ਲੋਕ-ਕਾਵਿ ਪੰਜਾਬੀ ਲੋਕ ਸਾਹਿਤ ਦਾ ਅਮੀਰ ਵਿਰਸਾ ਹੈ ਜਿਸ ਵਿੱਚ ਪੰਜਾਬੀ ਦੇ ਮਨੋਭਾਵ ਸ਼ੁੱਧ ਰੂਪ ਵਿੱਚ ਮਿਲਦੇ ਹਨ । ਲੋਕ ਸਾਹਿਤ ਦੀ ਪਛਾਣ ,ਪ੍ਰਮਾਣ ਦੇ ਨਮੂਨੇ ਵਜੋਂ ਲੋਕ ਕਾਵਿ ਨੂੰ ਹੀ ਪੇਸ਼ ਕੀਤਾ ਜਾਂਦਾ ਹੈ । ਲੋਕ ਕਾਵਿ ਵਿਸ਼ਿਸ਼ਟ ਸਾਹਿਤ ਦਾ ਸਰੋਤ ,ਪ੍ਰੇਰਕ ਤੇ ਨਾਲ ਹੀ ਸਮਾਨੰਤਰ ਸਾਰ ਵੀ ਰਿਹਾ ਹੈ । ਲੋਕ ਕਾਵਿ ਦੀ ਉਤਪਤੀ ਸਬੰਧੀ ਡਾਕਟਰ ਵਣਜਾਰਾ ਬੇਦੀ ਦਾ ਮੱਤ ਹੈ ,

         "ਆਦਿਮ ਕਾਵਿ ਜਦੋਂ ਪਰਾਪ੍ਰਕਿਰਤਿਕ ਅਤੇ ਅਧਿਵੈਦਿਕ ਸੰਸਕਾਰ ਤਿਆਗ ਕੇ ਤੇ ਮਾਨਵ ਮੁੱਖ ਹੋ ਹਰਖ ਸੋਗ ਦੇ ਜਜ਼ਬੇ ਵਿਅਕਤ ਕਰਨ ਲੱਗਾ ਤਾਂ ਲੋਕ ਕਾਵਿ ਦਾ ਉਦੈ ਹੋਇਆ। ਇਹ ਪਰੰਪਰਾ ਭਾਵੇਂ ਪੇਤਲੇ ਰੂਪ ਵਿੱਚ ਆਦਿਮ ਕਾਵਿ ਦੇ ਨਾਲ ਨਾਲ ਤੁਰਦੀ ਰਹੀ ਪਰ ਮਨੁੱਖ ਦੇ ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਨਾਲ ਇਸ ਕਾਵਿ ਨੇ  ਵੱਖਰਾ ਸਰੂਪ ਧਾਰ ਲਿਆ ਜਿਸ ਨਾਲ ਕਾਵਿ ਦਾ ਪਸਾਰਾ ਜੀਵਨ ਦੇ ਆਰ ਪਾਰ ਸਭ ਮਾਨਸਿਕ ਅਤੇ ਭੌਤਿਕ ਦਿਸ਼ਾਵਾਂ ਵਿੱਚ ਫੈਲ ਗਿਆ ।"

         ਜਿੰਨੀ ਗੌਰਵਮਈ ਤੇ ਰੰਗੀਲੀ ਕੋਈ ਸੰਸਕ੍ਰਿਤੀ ਹੁੰਦੀ ਹੈ ਉਤਨਾ ਹੀ ਤੇਜਵਾਨ ਤੇ ਵਿਆਪਕ ਉਸਦਾ ਲੋਕ ਕਾਵਿ ਹੁੰਦਾ ਹੈ । ਅਸਲ ਵਿੱਚ ਲੋਕ ਕਾਵਿ ਸਮੂਹਿਕ ਰੂਪ ਵਿਚ ਸਿਰਜਤ,ਪ੍ਰਵਾਣਿਤ ਅਤੇ  ਪ੍ਰਚਲਿਤ ਲੋਕ ਸਾਹਿਤ ਕਾਵਿ ਦਾ ਉਹ ਸੱਚ ਹੈ ਜਿਹੜਾ ਮੂਲ ਮਾਨਵੀ ਸੰਕਟਾਂ ,ਲੋਚਾ ਸਥਿਤੀਆਂ ਪ੍ਰਤੀ ਮਨੁੱਖੀ ਮਨ ਦਾ ਸਹਿਜ ਤੱਤ -ਫੱਟ ਤੇ ਕਲਾਤਮਕ ਹੁੰਗਾਰਾ ਹੁੰਦਾ ਹੈ ।

         ਇਸ ਦੀ ਪਹਿਲੀ ਵਿਸ਼ੇਸ਼ਤਾ ਇਸ ਵਿਚ ਸਾਂਸਕ੍ਰਿਤਿਕ ਤੱਤ ਅਤੇ ਪ੍ਰੰਪਰਾਗਤ ਰੂੜ੍ਹੀਆਂ ਦੀ ਬਹੁਲਤਾ ਹੁੰਦੀ ਹੈ । ਇਸ ਵਿੱਚ ਉਨ੍ਹਾਂ ਕਾਵਿ ਰੂੜੀਆਂ, ਰੂਪਾਂ ਤੇ ਵਿਧੀਆਂ ਦਾ ਪ੍ਰਯੋਗ ਹੁੰਦਾ ਹੈ ਜੋ ਲੋਕ ਕਾਵਿ ਦਾ ਸੰਸਕਾਰ ਬਣ ਚੁੱਕੀਆਂ ਹੁੰਦੀਆਂ ਹਨ  ।ਇਹ ਪੁਸ਼ਤ ਦਰ ਪੁਸ਼ਤ ਮੌਖਿਕ ਰੂਪ ਰਾਹੀਂ ਅੱਗੇ ਤੁਰਦਿਆਂ ਮਨ ਇੱਛਿਤ ਵਾਧੇ ਘਾਟੇ ਲਈ ਲਚਕੀਲੇ ਰਹਿੰਦੇ ਹਨ । ਲੋਕ ਕਾਵਿ ਲੋਕਾਂ ਦਾ ਸਾਂਝਾ ਵਿਰਸਾ ਹੈ। ਬੇਦੀ ਨੇ ਲੋਕ ਕਾਵਿ ਨੂੰ ਸੰਸਕਾਰ , ਧਾਰਮਿਕ ਤੇ ਮਨਰੰਜਨ ਕਾਬੂ ਵਿਚ ਵੰਡਿਆ ਹੈ । ਜਦਕਿ ਨਾਹਰ ਸਿੰਘ ਨੇ ਇਸ ਨੂੰ ਖੁੱਲ੍ਹੇ ਕਾਵਿ ਰੂਪਾਂ ਤੇ ਬਝਵੇਂ ਕਾਵਿ ਰੂਪ ਦੋ ਪ੍ਰਕਾਰਾਂ ਦਿੱਤੀਆਂ ਹਨ । ਇਸ ਦੀ ਪ੍ਰਕਿਰਤੀ ਦੇ ਪਸਾਰ ਪੱਖੋਂ ਡਾ ਜਸਵਿੰਦਰ ਸਿੰਘ ਨੇ ਲੋਕ ਕਾਵਿ ਨੂੰ  ਪ੍ਰਗੀਤਕ ਕਾਵਿ ਰੂਪ, ਬਿਰਤਾਂਤਿਕ ਲੋਕ ਕਾਵਿ ਅਤੇ ਅਰਧ ਬਿਰਤਾਂਤਿਕ ਲੋਕਾਂ ਵਿਚ ਵਿਭਾਜਿਤ ਕੀਤਾ ਹੈ  ।

ਡਾ.ਵਣਜਾਰਾ ਬੇਦੀ ਅਨੁਸਾਰ ,

  "ਲੋਕ ਸਾਹਿਤ ਦਾ ਪ੍ਰਵਾਹ ਇੱਕ ਵਗਦੀ ਪ੍ਰਬਲ ਧਾਰਾ ਵਾਂਗ ਹੈ ਜੋ ਸਾਡੇ ਸਮਾਜਿਕ ਤੇ ਭਾਈਚਾਰਕ ਜੀਵਨ ਦੇ ਕਣ ਕਣ ਨੂੰ ਸਿੰਜਦਾ ਅਤੇ ਰਸ ਦਿੰਦਾ ਜਾ ਰਿਹਾ ਹੈ  ।"

