪ੍ਰਕਿਰਤਕ ਨਿਯਮਾਂ ਦੇ ਅਨੁਕੂਲ ਜਾਂ ਪ੍ਰਤਿਕੂਲ ਹੀ ਸਥਾਪਿਤ ਕੀਤੇ ਹਨ। ਵੱਖ ਵੱਖ ਪ੍ਰਕਿਰਤਕ ਹਾਲਤਾਂ ਅਤੇ ਉਨ੍ਹਾਂ ਨੂੰ ਅਨੁਕੂਲਣ ਸਮੇਂ ਅਪਣਾਏ ਗਏ ਸਾਧਨਾਂ ਦੇ ਵੱਖਰੇਵੇਂ ਕਾਰਣ ਹਰ ਸਮਾਜ ਦਾ ਸੱਭਿਆਚਾਰ ਵੀ ਵੱਖ ਵੱਖ ਹੋ ਗਿਆ ਹੈ।
      ਮੁੱਢਲੇ ਸਮੇਂ ਵਿੱਚ ਪਰਕਿਰਤੀ ਹੀ ਸੱਭਿਆਚਾਰ ਨੂੰ ਨਿਰਧਾਰਿਤ ਕਰਨ ਵਾਲਾ ਇੱਕੋ ਇੱਕ ਮਹੱਤਵਪੂਰਣ ਅੰਸ਼ ਸੀ। ਮਨੁੱਖ ਦੁਆਰਾ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਢਾਲਣ ਜਾਂ ਆਪੇ ਨੂੰ ਪ੍ਰਕਿਰਤੀ ਦੇ ਅਨੁਕੂਲ ਢਾਲਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ।
      ਮਨੁੱਖ ਪ੍ਰਕਿਰਤੀ ਪ੍ਰਤੀ ਹੀ ਨਹੀਂ ,ਸਮਾਜਿਕ ਸਮੂਹ ਪ੍ਰਤੀ ਅਤੇ ਭੌਤਿਕ ਸ਼ਕਤੀਆਂ ਪ੍ਰਤੀ ਵੀ ਦਵੰਦਾਤਮਕ ਵਤੀਰਾ ਰੱਖਦਾ ਹੈ। ਪ੍ਰਕਿਰਤੀ ਦੇ ਮਾਰੂ ਪੱਖ ਨੂੰ ਉਹ ਜਾਦੂ ਟੂਣੇ ਰਾਹੀਂ ਵੱਸ ਵਿੱਚ ਕਰਨ ਦਾ ਯਤਨ ਕਰਦਾ ਰਿਹਾ ਹੈ ਤੇ ਉਸਾਰੂ ਪੱਖ ਨੂੰ ਧਰਮ ਦੇ ਅਨੁਸ਼ਠਾਨਾਂ ਦੇ ਰੂਪ ਵਿਚ ਪ੍ਰਸੰਨ ਯਤਨ ਕਰ ਰਿਹਾ ਹੈ। ਵਿਦਵਾਨਾਂ ਅਨੁਸਾਰ ਮਨੁੱਖ ਤੇ ਪ੍ਰਕਿਰਤੀ ਦੇ ਦਵੰਦਾਤਮਕ ਸੰਬੰਧਾਂ ਵਿੱਚੋ ਪ੍ਰਤੀਮਾਨਕ ਸੱਭਿਆਚਾਰ ਅਤੇ ਪਰਾਭੌਤਿਕ ਸ਼ਕਤੀਆਂ ਅਤੇ ਮਨੁੱਖ ਦੇ ਦਵੰਦਾਤਮਕ ਵਤੀਰੇ ਵਿਚੋਂ ਬੋਧਾਤਮਕ ਸੱਭਿਆਚਾਰਕ ਅੰਸ਼ਾਂ ਦੀ ਉਤਪਤੀ ਹੁੰਦੀ ਰਹੀ ਹੈ।
         ਸਭਿਆਚਾਰ ਦੇ ਪਦਾਰਥਕ ਪੱਖ ਵਿਚ ਉਹ ਸਾਰੀਆਂ ਸਥੂਲ ਵਸਤਾਂ ਤੇ ਉਨ੍ਹਾਂ ਦੇ ਚਿਹਨ ਸ਼ਾਮਿਲ ਹੁੰਦੇ ਹਨ , ਜਿਨ੍ਹਾਂ ਨੂੰ ਮਨੁੱਖੀ ਸਮਾਜ ਨੇ ਅਪਣਾਇਆ ਹੈ। ਪੱਥਰ ਦੇ ਸਧਾਰਨ ਟੁਕੜੇ ਚਿੰਨ ਨਹੀਂ ਕਿਉਂਕਿ ਇਸ ਵਿੱਚ ਚਿਹਨਕ ਤੇ ਚਿਹਨਤ ਦੀ ਸੰਜੁਕਤੀ ਨਹੀਂ ਹੁੰਦੀ । ਪਰ ਇਸ ਨੂੰ ਪੂਜਾ ਸਮੱਗਰੀ ਵੱਜੋਂ ਵਰਤਣ ਤੇ ਇਹ ਚਿੰਨ੍ਹ ਦੇ ਗੁਣ ਗ੍ਰਹਿਣ ਕਰ ਲੈਂਦਾ ਹੈ। ਚਿੰਨ ਵਿਚ ਅਰਥ ਤੇ ਉਸ ਦੇ ਬਾਹਰੀ ਪ੍ਰਗਟਾਅ ਦਾ ਹੋਣਾ ਲਾਜ਼ਮੀ ਹੈ। ਖਾਣ-ਪੀਣ ਦੀ ਸਮੱਗਰੀ ,ਪਹਿਰਾਵਾ ,ਹਾਰ ਸ਼ਿੰਗਾਰ ,ਢੋਆ ਢੁਆਈ ਦੇ ਸਾਧਨ ,ਇਮਾਰਤਾਂ ਸੰਚਾਰ ਸਾਧਨ ਪੂਜਾ ਸਾਮਗਰੀ, ਹਥਿਆਰਾ ਆਦਿ ਮਨੁੱਖ ਸਿਰਜਤ ਪਦਾਰਥਕ ਕਦਰਾਂ ਦੇ ਚਿੰਨ੍ਹ ਹਨ।
         ਪ੍ਰਤੀਮਾਨਕ ਪੱਖ ਵਿੱਚ ਮਨੁੱਖੀ ਵਿਵਹਾਰ ਦੇ ਚਿੰਨ੍ਹ ਸ਼ਾਮਲ ਹੁੰਦੇ ਹਨ। ਇਨ੍ਹਾਂ ਵਿੱਚ ਪਹਿਲੀ ਧੀਰ ਕੁਝ ਕਹਿਣ ਜਾਂ ਕਰਨ ਵਾਲੀ ਅਤੇ ਦੂਜੀ ਹੁੰਗਾਰਾ ਭਰਨ ਵਾਲੀ ਹੁੰਦੀ ਹੈ। ਪਹਿਲੇ ਨਿਯਮ ਪਾਲਣਾ ਕਰਦੀ ਹੈ ਅਤੇ  ਦੂਜਾ ਪੱਖ ਵਿਅਕਤੀ ਦਾ ਸਮਾਜ ਉਸ ਨੂੰ ਪਰਵਾਨ ਜਾਂ ਅਪਰਵਾਨ ਕਰਦਾ ਹੈ। ਇਨ੍ਹਾਂ ਵਿੱਚੋਂ ਕੁਝ ਨਿਯਮ ਪ੍ਰਤੱਖ ਰੂਪ ਵਿੱਚ ਸਿਖਾਏ ਜਾਂਦੇ ਹਨ (ਜਿਵੇਂ ਨਮਸਤੇ ਹੱਥ ਜੋੜ ਕੇ ਕਰਨੀ) ਅਤੇ ਕੁਝ ਵਿਅਕਤੀ ਦਾ ਪ੍ਰਤੱਖ ਰੂਪ ਵਿੱਚ ਆਪ ਗ੍ਰਹਿਣ ਕਰਦਾ ਹੈ।(ਜਿਵੇਂ ਨਫਰਤ ਲਈ ਬੁੱਲ੍ਹ ਟੇਰਨੇ ਜਾਂ ਖ਼ੁਸ਼ੀ ਸਮੇਂ ਮੁਸਕੁਰਾਉਣਾ,) ਪ੍ਰਤੀਮਾਨ ਨੂੰ ਚਾਰ ਪੱਧਰਾਂ ਤੇ ਵੇਖਿਆ ਜਾਂਦਾ ਹੈ-
1. ਲੋਕਾਚਾਰ ਪੂਰਾ ਕਰਨ ਲਈ ਕੀਤੇ ਜਾਣ ਵਾਲੇ ਨਿਯਮ
2. ਸਦਾਚਾਰਕ ਨਿਯਮ
3. ਨਾ ਉਲਘਣਯੋਗ ਨਿਯਮ (ਤਾਬੂ ਆਦਿ)।
4. ਇਨ੍ਹਾਂ ਨਿਯਮਾਂ ਦੀ ਅੰਤਿਮ ਕੜੀ ਕਾਨੂੰਨ ਹੁੰਦਾ ਹੈ ਜੋ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ । ਸਭਿਆਚਾਰ ਦੇ ਬੋਧਾਤਮਕ ਪੱਖ ਵਿੱਚ ਗਿਆਨ ,ਵਿਚਾਰ , ਰੁਚੀਆਂ, ਕਦਰਾ ਤੇ ਵਿਸ਼ਵਾਸ ਦੇ ਅੰਸ਼ ਪਾਏ ਜਾਂਦੇ ਹਨ।
