Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਲੋਕ ਮਨ, ਲੋਕ ਰੂੜ੍ਹੀਆਂ ਅਤੇ ਲੋਕ ਵਿਸ਼ਵਾਸ।

                   ਲੋਕਧਾਰਾ, ਲੋਕ ਰੂੜੀਆ ਲੋਕ ਵਿਸ਼ਵਾਸ ਹੀ ਲੋਕ ਮਨ ਦੀ ਸਿਰਜਣਾ ਹਨ। ਲੋਕ-ਮਨ ਦਾ ਅਰਥ ਲੋਕ ਚੇਤਨਾ ਜਾਂ ਲੋਕਾਂ ਦੇ ਸਮੂਹਿਕ ਦਿਮਾਗ ਤੋਂ ਭਿੰਨ ਹੈ ।ਲੋਕ ਮਨ ਦੀ ਪਰਿਭਾਸ਼ਾ ਅਤੇ ਸੰਕਲਪ ਸ਼ਬਦ 'ਲੋਕ' ਦੇ ਅਰਥ ਅੰਦਰ ਗਰਭਿਤ ਹਨ। ਲੋਕ ਦਾ ਵਾਸਤਵਿਕ ਅਰਥ ਸਾਂਝੀ ਭਾਸ਼ਾ, ਸਭਿਆਚਾਰ ਅਤੇ ਸੋਚ ਦੁਆਰਾ ਸੰਚਾਰਿਤ ਹੁੰਦਾ ਹੈ।

                ਐਲਨ ਡੰਡੀਸ ਮੁਤਾਬਕ ਕਿਸੇ ਵੀ ਦੋ ਵਿਅਕਤੀਆਂ ਤੋਂ ਵੱਡੀ ਗੁੱਟ ਜਿਸ ਵਿੱਚ ਭਾਸ਼ਾ, ਕਿੱਤੇ ਅਤੇ ਧਰਮ ਆਦਿ ਵਿਚੋਂ ਕੋਈ ਸਾਂਝਾ ਹੋਵੇ ਤੇ ਇਨ੍ਹਾਂ ਵਿਚਲੀ ਸਾਂਝੀ ਪਰੰਪਰਾ ਇਹਨਾਂ ਨੂੰ ਗੁੱਟ ਭਾਵਨਾ ਵਿੱਚ ਪਰੋਈ ਰੱਖੇ ਉਸ ਗੁੱਟ ਨੂੰ ਅਸੀਂ ਲੋਕ ਆਖ ਸਕਦੇ ਹਾਂ। ਸੰਖੇਪ ਵਿਚ ਇਹ ਸਾਂਝੀ ਭਾਸ਼ਾ, ਕਿੱਤਾ, ਧਰਮ ਜਾਂ ਖੇਤਰ ਦੇ ਆਧਾਰ ਉੱਤੇ ਉਸਾਰਿਆ ਗੁੱਟ ਹੈ ਜਿਸ ਦੀ ਆਪਣੀ ਸਾਂਝੀ ਪਰੰਪਰਾ ਹੁੰਦੀ ਹੈ ।

   ਲੋਕ ਮਨ ਹੀ 'ਲੋਕ' ਨੂੰ ਸਮੂਹਿਕ ਅਤੇ ਸਾਂਝੀ ਪ੍ਰੰਪਰਾ ਅੰਦਰ ਬੰਨ੍ਹੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

   ਡਾਕਟਰ ਵਣਜਾਰਾ ਬੇਦੀ ਅਨੁਸਾਰ,

     "ਲੋਕ ਸੰਸਕ੍ਰਿਤੀ ਦੀ ਹਰ ਮਾਨਸਿਕ ਅਤੇ ਭੌਤਿਕ ਪ੍ਰਕਿਰਿਆ ਦੇ ਵੇਗ ਦਾ ਮੂਲ ਸਰੋਤ ਸਮੂਹਿਕ ਚਿੱਤ ਹੁੰਦਾ ਹੈ। ਇਸੇ ਸਮੂਹਿਕ ਚਿੱਤ ਨੂੰ ਲੋਕ-ਮਨ ਕਿਹਾ ਜਾਂਦਾ ਹੈ। ਲੋਕ ਮਨ ਸਦਾ ਜਾਗ੍ਰਿਤ ਜੋਤਿ ਹੈ ਆਦਿ ਜੁਗਾਦਿ ਤੋਂ ਹਰ ਮਨ ਵਿਚ ਪ੍ਰਕਾਸ਼ਮਾਨ ਚੱਲੀ ਆ ਰਹੀ ਹੈ । ਇਹ ਧੁੰਦਲੀ ਤਾਂ ਪੈ ਜਾਂਦੀ ਹੈ ਪਰ ਕਦੇ ਕਿਸੇ ਮਨ ਵਿਚੋਂ ਬੁੱਝਦੀ ਨਹੀਂ।"

    ਲੋਕ ਮਨ ਕਿਸੇ ਇਕੱਲੇ ਕਾਰੇ ਵਿਅਕਤੀ ਦੀ ਵਿਰਾਸਤ ਨਹੀਂ , ਲੋਕ ਮਨ ਗੁੱਟ ਦੇ ਸਾਰੇ ਮੈਂਬਰਾਂ ਵਿੱਚ ਸਮਾਨ ਰੂਪ ਵਿਚ ਵਿਦਮਾਨ ਹੁੰਦਾ ਹੈ। ਇਹ ਲੋਕ-ਮਨ ਲੋਕਧਾਰਾ ਅਤੇ ਲੋਕ ਸਾਹਿਤ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

