Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਨਿਬੰਧ ਸਾਹਿਤ ਰੂਪ ਤੇ ਨੋਟ ਲਿਖੋ ?

               ਨਿਬੰਧ ਸਾਹਿਤ ਦਾ ਇਕ ਪ੍ਰਭਾਵਸ਼ਾਲੀ ਰੂਪ ਹੈ। ਇਹ ਵਾਰਤਕ ਦੀ  ਇੱਕ ਕਿਸਮ ਹੈ। ਇਸ ਵਿੱਚ ਭਾਵੇਂ ਲੈਅ ਨਹੀਂ ਹੁੰਦੀ। ਪਰ ਰੌਚਕਤਾ ਜ਼ਰੂਰ ਹੁੰਦੀ ਹੈ। ਇਸ ਨੂੰ ਦਿਮਾਗ ਦੀ ਬੋਲੀ ਕਿਹਾ ਜਾਂਦਾ ਹੈ। ਇਸ ਵਿੱਚ ਲੇਖਕ ਆਪਣੇ ਵਿਚਾਰ, ਦਲੀਲ (ਤਰਕ), ਅੰਕੜੇ, ਤੱਥ-ਸੱਚ ਤੇ ਉਦਾਹਰਨਾਂ ਰਾਹੀਂ ਪੇਸ਼ ਕਰਦਾ ਹੈ।

ਪਰਿਭਾਸ਼ਾ- ਡਾ. ਪਰਮਿੰਦਰ ਸਿੰਘ ਅਨੁਸਾਰ:- "ਨਿਬੰਧ, ਵਿਚਾਰ ਪ੍ਰਧਾਨ ਬੌਧਿਕ ਰਚਨਾ ਹੈ।"
 ਅਚਾਰੀਆ ਰਾਮ ਚੰਦਰ ਸ਼ੁਕਲ ਅਨੁਸਾਰ:- "ਨਿਬੰਧ, ਵਾਰਤਕ ਦੀ ਕਸਵੱਟੀ ਹੈ।" ਸੋ, ਨਿਬੰਧ ਵਿਚ ਵਿਚਾਰਾਂ ਅਤੇ ਅਨੁਭਵਾਂ ਨੂੰ ਨਿੱਜੀ ਛੋਹਾਂ (ਆਪਣੀਆਂ ਜਾਂ ਘਰੇਲੂ ਵਿਧੀਆਂ) ਰਾਂਹੀ ਪ੍ਰਗਟ ਕੀਤਾ ਜਾਂਦਾ ਹੈ।

ਵਿਸ਼ੇਸ਼ਤਾਵਾਂ -
1. ਨਿਬੰਧ ਸਾਦਾ ਅਤੇ ਸਪਸ਼ਟ ਹੁੰਦਾ ਹੈ। 
2. ਇਹ ਦਿਮਾਗ ਦੀ ਬੋਲੀ ਹੈ।
3. ਇਸ ਵਿਚ ਭਾਵਾਂ ਨਾਲੋਂ ਵੱਧ ਵਿਚਾਰ ਅਤੇ ਤਰਕ ਹੁੰਦੇ ਹਨ। 
4. ਇਹ ਵਾਰਤਕ ਦੀ ਕਿਸਮ ਹੈ।

ਨਿਬੰਧ ਦੇ ਤੱਤ- 

1. ਵਿਚਾਰ -ਵਿਚਾਰ ਨਿਬੰਧ ਨੂੰ ਕੋਈ ਅਰਥ ਦਿੰਦੇ ਹਨ। ਲੇਖਕ ਆਪਣੇ ਵਿਚਾਰਾਂ ਨੂੰ ਪਾਠਕ ਦੇ ਸਾਹਮਣੇ ਪੇਸ਼ ਕਰ ਦਿੰਦਾ ਹੈ। ਨਿਬੰਧ ਕਿਸੇ ਨਾ ਕਿਸੇ ਵਿਸ਼ੇ ਬਾਰੇ ਜ਼ਰੂਰ ਹੁੰਦਾ ਹੈ। ਵਿਚਾਰ ਤੋਂ ਬਿਨਾਂ ਰਚਨਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਦਾਹਰਣ ਵਜੋਂ- ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣਾ ਵਿਚਾਰ ਦਿੱਤਾ ਹੈ- 
              "ਪਿਆਰ, ਕਬਜ਼ਾ ਨਹੀ, ਪਹਿਚਾਣ ਹੈ।"