 ਦਰਅਸਲ ਲੋਕ ਸਾਹਿਤ ਕਿਸੇ ਲੋਕਧਾਰਾ ਵਿੱਚ ਜਿਊਂਦੇ /ਬੱਝੇ ਲੋਕਾਂ ਦੀ ਜ਼ਿੰਦਗੀ ਨੂੰ ਉਸਦੀ ਸਮੁੱਚਤਾ ਵਿੱਚ ਰੂਪਮਾਨ ਕਰਦਾ ਹੈ ।ਕਿਉਂਕਿ ਜ਼ਿੰਦਗੀ ਇਕਸਾਰ ਤੇ ਇਕ ਰਸ ਨਹੀਂ ਹੁੰਦੀ । ਇਸੇ ਕਾਰਨ ਉਸਦੇ ਵੱਖਰੇ ਵੱਖਰੇ ਪਸਾਰਾਂ ਨੂੰ ਲੋਕਮਨ ਵੱਖਰੇ ਵੱਖਰੇ ਸਾਹਿਤ ਰੂਪਾਂ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ  । ਵੱਖ ਵੱਖ ਮਨੁੱਖੀ ਤੇ ਸੱਭਿਆਚਾਰਕ ਪ੍ਰਸਥਿਤੀਆਂ ਵਿਚ ਵੱਖ ਵੱਖ ਲੋੜਾਂ ਦੀ ਪੂਰਤੀ ਹਿੱਤ ਇਹ ਲੋਕਮਨ ਵੱਖ ਵੱਖ ਪ੍ਰਕਾਰ ਦੇ ਲੋਕ ਸਾਹਿਤ ਰੂਪਾਂ ਰਾਹੀਂ ਆਪੇ ਨੂੰ ਜ਼ੁਬਾਨ ਦਿੰਦਾ ਹੈ  ।

                   ਖੁੱਲੇ ਕਾਵਿ -ਰੂਪ :-

     ਇਹ ਵਧੇਰੇ ਲਚਕੀਲੀ ਫ਼ਿਤਰਤ ਵਾਲੇ ਕਾਵਿ ਰੂਪ ਹੁੰਦੇ ਹਨ ਜਿਹੜੇ ਆਮ ਤੌਰ ਤੇ ਵਿਅਕਤੀ ਵਿਸ਼ੇਸ਼ ਦੁਆਰਾ ਉਚਾਰੇ ਜਾਂਦੇ ਹਨ ,ਸਮੂਹ ਸਿਰਫ ਹੁੰਗਾਰਾ ਭਰਦਾ ਹੈ। ਸਥਿਤੀ  ਅਨੁਸਾਰ ਇਸ ਵਿੱਚ ਵਾਧਾ ਘਾਟਾ ਸੰਭਵ ਰਹਿੰਦਾ ਹੈ ਇਹ ਮਰਦਾ ਇਸਤਰੀਆਂ ਦੇ ਸਾਂਝੇ ਗੀਤ ਹੁੰਦੇ ਹਨ। ਇਨ੍ਹਾਂ ਸੰਵਾਦ ਵੀ ਚੱਲ ਪੈਂਦਾ ਹੈ (ਕਦੇ -ਕਦੇ )।ਬੁਲਬਲਿਆਂ, ਕਿਲਕਾਰੀਆਂ ,ਬੱਕਰੇ ਬੁਲਾਉਣੇ ਮਾਹੌਲ ਜੋਸ਼ੀਲਾ ਬਣਾ ਦਿੰਦੇ ਹਨ। ਕੀਰਨਾ ,ਅਲਾਹੁਣੀ, ਟੱਪੇ , ਹੇਅਰਾ, ਲੰਮੀ ਜਾਂ ਨਿੱਕੀ ਬੋਲੀ, ਸਿੱਠਣੀਆਂ ਲੋਰੀਆਂ ,ਨਾਚ ਗੀਤ ,ਖੇਡ ਗੀਤ ਆਦਿ ਇਸ ਵਿੱਚ ਸ਼ਾਮਲ ਹਨ  ।

                    ਬੱਝਵੇਂ ਕਾਵਿ ਰੂਪ :-

     ਇਨ੍ਹਾਂ ਵਿੱਚੋਂ ਪੁਨਰ ਸਿਰਜਣਾ ਬੱਝਵੇਂ ਨੇਮਾਂ ਅਧੀਨ ਮੱਧਮ ਹੁੰਦੀ ਹੈ। ਇਨ੍ਹਾਂ ਦਾ ਨਿਰਭਓ ਨਿਸ਼ਚਿਤ ਹੁੰਦਾ ਹੈ । ਇਨ੍ਹਾਂ ਦਾ ਉਚਾਰਨ ਸਮੂਹਿਕ ਹੁੰਦਾ ਹੈ । ਸਮੂਹ ਗਾਇਕਾਂ ਦਾ ਅਨੁਭਵ ,ਕਲਪਨਾ ਤੇ ਕਲਾਤਮਕ ਪ੍ਰਤਿਭਾ ਕਦੇ ਵੀ ਇਕੋ ਜਿਹੀ (ਸਮਰੂਪ )ਤੇ ਇਕਹਿਰੀ ਨਹੀਂ ਹੋ ਸਕਦੀ। ਇਹ ਕਾਵਿ ਰੂਪ ਧੀਮੀਂ ਤੇ ਲਮੇਰੀ ਹੇਕ 'ਚ ਉਚਾਰੇ ਜਾਂਦੇ ਹਨ। ਇਨ੍ਹਾਂ ਵਿੱਚ ਥੀਮ ਦਾ ਇਕਹਿਰਾਪਣ ਤੇ ਨਿਰੰਤਰਤਾ ਭਾਵ ਦੀ ਇਕਾਗਰਤਾ ਹੁੰਦੀ ਹੈ । ਇੱਥੇ ਛੋਟੀ ਇਕਾਈ ਕਾਵਿ ਰੂਪ ਦਾ ਅੰਗ ਹੋ ਕੇ ਵੀ ਖੁਦਮੁਖਤਿਆਰ ਹੋਂਦ ਚ ਕਾਇਮ ਰਹਿੰਦੀ ਹੈ  ।ਇਨ੍ਹਾਂ ਕਾਵਿ ਰੂਪਾਂ ਦਾ ਵਧੇਰੇ ਸਬੰਧ ਸੱਭਿਆਚਾਰਕ ਪ੍ਰੰਪਰਾਗਤ ਰੂੜੀਆਂ ਨਾਲ ਬੱਝਾ ਹੁੰਦਾ ਹੈ । ਇਹ ਕਾਵਿ ਰੂਪ ਵਸਤੂ ਅਤੇ ਥੀਮ ਰੂੜ੍ਹ ਰੂਪ 'ਚ ਹੀ ਪਰੰਪਰਾਗਤ ਢੰਗ ਨਾਲ ਲੋਕ ਚੇਤਨਾ ਦਾ ਅੰਗ ਬਣੇ ਹੁੰਦੇ ਹਨ। ਇਨ੍ਹਾਂ ਵਿਚ ਘੋੜੀਆਂ ,ਸੁਹਾਗ ,ਦੋਹੜਾ,ਵਾਰ,ਲੋਕ ਗਾਥਾ,ਬਾਰਾਮਾਹ ,ਥਿਤੀ,ਆਦਿ ਸ਼ਾਮਿਲ ਹਨ।

