ਕਹਾਣੀ, ਸਾਹਿਤ ਦਾ ਇਕ ਰੋਚਕ ਤੇ ਪ੍ਰਸਿੱਧ ਰੂਪ ਹੈ। ਨਿੱਕੀ ਕਹਾਣੀ ਕਿਸੇ ਨਾ ਕਿਸੇ ਕਥਾ ਦੇ ਰੂਪ ਵਿਚ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਕਹਾਣੀ ਵਿਚ ਕਿਸੇ ਘਟਨਾ ਦਾ ਬਿਆਨ ਪਾਤਰਾਂ ਦੀ ਮਦਦ ਨਾਲ ਬਿਰਤਾਂਤ ਰੂਪ ਵਿਚ ਪੇਸ਼ ਹੁੰਦਾ ਹੈ। ਬਾਤਾਂ ਜਾਂ ਇਤਿਹਾਸ ਮਿਥਿਹਾਸ ਦੇ ਕੁਝ ਹਵਾਲੇ ਕਹਾਣੀ-ਕਲਾ ਦਾ ਹੀ ਰੂਪ ਹਨ।
ਪਰਿਭਾਸ਼ਾ -
ਡਾ. ਬਲਦੇਵ ਸਿੰਘ ਅਨੁਸਾਰ- "ਕਹਾਣੀ, ਜੀਵਨ-ਚੌਰਸਤੇ 'ਤੇ ਲੱਗੀ ਤ੍ਰੈ-ਪੱਖੀ ਬੱਤੀ ਹੈ, ਕੋਈ ਸ਼ਾਹ ਰਾਹ ਨਹੀਂ।"
ਐਲਰੀ ਸੇਜਵਿਕ ਅਨੁਸਾਰ- "ਕਹਾਣੀ ਘੋੜ ਦੌੜ ਵਾਂਗ ਹੁੰਦੀ ਹੈ। ਇਸ ਦਾ ਆਰੰਭ ਤੇ ਅੰਤ ਬਹੁਤ ਮਹੱਤਵਪੂਰਨ ਹੁੰਦਾ ਹੈ।"
ਸੋ, ਕਹਾਣੀ ਛੋਟੇ ਆਕਾਰ ਦੀ ਗਲਪ ਰਚਨਾ ਹੈ। ਇਸ ਨੂੰ ਇਕੋ ਵਾਰ ਵਿੱਚ ਪੜ੍ਹਿਆ ਜਾ ਸਕਦਾ ਹੈ।
ਵਿਸ਼ੇਸ਼ਤਾਵਾਂ -
1.ਕਹਾਣੀ ਦਾ ਅਕਾਰ ਛੋਟਾ ਹੁੰਦਾ ਹੈ। ਜਿਵੇਂ- ਦੋ ਤਿੰਨ ਪੰਨੇ।
2.ਕਹਾਣੀ ਵਿੱਚ ਗਤੀਸ਼ੀਲਤਾ ਤੇ ਦਿਲਚਸਪੀ ਹੁੰਦੀ ਹੈ।
3.ਅਕਸਰ ਕਹਾਣੀ ਵਿਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੁੰਦੀ ਹੈ।
ਤੱਤ- ਕਹਾਣੀ ਕੲੀ ਤੱਤਾਂ ਦੇ ਸੁਮੇਲ ਤੋਂ ਬਣਦੀ ਹੈ।ਕਥਾਨਕ /ਗੋਂਦ/ਪਲਾਟ- ਕਿਸੇ ਰਚਨਾ ਵਿੱਚ ਚੋਣਵੀਆਂ ਘਟਨਾਵਾਂ ਦੀ ਤਰਤੀਬ ਵਾਰ ਪੇਸ਼ਕਾਰੀ ਪਲਾਟ ਅਖਵਾਉਂਦੀ ਹੈ।" ਡਾ. ਆਤਮਜੀਤ ਦਾ ਮੰਨਣਾ ਹੈ- ਘਟਨਾਵਾਂ ਨੂੰ ਜਿਸ ਲੜੀ ਵਿੱਚ ਗੁੰਦਿਆ ਜਾਂਦਾ ਹੈ ਉਸ ਨੂੰ ਗੋਂਦ ਜਾਂ ਪਲਾਂਟ ਕਹਿੰਦੇ ਹਨ।" ਪੰਜਾਬੀ ਦੇ ਬਹੁਤ ਸਾਰੇ ਕਹਾਣੀਆਂ ਦੀ ਗੋਂਦ ਜਾਂ ਬਣਤਰ ਗੁੰਦਵੀਂ ਤੇ ਢੁਕਵੀਂ ਹੈ। ਉਦਾਹਰਨ ਵਜੋਂ- ਸਾਂਝ ਕਹਾਣੀ, ਘਰ ਜਾ ਆਪਣੇ, ਆਦਿ ਦਾ ਪਲਾਟ ਗੁੰਦਵਾਂ ਹੈ।