2. ਬੋਲੀ ਤੇ ਸ਼ੈਲੀ - ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਲੇਖਕ ਆਪਣੇ ਸ਼ਬਦਾਂ ਰਾਹੀਂ ਆਪਣੇ ਵਿਚਾਰ ਅਤੇ ਭਾਵ ਪ੍ਰਗਟ ਕਰਦਾ ਹੈ। ਭਾਸ਼ਾ ਤੋਂ ਬਿਨਾਂ ਕੋਈ ਸਾਹਿਤ ਰਚਨਾ ਹੋ ਹੀ ਨਹੀਂ ਸਕਦੀ। ਬੋਲੀ ਢੁਕਵੀਂ ਸੌਖੀ ਤੇ ਸਪਸ਼ਟ ਹੋਣੀ ਚਾਹੀਦੀ ਹੈ। ਸ਼ੈਲੀ ਤੋਂ ਭਾਵ ਹੈ ਢੰਗ ਜਾਂ ਤਰੀਕਾ। ਅੰਗਰੇਜ਼ੀ ਵਿਦਵਾਨ ਨੇ ਕਿਹਾ ਸੀ-"Style is the man."(ਸ਼ੈਲੀ ਹੀ ਮਨੁੱਖ ਹੈ।) ਸੋ, ਲੇਖਕ ਅਕਸਰ ਕਈ ਸ਼ੈਲੀਆਂ ਵਰਤਦਾ ਹੈ। ਜਿਵੇਂ- ਡਾਇਰੀ ਸ਼ੈਲੀ, ਨਾਟਕੀ ਸ਼ੈਲੀ, ਸੰਬੋਧਨੀ ਸ਼ੈਲੀ, ਕਾਵਿਕ ਸ਼ੈਲੀ, ਬਿਆਨੀਆ ਸ਼ੈਲੀ ਆਦਿ। ਪ੍ਰਿੰਸੀਪਲ ਤੇਜਾ ਸਿੰਘ ਨੇ ਠੇਠ, ਸ਼ੁੱਧ ਤੇ ਟਕਸਾਲੀ ਬੋਲੀ ਵਿੱਚ ਲਿਖਿਆ ਹੈ- "ਅੱਜ-ਕੱਲ੍ਹ ਬੋਲੀ ਮਨ ਦੇ ਭਾਵ ਪ੍ਰਗਟਾਉਣ ਲਈ ਨਹੀਂ ਸਗੋਂ ਛੁਪਾਉਣ ਲਈ ਵਰਤੀ ਜਾਂਦੀ ਹੈ।"