       ਲੋਕ ਮਨ ਦਾ ਪਰਯੋਜਨ ਬਹੁਪੱਖੀ ਤੇ ਗੁੰਝਲਦਾਰ  ਹੈ।ਇਸ ਦਾ ਸਭ ਤੋਂ ਮਹੱਤਵਪੂਰਨ ਕਾਰਜ ਚੌਗਿਰਦੇ  ਦਾ ਮਾਨਵੀਕਰਨ ਕਰਨਾ ਹੈ ਲੋਕਮਨ ਭੂਗੌਲਿਕ ਚੌਗਿਰਦੇ ਨੂੰ ਸੱਭਿਆਚਾਰਕ ਚੌਗਿਰਦੇ ਵਿੱਚ ਸਿਰਜਦਾ ਹੈ।ਦਰ ਅਸਲ  ਭੌਤਿਕ ਚੁਗਿਰਦੇ ਨੂੰ ਮਨੁੱਖੀ ਚੁਗਿਰਦੇ ਵਿੱਚ ਬਦਲਣ ਦਾ ਕਾਰਜ ਲੋਕ-ਮਨ ਸਦਕਾ ਹੀ ਸੰਭਵ ਹੈ । ਮਾਨਵੀਕਰਣ ਲੋਕ-ਮਨ ਦੀ ਬਾਹਰੋਂ ਅੰਦਰ ਵੱਲ ਪ੍ਰਕਿਰਿਆ ਹੈ।ਇਸ ਸਮਗਰੀ ਦੇ ਪ੍ਰਵੇਸ਼ ਨਾਲ ਮਨੁੱਖੀ ਮਨ ਅੰਦਰ ਅਨੇਕ ਪ੍ਰਕਾਰੀ ਸੰਕਲਪ ਸਿਰਜੇ ਜਾਂਦੇ ਹਨ ਜੋ ਡਰ, ਭੈ, ਸ਼ਿੰਗਾਰ ਆਦਿ ਨਾਲ ਸਬੰਧਤ ਹੋ ਸਕਦੇ ਹਨ।ਲੋਕ ਮਨ ਇਨ੍ਹਾਂ ਨੂੰ ਸਮੂਰਤ ਬਣਾਉਣ ਲਈ ਮਿਥਿਹਾਸ ਦੀ ਸਿਰਜਨਾ ਕਰਦਾ ਹੈ। ਸੰਕਲਪਾਂ ਨੂੰ ਸਮੂਰਤ ਪਾਤਰਾਂ ਅਤੇ ਪ੍ਰਸਥਿਤੀਆਂ ਰਾਹੀਂ ਵਿਅਕਤ ਕਰਦਾ ਹੈ । ਇੰਝ ਮਾਨਵੀਕਰਣ ਤੇ ਸਮੂਰਤੀਕਰਨ ਵਿਪਰੀਤ ਪ੍ਰਕਿਰਿਆਵਾਂ ਹਨ।

     ਲੋਕ ਮਨ ਦਾ ਤੀਜਾ ਪ੍ਰਮੁੱਖ ਕਾਰਜ  ਅਭਿਵਿਅਕਤੀ ਹੈ । ਇਹ ਆਪਣੀ ਮਾਨਵੀਕਰਣ ਅਤੇ ਸਮਮੂਰਤੀ ਕਰਨ ਦੀ ਪ੍ਰਕਿਰਿਆ ਦੁਆਰਾ ਸਿਰਜੇ ਚੌਗਿਰਦੇ ਨੂੰ ਜ਼ੁਬਾਨ ਦਿੰਦਾ ਹੈ।ਕੋਮਲ ਅਤੇ ਦਿਲ ਖਿੱਚਵੇਂ ਭਾਵਾਂ ਨੂੰ ਲੋਕ ਗੀਤਾਂ ਰਾਹੀਂ, ਵਿਸ਼ਵਾਸਾਂ ਅਤੇ ਅਦਿੱਖ ਵਰਤਾਰਿਆਂ ਨੂੰ ਮਿਥਿਹਾਸ ਰਾਹੀਂ ਸਾਂਝੇ ਤਜਰਬਿਆਂ ਤੇ ਜਜ਼ਬਿਆਂ ਨੂੰ ਬਹੁਰੰਗੇ ਲੋਕ ਸਾਹਿਤ ਰਾਹੀਂ ਵਿਅਕਤ ਕਰਦਾ ਹੈ ਤੇ ਇੰਜ ਸੁਹਜ ਦੀ ਨਵੀਂਨ ਪ੍ਰੰਪਰਾ ਸਿਰਜਦਾ ਹੈ ।ਲੋਕਮਨ (ਇੱਕ) ਨੂੰ ਸੰਗਠਿਤ ਰੱਖਣ ਦੀ ਭਾਵਨਾ ਨੂੰ ਭਾਸ਼ਾ ਪ੍ਰਦਾਨ ਕਰਕੇ ਉਹਨੂੰ ਸੰਗਠਿਤ ਰੱਖਣ ਦਾ ਸਮਾਜਿਕ ਪ੍ਰਕਾਰਜ ਵੀ ਕਰਦਾ ਹੈ। ਸਮਾਜਿਕ ਰਿਸ਼ਤੇ-ਨਾਤਿਆਂ ਅਤੇ ਵਿਵਰਜਿਤ ਕਦਰਾਂ-ਕੀਮਤਾਂ ਨੂੰ ਰਮਜ਼ੀ ਜ਼ੁਬਾਨ ਪ੍ਰਦਾਨ ਕਰਨਾ ਵੀ ਲੋਕ ਮਨ ਦਾ ਹੀ ਪ੍ਰਕਾਰਜ ਹੈ।