2. ਪਾਤਰ- ਪਾਤਰ ਕਹਾਣੀ ਦੀ ਜਿੰਦ ਜਾਨ ਹੁੰਦੇ ਹਨ। ਕਹਾਣੀ ਕਿਸੇ ਨਾ ਕਿਸੇ ਪਾਤਰ ਦੀ ਜ਼ਿੰਦਗੀ ਨੂੰ ਜਾਂ ਜ਼ਿੰਦਗੀ ਦੇ ਕੁੱਝ ਹਿੱਸੇ ਨੂੰ ਪੇਸ਼ ਕਰਦਾ ਹੈ। ਕੁਝ ਰਚਨਾਵਾਂ ਪਾਤਰਾਂ ਦੇ ਸਿਰ ਤੇ ਹੀ ਜਿਉਂਦੀਆਂ ਹਨ। ਰਚਨਾਵਾਂ ਵਿਚ ਪਾਤਰ ਅਕਸਰ ਦੋ ਤਰ੍ਹਾਂ ਦੇ ਹੁੰਦੇ ਹਨ।
1) ਗੋਲ ਪਾਤਰ (ਹਾਲਾਤ ਅਨੁਸਾਰ ਬਦਲਣ ਵਾਲੇ)
2) ਚਪਟੇ ਪਾਤਰ (ਹਾਲਾਤ ਅਨੁਸਾਰ ਨਾ ਬਦਲਣ ਵਾਲੇ)
ਪੰਜਾਬੀ ਵਿਚ ਕੲੀ ਕਹਾਣੀ ਆਪਣੇ ਪਾਤਰਾਂ ਕਰਕੇ ਪ੍ਰਸਿੱਧ ਹੋ ਗਏ ਹਨ।
ਉਦਾਹਰਣ ਵਜੋਂ-
ਮਾੜਾ ਬੰਦਾ ਕਹਾਣੀ ਦਾ ਪਾਤਰ ਰਿਕਸ਼ੇ ਵਾਲਾ
ਬਗ਼ਲਾਂ ਦੀ ਪਾਤਰ ਸੋਨੀਆ ਗਿੱਲ
ਗੁਲਬਾਨੋ ਕਹਾਣੀ ਦੀ ਪਾਤਰ
3. ਵਾਰਤਾਲਾਪ- (ਸੰਵਾਦ / ਡਾਇਲੌਗ) ਵਾਰਤਾਲਾਪ ਰਚਨਾ ਨੂੰ ਰੌਚਕ ਬਣਾਉਂਦੇ ਹਨ ਅਤੇ ਘਟਨਾਵਾਂ ਨੂੰ ਅੱਗੇ ਵਧਾਉਂਦੇ ਹਨ। ਪਾਤਰ ਆਪਸ ਵਿੱਚ ਜੋ ਗੱਲਬਾਤ ਕਰਦੇ ਹਨ ਉਹ ਵਾਰਤਾਲਾਪ ਹੈ। ਵਾਰਤਾਲਾਪ ਰਾਹੀਂ ਪਾਤਰ ਬਾਰੇ ਪਤਾ ਲੱਗਦਾ ਹੈ।
ਉਦਾਹਰਣ ਵਜੋਂ-
ਕਰਤਾਰ ਸਿੰਘ ਦੁੱਗਲ ਦੀ ਕਹਾਣੀ ਨੀਲੀ ਵਿੱਚ ਗਾਂ ਇਕ ਵਾਰਤਾਲਾਪ ਬੋਲਦੀ ਜਾਪਦੀ ਹੈ-
'ਤੂੰ ਮੁੜ ਆ ਮੇਰੇ ਮਾਲਕ। ਮੈਨੂੰ ਇੰਜ ਭੁੱਖੀ ਨਾ ਮਾਰ।'
