ਨਾਟਕ, ਸਾਹਿਤ ਦਾ ਬਹੁਤ ਪ੍ਰਭਾਵਸ਼ਾਲੀ ਰੂਪ ਹੈ। ਇਸ ਨੂੰ ਦ੍ਰਿਸ਼-ਕਾਵਿ ਵੀ ਮੰਨਿਆ ਜਾਂਦਾ ਹੈ ਅਤੇ ਪੰਜਵਾਂ ਵੇਦ ਵੀ। ਇਸ ਦੀ ਪ੍ਰਕਿਰਤੀ ਦੋਹਰੇ ਕਿਰਦਾਰ ਵਾਲੀ ਹੈ। ਇਸ ਦਾ ਇਕ ਰੂਪ ਲਿਖਤੀ ਹੈ ਤੇ ਇਕ ਪ੍ਰਦਰਸ਼ਕ ਮੰਚ ਉਪਰ ਦਿਖਾਇਆ ਜਾਂਦਾ ਹੈ। ਨਾਟਕ ਨੂੰ ਸੰਯੁਕਤ ਕਲਾ ਵੀ ਕਹਿੰਦੇ ਹਨ।
ਪਰਿਭਾਸ਼ਾ-
1. ਈਸ਼ਵਰ ਚੰਦਰ ਨੰਦਾ- (ਆਈ.ਸੀ.ਨੰਦਾ) ਅਨੁਸਾਰ- "ਨਾਟਕ, ਰੋਜ਼ ਦਿਹਾੜੀ ਦੇ ਜੀਵਨ ਦਾ ਨਕਸ਼ਾ ਖਿੱਚਦਾ ਹੈਂ।"
2. ਮਿਸਰੋ ਅਨੁਸਾਰ- "Drama is a copy of life."
3. ਅਰਸਤੂ ਦਾ ਵੀ ਮੰਨਣਾ ਹੈ- ਇਹ ਨਾਟਕ ਜੀਵਨ ਦੀ ਨਕਲ ਹੈ।
ਸੋ, ਕੁਝ ਪਾਤਰਾਂ ਅਤੇ ਕੁਝ ਘਟਨਾਵਾਂ ਨੂੰ ਵਾਰਤਾਲਾਪ ਦੀ ਮਦਦ ਨਾਲ ਰੰਗਮੰਚ ਜਾਂ ਸਟੇਜ ਉਪਰ ਪੇਸ਼ ਕੀਤੇ ਜਾ ਸਕਣ ਵਾਲੇ ਸਾਹਿਤਿਕ ਰੂਪ ਨੂੰ ਨਾਟਕ ਕਹਿੰਦੇ ਹਨ। ਇਕਾਂਗੀ ਨਾਟਕ ਤੋਂ ਛੋਟਾ ਹੁੰਦਾ ਹੈ।
ਵਿਸ਼ੇਸ਼ਤਾਵਾਂ-
1. ਨਾਟਕ ਦਾ ਆਕਾਰ ਵੱਡਾ ਹੁੰਦਾ ਹੈ।
2. ਨਾਟਕ ਦੋਹਰੇ ਕਿਰਦਾਰ ਵਾਲੀ ਸੰਯੁਕਤ ਕਲਾ ਹੈ।
3. ਨਾਟਕ ਵਿਚਲੇ ਪਾਤਰ ਅਕਸਰ ਵਾਰਤਾਲਾਪ ਕਰਦੇ ਹਨ।
4. ਨਾਟਕ ਵਿਚ ਅਭਿਨੈ (ਅਦਾਕਾਰੀ) ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਤੱਤ- ਨਾਟਕ ਕੲੀ ਤੱਤਾਂ ਦੇ ਸੁਮੇਲ ਤੋਂ ਬਣਦਾ ਹੈ।
1.ਕਥਾਨਕ/ਗੋਂਦ/ਪਲਾਟ- ਕਿਸੇ ਰਚਨਾ ਵਿੱਚ ਚੋਣਵੀਆਂ ਘਟਨਾਵਾਂ ਦੀ ਤਰਤੀਬ ਵਾਰ ਪੇਸ਼ਕਾਰੀ ਪਲਾਟ ਅਖਵਾਉਂਦੀ ਹੈ।" ਡਾ. ਆਤਮਜੀਤ ਦਾ ਮੰਨਣਾ ਹੈ- ਘਟਨਾਵਾਂ ਨੂੰ ਜਿਸ ਲੜੀ ਵਿੱਚ ਗੁੰਦਿਆ ਜਾਂਦਾ ਹੈ ਉਸ ਨੂੰ ਗੋਂਦ ਜਾਂ ਪਲਾਂਟ ਕਹਿੰਦੇ ਹਨ।"ਪੰਜਾਬੀ ਦੇ ਬਹੁਤ ਸਾਰੇ ਨਾਟਕਾਂ ਦੀ ਗੋਂਦ ਜਾਂ ਬਣਤਰ ਗੁੰਦਵੀਂ ਤੇ ਢੁਕਵੀਂ ਹੈ।