      ਸਭਿਆਚਾਰ ਦੇ ਵਿਭਿੰਨ ਪੱਖ (ਪਦਾਰਥਕ ਪ੍ਰਤੀਮਾਨਕ ਅਤੇ ਬੌਧਾਤਮਕ) ਅਸਲ ਵਿੱਚ ਸਬੰਧਤ ਕਦਰਾਂ ਨੂੰ ਹੀ ਚਿਹਨਿਤ ਕਰਦੇ ਹਨ।
4. ਸੱਭਿਆਚਾਰਕ ਪੈਟਰਨ ਸਿਧਾਂਤ:-ਸਧਾਰਨ ਅਰਥਾਂ ਵਿੱਚ ਪੈਟਰਨ ਸ਼ਬਦ ਜੁਗਤੀ, ਵਿਧੀ , ਢੰਗ , ਪ੍ਰਤੀਮਾਨ ਜਾਂ ਨਮੂਨੇ ਦਾ ਭਾਵ ਪ੍ਰਗਟਾਉਂਦਾ ਹੈ । ਪਰ ਸਭਿਆਚਾਰ ਦੇ ਖੇਤਰ ਵਿੱਚ ਇਸਦਾ ਪ੍ਰਯੋਗ ਸੱਭਿਆਚਾਰਕ ਵਰਤਾਰਿਆਂ  ਵੱਲ ਸੰਕੇਤ ਕਰਦਾ ਹੈ। ਸਭਿਆਚਾਰਕ ਪੈਟਰਨ ਆਪੇ ਵਿੱਚ ਇੱਕ ਜੁੱਟ ਇਕਾਈ ਹੁੰਦਾ ਹੈ,ਪਰ ਇਸ ਵਿਚ ਅਨੇਕਾਂ ਉਪ ਇਕਾਈਆਂ ਵੀ ਸ਼ਾਮਲ ਹੋ ਸਕਦੀਆਂ ਹਨ। ਰੋਜ਼ਾਨਾ ਜੀਵਨ ਵਿਚ ਪ੍ਰਗਟ ਹੋਣ ਵਾਲੇ ਇਹ ਪੈਟਰਨ ਵਾਰ ਵਾਰ ਦੁਹਰਾਏ ਜਾਣ ਕਾਰਨ ਮਨੁੱਖੀ ਮਾਨਸਿਕਤਾ ਦਾ ਅੰਗ ਬਣ ਜਾਂਦੇ ਹਨ। ਜਿਵੇਂ ਅਨਪੜ੍ਹ ਵੀ ਆਪਣੀ ਭਾਸ਼ਾ ਵਿਚ ਵਿਆਕਰਣਕ ਸ਼ੁਧਤਾ ਰੱਖਦਾ ਹੈ। ਇਸੇ ਪ੍ਰਕਾਰ ਹੀ ਵਿਭਿੰਨ ਸਮਾਜਿਕ ਵਰਤਾਰਿਆਂ ਵਿਚ ਵੀ ਮਨੁੱਖ ਆਪਣੇ ਸਮਾਜਿਕ ਸਮੂਹ ਤੇ ਪੈਟਰਨ ਅਪਣਾਉਂਦਾ ਤੇ ਨਿਭਾਉਂਦਾ ਰਹਿੰਦਾ  ਹੈ।
            ਭਾਸ਼ਾ, ਸਾਹਿਤ,ਕਲਾ, ਧਰਮ , ਦਰਸ਼ਨ, ਰਾਜਨੀਤੀ ਤੇ ਵਿਗਿਆਨ ਆਦਿ ਅਸਲ ਵਿਚ ਮਨੁੱਖ ਦੇ ਸੱਭਿਆਚਾਰਕ ਪ੍ਰਗਟਾਅ ਦੇ ਹੀ ਪੱਖ ਹਨ। ਇਕ ਖੇਤਰ ਨਾਲ ਸਬੰਧਿਤ ਮਨੁੱਖਾਂ, ਕਾਰਜਾਂ ਤੇ ਪ੍ਰਾਪਤ ਸਿੱਟਿਆਂ ਵਿਚ ਪਰਸਪਰ ਵਖਰੇਵਾਂ ਹੁੰਦਾ ਹੈ, ਪਰ ਮਧੂ ਮੱਖੀਆਂ ਦੇ ਛੱਤੇ, ਬਿਜੜੇ ਦੇ ਆਲ੍ਹਣੇ ਭਾਵੇਂ ਪ੍ਰਬੀਨ ਕਾਰੀਗਰੀ ਦੀ ਮਿਸਾਲ ਹਨ ਪਰ ਇਹ ਕਲਾ ਕ੍ਰਿਤਾਂ ਨਹੀਂ ਕਿਉਂਕਿ ਇਨ੍ਹਾਂ ਵਿਚੌ ਵਿਲੱਖਣਤਾ ਅਤੇ ਨਵੀਨਤਾ ਦਾ ਅਭਾਵ ਹੈ। ਮਨੁੱਖ ਦਾ ਵਿਅਕਤਿਤਵ ਅਹਿਮ ਭੂਮਿਕਾ ਨਿਭਾਉਂਦਾ ਹੈ। ਜਾਨਵਰਾਂ ਦੀ ਯੋਗਤਾ ਜਮਾਂਦਰੂ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੈ ਪਰ ਮਨੁੱਖ ਦੀ ਯੋਗਤਾ ਉਸਦੇ ਸਮਾਜਿਕ ਵਿਰਸੇ ਤੇ ਨਿਰਭਰ ਕਰਦੀ ਹੈ।
     ਸੱਭਿਆਚਾਰਕ ਵਰਤਾਰਿਆਂ ਦੇ ਪ੍ਰਗਟਾਅ ਵਜੋਂ ਸੱਭਿਆਚਾਰਕ ਪੈਟਰਨ ਸਮਾਜਿਕ ਪ੍ਰਤਿਮਾਨਾਂ ਦਾ ਰੂਪ ਧਾਰਨ ਕਰ ਕੇ ਪ੍ਰਗਟ ਹੁੰਦੇ ਹਨ ਜਿਵੇਂ ਲੋਕਾਚਾਰ, ਸਦਾਚਾਰ, ਟਾਪੂ ਤੇ ਕਾਨੂੰਨ 
ਆਦਿ । ਸਮਾਜਿਕ ਬਣਤਰ ਦੇ ਪੱਖ ਤੋਂ ਸਭਿਆਚਾਰਕ ਪੈਟਰਨ ਵਿਭਿੰਨ ਜਾਤਾਂ, ਜਮਾਤਾਂ , ਵਰਗਾਂ ਕਬੀਲਿਆਂ ਅਤੇ ਰਿਸ਼ਤਾ ਪ੍ਰਣਾਲੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ।ਇਸ ਤਰ੍ਹਾਂ ਸਭਿਆਚਾਰਕ ਪੈਟਰਨ ਇਕੋ ਸਮੇਂ ਸਮਾਜਿਕ ਸਰੰਚਨਾ ਦੇ ਆਂਤਰਿਕ ਪੱਖਾਂ ਨੂੰ ਵੀ ਉਜਾਗਰ ਕਰਦੇ ਹਨ ਅਤੇ ਉਸ ਦੇ ਬਾਹਰੀ ਪ੍ਰਗਟਾਵਾ ਨੂੰ ਵੀ।
     ਅਰੰਭਕ ਅਤੇ ਬਾਹਰੀ ਪੱਖਾਂ ਵਾਂਗ ਹੀ ਸਭਿਆਚਾਰਕ ਪੈਟਰਨ ਇਕੋ ਸਮੇਂ ਸਮੁੱਚੇ ਸਮਾਜਕ ਪ੍ਰਬੰਧ ਨਾਲ ਵੀ ਜੁੜੇ ਹੁੰਦੇ ਹਨ ਅਤੇ ਆਪਣੇ ਜਿਹੇ ਹੋਰ ਵਿਭਿੰਨ ਪੈਟਰਨਾਂ ਨਾਲ ਵੀ। ਭਾਰਤੀ ਸੱਭਿਆਚਾਰ ਵਿੱਚ ਪਸ਼ੂ ਪਾਲਣ ਜਾਂ ਚਰਵਾਹਾ ਜੀਵਨ ਜਿਉਣ ਦਾ ਇਕ ਵਿਸ਼ਾਲ ਅਤੇ ਵਿਲੱਖਣ ਪੈਟਰਨ ਮਿਲਦਾ ਹੈ। ਪਰ ਇਸ ਵਿਆਪਕ ਪੈਟਰਨ ਦੇ ਅੰਤਰਗਤ ਕੁਝ ਹੋਰ ਸਹਾਇਕ ਪੈਟਰਨ- ਪਸੂ ਚੁਰਾਉਣਾ ,ਦੁੱਧ ਚੋਣਾ , ਗਰਮ ਕਰਨਾ, ਰਿੜਕਣਾ , ਪਨੀਰ ਬਣਾਉਣਾ ਆਦਿ। ਇਹ ਸਾਰੇ ਪੈਟਰਨ ਅੱਗੋਂ ਸਮਾਜ ਦੀ ਅਰਥ ਵਿਵਸਥਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇੱਥੋਂ ਤੱਕ ਕੇ ਸਬੰਧਿਤ ਸਮਾਜ ਦੀ ਲੋਕਧਾਰਾ ਵੀ ਇਨ੍ਹਾਂ ਵਿਭਿੰਨ ਪੈਟਰਨਾਂ ਨਾਲ ਜੁੜੀ ਹੁੰਦੀ ਹੈ।