     ਲੋਕ ਮਨ ਕਿਸੇ ਸੱਭਿਆਚਾਰ ਦੀ ਬੁਨਿਆਦ ਵੀ ਹੁੰਦਾ ਹੈ ਤੇ ਵਿਲੱਖਣਤਾ ਵੀ। ਸਭਿਆਚਾਰ ਦੀਆਂ ਕਦਰਾਂ ਕੀਮਤਾਂ ਤੇ ਵਿਅੰਗ ਅਤੇ ਮੁਲਾਂਕਣ ਵੀ ਲੋਕ ਮਨ ਹੀ ਕਰਦਾ ਹੈ।

     

             ਲੋਕ- ਰੂੜ੍ਹੀਆਂ:-

ਮਾਨਵੀਕਰਨ ਅਤੇ ਸਮੂਰਤੀਕਰਨ  ਦੀਆਂ ਕੁਝ ਪ੍ਰਕਿਰਿਆਵਾਂ ਲੋਕ ਮਨ ਦੁਆਰਾ ਵਾਰ-ਵਾਰ ਦੁਹਰਾਏ ਜਾਣ ਕਾਰਨ ਅਚੇਤ ਮਨ ਦਾ ਭਾਗ ਬਣ ਜਾਂਦੀਆਂ ਹਨ। ਇਨ੍ਹਾਂ ਦੀ ਅਭੀਵਿਅਕਤੀ ਸਹਿਜ ਸੁਭਾਅ ਹੋਣ ਲਗਦੀ ਹੈ ਤੇ ਇਹ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ ਇਨ੍ਹਾਂ ਨੂੰ ਅਸੀਂ ਲੋਕ ਰੂੜੀਆਂ ਦੀ ਸੰਗਿਆ ( ਨਾਮ) ਦਿੰਦੇ ਹਾਂ।

(ਮੋਟਿਫ਼ ) ਰੂੜੀ ਅੰਗਰੇਜ਼ੀ ਸ਼ਬਦ motif ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਅਤੇ ਪ੍ਰਭਾਵ ਸਤੰਤਰ ਦਿਖਾਈ ਦਿੰਦਾ ਹੋਵੇ ।ਸਟਿਥ ਥਾਮਸਨ ਅਨੁਸਾਰ ,

"ਮੋਟਿਫ ਉਹ  ਚੋਣਵਾਂ ਗੁਣ ਹੈ ਜਿਸ ਦੁਆਰਾ ਲੋਕਯਾਨ ਦੇ ਕਿਸੇ ਭਾਗ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ ।"

ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ ,

       "ਲੋਕਮਨ ਦੀਆਂ ਉਹ ਗੰਢਾਂ ਜਿਨ੍ਹਾਂ ਦਾ ਸੰਚਾਲਨ ਦੀ ਸੁਰੀਲੀ ਪਤਨੀ ਜਾਰੀ ਬਣੀ ਹੁੰਦੀ ਸੀ ਵੇਚਦੇ ਕਰਮਚਾਰੀਆਂ ਅਚੇਤ ਮਨ ਕਰਦਾ ਹੈ,ਸਮੂਹਿਕ ਲੋਕ-ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ,ਸਹਿਜ ਸੁਭਾਅ ਅਭਿਵਿਅਕਤ ਹੁੰਦੀਆਂ ਹਨ,ਲੋਕ ਰੂੜ੍ਹੀਆਂ ਅਖਵਾਉਦੀਆਂ ਹਨ।"

ਲੋਕ ਰੂੜ੍ਹੀਆਂ ਮਨੁੱਖ ਦੇ  ਸੱਭਿਆਚਾਰਕ ਵਤੀਰੇ ਨੂੰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਲੋਕ ਸਾਹਿਤ ਦੀ ਪਰੰਪਰਾ ,ਰੀਤਾਂ ,ਰਸਮਾਂ ਅਤੇ ਲੋਕ ਵਿਸ਼ਵਾਸਾਂ ਦਾ ਸੰਚਾਲਨ ਕਰਨ ਵਿੱਚ ਲੋਕ ਰੂੜੀਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਜ਼ਿਆਦਾਤਰ ਸਮੂਹਿਕ ਅਨੁਭਵ, ਕਲਪਨਾ ਅਤੇ ਵਿਸ਼ਵਾਸਾਂ ਦੀ ਉਪਜ ਹੁੰਦੀਆਂ ਹਨ ।ਇਨ੍ਹਾਂ ਦੁਆਰਾ ਵਾਸਤਵਿਕ ਯਥਾਰਥ ਦੇ ਨੇੜੇ ਹੋਣਾ ਜਾਂ ਉਸ ਨੂੰ ਪ੍ਰਤੀਬਿੰਬਤ ਕਰਨਾ ਜ਼ਰੂਰੀ ਨਹੀਂ ।ਇਸ ਵਿੱਚ ਕਈ ਅਸੰਭਵ ਪ੍ਰਸਥਿਤੀਆਂ ਵੀ ਸਿਰਜੀਆਂ ਜਾ ਸਕਦੀਆਂ ਹਨ ।

              ਲੋਕ ਰੂੜ੍ਹੀਆਂ ਕਿਸੇ ਸਾਹਿਤ ਅਤੇ ਸੱਭਿਆਚਾਰ ਦੀ ਵਿਸ਼ੇਸ਼ ਪਹਿਚਾਣ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਲੋਕਾਂ ਦੀ ਸੋਚਣੀ ਅਤੇ ਉਨ੍ਹਾਂ ਦੀ ਪੈਦਾਵਾਰੀ ਪ੍ਰਸਥਿਤੀਆਂ ਦੀ ਮੂੰਹ ਬੋਲਦੀ ਤਸਵੀਰ ਹੋਇਆ ਕਰਦੀਆਂ ਹਨ ।ਪੰਜਾਬੀ ਸਾਹਿਤ ਦੇ ਬਹੁਤ ਸਾਰੇ ਬਿੰਬ ਪ੍ਰਤੀਕ ਤੇ ਅਲੰਕਾਰ ਲੋਕ ਰੂੜੀਆਂ ਦੀ ਧਰਾਤਲ ਤੇ ਹੀ ਖੜ੍ਹੇ ਹਨ ।