ਉਦਾਹਰਣ ਵਜੋਂ- ਨਾਟਕ ਵਾਪਸੀ, ਲੋਹਾ-ਕੁੱਟ, ਕੇਸਰੋ, ਕੱਚ ਦੇ ਗਜਰੇ ਆਦਿ ਦੇ ਪਲਾਟ ਬੜੇ ਗੁੰਦਵੇ ਹਨ।
2. ਪਾਤਰ-ਵਿਧਾਨ- ਪਾਤਰ ਨਾਨਕ ਦੀ ਜਿੰਦ ਜਾਨ ਹੁੰਦੇ ਹਨ। ਨਾਟਕ ਕਿਸੇ ਨਾ ਕਿਸੇ ਪਾਤਰ ਦੀ ਜ਼ਿੰਦਗੀ ਨੂੰ ਜਾਂ ਜ਼ਿੰਦਗੀ ਦੇ ਕੁੱਝ ਹਿੱਸੇ ਨੂੰ ਪੇਸ਼ ਕਰਦਾ ਹੈ। ਕੁਝ ਰਚਨਾਵਾਂ ਪਾਤਰਾਂ ਦੇ ਸਿਰ ਤੇ ਹੀ ਜਿਉਂਦੀਆਂ ਹਨ। ਰਚਨਾਵਾਂ ਵਿਚ ਪਾਤਰ ਅਕਸਰ ਦੋ ਤਰ੍ਹਾਂ ਦੇ ਹੁੰਦੇ ਹਨ।
1) ਗੋਲ ਪਾਤਰ (ਹਾਲਾਤ ਅਨੁਸਾਰ ਬਦਲਣ ਵਾਲੇ)
2) ਚਪਟੇ ਪਾਤਰ (ਹਾਲਾਤ ਅਨੁਸਾਰ ਨਾ ਬਦਲਣ ਵਾਲੇ)
ਪੰਜਾਬੀ ਵਿਚ ਕੲੀ ਨਾਟਕ ਆਪਣੇ ਪਾਤਰਾਂ ਕਰਕੇ ਪ੍ਰਸਿੱਧ ਹੋ ਗਏ ਹਨ। ਮਿਸਾਲ ਦੇ ਤੌਰ ਤੇ- ਨਾਟਕ' ਮੈਂ ਯੁੱਗ ਸਿਰਜਾਂਗਾ ਦਾ ਪਾਤਰ 'ਬਰਛਾ', ਸੱਤ ਬਗਾਨੇ ਦਾ ਪਾਤਰ 'ਨਾਹਰੀ' ਵਿਸ਼ੇਸ਼ ਧਿਆਨ ਮੰਗਦੇ ਹਨ।
'ਕਿੰਗ ਮਿਰਜਾ ਤੇ ਸਪੇਰਾ ਦੇ ਪਾਤਰ ਅਜਿਹੀ ਕਲਾਕਾਰੀ ਨਾਲ ਤਿਆਰ ਕੀਤੇ ਗਏ ਹਨ ਕਿ ਸਾਰੇ ਨਾਟਕ ਵਿੱਚ ਇਹ ਪਤਾ ਨਹੀਂ ਲਗਦਾ ਕਿ ਉਹ ਆਦਮੀ ਹਨ ਜਾਂ ਕੁੱਤੇ। ਅਸਲ ਵਿੱਚ ਉਹ ਪ੍ਰਤੀਕ ਪਾਤਰ ਹਨ।
3. ਵਾਰਤਾਲਾਪ- (ਸੰਵਾਦ / ਡਾਇਲੌਗ) ਵਾਰਤਾਲਾਪ ਰਚਨਾ ਨੂੰ ਰੌਚਕ ਬਣਾਉਂਦੇ ਹਨ ਅਤੇ ਘਟਨਾਵਾਂ ਨੂੰ ਅੱਗੇ ਵਧਾਉਂਦੇ ਹਨ। ਪਾਤਰ ਆਪਸ ਵਿੱਚ ਜੋ ਗੱਲਬਾਤ ਕਰਦੇ ਹਨ ਉਹ ਵਾਰਤਾਲਾਪ ਹੈ। ਵਾਰਤਾਲਾਪ ਰਾਹੀਂ ਪਾਤਰ ਬਾਰੇ ਪਤਾ ਲੱਗਦਾ ਹੈ।