      ਇਸ ਸਿਧਾਂਤ ਦੀ ਪ੍ਰਵਕਤਾ ਅਮਰੀਕੀ ਮਾਨਵ-ਵਿਗਿਆਨੀ ਕਾਰੋਬਾਰ ਅਤੇ ਕਲੈਕਹੋਨ ਸਨ। ਇਹਨਾਂ 1952 ਈ: ਵਿੱਚ ਇਹ ਸਿਧਾਂਤ ਦਿੱਤਾ। ਇਨ੍ਹਾਂ ਮੁਤਾਬਕ ਪੈਟਰਨ ਤੋਂ ਭਾਵ ਕਿਸੇ ਪ੍ਰਬੰਧ ਜਾਂ ਸਿਸਟਮ ਦੇ ਉਨ੍ਹਾਂ ਅੰਦਰੂਨੀ ਸਬੰਧਾਂ ਤੋਂ ਹੈ ਜਿਹੜੇ ਸਭਿਆਚਾਰ ਨੂੰ ਵਿਧੀ ਮੂਲਕ ਸੰਗਠਨ ਦੇ ਰੂਪ ਵਿੱਚ ਪੇਸ਼ ਕਰਦੇ ਹਨ ਅਤੇ ਨਿਕਸੁਕ ਤੋਂ ਬਣੇ ਕਿਸੇ ਅਟਕਲ ਪੱਚੂ ਢਾਂਚੇ ਤੋਂ ਉਸ ਨੂੰ ਨਿਖੇੜਦੇ ਹਨ। ਸਭਿਆਚਾਰ ਦੇ ਵਿਭਿੰਨ ਪ੍ਰਤੱਖ ਤੋਂ ਅਪ੍ਰਤੱਖ ਪੈਟਰਨ ਪ੍ਰਤੀਕਾਂ ਦੇ ਰੂਪ ਵਿੱਚ ਗ੍ਰਹਿਣ ਕੀਤੇ ਜਾਂਦੇ ਹਨ।
       ਕਾਰੋਬਾਰ ਮੁਤਾਬਕ ਵੱਖ ਵੱਖ ਮਨੁੱਖੀ ਸਮਾਜ ਆਪਣੀ ਸੱਭਿਆਚਾਰਕ ਸਰੰਚਨਾ ਵਿੱਚ ਦੋ ਪਰਕਾਰ ਦੇ ਹਠ ਨਾਂ ਦਾ ਪ੍ਰਗਟਾਵਾ ਕਰਦੇ ਹਨ-
 ਸਰਬ-ਵਿਆਪਕ ਪੈਟਰਨ (ਖਾਣਾ , ਕੰਮ ਧੰਦਾ , ਅਪਣਾਉਣਾ, ਸੰਤਾਨ ਉਤਪਤੀ ਆਦਿ) ਅਤੇ ਦੂਸਰਾ ਸਿਸਟੇਮੈਟਿਕ ਪੈਟਰਨ। ਸਰਬ-ਵਿਆਪਕ ਪੈਟਰਨ ਜਦੋਂ ਪਰਕਾਰਜੀ ਅਮਲ ਦੌਰਾਨ ਵਿਸ਼ੇਸ਼ ਕਿਸਮ ਦੀ ਪ੍ਰਣਾਲੀ ਦਾ ਅੰਗ ਬਣਦੇ ਹਨ ਤਾਂ ਉਨ੍ਹਾਂ ਵਿਚ ਵਿਲੱਖਣਤਾ ਨਾ ਜਾਂਦੀ ਹੈ। ਜਿਵੇਂ ਭੋਜਨ ਕਦੋ , ਕਿਹੜਾ;  ਰਿਸ਼ਤਾ ਪ੍ਰਣਾਲੀ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਹੈ ਆਦਿ।
            ਸੱਭਿਆਚਾਰ ਅਤੇ ਉੱਪ ਸੱਭਿਆਚਾਰ ਵਿੱਚਲਾ ਵਖਰੇਵਾਂ ਵੀ ਸਭਿਆਚਾਰਕ ਵਰਤਾਰਿਆਂ ਨੂੰ ਪ੍ਰਗਟ ਕਰਦੇ ਪੈਟਰਨਾਂ ਉਤੇ ਨਿਰਭਰ ਕਰਦਾ ਹੈ।ਜਿਹੜੇ ਪੈਟਰਨ ਸਮਾਜਿਕ ਪ੍ਰਬੰਧ ਦੇ ਸਮੁੱਚੇ ਰੂਪ ਦੇ ਮੁਕਾਬਲੇ ਇਸ ਦੇ ਕਿਸੇ ਵੀ ਉਪ-ਅੰਗ ਨੂੰ ਪ੍ਰਗਟ ਕਰਦੇ ਹਨ ਉਪ ਸਭਿਆਚਾਰ ਨਾਲ ਸੰਬੰਧਿਤ ਹੁੰਦੇ ਹਨ। ਮੂਲ ਸਭਿਆਚਾਰ ਦੀ ਬਣਤਰ ਵਿੱਚ ਉਪ ਸਭਿਆਚਾਰ ਦੇ ਤੱਤ ਪ੍ਰਧਾਨ ਮਾਤਰਾ ਵਿੱਚ ਹੁੰਦੇ ਹਨ, ਅਜਿਹਾ ਨਾ ਹੋਵੇ ਤਾਂ ਕੋਈ ਵੀ ਉਪਸਭਿਆਚਾਰ ਆਪਣੀ ਸੁਤੰਤਰ ਹੋਂਦ ਜਤਾਉਣ ਲੱਗ ਜਾਂਦਾ ਹੈ।
    ਸਮਾਜਿਕ ਜੀਵਨ ਵਿੱਚ ਮਨੁੱਖ ਦੇ ਹਰ ਤਰ੍ਹਾਂ ਦੇ ਵਰਤਾਰੇ ਅਤੇ ਸਿਰਜਨਾ ਪਿੱਛੇ ਕੋਈ ਨਾ ਕੋਈ ਪੈਟਰਨ ਕਾਰਜਸ਼ੀਲ ਹੁੰਦਾ ਹੈ, ਸਮਾਜਿਕ ਆਦਾਨ-ਪ੍ਰਦਾਨ ਨੂੰ ਪ੍ਰਗਟ ਕਰਦੇ ਪੈਟਰਨ ਵਿੱਚ ਲਾਜ਼ਮੀ ਤੌਰ ਤੇ ਸੰਚਾਰ ਦੇ ਲੱਛਣ ਪਾਏ ਜਾਂਦੇ ਹਨ। ਰੂੜ੍ ਪੈਟਰਨ ਹੀ ਕਿਸੇ ਸਮਾਜ ਸਭਿਆਚਾਰ ਦੀ ਕੰਗਰੋੜ ਬਣਦੇ ਹਨ।
         ਸਮਾਜਿਕ ਬਣਤਰ ਦੇ ਵਿਭਿੰਨ ਪਹਿਲੂਆਂ ਨੂੰ ਪ੍ਰਗਟ ਕਰਦੇ ਪੈਟਰਨ ਹੂ-ਬ-ਹੂ ਕਿਸੇ ਵੀ ਦੂਸਰੇ ਸਮਾਜ ਉਤੇ ਲਾਗੂ ਨਹੀਂ ਹੋ ਸਕਦੇ।ਜਿਵੇਂ ਪੰਜਾਬੀ ਸਭਿਆਚਾਰ ਦੀ ਰਿਸ਼ਤਾ ਪ੍ਰਣਾਲੀ ਵਿਚ ਮਾਂ ਵੰਸ਼ੀ ਤੇ ਪਿਓ ਵੰਸ਼ੀ ਪੱਖ ਤੋਂ ਮਾਮਾ ,ਮਾਸੜ ,ਫੁੱਫੜ ,ਚਾਚਾ-ਤਾਇਆ ਵੱਖ-ਵੱਖ ਤੇ ਵਿਲੱਖਣ ਭਾਵ ਰਖਦੇ ਹਨ, ਜਦ ਕਿ ਅੰਗਰੇਜ਼ੀ ਸਮਾਜ ਵਿੱਚ ਇੱਕ uncle ਹੀ ਹੁੰਦਾ ਹੈ।ਸ਼ਬਦਾਂ ਦਾ ਅਨੁਵਾਦ ਤਾਂ ਕੀਤਾ ਜਾ ਸਕਦਾ ਹੈ ਪਰ ਉਸ ਨਾਲ ਜੁੜੀ ਕਦਰ ਤਾਂ ਹੀ ਸਪਸ਼ਟ ਹੋ ਸਕੇਗੀ ਜੇ ਉਸੇ ਪੈਟਰਨ ਨੂੰ ਵਿਚਾਰਿਆ ਜਾਵੇ ਜਿਸ ਵਿਚ ਕੋਈ ਸਭਿਆਚਾਰਕ ਅੰਸ਼ ਉਤਪਨ ਹੋਇਆ ਹੋਵੇ।
