ਹਰ ਕੌਮ ਦਾ ਵਿਰਸਾ, ਉਸਦੀ ਬੋਲੀ ਰਾਹੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਹੈ। ਬੇਸ਼ੱਕ ਬੋਲੀ ਮਹਿਜ਼ ਸੰਚਾਰ ਦਾ ਸਾਧਨ ਮੰਨੀ ਜਾਂਦੀ ਹੈ ਪਰ ਇਹ ਭਾਸ਼ਾ/ਬੋਲੀ ਹੀ ਕਿਸੇ ਕੌਮ ਦੇ ਅਕੀਦਿਆਂ ਨੂੰ ਆਪਣੇ ਚਿੰਨ੍ਹਾਂ ਰਾਹੀਂ ਸੰਭਾਲਦੀ ਹੈ। ਪੰਜਾਬੀ, ਪੰਜਾਬ ਦੀ ਰਾਜ ਬੋਲੀ ਹੈ। ਜਿਸ ਨੂੰ ਗੁਰਮੁਖੀ ਲਿਪੀ ਵਿਚ ਲਿਖਿਆ ਜਾਂਦਾ ਹੈ। ਗੌਰਤਲਬ ਹੈ ਕਿ ਲਕੀਰ ਦੇ ਦੁਖਾਂਤ ਭਾਵ ਸੰਤਾਲੀ ਦੀ ਵੰਡ ਉਪਰੰਤ ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਦੀ ਵਰਤੋਂ ਕਰਕੇ ਪੰਜਾਬੀ ਲਿਖੀ ਜਾਣ ਲੱਗ ਪਈ। ਪੰਜਾਬੀ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਸੰਵਿਧਾਨ ਦੇ ਵਿਧਾਨ ਤਹਿਤ ਭਾਰਤ ਦੀ ਰਾਸ਼ਟਰੀ ਭਾਸ਼ਾ ਹੋਣ ਦਾ ਰੁਤਬਾ ਵੀ ਰੱਖਦੀ ਹੈ। ਜਿਸ ਨੂੰ ਕਨੇਡਾ ਵਿੱਚ ਤੀਜੀ ਭਾਸ਼ਾ ਵਜੋਂ ਤੇ ਅਸਟ੍ਰੇਲੀਆ ਵਿਚ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਫਿਰ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਪੰਜਾਬ ਦੁਨੀਆ ਦੀਆਂ ਕਰੋੜਾਂ ਭਾਸ਼ਾਵਾਂ/ਬੋਲੀਆਂ 'ਚੋਂ ਸੁਰਾਤਮਕ ਭਾਸ਼ਾ ਵਜੋਂ ਅੱਠਵੇਂ ਸਥਾਨ 'ਤੇ ਹੈ। ਨਵੀਨ ਖੋਜਾਂ ਤੋਂ ਗਿਆਤ ਹੁੰਦਾ ਹੈ ਕਿ ਪੰਜਾਬੀ ਪੁਰਾਤਨ ਬੋਲੀਆਂ ਵਿਚ ਪਹਿਲੀ ਕਤਾਰ ਵਿਚ ਆਉਂਦੀ ਹੈ। ਕੁੱਝ ਇਕ ਅਨੁਸਾਰ ਰਿਗਵੇਦ ਤੋਂ ਵੀ ਪੁਰਾਣੀ ਹੈ ਪੰਜਾਬੀ।
ਪੰਜਾਬੀ ਸੁਰ ਪ੍ਰਧਾਨ ਬੋਲੀ ਹੈ। ਇਸ ਦੇ ਸੁਰ ਕਾਰਨ ਪੰਜਾਬੀ ਗੀਤ ਸੰਗੀਤ ਦੁਨੀਆ ਦੇ ਕੋਨੇ ਕੋਨੇ ਵਿੱਚ ਗੂੰਜਦਾ ਹੈ। ਦੁਨੀਆ ਭਰ ਦਾ ਉੱਤਮ ਸਾਹਿਤ ਪੰਜਾਬੀ ਦੀ ਬੁੱਕਲ ਦਾ ਸ਼ਿੰਗਾਰ ਹੈ। ਕੀ ਕੋਈ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਤੋਂ ਅਣਜਾਣ ਹੈ ? ਉਨ੍ਹਾਂ ਦੀ ਭਾਸ਼ਾਈ ਪਕੜ ਤੇ ਬਾਰ੍ਹਵੀਂ ਸਦੀ ਵਿਚ ਉਦਾਤ/ ਉੱਤਮ ਰਚਨਾ ਸਿਰਜਣੀ ਬੋਲੀ ਦੀ ਅਮੀਰੀ ਨੂੰ ਦਰਸਾਉਂਦਾ ਹੈ। ਫਿਰ ਜਦੋਂ ਰਵਿੰਦਰ ਨਾਥ ਟੈਗੋਰ ਨੂੰ ਕਿਸੇ ਕਿਹਾ ਸੀ ਕਿ ਸਰਵ ਸਾਂਝੀ ਆਰਤੀ ਲਿਖੋ, ਉਨ੍ਹਾਂ ਨੇ ਇਹ ਕਹਿ ਸਜਦਾ ਕੀਤਾ ਕਿ 'ਗੁਰੂ ਨਾਨਕ ਸਾਹਿਬ' ਦੀ ਆਰਤੀ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ। ਹੁਣ ਉਸ ਤੋਂ ਅੱਗੇ ਕੀ ਲਿਖਿਆ ਜਾ ਸਕਦਾ ?
ਪੰਜਾਬੀ, ਜਿਵੇਂ ਬੋਲੋ ਤਿਵੇਂ ਲਿਖੋ ਦੇ ਫਲਸਫੇ ਨੂੰ ਵੀ ਸਤਿਕਾਰਦੀ ਹੈ। ਇਸ ਦੇ ਤਿੰਨ ਸ੍ਵਰ ਵਾਹਕ, ਉਨੱਤੀ ਸ਼ੁੱਧ ਵਿਅੰਜਨ, ਦੋ ਅਰਧ ਸਵਰ/ਵਿਅੰਜਨ, ਇਕ ਸੁਰ-ਯੰਤਰੀ ਤੇ ਛੇ ਨਵੀਨ ਟੋਲੀ ਦੀਆਂ ਧੁਨੀਆਂ ਮਿਲਾ ਕੇ ਕੁੱਲ ਇਕਤਾਲੀ ਅੱਖਰ ਬਣ ਜਾਂਦੇ ਹਨ। ਭਾਵੇਂ ਕਿ ਪੰਜਾਬੀ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਰਿਹਾ ਹੈ। ਇਸ ਦੀਆਂ ਭਾਰੀਆਂ ਧੁਨੀਆਂ ਵਾਰ ਕਾਵਿ ਦਾ ਸ਼ਿੰਗਾਰ ਬਣਦੀਆਂ ਹਨ ਜੋ ਕਿ ਦੁਨੀਆ ਦੀ ਕਿਸੇ ਹੋਰ ਬੋਲੀ ਵਿੱਚ ਨਹੀਂ ਮਿਲਦੀਆਂ। ਇਹ ਵੀ ਵਿਚਾਰ ਅਧੀਨ ਹੈ ਕਿ ਪੰਜਾਬੀ ਵਿਚ ਦੁਨੀਆ ਦੀ ਹਰ ਬੋਲੀ ਨੂੰ (ਸ਼ੁੱਧ ਉਚਾਰਨ ਸਹਿਤ) ਲਿਖਿਆ ਜਾ ਸਕਦਾ ਹੈ। ਕੀ ਅਜਿਹਾ ਅੰਗਰੇਜ਼ੀ ਜਾਂ ਹਿੰਦੀ ਆਦਿ ਵਿੱਚ ਸੰਭਵ ਹੈ ?
ਆਖ਼ਰ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਪੰਜਾਬੀ ਹੀ ਸਾਡੀ ਵਿਰਾਸਤ ਤੇ ਇਤਿਹਾਸ ਦਾ ਅਮਿੱਟ ਸ੍ਰੋਤ ਸੰਭਾਲੀਂ ਬੈਠੀ ਹੈ। ਜਿਸ ਨੂੰ ਭੁੱਲ ਕੇ ਪੰਜਾਬੀਅਤ ਰੁੱਲ ਜਾਵੇਗੀ ! ਜਿਹੜੇ ਆਪਣੇ ਪਿਛੋਕੜ ਤੋਂ ਭੱਜਦੇ ਹਨ, ਭਵਿੱਖ ਉਨ੍ਹਾਂ ਨੂੰ ਤੋਪ ਦੇ ਗੋਲੇ ਵਾਂਗ ਫੁੰਡਦਾ ਹੈ। ਫ਼ਿਰੋਜ਼ਦੀਨ ਸ਼ਰਫ਼ ਹੁਰਾਂ ਲਿਖਿਆ 'ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ। .... ਰਹਾਂ ਇੱਥੇ 'ਤੇ ਯੂ.ਪੀ. ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ। ਇਸੇ ਤਰ੍ਹਾਂ ਡਾ.ਸੁਰਜੀਤ ਪਾਤਰ ਹੁਰਾਂ ਵੀ ਮਰ ਰਹੀ ਮੇਰੀ ਭਾਸ਼ਾ 'ਤੇ ਦੁਹਾਈ ਪਾਈ ਹੈ। ਇਨ੍ਹਾਂ ਸਾਹਿਤਕਾਰਾਂ, ਰਹਿਬਰਾਂ ਨੂੰ ਸਮਝੀਏ ਤੇ ਆਪਣੀ ਬੋਲੀ ਨੂੰ ਬੋਲ ਕੇ ਮਾਣ ਨਾਲ਼ ਸਿਰ ਉੱਚਾ ਚੁੱਕ ਕੇ ਜਿਉਣਾ ਸਿੱਖੀਏ। ਇਹ ਵੀ ਕਿ ਆਪਣੀ ਲਿਪੀ 'ਗੁਰਮੁਖੀ' ਨੂੰ ਨੀਝ ਨਾਲ ਸਿੱਖੀਏ। ਨਹੀਂ ਤਾਂ ਖੁੰਝੇ ਵੇਲੇ ਹੱਥ ਨਹੀਂ ਆਉਂਦੇ।

0 Comments