ਪੰਜਾਬੀਆਂ ਵੱਲੋਂ ਕਿਸੇ ਵਿਸ਼ੇਸ਼ ਇਤਿਹਾਸਕ ਦੌਰ ਵਿੱਚ ਸਿਰਜੀਆਂ ,ਅਪਣਾਈਆ ਪਦਾਰਥਕ, ਪ੍ਰਤਿਮਾਨਕ ਅਤੇ ਬੋਧਾਤਮਕ ਕਦਰਾ ਕੀਮਤਾਂ ਜਿਹਡ਼ੀਆਂ ਪੰਜਾਬੀ ਲੋਕਾਂ ਦੀ ਵਿਲੱਖਣਤਾ ਦੀ ਪਛਾਣ ਨਿਸ਼ਚਿਤ ਕਰਦੀਆਂ ਹਨ ਦਾ ਮਿਲਿਆ ਜੁਲਿਆ ਰੂਪ ਹੀ ਪੰਜਾਬੀ ਸੱਭਿਆਚਾਰ ਹੈ ।ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਵਿੱਚ ਬੁਨਿਆਦੀ ਅੰਤਰ ਹੈ ।ਇਸ ਧਰਤੀ ਉੱਪਰ ਦ੍ਰਾਵਿੜ, ਆਰਿਆਈ ਸੈਮਟਿਕ ਨਸਲਾਂ ,ਬ੍ਰਾਹਮਣ,ਈਸਾਈ ,ਸਿੱਖ, ਇਸਲਾਮੀ, ਬੋਧੀ, ਜੈਨੀ ਧਰਮਾਂ ਤੇ ਹੋਰ ਉਪ ਸੰਪਰਦਾਵਾਂ ਦਾ ਵਾਸਾ ਹੈ ।ਪੈਦਾਵਾਰੀ ਵਿਧੀ ਦੇ ਵਿਕਾਸ ਅਨੁਸਾਰ ਪੰਜਾਬੀ ਕਬੀਲਾ ਵਿਵਸਥਾ ਤੋਂ ਆਧੁਨਿਕ ਪੂੰਜੀਵਾਦੀ ਵਿਵਸਥਾ ਦੇ ਪੱਧਰ ਤੱਕ ਇੱਕ ਤੋਂ ਵਧੇਰੇ ਪੱਧਰਾਂ ਉੱਪਰ ਜੀਵਨ ਗੁਜ਼ਾਰ ਰਹੇ ਹਨ ।ਵਸੇਬੇ ਪੱਖੋਂ ਇਹ ਪਿੰਡਾਂ, ਸ਼ਹਿਰਾਂ ,ਮੰਡੀਆਂ ,ਕਸਬਿਆਂ ਤੇ ਨਗਰਾਂ ਦੇ ਵਾਸੀ ਹਨ ,ਪੇਸ਼ੇ ਪੱਖੋਂ ਕੁਝ ਮਾਨਸਿਕ ਪਰ ਬਹੁਤੇ ਸਰੀਰਕ ਕਿਰਤ ਕਰਨ ਵਾਲੇ ਹਨ। ਜਾਤ ਪਾਤ ਪੱਖੋਂ ਕਈ ਜਾਤਾਂ ਅਤੇ ਉਪ ਜਾਤਾਂ ਦੀ ਮੌਜੂਦਗੀ ਹੈ ਤੇ ਵਰਗ ਵੰਡ ਦੇ ਆਧਾਰ ਉੱਤੇ ਇੱਥੇ -
ੳ)ਸਰਮਾਏਦਾਰੀ ਵਰਗ
ਅ)ਮਾਲਕ ਕਿਸਾਨੀ ਸਮੇਤ ਮੱਧ ਵਰਗ
ੲ) ਕਿਰਤੀ ਵਰਗ ਹਨ ।
ਇਨ੍ਹਾਂ ਵੱਖ ਵੱਖ ਜਨ ਸਮੂਹਾਂ ਦੇ ਸੱਭਿਆਚਾਰ ਨੂੰ ਪੰਜਾਬ ਦਾ ਸੱਭਿਆਚਾਰ ਕਿਹਾ ਜਾਂਦਾ ਹੈ। ਵੈਦਿਕ ਸਮੇਂ ਦਾ 'ਸਪਤ ਸਿੰਧੂ' 'ਪੰਚਨਦ 'ਫਰੰਗੀ ਸਮੇਂ ਦਾ ਪੰਜਾਬ ਰਣਜੀਤ ਸਿੰਘ ਕਾਲ ਤੋਂ ਪਿੱਛੋਂ 1901,1911,1947 ਅਤੇ 1966 ਈਸਵੀ ਵਿੱਚ ਲਗਾਤਾਰ ਵਿਭਾਜਿਤ ਹੁੰਦਾ ਰਿਹਾ ਹੈ ।ਪੰਜਾਬੀ ਸੱਭਿਆਚਾਰ ਦੀ ਗੱਲ ਕਰਦਿਆਂ ਇਸ ਵਿੱਚ ਸਮੁੱਚਾ ਇਲਾਕਾ ਸ਼ਾਮਿਲ ਕਰਨਾ ਬਣਦਾ ਹੈ ।ਕਿਉਂਕਿ ਸੱਭਿਆਚਾਰ ਕਿਸੇ ਜਨ ਸਮੂਹ ਦਾ ਸਮਾਜਿਕ ਵਿਰਸਾ ਹੁੰਦਾ ਹੈ ।ਸੋ ਪੰਜਾਬ ਦੇ ਵੰਨ ਸੁਵੰਨੇ ਜਨ ਸਮੂਹਾਂ ਦੇ ਸੱਭਿਆਚਾਰਾਂ ਦੇ ਸਮਵਿੱਥ ਪੈਦਾ ਹੋਏ ਸਾਂਝੇ ਸੱਭਿਆਚਾਰ ਨੂੰ ਹੀ ਪੰਜਾਬੀ ਸੱਭਿਆਚਾਰ ਕਿਹਾ ਜਾ ਸਕਦਾ ਹੈ। ਇਹ ਸੱਭਿਆਚਾਰ ਧਾਰਮਿਕ ਤਾਂ ਹੈ ਪਰ ਸੰਪਰਦਾਇਕ ਨਹੀਂ ,ਇੱਕੋ ਇੱਕ ਸਮੇਂ ਲੋਕ ਮੁੱਖ ਵੀ ਹੈ ਅਤੇ ਸੰਸਾਰ ਮੁਖ ਵੀ ।ਇਸ ਨੂੰ ਇੱਥੋਂ ਦੀ ਭੂਗੋਲਿਕ ਸਥਿਤੀ ਅਤੇ ਪ੍ਰਾਕਿਰਤਕ ਚੌਗਿਰਦੇ ਨੇ ਬਹੁਤ ਪ੍ਰਭਾਵਿਤ ਕੀਤਾ ਹੈ ।ਇਸ ਸੱਭਿਆਚਾਰ ਦੀ ਇਤਿਹਾਸਕ ਰੇਖਾ ਪੂਰਵ ਹੜੱਪਾ ਯੁੱਗ ਤੀਕ ਜਾਂਦੀ ਹੈ ।ਹੜੱਪਾ ਯੁੱਗ ਅਤੇ ਫਿਰ ਆਰੀਆ ਸਮੇਂ ਅਰਥਾਤ ਉੱਤਰ ਹੜੱਪਾ ਯੁੱਗ ਤੋਂ ਇਸ ਦਾ ਸਹੀ ਵਿਕਾਸ ਆਰੰਭ ਹੁੰਦਾ ਹੈ। ਮੌਜੂਦਾ ਸਮੇਂ ਆਧੁਨਿਕੀਕਰਨ ਦੇ ਅਮਲ ਨਾਲ ਜਾਤੀ ਵਿਵਸਥਾ, ਵਰਗ ਵਿਵਸਥਾ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ ।ਪੂੰਜੀ ਦੇ ਪਸਾਰ ਨਾਲ ਉੱਚ ਵਰਗ ,ਮੱਧ ਵਰਗ ਅਤੇ ਨਿਮਨ ਵਰਗ ਹੋਂਦ ਵਿੱਚ ਆ ਗਏ ਹਨ ।60ਵਿਆਂ ਦੇ ਹਰੇ ਇਨਕਲਾਬ ਨਾਲ ਪੇਂਡੂ ਸਮਾਜਿਕ ਅਰਥਚਾਰਾ ਪੂਰੀ ਤਰ੍ਹਾਂ ਪੂੰਜੀਵਾਦ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਹੇਠਾਂ ਕਿਸਾਨ ਵਰਗ ਅਤੇ ਪ੍ਰੋਲੀ- ਤੇਰੀਅਤ ਵਰਗ ਉੱਪਰਲੇ ਕਿਸਾਨ ਵਰਗ ਨਾਲ ਸਿੱਧਾ ਜਮਾਤੀ ਵਿਰੋਧ ਰੱਖਦਾ ਹੈ ।ਇੱਥੇ ਚਲੀਆਂ ਵਿਭਿੰਨ ਲਹਿਰਾਂ ਨੇ ਵੀ ਆਪਣੇ ਚੰਗੇ ਬੁਰੇ ਪ੍ਰਭਾਵ ਪਾਏ ਹਨ ,ਪਰ ਸਮੁੱਚੇ ਰੂਪ ਵਿੱਚ ਇਹ ਨਿਮਨ ਲਿਖਿਤ ਵਿਸ਼ੇਸ਼ਤਾਵਾਂ ਆਪਣੇ ਵਿੱਚ ਸਮੋਈ ਬੈਠਾ ਹੈ ।
ਪੰਜਾਬੀ ਸੱਭਿਆਚਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ (ਲੱਛਣ):-
1.ਪੰਜਾਬੀ ਸੱਭਿਆਚਾਰ ਵੰਨ ਸੁਵੰਨਤਾ ਦਾ ਮੁਜੱਸਮਾ ਹੈ -ਪੰਜਾਬੀ ਸਮਾਜ ਵਿਭਿੰਨ ਜਾਤਾਂ ,ਉਪ ਜਾਤਾਂ, ਗੋਤਾਂ ,ਕਬੀਲਿਆਂ ਅਤੇ ਫਿਰਕਿਆਂ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਦੇ ਰਸਮਾਂ ਰਿਵਾਜ ,ਖਾਣ ਪੀਣ, ਤਿਉਹਾਰ ਅਤੇ ਪਹਿਰਾਵੇ ਵਿੱਚ ਵੀ ਅੰਤਰ ਮਿਲਦਾ ਹੈ ।ਜਿਵੇਂ ਵਿਆਹ ਸਮੇਂ ਹਿੰਦੂ ਲਾਵਾਂ ਫੇਰੇ, ਸਿੱਖ 'ਅਨੰਦ ਕਾਰਜ' ਅਤੇ ਮੁਸਲਿਮ 'ਨਿਕਾਹ 'ਦੀ ਰਸਮ ਕਰਦੇ ਹਨ। ਇਵੇਂ ਹੀ ਹਿੰਦੂਆਂ ਲਈ ਜਨਮ ਅਸ਼ਟਮੀ ,ਰਾਮਨੌਵੀਂ ,ਸਿੱਖਾਂ ਲਈ 'ਗੁਰਪੁਰਬ' ਅਤੇ ਮੁਸਲਮਾਨਾਂ ਲਈ 'ਈਦ' ਪਵਿੱਤਰ ਤਿਉਹਾਰ ਹਨ ।
ਪ੍ਰੰਤੂ ਅਜਿਹੀਆਂ ਵਿਭਿੰਨਤਾਵਾਂ ਦੇ ਬਾਵਜੂਦ ਵੀ ਇੱਥੇ 'ਅਨੇਕਤਾ ਵਿੱਚ ਏਕਤਾ' ਹੈ ,ਜਿਹੜੀ 'ਜਨਤਕ ਸੰਮੇਲਨਾਂ ','ਸਾਂਝੇ ਕੰਮਾਂ 'ਤੇ ਜਾਂ 'ਲੋਕ ਧਰਮ' ਦੇ ਵੱਖ ਵੱਖ ਪੱਖਾਂ ਦੀਆਂ ਮਨੌਤਾਂ ਸਮੇਂ ਸਾਹਮਣੇ ਆਉਂਦੀ ਹੈ ।
2.ਸੁਤੰਤਰਤਾ ਦੀ ਭਾਵਨਾ :-ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਕੇਂਦਰੀ ਮੱਤ ਦਾ ਪੰਜਾਬੀਆਂ ਦੀ ਆਜ਼ਾਦ ਪ੍ਰਵਿਰਤੀ ਨੂੰ ਹਾਸਿਲ ਹੈ। 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ' ਇਨ੍ਹਾਂ ਦੀ ਮਾਨਸਿਕਤਾ ਹੈ । ਸੁਤੰਤਰਤਾ ਲਈ ਪੰਜਾਬੀ ਵੰਸ਼ ਕੁਰਬਾਨ ਕਰਨ ਦੀ ਦਲੇਰੀ ਰੱਖਦੇ ਹਨ ।ਬਾਬਾ ਫ਼ਰੀਦ ਦੇ -"ਬਾਰ ਪਰਾਏ ਬੈਂਸਣੁ" ਤੋਂ ਇਨਕਾਰ ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਪੰਜਾਬੀ ਜਵਾਨਾਂ ਸਬੰਧੀ ਕਥਨ -"ਪਿਆਰ ਨਾਲ ਇਹ ਕਰਨ ਗੁਲਾਮੀ .......ਪਰ ਟੈਂ ਨਾ ਮੰਨਣ ਕਿਸੇ ਦੀ "ਇਸੇ ਦੀ ਪੁਸ਼ਟੀ ਕਰਦਾ ਹੈ ।ਸਮੁੱਚਾ ਵੀਰ ਕਾਵਿ ਪੰਜਾਬੀਆਂ ਦੀ ਅਣਖ ਦੀ ਰਾਖੀ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨਦਾ ਹੈ ।ਕਿੱਸਾ ਕਾਵਿ ਕਲਾ ਦਾ ਸਿਖ਼ਰ ਪ੍ਰੇਮੀ -ਪ੍ਰੇਮਿਕਾ ਦੇ ਸੁਤੰਤਰਤਾ ਲਈ ਕੁਰਬਾਨ ਹੋ ਜਾਣ ਤੇ ਆਉਂਦਾ ਹੈ। ਜਿਵੇਂ :-