     ਸੋ ਸੱਭਿਆਚਾਰਿਕ ਜਟਿਲ ਸਮੁੱਚ ਹੈ ਜੋ ਮਨੁੱਖ ਦੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦਾ ਸਿੱਟਾ ਹੈ,ਜਿਹੜੀਆਂ ਮਨੁੱਖ ਨੂੰ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਹੁੰਦੀਆਂ ਹਨ।ਸਭਿਆਚਾਰ ਦੇ ਵਿਭਿੰਨ ਅੰਸ਼ ਚਿੰਨ੍ਹਾਂ, ਪ੍ਰਤੀਕਾਂ ਰਾਹੀਂ ਗ੍ਰਹਿਣ ਕੀਤੇ ਅਤੇ ਅੱਗੇ ਪਹੁੰਚਾਏ ਜਾਂਦੇ ਹਨ।ਸਭਿਆਚਾਰ ਦੀਆਂ ਪ੍ਰਮੁੱਖ ਇਕਾਈਆਂ ਪਦਾਰਥਕ ਪ੍ਰਤਿਮਾਨਿਕ ਅਤੇ ਬੋਧਾਤਮਿਕ ਨਾ ਕੇਵਲ ਅੰਤਰ-ਸਬੰਧਤ ਹਨ ਸਗੋਂ ਅੰਤਰ ਨਿਰਧਾਰਨੀ ਮਹੱਤਤਾ ਵੀ ਰੱਖਦੀਆਂ ਹਨ, ਜਿਸ ਕਾਰਨ ਸੱਭਿਆਚਾਰ ਨੂੰ ਇੱਕ ਸਿਸਟਮ ਵਜੋਂ ਵੇਖਿਆ ਜਾ ਸਕਦਾ ਹੈ।ਸੱਭਿਆਚਾਰ ਦੇ ਅਰਥ ਖੇਤਰ ਵਿੱਚ ਸ਼ਾਮਲ ਹਰ ਪ੍ਰਕਾਰ ਦੇ ਵਿਚਾਰ ਤੇ ਵਸਤਾਂ ਨੂੰ ਚਿੰਨ੍ਹਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਇਹ ਚਿੰਨ੍ਹ ਮਨੁੱਖ ਦੀ ਸਮਾਜਿਕ ਜੀਵਨ ਦੀ ਪੈਦਾਵਾਰ ਹੁੰਦੇ ਹਨਤੇ ਇਨ੍ਹਾਂ ਦਾ ਅਧਿਐਨ ਇਕ ਸਮਾਜਿਕ ਸੰਦਰਭ ਵਿੱਚ ਵੀ ਕੀਤਾ ਜਾ ਸਕਦਾ ਹੈ। ਸਭਿਆਚਾਰਕ ਚਿੰਨ੍ਹ ਕਿਉਂਕਿ ਮਨੁੱਖ ਦੇ ਪ੍ਰਕਿਰਤੀ ਸਮੂਹ ਅਤੇ ਪਰਾਭੌਤਿਕ ਸ਼ਕਤੀਆਂ ਨਾਲ ਦਵੰਦਾਤਮਕ ਸਬੰਧਾਂ ਵਿੱਚ ਪੈਦਾ ਹੋਏ ਹਨ, ਇਸ ਲਈ ਇਨ੍ਹਾਂ ਦਾ ਅਧਿਐਨ ਕਰਨ ਲਈ ਸਸਿਊਰ ਦੀ ਚਿਹਨ ਵਿਗਿਆਨਕ ਪਹੁੰਚ ਵਿਧੀ ਦਾ ਗਿਆਨ ਹੀ ਕਾਫੀ ਨਹੀਂ ਸਗੋਂ ਵਿਰੋਧ ਵਿਕਾਸੀ ਅੰਤਰਦ੍ਰਿਸ਼ਟੀ ਦੀ ਜਾਣਕਾਰੀ ਵੀ ਲਾਜ਼ਮੀ ਹੈ। ਇਹਨਾ ਅੰਤਰ ਦ੍ਰਿਸ਼ਟੀਆਂ ਤੋਂ ਪ੍ਰਾਪਤ ਹੋਇਆ ਬੌਧਿਕ ਸੰਤੁਲਨ ਹੀ ਕਿਸੇ ਪਾਰ ਦੀ ਸਾਰਥਿਕਤਾ ਨੂੰ ਪਛਾਣ ਸਕਦਾ ਹੈ। ਸੱਭਿਆਚਾਰਕ ਅਧਿਐਨ ਸਮੇਂ ਉਹਨਾਂ ਪੈਟਰਨਾਂ ਦਾ ਅਧਿਐਨ ਵੀ ਅਤਿ ਆਵਸ਼ਕ ਹੈ, ਜਿਨ੍ਹਾਂ ਰਾਹੀਂ ਕਿਸੇ ਸਮਾਜ ਦੇ ਵਿਭਿੰਨ ਸੱਭਿਆਚਾਰਕ ਅੰਸ਼ ਪ੍ਰਗਟ ਹੁੰਦੇ ਹਨ। ਇਹਨਾਂ ਦੀ ਪਛਾਣ ਕਰਨ ਤੇ ਹੀ ਕਿਸੇ ਸਮਾਜ ਦੀ ਜੀਵਨ-ਵਿਧੀ ਪਛਾਣੀ ਜਾ ਸਕਦੀ ਹੈ।ਵਿਸ਼ੇਸ਼ ਜੀਵਨ-ਵਿਧੀ ਵਜੋਂ ਪ੍ਰਗਟ ਹੋਣ ਵਾਲੇ ਸਭਿਆਚਾਰਕ ਪੈਟਰਨ ਉਸ ਸਮਾਜ ਦੀ ਸਰੰਚਨਾਤਮਕ ਵਿਸ਼ੇਸ਼ਤਾ ਬਣਦੇ ਹਨ।ਸੋ ਸਭਿਆਚਾਰਕ ਪੈਟਰਨਾਂ ਦੇ ਅਧਿਐਨ ਬਿਨਾਂ ਕਿਸੇ ਸਮਾਜ ਦਾ ਸੱਭਿਆਚਾਰਕ ਅਧਿਐਨ ਸਾਰਥਿਕਤਾ ਗ੍ਰਹਿਣ ਨਹੀਂ ਕਰ ਸਕਦਾ।

                         ਸੱਭਿਆਚਾਰ ਦੀਆ ਵਿਸ਼ੇਸ਼ਤਾਵਾਂ:-

                                     ਇਨ੍ਹਾਂ ਨੂੰ ਨਿਮਨਲਿਖਤ ਅਨੁਸਾਰ ਵਾਚ ਸਕਦੇ ਹਾਂ:-

1. ਸੱਭਿਆਚਾਰਿਕ ਇੱਕ ਜਟਿਲ ਅਤੇ ਜੁੱਟ -ਪ੍ਰੰਬਧ ( ਜਾਂ ਵਰਤਾਰਾ)ਹੈ -      ਵਿਲੀਅਮ ਐਫ਼ ਆਗ ਬਰਨ ਅਨੁਸਾਰ ਸੱਭਿਆਚਾਰ ਦੇ ਸਾਰੇ ਅੰਗ ਇੱਕ ਜ਼ੰਜੀਰ ਦੀਆਂ ਕੜੀਆਂ ਵਾਂਗ ਸਾਦਾ ਢੰਗ ਨਾਲ ਆਪਸ ਵਿੱਚ ਸਬੰਧਿਤ ਹੀ ਨਹੀਂ ਹੁੰਦੇ ਸਗੋਂ ਮਸ਼ੀਨ ਦੇ ਪੁਰਜ਼ਿਆਂ ਵਾਂਗ ਸਾਦਾ ਢੰਗ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ ।ਪ੍ਰਬੰਧ ਤੋਂ ਭਾਵ ਸੱਭਿਆਚਾਰਕ ਐਸੀ ਸੰਰਚਨਾ ਹੈ ਜੋ ਅਨੇਕਾਂ ਪਦਾਰਥਕ ਸੰਸਥਾਵਾਂ ਤੇ ਮਾਨਸਿਕ ਅੰਸ਼ਾਂ ਦੀ ਬਣੀ ਹੋਈ ਹੁੰਦੀ ਹੈ ।ਇਹ ਪਰਸਪਰ ਸਬੰਧਾਂ ਵਿੱਚ ਬੱਝੇ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਨੇਮ ਹੁੰਦੇ ਹਨ ,ਇਨ੍ਹਾਂ ਰਾਹੀਂ ਹੋਂਦ ਵਿੱਚ ਆਉਣ ਵਾਲਾ ਪ੍ਰਬੰਧ ਸਾਰੇ ਅੰਸ਼ਾਂ ਦੀਆਂ ਖਾਸੀਅਤ ਦਾ ਮੇਲ ਜੋਲ ਨਹੀਂ ਹੁੰਦਾ ,ਨਵੀਆਂ ਖਾਸੀਅਤਾਂ ਵਾਲੀ ਹੋਂਦ ਹੁੰਦਾ ਹੈ। ਸੱਭਿਆਚਾਰਕ ਪ੍ਰਬੰਧ ਦੀ ਹੋਂਦ ਇਨ੍ਹਾਂ ਅੰਸ਼ਾਂ ਦੇ ਪਰਸਪਰ ਸਬੰਧ ਦੇ ਬਣੇ ਰਹਿਣ ਤੇ ਆਧਾਰਿਤ ਹੈ ।ਭਾਵ ਸੱਭਿਆਚਾਰਕ ਪ੍ਰਬੰਧ ਸਥਿਤੀ ਨਹੀਂ ਵਰਤਾਰਾ ਹੈ ਜਿਸ ਦੀ ਹੋਂਦ ਵਿਧੀ ਗਤੀਸ਼ੀਲਤਾ ਵਿੱਚ ਹੈ । ਸੱਭਿਆਚਾਰ ਪ੍ਰਬੰਧ ਵਿੱਚ ਵੱਖ ਵੱਖ ਵਿਲੱਖਣਤਾਵਾਂ ਰੱਖਣ ਵਾਲੇ ਅੰਗ ਸਮੁੱਚੇ ਵਿੱਚ ਹੁੰਦੇ ਹਨ ,ਇਨ੍ਹਾਂ ਦਾ ਆਪਸੀ ਸਬੰਧ ਵੀ ਹੁੰਦਾ ਹੈ ਤੇ ਸਮੁੱਚੇ ਨਾਲ ਵੀ। ਇਸ ਦੇ ਇੱਕ ਅੰਗ ਵਿੱਚ ਆਈ ਤਬਦੀਲੀ ਸਮੁੱਚੇ ਸਿਸਟਮ ਵਿੱਚ ਤਦ ਤੱਕ ਅਸਾਵਾਂਪਣ ਪੈਦਾ ਕਰਦੀ ਹੈ ਜਦ ਤੱਕ ਸਮੁੱਚਾ ਸਿਸਟਮ ਉਸ ਤਬਦੀਲੀ ਅਨੁਸਾਰ ਬਦਲ ਨਹੀਂ ਜਾਂਦਾ ।ਜਿਵੇਂ ਲੱਕੜ ਦੇ ਹਲ ਅਤੇ ਬਲਦਾਂ ਦੀ ਥਾਂ ਟਰੈਕਟਰ ਪਦਾਰਥਕ ਸੱਭਿਆਚਾਰ ਵਿੱਚ ਆਈ ਨਵੀਂ ਤਬਦੀਲੀ ਹੈ ਪਰ ਇਹਤਬਦੀਲੀ ਸਮੁੱਚੇ ਮਨੁੱਖੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀ ਹੈ ਨਾ ਸਿਰਫ ਖੇਤੀ ਦੇ ਪਿੜ ਵਿੱਚ ਸਗੋਂ ਸਮੁੱਚੇ ਢਾਂਚੇ ਵਿੱਚ। ਜ਼ਿੰਮੀਦਾਰ ਤੇ ਸੀਰੀ ਦਾ ਕੰਮ ਕਾਰਖਾਨੇਦਾਰ ਤੇ ਮਜ਼ਦੂਰ ਵਾਲਾ ਹੋ ਜਾਂਦਾ ਹੈ ।ਵੱਧ ਮਜ਼ਦੂਰ ਸ਼ਹਿਰਾਂ ਵੱਲ ਪਲਾਇਨ ਕਰ ਜਾਂਦੇ ਹਨ ।ਇਹ ਸ਼ਹਿਰਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ ।
  
2.ਸੱਭਿਆਚਾਰ ਗ੍ਰਹਿਣ ਕੀਤਾ ਜਾਂਦਾ ਹੈ -   ਇਹ ਮਨੁੱਖ ਦਾ ਸਮਾਜਿਕ ਵਿਰਸਾ ਹੈ  ਜੀਵ ਵਿਗਿਆਨ ਵਿਰਸਾ ਨਹੀਂ ।ਇਸ ਨੂੰ ਜਮਾਂਦਰੂ ਜਾਂ ਵਿਰਾਸਤ ਵਾਂਗ ਗ੍ਰਹਿਣ ਨਹੀਂ ਕੀਤਾ ਜਾਂਦਾ ਸਗੋਂ ਅਭਿਆਸ ਨਾਲ ਸਿੱਖਿਆ ਜਾਂਦਾ ਹੈ ।ਪਸ਼ੂ ਸਾਰੀਆਂ ਮੂਲ ਪ੍ਰਵਿਰਤੀਆਂ ਲੈ ਕੇ ਜੰਮਦੇ ਹਨ ਮਨੁੱਖ ਨਹੀਂ ।(ਮਨੁੱਖ ਰੂਪ ਵਿੱਚ )ਹਰ ਨਵੀਂ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਸੱਭਿਆਚਾਰ ਪ੍ਰਾਪਤ ਕਰਦੀ ਹੈ ਤੇ ਇਸ ਨੂੰ ਆਪਣੀਆਂ ਤਾਂ ਬਦਲੀਆਂ ਹਾਲਤਾਂ ਅਨੁਸਾਰ ਢਾਲ ਕੇ ਗ੍ਰਹਿਣ ਕਰਦੀ ਹੈ। ਮਨੁੱਖ ਆਪਣੀਆਂ ਮੂਲ ਪ੍ਰਵਿਰਤੀਆਂ ਦੀ ਸੰਤੁਸ਼ਟੀ ਦੇ ਸਾਧਨ ਤੇ ਤਰੀਕੇ ਸਮਾਜ ਤੋਂ ਸਿੱਖਦਾ ਹੈ ।ਬੋਲੀ ਮਨੁੱਖ ਨੂੰ ਜੰਮਦਿਆਂ ਸਾਰ ਹੀ ਨਹੀਂ ਆ ਜਾਂਦੀ ਸਗੋਂ ਜਿਸ ਸਮਾਜ ਵਿੱਚ ਮਨੁੱਖ ਜੰਮਦਾ ਪੜ੍ਹਦਾ ਹੈ ਉਸ ਸਮਾਜ ਦੀ ਬੋਲੀ ਉਹ ਆਪਣੇ ਅਚੇਤ ਸੁਚੇਤ ਯਤਨ ਰਾਹੀਂ ਸਿੱਖਦਾ ਹੈ ।ਸੱਭਿਆਚਾਰ ਨਿਰੰਤਰ ਮਨੁੱਖੀ ਸੰਘਰਸ਼ ਦਾ ਜੀਵਿਤ ਸਿੱਖਿਅਤ ਰੂਪ ਹੈ ।

3.ਸਭਿਆਚਾਰ ਪਰਿਵਰਤਨਸ਼ੀਲ ਹੈ :-   ਕੁਦਰਤ ਅੰਦਰਲੀ ਹਰ ਸ਼ੈਅ ਨਿਰੰਤਰ ਗਤੀ ਦੇ ਅਮਲ ਵਿੱਚੋਂ ਲੰਘ ਰਹੀ ਹੈ ।ਹਰ ਸਮਾਜ ਦਾ ਸੱਭਿਆਚਾਰ ਵੀ ਪਰਿਵਰਤਨ ਦੇ ਅਮਲ ਵਿੱਚੋਂ ਗੁਜ਼ਰਦਾ ਹੈ ।ਪਰ ਵੱਖ ਵੱਖ ਸਮਾਜਾਂ ਦੇ ਸੱਭਿਆਚਾਰਾਂ ਵਿੱਚ ਇਹ ਪਰਿਵਰਤਨ ਗਤੀ ਭਿੰਨ ਭਿੰਨ ਹੁੰਦੀ ਹੈ । ਸੱਭਿਅਾਚਾਰ ਪਰਿਵਰਤਨ ਦੇ ਅੰਦਰੂਨੀ ,ਬਾਹਰੀ, ਸੂਖ਼ਮ, ਸਥੂਲ ਅਨੇਕਾਂ ਕਾਰਨ ਹੋ ਸਕਦੇ ਹਨ ।ਮਨੁੱਖ ਨਵੀਂ ਤਬਦੀਲੀ ਅਨੁਸਾਰ ਆਪੇ ਨੂੰ ਢਾਲਣ ਲਈ ਨਵੀਆਂ ਕਾਢਾਂ ਕੱਢਦਾ ਹੈ ।ਇਹ ਕਾਢ ਜਾਂ ਲੱਭਤ ਹੀ ਸੱਭਿਆਚਾਰਕ ਪਰਿਵਰਤਨ ਦਾ ਕਾਰਨ ਬਣਦੀ ਹੈ । ਇਹ ਅਮਲ ਨਿਰੰਤਰ ਚੱਲਦਾ ਰਹਿਣ ਕਰਕੇ ਹੀ ਹਰੇਕ ਸੱਭਿਆਚਾਰ ਵਿੱਚ ਤਾਜ਼ਗੀ ਸੱਜਰਾਪਣ ਅਤੇ ਵਿਕਾਸਸ਼ੀਲਤਾ ਦੇ ਅੰਸ਼ ਬਣੇ ਰਹਿੰਦੇ ਹਨ। ਸੱਭਿਆਚਾਰ ਦੇ ਅੰਦਰੂਨੀ ਪਰਿਵਰਤਨਾਂ ਨੂੰ ਮਾਨਵਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਵਿੱਚ ਸੱਭਿਆਚਾਰਕ ਰੂਪਾਂਤਰਨ ਆਖਿਆ ਜਾਂਦਾ ਹੈ ।ਸੱਭਿਆਚਾ ਪਰਿਵਰਤਨ ਦੇ ਅੱਗੋਂ ਕਈ  ਪਹਿਲੂ ਹਨ ਜਿਵੇਂ ਸੱਭਿਆਚਾਰ ਖਲਾਰ, ਸੱਭਿਆਚਾਰ ਪਛੜੇਵਾਂ ਅਤੇ ਸੱਭਿਆਚਾਰੀ ਕਰਨ ਸੱਭਿਆਚਾਰ ਨੂੰ ਸਾਧਾਰਨ ਸਮਾਜਿਕ ਪਰਿਵਰਤਨ ਦੇ ਸਹਿਜ ਸੁਭਾਵਿਕ ਰੂਪ ਵਿੱਚ ਜਾਂ ਸੰਗਠਿਤ ਮਨੁੱਖੀ ਸਰਗਰਮੀ ਰਾਹੀਂ ਸੱਭਿਆਚਾਰ ਇਨਕਲਾਬ ਲਿਆ ਕੇ ਪਰਿਵਰਤਨ ਕੀਤਾ ਜਾ ਸਕਦਾ ਹੈ ।

4.ਸੱਭਿਆਚਾਰ ਇੱਕੋ ਸਮੇਂ ਸਰਬ ਵਿਆਪਕ ਵੀ ਹੈ , ਸਥਾਨਕ :- ਜਿੱਥੇ ਮਨੁੱਖੀ ਸਮਾਜ ਹੋਵੇਗਾ ਉੱਥੇ ਸੱਭਿਆਚਾਰ ਵੀ ਹੋਵੇਗਾ ।ਜਦੋਂ ਸੰਸਾਰ ਦੇ ਸੱਭਿਆਚਾਰਕ ਵਸਤੂ ਮੂਲਕ ਦ੍ਰਿਸ਼ਟੀ ਤੋਂ ਪਰਖੇ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਬਹੁਤ ਸਾਰੇ ਪੱਖਾਂ ਤੋਂ ਸਮਾਨਤਾ ਹੁੰਦੀ ਹੈ ਜਿਵੇਂ ਭਾਸ਼ਾ' ਲੋਕਧਾਰਾ, ਧਰਮ ,ਦਰਸ਼ਨ, ਸ਼ਿਲਪ ਕਲਾ ਆਦਿ ।ਪਰ ਧਰਤੀ ਦੇ ਹਰੇਕ ਖਿੱਤੇ ਦਾ ਕੁਦਰਤੀ ਵਾਤਾਵਰਣ ਵੱਖਰਾ ਵੱਖਰਾ ਹੁੰਦਾ ਹੈ। ਕੁਦਰਤੀ ਵਾਤਾਵਰਣ ਨੂੰ ਸੱਭਿਆਚਾਰਕ ਵਾਤਾਵਰਨ ਵਿੱਚ ਪਲਟਣ ਦੀਆਂ ਸੰਭਾਵਨਾਵਾਂ ਵੀ ਵੱਖਰੀਆਂ ਵੱਖਰੀਆਂ ਹੁੰਦੀਆਂ ਤੇ ਮਨੁੱਖੀ ਸ਼ਕਤੀ ਦੀ ਵੱਖੋ ਵੱਖਰੀ ਹੁੰਦੀ ਹੈ ।ਇੰਝ ਹਰ ਸੱਭਿਆਚਾਰ ਦੀ  ਨਿਵੇਕਲੀ ਪਹਿਚਾਣ ਵੀ ਹੁੰਦੀ ਹੈ ।ਸੱਭਿਆਚਾਰ ਦਾ ਇਤਿਹਾਸ ਇਹ ਵੀ ਦਰਸਾਉਂਦਾ ਹੈ ਕਿ ਜਿਵੇਂ ਜਿਵੇਂ ਭਿੰਨ-ਭਿੰਨ  ਸੱਭਿਆਚਾਰਾਂ ਵਿੱਚ ਸੰਪਰਕ ਦੇ ਮੌਕੇ ਤੇ ਸਾਧਨ ਵਧਦੇ ਜਾਂਦੇ ਹਨ, ਸੱਭਿਆਚਾਰਾਂ ਦੀ ਭਿੰਨਤਾ ਘਟਦੀ ਜਾਂਦੀ ਹੈ ।ਪਰ ਦੂਜੇ ਪਾਸੇ ਸੱਭਿਆਚਾਰ ਵੰਨ ਸੁਵੰਨਤਾ ਵਿੱਚ ਵਾਧਾ ਹੁੰਦਾ ਜਾਂਦਾ ਹੈ ।ਆਧੁਨਿਕ ਸਮੇਂ ਚ ਅੰਤਰਰਾਸ਼ਟਰੀ ਸੱਭਿਆਚਾਰ ਪੈਦਾ ਹੋ ਰਿਹਾ ਹੈ ਉਹ ਇਕ ਸਮੇਂ ਵਿਭਿੰਨਤਾ ਨੂੰ ਘਟਾਉਣ ਵਾਲਾ ਅਤੇ ਵੰਨ ਸੁਵੰਨਤਾ ਨੂੰ ਵਧਾਉਣ ਵਾਲਾ ਹੈ ।                     

5.ਸੱਭਿਆਚਾਰ ਮਨੁੱਖੀ ਸਮਾਜ ਦਾ ਵਰਤਾਰਾ ਹੈ :-  ਇਹ ਮਨੁੱਖ ਦੀ ਸਮੂਹਿਕ ਸਿਰਜਣਾ ਹੈ। ਸੱਭਿਆਚਾਰ ਸਮਾਜਿਕ ਇਤਿਹਾਸਕ ਪ੍ਰਤੀਸਥਿਤੀਆਂ ਵਿੱਚ ਜਿਹੜਾ ਜੀਵਤ ਢੰਗ ਸਿਰਜਦਾ ਹੈ ਉਸ ਦਾ ਮਨੁੱਖੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਬਦਲਣ ਵਿੱਚ ਵੱਡਾ ਰੋਲ ਹੁੰਦਾ ਹੈ ।
ਰੂਥ ਬੈਨੇਡਿਕਟ ਅਨੁਸਾਰ ,
        "ਕੋਈ ਵੀ ਵਿਅਕਤੀ ਆਪਣੇ ਸੱਭਿਆਚਾਰ ਜਿਸ ਵਿੱਚ ਕਿ ਉਹ ਰਹਿ ਰਿਹਾ ਹੁੰਦਾ ਹੈ ਤੋਂ ਬਿਨਾਂ ਆਪਣੀਆਂ ਸੰਭਾਵਨਾਵਾਂ ਦੇ ਦਰ ਤੱਕ ਨਹੀਂ ਪਹੁੰਚ ਸਕਦਾ "
ਕੇਵਲ ਸੱਭਿਆਚਾਰ ਹੀ ਮਨੁੱਖੀ ਸ਼ਖ਼ਸੀਅਤ ਨੂੰ ਨਹੀਂ ਸਿਰਜਦਾ ਸਗੋਂ ਖ਼ਾਸ ਮਨੁੱਖੀ ਸ਼ਖਸੀਅਤ ਵੀ ਸੱਭਿਆਚਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ ।ਮਨੁੱਖ ਜੀਵਨ ਕਾਰਜਸ਼ੀਲ ਸੰਘਰਸ਼ੀਲ ਜੀਵ ਹੈ ।ਇਹ ਸੱਭਿਆਚਾਰਕ ਵਰਤਾਰੇ ਨੂੰ ਸਿਰਜਦਾ ਹੈ ।ਟਾਇਲਰ ਨੇ 'permitive culture'(1871)ਵਿੱਚ ਸੱਭਿਆਚਾਰ ਨੂੰ ਸਮਾਜ ਦੇ ਮੈਂਬਰ ਵਜੋਂ ਮਨੁੱਖ ਦੀ ਸਿਰਜਨਾ ਮੰਨਦਾ ਹੈ ।ਕੁਦਰਤੀ ਦਾਤਾਂ ਦੇ ਆਧਾਰ ਤੇ ਮਨੁੱਖ ਜੋ ਕੁਝ ਵੀ ਆਪਣੇ ਯਤਨ ਨਾਲ ਸਿਰਜਦਾ ਹੈ ਉਹ ਉਸ ਦਾ ਸੱਭਿਆਚਾਰ ਹੈ ।ਸਮਾਜਿਕ ਸੂਝ ਹੀ ਸ਼ਾਇਦ ਪਹਿਲਾਂ ਸੱਭਿਆਚਾਰ ਵਰਤਾਰਾ ਸੀ ਜਿਹੜਾ ਮਨੁੱਖ ਨੇ ਕੁਦਰਤ ਦੇ ਖ਼ਿਲਾਫ਼ ਲੜਾਈ ਵਿੱਚ ਸਿੱਖਿਆ ਹੋਵੇਗਾ ,ਕਿਉਂਕਿ ਆਦਿ ਮਾਨਵ ਕੁਦਰਤ ਤੇ ਮਾਹੌਲ ਨਾਲ ਸੰਘਰਸ਼ ਵਿੱਚ ਇਕੱਲਾ ਆਪਣੀ ਹੋਂਦ ਕਾਇਮ ਨਹੀਂ ਸੀ ਰੱਖ ਸਕਦਾ, ਆਪਣੀ ਹੋਂਦ ਦੀ ਕਾਇਮੀ ਲਈ ਕੁਦਰਤ ਦੇ ਮਾਹੌਲ ਖ਼ਿਲਾਫ਼ ਸਮਾਜਿਕ ਮਨੁੱਖ ਦੀ ਲੜਾਈ ਵਿੱਚੋਂ ਹੀ ਉਸ ਵਰਤਾਰੇ ਨੇ ਜਨਮ ਲਿਆ ਜਿਸ ਨੂੰ ਸੱਭਿਆਚਾਰ ਕਹਿੰਦੇ ਹਨ । 