4. ਵਾਤਾਵਰਣ- (ਸਥਾਨਕ ਰੰਗਣ)- ਕਹਾਣੀ ਵਿਚ ਵਿਸ਼ੇ ਤੇ ਕਹਾਣੀ ਮੁਤਾਬਿਕ ਵਾਤਾਵਰਣ ਚੁਣਿਆ ਹੁੰਦਾ ਹੈ। ਪੇਂਡੂ ਪਾਤਰ ਪਿੰਡਾਂ ਵਾਲੀ ਬੋਲੀ ਬੋਲਦੇ ਹਨ। ਪੇਂਡੂ ਪਹਿਰਾਵਾ ਪਾਉਂਦੇ ਹਨ। ਸੋ, ਅਜਿਹੇ ਕਹਾਣੀ ਵਿੱਚ ਪੇਂਡੂ ਕਹਾਣੀ ਹੁੰਦਾ ਹੈ। ਪੰਜਾਬੀ ਵਿੱਚ ਗੁਰਦਿਆਲ ਸਿੰਘ ਨੇ, ਮਾਲਵੇ ਦੇ ਵਾਤਾਵਰਣ ਵਾਲੇ ਆਂਚਲਿਕ ਕਹਾਣੀ ਲਿਖੀ ਹੈ। ਨਰੂਲਾ ਨੇ ਮਾਂਝੇ ਦਾ ਵਾਤਾਵਰਣ ਪੇਸ਼ ਕੀਤਾ ਹੈ।
ਉਦਾਹਰਣ ਵਜੋਂ- 'ਪੇਮੀ ਦੇ ਨਿਆਣੇ' ਕਹਾਣੀ ਵਿਚ ਸੰਤ ਸਿੰਘ ਸੇਖੋਂ ਨੇ ਮਨੋਵਿਗਿਆਨਿਕ ਵਾਤਾਵਰਣ ਤੇ ਪੇਂਡੂ ਵਾਤਾਵਰਣ ਦਾ ਸੁੰਦਰ ਚਿਤਰਨ ਕੀਤਾ ਹੈ।
5. ਵਿਸ਼ਾ- ਵਿਸ਼ਾ ਰਚਨਾ ਨੂੰ ਅਰਥ ਦਿੰਦਾ ਹੈ। ਹਰ ਰਚਨਾ ਵਿਚ ਕੋਈ ਵਿਚਾਰ ਜਰੂਰ ਪੇਸ਼ ਕੀਤਾ ਹੁੰਦਾ ਹੈ। ਅਕਸਰ ਕਹਾਣੀ ਦਾ ਵਿਸ਼ਾ ਸਮਾਜਿਕ, ਮਨੋਵਿਗਿਆਨਿਕ, ਰਾਜਨੀਤਿਕ, ਆਰਥਿਕ, ਇਤਿਹਾਸਿਕ ਆਦਿ ਕੋਈ ਵੀ ਹੋ ਸਕਦਾ ਹੈ। ਉਦਾਹਰਨ ਵਜੋਂ- ਇਤਿਹਾਸਕ ਵਿਸ਼ੇ ਨਾਲ ਸੰਬੰਧਿਤ ਕਹਾਣੀ 'ਸਤੀਆਂ ਸੇਈ' ਵਿਚ ਦਲੀਪ ਕੌਰ ਟਿਵਾਣਾ ਨੇ, ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਜੀਵਨ ਨੂੰ ਪੇਸ਼ ਕੀਤਾ ਹੈ। ਇਹ ਵਿਸ਼ਾ ਬਿਲਕੁਲ ਨਵਾਂ ਹੈ।
6. ਸਿਰਲੇਖ- ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੋਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।
ਉਦਾਹਰਣ ਵਜੋਂ -ਕੁਲਫੀ, ਧਰਤੀ ਹੇਠਲਾ ਬੌਲਦ, ਇਕ ਪੈਰ ਘੱਟ ਤੁਰਨਾ, ਕੁਰਸੀ, ਕਾਰ-ਖਿਡੌਣਾ, ਭੂਆ ਆਦਿ ਕਹਾਣੀਆਂ ਦੇ ਸਿਰਲੇਖ ਬੜੇ ਸੁੰਦਰ ਹਨ।
7. ਉਦੇਸ਼- ਹਰ ਰਚਨਾ ਦਾ ਕੋਈ ਉਦੇਸ਼ ਹੁੰਦਾ ਹੈ। ਸਮਾਜ ਨੂੰ ਸੇਧ ਦੇਣਾ ਜਾਂ ਕਿਸੇ ਹਾਲਤ ਦਾ ਬਿਆਨ ਕਰ ਦੇਣਾ ਕਹਾਣੀ ਦਾ ਮੁੱਖ ਮਨੋਰਥ ਹੈ।