ਉਦਾਹਰਣ ਵਜੋਂ- ਕਣਕ ਦੀ ਬੱਲੀ ਸਿਆਸੀ ਨਾਟਕ 'ਚ ਤਾਰੋ ਤੇ ਬਚਨਾ ਆਪਸ ਵਿੱਚ ਗਲਬਾਤ ਕਰਦੇ ਹਨ।
ਬਚਨਾ- 'ਮੈਂ ਤੇਰੀ ਹਾਸੀ ਦਾ ਬੁੱਕ ਭਰ ਸਕਦਾ ਹਾਂ।'
ਤਾਰੋ-"ਹਾਸੇ ਨਾਲ ਵੀ ਕਿਸੇ ਦਾ ਬੁੱਕ ਭਰਿਆ? ਬੁੱਕ ਤਾਂ ਭਰਦੇੈ ਰੁਪਈਆ ਨਾਲ।"
ਝੰਡੂ- "ਰੱਬ, ਗਰੀਬ ਨੂੰ ਸਿਰ ਦੇਵੇ ਚਾਹੇ ਨਾ, ਪਰ ਹੱਥ ਜ਼ਰੂਰ ਦੇਵੇ।"
4. ਵਿਸ਼ਾ- ਵਿਸ਼ਾ ਰਚਨਾ ਨੂੰ ਅਰਥ ਦਿੰਦਾ ਹੈ। ਹਰ ਰਚਨਾ ਵਿਚ ਕੋਈ ਵਿਚਾਰ ਜਰੂਰ ਪੇਸ਼ ਕੀਤਾ ਹੁੰਦਾ ਹੈ। ਅਕਸਰ ਨਾਟਕ ਦਾ ਵਿਸ਼ਾ ਸਮਾਜਿਕ, ਮਨੋਵਿਗਿਆਨਿਕ, ਰਾਜਨੀਤਿਕ, ਆਰਥਿਕ, ਇਤਿਹਾਸਿਕ ਆਦਿ ਕੋਈ ਵੀ ਹੋ ਸਕਦਾ ਹੈ।
ਉਦਾਹਰਨ- 'ਵਰ-ਘਰ' ਨਾਟਕ ਦਾ ਵਿਸ਼ਾ ਹੈ ਕਿ ਜੇ ਵਰ ਚੰਗਾ ਹੈ ਤਾਂ ਘਰ ਆਪੇ ਚੰਗਾ ਬਣ ਜਾਵੇਗਾ।
'ਸਰਹੱਦਾਂ ਹੋਰ ਵੀ ਨੇ' ਨਾਟਕ ਨਸ਼ਿਆਂ ਬਾਰੇ ਅਤੇ ਸਿਰਜਣਾ ਨਾਟਕ ਔਰਤਾਂ ਬਾਰੇ ਵਿਸ਼ਾ ਨਿਭਾਉਂਦੇ ਹਨ।
5. ਸਿਰਲੇਖ- ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੌਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।
ਉਦਾਹਰਨ- ਇਹ ਲਹੂ ਕਿਸਦਾ ਹੈ, ਘੁੱਗੀ, ਵਾਪਸੀ, ਮਿੱਟੀ ਰੁਦਨ ਕਰੇ ਆਦਿ ਸਿਰਲੇਖ ਬੜੇ ਸੁੰਦਰ ਹਨ।
6. ਬੋਲੀ ਤੇ ਸ਼ੈਲੀ- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ।
ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਨਾਟਕ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ।
