Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਫਰਨਾਮਾ ਸਾਹਿਤ ਰੂਪ ਉੱਤੇ ਨੋਟ ਲਿਖੋ ?

               
   

         










           ਸਫ਼ਰਨਾਮਾ ਸਾਹਿਤ ਦਾ ਇੱਕ ਰੋਚਕ ਤੇ ਜਾਣਕਾਰੀ ਭਰਪੂਰ ਰੂਪ ਹੈ। ਇਸ ਵਿੱਚ ਲੇਖਕ ਆਪਣੇ ਸਫ਼ਰ ਦਾ ਹਾਲ ਲਿਖਦਾ ਹੈ । ਮਨੁੱਖਾਂ ਵਿੱਚ ਘੁੰਮਣ-ਫਿਰਨ ਦੀ ਰੁਚੀ ਹੁੰਦੀ ਹੈ। ਸੋ, ਸਫ਼ਰਨਾਮੇ ਨੂੰ ਪੜ੍ਹ ਕੇ ਸਾਨੂੰ ਗਿਆਨ ਮਿਲਦਾ ਹੈ ਅਤੇ ਸਾਡਾ ਸ਼ੌਕ ਪੂਰਾ ਹੁੰਦਾ ਹੈ।
ਪਰਿਭਾਸ਼ਾ-ਅੰਮ੍ਰਿਤਾ ਪ੍ਰੀਤਮ ਅਨੁਸਾਰ "ਸਫ਼ਰਨਾਮਾ ਦੀਵਾਰ ਵਿੱਚ ਲੱਗੀ ਅਜਿਹੀ ਖਿੜਕੀ ਹੈ ਜਿਸ ਰਾਹੀਂ ਅਸੀਂ ਬਾਹਰਲੀ ਦੁਨੀਆਂ ਦੇਖ ਲੈਂਦੇ ਹਾਂ।"
                   ਸਫ਼ਰਨਾਮਾ ਨੂੰ ਹਿੰਦੀ ਵਿੱਚ ਯਾਤਰਾ ਸਾਹਿਤਯ'ਕਿਹਾ ਜਾਂਦਾ ਹੈ ਇਹ ਸਫ਼ਰ ਨਾਮਾ ਤੋਂ ਬਣਿਆ ਹੈ। ਇਸਦਾ ਅਰਥ ਹੈ ਯਾਤਰਾ ਦਾ ਵਰਨਣ। ਸੋਖੇ ਸ਼ਬਦਾਂ ਵਿੱਚ, ਕਿਸੇ ਯਾਤਰਾ ਦੇ ਅਨੁਭਵਾਂ ਦਾ ਕਲਾਤਮਕ ਗਿਆਨ ਸਫਰਨਾਮਾ ਹੁੰਦਾ ਹੈ।
    ਵਿਸ਼ੇਸ਼ਤਾਵਾਂ-
1. ਸਫ਼ਰਨਾਮੇ ਵਿੱਚ ਕਿਸੇ ਯਾਤਰਾ ਦਾ ਵਰਨਣ ਹੁੰਦਾ ਹੈ।
2. ਸਫ਼ਰਨਾਮੇ ਵਿਚ ਜਾਣਕਾਰੀ ਤੇ ਮਨੋਰੰਜਨ ਦੋਵੇਂ ਜਰੂਰੀ ਹਨ। 
3. ਸਫਰਨਾਮਾ ਸਾਹਿਤਕ ਹੋਣਾ ਜ਼ਰੂਰੀ ਹੈ।
4. ਇਸ ਵਿੱਚ ਕਿਸੇ ਥਾਂ ਦੀ ਭੂਗੋਲਿਕ ਤੇ ਇਤਿਹਾਸਕ    ਜਾਣਕਾਰੀ ਜ਼ਰੂਰੀ ਹੈ।
5. ਸਫਰਨਾਮੇ ਵਿਚੋਂ ਦੇਸ਼ ਪਿਆਰ ਵੀ ਝਲਕਦਾ ਹੈ।
ਸਫ਼ਰਨਾਮੇ ਦੇ ਤੱਤ-ਸਫ਼ਰਨਾਮੇ ਵਿਚ ਕਈ ਤੱਤ ਜੋੜ ਕੇ ਰਚਨਾ ਕਰਦੇ ਹਨ।