1. ਸਿਠੱਣੀ :-ਇਕ ਅਜਿਹਾ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੇ ਚਰਿੱਤਰ ਦੀ ਅਸਲ ਕਮਜ਼ੋਰੀ ਨੂੰ ਨਹੀਂ ਸਗੋਂ ਮਨਘੜਤ ਕਮਜ਼ੋਰੀ ਨੂੰ ਕੇਂਦਰ ਬਣਾ ਕੇ ਉਸ ਦੀ ਸਥਿਤੀ ਕਲਾਤਮਕ ਢੰਗ ਨਾਲ ਹਾਸੇ ਠੱਠੇ ਰਾਹੀਂ ਪੇਸ਼ ਕੀਤੀ ਜਾਂਦੀ ਹੈ  । ਵਿਆਹ ਵੇਲੇ ਧੀ ਵਾਲਿਆਂ ਵੱਲੋਂ ਬਰਾਤੀਆਂ ਨੂੰ ਸੰਬੋਧਿਤ ਇਸ ਕਾਵਿ ਰੂਪ ਰਾਹੀਂ ਕਿਸੇ ਵਿਅਕਤੀ ਦੇ ਕੱਦ,ਰੰਗ ,ਦਾੜ੍ਹੀ, ਮੁੱਛਾਂ, ਪਹਿਰਾਵੇ ਜਾਂ ਵਿਵਹਾਰ ਨੂੰ ਕੇਂਦਰ ਬਣਾਉਂਦਿਆਂ ਉਸ ਦੀ ਸਾਹਿਤਕ ਢੰਗ ਨਾਲ ਲਾਹੀ  ਜਾਂਦੀ ਹੈ । ਵਣਜਾਰਾ ਬੇਦੀ ਮੁਤਾਬਿਕ ਇਸ ਦਾ ਉਧਭਵ ਬੋਲ ਕੁਬੋਲ ਤੇ ਠਿੱਠ ਕਰਨ ਦੀ ਪ੍ਰਾਚੀਨ ਰੀਤ ਤੋਂ ਹੋਇਆ ਮੰਨਿਆ ਜਾਣਾ ਚਾਹੀਦਾ ਹੈ। ਕਿਉਂਕਿ ਪੁਰਾਤਨ ਸਮੇਂ ਵਿਆਹ ਕੇਬਲ ਉਧਾਲਾ ਹੁੰਦਾ ਸੀ  । ਕਬੀਲੇ ਦੇ ਗੱਭਰੂ ਤਾਂ ਉਧਾਲਣ ਵਾਲਿਆਂ ਵਿਰੁੱਧ ਹਥਿਆਰ ਚਲਾਉਂਦੇ ਸਨ। ਪਰ ਅੌਰਤਾਂ ਘਰਾਂ ਵਿੱਚ ਬੈਠ ਕੇ ਉਨ੍ਹਾਂ ਨੂੰ ਕੋਸਦਿਆਂ ਰਹਿੰਦੀਆਂ ਸਨ । ਸਿੱਠਣੀਆਂ ਉਸ ਠਿੱਠ ਕਰਨ ਦੀ ਆਸਥਾ ਦੀ ਉਕਾਬ ਮਾਧਿਅਮ ਦੁਆਰਾ ਪੇਸ਼ਕਾਰੀ ਹੈ । ਜਾਂ ਵਿਆਹ  ਜਿਹੀ ਸ਼ੁਭ ਘੜੀ ਮੌਕੇ ਕਿਸੇ ਕਰੂਰ ਪ੍ਰਭਾਵਾਂ ਤੋਂ ਬਚਣ ਲਈ ਜੰਞ ਦੇ ਢੁਕਾਅ ਵੇਲੇ ਗਾਲੀ ਗਲੋਚ, ਆਯੋਗ ਬਚਨ ਜਾ ਭੰਡੀ ਭਰੇ ਬੋਲਾਂ ਨੂੰ ਪ੍ਰਯੋਗ ਕਰਨ ਦਾ ਰਿਵਾਜ ਸੀ। ਸਿੱਠਣੀਆਂ ਹੇਠ ਲਿਖੇ ਸਮਿਆਂ ਤੇ ਸੁਣਾਈਆਂ ਜਾਂਦੀਆਂ ਹਨ  :-

1.) ਸਿੱਠਣੀਆਂ ਦਾ ਪਹਿਲਾ ਮੌਕਾ ਨਾਨਕੇ ਮੇਲ ਤੇ ਪਿੰਡ ਪੁੱਜਣ ਤੇ ਬਣਦਾ ਹੈ ! 2.) ਜੰਞ ਦਾ ਢੁਕਾਅ, 3.) ਰੋਟੀ ਬੰਨ੍ਹਣ ਸਮੇਂ 4.) ਰੋਟੀ ਦੌਰਾਨ, 5.) ਨਾਨਕੀ ਛੱਕ ਤੇ  ਦਾਦਕੀ ਛੱਕ ਦੇ ਵਿਖਾਲੇ ਸਮੇਂ , 6.)  ਵਰੀ ਦੇ ਦਿਖਾਵੇ ਸਮੇਂ, 7.) ਲਾੜੇ ਨੂੰ ਅੰਦਰ ਸੱਦ ਕੇ ਛੰਦ ਸੁਣਾਉਣ ਸਮੇਂ, 8.) ਤੋਰ ਤੁਰਾਈ ਸਮੇਂ , 9.) ਕੁੜੀਆਂ ਦੋਹਰਾ ਹੇਅਰੇ ਸੁਣਾਉਣ  ਸਮੇਂ । (ਇਹ ਮੌਕੇ ਕੁੜੀ ਦੇ ਵਿਆਹ ਉੱਤੇ ਆਉਂਦੇ ਹਨ  ।)

ਸਿੱਠਣੀ ਦਾ ਸ਼ਾਬਦਿਕ ਅਰਥ ਅਯੋਗ ਵਚਨ ਅਥਵਾ ਭੰਡੀ ਭਰੇ ਬੋਲ ਹਨ । ਭਾਈ ਕਾਨ੍ਹ ਸਿੰਘ ਨਾਭਾ ਮੁਤਾਬਿਕ 'ਸਿੱਠਣੀ' ''ਸਿੱਠ" ਤੋਂ ਬਣਿਆ ਹੈ ਜੋ ਸੰਸਕ੍ਰਿਤ ਦੇ 'ਸਵਨ' ਧਾਤੂ ਨਾਲ 'ਯ' ਪਿਛੇਤਰ ਲਗਾ ਕੇ ਬਣਿਆ ਹੈ ਜਿਸ ਦਾ ਅਰਥ ਹੈ 'ਯੋਗ ਬਚਣ ਬੋਲਣੇ ' ਜਿਵੇਂ  :-

" ਵੇ ਤੂੰ ਕਾਲਾ ਪਿਓ ਦਾ ਸਾਲਾ  ,

          ਵੇ ਕਾਲਾ ਕਿਸ ਗੁਣੇ  ?

 ਮੇਰੀ ਮਾਂ ਗਈ ਲੌਂਗਾਂ ਹੇਠ  ,

          ਮਹੀਨਾ ਸੀ ਜੇਠ  ,

ਸੀ ਮੈਂ ਮਾਉ ਦੇ ਪੇਟ' ਕਾਲਾ ਏਸ ਗੁਣੇ।"

ਇਸੇ ਤਰ੍ਹਾਂ ਦਾਦਕਿਆਂ ਵੱਲੋਂ ਨਾਨਕਿਆਂ ਨੂੰ ਵੀ ਠਿੱਠ ਕੀਤਾ ਜਾਂਦਾ ਹੈ  :-

       "ਛੱਜ ਉਹਲੇ ਛਾਨਣੀ ਪਰਾਤ ਓਹਲੇ ਤਵਾ, ਨਾਨਕਿਆਂ ਦਾ ਮੇਲ ਆਇਆ ਸੂਰੀਆ ਦਾ ਹਵਾ  ...."

ਡਾ.ਟੀ.ਆਰ.ਵਿਨੋਦ ਮੁਤਾਬਿਕ ,

       " ਸਿੱਠਣੀ ਧੀ ਵਾਲਿਆਂ ਦੇ ਉਸ ਹੀਣ ਭਾਵ ਦਾ ਨਿਕਾਸ ਕਰਦੀ ਹੈ ਜੋ ਵਿਆਹ ਸਬੰਧਾਂ ਦੇ ਸਥਾਪਿਤ ਮੁੱਲ ਵਿਧਾਨ ਅਨੁਸਾਰ ਧੀ ਵਾਲਿਆਂ ਦੀ ਨੀਵੀਂ ਪੱਧਵੀ ਕਾਰਨ ਉਨ੍ਹਾਂ ਦੇ ਮਨ ਵਿੱਚ ਪੈਦਾ ਹੁੰਦੀ ਹੈ ।............... ਪੰਜਾਬੀ ਸੱਭਿਆਚਾਰ ਨੇ ਕੁੜਮਾਚਾਰੀ ਦੇ ਰਿਸ਼ਤੇ ਵਿੱਚ ਸੰਤੁਲਨ ਕਾਇਮ ਰੱਖਣ ਲਈ ਇਸ ਖੇਡ ਭਾਵ ਨੂੰ ਸਿੱਠਣੀ ਰਹੀ ਸੰਤੁਸ਼ਟ ਕਰਕੇ ਇਕ ਸਮਾਜਕ ਸੰਸਕ੍ਰਿਤਿਕ ਸੁਰੱਖਿਆ ਦੀ ਭੂਮਿਕਾ ਨਿਭਾਈ ਹੈ  ।"