"ਵਾਰਿਸ ਸ਼ਾਹ ਨਾ ਮੁੜਾਂ ਰੰਝੇਟਰੜੇ ਤੋਂ ,
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ।"
ਸਤਰਾਂ ਤੋਂ ਭਾਵ ਸਪੱਸ਼ਟ ਹੈ ਕਿ ਇਸ ਦੀ ਬੁਨਿਆਦੀ ਕਦਰ ਪ੍ਰਣਾਲੀ ਸਵੈਧੀਨਤਾ ਹੈ ।
3.ਕਿਰਤ-ਮੁਖੀ ਸਭਿਆਚਾਰ :-ਪੰਜਾਬੀ ਸੱਭਿਆਚਾਰ ਕ੍ਰਿਸ਼ੀ ਮੁਲਕ ਹੈ ।ਪ੍ਰਾਚੀਨ ਜਾਤੀ ਬਣਤਰ ਪ੍ਰੰਪਰਾਗਤ ਕਿਰਤ ਹੀ ਸੀ ਜਿਸ ਨੂੰ ਬ੍ਰਾਹਮਣੀ ਸਮਾਜ ਨੇ ਪਿੱਛੋਂ ਜਨਮ ਨਾਲ ਜੋੜ ਦਿੱਤਾ ਜਿਸ ਕਾਰਨ ਇਹ ਬੰਦ ਸਿਸਟਮ ਬਣ ਗਈ ।ਪੰਜਾਬ ਦੇ ਪੇਂਡੂ ਸਮਾਜਿਕ ਢਾਂਚੇ ਵਿੱਚ ਦੋ ਸ਼੍ਰੇਣੀਆ ਕਾਸ਼ਤਕਾਰ ਸ਼੍ਰੇਣੀ- ਕਿਸਾਨ ਅਤੇ ਇਸ ਉੱਪਰ ਨਿਰਭਰ ਸ਼੍ਰੇਣੀ (ਲਾਗੀ) ਦੀ ਹੋਂਦ ਰਹੀ ਹੈ ।ਦੂਜੀ ਪਹਿਲੀ ਦੀ ਸਹਾਇਤਾ ਕਰਦੀ ਹੈ ਅਤੇ ਪਹਿਲੀ ਦੂਜੀ ਦੀ ਗਰਜ ਪੂਰਤੀ ਕਰਦੀ ਹੈ ।ਇੰਜ ਛੋਟੇ ਤੋਂ ਵੱਡੇ ਤੱਕ ਉੱਚੇ ਤੋਂ ਨੀਵੇਂ ਤੱਕ ਪੰਜਾਬੀ ਸੱਭਿਆਚਾਰ ਹਰ ਕਿਸੇ ਨੂੰ ਰੁਚੀ ਅਤੇ ਯੋਗਤਾ ਮੁਤਾਬਿਕ ਕਿਰਤ ਮੁਹੱਈਆ ਕਰਦਾ ਰਿਹਾ ਹੈ ਅਤੇ ਉਸ ਦੇ ਜੀਵਨ ਗੁਜ਼ਾਰੇ ਲਈ ਵੀ ਜ਼ਿੰਮੇਵਾਰ ਰਿਹਾ ਹੈ ।ਪੰਜਾਬੀ ਲੋਕ ਮਾਨਸਿਕਤਾ- ਉੱਤਮ ਖੇਤੀ ਮੱਧਮ ਵਪਾਰ ,ਨਖਿੱਧ ਚਾਕਰੀ ਭੀਖ ਮੁਰਦਾਰ ਜਾਂ 'ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾਇ' ਨੂੰ ਆਪਣਾ ਹਿੱਸਾ ਬਣਾਉਂਦੀ ਹੈ ।ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ 'ਕਿਰਤ ਕਰਨਾ ਤੇ ਵੰਡ ਛਕਣਾ' ਨਾਮ ਜਪਣ ਜਿੰਨਾ ਹੀ ਮਹੱਤਵ ਰੱਖਦਾ ਹੈ ।
4.ਔਰਤ ਨਾਲ ਸਮਾਨਤਾ ਦਾ ਵਿਵਹਾਰ :-ਇਹ ਸੱਭਿਆਚਾਰ ਮਰਦ ਪ੍ਰਧਾਨ ਹੋਣ ਦੇ ਬਾਵਜੂਦ ਵੀ ਔਰਤ ਨੂੰ ਹੀਣ ਭਾਵਨਾ ਨਾਲ ਨਹੀਂ ਵੇਖਦਾ ।ਇੱਥੇ ਜਾਤੀ ਪ੍ਰਥਾ ਅਤਿਅੰਤ ਕਠੋਰ ਨਹੀਂ ਰਹੀ ਹੈ। ਇਸੇ ਲਈ ਔਰਤ ਦੀ ਸਥਿਤੀ ਬ੍ਰਾਹਮਣੀ ਸਮਾਜ ਜਿਹੀ ਕਠੋਰ ਨਹੀਂ ।ਜੱਟ ਪਰਿਵਾਰਾਂ ਵਿੱਚ ਕਰੇਵੇਂ ਦਾ ਰਿਵਾਜ ਪ੍ਰਚਲਿਤ ਰਿਹਾ ਹੈ। ਛੋਟੀ ਕਿਸਾਨੀ ਵਿੱਚ 'ਸਾਲੀ ਨੂੰ ਅੱਧੀ ਘਰਵਾਲੀ ਮੰਨੇ ਜਾਣਾ ਬ੍ਰਾਹਮਣੀ ਸਮਾਜ ਦੇ ਪ੍ਰਤੀਬ੍ਰਤਾ ਧਰਮ ਦੇ ਵਿਪਰੀਤ ਹੈ । ਭਰਾ ਦੀ ਮੌਤ ਉੱਪਰ ਛੋਟੇ ਦੁਆਰਾ ਭਰਜਾਈ ਉੱਪਰ ਚਾਦਰ ਪਾ ਲੈਣਾ ਵੀ ਇੱਥੇ ਪ੍ਰਚਲਿਤ ਰਿਹਾ ਹੈ। ´ਸੋ ਕਿਉਂ ਮੰਦਾ ਆਖੀਏ.....` ਇਸ ਦੀ ਵਿਸ਼ੇਸ਼ਤਾ ਹੈ ।
5.ਪੰਜਾਬੀ ਸੱਭਿਆਚਾਰ ਲੋਕ- ਮੁੱਖ ਹੈ ਦੇਵ -ਮੁੱਖ ਨਹੀਂ :-ਇਹ ਮੋਹ ਮਾਇਆ ਨੂੰ ਨਕਾਰਦਾ ਨਹੀਂ ਸਵੀਕਾਰਦਾ ਹੈ ।ਵੇਦਾਂਤੀ ਘੁਣਤਰਾਂ ਨਾਲੋਂ ਪੰਜਾਬੀ ਚੰਗੇ ਅਮਲਾਂ ਨੂੰ ਹੀ ਪਰਮਾਰਥ ਦਾ ਮਾਰਗ ਮਿੱਥਦਾ ਹੈ। ਇਸ ਸੱਭਿਆਚਾਰ ਵਿੱਚ ´ਰੱਬ` ਨਾਲੋਂ ´ਰਾਂਝਣ` ਦੀ ਪਦਵੀ ਵੱਡੀ ਹੈ ਅਤੇ ਮੱਕੇ ਨਾਲੋਂ ਤਖ਼ਤ ਹਜ਼ਾਰੇ ਵੱਲ ਜਾਣ ਦੀ ਤਾਂਘ ਵਧੇਰੇ ਪ੍ਰਬਲ ਹੈ। ਇੱਥੇ ਗੋਬਿੰਦ ਦੀ ਪ੍ਰਾਪਤੀ ਲਈ ਵੀ 'ਮਨੁੱਖ ਦੇਹੁਰੀ' ਧਾਰਨ ਕਰਨ ਦੀ ਗੱਲ ਕੀਤੀ ਗਈ ਹੈ ।ਇਸ ਲੋਕਧਾਰਾ ਦਾ ਨਾਇਕ ਸੂਰਬੀਰ ਜਾਂ ਪਰਮ ਮਨੁੱਖ ਹੀ ਰਿਹਾ ਹੈ ,ਦੇਵਤਾ ਨਹੀਂ। ਇਸ ਲਈ ਈਸ਼ਵਰ ਵੀ 'ਕਰਤਾ ਪੁਰਖ' ਹੈ ,ਦੈਵੀ ਸ਼ਕਤੀ ਨਹੀਂ।
6.ਜਾਤ ਪਾਤ ਦੀ ਪੀਡੀ ਪਕੜ ਤੋਂ ਰਹਿਤ :-ਇਸ ਵਿੱਚ ਸ਼ੂਦਰ ਸ਼੍ਰੇਣੀਆਂ ਅਤੇ ਕਥਿਤ ਉੱਚ ਸ਼੍ਰੇਣੀਆਂ ਦਰਮਿਆਨ ਪਰਸਪਰ 'ਪਾੜੇ' ਨਾਲੋਂ ਸਮਾਨਤਾ ਅਤੇ ਸਮੀਪਤਾ ਹੈ। ਉੱਚੀਆਂ ਨੀਵੀਆਂ ਸ਼੍ਰੇਣੀਆਂ ਵਿੱਚ ਸੰਬੋਧਨੀ ਸ਼ਬਦਾਵਲੀ ਤ੍ਰਿਸਕਾਰ ਵਾਲੀ ਨਹੀਂ।ਗੁਰੂਆਂ ਦੁਆਰਾ ਚਲਾਈ 'ਸੰਗਤ ਅਤੇ ਪੰਗਤ' ਦੀ ਸੰਸਥਾ ਨੇ ਪੰਜਾਬੀਆਂ ਉਪਰ ਉਪਰੋਕਤ ਪ੍ਰਭਾਵ ਛੱਡਿਆ ਹੈ ।ਇੱਥੇ ਮਾਲਕ ਅਤੇ ਗੁਲਾਮ ਦੇ ਰਿਸ਼ਤੇ ਲਈ ਥਾਂ ਨਹੀਂ ਹੈ । ਧੰਨੇ ਜੱਟ ਵਰਗਾ ਭਗਤ ਰੱਬ ਨਾਲ ਟੱਕਰ ਲੈ ਕੇ ਆਪਣੇ ਪਿਆਰ ਨਾਲ ਉਸ ਨੂੰ ਝੁਕਾ ਲੈਂਦਾ ਹੈ ।
7.ਵਿਲੱਖਣ ਰਿਸ਼ਤਾ ਪ੍ਰਣਾਲੀ :-ਪੰਜਾਬੀ ਰਿਸ਼ਤਾ ਪ੍ਰਣਾਲੀ ਦੇ ਦੋ ਮੁੱਖ ਆਧਾਰ 'ਦਾਦਕੇ' ਅਤੇ 'ਨਾਨਕੇ' ਹਨ। ਜਿਨ੍ਹਾਂ ਵੱਖੋਂ ਵੱਖਰੇ 'ਹੱਕ' ਅਤੇ 'ਫ਼ਰਜ਼ 'ਹਨ ।ਦਾਜ, ਸ਼ਗਨ ,ਛੂਛਕ ਅਤੇ ਛੱਕ ਨਾਨਕਿਆਂ ਦੁਆਰਾ ਭੁਗਤਾਏ ਜਾਂਦੇ ਹਨ ।ਨਾਨਕੇ ਪਿਆਰ ਵਿੱਚ ਮਾਂ ਦੀ ਆਂਦਰ ਦਾ ਨਿੱਘ ਹੋਇਆ ਕਰਦਾ ਹੈ।' ਨਾਨੀ ਚੇਤੇ ਆਉਣੀ', 'ਨਾਨਕੇ ਯਾਦ ਕਰਾਉਣੇ 'ਇਸ ਦੀ ਪੁਸ਼ਟੀ ਕਰਦੇ ਹਨ ।ਮਾਂ ਦਾ ਭਰਾ ਵੱਡਾ ਜਾਂ ਛੋਟਾ ਜਿੱਥੇ ਮਾਮਾ ਹੀ ਰਹਿੰਦਾ ਹੈ ਉੱਥੇ ਬਾਪ ਦਾ ਭਰਾ ਤਾਇਆ ਜਾਂ ਚਾਚਾ ਹੋ ਜਾਂਦਾ ਹੈ। ਚਾਚਾ ਦੇਵਰ ਵਜੋਂ ਖੁੱਲ੍ਹਾ ਮਾਣਦਾ ਹੈ ਪਰ ਔਕੜ ਸਮੇਂ ਭਰਾ ਦੀ ਵਿਧਵਾ ਤੇ 'ਚਾਦਰ 'ਪਾ ਕੇ ਵੱਡਾ ਫਰਜ਼ ਵੀਨਿਭਾਉਂਦਾ ਹੈ ।ਪੰਜਾਬੀ ਸੱਭਿਆਚਾਰ ਵਿੱਚ ਹਰ ਰਿਸ਼ਤੇ ਦਾ ਮਾਨਸਿਕ ,ਆਰਥਿਕ, ਲਿੰਗਾਤਮਿਕ ,ਸਮਾਜਿਕ ਜਾਂ ਧਾਰਮਿਕ ਮਹੱਤਵ ਹੁੰਦਾ ਹੈ ।ਮਾਂ- ਪਿਓ, ਚਾਚਾ -ਚਾਚੀ ,ਤਾਇਆ- ਤਾਈ ,ਮਾਮਾ- ਮਾਮੀ, ਭੂਆ- ਫੁੱਫੜ, ਮਾਸੀ -ਮਾਸੜ ਵੱਡੇ ਥੰਮ ਦੇ ਰਿਸ਼ਤੇ ਹਨ ਜਿਹੜੇ ਦਾਦਾ- ਦਾਦੀ, ਨਾਨਾ- ਨਾਨੀ, ਤੋਂ ਮਗਰੋਂ ਦਾ ਰੁਤਬਾ ਰੱਖਦੇ ਹਨ। ਭੈਣ ਭਰਾ ਦਾ ਰਿਸ਼ਤਾ ਮਾਨਸਿਕ ਅਤੇ ਸਮਾਜਿਕ ਪੱਖੋਂ ਪਵਿੱਤਰਤਮ ਰਿਸ਼ਤਾ ਹੈ । ਜੀਜਾ- ਸਾਲੀ, ਦਿਉਰ -ਭਰਜਾਈ, ਭਣੇੁੳ (ਭਣੋਈਏ ਦੀ ਭੈਣ) ਅਤੇ ਸਾਲੇਹਰ (ਸਾਲੇ ਦੀ ਵਹੁਟੀ) ਰੋਮਾਂਚਕ ਰਿਸ਼ਤੇ ਹਨ ,ਜਿਨ੍ਹਾਂ ਵਿੱਚ ਹਾਸੇ ਖੇੜੇ ਦੀ ਬੰਦਿਸ਼ ਯੁਕਤ ਖੁੱਲ੍ਹ ਹੁੰਦੀ ਹੈ ।ਸੱਸ- ਨੂੰਹ, ਨਣਾਣ -ਭਰਜਾਈ ਦਾ ਰਿਸ਼ਤਾ ਤਲਖ਼ ਮੰਨਿਆ ਜਾਂਦਾ ਹੈ ।
ਪੰਜਾਬੀ ਸੱਭਿਆਚਾਰ ਵਿੱਚ ਕੁਝ ਕੁ ਗੁੰਝਲਦਾਰ ਰਿਸ਼ਤੇ ਵੀ ਮਿਲਦੇ ਹਨ, ਜਿਵੇਂ ਭੈਣ ਦੇ ਦਿਓਰ ਨੂੰ ਭਰਾ ਦੀ ਧੀ ਵਿਆਹੁਣ ਨਾਲ ਜਾਂ ਭਤੀਜੇ ਨਾਲ ਸਾਲੀ ਵਿਆਹ ਦੇਣ ਨਾਲ ਬਣੇ ਅਜੀਬ ਰਿਸ਼ਤੇ ਨੂੰ ਪੰਜਾਬੀ ਮਾਨਸਿਕਤਾ ਇਸ ਪ੍ਰਕਾਰ ਪ੍ਰਵਾਨ ਕਰਦੀ ਹੈ -
ਭੈਣ ਭੈਣ ਪਤੀਹਸ ਲੱਗੇ,ਨੂੰਹ ਬਾਬੇ ਦੀ ਸਾਲੀ ।
ਮੁੰਡੇ ਕੁੜੀਆਂ ਮਾਸੀ ਕਹਿੰਦੇ ਬੁੱਝਣੀ ਬਾਤ ਸੁਖਾਲੀ ।
ਇੱਥੇ ਇਕੱਲੇ ਇਕੱਲੇ ਰਿਸ਼ਤੇ ਲਈ ਵੱਖਰਾ ਵੱਖਰਾ ਨਾਮ ਹੈ ,ਅੰਗਰੇਜ਼ੀ ਵਾਂਗ uncle ਆਖ ਕੇ ਹੀ ਨਹੀਂ ਸਾਰ ਲਿਆ ਜਾਂਦਾ ।
8. ਪੰਜਾਬੀ ਸੱਭਿਆਚਾਰ ਸਰਕਾਰੀ ਸਰਪ੍ਰਸਤੀ ਦਾ ਮੁਥਾਜ ਨਹੀਂ :-ਪੰਜਾਬੀ ਸੱਭਿਆਚਾਰ ਵਿਚਲੇ ਆਪ ਹੁਦਰੇਪਣ ਅਤੇ ਇਸਦੀ ਲੋਕ ਮੁੱਖ ਪ੍ਰਕਿਰਤੀ ਨੇ ਇਸ ਨੂੰ ਆਜ਼ਾਦ ਰੁਚੀਆਂ ਵਾਲਾ ਬਣਾਇਆ ਹੈ ।ਇਸ ਵਿੱਚ ਸਿੱਧਾਪਣ ,ਸਹਿਜਤਾਂ, ਖੁੱਲ੍ਹਾਪਣ ,ਅੱਖੜਤਾ ਹੈ। ਪਰ ਬੌਧਿਕ ਚਤੁਰਾਈ ਦੋਹਰੇ ਵਿਹਾਰ ਤੇ ਪ੍ਰਤੀਮਾਨ ਕੂਟਨੀਤੀਆਂ ਆਦਿ ਦਾ ਅਭਾਵ ਰਿਹਾ ਹੈ ।ਪੰਜਾਬੀ ਸੱਭਿਆਚਾਰਕ ਬਣਤਰ ਦਾ ਸਰੀਰ ਸਮੂਹਿਕ ਪੇਂਡੂ ਅਤੇ ਪ੍ਰਾਕਿਰਤਕ ਚੌਗਿਰਦੇ ਦੇ ਅਨੁਰੂਪ ਹੈ ।ਭਾਵੇਂ ਅਜੋਕੇ ਪਦਾਰਥਵਾਦ ਦਾ ਅਸਰ ਹੁਣ ਕੁਝ ਦਿਖਣ ਲੱਗ ਪਿਆ ਹੈ ਪਰ ਫਿਰ ਵੀ ਪੰਜਾਬੀ ਅਣਖ ਨਾਲ ਜਿਊਣ ਨੂੰ ਤਰਜੀਹ ਦਿੰਦਿਆਂ 'ਸਰਕਾਰੇ ਦਰਬਾਰੇ' ਨੂੰ ਲਲਕਾਰਦੇ ਹਨ ।ਇੱਥੋਂ ਦੀ ਭਾਸ਼ਾ ਵਿੱਚ ਰਾਜਕੀ ਪ੍ਰੀਭਾਸ਼ਿਕ ਸ਼ਬਦਾਵਲੀ ਦਾ ਅਭਾਵ ਹੈ।
9.ਪੰਜਾਬੀ ਸੱਭਿਆਚਾਰ ਦੀ ਪ੍ਰਥਮ ਇਕਾਈ 'ਟੱਬਰ' ਹੈ :-ਪੰਜਾਬੀ ਸੱਭਿਆਚਾਰ ਵਿੱਚ ਟੱਬਰ ਦੇ ਅਰਥ ਖੇਤਰ ਵਿੱਚ ਮੂਲ ਪਰਿਵਾਰ ,ਜਟਿਲ ਪਰਿਵਾਰ ਅਤੇ ਸੰਯੁਕਤ ਪਰਿਵਾਰ ਆਦਿ ਸਾਰੇ ਰੂਪ ਸਮਾਏ ਹੋਏ ਹਨ। ਟੱਬਰ ਦਾ ਮੁਖੀ ਮਲਵਈ ਵਿੱਚ ਲਾਣੇਦਾਰ ਅਖਵਾਉਂਦਾ ਹੈ ਜੋ ਉਮਰੋਂ ਵਡੇਰਾ ਹੁੰਦਾ ਹੈ ।ਉਹ ਟੱਬਰ ਦੇ ਅੰਦਰ ਅਸਰ ਰਸੂਖ ਰੱਖਦਾ ਹੈ ਅਤੇ ਸਮਾਜਿਕ ਸਬੰਧਾਂ ਸਬੰਧੀ ਅਹਿਮ ਫੈਸਲੇ ਲੈਂਦਾ ਹੈ
10.ਸੰਸਥਾਵਾਂ ਦਾ ਮਹੱਤਵ :-ਪੰਜਾਬੀ ਸੱਭਿਆਚਾਰ ਵਿੱਚ ਚਾਰ ਸੰਸਥਾਵਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ । ਇਹ ਹਨ :-
ੳ) ਸਵੈ ਨਿਰਭਰ ਪਿੰਡ
ਅ) ਜਾਤ- ਪਾਤ
ੲ) ਪੁਰਸ਼ ਪ੍ਰਧਾਨ ਸੰਯੁਕਤ ਪਰਿਵਾਰ ਅਤੇ
ਸ) ਧਰਮ ।
ਇਨ੍ਹਾਂ ਸੰਸਥਾਵਾਂ ਨੇ ਪੰਜਾਬ ਦੇ ਵਿਅਕਤੀ ਨੂੰ ਸਮੂਹ ਭਾਵੀ ਚਰਿੱਤਰ ਪ੍ਰਦਾਨ ਕੀਤਾ ਹੈ ।
11.ਇਤਿਹਾਸ ਅਤੇ ਭੂਗੋਲ ਦੀ ਉਪਜ :-ਇਸ ਸਬੰਧੀ ਪ੍ਰਿੰਸੀਪਲ ਤੇਜਾ ਸਿੰਘ ਦਾ ਕਥਨ ਹੈ -
"ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਅਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ ।ਪੰਜਾਬ ਦੇ ਦਰਿਆਵਾਂ ,ਪਹਾੜਾਂ ਤੇ ਮੈਦਾਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਦਿਲੀ ਤੇ ਤਾਜ਼ਗੀ ਪਾ ਦਿੱਤੀ ਹੈ ।"
ਇਸੇ ਕਾਰਨ ਵੰਨ ਸੁਵੰਨਤਾ,ਅਣਖ, ਜੁਝਾਰੂ ਬਿਰਤੀ ,ਖੇਤੀ ਉਪਰ ਨਿਰਭਰਤਾ, ਕਿਸਾਨ ਸੰਸਕ੍ਰਿਤੀ ,ਮੌਸਮੀ ਧੰਦਿਆਂ ਕਾਰਨ 'ਲੋਕ ਕਾਰਜ' ਕਰਨੇ ,ਬਦਲਦਾ ਪਾਉਣ ਪਾਣੀ, ਬਦਲਦੀਆਂ ਰੁੱਤਾਂ, ਨਿੱਤ ਆਉਂਦੇ ਤਿਉਹਾਰਾਂ ਦੀਆਂ ਖੁਸ਼ੀਆਂ ਇਨ੍ਹਾਂ ਲੋਕਾਂ ਦੀਆਂ ਵਿਸ਼ੇਸ਼ਤਾਵਾਂ ਹਨ ।
12.ਲਚਕੀਲਾਪਣ ਅਤੇ ਅਪਣੱਤ :-ਪੰਜਾਬ ਫਿਰਕੂ ਰੰਗਤ ਤੋਂ ਕਾਫ਼ੀ ਹੱਦ ਤੀਕ ਰਹਿਤ ਹੈ। ਜਿਵੇਂ ਤੰਬਾਕੂ ਪੀਣ ਦੀ ਰੀਤ ਦਾ ਬਹੁਤੇ ਨਾ ਪੀਣ ਵਾਲੇ ਵੀ ਮੁਖਰ ਵਿਰੋਧ ਨਹੀਂ ਕਰਦੇ। ਦੂਜਿਆਂ ਧਰਮਾਂ ਦੀਆਂ ਰਹੁ ਰੀਤਾਂ ਅਤੇ ਤਿੱਥਾਂ ਤਿਉਹਾਰਾਂ ਸਮੇਂ ਪੰਜਾਬੀ ਆਪਣੇ ਆਪ ਨੂੰ ਸ਼ਾਮਲ ਕਰਦੇ ਹਨ। ਇਹ ਮਿਲਾਪੜੇ ਸੁਭਾਅ ਦੇ ਮਾਲਕ ਹਨ ।ਪਿੰਡ ਦੀ ਧੀ ਅਤੇ ਪ੍ਰਾਹੁਣਾ ਸਾਰੇ ਪਿੰਡ ਦਾ ਹੁੰਦਾ ਹੈ ।ਕਿਸੇ ਵੀ ਬਾਹਰਲੇ ਮੁਸਾਫਰ ਨੂੰ ਪੰਜਾਬ ਵਿੱਚ ਆ ਕੇ ਰੋਟੀ ਪਾਣੀ ਅਤੇ ਰਿਹਾਇਸ਼ ਦੀ ਚਿੰਤਾ ਨਹੀਂ ਰਹਿੰਦੀ ।ਅਪਣਾਉਣਾ ਅਤੇ ਰਲ ਮਿਲ ਜਾਣਾ ਪੰਜਾਬੀਆਂ ਦਾ ਖਾਸਾ ਹੈ ।
13.ਨਿਰੰਤਰਤਾ ਅਤੇ ਗਤੀਸ਼ੀਲਤਾ :- ਕਿਰਤ ਕੇਂਦ੍ਰਿਤ ਹੋਣ ਕਾਰਨ ਇਹ ਸੱਭਿਆਚਾਰ ਉਪਰੋਕਤ ਗੁਣ ਰੱਖਦਾ ਹੈ ।ਕਿਰਤ ਅਸਲ ਵਿੱਚ ਮਾਨਵੀ ਹੋਂਦ ਦੀ ਸਥੂਲ ਤੇ ਲਾਜ਼ਮੀ ਘਾੜਤ ਨਹੀਂ ਸਗੋਂ ਇਸ ਦੀ ਅਖੰਡ ਧਾਰਾ' ਗਤੀਸ਼ੀਲਤਾ, ਮਾਨਵੀ ਸੱਚ ਤੋਂ ਸੁਚੇਤ ਹੋ ਕੇ ਸੰਭਾਵਨਾ ਭਰਪੂਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ।ਗ੍ਰਿਹਣਸ਼ੀਲ, ਉੱਦਮੀ ,ਨਵ ਸਿਰਜਕ ਹੋਣਾ ਪੰਜਾਬੀ ਸੁਭਾਅ ਦੀ ਮੂਲ ਗੁਣ ਹਨ। ਮੌਤ, ਸਵਰਗ, ਨਰਕ ਦੀ ਸਹਿਮ ਭਰੀ ਲਾਲਸਾ ਨਾਲੋਂ ਪੰਜਾਬੀ ਆਜ਼ਾਦੀ, ਤਰੱਕੀ, ਸਵੈਮਾਨ ਅਤੇ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜੀਣ ਵਿੱਚ ਵਿਸ਼ਵਾਸ ਰੱਖਦੇ ਹਨ ।
14.ਸੰਤੁਲਿਤ ਮਨੁੱਖੀ ਸਖਸ਼ੀਅਤ ਦਾ ਸਿਰਜਕ :- ਇਹ ਸੱਭਿਆਚਾਰ ਮਨੁੱਖੀ ਸ਼ਖ਼ਸੀਅਤ ਅਤੇ ਮਹੱਤਵਪੂਰਨ ਮਾਨਵੀ ਪਹਿਲੂਆਂ ਨੂੰ ਉਸਾਰਦਾ ਆਇਆ ਹੈ ।ਪੰਜਾਬੀ ਸ਼ਖ਼ਸੀਅਤ 'ਇੱਕ ਪੱਖੀ' ਅਤੇ 'ਅੰਤਿਮ ਪੱਖੀ' ਨਹੀਂ ਸਗੋਂ ਨਿੱਤ ਨਵੀਂ ਪੈਦਾ ਹੋ ਰਹੀ ਖਾਸੀਅਤ ਹੈ ,ਜਿਸ ਦਾ ਉਦੇਸ਼ ਹੈ 'ਸਾਹਿਬ ਮੇਰਾ ਨਿੱਤ ਨਵਾਂ '।ਪੰਜਾਬੀ ਸ਼ਖ਼ਸੀਅਤ ਦਾ ਲੋਕ ਜੀਵਨ ਵਿੱਚੋਂ ਪ੍ਰਮਾਣਿਕ ਹੋ ਕੇ ਉਪਜਿਆ ਪ੍ਰਤੀਨਿੱਧ ਰੂਪ ਰਾਜੇ ,ਭੋਗੀ, ਪ੍ਰੋਹਿਤ ਜਾਂ ਦੈਵੀ ਮਨੁੱਖ ਦਾ ਨਹੀਂ ਸਗੋਂ 'ਗੁਰਮੁੱਖ 'ਵਾਲਾ ਹੈ ਪੰਜਾਬੀ ਸੱਭਿਆਚਾਰ ਗੁਰਮੁੱਖ ਨੂੰ ਇੰਝ ਹੁਲਾਰਾ ਦਿੰਦਾ ਹੈ :-