       ਲੋਕ ਰੂੜ੍ਹੀਆਂ ਦੀ ਵਸਤੂ ਪਰੰਪਰਾਗਤ ਹੁੰਦੀ ਹੈ ।ਪਰੰਪਰਾਗਤ ਲੋਕ ਅਨੁਭਵ, ਲੋਕ ਸੰਕਲਪ ਵੀ ਲੋਕ ਰੂੜੀਆਂ ਦਾ ਰੂਪ ਧਾਰਨ ਕਰ ਸਕਦੇ ਹਨ ।ਇਹ ਲੋਕ ਅਨੁਭਵ ਤੇ ਲੋਕ ਸੰਕਲਪ ਕੋਈ ਪੌਰਾਣਿਕ ਸੰਕਲਪ ਸਿਰਜ ਲੈਂਦੇ ਹਨ, ਇਨ੍ਹਾਂ ਪ੍ਰਸੰਗਾਂ ਵਿੱਚੋਂ ਸਮਾਜਿਕ ਤੇ ਸੱਭਿਆਚਾਰਕ ਤੱਤ ਸੰਮਲਿਤ ਹੁੰਦੇ ਰਹਿੰਦੇ ਹਨ ।ਇਹ ਪ੍ਰਸੰਗ ਲੋਕ ਕਹਾਣੀਆਂ, ਦੰਦ ਕਥਾਵਾਂ, ਸਾਖੀਆਂ ਆਦਿ ਦੇ ਵਿਭਿੰਨ ਰੂਪਾਂ ਵਿੱਚ ਮਿਲਦੇ ਹਨ ।ਇਨ੍ਹਾਂ ਪ੍ਰਸੰਗਾਂ ਵਿੱਚ ਧਰੂ ਭਗਤ ,ਦਰੋਪਦੀ, ਸੀਤਾ ਸਵੰਬਰ, ਹਰੀਸ਼ ਚੰਦਰ, ਗੋਪੀ ਚੰਦ ਤੇ ਪੂਰਨ ਭਗਤ ਆਦਿ ਪ੍ਰਚੱਲਿਤ ਹਨ ।ਬਹੁਤੇ ਪ੍ਰਸੰਗ ਅਦਭੁੱਤ ਵਰਤਾਰਿਆਂ ਦਾ ਵਿਸਥਾਰ ਹਨ। ਸੂਰਜ, ਚੰਦ ,ਧਰਤੀ, ਅਸਮਾਨ, ਤਾਰੇ ਤੇ ਗ੍ਰਹਿ ਆਦਿ  ਕਥਾ ਕਹਾਣੀਆਂ ਰਾਹੀਂ ਪੇਸ਼ ਹੁੰਦੇ ਹਨ। ਡਾਕਟਰ ਵਣਜਾਰਾਬੇਦੀ ਮੁਤਾਬਕ ਲੋਕ ਕਥਾ' ਸੱਸੀ ਪੁੰਨੂੰ 'ਚੰਨ ਦੀ ਰੂੜੀ ਨਾਲ ਸਬੰਧਿਤ ਹੈ ਜਿਸ ਨੂੰ ਚੰਨ ਦੀ ਵੱਧਦੀ ਘੱਟਦੀ ਕਲਾ ਦੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ ।

ਜਨਮ ਸਾਖੀਆਂ ਵਿੱਚ ਬਹੁਤ ਸਾਰੀਆਂ ਰੂੜੀਆਂ ਪ੍ਰਕਾਰਜ ਕਰਦੀਆਂ ਹਨ ।ਗੁਰੂਆਂ ਦੇ ਜੀਵਨ ਦੁਆਲੇ ਸੱਭਿਆਚਾਰਕ ਰੂੜੀਆਂ ਇਸ ਤਰ੍ਹਾਂ ਜੁੜ ਗਈਆਂ ਹਨ ਜੋ ਵਾਸਤਵਿਕ ਸੋਚਣੀ ਦੇ ਸਮੀਪ ਪ੍ਰਤੀਤ ਹੁੰਦੀਆਂ ਹਨ ।

ਸੰਖੇਪ ਵਿੱਚ ਲੋਕ ਰੂੜੀਆਂ ਲੋਕ ਮਨ ਦੀ ਕੁਦਰਤੀ ਤੇ ਸਹਿਜ ਭਾਸ਼ਾ ਹਨ। ਇਨ੍ਹਾਂ ਰਾਹੀਂ ਲੋਕਮਨ ਸੰਕੇਤ ਰੂਪ ਵਿੱਚ ਅਭਿਵਿਅਕਤ ਹੁੰਦਾ ਹੈ ਤੇ ਅੱਗੋਂ ਭਾਸ਼ਾਈ ਵਿਧਾਵਾਂ ਰਾਹੀਂ ਪਾਸਾਰ ਹਾਸਲ ਕਰਦਾ ਹੈ। ਲੋਕਧਾਰਾ ਦੇ ਬਹੁਤ ਰੂਪ ਤੇ ਵੰਨਗੀਆਂ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਰੂੜੀਆਂ ਦਾ ਪਸਾਰ ਹੀ ਹੋਇਆ ਕਰਦੇ ਹਨ ।ਇਹ ਸੱਭਿਆਚਾਰ ਵਿੱਚ ਝਟਪਟੇ ਪਰਿਵਰਤਨਾਂ ਤੇ ਬਾਹਰਲੇ ਸੱਭਿਆਚਾਰਾਂ ਦੇ ਪ੍ਰਭਾਵਾਂ ਨੂੰ ਪਰੰਪਰਾ ਦਾ ਭਾਗ ਬਣਨੋ  ਰੋਕਦੀਆਂ ਹਨ ।