        ਅਸ਼ਲੀਲਤਾ, ਵਿਅੰਗ ਇਸ ਦੇ ਪ੍ਰਮੁੱਖ ਲੱਛਣ ਹਨ । ਇਸ ਦਾ ਆਰੰਭਕ ਅਕਾਰ ਕਿਸੇ ਵੀ ਛੰਦ ਤੋਲ ਜਾਂ ਆਕਾਰ ਦਾ ਹੋ ਸਕਦਾ ਹੈ। ਇਹ ਇੱਕ ਸੰਬੋਧਨੀ ਕਾਵਿ ਰੂਪ ਹੋਣ ਕਰਕੇ ਵਕਤਾ/ ਸਰੋਤੇ ਦਾ ਦਵੰਦਾਤਮਕ ਸਬੰਧ ਇਸ ਵਿੱਚ ਸੰਵਾਦ ਦੀ ਸੰਭਾਵਨਾ ਹਮੇਸ਼ਾ  ਬਣਾਈ ਰੱਖਦਾ ਹੈ । ਭਾਵੇਂ ਕਾਨ੍ਹ ਸਿੰਘ ਨਾਭਾ , ਗਿਆਨੀ ਗੁਰਦਿੱਤ ਸਿੰਘ ਤੇ ਸੁਰਜੀਤ ਸਿੰਘ ਧੀ ਵਾਲਿਆਂ ਵੱਲੋਂ ਵਿਆਹ ਸਮੇਂ ਗਾਏ ਜਾਣ ਵਾਲੇ ਕਾਵਿ ਰੂਪ ਵਜੋਂ ਗ੍ਰਹਿਣ ਕਰਦੇ ਹਨ ਪਰ ਵਡੇਰੀ ਉਮਰ ਦੇ ਵਿਅਕਤੀਆਂ ਦੀ ਮੌਤ ਦੇ ਸਮੇਂ ਵੀ ਇਸ ਦਾ ਪ੍ਰਯੋਗ ਵੇਖਿਆ ਗਿਆ ਹੈ  । ਤਿੱਖੇ , ਡੂੰਘੇ ਅਤੇ ਗੁੱਝੇ ਵਿਅੰਗ ਨਾਲ ਲੈਸ ਸਿੱਠਣੀ ਕਦੇ ਕਦੇ ਨਾਟਕੀ ਜਾਂ ਵਾਰਤਾਲਾਪੀ ਸ਼ੈਲੀ ਵਿੱਚ ਵੀ ਹੁੰਦੀ ਹੈ । ਲੋਕ ਮਨ ਦਾ ਪ੍ਰਗਟਾਵਾ ਕਰਨ ਵਾਲਾ ਇਹ ਕਾਵਿ ਰੂਪ ਵਾਕ ਚਤੁਰਤਾ ਦੀ ਜੁਗਤ ਗ੍ਰਹਿਣ ਕਰਦਿਆਂ ਅੰਤਿਮ ਪ੍ਰਭਾਵ ਨੂੰ ਘੱਟ ਚੁਭਵਾਂ ਤੇ ਆਨੰਦਾਇਕ ਬਣਾ ਦਿੰਦਾ ਹੈ ।

2. ਹੇਅਰਾਂ :-  ਇਹ ਕਾਵਿ ਰੂਪ ਵਿਆਹ ਨਾਲ ਸਬੰਧਿਤ ਵੱਖੋ ਵੱਖਰੇ ਮੌਕਿਆਂ ਤੇ ਸੁਆਣੀਆਂ ਵੱਲੋਂ ਉਚਾਰਿਆ ਜਾਂਦਾ ਹੈ । ਇਸ ਨੂੰ ਇਕ ਔਰਤ ਲੰਮੀ ਤੇ ਸੰਬੋਧਨੀ ਸੁਰ ਵਿਚ ਗਾਉਂਦੀ ਹੈ ।ਹੇਅਰਾ ਸ਼ਬਦ ਦੀ ਉਤਪਤੀ ਡਾ ਵਣਜਾਰਾ ਬੇਦੀ ਨੇ ਹਯ+ਰ ਤੋਂ ਮੰਨਦਿਆਂ ਇਸ ਨੂੰ ਘੋੜੀ ਚੜ੍ਹਨ ਸਮੇਂ ਦੇ ਗੀਤ ਵਜੋਂ ਸਵੀਕਾਰਿਆ ਹੈ । ਪ੍ਰੰਤੂ ਇਸ ਸਬੰਧੀ ਵਿਵਾਦ ਹੈ  । ਪ੍ਰੰਤੂ ਇਹ ਨਿਸ਼ਚਿਤ ਹੈ ਕਿ ਵਿਲੱਖਣ ਗਾਇਨ ਸ਼ੈਲੀ ਵਾਲਾ ਕਾਵਿ ਰੂਪ ਵਿਆਹ ਨਾਲ ਸਬੰਧਿਤ ਹੈ ਜਿਸ ਦੀਆਂ ਦੋ ਤੁਕਾਂ ਹੁੰਦੀਆਂ ਹਨ ਤੁਕਾਂਤ ਮੇਲ ਹੁੰਦਾ ਹੈ । ਸੰਬੋਧਨੀ ਸੁਰ ਵਾਲੀ ਸੁ ਕਾਵਿ ਰੂਪ ਵੀ ਚ ' ਭਲਾ ਜੀ ਕੰਨ ਕਰੀਂ  ', ਅੰਤੋੰ ਪਿਆਰਿਆਂ ',ਮੈਂ ਸੱਚ ਆਖ ਦੀ' ਆਦੀ ਉਚਾਰ ਦੂਸਰੀ ਤੁਕ ਦੇ 'ਤੋੜੇ ' ਜਾ ਤੁਕਾਂਤ ਤੋਂ ਪਹਿਲਾਂ ਆਉਂਦੇ ਹਨ  ।

ਡਾ.ਨਾਹਰ ਸਿੰਘ ਅਨੁਸਾਰ -

    " ਹੇਅਰਾ ਵਿਆਹ ਸਮੇਂ ਨਿਸਚਿਤ ਉਚਾਰ ਸੰਦਰਭ ਵਿੱਚ ਗਾਇਆ ਜਾਣ ਵਾਲਾ ਰੂੜ੍ਹ ਰਚਨਾ ਨੇਮ ਉੱਤੇ ਉਚਾਰਿਆ ਦੋ ਦੋ ਸਤਰਾਂ ਵਾਲਾ ਅਜਿਹਾ ਸੰਬੋਧਨੀ ਗੀਤ -ਰੂਪ ਹੈ ਜਿਸ ਵਿੱਚ ਹਰ ਠਹਿਰਾਓ ਨਾਲ ਸੰਬੋਧਨੀ ਹੇਕ ਆਉਦੀ ਹੈ ਪਰ ਸਭ ਤੋਂ ਵੱਧ ਲੰਮਕਣੀ ਹੇਕ  ਛੇਕੜਲੇ ਸ਼ਬਦ ਤੋਂ ਪਹਿਲੇ ਸ਼ਬਦ ਦੇ ਅੰਤਲੇ ਬਣਨ ਉੱਤੇ ਆਉਂਦੀ ਹੈ  ।"


"ਤੇਰਾ ਵੀ ਬੋਲਿਆ ਮਿੰਧੀਏ ਲਿਖ ਧਰਾਂ,

ਨੀਂ ਕੋਈ ਸੱਜੇ ਕੌਲੇ ਦੇ ਨਾਲ  ।

ਆਉਂਦੀ ਜਾਂਦੀ ਝਾੜਦੀ ਨੀ, ਕੋਈ

ਟੁੱਟੇ ਛਿੱਤਰ ਦੇ ਗੁੱਸਾ ਜ਼ਰਾ ਮੱਤ ਕਰੀ ਨੀ -ਨਾਲ ।"

ਔਰਤਾਂ ਵੱਲੋਂ ਗਾਏ ਜਾਣ ਵਾਲੇ ਕਾਰਨ' ਵੇ' ਤੇ ' ਨੀ ' ਸ਼ਬਦ ਵਿਸ਼ੇਸ਼ ਸੰਗੀਤਕ ਲੈਅ ਪੈਦਾ ਕਰਦੇ ਹਨ। ਜਿੱਥੇ ਪਹਿਲੀ ਤੁਕ ਵਿੱਚ ਬਹੁਤ ਕੋਸ਼ਿਸ਼ ਪਿਛਲੀ ਤੁਕ ਦੀ ਤੁਕਾਂਤ ਨਾਲ਼ ਮਿਲਣ ਵਾਲੀ ਕਿਸੇ ਰੂੜ ਰਚਨਾ ਜੁਗਤ ਨੂੰ ਆਧਾਰ ਬਣਾਉਦੀ ਹੈ , ਉੱਥੇ ਦੂਸਰੀ ਤੁਕ ਚ ਸੰਬੋਧਿਤ ਵਿਅਕਤੀ ਨਾਲ ਜੱਗੋਂ ਤੇਰਵੀਂ ਕਰਨ ਦਾ ਕਾਰਜ ਕੀਤਾ ਜਾਂਦਾ ਹੈ  -