ਉਦਾਹਰਣ - ਵਾਰਸ ਨਾਟਕ ਵਿੱਚ ਵਿਅੰਗ ਭਰੀ ਮੁਹਾਵਰੇਦਾਰ ਬੋਲੀ ਦੀ ਉਦਾਹਰਣ ਇਸ ਤਰ੍ਹਾਂ ਹੈ।
ਭਾਗਭਰੀ- ਆਹੋ ਬਈ, ਜਿਹੜੇ ਬੰਦਿਆਂ ਨੂੰ ਚਾਰ ਜਾਂਦੇ ਨੇ, ਉਹਨਾਂ ਨੇ ਡੰਗਰ ਕੀ ਚਾਰਨੇ ਹੋਏ।
7. ਉਦੇਸ਼-ਹਰ ਰਚਨਾ ਦਾ ਕੋਈ ਉਦੇਸ਼ ਹੁੰਦਾ ਹੈ। ਸਮਾਜ ਨੂੰ ਸੇਧ ਦੇਣਾ ਜਾਂ ਕਿਸੇ ਹਾਲਤ ਦਾ ਬਿਆਨ ਕਰ ਦੇਣਾ ਨਾਟਕ ਦਾ ਮੁੱਖ ਮਨੋਰਥ ਹੈ।
ਉਦਾਹਰਣ- 'ਚੰਨ ਜਦੋਂ ਰੋਟੀ ਲਗਦਾ ਹੈ' ਨਾਟਕ ਦਾ ਉਦੇਸ਼ ਕਾਰਗਿਲ ਦੀ ਜੰਗ ਦੇ ਸ਼ਹੀਦਾਂ ਤੇ ਪਰਿਵਾਰਿਕ ਜੀਵਨ ਬਾਰੇ ਜਾਣਕਾਰੀ ਦੇਣਾ ਹੈ।
8. ਵਾਤਾਵਰਣ- ਨਾਟਕ ਵਿਚ ਵਿਸ਼ੇ ਤੇ ਕਹਾਣੀ ਮੁਤਾਬਿਕ ਵਾਤਾਵਰਣ ਚੁਣਿਆ ਹੁੰਦਾ ਹੈ। ਪੇਂਡੂ ਪਾਤਰ ਪਿੰਡਾਂ ਵਾਲੀ ਬੋਲੀ ਬੋਲਦੇ ਹਨ। ਪੇਂਡੂ ਪਹਿਰਾਵਾ ਪਾਉਂਦੇ ਹਨ। ਸੋ, ਅਜਿਹੇ ਨਾਟਕ ਵਿੱਚ ਪੇਂਡੂ ਨਾਟਕ ਹੁੰਦਾ ਹੈ। ਪੰਜਾਬੀ ਵਿੱਚ ਗੁਰਦਿਆਲ ਸਿੰਘ ਨੇ, ਮਾਲਵੇ ਦੇ ਵਾਤਾਵਰਣ ਵਾਲੇ ਆਂਚਲਿਕ ਨਾਟਕ ਲਿਖਿਆ ਹੈ। ਨਰੂਲਾ ਨੇ ਮਾਂਝੇ ਦਾ ਵਾਤਾਵਰਣ ਪੇਸ਼ ਕੀਤਾ ਹੈ।
ਉਦਾਹਰਣ- 'ਮੁਕਤੀ' ਨਾਟਕ ਬਿਰਧ ਆਸ਼ਰਮ ਵਾਲਾ ਹੈ।
ਰੰਗਮੰਚ ਜਾਂ ਸਟੇਜ- ਰੰਗਮੰਚ ਜਾਂ ਸਟੇਜ ਜਿਸ ਉਪਰ ਨਾਟਕ ਖੇਡਿਆ ਜਾਂਦਾ ਹੈ। ਨਾਟਕ ਦੀ ਅਸਲ ਪਛਾਣ ਹੈ। ਸਿਰਫ ਉਹੀ ਨਾਟਕ ਸਫਲ ਹੈ ਜੋ ਸਟੇਜ ਉਪਰ ਪੇਸ਼ ਕੀਤਾ ਜਾ ਸਕੇ। ਡਾ. ਆਤਮਜੀਤ ਦਾ ਇਕੋ ਤੱਤ ਮੰਨਣਾ ਹੈ ਕਿ ਲਿਖਤੀ ਰੂਪ ਨਾਟਕ ਦਾ ਪੇਕਾ ਘਰ ਹੈ ਅਤੇ ਰੰਗ ਮੰਚ ਉਸ ਦਾ ਸਹੁਰਾ ਘਰ ਹੈ ਜਿਥੇ ਜਾ ਕੇ ਉਸ ਨੇ ਵਸਣਾ ਹੈ।ਇਸ ਦੇ ਜਵਾਬ ਵਿਚ ਸੰਤ ਸਿੰਘ ਸੇਖੋਂ ਨੇ ਲਿਖਿਆ ਹੈ ਜੇ ਕੁੜੀ ਦਾ ਵਿਆਹ ਨਾ ਵੀ ਹੋਵੇ ਉਹ ਸਹੁਰੇ ਘਰ ਨਾ ਵੀ ਵਸੇ ਤਾਂ ਵੀ ਰਹਿੰਦੀ ਤਾਂ ਉਹ ਕੁੜੀ ਹੀ ਹੈ। ਸੋ, ਜੋ ਨਾਟਕ ਸਟੇਜ ਤੇ ਨਾ ਖੇਡ ਹੋਵੇ ਰਹਿੰਦਾ ਤਾਂ ਉਹ ਨਾਟਕ ਹੀ ਹੈ।