             ਲੋਕ-ਵਿਸ਼ਵਾਸ:-

ਲੋਕ ਵਿਸ਼ਵਾਸ ਲੋਕ ਧਾਰਾ ਦਾ ਅੰਗ ਹਨ ।ਇਹ ਸਮੇਂ ਦੇ ਮਨੁੱਖ ਦੀ ਸੋਚਣੀ ਨੂੰ ਅਭਿਵਿਅਕਤ ਕਰਦੇ ਹਨ ।ਕਈ ਲੋਕ ਵਿਸ਼ਵਾਸ ਤਾਂ ਲੋਕ ਰੂੜੀਆਂ ਨੂੰ ਪ੍ਰਗਟ ਕਰਦੇ ਹਨ। ਕਈਆਂ ਦਾ ਆਧਾਰ ਪਰੰਪਰਾ ਨਾਲ ਭਾਵਾਤਮਿਕ ਸਾਂਝ ਹੈ ਤੇ ਕਈਆਂ ਦਾ ਆਧਾਰ ਡਰ ਕਰਕੇ ਸੁਰੱਖਿਆ ਨਾਲ ਹੈ। 

ਰੀਵਰ ਤੇ ਬੌਸਵੈਲ ਅਨੁਸਾਰ,

          "ਵਿਸ਼ਵਾਸ ਪਰੰਪਰਾਗਤ ਰੂਪ ਵਿੱਚ ਪ੍ਰਚਲਿਤ ਕਰਮਕਾਂਡਾਂ, ਰਹੁ -ਰੀਤਾਂ , ਪੂਜਾ ਵਿਧੀਆਂ ,ਪੁਰਬਾ, ਵਰਤਾਂ, ਪ੍ਰਥਾਵਾਂ ਅਤੇ ਸੰਸਕਾਰਾਂ ਆਦਿ ਦਾ ਸਮੂਹ ਹੈ, ਜਿਸ ਨਾਲ ਜਨ ਸਾਧਾਰਨ ਦੀ ਭਾਵਨਾ ਜੁੜੀ ਹੋਈ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਆਦਿ ਕਾਲ ਤੋਂ ਮਨੁੱਖੀ ਜੀਵਨ ਦੇ ਵਿਸ਼ੇਸ਼ ਮੌਕਿਆਂ 'ਤੇ ਕੀਤੀ ਜਾ ਰਹੀ ਹੈ ।"

ਬਹੁਤੀ ਵਿਸ਼ਵਾਸਾਂ ਪਿੱਛੇ ਪ੍ਰਤੀਵਾਦ ਦਾ ਸਿਧਾਂਤ ਕੰਮ ਕਰਦਾ ਪ੍ਰਤੀਤ ਹੁੰਦਾ ਹੈ। ਇਸੇ ਤਰ੍ਹਾਂ ਮਨੁੱਖੀ ਮਨ ਵਾਸਤਵਿਕ  ਪ੍ਰਸਥਿਤੀਆਂ ਦੇ ਵਿਪਰੀਤ ਪ੍ਰਸਥਿਤੀਆਂ ਸਿਰਜ ਲੈਂਦਾ ਹੈ ਜੋ ਉਸ ਦੀਆਂ ਸੁਭਾਉ ਗਤੀਆਂ ਨੂੰ ਉਲਟ ਦਿਸ਼ਾ ਵੱਲ ਪ੍ਰੇਰਿਤ ਕਰ ਦਿੰਦੀਆਂ ਹਨ ।ਮਨੁੱਖ ਵਰਤਾਰਿਆਂ ਅਤੇ ਪ੍ਰਸਥਿਤੀਆਂ ਦੇ ਉਲਟ ਅਰਥ ਗ੍ਰਹਿਣ ਕਰਨ ਲੱਗ ਪੈਂਦਾ ਹੈ। ਜਾਗ ਅਭਿਆਸ ਵਿੱਚ ਮਨੁੱਖ ਹਰ ਵਸਤੂ ਅਤੇ ਅਭਿਆਸ ਬਾਰੇ ਚੇਤੰਨ ,ਪਰ ਨੀਂਦ ਅਭਿਆਸ ਵਿੱਚ ਇਸ ਦੇ ਵਿਪਰੀਤ ਹੁੰਦਾ ਹੈ। ਇਸੇ ਕਾਰਨ ਨੀਂਦ ਅਭਿਆਸ ਦੀਆਂ ਵਸਤੂਆਂ ਅਤੇ ਅਨੁਭਵ ਵਿਪ੍ਰੀਤ ਅਰਥ ਦਸਦੇ ਹਨ।

               ਲੋਕ ਵਿਸ਼ਵਾਸ ਲੋਕ- ਤਰਕਾਂ ਅਤੇ ਵਰਤਾਰਿਆਂ ਦੇ ਸਮੂਹਿਕ  ਅਨੁਭਵ ਵਿੱਚੋਂ ਹੀ ਜਨਮ ਲੈਂਦੇ ਹਨ। ਇਨ੍ਹਾਂ ਪਿੱਛੇ ਵਿਗਿਆਨਕ ਸਿਧਾਂਤ ਨਹੀਂ ਬਲਕਿ ਸਮੂਹਿਕ ਅਨੁਭਵ ਕਾਰਜਸ਼ੀਲ ਹੁੰਦਾ ਹੈ ।ਜਿਵੇਂ ਮੰਗਲ ਅਤੇ ਸ਼ਨੀ ਅਸ਼ੁੱਭ ਗ੍ਰਹਿ ਹਨ ਜਦਕਿ ਬ੍ਰਹਿਸਪਤੀ ਚੰਗਾ ਹੁੰਦਾ ਹੈ। ਜਾਂ ਸੂਰਜ ਤੇ ਚੰਦ ਗ੍ਰਹਿਣ ਦਾ ਫਲ ਚੰਗਾ ਨਹੀਂ ਹੁੰਦਾ ।