ਪੰਚ ਪਰਵਾਨੁ ਪੰਚ ਪਰਧਾਨੁ॥
ਪੰਚੇ ਪਾਵਹਿ ਦਰਗਹਿੁ ਮਾਨੁ॥
ਭੁਪਿੰਦਰ ਸਿੰਘ ਖਹਿਰਾ ਨੇ ਪੰਜਾਬੀ ਸੱਭਿਆਚਾਰ ਦੇ ਕੁਝ ਹੋਰ ਨਿੱਖੜਵੇਂ ਲੱਛਣਾਂ ਵੱਲ ਇਸ਼ਾਰਾ ਕੀਤਾ ਹੈ, ਜਿਨ੍ਹਾਂ ਵਿੱਚੋਂ ਪਿੰਡ ਅਤੇ ਪਰਿਵਾਰ ਦਾ ਜ਼ਿਕਰ ਪਹਿਲਾਂ ਆ ਚੁੱਕਾ ਹੈ ਇਸ ਤੋਂ ਇਲਾਵਾ ਉਸ ਮੁਤਾਬਿਕ -
15.ਵਿਅਹ-ਸੰਸਥਾ:-ਇਸ ਦੀਆਂ ਵਿਭਿੰਨ ਵੰਨਗੀਆਂ ਸਾਡੇ ਸੱਭਿਆਚਾਰ ਵਿੱਚ ਮਿਲਦੀਆਂ ਹਨ ।ਜਿਵੇਂ 1.ਪੁੰਨ ਦਾ ਵਿਆਹ ,2 .ਵੱਟਾ ਸੱਟਾ 3.ਕਰੇਵਾ 4.ਚਾਦਰ ਪਾਉਣੀ ਅਤੇ ਕੁੜਮਾਈ ਪ੍ਰਥਾ ਦੀ ਹੋਂਦ ਆਦਿ। ਕੁੜਮਚਾਰੀ ਵਿੱਚ ਜਦ ,ਗੋਤ ਅਤੇ ਪਿੰਡ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇੱਕ ਕੋੜਮੇ ਦੀਆਂ ਕੁੜੀਆਂ ਹੀ ਮੁੰਡੇ ਦੇ ਕੋੜਮੇ ਵਿੱਚ ਵਿਆਹੀਆਂ ਜਾ ਸਕਦੀਆਂ ਹਨ। ਵਿਆਹ ਪ੍ਰਕਿਰਿਆ ਇਕਹਿਰੀ ਹੈ ,ਬਦਲਵੀ ਨਹੀਂ, ਚਾਰ ਗੋਤਾ ਦਾ ਵਿਚਾਰ ਕੀਤਾ ਜਾਂਦਾ ਹੈ- ਕੁੜੀ/ ਮੁੰਡਾ ਦਾਦੀ ,ਨਾਨੀ ,ਮਾਂ ਦਾ ਗੋਤ।
16.ਤੋਹਫੇ ਦਾ ਰਿਵਾਜ :-ਪੰਜਾਬ ਵਿੱਚ ਮੋੜਵੇਂ ਜਾਂ ਦਾਨ ਵਜੋਂ ਤੋਹਫੇ ਦਿੱਤੇ ਜਾਂਦੇ ਹਨ ।ਇਨ੍ਹਾਂ ਵਿੱਚ ਨਿਆਉਂਦਾ ਅਤੇ ਭਾਜੀ ਸ਼ਾਮਿਲ ਹਨ ।ਇਹ ਮੋੜਵੇਂ ਤੋਹਫ਼ੇ ਹਨ। ਦਹੇਜ ਅਤੇ ਸੰਧਾਰਾ ਆਦਿ ਕੰਨਿਆ ਦਾਨ ਨਾਲ ਸਬੰਧਿਤ ਦਾਨ ਹਨ ਮੋੜਵੇਂ ਨਹੀਂ ।
17.ਪਹਿਰਾਵਾ :-ਪਹਿਰਾਵਾ ਸੱਭਿਆਚਾਰ ਦੀ ਪਹਿਚਾਣ ਹੁੰਦਾ ਹੈ। ਇਹ ਇਲਾਕੇ ਅਤੇ ਜਾਤ ਅਨੁਸਾਰ ਬਦਲਦਾ ਹੈ ।ਇਹ ਮਰਦਾਂ ਅਤੇ ਔਰਤਾਂ ਦਾ ਵੱਖਰਾ ਹੁੰਦਾ ਹੈ ।ਪਹਾੜੀ ਪੰਜਾਬੀ ਮਰਦਾਂ ਦੀ ਖਾਸ ਪਹਿਚਾਣ ਹੈ, ਇਸ ਦਾ ਸਬੰਧ ਕਿੱਤੇ ਨਾਲ ਹੈ ।ਪੱਗ ਦਾ ਰੰਗ ਅਤੇ ਆਕਾਰ ਸਥਿਤੀ ਅਤੇ ਸਬੰਧ ਜਾਤ ਨੂੰ ਪ੍ਰਗਟ ਕਰਦਾ ਹੈ ।ਇਹ ਇਜ਼ਤ ਦੀ ਪ੍ਰਤੀਕ ਹੁੰਦੀ ਹੈ ।ਔਰਤਾਂ ਵਿੱਚ ਇਸ ਦਾ ਬਰਾਬਰੀ ਕੱਪੜਾ ਚੁੰਨੀ ਹੈ ।ਇਹ ਵੀ ਇੱਜ਼ਤ ਦੀ ਪ੍ਰਤੀਕ ਹੈ ।ਇਸ ਦੇ ਰੰਗ ਵਿਭਿੰਨ ਸਮਿਆਂ ਨਾਲ ਜੁੜਦੇ ਹਨ। ਜਾਮਾ ਛਾਤੀ ਅਤੇ ਢਿੱਡ ਨੂੰ ਕੱਜਣ ਵਾਲੇ ਪਹਿਰਾਵੇ ਨੂੰ ਕਹਿੰਦੇ ਹਨ। ਜਿਵੇਂ ਕੁੜਤਾ ਜਾਂ ਚੋਗਾ ਆਦਿ। ਔਰਤਾਂ ਕੁੜਤੀ ਪਹਿਨਦੀਆ ਹਨ ।ਘੱਗਰੀ ਦੇ ਰਿਵਾਜ ਵਾਲੇ ਇਲਾਕਿਆਂ ਵਿੱਚ ਫਤੂਹੀ ਪਹਿਨੀ ਜਾਂਦੀ ਹੈ ।ਪਰ ਜ਼ਿਆਦਾ ਔਰਤਾਂ ਸਲਵਾਰ ਕਮੀਜ਼ ਪਹਿਨਦੀਆ ਹਨ । ਸ਼ਹਿਰਨਾ ਅੰਗੀ, ਸਾ੍ੜੀ ਪਹਿਨਦੀਆ ਹਨ। ਤੇੜ ਦੇ ਪਹਿਰਾਵੇ ਵਿੱਚ ਸਿੰਘ ਕਛਹਿਰਾ ਅਤੇ ਆਮ ਪਜ਼ਾਮਾ ਪਾਉਂਦੇ ਹਨ। ਕੁਝ ਸ਼ੌਕੀਨ ਪੈਂਟਾਂ ਪਾਉਂਦੇ ਹਨ। ਔਰਤਾਂ ਵਿੱਚ ਘੱਗਰੇ ਦਾ ਰਿਵਾਜ਼ ਹੁਣ ਖ਼ਤਮ ਹੋ ਗਿਆ ਹੈ ।ਕੁਝ ਕੁ ਸਾ੍ੜੀਆ ਪਰ ਬਹੁਤੀਆਂ ਸਲਵਾਰਾਂ ਪਹਿਨਦੀਆਂ ਹਨ ।ਇਹ ਪਹਿਰਾਵਾ ਵਿਲੱਖਣ ਕਿਸਮ ਦਾ ਹੈ ।
18.ਹਾਰ-ਸ਼ਿੰਗਾਰ:- ਪੰਜਾਬੀ ਗਹਿਣਿਆਂ ਦੇ ਸ਼ੌਕੀਨ ਹਨ ।ਇਹ ਮਰਦਾਂ ਅਤੇ ਔਰਤਾਂ ਦੇ ਵੱਖ ਵੱਖ ਹੁੰਦੇ ਹਨ,ਫਿਰ ਸਰੀਰ ਦੇ ਅੰਗਾਂ ਦੇ ਵੀ ਵੱਖ ਵੱਖ ਗਹਿਣੇ ਹਨ। ਵੱਖ ਵੱਖ ਰਸਮਾਂ ਸਮੇਂ ਵੱਧ ਗਹਿਣੇ ਪਹਿਨੇ ਜਾਂਦੇ ਹਨ ,ਜਿਹੜੇ ਪੰਜਾਬੀਆਂ ਦੀ ਵੱਖਰੀ ਪਹਿਚਾਣ ਦੇ ਸੂਚਕ ਹਨ ।
19.ਖਾਣ- ਪੀਣ :- ਖੁੱਲ੍ਹੇ ਡੁੱਲ੍ਹੇ ਅਤੇ ਬਹੁ ਭਾਂਤੀ ਖਾਣ ਵਾਲੇ ਪੰਜਾਬੀਆਂ ਉੱਪਰ 'ਲੱਕੜ ਹਜ਼ਮ' ਤੇ 'ਪੱਥਰ ਹਜ਼ਮ 'ਵਾਲੀ ਕਹਾਵਤ ਢੁਕਾਈ ਜਾਂਦੀ ਹੈ ।ਸਧਾਰਨ ਸਮੇਂ ਦਾਲ, ਲੱਸੀ, ਸਾਗ ,ਕਣਕ ਦੀ ਰੋਟੀ, ਮਿੱਸੀ ਰੋਟੀ ,ਮੱਕੀ ਦੀ ਰੋਟੀ ,ਦੁੱਧ, ਦਹੀਂ ,ਮੱਖਣ ਅਤੇ ਵਿਸ਼ੇਸ਼ ਸਮੇਂ- ਲੱਡੂ -ਜਲੇਬੀ, ਬਰਫ਼ੀ, ਖੋਆ (ਸ਼ੁੱਭ ਦਿਨੀਂ ਜਾਂ ਰਸਮੀ ਪੂਰਤੀ ਵੇਲੇ ) ;ਭੋਜ ,ਇਸ਼ਟ ਪੂਜਾ ਜਾਂ ਸ਼ਰਾਧਾਂ ਵਿੱਚ (ਸਮੇਂ )ਖੀਰ, ਕੜਾਹ -ਪ੍ਰਸ਼ਾਦ ਆਦਿ ਖਾਏ ਜਾਂਦੇ ਹਨ। ਪੰਜਾਬੀ ਬਹੁਤ ਪਿਆਕੜ ਹਨ ,ਕੁਝ ਕੁ ਅਮਲੀ ਵੀ ਸਾਡੇ ਇੱਥੇ ਪਾਏ ਜਾਂਦੇ ਹਨ। ਉਂਝ ਪੰਜਾਬੀ ਕਿਸੇ ਖਾਣੇ ਨੂੰ ਨਾਂਹ ਨਹੀਂ ਕਰਦਾ ।
20.ਵਿਵਰਜਣ:- ਪੰਜਾਬੀ ਸੱਭਿਆਚਾਰ ਪਦਾਰਥਕ ਅੰਗਾਂ ਵਿੱਚ ਵਿਵਰਜਨ ਸਵੀਕਾਰ ਨਹੀਂ ਕਰਦਾ ।ਪਰ ਸਮਾਜਿਕ ਪ੍ਰਬੰਧ ਵਿੱਚ ਇਹ ਜ਼ਰੂਰ ਪ੍ਰਚਲਿਤ ਹਨ। ਸੰਚਾਰਤ ਅੰਗ ਵਿਵਰਜਨ ਮੁਕਤ ਹਨ ਵਿਵਰਜਨ ਮੁਕਤ ਹੋਣਾ ਪੰਜਾਬੀ ਸੱਭਿਆਚਾਰ ਨੂੰ ਖੁੱਲ੍ਹ ਦਿਲਾ ਅਤੇ ਸੈਕੂਲਰ ਬਣਾਉਦਾ ਹੈ ।
21.ਲੋਕ ਅਭਿਵਿਅਕਤੀਆ:- ਲੋਕ ਅਭੀਵਿਅਕਤੀਆਂ ਵਿੱਚ ਲੋਕਾਂ ਦੇ ਖੁਸ਼ੀ ਗਮੀ ਨੂੰ ਵਿਅਕਤ ਕਰਨ ਲਈ ਵਰਤੇ ਜਾਂਦੇ ਮਾਧਿਅਮਾਂ ਨੂੰ ਰੱਖਿਆ ਜਾਂਦਾ ਹੈ ।ਜਿਵੇਂ ਲੋਕ- ਨਾਚ, ਰਸਮ ਰਿਵਾਜ਼ ,ਮੇਲੇ ਆਦਿ ਇਨ੍ਹਾਂ ਵਿੱਚ ਵੀ ਸਾਡੀ ਵਿਲੱਖਣਤਾ ਹੈ ।
ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਇਸ ਦੀਆਂ ਵਿਸ਼ੇਸ਼ ਪ੍ਰਣਾਲੀਆਂ ਵਿੱਚ ਹੈ । ਜਦੋਂ ਵੀ ਸਰਬ ਵਿਆਪਕ ਅੰਸ਼ ਕਿਸੇ ਸਮਾਜ ਸੱਭਿਆਚਾਰਕ ਪ੍ਰਣਾਲੀ ਵਿੱਚ ਸਮਾ ਜਾਂਦੇ ਹਨ ਤਾਂ ਉਹ ਵਿਲੱਖਣ ਗੁਣ ਧਾਰਨ ਕਰ ਲੈਂਦੇ ਹਨ। ਸੋ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਲੱਛਣ ਵੱਖ ਵੱਖ ਗਿਣਵਾਏ ਜਾਣੇ ਸੰਭਵ ਨਹੀਂ, ਪਰ ਇਸ ਦੀਆਂ ਪ੍ਰਮੁੱਖ ਪ੍ਰਣਾਲੀਆਂ ਦੀ ਪਹਿਚਾਣ ਕਰਕੇ ਵੀ ਇਸ ਦਾ ਸਰੂਪ ਨਿਸ਼ਚਤ ਕੀਤਾ ਜਾ ਸਕਦਾ ਹੈ ।ਇਨ੍ਹਾਂ ਪ੍ਰਣਾਲੀਆਂ ਵਿੱਚ ਜਾਤੀ ਪ੍ਰਣਾਲੀ ,ਭਾਸ਼ਾ ਪ੍ਰਣਾਲੀ ,ਸਿੱਖਿਆ -ਪ੍ਰਣਾਲੀ, ਰਿਸ਼ਤਾ- ਪ੍ਰਣਾਲੀ, ਭੋਜਨ- ਪ੍ਰਣਾਲੀ, ਵਿਆਹ- ਪ੍ਰਣਾਲੀ, ਅਤੇ ਆਰਥਿਕ- ਪ੍ਰਣਾਲੀ ਆਦਿ ਪੱਖ ਅਹਿਮ ਮਹੱਤਵ ਰੱਖਦੇ ਹਨ ।

0 Comments