ਉਦਾਹਰਣ ਵਜੋਂ- ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਕਹਾਣੀ 'ਜ਼ਿੰਦਗੀ ਮੋੜੀ ਜਾ ਸਕਦੀ ਹੈ ਮੌਤ ਨਹੀਂ।' ਵਿਚ ਇਹ ਸੇਧ ਦਿੱਤੀ ਹੈ ਕਿ ਕਿਸੇ ਦੇ ਜ਼ੁਲਮ ਤੋਂ ਡਰ ਕੇ ਆਤਮ-ਹੱਤਿਆ ਕਰਨ ਦੀ ਜ਼ਰੂਰਤ ਨਹੀਂ ਸਗੋਂ ਉਸ ਜਾਲਮ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
8. ਬੋਲੀ ਤੇ ਸ਼ੈਲੀ- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ।
ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਕਹਾਣੀ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ।
ਮਿਸਾਲ ਦੇ ਤੌਰ ਤੇ- ਕਹਾਣੀਕਾਰ ਖਿਡੌਣਾ ਪ੍ਰਤੀਕਮਈ ਬੋਲੀ ਵਿੱਚ ਲੇਖਕ ਕਹਿੰਦਾ ਹੈ- 'ਬੇਟੀ, ਮੇਰੀ ਕਾਰ ਤਾਂ ਕੋਕੋ ਲੈ ਗਈ ਜੇ ਹੁਣ ਤੇਰੀ ਕਾਰ ਲੈਣ ਆਈ ਤਾਂ ਮੈਂ ਉਸਨੂੰ ਬਹੁਤ ਮਾਂਰੂਗਾ।
ਪੰਜਾਬੀ ਕਹਾਣੀ ਦਾ ਇਤਿਹਾਸ-
ਪੰਜਾਬੀ ਵਿਚ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ, ਪ੍ਰਿੰਸੀਪਲ ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਮੋਹਨ ਭੰਡਾਰੀ, ਵਰਿਆਮ ਸੰਧੂ, ਗੁਰਬਚਨ ਸਿੰਘ ਭੁੱਲਰ, ਬਚਿੰਤ ਕੌਰ, ਕਰਤਾਰ ਸਿੰਘ ਦੁੱਗਲ, ਜਤਿੰਦਰ ਹਾਂਸ, ਸਾਂਵਲ ਧਾਮੀ ਵਰਗੇ ਲੇਖਕਾਂ ਨੇ ਇਸ ਰੂਪ ਦਾ ਵਿਕਾਸ ਕੀਤਾ ਹੈ। ਪੰਜਾਬੀ ਕਹਾਣੀ ਅੱਜ-ਕੱਲ੍ਹ ਇੰਟਰਨੈਟ ਤੇ ਛਾ ਰਹੀ ਹੈ। ਇਸ ਦੇ ਉੱਜਲੇ (ਰੌਸ਼ਨ) ਭਵਿੱਖ ਦੀ ਉਮੀਦ ਹੈ।


0 Comments