ਲੋਕ ਵਿਸ਼ਵਾਸ ਮਨੁੱਖੀ ਜੀਵਨ ਦੇ ਹਰ ਪੜਾਅ ,ਹਰ ਅੰਗ ਤੇ ਹਰ ਸਮੇਂ ਨਾਲ ਸਬੰਧ ਰੱਖਦੇ ਹਨ ।ਇਨ੍ਹਾਂ ਨੂੰ ਅਸੀਂ ਨਿੰਮ ਲਿਖੇ ਤਰੀਕਿਆਂ ਨਾਲ ਵਿਭਾਜਿਤ ਕਰ ਸਕਦੇ ਹਾਂ :-

1. ਜਨਮ,ਵਿਆਹ ਅਤੇ ਮੌਤ ਸਬੰਧੀ ਲੋਕ ਵਿਸ਼ਵਾਸ।

2. ਗ੍ਰਹਿਆਂ ਸਬੰਧੀ ਲੋਕ ਵਿਸ਼ਵਾਸ ।

3. ਸੂਰਜ ,ਚੰਦ ਤੇ ਤਾਰਿਆਂ ਸਬੰਧੀ ਲੋਕ ਵਿਸ਼ਵਾਸ ।

4. ਦਿਸ਼ਾਵਾਂ ਸਬੰਧੀ ਲੋਕ ਵਿਸ਼ਵਾਸ ।

5. ਦਿਨਾਂ ਮਹੀਨਿਆਂ ਸਬੰਧੀ ਲੋਕ ਵਿਸ਼ਵਾਸ 

6. ਜੀਵਾਂ, ਜੰਤੂਆਂ ਅਤੇ ਪਸ਼ੂਆਂ ਸਬੰਧੀ ਲੋਕ ਵਿਸ਼ਵਾਸ ।

7. ਧਾਰਮਿਕ ਅੰਗਾਂ ਸਬੰਧੀ ਲੋਕ ਵਿਸ਼ਵਾਸ ।

8. ਨਜ਼ਰ ਸਬੰਧੀ ਲੋਕ ਵਿਸ਼ਵਾਸ ।

9. ਅੰਕਾਂ ਸੰਬੰਧੀ ਲੋਕ ਵਿਸ਼ਵਾਸ।

10. ਬਦਰੂਹਾਂ ਸਬੰਧੀ ਲੋਕ ਵਿਸ਼ਵਾਸ ।

11. ਨਿੱਛ ਆਦਿ ਸਬੰਧੀ ਲੋਕ ਵਿਸ਼ਵਾਸ ।

         ਜਿਵੇਂ ਕਿ ਸਵੇਰ ਸਾਰੇ ਜੰਮਿਆਂ ਬੱਚਾ ਭਾਗਾਂਵਾਲਾ ,ਮੰਗਲ ਗ੍ਰਹਿ ਹੇਠ ਜੰਮਿਆ ਮੰਗਲੀਕ ਬਾਰੇ ਖਿਆਲ ਕਰਨਾ ਨਕਸ਼ਤਰਾਂ ਵਿੱਚੋਂ ਮੂਲ ਨੂੰ ਸਭ ਤੋਂ ਭੈੜਾ ਮੰਨਣਾ ,ਚੌਥ ਵਾਲਾ ਚੰਨ ਮਾੜਾ ਤਸੱਵਰ ਕਰਨਾ, ਟੁੱਟਦੇ ਤਾਰੇ ਸਮੇਂ ਕੱਪੜੇ ਦੀ ਗੰਢ ਬੰਨਣ ਨੂੰ ਮਨ ਇੱਛਤ ਫਲ ਦੀ ਪ੍ਰਾਪਤੀ ਨਾਲ ਜੋੜਨਾ ਅਤੇ -

    "ਮੰਗਲ ਬੁੱਧ ਨਾ ਜਾਈਏ ਪਹਾੜ

      ਜਿੱਤੀ ਬਾਜ਼ੀ ਆਈਏ ਹਾਰ "

ਵਿੱਚ ਵਿਸ਼ਵਾਸ ਰੱਖਣਾ ਆਦਿ ਸਭ ਲੋਕ ਵਿਸ਼ਵਾਸ ਹੀ ਹਨ ।

             "ਬੁੱਧ ਕੰਮ ਸ਼ੁੱਧ"  

ਜਾਂ 'ਬੁੱਧ ਸ਼ਨਿੱਚਰ ਕੱਪੜਾ ਗਹਿਣਾ ਐਤਵਾਰ '

ਜਾਂ 'ਮੰਗਲ ਦਾਤੀ ਬੁੱਧ ਬਿਜਾਈ'- ਲੋਕ ਮਾਨਸਿਕਤਾ ਦਾ ਹਿੱਸਾ ਹਨ। ਸਾਉਣ ਮਹੀਨੇ ਸੱਜ ਵਿਆਹੀ ਦਾ ਸੱਸ ਦੇ ਮੱਥੇ ਲੱਗਣਾ ਅਸ਼ੁਭ ਤਸੱਵਰ ਕੀਤਾ ਜਾਂਦਾ ਹੈ ।ਉਸ ਨੂੰ ਉਜਾੜ ਦਾ ਪ੍ਰਤੀਕ ਮੰਨਣ ਤੇ ਇੱਛਿਆਧਾਰੀ ਨਾਗ ਤੋਂ ਡਰਨਾ ਵੀ ਆਮ ਪ੍ਰਚਲਿਤ ਹੈ ।ਆਦਮੀ ਦੀ ਸੱਜੀ ਅੱਖ ਫਰਕਣੀ ਚੰਗੀ ਤੇ ਖੱਬੀ ਮਾੜੀ ਮੰਨੀ ਜਾਂਦੀ ਹੈ ,ਜਦਕਿ ਔਰਤ ਦੀ ਇਸ ਦੇ ਵਿਪਰੀਤ ਜਾਂ ਪੈਰਾਂ ਦੀਆਂ ਤਲੀਆਂ ਤੇ ਖਾਰਸ਼ ਹੋਣ ਨੂੰ ਸਫਰ ਦੀ ਨਿਸ਼ਾਨੀ ਖਿਆਲ ਕਰਨਾ, ਨਜ਼ਰ ਤੋਂ ਬਚਾ ਲਈ ਨਜ਼ਰ ਬੱਟੂ ਪਾਉਣਾ ਆਦਿ ਲੋਕ ਵਿਸ਼ਵਾਸ ਆਮ ਪਿੰਡਾਂ ਵਿੱਚ ਮਿਲਦੇ ਹਨ ।

ਇਸ ਤੋਂ ਇਲਾਵਾ 5,7,11,12 ਅੰਕਾਂ ਨੂੰ ਰਹੱਸਮਈ ਪ੍ਰਭਾਵ ਵਾਲੇ ਮੰਨਿਆ ਜਾਂਦਾ ਹੈ ।'ਤੀਜਾ ਰਲਿਆ  ਤੇ ਘਰ ਗਲਿਆ' ਅਨੁਸਾਰ ਪੰਜਾਬ ਵਿੱਚ '3'(ਤਿੰਨ )ਨੂੰ ਮਾੜਾ ਗਿਣਿਆ ਜਾਂਦਾ ਹੈ । ਪਰ ਯੂਰਪ ਦਾ ਅਸ਼ੁੱਭ ਅੰਕ'13'( ਤੇਰਾ) ਪੰਜਾਬ ਵਿੱਚ ਬਾਬੇ ਨਾਨਕ ਦੀ 'ਤੇਰਾਂ 'ਦੀ ਧਾਰਨਾ ਕਰਕੇ ਸ਼ੁੱਭ ਹੈ ।

ਡੈਨ ਦੀ ਕਰੋਪੀ, ਕੁਆਰੇ ਮ੍ਰਿਤ ਲੜਕੇ (ਛਲੇਡੇ )ਦਾ ਭੈਅ ,ਮ੍ਰਿਤਕ ਗਰਭਵਤੀ ਦੀ ਰੂਹ( ਚੁੜੇਲ), ਅਣਆਈ ਮੌਤ( ਭੂਤ) ਤੇ ਸੋਕੜੇ ਆਦਿ ਤੋਂ ਬੱਚਣ ਦੇ ਉਪਾਅ ਵੀ ਲੋਕ ਵਿਸ਼ਵਾਸ ਨਾਲ ਸੰਬੰਧਿਤ ਹਨ । ਕੰਮ ਦੇ ਆਰੰਭ ਸਮੇਂ ਨਿੱਛ ਵਿਘਨ ਦਾ ਸੰਕੇਤ ਤਸੱਵਰ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਲੋਕ ਵਿਸ਼ਵਾਸ ਪ੍ਰਚਲਿਤ ਹਨ। ਇਨ੍ਹਾਂ ਨੂੰ ਅਸੀਂ ਲੋਕ ਭਰਮ ਵੀ ਆਖ ਸਕਦੇ ਹਾਂ। ਧਰਮ ਅਤੇ ਲੋਕ ਵਿਸ਼ਵਾਸ ਵਿੱਚ ਕੁਝ ਕੁ ਅੰਤਰ ਹੈ ।

ਭੁਪਿੰਦਰ ਸਿੰਘ ਖਹਿਰਾ ਅਨੁਸਾਰ ,

         "ਜਦੋਂ ਮਨੁੱਖ ਦੇ ਭੈਅਭੀਤ ਮਨ ਦੀ ਅਭਿਵਿਅਕਤੀ ਕਿਸੇ ਕਲਪਿਤ ਬਿੰਬ ,ਪ੍ਰਸਥਿਤੀ ਜਾਂ ਅਦਾ ਦੁਆਰਾ ਹੁੰਦੀ ਹੈ ਤਾਂ ਇਹ ਭਰਮ ਅਖਵਾਉਂਦੀ ਹੈ । ਭਰਮ ਵਿਅਕਤੀਗਤ ਵਰਤਾਰਾ ਹੈ ।ਇਸ ਦਾ ਆਧਾਰ ਸਮੂਹਿਕ ਹੁੰਦਾ ਹੈ ।"

ਡਾ.ਗੁਰਮੀਤ ਸਿੰਘ k.d.hand ਦੇ ਹਵਾਲੇ ਦੇ ਕੇ ਲਿਖਦਾ ਹੈ ,

              ".............ਜਿੱਥੇ ਵਹਿਮ ਭਰਮ ਅਵਿਗਿਆਨਕ ਅਤੇ ਅਤਾਰਕਿਕ ਅਧਾਰਾਂ ਉੱਪਰ ਉੱਸਰੇ ਹੋਏ ਹੁੰਦੇ ਹਨ ਉਥੇ ਲੋਕ ਵਿਸ਼ਵਾਸ ਜਰੂਰੀ ਨਹੀਂ ਕਿ ਹਮੇਸ਼ਾ ਗਲਤ 

ਅਤੇ ਅਵਿਗਿਆਨਕ ਨਿਰਣੈ ਤੇ  ਹੀ ਆਧਾਰਿਤ ਹੋਣ। ਲੋਕ ਵਿਸ਼ਵਾਸਾਂ ਦਾ ਆਧਾਰ ਪੂਰਨ ਮਾਨਸਿਕ ਰੂਪ ਵਿੱਚ ਤੱਕ ਵੀ ਹੋ ਸਕਦਾ ਹੈ ।"

ਲੋਕ ਵਿਸ਼ਵਾਸਾਂ ਦੀ ਉਤਪਤੀ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿੱਚ ਗ਼ਲਤ ਅਨੁਭਵ ,ਜਜ਼ਬਾਤ, ਸੰਜਮੀ ਹੁੰਗਾਰਾ, ਸਮਾਜਿਕ ਵਰਤਾਰਾ ,ਸੋਚਣ ਦਾ ਢੰਗ ਜਾਂ ਬੇਯਕੀਨੀ ਆਦਿ ਸ਼ਾਮਿਲ ਹਨ ।

                  ਹਰ ਸੱਭਿਆਚਾਰ ਵਿੱਚ ਅਨੇਕ ਵੰਨਗੀ ਦੇ ਲੋਕ ਵਿਸ਼ਵਾਸ ਪ੍ਰਚਲਿਤ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਦੂਜਿਆਂ ਸੱਭਿਆਚਾਰਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਮੇਲ ਖਾਂਦੇ ਹਨ। ਲੋਕ ਵਿਸ਼ਵਾਸ ਹੀ ਲੋਕ ਧਰਮ ਦੀ ਸਿਰਜਣਾ ਕਰਦੇ ਹਨ ।ਇਹ ਸੱਭਿਆਚਾਰਕ ਵਿਕਾਸ ਦੀ ਅਵਸਥਾ ਵੱਲ ਵੀ ਸੰਕੇਤ ਕਰਦੇ ਹਨ ।

ਵਿਕਸਿਤ ਸਮਾਜ ਵਿੱਚ ਬੇਸ਼ੱਕ ਲੋਕ ਵਿਸ਼ਵਾਸ ਵੱਖ ਵੱਖ ਵਿਗਿਆਨਕ ਦਿਸ਼ਾਵਾਂ ਵੱਲ ਨਿਕਾਸ ਕਰਦੇ ਚਲੇ ਜਾਂਦੇ ਹਨ। ਸੰਖੇਪ ਵਿਚ ਕਹਿ ਸਕਦੇ ਹਾਂ ਕਿ ਇਹ ਕਿਸੇ ਸੱਭਿਆਚਾਰ ਦੇ ਅਹਿਮ ਅੰਗ ਹੁੰਦੇ ਹਨ ਅਤੇ ਇਹ ਲੋਕਾਂ ਦੀ ਮਨੋ ਸਥਿਤੀ ਦੇ ਸੰਚਾਲਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ।

ਡਾਕਟਰ ਬਲਵੀਰ ਸਿੰਘ ਪੂਨੀ ਨੇ ਠੀਕ ਹੀ ਆਖਿਆ ਹੈ ,

           "ਲੋਕ ਵਿਸ਼ਵਾਸ ਨਿਰੇ ਵਹਿਮ ਹੀ ਨਹੀਂ ਸਗੋਂ ਕਿਧਰੇ- ਕਿਧਰੇ ਇਨ੍ਹਾਂ ਦਾ ਵਿਗਿਆਨਕ ਆਧਾਰ ਵੀ ਹੈ ।ਵਿਸ਼ਿਸ਼ਟ ਧਰਮ ਵਾਲੇ ਭਾਵੇਂ ਇਨ੍ਹਾਂ ਨੂੰ ਫੋਕੇ ਵਹਿਮ ਹੀ ਆਖਣ ਪਰ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ ।"

ਸਮੁੱਚੇ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਮੁਢਲੀਆਂ ਪ੍ਰਵਿਰਤੀਆਂ ਦੁਆਰਾ ਉਪਜਾਏ ਮਨੁੱਖੀ ਭਾਵ ਜਦੋਂ ਲੋਕਧਾਰਾ ਦੇ ਵਿਭਾਵਾਂ ਨਾਲ ਸੰਯੋਗ ਕਰਕੇ ਗਤੀਸ਼ੀਲ ਹੁੰਦੇ ਹਨ ਤਾਂ ਸਹਿਜ ਤੇ ਸਥਿਰ ਮਨ ਦੀ ਸਿਰਜਣਾ ਹੁੰਦੀ ਹੈ ਜਿਸ ਨੂੰ ਲੋਕ ਮਨ ਕਿਹਾ ਜਾਂਦਾ ਹੈ। ਲੋਕਮਨ ਦੁਆਰਾ ਮਾਨਵੀਕਰਨ ਅਤੇ ਸਮੂਰਤੀਕਰਨ ਦੀਆਂ ਕੁੱਝ ਪ੍ਰਕਿਰਿਆਵਾਂ ਵਾਰ ਵਾਰ ਦੁਹਰਾਏ ਜਾਣ ਕਾਰਨ ਅਚੇਤ ਮਨ ਦਾ ਭਾਗ ਬਣ ਕੇ ਸਹਿਜ ਸੁਭਾਅ ਵਿਅਕਤ ਹੁੰਦਿਆਂ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਨ ਲੱਗਦੀਆਂ ਹਨ । ਇਨ੍ਹਾਂ ਨੂੰ ਹੀ ਅਸੀਂ ਲੋਕ -ਰੂੜੀਆਂ ਦਾ ਨਾਂ ਦਿੰਦੇ ਹਾਂ ।ਇਹ ਲੋਕਮਨ ਵਿਭਿੰਨ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਕੁਝ ਮਾਨਤਾਵਾਂ ਦੀ ਕਲਪਨਾ ਕਰਦਾ ਹੈ ਤੇ ਉਹ ਲੋਕ ਵਿਸ਼ਵਾਸ ਵਜੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ ।




Post a Comment

0 Comments