"ਉਰਲੇ ਕਿਆਰੇ ਗਾਜਰਾਂ, ਵੇ ਕੋਈ ਪਰਲੇ ਕਿਆਰੇ ਨੇ ਇੱਖ, ਨੌੰ ਮਣ ਛੋਲੇ ਚਾਰ ਕੇ ਤੈਨੂੰ ਸਿੱਟਾਂ ਚਰੀ ਦੇ ਨੇ ਵਿਚ  ।"

ਲਾੜਾ ਬਣਨ ਘੋੜੀ ਚੜ੍ਹੇ ਦਿਓਰ ਲਈ ਭਾਬੀ ਜਜ਼ਬੇ ਪ੍ਰਗਟਾਉਂਦੀ ਹੈ ,

         "ਸਿਖਰ ਦੁਪਹਿਰੇ ਦਿਓਰ ਚੜ੍ਹਿਆ  ,

  ਕੋਈ ਧੁੱਪ ਲਗੇ ਕੁਮਲਾ। 

  ਜੇ ਮੈਂ ਹੋਵਾਂ ਬੱਦਲੀ ਦਿਓਰਾ , 

  ਸੂਰਜ ਲਵਾਂ ਛੁਪਾਅ।"

  ਹੇਅਰੇ ਵਿੱਚ ਵਰਤੇ ਜਾਣ ਵਾਲੇ ਸੰਬੋਧਨੀ ਹਿੱਸੇ ਹੇਅਰਾ ਲਾ ਰਹੀ ਔਰਤ ਦੇ ਸਰੋਤੇ ਨਾਲ ਸਮਾਜਿਕ ਸਬੰਧਾਂ ਨਾਲ ਇਸ਼ਾਰਾ ਕਰਦੇ ਹਨ। ਕੁੜੀਆਂ ਲਾੜੇ ਅਤੇ ਬਰਾਤੀਆਂ ਦੀ ਹੇਅਰਾ ਲਾ ਕੇ ਚੰਗੀ ਖ਼ਬਰ ਲੈਂਦੀਆਂ ਹਨ  -

   "ਤੂੰ ਗੱਜਿਆ ਮੈਂ ਵਰ ਪਈ, ਚਤਰਾ! ਦੋਨਾਂ ਦੀ ਇੱਕੋ ਵੇ ਗੂੰਜ ।

ਮੈਂ ਬਾਗਾਂ ਦੀ ਮੋਰਨੀ ਤੂੰ ਗਿੱਲੇ ਗੋਹੇ ਦਾ ,

      ਵੇ ਸੁਣਦਿਆਂ ਕੰਨ ਕਰੀਂ !

                   ਵੇ ਭੂੰਡ ।"

ਵਿਆਹ ਦੀਆਂ ਵੱਖ ਵੱਖ ਰੀਤਾਂ ਦੇ ਨਿਭਾਅ ਸਮੇਂ ਵੱਖਰੀ ਵੱਖਰੀ ਕਿਸਮ ਦੇ ਪ੍ਰਭਾਵ ਤੇ ਜਜ਼ਬੇ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ- ਡੋਲੀ ਚੜ੍ਹਦੀ ਧੀ ਨੂੰ ਵੇਖ ਕਰੁਣਾ ਰਸ ਪ੍ਰਗਟਾਉਂਦੇ ਹਨ । ਜਾਨੀਆਂ ਲਈ ਇਹ 'ਹਾਸ- ਰਸ' ਦੇ ਰੂਪ ਚ ਪ੍ਰਗਟ ਹੁੰਦੇ ਹਨ ਤੇ ਕਿਧਰੇ ਇਹ ਵਿਛੜ ਰਹੀਆਂ ਸਹੇਲੀਆ ਦੇ ਸਨੇਹ ਦਾ ਸ਼ੀਸ਼ਾ ਬਣਦੇ ਹਨ। ਅਗਰ ਬਰਾਤੀਆਂ ਵਿੱਚ ਕੋਈ ਤੀਸ ਮਾਰ ਖਾਂ ਹੋਵੇ ਤਾਂ ਹੇਅਰਾ ਸੰਵਾਦ ਗ੍ਰਹਿਣ ਕਰ ਜਾਂਦਾ ਹੈ -

ੳ ) ਕੁੜੀਆਂ ਬਰਾਤੀਆਂ ਨੂੰ ,

   

"ਬੰਨਾ ਬੰਨੀ ਨੂੰ ਲੈ ਚੱਲੇ 'ਚਤਰਾ' ਕੁੜਮ ਲੈ ਚੱਲੇ ਵੇ ਦਾਜ  ,

ਜਾਨੀ ਫਿੱਕੇ ਪੈ ਗਏਚ, ਉਨ੍ਹਾਂ ਦੀ ਕਿਸੇ ਨਾ ਪੁੱਛੀ  'ਵੇ ' ਮੈਂ ਸੱਚ ਆਖਦੀ ਬਾਤ  ।"

ਅ )ਜਵਾਬ,

   "ਬੰਨਾ ਬੰਨੀ ਨੂੰ ਲੈ ਚੱਲੇ 'ਚਤਰੇ' ਕੁੜਮ ਲੈ ਚੱਲੇ ਦਾਜ , 

    ਜਾਨੀ ਸ਼ੋਭਾ ਖੱਟ ਗਏ, ਸਾਨੂੰ ਫੇਰ ਢੁੱਕਣ ਦੀ ,

ਨੀਂ ਬਹੁਤੀਏ ਚਤਰੇ -ਨੀਂ  ਆਸ।"

ਜੀਜੇ ਸਾਲੀ ਤੇ ਨਾਨਕਿਆਂ ਦਾਦਕਿਆਂ ਆਦਿ ਵਿਰੋਧੀ ਗੁੱਟਾਂ 'ਚ ਇਹ ਸੰਵਾਦ ਭਰਪੂਰਤਾ ਵਿੱਚ ਪੇਸ਼ ਹੁੰਦੇ ਹਨ। ਸੋ ਇਹ ਮਿੱਠੀ ਟਕੋਰ ਤੋਂ ਲੈ ਕੇ ਕਿਸੇ ਦੀ 'ਪੱਗ ਲਾਹੁਣ ' ਤਕ ਦੇ ਸਾਰੇ ਪੈੰਡੇ ਤੈਅ ਕਰਨ ਵਾਲਾ ਇਕ ਬਹੁਤ ਹੀ ਸਮਰੱਥ ਲੋਕ ਕਾਵਿ ਰੂਪ ਹੈ  ।ਜਿੱਥੇ ਸਿੱਠਣੀ ਪ੍ਰਧਾਨ ਰੂਪ ਵਿਚ ਵਿਅੰਗ ਅਤੇ ਤਨਜ਼ ਦਾ ਸਾਧਨ ਬਣਦੀ ਹੈ , ਉਥੇ ਹੇਅਰਾ ਕਈ ਪ੍ਰਕਾਰ ਦੇ ਜਜ਼ਬਿਆਂ ਅਤੇ ਮਾਨਸਿਕ ਸਥਿਤੀਆ ਦੇ ਪ੍ਰਗਟਾਵੇ ਦਾ ਵਾਹਕ ਬਣਦਾ ਹੈ  ।

 3. ਟੱਪਾ :-

                ਟੱਪਾ ਇੱਕ ਤੁਕੀ ਬੋਲੀ ਨੂੰ ਕਹਿੰਦੇ ਹਨ। ਲੰਮੀ ਤੇ ਛੁਟੇਰੀ ਦੋਨੋਂ ਆਵਾਜ਼ ਵਿੱਚ ਗਾਇਆ ਜਾਣ ਵਾਲਾ ਇਹ ਕਾਵਿ ਰੂਪ ਕੇਵਲ ਵਿਆਹ ਸਮੇਂ ਹੀ ਨਹੀਂ ਸਗੋਂ ਜੀਵਨ ਦੇ ਰੋਜ਼ਾਨਾ ਦੇ ਕੰਮ ਧੰਦੇ ਕਰਦਿਅਾਂ ਗਾਇਆ ਜਾਂਦਾ ਹੈ । ਅਵਤਾਰ ਸਿੰਘ  ਦਲੇਰ--"ਪੰਜਾਬੀ ਲੋਕਗੀਤ ਬਣਤਰ ਤੇ ਵਿਕਾਸ" ਪੁਸਤਕ ਚ ਟੱਪੇ ਨੂੰ ਮਾਹੀਏ ਦੇ ਸਿਰਲੇਖ ਹੇਠ ਵਿਚਾਰਦਾ ਹੈ । ਉਸ ਅਨੁਸਾਰ ਪੱਛਮੀ ਪੰਜਾਬ ਵਿੱਚ ਮਾਹੀਆ ਤੇ ਪੂਰਬੀ ਪੰਜਾਬ ਵਿੱਚ ਬੋਲੀਆਂ ਤੇ ਟੱਪੀ ਵਧੇਰੇ ਮਕਬੂਲ ਹਨ  ।