3. ਤਰਕਸ਼ੀਲਤਾ ਦੇ ਹਵਾਲੇ - ਨਿਬੰਧ ਵਿਚ ਲੇਖਕ ਆਪਣੇ ਵਿਚਾਰ ਮਜ਼ਬੂਤ ਕਰਨ ਲਈ ਦਲੀਲ (ਤਰਕ) ਦਿੰਦਾ ਹੈ। ਕਈ ਵਾਰ ਕੋਈ ਉਦਾਹਰਣ ਜਾਂ ਹਵਾਲਾ ਵੀ ਦਿੱਤਾ ਜਾਂਦਾ ਹੈ। ਅਸੀਂ ਪਾਠਕ ਕਿਸੇ ਉਦਹਾਰਨ ਤੋਂ ਵੱਧ ਪ੍ਰਭਾਵਿਤ ਹੁੰਦੇ ਹਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕੁਝ ਲੋਕਾਂ ਨੇ ਰੋਟੀ ਖਾਣ ਦਾ ਅੰਦਾਜ਼ ਦੱਸਿਅਾ ਹੈ।
         "ਕੁਝ ਲੋਕ ਮੂੰਹ ਅੱਡ ਕੇ ਇੰਜ ਖਾਂਦੇ ਹਨ ਕਿ ਖ਼ੁਰਾਕ ਮੂੰਹ ਵਿਚੋਂ ਬਾਹਰ ਵੱਧ ਡੁੱਲਦੀ ਹੈ ਜਿਵੇਂ ਨਿਆਗਰਾ ਫਾਲ ਦੇ ਝਰਨੇ ਚੋਂ ਪਾਣੀ ਡਿੱਗਦਾ ਹੋਵੇ।

4. ਉਦੇਸ਼ - ਨਿਬੰਧ ਦਾ ਉਦੇਸ਼ ਆਮ ਤੌਰ ਤੇ ਕਈ ਜਾਣਕਾਰੀ ਸਾਂਝੀ ਕਰਨਾ ਜਾਂ ਸਮਾਜ ਦਾ ਸੁਧਾਰ ਕਰਨਾ ਹੁੰਦਾ ਹੈ। ਲੇਖਕ ਅਜਿਹਾ ਵਿਸ਼ਾ ਚੁਣਦਾ ਹੈ ਜੋ ਪੜ੍ਹਨ ਵਾਲੇ ਨੂੰ ਕੁਝ ਬਿਹਤਰ ਬਣਾ ਸਕੇ। ਮਿਸਾਲ ਦੇ ਤੌਰ ਤੇ ਡਾ. ਨਰਿੰਦਰ ਕਪੂਰ ਨੇ ਦੱਸਿਆ ਹੈ-    "ਅਸੀਂ ਅਕਸਰ, ਦੂਜਿਆਂ ਵਿੱਚ ਉਹੀ ਕਮੀਆਂ ਕੱਢਦੇ ਹਾਂ, ਜੋ ਸਾਡੇ ਅੰਦਰ ਵੀ ਹੁੰਦੀਆਂ ਹਨ।"

5. ਅਨੁਭਵ - ਨਿਬੰਧਕਾਰ ਆਪਣੇ ਜੀਵਨ ਦੇ ਤਜਰਬਿਆਂ ਵਿਚੋਂ ਸਿੱਖ ਕੇ ਨਿਬੰਧ ਲਿਖਣ ਲੱਗਦਾ ਹੈ। ਇਸ ਕਰਕੇ ਅਕਸਰ ਆਦਮੀ ਵੱਡੀ ਉਮਰ ਵਿਚ ਨਿਬੰਧ ਲਿਖਦਾ ਹੈ ਜਵਾਨੀ ਵਿੱਚ ਨਹੀਂ।

6. ਸਿਰਲੇਖ - ਨਿਬੰਧ ਦਾ ਸਰਲੇਖ ਛੋਟਾ ਤੇ ਢੁਕਵਾਂ ਹੋਣਾ ਚਾਹੀਦਾ ਹੈ। ਜੋ ਨਿਬੰਧ ਦਾ ਕੇਂਦਰ ਬਿੰਦੂ ਹੋਵੇ। ਜਿਸ ਦੁਆਲੇ ਸਾਰੀ ਰਚਨਾ ਘੁੰਮਦੀ ਹੋਵੇ। ਸਿਰਲੇਖ ਰੋਚਕ ਵੀ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਨਿਬੰਧ ਪੜਨ ਨੂੰ ਮਨ ਕਰ ਆਵੇ।
          ਸ਼ਹਿਰ ਦਾ ਨਲਕਾ ਨਿਬੰਧ ਦੱਸਦਾ ਹੈ ਕਿ ਤਰ੍ਹਾਂ-ਤਰ੍ਹਾਂ ਦੇ ਲੋਕ ਉਸ ਕੋਲ ਆਉਂਦੇ ਹਨ। ਜਦ ਕੋਈ ਸ਼ਰਾਬੀ ਉਸ ਨੂੰ ਮੂੰਹ ਲਾ ਕੇ ਪਾਣੀ ਪੀਂਦਾ ਹੈ ਤਾਂ ਉਸ ਨੂੰ ਬੜਾ ਬੁਰਾ ਲੱਗਦਾ।

