ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਨਾਲ ਉਸ ਦੀ ਪਹਿਚਾਣ ਵੀ ਬਣੇ ਅਤੇ ਰੁਜ਼ਗਾਰ ਦਾ ਸਾਧਨ ਵੀ ਹੋਣ ਮਿਲ ਸਕੇ। ਅਜੋਕੀ ਤੇਜ਼ ਤਰਾਰ ਜ਼ਿੰਦਗੀ ਵਿਚ ਸਿੱਖਿਆ ਨੂੰ ਕਿੱਤਾਮੁਖੀ ਬਣਾਉਣਾ ਲਾਜ਼ਮੀ ਹੈ। ਜਿਸ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਸੌਟ-ਟਰਮ ਤੇ ਲੌਂਗ ਟਰਮ / ਸਰਟੀਫਾਈਡ ਕੋਰਸ ਕਰਵਾਏ ਜਾ ਰਹੇ ਹਨ। ਅੱਜ ਅਸੀਂ ਪੰਜਾਬ ਵਿਚ ਆਈ.ਟੀ.ਆਈ. ਦੇ ਕਿੱਤਾਮੁਖੀ ਕੋਰਸਾਂ ਬਾਰੇ ਵਿਚਾਰ ਕਰਾਂਗੇ।
ਆਈ.ਟੀ.ਆਈ. ਤੋਂ ਭਾਵ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਹੈ। ਜੋ ਕਿ 1950 ਵਿਚ ਸ਼ੁਰੂ ਹੋਇਆ ਅਤੇ ਇਹ ਮਨਿਸਟਰੀ ਆੱਫ਼ ਸਕਿੱਲ ਡਿਵੈਲਪਮੈਂਟ ਅਤੇ ਇੰਟਰਪ੍ਰੀਨਿਉਰਸ਼ਿਪ ਅਧੀਨ ਆਉਂਦਾ ਹੈ। ਆਈ.ਟੀ.ਆਈ. ਅਧੀਨ ਬਹੁਤ ਸਾਰੇ ਤਕਨੀਕੀ ਕਰਸਾਂ ਨੂੰ ਰੱਖਿਆ ਜਾਂਦਾ ਹੈ। ਜਿਸ ਵਿਚ ਕਰੀਬ ਛੇ ਮਹੀਨੇ ਤੋਂ ਦੋ ਸਾਲ ਜਾਂ ਕੁੱਝ ਕੁ ਵੱਧ ਦੇ ਸਮਾਂ ਅੰਤਰਾਲ ਵਾਲੇ ਕੋਰਸ ਆ ਜਾਂਦੇ ਹਨ।
ਕੁੱਝ ਜ਼ਰੂਰੀ ਨੁਕਤੇ :
1) ਆਈ.ਟੀ.ਆਈ. ਕੋਰਸ ਅੱਠਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਕਰ ਸਕਦੇ ਹਨ।
2) ਇਹ ਕੋਰਸ ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ।
3) ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਦਾਖ਼ਲਾ ਫੀਸਾਂ ਲਗਭਗ ਨਾ-ਮਾਤਰ ਹੀ ਹੁੰਦੀਆਂ ਹਨ।
4) ਆਈ.ਟੀ.ਆਈ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਿਊਰੀ ਨਾਲੋਂ ਪ੍ਰੈਕਟੀਕਲ ਵਰਕ ਜ਼ਿਆਦਾ ਕਰਵਾਇਆ ਜਾਂਦਾ ਹੈ।
5) ਆਈ.ਟੀ.ਆਈ. ਸੰਸਥਾ ਵਿਚ ਦਾਖ਼ਲਾ ਲੈਣਾ ਬਹੁਤ ਆਸਾਨ ਹੈ ਜਿਸ ਲਈ ਆਨ-ਲਾਈਨ ਫਾਰਮ ਭਰਿਆ ਜਾ ਸਕਦਾ ਹੈ। ਤੁਸੀਂ ਦਾਖ਼ਲਾ ਫਾਰਮ ਭਰਨ ਲਈ www.itipunhab.nic.in 'ਤੇ ਲਾਗਿਨ ਕਰ ਸਕਦੇ ਹੋ।
6) ਸਰਕਾਰੀ ਆਈ.ਟੀ.ਆਈ. ਸੰਸਥਾਵਾਂ ਵਿਚ ਬੱਸ ਪਾਸ / ਰੇਲਵੇ ਪਾਸ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ।
7) ਇਨ੍ਹਾਂ ਸੰਸਥਾਵਾਂ ਵਿਚ ਘੱਟ ਗਿਣਤੀ, ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਰਿਵਾਰਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ।
ਆਈ.ਟੀ.ਆਈ. ਵਿਚ ਦਾਖ਼ਲਾ ਕਿਵੇਂ ਲਈਏ ?
ਆਈ.ਟੀ.ਆਈ. ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਆਨ-ਲਾਈਨ ਦਾਖ਼ਲਾ ਨੋਟਿਸ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ। ਇਸੇ ਨਾਲ ਜ਼ਰੂਰੀ ਮਿਤੀਆਂ ਅਤੇ ਸਮਾਂ ਸਾਰਣੀ ਨੋਟ ਕਰ ਲੈਣੀ ਲਾਜ਼ਮੀ ਹੋਵੇਗੀ। ਨਿਸ਼ਚਿਤ ਮਿਤੀ ਅਨੁਸਾਰ ਵਿਦਿਆਰਥੀ ਆਪਣੀ online Registration, Document Verification, Online Choice Filling ਕਰਵਾ ਲੈਣ ਅਤੇ ਰਿਜ਼ਲਟ ਡਿਕਲੇਰੇਸ਼ਨ ਵਾਲੇ ਦਿਨ ਚੁਣੀ ਗਈ ਸੰਸਥਾ ਵਿਚ ਪਹੁੰਚ ਕੇ ਆਪਣੀ ਸੀਟ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ। ਡਾਕੂਮੈਂਟਸ ਵੈਰੀਫਿਕੇਸ਼ਨ ਲਈ , ਤੁਹਾਨੂੰ ਆਪਣੇ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀ ਇਕ ਇਕ ਕਾਪੀ ਨਾਲ ਲਿਆਉਣੀ ਜ਼ਰੂਰੀ ਹੁੰਦੀ ਹੈ। ਡਾਕੂਮੈਂਟ ਵੈਰੀਫਿਕੇਸ਼ਨ ਦੀ ਫੀਸ ਲਗਭਗ 100 ਰੁਪਏ ਹੁੰਦੀ ਹੈ।
ਨੱਥੀ ਕੀਤੇ ਜਾਣ ਵਾਲੇ ਸਰਟੀਫਿਕੇਟ
1) 8ਵੀਂ ਜਮਾਤ ਦਾ ਸਰਟੀਫਿਕੇਟ ( ਜੇ ਅੱਠਵੀਂ ਆਧਾਰਿਤ ਟ੍ਰੇਡ ਵਿੱਚ ਦਾਖ਼ਲਾ ਲੈਣਾਂ ਹੋਵੇ ਤਾਂ)
2) 10ਵੀਂ ਦਾ ਸਰਟੀਫਿਕੇਟ
3) 12ਵੀਂ ਦਾ ਸਰਟੀਫਿਕੇਟ ( ਜੇਕਰ ਹੋਵੇ ਤਾਂ )
4) ਚਰਿੱਤਰ ਪ੍ਰਮਾਣ ਪੱਤਰ
5) ਰੈਜ਼ੀਡੈਂਟਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ
6) ਜੇ ਵਿਦਿਆਰਥੀ ਸਡਿਊਲ ਕਾਸਟ ਜਾਂ ਬੀ.ਸੀ. ਜਾਤੀ ਨਾਲ ਸੰਬੰਧਿਤ ਹੈ ਤਾਂ ਆਪਣੀ ਜਾਤੀ ਦਾ ਸਰਟੀਫਿਕੇਟ।
7) ਬੈਂਕ ਅਕਾਊਂਟ ਦੀ ਕਾਪੀ
8) ਆਧਾਰ ਕਾਰਡ ਦੀ ਫੋਟੋ ਕਾਪੀ
9) ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ
10) ਜੇਕਰ ਵਿਦਿਆਰਥੀ ਸਡਿਊਲ ਕਾਸਟ ਨਾਲ ਸੰਬੰਧਿਤ ਹੈ ਅਤੇ ਮਾਪੇ / ਗਾਰਡੀਅਨ ਦੀ ਸਾਲਾਨਾ ਆਮਦਨ 2.5 ਲੱਖ ਤੋਂ ਘੱਟ ਹੈ , ਤਾਂ ਉਹ ਦਾਖ਼ਲੇ ਸਮੇਂ ਆਮਦਨ ਸੰਬੰਧੀ ਇਨਕਮ ਸਰਟੀਫਿਕੇਟ ਲੈ ਕੇ ਜਾਣ, ਤਾਂ ਕਿ ਉਨ੍ਹਾਂ ਦੀ ਟਿਊਸ਼ਨ ਫੀਸ ਮਕਾਫ਼ ਹੋ ਸਕੇ।
11) ਮਾਤਾ/ਪਿਤਾ ਦੇ ਆਧਾਰ ਕਾਰਡ ਦੀ ਕਾਪੀ
● ਅਪਡੇਟਡ ਜਾਣਕਾਰੀ ਲਈ itipunjab.nic.in 'ਤੇ ਲਾਗਿਨ ਕਰ ਸਕਦੇ ਹੋ।
● ਵੱਖ ਵੱਖ ਆਈ.ਟੀ.ਆਈ. ਕੋਰਸ :
ਜੇਕਰ ਤੁਸੀਂ ਅੱਠਵੀਂ ਕਰਨ ਮਗਰੋਂ ਨੌਵੀਂ ਜਮਾਤ ਦੀ ਪੜ੍ਹਾਈ ਕਰਨ ਨਾਲੋਂ ਕੁੱਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਾ ਹਨ। ਜਿਵੇਂ - ਆਈ.ਟੀ.ਆਈ. ਕੋਰਸ ਜਾਂ ਸ਼ੌਰਟ -ਟਰਮ ਕੋਰਸ ਕਰਕੇ ਆਪਣਾ ਸਵੈ ਰੁਜ਼ਗਾਰ ਕਰ ਸਕਦੇ ਹੋ। ਅੱਠਵੀਂ ਜਮਾਤ ਪਾਸ ਕਰਕੇ ੳ) ਓਲਡਏਜ ਕੇਅਰ (ਬੁਢਾਪੇ ਦੀ ਸਾਂਭ ਸੰਭਾਲ) ਦਾ ਕੋਰਸ ਜਾਂ ਸੈਨੇਟਰੀ ਹਾਰਡਵੇਅਰ ਫਿਟਰ ਦਾ ਛੇ ਮਹੀਨੇ ਦਾ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਇਸੇ ਤਰ੍ਹਾਂ ਪਲੰਬਰ ਦਾ ਕੋਰਸ, ਮਕੈਨਿਕ ਟਰੈਕਟਰ, ਵੁੱਡ ਵਰਕ (ਲੱਕੜ ਖਰਾਦ) , ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ ( ਬਿਜਲੀ ਤੇ ਗੈਸ ) , ਕਾਰਪੇਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਜੇਕਰ ਦੋ ਸਾਲਾ ਕਿੱਤਾ ਕੋਰਸ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦੇ ਹਨ।
ਦਸਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਟੈਕਨੀਕਲ ਕੋਰਸ ਵਿਚਾਰੇ ਜਾ ਸਕਦੇ ਹਨ। ਟੈਕਨੀਕਲ ਕੋਰਸਾਂ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
1) ਆਈ.ਟੀ.ਆਈ.
2) ਡਿਪਲੋਮਾ
3) ਸ਼ੌਟ-ਟਰਮ ਕੋਰਸ
ਪੰਜਾਬ ਵਿਚ ਕਿੱਤੇ ਮੁੱਖੀ ਕੋਰਸ ਆਈ.ਟੀ.ਆਈ. ਸੰਸਥਾਵਾਂ ਵੱਲੋਂ ਵੱਖ ਵੱਖ ਸੁਵਿਧਾਵਾਂ ਅਤੇ ਸਕੌਲਰਸ਼ਿੱਪਸ ਅਧੀਨ ਕਰਵਾਏ ਜਾਂਦੇ ਹਨ। ਜਿਸ ਵਿਚ ਇਕ ਸਾਲਾ ਕੋਰਸ ਹਨ :- ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਕਟਿੰਗ ਟੇਲਰਿੰਗ, ਵੈਲਡਰ ,ਕੰਪਿਊਟਰ ਹਾਰਡਵੇਅਰ, ਕਾਰਪੇਂਟਰ, ਟਰੈਕਟਰ ਮਕੈਨਿਕ ਕੋਰਸ ਆਦਿ ਹਨ। ਇਸੇ ਤਰ੍ਹਾਂ ਦੋ ਸਾਲਾ ਡਿਪਲੋਮਾ ਕੋਰਸ ਹਨ - ਫਿਟਰ, ਪਲੰਬਰ, ਇਲੈਕਟਰੀਸ਼ਨ, ਡੀਜ਼ਲ ਮਕੈਨਿਕ ਆਦਿ । ਇਸ ਤੋਂ ਅੱਗੇ ਨਜ਼ਰ ਮਾਰੀਏ ਤਾਂ ਤਿੰਨ ਅਤੇ ਚਾਰ ਸਾਲਾ ਕੋਰਸਾਂ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਪ੍ਰੌਡਕਸ਼ਨ ਇੰਜੀਨੀਅਰਿੰਗ, ਮਕੈ.ਇੰਜੀ.ਟੂਲ ਅਤੇ ਡਾਈ ਟੈਕਨੋਲੋਜੀ, ਕੰਪਿਊਟਰ ਇੰਜੀਨੀਅਰਿੰਗ, ਇਨਫਾਰਮੇਸ਼ਨ ਟੈਕਨੋਲੋਜੀ, ਇਲੈਕਟਰੋਨਿਕ ਕੋਮਿਊਨੀਕੇਸ਼ਨ, ਇਲੈਕਟਰੋਨਿਕ ਟੈਲੀ ਕੋਮਿਊਨੀਕੇਸ਼ਨ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨ, ਗਾਰਮੈਂਟ, ਨਿਟਿੰਗ, ਲ਼ੈਦਰ ਟੈਕਨੋਲੋਜੀ, ਮਾਡਰਨ ਆਫਿਸ ਪ੍ਰੈਕਟਿਸ, ਲਾਇਬਰੇਰੀ ਅਤੇ ਇਨਫਾਰਮੇਸ਼ਨ ਸਾਇੰਸ ਤੋਂ ਇਲਾਵਾ ਮੈਡੀਕਲ ਲੈਬ ਟੈਕਨਾਲੌਜੀ, ਟੈਕਸਟਾਈਲ ਟੈਕਨਾਲੌਜੀ, ਕੈਮੀਕਲ ਇੰਜੀਨੀਅਰਿੰਗ, ਪਲਾਸਟਿਕ ਟੈਕਨਾਲੋਜੀ, ਆਟੋਮੋਬਾਇਲ ਇੰਜੀਨੀਅਰਿੰਗ ਆਦਿ ਕੋਰਸਾਂ 'ਚੋਂ ਆਪਣੀ ਸਮਰਥਾ ਅਤੇ ਰੁਝਾਨ ਅਨੁਸਾਰ ਚੁਣਿਆ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਮੈਟ੍ਰਿਕ ਪ੍ਰੀਖਿਆ ਦੇ ਨੰਬਰਾਂ ਦੇ ਆਧਾਰ 'ਤੇ ਸੀਟ ਮਿਲ ਜਾਂਦੀ ਹੈ। ਕੋਰਸ ਐਡਮਿਸ਼ਨ ਸੰਬੰਧੀ ਸੂਚਨਾ ਵੱਖ ਵੱਖ ਅਖ਼ਬਾਰਾਂ ਵਿੱਚ ਸਮੇਂ ਸਿਰ ਆਉਂਦੀਆਂ ਰਹਿੰਦੀਆਂ ਹਨ। ਹਰ ਸਾਲ ਜੇ.ਈ.ਟੀ. ( ਜੌਇੰਟ ਇੰਟਰੈਸ ਟੈਸਟ ) ਦਾ ਇਮਤਿਹਾਨ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੁਕੇਸ਼ਨ ਅਤੇ ਇੰਡਸਰੀਅਲ ਟ੍ਰੇਨਿੰਗ ਵਲੋਂ ਅਪ੍ਰੈਲ/ਮਈ/ ਜੂਨ ਮਹੀਨੇ ਵਿਚ ਲਿਆ ਜਾਂਦਾ ਸੀ।ਹੁਣ ਇਹ ਫਿਲ ਹਾਲ ਨਹੀਂ ਲਿਆ ਜਾ ਰਿਹਾ। ਇਨ੍ਹਾਂ ਕੋਰਸਾਂ ਬਾਰੇ ਹੋਰ ਅਪਡੇਟਡ ਜਾਣਕਾਰੀ ਲਈ www.punjabteched.com 'ਤੇ ਲਾਗਿਨ ਕੀਤਾ ਜਾ ਸਕਦਾ ਹੈ।
ਆਈ.ਟੀ.ਆਈ. ਕਿੱਤਾਮੁਖੀ ਕੋਰਸਾਂ ਵੱਲ ਰੁਚਿਤ ਅਤੇ ਭਵਿੱਖ ਬਣਾਉਣ ਲਈ ਉਤਸ਼ਾਹਿਤ ਦੋਸਤੋ ! ਤੁਸੀਂ ਇਹਨਾਂ ਕਰਸਾਂ ਨੂੰ ਕਰਨ ਉਪੰਰਤ ਆਪਣੀ ਨਿੱਜੀ ਕੰਮ ਵੀ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਅਤੇ ਅਰਧ-ਸਰਕਾਰੀ ਜਾਂ ਗ਼ੈਰਸਰਕਾਰੀ ਸੰਸਥਾਵਾਂ ਵਿਚ ਵੀ ਸੇਵਾਵਾਂ ਦੇ ਸਕਦੇ ਹੋ। ਇਹ ਸਾਰੇ ਕਿੱਤਾਮੁਖੀ ਕੋਰਸ ; ਜਿੱਥੇ ਰੁਜ਼ਗਾਰ ਵਿਚ ਸਹਾਈ ਹਨ ਉੱਥੇ ਸਮਾਜ ਦੇ ਵਿਕਾਸ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਕਿੱਤਾਮੁਖੀ ਕੋਰਸਾਂ ਦੀ ਮੰਗ ਦੇਸ ਅਤੇ ਵਿਦੇਸ਼ ਵਿਚ ਕੀਤੀ ਜਾਂਦੀ ਰਹੀ ਹੈ। ਸੋ ਆਈ.ਟੀ.ਆਈ. ਦੇ ਖੇਤਰ ਵਿੱਚ ਸੁਨਹਿਰੀ ਭਵਿੱਖ ਬਣਾਇਆ ਜਾ ਸਕਦਾ ਹੈ।
( ਨੋਟ - ਮੇਰਾ ਇਹ ਆਰਟੀਕਲ 'ਜੱਗ-ਬਾਣੀ' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)


0 Comments