ਨਾਹਰ ਸਿੰਘ ਦੀ ਪਰਿਭਾਸ਼ਾ :-

         "ਟੱਪਾ ਮੁਕਤ ਨਿਭਾਓ ਸੰਦਰਭ ਅਧੀਨ ਗਾਇਆ ਜਾਣ ਵਾਲਾ ਨਾਟਕੀ ਹੋਂਦ ਵਿਧੀ ਵਾਲਾ, ਅਜਿਹਾ ਗੀਤ ਰੂਪ ਹੈ ਜਿਸ ਦੀ ਇਕਹਿਰੀ ਤੁਕ ਨੂੰ  ਧੀਰੇ ਤੋਂ ਤੇਜ਼ ਵੱਲ ਵਿਭਿੰਨ ਗਤੀਆਂ ਵੇਲੇ  ਉਚਾਰਾਂ ਵਿੱਚ ਗਾਇਆ/ ਦੁਹਰਾਇਆ ਜਾਂਦਾ ਹੈ। ਇਸ ਦੇ ਇਕਾਗਰ ਸਮੂਰਤ ਬਿੰਬ ਵਿੱਚ ਸੰਪੂਰਨ ਭਾਵ ਇਕਾਈ ਹੁੰਦੀ ਹੈ ।"

4 . ਲੰਮੀ ਬੋਲੀ :-

                   ਇਹ ਪੰਜਾਬੀ ਲੋਕ ਕਾਵਿ ਦਾ ਅਤਿ ਹਰਮਨ ਪਿਆਰਾ ਕਾਵਿ ਰੂਪ ਹੈ । ਵਿਆਹ ਸ਼ਾਦੀਆਂ ਤੇ ਮੇਲਿਆਂ ਮੁਸਾਵਿਆਂ ਜਿਹੇ ਖ਼ੁਸ਼ੀ ਦੇ ਮੌਕਿਆਂ ਉੱਪਰ ਗੱਭਰੂ ਤੇ ਮੁਟਿਆਰਾਂ ਇਨ੍ਹਾਂ ਨੂੰ ਪਾ ਕੇ ਖ਼ੂਬ ਰੰਗ ਬੰਨ੍ਹਦੇ ਹਨ। ਬੋਲੀ ਵਾਲਾ ਇਕੱਲਾ ਬੋਲੀ ਪਾਉਂਦਾ ਹੈ ਤੇ ਬਾਕੀ ਦੇ ਕੇਵਲ ਅਖ਼ੀਰਲੀ ਤੁਕ ਨੂੰ ਚੁੱਕਦੇ ਹਨ।

ਡਾ.ਨਾਹਰ ਸਿੰਘ ਅਨੁਸਾਰ :-

     "ਲੰਮੀ ਬੋਲੀ ਸਮਤੁਕਾਂਤਕ ਤੁਕਾਂ ਵਾਲਾ ਅਜਿਹਾ ਗੀਤ ਰੂਪ ਹੈ, ਜਿਸ ਦੀ ਹਰ ਇੱਕ ਤੁਕ ਆਪਣੀ ਥਾਵੇਂ ਸੰਪੂਰਨ ਥੀਮਕ ਇਕਾਈ ਹੁੰਦੀ ਹੈ ਤੇ ਵਿਸ਼ੇਸ਼ ਤੋੜ੍ ਉੱਤੇ ਹੁੰਦਾ ਹੈ । ਤੋੜ ,ਭਾਵ ਤੇ ਉਚਾਰ ਦੋਹਾਂ ਪੱਖਾਂ ਤੋਂ ਬੋਲੀ ਦੀ ਕੰਗਰੋੜ  ਹੁੰਦਾ ਹੈ । ਬੋਲੀਆਂ ਦੀਆਂ ਤੁਕਾਂ ਵਿਅਕਤੀਗਤ ਤੇ ਤੋੜਾ ਸਮੂਹਿਕ ਸੁਭਾਅ ਦਾ ਲਖਾਇਕ ਹੁੰਦਾ ਹੈ। ਇਹ ਤੋੜਾ ਵਿਅਕਤੀ ਅਤੇ ਸਮੂਹ ਵਿਚਾਲੇ , ਉਚਾਰ ਅਤੇ ਗਾਇਨ ਵਿਚਾਲੇ ,ਬੋਲ ਅਤੇ ਨਾਚ ਵਿਚਾਲੇ ਸੰਪਰਕ ਕੜੀ ਹੈ । ਤੋੜੇ ਵਿਚ ਭਾਵ ਇਕਾਗਾਰ ਤੇ ਦੁਹਰਾਓ ਦੀ ਪ੍ਰਕਿਰਿਆ ਵਿੱਚ ਪੇਸ਼ ਹੁੰਦਾ ਹੈ  । ਬੋਲੀ ਦਾ ਥੀਮ ਕਦਮ ਕਦਮ ਤੇ ਬਦਲਦਾ ਹੋਇਆ ਥੀਮਕ ਵਿਕਾਸ ਦੀ ਲੜੀ ਵਿੱਚ ਵੀ ਹੋ ਸਕਦਾ ਹੈ ਤੇ ਥੀਮਕ ਖਿਡਾਓ ਸਥਿਤੀ ਵਿਚ ਵੀ ਸੰਭਵ ਹੈ ।"  ਇਸੇ ਵਿੱਚ ਚਾਰ ,ਛੇ, ਅੱਠ ਜਾਂ ਇਸ ਤੋਂ ਕੁਝ ਵੱਧ ਤੁਕਾਂ ਹੁੰਦੀਆਂ ਹਨ  -

    "ਹੀਰਿਆ ਹਰਨਾ ਬਾਗੀ ਚਰਨਾ।

  ਤੇਰੇ ਸਿੰਗਾਂ ਤੇ ਕੀ ਕੁਝ ਲਿਖਿਆ,

ਸਿੰਗਾਂ ਕੇ ਕੀ ਕੁਝ ਲਿਖਿਆ    ਤਿੱਤਰ ਤੇ ਮੁਰਗਾਈਆਂ  ,

ਬਈ ਅੱਗੇ ਤਾਂ ਤੂੰ ਕੋਠੀ ਟੱਪਦਾ  ,

ਹੁਣ ਨੀ ਟੱਪਦਾ ਖਾਈਆਂ  ।

ਬਈ ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ  ,

ਹੱਡੀਆਂ ਰੇਤ ਰਲਾਈਆਂ  ।

ਹੁਣ ਨਾ ਸਿਆਣਦੀਆਂ, ਦਿਉਰਾਂ ਨੂੰ ਭਰਜਾਈਆਂ  ...........।"


ਲੰਮੀ ਬੋਲੀ ਦਾ ਅਰੰਭ ਕਿਸੇ ਰੂੜ੍ਹ ਤੁਕ (ਜਿਵੇਂ 'ਆਰੀ- ਆਰੀ- ਆਰੀ' ਜਾਂ 'ਬਾਰੀ ਬਰਸੀ ਖੱਟਣ ਗਿਆ ਸੀ' ਜਾਂ 'ਧਾਵੇ -ਧਾਵੇ -ਧਾਵੇ ' ਨਾਲ ਹੁੰਦਾ ਹੈ  । ਇਸ ਪਿੱਛੋਂ ਕਿਸੇ ਭਾਵ ਨੂੰ ਆਧਾਰ ਬਣਾ ਕੇ ਗੱਲ ਅਰੰਭੀ ਜਾਂਦੀ ਹੈ । ਅਗਲੀਆਂ ਤੁਕਾਂ ਵਿੱਚ ਇਸ 'ਬੀਜ ' ਰੂਪ ਦਾ ਵਿਸਤਾਰ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ । ਅੰਤਲੀ ਤੁਕ ਵਿੱਚ ਬੋਲੀ ਦਾ ਤੋੜਾ ਝਾੜਿਆ ਜਾਂਦਾ ਹੈ ਤੇ ਤੋੜੇ ਵਾਲੀ ਤੁਕ ਗਿੱਧਾ ਮੰਡਲੀ ਬੋਲੀਕਾਰ ਦੇ ਮੂੰਹੋਂ ਖੋਹ ਲੈਂਦਾ ਹੈ ਤੇ ਚਾਰ ਪੰਜ ਵਾਰ ਭਾਵਪੂਰਤ ਤਰੀਕੇ ਨਾਲ਼ ਦੁਹਰਾਉਦੀ ਹੈ ।