7. ਨਿੱਜੀ ਛੋਹਾਂ - ਨਿਬੰਧ ਵਿਚ ਲੇਖਕ ਆਪਣੀ ਉਦਾਹਰਨ ਦੇ ਕੇ ਜਾਂ ਆਪਣੇ ਨਜ਼ਰੀਏ ਤੋਂ ਲਿਖਦਾ ਹੈ। ਉਸ ਦੀ ਆਪਣੀ ਸੋਚ ਤੇ ਸ਼ਖਸੀਅਤ ਕਾਫ਼ੀ ਪ੍ਰਭਾਵ ਪਾਉਂਦੀ ਹੈ। ਡਾ. ਹਰਭਜਨ ਸਿੰਘ ਨੇ ਔਰਤ ਬਾਰੇ ਲਿਖਿਆ ਸੀ-
       "ਮਰਦ ਵੇਖਦਾ ਹੈ ਤੇ ਔਰਤ ਵੇਖੀ ਜਾਂਦੀ ਹੈ।"
 ਲੇਖਕ ਵੇਰਵਿਆਂ ਨੂੰ ਸਹੀ ਤਰਤੀਬ ਦਿੰਦਾ ਹੈ।

ਪੰਜਾਬੀ ਨਿਬੰਧ ਦਾ ਇਤਿਹਾਸ - ਪੰਜਾਬੀ ਵਿਚ ਨਿਬੰਧ ਲਾਲ ਸਿੰਘ ਕਮਲਾ ਅਕਾਲੀ ਦੇ ਸ਼ੁਰੂ ਕੀਤੇ। ਡਾ. ਮੋਹਨ ਸਿੰਘ ਦੀਵਾਨਾ, ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਿੰ. ਤੇਜਾ ਸਿੰਘ, ਕੁਲਬੀਰ ਸਿੰਘ ਕਾਂਗ, ਡਾ. ਨਰਿੰਦਰ ਕਪੂਰ, ਪ੍ਰਿੰ. ਸਰਵਣ ਸਿੰਘ ਨੇ  ਨਿਬੰਧ ਲਿਖਣ ਦੀ ਪਰੰਪਰਾ ਨੂੰ ਅੱਗੇ ਵਧਾਇਆ। ਕੁਲਬੀਰ ਸਿੰਘ ਕਾਂਗ ਲਲਿਤ ਨਿਬੰਧ ਲਿਖੇ।
              ਨਿਬੰਧ ਅਤੇ ਲੇਖ ਭਾਵੇਂ ਆਪਸ ਵਿੱਚ ਮਿਲਦੇ ਜੁਲਦੇ ਹਨ। ਪਰ ਫਿਰ ਵੀ ਅਕਾਰ ਵਿਚਾਰ ਦੇ ਭਾਵ ਪੱਖੋਂ ਦੋਵੇਂ ਆਪਣੀ ਵੱਖਰੀ ਹੋਂਦ ਰਖਦੇ ਹਨ। ਉਮੀਦ ਹੈ ਕਿ ਨਿਬੰਧ ਲਿਖਣ ਦਾ ਰਿਵਾਜ ਭਵਿੱਖ ਵਿੱਚ ਵੀ ਕਾਇਮ ਰਹੇਗਾ।




Post a Comment

0 Comments