1. ਭੂਗੋਲਿਕ ਵਰਣਨ- ਮੁਸਾਫ਼ਰ ਜਦੋਂ ਕਿਤੇ ਜਾਂਦਾ ਹੈ। ਉਸ ਖੇਤਰ ਦੇ ਮੌਸਮ, ਰੁੱਤਾਂ, ਮਿੱਟੀ, ਪੌਣ-ਪਾਣੀ, ਫਸਲਾਂ, ਰੁੱਖਾਂ, ਪੌਦਿਆਂ, ਸਾਧਨ, ਵਜੋਂ ਆਦਿ ਦੀ ਜਾਣਕਾਰੀ ਦਿੰਦਾ ਹੈ। ਜਿਵੇਂ- ਸੋਹਣ ਸਿੰਘ ਜੋਸ਼ ਨੇ ਰੂਸੀ ਸਫ਼ਰਨਾਮੇ ਬਾਰੇ ਲਿਖਿਆ-
 "ਹਿਟਲਰ ਬੇਵਕੂਫ਼ ਸੀ। ਜਿਹੜੀ ਕੌਮ ਸਰਦੀ ਵਿਚ ਆਈਸਕ੍ਰੀਮ ਖਾ ਸਕਦੀ ਹੈ ਉਸ ਨੂੰ ਕਿਵੇਂ ਹਰਾਇਆ ਜਾ ਸਕਦਾ ਹੈ।
2. ਜੀਵਨ-ਢੰਗ- (ਰਹਿਣ-ਸਹਿਣ) ਦੀ ਪੇਸ਼ਕਾਰੀ- ਸਫਰਨਾਮਾ ਸੰਬੰਧਿਤ ਇਲਾਕੇ ਦੇ ਲੋਕਾਂ ਦਾ ਰਹਿਣ-ਸਹਿਣ ਪੇਸ਼ ਕਰਦਾ ਹੈ। ਲੋਕਾਂ ਦੇ ਵਿਸ਼ਵਾਸ਼, ਰਸਮ ਰਿਵਾਜ, ਖਾਣਾ-ਪੀਣਾ, ਪਹਿਰਾਵਾ, ਬੋਲੀ, ਖੇਡਾਂ, ਗੀਤ, ਨਾਚ, ਲੋਕ ਕਿਤੇ ਆਦਿ ਸਭ ਕੁਝ ਬਿਆਨ ਕੀਤਾ ਜਾਂਦਾ ਹੈ।
ਉਦਾਹਰਨ ਵਜੋਂ- ਸ. ਸ. ਅਮੋਲ ਨੇ ਮਲਾਇਆ ਦੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਵਿਆਹ ਦੀ ਰਸਮ ਬਾਰੇ ਦੱਸਿਆ ਹੈ ਕਿ ਕੁੜੀਆਂ ਅੱਗੇ ਅੱਗੇ ਭੱਜ ਪੈਂਦੀਆਂ ਹਨ ਤੇ ਮੁੰਡੇ ਪਿਛੇ ਪਿਛੇ। ਜਿਸਨੂੰ ਜਿਸਨੇ ਛੂਹ ਲਿਆ ਉਹ ਉਸ ਨਾਲ ਵਿਆਹੀ ਗਈ ਸਮਝੀ ਜਾਂਦੀ ਹੈ।
3. ਵਿਰਸਾ ਤੇ ਵਿਰਾਸਤ- ਯਾਤਰਾ ਦੇ ਦੌਰਾਨ ਉਸ ਸਥਾਨ ਦਾ ਇਤਿਹਾਸ ਅਤੇ ਪਿਛੋਕੜ ਦੱਸਣਾ ਜ਼ਰੂਰੀ ਹੈ। ਇਹ ਦੱਸਿਆ ਜਾਵੇ ਕਿ ਉਸ ਖੇਤਰ ਨੂੰ ਕਿਸ ਨੇ ਵਸਾਇਆ ਸੀ, ਕਿਹੜੇ-ਕਿਹੜੇ ਮਹਾਨ ਲੋਕ ਉਸ ਜਗ੍ਹਾ ਨਾਲ ਸਬੰਧਿਤ ਹਨ ਆਦਿ।
4. ਸੰਸਥਾਵਾਂ- ਸਫ਼ਰਨਾਮੇ ਵਿਚ ਕਿਸੇ ਖੇਤਰ ਦੇ ਸਕੂਲ,ਕਾਲਜ, ਹਸਪਤਾਲ, ਕਿਸੇ ਕਾਰਖਾਨਾ, ਧਾਰਮਿਕ ਸਥਾਨ, ਖੇਡ ਮੈਦਾਨ ਆਦਿ ਬਾਰੇ ਦੱਸਿਆ ਹੁੰਦਾ ਹੈ।