        ਬੋਲੀਕਾਰ--ਆਰੀ ਆਰੀ ਆਰੀ;ਮੰਡਲੀ -ਬੱਲੇ ਬੱਲੇ ਬੱਲੇ।

ਬੋਲੀਕਾਰ --ਵਿੱਚ ਜਗਰਾਵਾਂ ਦੇ (ਸ਼ਾਵਾ) ਲੱਗਦੀ; ਮੰਡਲੀ- ਰੌਸ਼ਨੀ ਭਾਰੀ.....।

ਬੋਲੀਕਾਰ --ਗੱਭਰੂਆਂ ਦਾ ਕੱਠ ਹੋ ਗਿਆ ਨਾਲੇ ਹੋਗੀਆਂ ਬੋਤਲਾਂ; ਮੰਡਲੀ -ਚਾਲੀ  ।

ਬੋਲੀਕਾਰ --ਚਾਲੀਆ ਜੋ ਇੱਕ ਟੁੱਟਗੀ ,ਚਾਕੇ ਸ਼ੀਸ਼ ਮਹਿਲ ਨਾਲ ਮਾਰੀ  ।

ਬੋਲੀਕਾਰ-- ਭੱਜਲਾ ਬਚਨ ਸਿਉਂ ;ਸਾਰੇ -ਆਗੀ ਪੁਲੀਸ ਦੀ ਲਾਰੀ  ।


ਭੰਗੜੇ ਵਿੱਚ ਬੋਲੀ ਦੇ ਤੋੜੇ ਝਾੜ੍ਹਨ ਤੋਂ ਮਗਰੋਂ ਢੋਲਕ ,ਚਿਮਟਾ, ਕਾਟੋਆ ਤੇ ਸੱਪ ਆਦਿ ਵਜਾਏ ਜਾਂਦੇ ਹਨ। ਇਸ ਦੀ ਰਵਾਨੀ ਨਿੱਕੀ ਬੋਲੀ ਵੇਲੇ ਧੀਮੀ ਮਿਲਦੀ ਹੈ । ਆਰੰਭ ਲੰਮੀ ਬੋਲੀ ਦੇ ਅੰਤ ਵਿਚ ਗੁਰੂ ਹੀ ਆਉਂਦਾ ਹੈ ਜਿਸ ਨਾਲ ਉਸ 'ਚ ਸੰਗੀਤਕ ਅੰਸ਼ ਤੇ ਲੈਅ ਦਾ ਸੁਭਾਵਿਕ ਰੂਪ ਵਿੱਚ ਪੈਦਾ ਹੋ ਜਾਣਾ ਸੰਭਵ ਹੋ ਜਾਂਦਾ ਹੈ । ਗਿੱਧੇ ਦੀਆਂ ਲੰਮੀਆਂ ਬੋਲੀਆਂ ਵਿੱਚ ਸਵਾਲ ਜਵਾਬ ਪ੍ਰਕਿਰਿਆ ਵੀ ਚਲਦੀ ਹੈ  ,-

ਪਹਿਲੀ ਕੁੜੀ -

   "ਖੂਹ ਦੇ ਉੱਤੋਂ ਕੱਲੀ  

    ਜਦੋਂ ਪਾਣੀ ਲੈਣ ਜਾਵਾਂ 'ਚੰਨਾ '

    ਕਰਿਆ ਨਾ ਕਰ ਸਾਨੂੰ ਜਿੱਚ ਮੁੰਡਿਆ   

     ਹੋ ਜੂ ਲਾਲਾ -ਲਾਲਾ ....

     ਹੋ ਜੂ ਲਾਲਾ -ਲਾਲਾ ਸਾਰੇ ਪਿੰਡ ਵਿਚ ਮੁੰਡਿਆ  ।"

ਦੂਜੀ ਕੁੜੀ :-

      "ਨੀਲੀਆਂ ਨਸ਼ੀਲੀਆ  

       ਬਲੌਰੀ ਅੱਖਾਂ ਤੇਰੀਆਂ ਨੀ  

      ਮਾਰ ਲਿਸ਼ਕਾਰੇ ਤੇਰਾ ਲੌਂਗ ਭੱਖਦਾ  

      ਨੀਂ ਤੂੰ ਜਿਊਣ ਜੋਗਾ  .....

     ਨੀਂ ਤੂੰ ਜਿਉਣ ਜੋਗਾ ਛੱਡਿਆ ਦਾ ਪੁੱਤ ਜੱਟ ਦਾ.......।"

    

     ਲੰਮੀ ਬੋਲੀ ਦੀ ਅਖੀਰਲੀ ਤੁਕ ਵਿੱਚ ਸਾਰਾ ਨਿਚੋੜ (ਬੋਲੀ ) ਹੁੰਦਾ ਹੈ ਤੇ ਗਿੱਧੇ ਦੀ ਰਫ਼ਤਾਰ ਨੂੰ ਟੀਸੀ ਵਾਲੇ ਲਿਜਾਣ ਲਈ ਵੀ ਵਿਸ਼ੇਸ਼ ਸਹਾਇਤਾ ਦਿੰਦੀ ਹੈ। ਜਿੱਥੇ ਲਿਖੀ ਬੋਲੀ ਆਪਣੇ ਸੁਭਾਅ ਚ ਵਧੇਰੇ ਅੰਤਰਮੁਖੀ ਅਤੇ ਵਿਅਕਤੀਮੁਖੀ ਹੁੰਦੀ ਹੈ ਉਥੇ ਲੰਮੀ ਬੋਲੀ ਆਪਣੀ ਕ੍ਰਿਤੀ  ਵੇਚੇ ਵਧੇਰੇ ਬਾਹਰਮੁਖੀ ਤੇ ਸਮੂਹਮੁਖੀ ਹੁੰਦੀ ਹੈ  ।

5. ਕੀਰਨਾ :-

               ਇਹ ਅਤਿਅੰਤ ਲਚਕੀਲਾ ਕਾਵਿ ਰੂਪ ਹੈ ਜਿਸ ਵਿੱਚ ਸੋਗ ,ਰੁਦਨ,ਮਾਤਮ ,ਵਿਰਲਾਪ ਦੇ ਭਾਅ ਆਪਮੁਹਾਰੇ ਉਚਾਰ ਮਾਧਿਅਮ ਰਾਹੀਂ ਵਿਅਕਤ ਹੋਣੋ ਨਹੀਂ ਰਹਿ ਸਕਦੇ । ਸਮਾਂ ਵਿਸ਼ੇਸ਼' ਸਥਾਨ, ਰਿਸ਼ਤਿਆਂ ਦੀ ਸਬੰਧਤਾ ਅਥਵਾ ਨੇੜਤਾ ਪ੍ਰਸਥਿਤੀਆਂ ਦੇ ਪ੍ਰਸੰਗ ਇਸ ਦੀਆਂ ਲਾਜ਼ਮੀ ਸ਼ਰਤਾਂ ਹਨ।ਮਹਿੰਦਰ ਸਿੰਘ ਰੰਧਾਵਾ ਨੇ ਅਲਾਹੁਣੀ ,ਕੀਰਨਾ, ਸਿਆਪਾ ਤੇ ਵੈਣ ਨੂੰ ਸਮਭਾਵੀ ਤੇ ਸਮਅਰਥ ਸੰਚਾਰ ਕਰਨ ਵਾਲੇ ਕਾਵਿ ਰੂਪ ਮੰਨਿਆ ਹੈ। ਕੀਰਨੇ ਦੇ ਬੋਲ ਇਕੱਲੀ ਔਰਤ ਵੱਲੋਂ ਅਲਾਪੇ ਜਾਂਦੇ ਹਨ । ਪਰ ਕੀਰਨਾ ਉਹ ਹੋਰ ਰਿਸ਼ਤੇਦਾਰਾਂ ਮਰਦਾਂ ਵੱਲੋਂ ਵੀ ਅਲਾਪਿਆ ਜਾਂਦਾ ਹੈ । ਗਿਆਨੀ ਗੁਰਦਿੱਤ ਸਿੰਘ ਅਨੁਸਾਰ -:

       "ਕੀਰਨਾ ਉਦੋਂ ਉਚਾਰਿਆ  ਜਾਂਦਾ ਹੈ  ਜਦੋਂ ਸਿਰਜਕ ਅੰਦਰਲਾ ਭਾਵ ਸਿਖਰਾਂ ਉੱਤੇ ਹੁੰਦਾ ਹੈ ਅਤੇ ਭਾਵਨਾਵਾਂ ਦਾ ਸਮੂਹ ਜ਼ੋਰ ਨਾਲ ਪ੍ਰਗਟਾਅ ਜਾਂ ਐਲਾਨ -ਨੁਮਾ ਲਹਿਜੇ ਵਿੱਚ ਪੇਸ਼ ਹੁੰਦਾ ਹੈ ਜਾਂ ਫਰਿਆਦ ਦੇ ਰੂਪ ਵਿਚ ।ਇਸ ਲਈ ਇਹ ਸਰੋਦੀ ਰੂਪ ਧਾਰਦਾ ਹੈ।........ ਕੀਰਨਾਕਾਰ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਬੋਲ ਉਚਾਰ ਲੈਣ ਲਈ ਕਾਹਲਾ ਹੁੰਦਾ ਹੈ  ।"

      ਨਿੱਜੀ ਵੇਦਨਾ ਦੀ ਅਭਿ- ਵਿਅਕਤੀ ਕਰਨ ਵਾਲਾ ਕਾਵਿ ਰੂਪ ਜਿਸ ਦੀ ਪੇਸ਼ਕਾਰੀ ਇਕਾਗਰ ਸਰੂਪ ਦੀ ਹੁੰਦੀ ਹੈ ।

ਡਾ.ਨਾਹਰ ਸਿੰਘ ਅਨੁਸਾਰ -:

       " ਕੀਰਨਾ ਹਉਕੇ ਅਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿਚ ਉਚਰਿਤ ਅਜਿਹਾ ਪ੍ਰਗੀਤਕ ਗੀਤ ਰੂਪ ਹੈ ਜੋ ਥੀਮਕ ਟਕਰਾਓ ਦੀ ਕਾਵਿਕ ਜੁਗਤ ਉੱਤੇ ਆਧਾਰਿਤ ਮੈਂ' ਤੇ 'ਤੂੰ ' ਦੇ ਇਕਾਗਰ ਸਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਕ ਟਕਰਾਓ ਨੂੰ ਸਿਰਫ ਟਕਰਾਓ ਤਣਾਓ ਦੀ ਸਥਿਤੀ ਵਿੱਚ ਪੇਸ਼ ਕਰਦਾ ਹੈ । ਇਸ ਵਿੱਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀ ਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ  ।"

    ਬੱਚੇ ਨੌਜਵਾਨ ਜਾ ਬੁੱਢੇ ਦੀ ਮੌਤ ਨਾਲ ਪਏ ਖੱਪੇ ਅਤੇ ਲੱਗੇ ਦੁੱਖ ਦੇ ਪ੍ਰਸੰਗ ਵਿੱਚ ਹੀ ਇਸ ਦਾ ਉਚਾਰਨ ਕੀਤਾ ਜਾਂਦਾ ਹੈ  ,-

 ਬੱਚੇ ਸੰਬੰਧੀ :-

       "ਜੇ ਤੂੰ ਪੁੱਤਾਂ ਜੰਮਿਆ ਵੇ 

        ਮਾਂ ਆਪਣੀ ਦੀ ਗੋਦੀ ਪੁੱਤਾ

       ਪਿਓ ਦੇ ਅਾਂਗਣ ਨਾ ਖੇਲਿਆ

        ਵੇ....."

ਮੁਟਿਆਰ ਸੰਬੰਧੀ :-

       "ਤੇਰੇ ਹੱਥਾਂ ਦੀ ਮਹਿੰਦੀ ਨੇ  

       ਅਜੇ ਰੰਗ ਨਾ ਵਟਾਇਆ ਨੀ 

       ਤੂੰ ਤਾਂ ਤੁਰ ਗਈ ਜੱਗ ਤੋਂ   

       ਨੀਂ ਮੇਰੀਏ ਮੋਰਨੀਏ ਧੀਏ  

      ਭੁੱਖੇ ਬੈਠੇ ਨੀ ਤੇਰੇ ਨਿੱਕੇ ਨਿੱਕੇ ਬੋਟ ਬੱਚੀਏ  

      ਤੇਰੇ ਬਿਨਾਂ ਇਨ੍ਹਾਂ ਨੂੰ ਕੌਣ ਚੋਗਾ ਦੇਵੇ  

       ਨੀਂ ਉੱਠ ਇਨ੍ਹਾਂ ਬੋਟਾਂ ਦੇ ਮੂੰਹ ਚੋਗਾ ਪਾ  

      ਨੀ ਇਨਾਂ ਬੋਟਾ ਤੇ ਤਰਸ ਖਾਹ

      ਤੇ ਪਰਤ ਆ ਮੌਤ ਦੇ ਦੇਸ਼ੋਂ  

     ਤੇ ਪਾਲ ਇਨ੍ਹਾਂ ਨਿੱਕੇ ਨਿੱਕੇ ਬੋਟਾਂ ਨੂੰ  ।"


ਬਜ਼ੁਰਗ ਸੰਬੰਧੀ :-

  "ਵੇ ਧਰਮੀ ਬਾਬਲਾ  

  ਤੇਰੇ ਬਾਗਾਂ ਦੀਆਂ ਠੰਢੀਆਂ ਛਾਵਾਂ  

 ਅਸੀਂ ਮਾਣ ਦੇ ਨਾ ਥੱਕਦੇ  ।"

    ਆਪ ਮੁਹਾਰਾ, ਬੇਬਾਕ ਅਤੇ ਇਕਾਗਰ ਸੰਬੋਧਨ ਪੈਟਰਨ ਉਪਰ ਆਧਾਰਤ ਕਾਵਿ ਰੂਪ ਜਦੋਂ ਅਰਥੀ ਚੁੱਕਣ ਸਮੇਂ ਪਾਇਆ ਜਾਂਦਾ ਹੈ ਤਾਂ ਪੱਥਰ ਅੱਖਾਂ ਵੀ ਚੋਂਅ ਪੈਂਦੀਆਂ ਹਨ  ।

6. ਮਾਹੀਆ :-

        ਮਾਹੀਆ ਪੱਛਮੀ ਪੰਜਾਬ ਖ਼ਾਸ ਤੌਰ ਤੇ ਧਨ ਪੋਠੋਹਾਰ ਦਾ ਬੜਾ ਹਰਮਨ ਪਿਆਰਾ ਕਾਵਿ ਰੂਪ ਹੈ । ਖੇਤੀ ਹਲ਼ ਵਾਹੁੰਦਾ ਕਿਸਾਨ, ਗੁੱਡਦਾ ਜਾ ਪਾਣੀ ਲਾਉਂਦਾ ਸੇਪੀ, ਗੱਡਾ  ਹਿੱਕਦਾ ਗਾਡੀਵਾਨ ਜਾ ਵਹਿਤਰ ਨੂੰ ਹਿੱਕਦਾ ਥੋਰੀ ਸਭ ਆਪਣੇ ਕੰਮੀਂ ਲੱਗੇ ਲੰਮੀ ਹੇਕ ਨਾਲ ਇਹਦੇ ਬੋਲ ਅਲਾਪਦੇ ਹਨ -

  "ਸਿੜਕਾਂ ਤੇ ਰਿੜ੍ਹ ਵੱਟਿਆ ,

   ਜਿਨ੍ਹਾਂ ਯਾਰੀ ਲਾ ਨਾ ਡਿੱਠੀ ,

   ਹੁਨਾਂ ਦੁਨੀਆ ਚੋਂ ਕੇ ਖੱਟਿਆ  ।"

ੳ )  ਮੰਨ ਦੇ ਉਛਾਲੇ ,ਵੇਗ, ਮਨੋਭਾਵ, ਤਾਂਘਾ, ਤੜਪਣੀਆ ਮਾਹੀਆ ਇਨ੍ਹਾਂ ਰਾਹੀਂ ਵਿਅਕਤੀ ਹੁੰਦਾ ਹੈ  -

      "ਸਾਵੇ ਨੇ ਰੁੱਖ ਮਾਹੀਆ ,

      ਗਮਾਂ ਦੀਆ ਪੀਂਘਾਂ ਪੈਗੀਆਂ,

     ਲਾਰੇ ਦੇਂਦੇ ਨੇ ਦੁੱਖ ਮਾਹੀਆ ।"

ਅ ) ਇਹ ਨਿੱਕੇ ਕਾਵਿ ਰੂਪ ਬੋਲੀਆਂ ,ਟੱਪੇ ਜਾਂ ਮਾਹੀਆ ਆਦਿ ਸ਼ਾਇਦ ਸ਼ਲੋਕ ਦੇ ