ਉਮਰ ਉਮਰ ਦੇ ਤਕਾਜ਼ੇ ਹੁੰਦੇ ਹਨ। ਬੰਦੇ ਬੰਦੇ ਦਾ ਲਹਿਜ਼ਾ ਹੁੰਦਾ ਹੈ। ਉਸ ਮਾਲਾ ਦੇ ਮਣਕੇ,ਇੱਕ-ਇੱਕ ਕਰਕੇ ਬਿਖਰਦੇ ਜਾ ਰਹੇ ਹਨ।ਜਿਨ੍ਹਾਂ ਨੇ ਸੰਤਾਲੀ ਦਾ ਸੰਤਾਪ ਤੇ ਚੁਰਾਸੀ ਦੇ ਸਿੱਖ ਕਤਲੇਆਮ ਨੂੰ ਦੇਖਿਆ ਤੇ ਨੇੜਿਓਂ ਘੋਖਿਆ। ਏਨਾ ਹੀ ਨਹੀਂ ਉਹ ਇਸ ਦੀ ਲਪੇਟ ਵਿੱਚ ਆਉਂਦੇ ਆਉਂਦੇ ਬਚੇ। ਉਨ੍ਹਾਂ ਜੋ ਦੇਖਿਆ, ਉਹ ਬਿਆਨੋਂ ਬਾਹਰਾ ਦੱਸਦੇ। ਉਹ ਸੇਕ ਜੋ ਸਹਿਣ ਨਾ ਹੋ ਸਕੇ। ਉਹ ਭੇਤ ਜੋ ਦੱਸਿਆ ਨਾ ਜਾ ਸਕੇ। ਕਦੀ ਗੱਲ ਤੁਰਦੀ ਤਾਂ ਇੱਕ ਅੱਧ ਬਾਤ ਪਾ ਛੱਡਦੇ, ਨਹੀਂ ਤਾਂ ਪਰਦਾ ਪਾਈ ਰੱਖਦੇ।
             ਸ੍ਰ.ਸੋਹਣ ਸਿੰਘ ਟਿੱਬੇ ਆਲਾ, ਸੰਨ 1942 ਦੇ ਕਰੀਬ ਸ੍ਰ.ਮਿਲਖਾ ਸਿੰਘ ਦੇ ਘਰ ਬੇਬੇ ਭਾਗ ਕੌਰ ਦੀ ਕੁੱਖੋਂ ਜੰਮਿਆ।ਉਹ ਤਿੰਨ ਭਰਾ ਸਨ। ਆਪ ਮਝਲਾ ਸੀ। ਉਸ ਤੋਂ ਵੱਡਾ ਸ੍ਰ.ਚਰਨ ਸਿੰਘ ਤੇ ਛੋਟਾ ਸ੍ਰ.ਕੇਹਰ ਸਿੰਘ,ਤਿੰਨਾਂ ਭਾਈਆਂ ਦੀਆਂ ਤਿੰਨ ਹੀ ਭੈਣਾਂ ਸਨ। ਇਨ੍ਹਾਂ ਦਾ ਦਾਦਾ ਸ੍ਰ.ਸੁੰਦਰ ਸਿੰਘ ਤੇ ਦਾਦੀ ਬੇਬੇ ਜੀਣ ਕੌਰ। ਵਕਤ ਦਾ ਪਹੀਆ ਤੁਰਦਾ ਗਿਆ। ਬਾਪੂ ਸੋਹਣ ਸਿੰਘ ਆਪਣੇ ਸਮੇਂ ਦੀਆਂ ਅੱਠ ਪੜ੍ਹ ਗਿਆ। ਫਿਰ ਪਿਤਾ ਪੁਰਖੀ ਕਿੱਤਾ ਖੇਤੀ ਕਰਨ ਲੱਗਾ। ਗੁਰਬਾਣੀ ਪੜ੍ਹਨ ਲੱਗਾ ਤੇ ਮਿਹਨਤ ਮੰਜੂਰੀ ਦੀ ਘਾਲ ਕਮਾਈ ਖਾਣ ਲੱਗਾ। ਸੱਠਵਿਆਂ ਕਿ ਸੱਤਰਵਿਆਂ ਵਿੱਚ ਉਸ ਦਾ ਵਿਆਹ ਬੀਬੀ ਸੁਰਜੀਤ ਕੌਰ ਨਾਲ਼ ਹੋਇਆ। ਉਨ੍ਹਾਂ ਦੇ ਘਰ ਪਲੇਠਾ ਬੱਚਾ ਧੀ ਕੁਲਵਿੰਦਰ ਕੌਰ (ਪਤੀ ਸ੍ਰ. ਸੁਰਜੀਤ ਸਿੰਘ) ਕ੍ਰਮਵਾਰ ਦੋ ਪੁੱਤਰ ਜਸਮੈਲ ਸਿੰਘ (ਪਤਨੀ ਸ੍ਰੀਮਤੀ ਦਰਸ਼ਨ ਕੌਰ) ਤੇ ਅਵਤਾਰ ਸਿੰਘ (ਪਤਨੀ ਸ੍ਰੀਮਤੀ ਚਰਨਜੀਤ ਕੌਰ) ਘਰ ਦੀ ਰੌਣਕ ਬਣੇ।
                ਚੜ੍ਹਦੀ ਉਮਰੇ ਕਬੱਡੀ ਖੇਡਣੀ ਤੇ ਕੁਸ਼ਤੀਆਂ ਕਰਨੀਆਂ। ਬਾਪੂ ਸੋਹਣ ਸਿੰਘ ਦੇ ਸ਼ੁਗਲ ਬਣੇ। ਉਹ ਗਠੀਲੇ ਤੇ ਫੁਰਤੀਲੇ ਸਰੀਰ ਨਾਲ਼ ਮੈਦਾਨ ਵਿੱਚ ਵੜਦਾ ਤੇ ਸਾਹਮਣੇ ਵਾਲੇ ਨੂੰ ਚਿੱਤ ਕਰ ਦਿੰਦਾ। ਸਾਹਮਣਾ ਕਰਨ ਵਾਲਾ ਵੇਖਦਾ ਹੀ ਰਹਿ ਜਾਂਦਾ ਕਿ ਹੋਇਆ ਤਾਂ ਭਲਾ ਹੋਇਆ ਕੀ? ਫਿਰ ਭਾਣਾ ਵਰਤਿਆ... ਦਾਦੇ ਮਗਰੋਂ ਬਾਬਲ ਵੀ ਤੁਰ ਗਿਆ। ਜ਼ਿੰਮਾ ਵੱਡਾ ਹੋਇਆ, ਸ਼ੁਗਲ ਜਾਂਦੇ ਰਹੇ। ਜ਼ਮੀਨ ਵੰਡ ਹੋਈ ਤੇ ਮਲਸੀਆਂ ਦੀ ਪੱਤੀ ਸਾਹਲਾ ਨਗਰ ਥੀਂ ਆਣ ਖੇਤਾਂ ਵਿੱਚ ਡੇਰਾ ਲਾਇਆ। ਇਹ ਥਾਂ ਉੱਚਾ ਸੀ, ਲੋਕ ਟਿੱਬੇ ਆਲਾ ਸੋਹਣ ਸਿਓਂ ਕਹਿਣ ਲੱਗੇ।
               'ਇਹਕੋ ਬੜੇ ਕਿੱਸੇ ਹੁੰਦੇ ਸੀ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਤੇ ਪੂਰਨ ਭਗਤ ਹੋਰ ਬਥੇਰੇ' ਇੱਕ ਦਿਨ ਬੀਬੀ ਸੀਤੋ (ਸੁਰਜੀਤ ਕੌਰ) ਨੇ ਦੱਸਿਆ। ਓਦੋਂ ਬਾਪੂ ਸੋਹਣ ਸਿੰਘ ਬਿਮਾਰ ਸੀ, ਅਸੀਂ ਉਨ੍ਹਾਂ ਨੂੰ 'ਭਾਪਾ ਜੀ' ਕਹਿੰਦੇ ਸਾਂ। ਮੈਂ ਸ਼ੁਗਲ ਵਿੱਚ ਪੁੱਛਿਆ 'ਅੱਛਾ ਫੇ ਭਾਪਾ ਵਾਰਿਸ ਦੀ ਹੀਰ ਗਾਉਂਦਾ ਰਿਆਂ?' ਉਹ ਮੁਸਕਰਾਇਆ ਤੇ ਗੰਭੀਰ ਜਿਹਾ ਹੋ ਗਿਆ। ਮੇਰੇ ਪੁੱਛਣ 'ਤੇ ਬੀਬੀ ਨੇ ਦੱਸਿਆ ਕਿ 'ਉਹ ਕਿੱਸੇ ਹੁਣ ਕਿਤੇ ਰੁਲ ਰਲ਼ ਗਏ। ਹੁਣ ਕਿੱਥੋਂ ਮਿਲਣੇ?' ਫਿਰ ਕੁੱਝ ਦਿਨਾਂ ਮਗਰੋਂ ਤੰਦਰੁਸਤੀ ਫੜ੍ਹਦਿਆਂ, ਮੈਨੂੰ ਕਹਿੰਦਾ 'ਕਿਸੇ ਦਿਨ ਟੈਮ ਕੱਢ... ਤੇ ਆਪਾਂ ਅੱਖਾਂ ਚੈੱਕ ਕਰਵਾ ਕੇ, ਐਨਕਾਂ ਲਵਾਂ ਲਿਆਈਏ।' ਫਿਰ ਆਪਣੀ ਡਾਕਟਰ ਤੋਂ ਖ਼ਰਾਬ ਹੋਈ ਖੱਬੀ ਅੱਖ ਦਾ ਝੋਰਾ ਜਿਹਾ ਕਰਨ ਲੱਗਾ। ਉਸ ਨੇ ਬੋਲ ਕੁਬੋਲ ਸੁਣਾਏ ਤੇ ਹਵਾ ਵਿੱਚ ਹੱਥ ਵੀ ਚਲਾਏ। ਡਾਕਟਰ ਦੀ ਚੰਗੀ ਲਾਹ ਪਾਹ ਕੀਤੀ। ਉਸ ਡਾਕਟਰ ਨੂੰ ਤਾਂ ਕੀ ਸੁਣਨਾ ਸੀ ਪਰ ਭਾਪੇ ਨੇ ਗੁੱਸਾ ਕੱਢਿਆ, ਬੰਦਾ ਹੋਰ ਕਰੇ ਤਾਂ ਕਰੇ ਵੀ ਕੀ?
          ਉਹ ਅਕਸਰ ਮੈਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਲਿਜਾਣ ਲਈ ਕਹਿੰਦੇ। ਜਦੋਂ ਰੱਬੀਂ ਸਬੱਬੀਂ ਜਾਂਦੇ ਤਾਂ ਉਹ ਰੂਹ ਨਾਲ਼ ਦਰਸ਼ਨ ਕਰਦੇ ਤੇ ਨਿਹਾਲ ਹੁੰਦੇ। ਹਰ ਛਿਮਾਹੀ ਕਣਕ-ਝੋਨੇ 'ਚੋਂ ਦਸਵੰਧ ਵਜੋਂ ਬੋਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਪਹੁੰਚਾਉਂਦੇ। ਕਦੀ ਕਦੀ ਆਪ ਨਾਲ਼ ਵੀ ਜਾਂਦੇ। ਅਸੀਂ 'ਕੱਠਿਆਂ ਘੁੰਮਦੇ, ਕਦੀ ਤੁਰ ਕੇ, ਕਦੀ ਫਿਰ ਮੋਟਰਸਾਈਕਲ 'ਤੇ ਅਤੇ ਕਦੀਂ ਕਦੀਂ ਸਵਿਫਟ ਡਿਜ਼ਾਇਰ ਵਿੱਚ, ਸਾਨੂੰ ਦੋਹਾਂ ਨੂੰ ਬੜਾ ਚੰਗਾ ਲਗਦਾ। ਪਹਿਲੇ ਵਕਤਾਂ ਦੀਆਂ ਗੱਲਾਂ ਕਰਦੇ ਤੇ ਮੁੜ ਘਰ ਵੱਲ ਨੂੰ ਹੋ ਤੁਰਦੇ।
                 ਜਦੋਂ ਕਦੀ ਗੱਲ ਹੁੰਦੀ ਤਾਂ ਪਿੰਡ ਤੇ ਸਕੂਲ ਦੀ ਬਾਤ ਪੈਂਦੀ। ਕਦੀ ਆਖ਼ਣ ਲਗਦੇ ਕਿ 'ਇਹ ਲੋਕਾਂ ਨੂੰ ਸਮਝ ਕਿਉਂ ਨ੍ਹੀਂ ਆਉਂਦੀ ਭੀ ਇਹ ਸਕੂਲ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ) ਭਾਵੇਂ ਕਾਂਗਣੇ ਵਾਲੀ ਰਾਹ 'ਤੇ ਆ ਪਰ ਸਾਹਲਾ ਨਗਰ ਦੀ ਜ਼ਮੀਨ 'ਤੇ ਬਣਿਆ ਹੋਇਆ। ਲੋਕ ਇਹਨੂੰ ਮਲਸੀਆਂ ਦਾ ਸਕੂਲ ਕਹਿਣ, ਨਾ ਕਿ ਕਾਂਗਣੇ ਦਾ।' ਫਿਰ ਕਦੀ ਉਰਦੂ ਨੂੰ ਦੁਨੀਆ ਦੀ ਮਿੱਠੀ ਜ਼ਬਾਨ ਕਹਿ ਵੰਡਿਆਉਂਦੇ ਪਰ ਪੰਜਾਬੀ ਬੋਲਣ 'ਤੇ ਮਾਣ ਕਰਦੇ। ਪੰਜਾਬੀ ਪੜ੍ਹਦੇ ਤੇ ਵਾਰਾਂ ਸੁਣਦੇ। ਮੈਨੂੰ ਅਕਸਰ ਮੋਬਾਇਲ ਵਿੱਚ ਢਾਡੀਆਂ ਦੀਆਂ ਵਾਰਾਂ ਭਰਕੇ ਦੇਣ ਨੂੰ ਕਹਿੰਦੇ...ਤੇ ਫਿਰ ਉਨ੍ਹਾਂ ਦੀ ਹੇਕ ਵਿੱਚ ਹੇਕ ਵੀ ਮਿਲਾਉਂਦੇ।ਉਹ ਅੱਖਾਂ ਵਿੱਚ ਵਸੀਆਂ ਕਹੀਆਂ ਨ੍ਹੀਂ ਜਾਣੀਆਂ।
               ਮੈਂ ਤਾ-ਉਮਰ ਬੱਚਿਆਂ ਨੂੰ ਦਬਕਦਿਆਂ ਨਾ ਵੇਖਿਆ ਸਗੋਂ ਪਿਆਰਦਿਆਂ ਹੀ ਵੇਖਿਆ।ਉਹ ਤਾਂ ਹੋਰਾਂ ਨੂੰ ਵੀ ਬਾਲਾਂ ਨੂੰ ਡਰਾਈਦਾ ਨ੍ਹੀਂ ਸਗੋਂ ਸਮਝਾਈਦਾ ਵਰਗੇ ਵਚਨ ਕਰਦੇ। ਧੀਆਂ-ਪੁੱਤਰਾਂ ਨੂੰ ਜਿਨਾਂ ਉਹ ਪੀੜ੍ਹੀ ਇਕੋ ਜਿਹਾ ਸਮਝਦੀ ਸੀ ਓਨਾ ਹੁਣ ਵੀ ਨਹੀਂ ਸਮਝਿਆ ਜਾਂਦਾ। ਉਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਸਰ ਸੀ।ਉਹ ਤੇਲ ਨਹੀਂ, ਤੇਲ ਦੀ ਧਾਰ ਵੇਖਦੇ ਤੇ ਗੱਲ ਕਰਦੇ ਸਨ।ਉਹ ਸੰਤਾਲੀ ਨੂੰ ਵੱਡ-ਖਾਣੀ ਤੇ ਚੁਰਾਸੀ ਨੂੰ ਕਹਿਰ ਕਹਿੰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਨਾਇਕਾਂ ਲਈ ਸਤਿਕਾਰ ਤੇ ਡਾਢਾ ਪਿਆਰ ਸੀ।ਉਸ ਪੀੜ੍ਹੀ ਦੀ ਚੁੱਪ ਵੱਡੀ ਸੀ। ਉਹ ਵਕਤ ਦੀ ਮਾਰ ਸਹਿ ਚੁੱਕੇ ਸਨ। ਕੁੱਝ ਐਬ ਵੀ ਰੱਖਦੇ ਤਾਂ ਸ਼ਾਨ ਬਣਾ ਕੇ ਰੱਖਦੇ, ਲੋਕ ਅਦਬ ਦਿੰਦੇ ਤੇ ਸਜਦਾ ਕਰਦੇ।
              ਮੇਰਾ ਧਿਆਨ ਮਲਸੀਆਂ ਵੱਲ ਹੁੰਦਾ ਤਾਂ ਬਾਬਾ ਨਾਨਕ ਜੀ ਦਾ ਅਨਿਨ ਭਗਤ ਭਾਈ ਭਗੀਰਥ ਜੀ ਯਾਦ ਆਉਂਦਾ, ਜੋ ਰੋਜ਼ਾਨਾ ਗੁਰੂ ਨਾਨਕ ਸਾਹਿਬ ਲਈ ਮਲਸੀਆਂ ਦੀ ਅਕਲਪੁਰ ਪੱਤੀ ਤੋਂ ਦਾਤਣ ਲੈ ਕੇ ਜਾਇਆ ਕਰਦਾ ਸੀ। ਕਦੀ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਅਦਬ ਯਾਦ ਆਉਂਦਾ।ਫਿਰ ਕਦੀ ਉਰਦੂ ਦੇ ਉਸਤਾਦ ਗ਼ਜ਼ਲਗੋ ਲਭੂ ਰਾਮ ਜੋਸ਼ ਮਲਸਿਆਨੀ ਦੀ ਯਾਦ ਆ ਬਾਹੁੜਦੀ, ਜਿਹਨੇ ਇਸ ਨਗਰੀ ਵਿੱਚ ਜਨਮ ਕੇ ਪਦਮਸ਼੍ਰੀ ਸਨਮਾਨ ਹਾਸਲ ਕੀਤਾ ਸੀ। ਇੱਥੋਂ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਵਿੱਚੋਂ ਹੀ ਮੱਲ ਸਿਓਂ ਦਾ ਨਾਂ ਵੀ ਜ਼ਿਹਨ ਵਿੱਚ ਘੁੰਮਦਾ ਰਹਿੰਦਾ ਤੇ ਭਾਪਾ ਸੋਹਣ ਸਿੰਘ ਟਿੱਬੇ ਵਾਲੇ ਦਾ ਮੱਲ ਅਖਾੜਿਆਂ ਵਿੱਚ ਕਿਸੇ ਤੋਂ ਚਿੱਤ ਨਾ ਹੋਣਾ ਯਾਦ ਕਰਕੇ ਸਿਰ ਆਤਮ ਸਨਮਾਨ ਨਾਲ਼ ਉੱਚਾ ਚੁੱਕਣ ਦਾ ਆਹਰ ਬਣਦਾ। ਕਦੀ ਮਾਪੇ ਬੱਚਿਆਂ ਨਾਲ਼ ਮਾਣਮੱਤੇ ਹੁੰਦੇ ਮਹਿਸੂਸ ਕਰਦੇ ਤੇ ਕਦੀ ਬੱਚੇ ਮਾਪਿਆਂ ਦੀ ਮਹਾਨਤਾ ਨਾਲ਼।ਇਹ ਜੋ ਕਦੀ ਕਿਸੇ ਤੋਂ ਚਿੱਤ ਨਾ ਹੋਇਆ, ਉਹ ਵੀ ਅਜ਼ਰਾਈਲ ਦੇ ਜੱਫੇ ਤੋਂ ਨਾ ਬਚ ਸਕਿਆ। ਭਾਪਾ ਸੋਹਣ ਸਿੰਘ ਟਿੱਬੇ ਵਾਲਾ ਬੀਤੀ ਪੰਦਰਾਂ ਅਪ੍ਰੈਲ,2023 ਦੀ ਢਲਦੀ ਸ਼ਾਮ ਨੂੰ ਜਹਾਨ ਤੋਂ ਰੁਖ਼ਸਤ ਹੋ ਗਏ। ਹੁਣ ਮਨ ਡਾਢਾ ਉਦਾਸ ਹੈ,ਚੁੱਪ ਜਿਹੀ ਛਾ ਗਈ ਹੈ। ਗੱਲਾਂ ਹੋਰ ਵੀ ਬਹੁਤ ਨੇ, ਚਲੋ ਕਦੀ ਫਿਰ ਸਹੀ। ਆਓ ਉਨ੍ਹਾਂ ਦੇ ਅਦਬ ਵਿੱਚ ਕਾਵਿ-ਗੀਤ ਉਚਾਰਦੇ ਹਾਂ-

ਗ਼ਮ ਦਾ ਬੂਟਾ ਮੈਂ ਵੀ ਦਿਲ ਵਿੱਚ ਲਾਇਆ ਹੈ।
ਇੰਝ ਵੀ ਮੈਂ ਤਾਂ ਜੀਵਨ ਨੂੰ ਪਰਤਾਇਆ ਹੈ।
ਜਿਹੜਾ ਤੁਰਿਆ ਏਸ ਜਹਾਨੋਂ, ਕੇਰਾਂ ਨੀਂ,
ਦੱਸਦੇ ਕਿਹੜਾ ਮੁੜ ਕੇ ਇੱਥੇ ਆਇਆ ਹੈ।

ਲੰਮ ਸਲੰਮਾ ਸਰੂੰ ਦੇ ਜਿੱਡਾ ਹੁੰਦਾ ਸੀ।
ਮਿਲਖਾ ਸਿੰਘ ਦਾ ਮੁੰਡਾ ਕਿੱਡਾ ਹੁੰਦਾ ਸੀ?
ਅੱਖਾਂ ਦੇ ਵਿੱਚ ਚਾਨਣ ਲੈ ਕੇ ਤੁਰਦਾ ਸੀ,
ਦਾਦੇ ਸੁੰਦਰ ਸਿਓਂ ਲਈ ਟਿੱਡਾ ਹੁੰਦਾ ਸੀ।

ਉਹ ਤਾਂ ਜੱਫੇ ਵਿੱਚ ਮੈਦਾਨੇ ਲਾਉਂਦਾ ਸੀ।
ਤਕੜੇ ਸਾਹਵੇਂ ਵੇਖ ਕੇ ਨਾ ਘਬਰਾਉਂਦਾ ਸੀ।
ਵੇਖਣ ਵਾਲੇ ਵੇਖਦੇ ਹੀ ਬਸ ਰਹਿ ਜਾਂਦੇ,
ਸੋਹਣ ਸਿੰਘ ਜਦ ਪੱਟ 'ਤੇ ਥਾਪੀ ਲਾਉਂਦਾ ਸੀ।

ਅੰਮੀ, ਦਾਦੀ ਬੇਬੇ ਦੇ ਓਹ ਮੋਹ ਵਾਲਾ।
ਤੈਂ ਨ੍ਹੀਂ ਦੇਖਿਆ ਹੋਣਾ ਮੁੱਖੜਾ ਰੋਹ ਵਾਲਾ।
ਹੁਣ ਤਾਂ ਮੇਰੇ ਦਿਲ 'ਤੇ ਜੋ ਵੀ ਬੀਤ ਰਹੀ,
ਮਸਲਾ ਸ਼ਾਇਰ ਬਣਿਆ ਪਿਆ ਹੈ ਖੋਹ ਵਾਲਾ।

ਪੂੰਝੇ 'ਤੇ ਵੀ ਅੱਖ ਦੇ ਹੰਝੂ ਜਾਂਦੇ ਨਈਂ।
ਦੁਨੀਆਂ ਨੂੰ ਪਰ ਦਿਖਲਾਣੇ ਵੀ ਆਂਦੇ ਨਈਂ।
ਅੰਦਰੋਂ ਜਿਹੜੇ ਗ਼ਮ ਦੇ ਨਾਲ਼ ਨੇ ਭਰ ਜਾਂਦੇ,
ਬਾਹਰੋਂ ਉਹ ਤਾਂ ਕੁੱਝ ਵੀ ਹੁੰਦੇ ਖਾਂਦੇ ਨਈਂ।

ਟਿੱਬੇ ਵੱਲ ਨੂੰ ਹੋ ਤੁਰੀਆਂ ਵਹੀਰਾਂ ਜੀ।
ਕਰਦੇ ਪੈ ਨੇ ਆਪਸ ਵਿੱਚ ਤਕਰੀਰਾਂ ਜੀ।
ਮੇਲਾ ਹੈ ਇਹ ਜੱਗ ਜਿਸਮਾਂ ਦਾ,ਮਿੱਟੀ ਹੈ।
ਜਾਗਦੀਆਂ ਪਰ ਰੱਖਿਓ ਤੁਸੀਂ ਜ਼ਮੀਰਾਂ ਜੀ।

ਭੇਤ ਉਮਰ ਦਾ ਜਿਸਨੇ ਵੀ ਪਾਇਆ ਹੈ।
ਇੱਕੋ ਨੁਕਤਾ ਉਸਨੇ ਫਿਰ ਦੁਹਰਾਇਆ ਹੈ।
ਆਪਣਾ ਆਪ ਵਿਸਾਰ ਕੇ ਸ਼ਾਇਰ ਤੁਰ ਜਾਂਦਾ,
ਮਨ ਥੀਂ ੧ਓ ਹੀ ਉਸ ਧਿਆਇਆ ਹੈ।

                  - ਪ੍ਰੋ. ਜਸਵੀਰ ਸਿੰਘ 'ਸ਼ਾਇਰ'
                   ਪ੍ਰਧਾਨ, ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