ਕਵਿਤਾ, ਸਾਹਿਤ ਦਾ ਇਕ ਸਮਰੱਥ ਰੂਪ ਹੈ। ਇਹ ਸੰਸਾਰ ਦੇ ਸਾਹਿਤ ਦਾ ਪਹਿਲਾ (ਪਲੇਠਾ), ਪ੍ਰਸਿੱਧ ਤੇ ਪ੍ਰਪੱਕ ਰੂਪ ਮੰਨਿਆ ਜਾਂਦਾ ਹੈ। ਮਨ ਦੇ ਭਾਵਾਂ ਨੂੰ ਲੈਅਮਈ ਸੁੰਦਰ ਢੰਗ ਵਿੱਚ ਪੇਸ਼ ਕਰਨਾ ਕਵਿਤਾ ਦੀ ਵਿਸ਼ੇਸ਼ਤਾ ਹੈ।ਉਦਾਹਰਣ -
"ਪਾਜੇਬਾਂ ਤੋਂ ਬੇੜੀਆਂ ਤੱਕ,ਹਰ ਸਾਜ਼ ਤੋਂ ਕਵਿਤਾ ਵਾਕਫ਼ ਹੈ,
ਬੂਹੇ ਬੂਹੇ ਤੋਂ ਛਣਕਾ ਕੇ, ਲੰਘਣ ਦਾ ਅਭਿਆਸ ਵੀ ਹੈ।"
ਕਵਿਤਾ ਦੀ ਪਰਿਭਾਸ਼ਾ-ਕਵਿਤਾ ਬਾਰੇ ਵੱਖ ਵੱਖ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
1. ਪ੍ਰੋ ਪੂਰਨ ਸਿੰਘ ਅਨੁਸਾਰ-
"ਕਵਿਤਾ, ਰੂਹਾਂ ਦੀ ਬੋਲੀ ਹੈ।"
2. ਸਵਿਨਬਰਨ ਅਨੁਸਾਰ-
"Poetry is the voice of man's soul"(ਕਵਿਤਾ ਮਨੁੱਖ ਦੀ ਆਤਮਾ ਦੀ ਆਵਾਜ਼ ਹੈ।
3. ਕਾਰਲਾਇਲ ਦਾ ਮੰਨਣਾ ਹੈ ਕਿ ਕਵਿਤਾ ਇਕ ਗਾਉਂਦਾ ਜਜ਼ਬਾ ਹੈ। ਸੋ, ਮੁੱਕਦੀ ਗੱਲ ਇਹ ਕਿ ਕਵਿਤਾ ਸਾਡੇ ਜਜ਼ਬਾਤਾਂ ਨੂੰ ਕਿਸੇ ਲੈਅ ਜਾਂ ਤਾਲ ਵਿਚ ਸ਼ਬਦਾਂ ਰਾਹੀਂ ਪੇਸ਼ ਕਰਨ ਦੀ ਕਲਾ ਹੈ।
ਵਿਸ਼ੇਸ਼ਤਾਵਾਂ
1. ਕਵਿਤਾ ਦਿਲ ਦੀ ਬੋਲੀ ਹੈ।
2. ਕਵਿਤਾ ਵਿੱਚ ਵਜ਼ਨ ਅਤੇ ਲੈਅ ਦਾ ਖਿਆਲ ਰੱਖਿਆ ਜਾਂਦਾ ਹੈ।
3. ਕਵਿਤਾ ਵਿਚ ਕਲਪਨਾ ਦਾ ਵਿਸ਼ੇਸ਼ ਸਥਾਨ ਹੁੰਦਾ ਹੈ।
4. ਕਵਿਤਾ ਦੇ ਅੱਗੋਂ ਕਈ ਰੂਪ ਹਨ। ਜਿਵੇਂ- ਕਿੱਸਾ, ਮਹਾਂਕਾਵਿ,ਗਜਲ, ਗੀਤ, ਖੁੱਲੀ ਕਵਿਤਾ, ਕਾਵਿ-ਨਾਟਕ, ਰੁਬਾਈ ਆਦਿ।
ਕਵਿਤਾ ਦੇ ਤੱਤ
ਕਵਿਤਾ ਕਈ ਤੱਤਾਂ ਦੇ ਸੁੰਦਰ ਸੁਮੇਲ ਤੋਂ ਬਣਦੀ ਹੈ।ਇਸ ਦੇ ਪ੍ਰਮੁੱਖ ਤੱਤ ਇਹ ਹਨ।
1. ਭਾਵ- ਕਵਿਤਾ ਸਾਡੇ ਭਾਵਾਂ 'ਤੇ ਜਜ਼ਬਾਤਾਂ ਦੀ ਬੋਲੀ ਹੈ। ਅਸਲ ਵਿੱਚ ਕਵਿਤਾ ਸਾਡੇ ਦੁੱਖ-ਸੁੱਖ, ਹਾਸੇ -ਰੋਸੇ ਆਦਿ ਨੂੰ ਪ੍ਰਗਟ ਕਰਦੀ ਹੈ।
ਡਾ. ਮੋਹਨ ਸਿੰਘ ਦੀਵਾਨਾ- (ਲੇਖਕ) ਅਨੁਸਾਰ "ਕਵਿਤਾ, ਹਾਅ ਜਾਂ ਵਾਹ ਦੀ ਉਪਜ ਹੈ।"ਕਵਿਤਾ ਵਿੱਚੋਂ ਭਾਵਾਂ ਦੀ ਝਲਕ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ।
ਉਦਾਹਰਣ- ''ਸੁੰਨੇ ਸੁੰਨੇ ਰਾਹਾਂ ਵਿਚ
ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਹੈ
ਜੀ ਬਾਕੀ ਸਭ ਖੈਰ ਏ।"
2. ਕਾਵਿ-ਭਾਸ਼ਾ (ਬੋਲੀ)- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਕਵਿਤਾ ਦੀ ਭਾਸ਼ਾ ਕੁਝਵੱਖਰੀ ਹੁੰਦੀ ਹੈ। ਇਸ ਵਿੱਚ ਰਸ ਅਤੇ ਸੰਗੀਤ ਹੁੰਦਾ ਹੈ। ਅਕਸਰ ਇਸਨੂੰ ਗਾਇਆ ਵੀ ਜਾ ਸਕਦਾ ਹੈ।
ਉਦਾਹਰਣ- ''ਮੇਰਿਆ ਚੰਨਣਾ
ਚੰਨਣਾ ਵੇ,
ਦੱਸ ਤੂੰ ਕੀਕਣ
ਮੰਨਣਾ ਵੇ।"
3. ਵਿਚਾਰ-ਕਵਿਤਾ ਵਿੱਚ ਕੇਵਲ ਭਾਵਨਾਵਾਂ ਨਹੀਂ ਹੁੰਦੀਆਂ ਸਗੋ ਕੋਈ ਨਾ ਕੋਈ ਵਿਚਾਰ ਵੀ ਹੁੰਦਾ ਹੈ। ਵਿਚਾਰ ਕਵਿਤਾ ਨੂੰ ਅਰਥ ਦਿੰਦਾ ਹੈ। ਅਕਸਰ ਕਵਿਤਾਵਾਂ ਵਿੱਚ ਗਰੀਬਾਂ ਔਰਤਾਂ ਜਾਂ ਸਮਾਜਿਕ ਬੁਰਾਈਆਂ ਬਾਰੇ ਵਿਚਾਰ ਦਿੱਤੇ ਗਏ ਹੁੰਦੇ ਹਨ।
ਉਦਾਹਰਣ- "ਕੁਝ ਕਿਹਾ ਤਾਂ ਹਨੇਰਾ
ਜਰੇਗਾ ਕਿਵੇ,
ਚੁੱਪ ਰਿਹਾ ਤਾਂ
ਸ਼ਮਾਦਾਨ ਕੀ ਕਹਿਣਗੇ।"
4. ਕਲਪਨਾ- ਕਲਪਨਾ ਕਵਿਤਾ ਦਾ ਇੱਕ ਹੋਰ ਉਸਾਰੂ ਤੱਤ ਹੈ। ਕਵੀ ਬਹੁਤ ਕੁਝ ਅਜਿਹਾ ਸੋਚਦਾ ਹੈ ਜੋ ਅਸਲੀਅਤ ਵਿੱਚ ਨਹੀਂ ਵੇਖਿਆ ਹੁੰਦਾ। ਉਹ ਮਨ ਹੀ ਮਨ ਵਿੱਚ ਤਸਵੀਰ ਬਣਾ ਲੈਂਦਾ ਹੈ।
ਉਦਾਹਰਣ- "ਮੇਰੇ ਦਿਲ ਵਿਚ
ਤੇਰਾ ਘਰ ਹੋਵੇ,
ਕਦੇ ਆਇਆ ਕਰ
ਕਦੇ ਜਾਇਆ ਕਰ ।"
5.ਰਸ- ਰਸ ਨੂੰ ਕਵਿਤਾ ਦੀ ਆਤਮਾ ਮੰਨਿਆ ਜਾਂਦਾ ਹੈ।ਰਸ ਸਾਡੇ ਪ੍ਰਪੱਕ ਹੋਏ ਮਨੋਭਾਵ ਹੁੰਦੇ ਹਨ। ਸਾਡੇ ਮਨ ਵਿੱਚ ਰਸ ਸ਼ਾਂਤ ਟਿਕੇ ਪੲੇ ਹੁੰਦੇ ਹਨ। ਕੋਈ ਕਵਿਤਾ ਪੜ੍ਹ ਕੇ ਜਾਂ ਸੁਣਕੇ ਸਾਡੇ ਮਨ ਵਿੱਚ ਸੁੱਤੇ ਪਏ ਭਾਵ ਜਾਗ ਪੈਂਦੇ ਹਨ। ਕਵਿਤਾ, ਵਿੱਚ ਨੌ ਕਿਸਮ ਦੇ ਰਸ ਹੁੰਦੇ ਹਨ।
1) ਅਦਭੁਤ ਰਸ
2) ਬੀਭਤਸ
3) ਸ਼ਾਂਤ ਰਸ
4) ਕਰੁਣਾ ਰਸ
5) ਸ਼ਿੰਗਾਰ ਰਸ
6) ਬੀਰ ਰਸ
7) ਰੌਦਰ ਰਸ
8) ਹਾਸ ਰਸ
9) ਭਿਆਨਕ ਰਸ
ਉਦਾਹਰਣ ਵਜੋਂ- "ਬਦਲਾ ਲੈ ਲਈੰ ਸੋਹਣਿਆ,
ਜੇ ਮਾਂ ਦਾ ਜਾਇਆ।" - (ਰੌਦਰ ਰਸ)
6. ਛੰਦ- ਕਵਿਤਾ ਵਿਚ ਲੈਅ ਤਾਲ ਤੇ ਵਜਨ ਤੋਲ ਦਾ ਹਿਸਾਬ-ਕਿਤਾਬ ਰੱਖਦੇ ਹਨ। ਅੱਖਰਾਂ, ਲਗਾ ਮਾਤਰਾ ਦੀ ਗਿਣਤੀ-ਮਿਣਤੀ ਛੰਦ ਦੁਆਰਾ ਰੱਖੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਛੰਦ ਤੋਂ ਬਿਨਾਂ ਕਵਿਤਾ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪਰ ਅੱਜ ਕੱਲ ਛੰਦ ਤੋਂ ਬਿਨਾਂ ਕਵਿਤਾ ਵੀ ਲਿਖੀ ਜਾਂਦੀ ਹੈ।
7. ਅਲੰਕਾਰ- ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਹਨ। ਇਹ ਰਚਨਾ ਨੂੰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਅਲੰਕਾਰ ਰਾਹੀਂ ਕੋਈ ਤੁਲਨਾ, ਕੋਈ ਗੱਲ ਵਧਾ-ਚੜ੍ਹਾ ਕੇ ਕਰਨਾ ਜਾਂ ਕੋਈ ਉਦਾਹਰਨ ਦੇਣਾ ਵਿਸ਼ੇਸ਼ ਹੁੰਦਾ ਹੈ। ਉਪਮਾ, ਰੂਪਕ,ਅਤਿਕਥਨੀ,ਦ੍ਰਿਸਟਾਂਤ ਤੇ ਅਨੁਪ੍ਰਾਸ ਮੁੱਖ ਅਲੰਕਾਰ ਹਨ।
ਉਦਾਹਰਨ- "ਅੱਜ ਦਿਨ ਚੜ੍ਹਿਆ
ਤੇਰੇ ਰੰਗ ਵਰਗਾ।"
8. ਬਿੰਬ- ਕਵਿਤਾ ਦਾ ਅਜਿਹਾ ਤੱਤ ਹੈ ਜੋ ਪੜ੍ਹਨ ਵਾਲੇ ਦੇ ਮਨ ਵਿੱਚ ਕਵਿਤਾ ਦਾ ਭਾਵ ਕਿਸੇ ਦ੍ਰਿਸ਼ ਜਾਂ ਆਵਾਜ਼ ਆਦਿ ਦੇ ਰੂਪ ਵਿਚ ਭਰ ਦਿੰਦਾ ਹੈ। ਇਹ ਸਾਡੀਆਂ ਗਿਆਨ ਇੰਦਰੀਆਂ (ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ) ਨੂੰ ਪ੍ਰਾਪਤ ਹੋਣ ਵਾਲੇ ਅਨੁਭਵ ਹਨ। ਬਿੰਬ 5 ਕਿਸਮ ਦੇ ਹੁੰਦੇ ਹਨ।
1) ਦ੍ਰਿਸ਼ ਬਿੰਬ
2) ਗੰਧ ਬਿੰਬ
3) ਲਾਦ ਬਿੰਬ
4) ਸਵਾਦ ਬਿੰਬ
5) ਛੋਹ ਬਿੰਬ
ਉਦਹਾਰਣ- "ਗੋਰੀ ਦੀਆਂ ਝਾਂਜਰਾਂ,
ਬੁਲਾਉਂਦੀਆਂ ਗਈਆਂ।"
ਜਾਂ
" ਖੂਬ ਨੇ ਝਾਂਜਰਾਂ ਛਣਕਣ ਲਈ,
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ।"
9. ਪ੍ਰਤੀਕ- ਕਵਿਤਾ ਵਿੱਚ ਸਿੱਧੀ ਗੱਲ ਕਹਿਣ ਦੀ ਬਜਾਏ ਕੋਈ ਲੁਕਵਾਂ ਸੰਕੇਤ ਵਰਤਿਆ ਹੁੰਦਾ ਹੈ। ਇਸ ਨੂੰ ਪ੍ਰਤੀਕ ਕਹਿੰਦੇ ਹਨ।
ਉਦਾਹਰਨ- "ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਜਾਣਾ।"
10. ਵਿਰੋਧ ਦੀ ਜੁਗਤ- ਕਵਿਤਾ ਵਿੱਚ ਅਕਸਰ ਵਿਰੋਧੀ ਸ਼ਬਦ ਲੈ ਕੇ ਪ੍ਰਭਾਵ ਸਿਰਜਿਆ ਜਾਂਦਾ ਹੈ।
ਉਦਾਹਰਣ-
"ਕਬੂਲ ਹਨੇਰਾ ਕਰੇਗਾ ਨਾ ਰੌਸ਼ਨੀ ਮੈਨੂੰ,
ਅਜੀਬ ਮੋੜ 'ਤੇ ਮਾਰੇਗੀ ਜ਼ਿੰਦਗੀ ਮੈਨੂੰ।"
ਪੰਜਾਬੀ ਕਵਿਤਾ ਦਾ ਇਤਿਹਾਸ ਵਿਕਾਸ :-
ਪੰਜਾਬੀ ਕਵਿਤਾ ਸ਼ੇਖ ਫਰੀਦ ਤੋਂ ਲੈ ਕੇ ਗੁਲਾਮ ਫਰੀਦ ਤੱਕ ਸੂਫੀ ਰੰਗ ਵਾਲੀ ਹੈ। ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਕਵੀਆਂ ਨੇ ਗੁਰਮਤਿ ਕਾਵਿ ਲਿਖਿਆ। ਦਮੋਦਰ, ਵਾਰਸ਼ ਤੇ ਹਾਸ਼ਮ ਵਰਗੇ ਕਿੱਸਾ ਕਵੀ ਇਸ ਦੀ ਸ਼ਾਨ ਬਣੇ। ਗੁਰੂ ਗੋਬਿੰਦ ਸਿੰਘ, ਸ਼ਾਹ ਮੁਹੰਮਦ ਦਾ ਬੀਰ ਕਾਵਿ ਇਸ ਦੀ ਪ੍ਰਾਪਤੀ ਹੈ।
ਆਧੁਨਿਕ ਕਵਿਤਾ- ਭਾਈ ਵੀਰ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਜਗਤਾਰ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ ਦੀ ਰਚਨਾ ਨਾਲ ਹੋਰ ਅਮੀਰ ਹੋ ਗਈ।
ਸੋ, ਕਵਿਤਾ ਸਾਰੇ ਸੰਸਾਰ ਦੇ ਸਾਹਿਤ ਦਾ ਸਭ ਤੋਂ ਵਿਲੱਖਣ ਅਤੇ ਹਰਮਨ ਪਿਆਰਾ ਰੂਪ ਹੈ ਇਸ ਦਾ ਮਹੱਤਵ ਹਮੇਸ਼ਾਂ ਬਣਿਆ ਰਹੇਗਾ।


0 Comments