6.ਸੱਭਿਆਚਾਰ ਵਿੱਚ ਸੰਚਿਤ ਹੋਣ ਦੀ ਵਿਲੱਖਣਤਾ ਹੈ (ਇਕੱਤਰ ਹੋਣ ਦੀ ):-   ਜਿਸ ਕਰਕੇ ਲੰਘਦੇ ਸਮੇਂ ਨਾਲ ਇਸ ਦੀ ਵਿਕਾਸ ਗਤੀ ਤੇਜ਼ ਹੋਈ ਜਾਂਦੀ ਹੈ ।ਪਦਾਰਥਾਂ ਖੇਤਰ ਵਿਚਲੀ ਹਰ ਨਵੀਂ ਕਾਢ  ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਲੈ ਕੇ ਹੀ ਚੱਲਦੀ ਹੈ। ਪਰ ਗੈਰ ਪਦਾਰਥਾਂ ਖੇਤਰ ਵਿੱਚ ਵਿਕਾਸ ਕਰਦੇ ਸਮੇਂ ਕਈ ਨਵੇਂ ਅੰਸ਼ ਪੁਰਾਣੇ ਅੰਸ਼ਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਲੈਂਦੇ ਹਨ।ਜਿਵੇਂ ਮੋਹਿੰਜੋਦੜੋ ਦੇ ਸਮੇਂ ਦੀਆਂ ਪਦਾਰਥਕ ਲੱਭਤਾਂ ਉੱਥੋਂ ਦੇ ਪਦਾਰਥਕ ਸੱਭਿਆਚਾਰ ਦੀਆਂ ਸੂਚਕ ਹਨ ਪਰ ਉਨ੍ਹਾਂ ਦੇ ਸਮਾਜਿਕ ਸੰਗਠਨ ਸ਼ਿਸ਼ਟਾਚਾਰ ਤੇ ਵਿਸ਼ਵਾਸਾਂ ਬਾਰੇ ਇਨ੍ਹਾਂ ਤੋਂ ਕੇਵਲ ਅੰਦਾਜ਼ਾ ਹੀ ਲੱਗਦਾ ਹੈ ।ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਮਨੁੱਖ ਦੇ ਸੱਭਿਆਚਾਰਕ ਵਿਕਾਸ ਦੀ ਗਤੀ ਤੇਜ਼ ਹੁੰਦੀ ਜਾਂਦੀ ਹੈ ।

7.ਸੱਭਿਆਚਾਰ ਮਨੁੱਖੀ ਲੋੜਾਂ ਦੀ ਪੂਰਤੀ ਵਜੋਂ :-ਮੈਨਵੋਲਸਕੀ ਨੇ ਸੱਭਿਆਚਾਰ ਨੂੰ ਮਨੁੱਖ ਦੀ ਪ੍ਰਾਥਮਿਕ ਅਤੇ ਗੌਣ ਲੋੜਾਂ ਦੀ ਸੰਤੁਸ਼ਟੀ ਕਰਨ ਦੀ ਮੁਢਲੀਆਂ ਸ਼ਰਤਾਂ ਵਜੋਂ ਦਰਸਾਇਆ ਹੈ ।ਹਰ ਸੱਭਿਆਚਾਰ ਸਿਰਜਣਾ ਕਿਸੇ ਪੱਧਰ ਤੇ ਮਾਨਵੀ ਲੋੜਾਂ ਦੀ ਉਪਜ ਹੈ ।ਪਰ ਮਨੁੱਖ ਦੀ ਦੂਜੇ ਜੀਵਾਂ ਨਾਲ ਇਹੋ ਵਿਲੱਖਣਤਾ ਹੈ ਕਿ ਇਹ ਕੇਵਲ ਆਪਣੀਆਂ ਲੋੜਾਂ ਲਈ ਹੀ ਸਿਰਜਣਾ ਨਹੀਂ ਕਰਦਾ ਸਗੋਂ ਆਪਣੀਆਂ ਵਿਸ਼ਾਲ ਮਨੁੱਖੀ ਸੰਭਾਵਨਾਵਾਂ ਦਾ ਪ੍ਰਯੋਗ ਕਰਦਾ ਹੋਇਆ ਨਵੀਆਂ ਸਿਰਜਨਾਵਾਂ ਵੀ ਕਰਦਾ ਹੈ ।ਨਿਰਸੰਦੇਹ ਮਨੁੱਖੀ ਲੋੜਾਂ ਸੱਭਿਆਚਾਰ ਦਾ ਵੀ ਬਿੰਦੂ ਹੈ ਅਤੇ ਪਰ ਇਹ ਇਸ ਨਾਲੋਂ ਵਿਸ਼ਾਲ ਅਰਥੀ ਹੈ ।

8. ਸਭਿਆਚਾਰ ਮਨੁੱਖੀ ਸ਼ਖ਼ਸੀਅਤ ਦਾ ਸਿਰਜਕ :-ਸੱਭਿਆਚਾਰ ਤੇ ਮਨੁੱਖੀ ਸ਼ਖ਼ਸੀਅਤ ਦਾ ਦਵੰਧਾਤਮਕ ਰਿਸ਼ਤਾ ਹੈ ।ਮਨੁੱਖੀ ਸ਼ਖ਼ਸੀਅਤ ਨੂੰ ਨਿਖਾਰਨ ਤੇ ਬਦਲਣ ਲਈ ਸੱਭਿਆਚਾਰ ਦਾ ਮੁੱਢਲਾ ਰੋਲ ਹੈ। ਬਹੁਤੇ ਆਲੋਚਕਾਂ ਨੇ ਤਾਂ ਸੱਭਿਆਚਾਰ ਦੀ ਪਰਿਭਾਸ਼ਾ ਹੀ ਮਨੁੱਖੀ ਸ਼ਖ਼ਸੀਅਤ ਦੇ ਸੰਦਰਭ ਵਿੱਚ ਕੀਤੀ ਹੈ ।ਸੱਭਿਆਚਾਰ ਮਨੁੱਖੀ ਸ਼ਖ਼ਸੀਅਤ ਦਾ ਸਮੂਹਿਕ ਪੱਖ ਅਤੇ ਮਨੁੱਖੀ ਸ਼ਖ਼ਸੀਅਤ ਨੂੰ ਸੱਭਿਆਚਾਰ ਦਾ ਆਤਮ ਮੁਖੀ ਪੱਖ ਕਿਹਾ ਜਾਂਦਾ ਹੈ ।ਇਸ ਸਦਕਾ ਹੀ ਮਨੁੱਖ ਆਪਣੀਆਂ ਮਨੁੱਖੀ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋਇਆ ਹੈ ।ਮਨੁੱਖੀ ਸ਼ਖਸੀਅਤ ਦੇ ਸੰਤੁਲਿਤ ਵਿਕਾਸ ,ਅਣਗਿਣਤ ਦਿਸਦੀਆਂ ਤੇ ਅਣ ਦਿੱਸਦੀਆਂ ਘਾਟਾਂ ,ਲੋੜਾਂ ,ਇੱਛਾਵਾਂ ਨੂੰ ਪੂਰਨਾ ਇਸ ਵਿੱਚ ਉੱਤਮ ਗੁਣ ਪੈਦਾ ਕਰਨੇ ਸਭ ਸੱਭਿਆਚਾਰ ਨੇ ਹੀ ਕੀਤੇ ਹਨ ।ਅਾਲਮੰਡ ਲੀਚ ਦੇ ਅਨੁਸਾਰ :-
    "ਸੱਭਿਆਚਾਰਕ ਵਰਤਾਰੇ ਦੀ ਬੁਨਿਆਦੀ ਖੋਜ ਕਰਦੇ ਸਮੇਂ ਅਸੀਂ ਮਨੁੱਖੀ ਸੁਭਾਅ ਬਾਰੇ ਵੀ ਖੋਜ ਕਰ ਰਹੇ ਹੁੰਦੇ ਹਾਂ ।"
ਕੇਵਲ ਸੱਭਿਆਚਾਰ ਹੀ ਮਨੁੱਖੀ ਸ਼ਖ਼ਸੀਅਤ ਨੂੰ ਨਹੀਂ ਸਿਰਜਦਾ ਸਗੋਂ ਵਿਸ਼ੇਸ਼ ਮਨੁੱਖੀ ਸ਼ਖਸੀਅਤਾਂ ਵੱਲੋਂ ਸੰਸਾਰ ਦੇ ਸੱਭਿਆਚਾਰਕ ਇਤਿਹਾਸ ਦੇ ਅਨੇਕਾਂ ਪੜਾਵਾਂ ਉੱਪਰ ਸੱਭਿਆਚਾਰ ਵਿੱਚ ਮੁਢਲੇ ਪਰਿਵਰਤਨ ਲਿਆਉਣ ਦੇ ਪ੍ਰਮਾਣ ਪ੍ਰਾਪਤ ਹਨ ।ਭਾਵ ਵਿਅਕਤੀਗਤ ਮਨੁੱਖੀ ਸ਼ਖ਼ਸੀਅਤ ਤੇ ਸਮੂਹਿਕ ਮਨੁੱਖੀ ਸਰਗਰਮੀਆਂ ਸੱਭਿਆਚਾਰ ਨੂੰ ਪ੍ਰਭਾਵਿਤ ਕਰਨ ਤੇ ਬਦਲਣ ਦੇ ਸਮਰੱਥ ਹੁੰਦੀਆਂ ਹਨ ।

9.ਪ੍ਰਤੀਕ ਪ੍ਰਬੰਧ :-ਸਿਰਫ਼ ਸੱਭਿਆਚਾਰਕ ਕਿਰਿਆ ਨੂੰ ਪ੍ਰਤੀਕ ਵਜੋਂ ਵਰਤ ਸਕਣਾ ਇੱਕ ਹੋਰ ਮਨੁੱਖੀ ਵਿਸ਼ੇਸ਼ਤਾ ਹੈ। ਮਨੁੱਖੀ ਚਿੰਤਨ ਬਹੁਤ ਭਿੰਨ ਭਿੰਨ ਵਸਤਾਂ, ਵਿਹਾਰਾਂ ਤੇ ਵਰਤਾਰਿਆਂ ਵਿੱਚ ਸਾਂਝ ਅਤੇ ਨਿਖੇੜ ਨੂੰ ਦੇਖ ਸਕਦਾ ਹੈ ਅਤੇ ਇਨ੍ਹਾਂ ਨੂੰ ਪ੍ਰਤੀਕਾਤਮਕ ਢੰਗ ਨਾਲ ਵਰਤ ਸਕਦਾ ਹੈ ।ਸਗੋਂ ਹਰ ਮਨੁੱਖੀ ਕਿਰਿਆ ਨੂੰ ਪ੍ਰਤੀਕ ਵਜੋਂ ਲੈ ਸਕਦਾ ਹੈ ਇੰਝ ਚਿੰਤਨ ਅਤੇ ਇਸ ਦੇ ਪ੍ਰਗਟਾਅ ਵਿੱਚ ਸੰਜਮ ਆ ਜਾਂਦਾ ਹੈ ।ਥੋੜ੍ਹੇ ਸ਼ਬਦਾਂ ਵਿੱਚ ਵਧੇਰੇ ਗਿਆਨ ਦਾ ਪ੍ਰਗਟਾਅ ਕੀਤਾ ਜਾ ਸਕਦਾ ਹੈ ।
10.ਸੱਭਿਆਚਾਰ ਪੈਦਾਵਾਰੀ ਸ਼ਕਤੀਆਂ ਅਤੇ ਰਿਸ਼ਤਿਆਂ ਦੀ ਟੱਕਰ ਦੀ ਸਿਰਜਣਾ ਹੈ :- ਪੈਦਾਵਾਰੀ ਰਿਸ਼ਤਿਆਂ ਦੀ ਦਹਾੜ ਸਮਾਜ ਨੂੰ ਜਮਾਤਾਂ ਵਿੱਚ ਵੰਡ ਦਿੰਦੀ ਹੈ ।ਇੰਝ ਜਮਾਤੀ ਸੱਭਿਆਚਾਰ ਉਪਜਦਾ ਹੈ ।ਇੰਝ ਇਕਹਿਰਾ ਸੰਗਠਿਤ ਪ੍ਰਬੰਧ ਨਹੀਂ ਹੁੰਦਾ ,ਇਸ ਵਿੱਚ ਵਿਭਿੰਨ ਪੱਧਰ ਹੁੰਦੇ ਹਨ ।ਜਮਾਤੀ ਸਮਾਜ ਵਿਚ ਭਾਰੂ ਜਮਾਤ ਦਾ ਸੱਭਿਆਚਾਰ ਪ੍ਰਚਲਿਤ ਹੁੰਦਾ ਹੈ ।ਇਸ ਤਰ੍ਹਾਂ ਸੱਭਿਆਚਾਰ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਪ੍ਰਸੰਗ ਵਿੱਚ ਪਰਿਵਰਤਨ ਕਰਦਾ ਹੈ ।ਭਾਵੇਂ ਇਸ ਦਾ ਪੈਦਾਵਾਰੀ ਸ਼ਕਤੀਆਂ ਅਤੇ ਰਿਸ਼ਤਿਆਂ ਨਾਲ ਸਿੱਧਾ ਸਬੰਧ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਮੁਲਕਾਂ ਵਿੱਚ ਇਨਕਲਾਬ ਆ ਗਏ ਹਨ ਉਥੇ ਵੀ ਸੱਭਿਆਚਾਰਕ ਇਨਕਲਾਬ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ।
                   ਸਮੁੱਚੇ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਹਰ ਇੱਕ ਸੱਭਿਆਚਾਰ ਦੇ ਵਿਲੱਖਣ ਸਰੂਪ ਅਨੁਕੂਲ ਉਸ ਖਿੱਤੇ ਜਾਂ  ਵਰਗ ਦੇ ਮਾਨਵ ਸਮੂਹ ਦਾ ਜੀਵਨ ਵਿਵਹਾਰ ਇਤਿਹਾਸਕ ਅਨੁਭਵ ਅਤੇ ਸਥੂਲ  ਸਮਾਜਿਕ, ਭੂਗੋਲਿਕ, ਪਦਾਰਥਕ ਪ੍ਰਸਥਿਤੀਆਂ ਵਿੱਚੋਂ ਸਮੂਹਿਕ ਰੂਪ ਵਿੱਚ ਸਿਰਜਕ, ਪ੍ਰਵਾਨਿਤ ,ਪ੍ਰਚਲਿਤ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਹੁੰਦਾ ਹੈ। ਇਸ ਵਿੱਚ ਸਰਬ ਵਿਆਪਕ ਮੂਲ ਮਾਨਵੀ ਗੁਣ ਸਦੀਵੀ ਤੇ ਬੁਨਿਆਦੀ ਸਾਂਝੇ ਤੱਤਾਂ ਨਾਲ ਹੀ ਸਥਾਨਕ ਸਥੂਲ ਦੇ ਬਾਹਰ ਮੁਖੀ ਪ੍ਰਸਥਿਤੀਆਂ ਵਿੱਚੋਂ ਪੈਦਾ ਹੋਏ ਮੌਲਿਕ ਅਤੇ ਵਿਲੱਖਣ ਤੱਥ ਵੀ ਸ਼ਾਮਲ ਹੁੰਦੇ ਹਨ ।
    T.R.vinod ਦੇ ਅਨੁਸਾਰ,
         "ਸੱਭਿਆਚਾਰ ਸਮਾਜਿਕ ਮਨੁੱਖ ਦਾ ਸਿਰਜਿਆ ਹੋਇਆ ਇਤਿਹਾਸਿਕ ਪ੍ਰਬੰਧ ਹੈ ਜੋ ਨਿਰੰਤਰ ਪਰਿਵਰਤਨਸ਼ੀਲ ਸਿੱਖਿਆ ਜਾਣ ਵਾਲਾ ਵਰਤਾਰਾ ਹੈ ਅਤੇ ਜੋ ਮਨੁੱਖ ਦੇ ਜੀਵਨ ਦਾ ਸਦੀਵੀ ਅੰਗ ਹੈ ।"

Post a Comment

0 Comments