5. ਕਾਨੂੰਨ ਵਿਵਸਥਾ ਤੇ ਰਾਜ ਪ੍ਰਬੰਧ- ਕਿਸੇ ਖੇਤਰ ਵਿੱਚ ਕਾਨੂੰਨ ਦਾ ਰਾਜ ਹੈ ਜਾਂ ਨਹੀਂ ਸਰਕਾਰ ਦਾ ਰਾਜ ਪ੍ਰਬੰਧ ਕਿਹੋ ਜਿਹਾ ਹੈ। ਲੋਕ ਸੁਰੱਖਿਅਤ ਹਨ ਜਾਂ ਨਹੀਂ ਇਹ ਸਭ ਸਵਾਲਾਂ ਦੇ ਜਵਾਬ ਲੱਭਣੇ ਹੁੰਦੇ ਹਨ।
6. ਉਦੇਸ਼-ਹਰ ਰਚਨਾ ਦਾ ਕੋਈ ਉਦੇਸ਼ ਹੁੰਦਾ ਹੈ। ਸਮਾਜ ਨੂੰ ਸੇਧ ਦੇਣਾ ਜਾਂ ਕਿਸੇ ਹਾਲਤ ਦਾ ਬਿਆਨ ਕਰ ਦੇਣਾ ਸਫ਼ਰਨਾਮੇ ਦਾ ਮੁੱਖ ਮਨੋਰਥ ਹੈ।
ਉਦਾਹਰਣ ਵਜੋਂ- ਲਾਲ ਸਿੰਘ ਕਮਲਾ ਅਕਾਲੀ ਨੇ ਲੰਦਨ ਤੇ ਲੰਦਨ ਦੇ ਲੋਕਾਂ ਬਾਰੇ ਦੱਸਿਆ ਹੈ ਕਿ ਉਹ ਮਾੜੀ ਬੋਲੀ ਨਹੀਂ ਬੋਲਦੇ ਤੇ ਕੰਮ ਦਾ ਸਤਿਕਾਰ ਕਰਦੇ ਹਨ। ਇਸ ਤੋਂ ਸਾਨੂੰ ਸੇਧ ਮਿਲਦੀ ਹੈ।
7. ਸਿਰਲੇਖ-ਹਰ ਰਚਨਾ ਦਾ ਕੋਈ ਸਿਰਲੇਖ ਜਾਂ ਨਾਂ ਜ਼ਰੂਰ ਹੁੰਦਾ ਹੈ। ਸਿਰਲੇਖ ਛੋਟਾ, ਸੰਖੇਪ ਤੇ ਢੁਕਵਾਂ ਹੋਣਾ ਚਾਹੀਦਾ ਹੈ। ਸਿਰਲੇਖ ਰੌਚਕ ਵੀ ਹੋਵੇ। ਜਿਸ ਨੂੰ ਪੜ੍ਹ ਕੇ ਸਾਰੀ ਰਚਨਾ ਪੜ੍ਹਨ ਲਈ ਮਨ ਕਰ ਆਵੇ।
ਮਿਸਾਲ ਦੇ ਤੌਰ ਤੇ- 'ਮੇਰੀ ਰੂਸ ਯਾਤਰਾ', ਪਾਤਾਲ ਦੀ ਧਰਤੀ, ਸੱਚੋ ਸੱਚ ਆਦਿ।
8. ਬੋਲੀ ਤੇ ਸ਼ੈਲੀ- ਬੋਲੀ ਲੇਖਕ ਦਾ ਹਥਿਆਰ ਹੁੰਦੀ ਹੈ। ਰਚਨਾਂ ਦੀ ਬੋਲੀ ਵਿਸ਼ੇ ਅਤੇ ਪਾਤਰਾਂ ਮੁਤਾਬਿਕ ਢੁਕਵੀਂ ਹੋਣੀ ਚਾਹੀਦੀ ਹੈ। ਬੋਲੀ ਸੌਖੀ ਅਤੇ ਸਪਸ਼ਟ ਵੀ ਹੋਵੇ। ਨਾਲ ਹੀ ਨਾਲ ਰੌਚਕ ਤੇ ਸੁੰਦਰ ਵੀ ਹੋਵੇ। 
ਸ਼ੈਲੀ ਹੀ ਮਨੁੱਖ ਹੈ।(Style is the man) ਸ਼ੈਲੀ ਤੋਂ ਹੀ ਲੇਖਕ ਦੀ ਪਛਾਣ ਹੁੰਦੀ ਹੈ। ਸਫ਼ਰਨਾਮਾ ਵਿਚ ਕਈ ਸ਼ੈਲੀਆਂ ਵਰਤੀਆਂ ਜਾਂਦੀਆਂ ਹਨ। 