ਰੰਗਮੰਚ ਉਪਰ ਆਵਾਜ਼ ਤੇ ਰੌਸ਼ਨੀ ਦੀ ਤਕਨੀਕ ਵਰਤ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ।
ਪੰਜਾਬੀ ਨਾਟਕ ਦਾ ਇਤਿਹਾਸ-
ਪੰਜਾਬੀ ਨਾਟਕ ਦਾ ਜਨਮ ਪੱਛਮੀ ਪ੍ਰਭਾਵ ਵਿਚ ਸ੍ਰੀਮਤੀ ਨੌਰਾ ਰਿਚਰਡਜ਼ ਦੇ ਵਿਦਿਆਰਥੀ ਡਾ.ਆਈ. ਸੀ. ਨੰਦਾ ਨੇ ਕੀਤਾ। ਡਾ. ਹਰਚਰਨ ਸਿੰਘ, ਹਰਸਰਨ ਸਿੰਘ, ਕਪੂਰ ਸਿੰਘ ਘੁੰਮਣ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਪਾਲ ਟਿਵਾਣਾ, ਅਜਮੇਰ ਔਲਖ, ਸੀ. ਡੀ. ਸਿੱਧੂ, ਗੁਰਚਰਨ ਸਿੰਘ ਜਸੂਜਾ, ਡਾ. ਸਤੀਸ਼ ਵਰਮਾ, ਡਾ ਆਤਮਜੀਤ, ਭਾਅ ਜੀ ਗੁਰਸ਼ਰਨ ਸਿੰਘ ਨੇ ਨਾਟਕ ਦਾ ਵਿਕਾਸ ਕੀਤਾ। ਸੁਰਜੀਤ ਸੇਠੀ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਨਿਰਮਲ ਜੌੜਾ, ਰਾਣਾ ਰਣਬੀਰ, ਸੋਮਪਾਲ ਹੀਰਾ, ਹਰਕੇਸ਼ ਚੌਧਰੀ, ਸੁਰਿੰਦਰ ਸ਼ਰਮਾਂ, ਰੰਗ ਹਰਜਿੰਦਰ ਆਦਿ ਅਨੇਕਾਂ ਨਾਟਕਕਾਰ ਤੇ ਰੰਗ ਕਰਮੀ ਅੱਜ ਕੱਲ ਇਸ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ।
ਰੇਡੀਓ ਨਾਟਕ, ਨੁਕੜ ਨਾਟਕ, ਓਪੇਰਾ ਆਦਿ ਰਾਹੀਂ ਪੰਜਾਬੀ ਨਾਟਕ ਤੇ ਰੰਗਮੰਚ ਅੱਗੇ ਵੱਧ ਰਿਹਾ ਹੈ। ਅੱਜ ਵੀ ਲੋਕਾਂ ਨੂੰ ਸੇਧ ਦੇਣ ਅਤੇ ਮਨੋਰੰਜਨ ਕਰਨ ਲਈ ਨਾਟਕ ਸਸਤਾ ਅਤੇ ਸਮਰੱਥ ਸਾਧਨ ਹੈ।


0 Comments