ਉਦਾਹਰਣ ਵਜੋਂ- ਡਾ. ਹਰਭਜਨ ਸਿੰਘ ਨੇ ਆਪਣੇ ਸਫ਼ਰਨਾਮੇ ਵਿੱਚ ਬੜੀ ਸੁੰਦਰਤਾ ਨਾਲ ਲਿਖਿਆ ਹੈ- 
              "ਮਰਦ ਤੇ ਔਰਤ ਵੇਖੀ ਜਾਂਦੀ ਹੈ।"
9. ਲੇਖਕ ਦਾ ਆਪਾ- ਲੇਖਕ ਭਾਵੇਂ ਕਿਸੇ ਸਥਾਨ ਬਾਰੇ ਲਿਖ ਰਿਹਾ ਹੋਵੇ ਪਰ ਉਸ ਦੇ ਆਪਣੇ ਅਨੁਭਵ ਅਤੇ ਵਿਚਾਰ ਬਹੁਤ ਮਹੱਤਵ ਰੱਖਦੇ ਹਨ। ਉਹ ਆਪਣੇ ਨਜ਼ਰੀਏ ਤੋਂ ਹੀ ਸਭ ਕੁਝ ਦੇਖਦਾ ਤੇ ਲਿਖਦਾ ਹੈ।
10. ਦੇਸ਼-ਪਿਆਰ- ਸਫ਼ਰ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਪਰ ਲੇਖਕ ਦਾ ਆਪਣੇ ਦੇਸ਼ ਲਈ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿੰ. ਸਰਵਣ ਸਿੰਘ ਨੇ ਆਪਣੇ ਸਫਰਨਾਮੇ 'ਅੱਧੀ ਦੇਖਿ ਨ ਰਜੀਆਂ' ਵਿੱਚ ਲਿਖਿਆ ਹੈ-
                           "ਦੁਨੀਆ ਚਾਹੇ ਲੱਖ ਸੋਹਣੀ ਹੋਵੇ, ਪਰ ਆਪਣੇ ਦੇਸ਼ ਤੋਂ ਸੋਹਣੀ ਨਹੀਂ ਹੋ ਸਕਦੀ।"
ਪੰਜਾਬੀ ਸਫ਼ਰਨਾਮੇ ਦਾ ਇਤਿਹਾਸ-ਪੰਜਾਬੀ ਵਿੱਚ ਲਾਲ ਸਿੰਘ ਕਮਲਾ ਅਕਾਲੀ, ਡਾ. ਹਰਦਿੱਤ ਸਿੰਘ ਢਿੱਲੋਂ, ਗੁਰਬਖਸ਼ ਸਿੰਘ, ਪਿਆਰਾ ਸਿੰਘ ਦਾਤਾ,ਪ੍ਰਿੰ. ਸਰਵਣ ਸਿੰਘ, ਡਾ. ਨਰਿੰਦਰ ਕਪੂਰ, ਸੰਤੋਖ ਸਿੰਘ ਧੀਰ, ਬਲਦੇਵ ਸਿੰਘ, ਬਰਜਿੰਦਰ ਸਿੰਘ ਹਮਦਰਦ ਵਰਗੇ ਕਈ ਲੇਖਕਾਂ ਨੇ ਸਫਰਨਾਮੇ ਲਿਖੇ ਹਨ।
ਪੰਜਾਬੀ ਵਿਚ ਸਫ਼ਰਨਾਮੇ ਦਾ ਵਰਤਮਾਨ ਤੇ ਭਵਿੱਖ ਰੌਸ਼ਨ ਜਾਪਦਾ ਹੈ। ਕਿਉਂਕਿ ਲੋਕ ਘੁੰਮਣ-ਫਿਰਨ ਦੀ ਰੁਚੀ ਰੱਖਦੇ ਹਨ ਤੇ ਆਪਣੀਆਂ ਯਾਦਾਂ ਨੂੰ ਲਿਖ ਕੇ ਸੰਭਾਲਦੇ ਹਨ।




 



Post a Comment

0 Comments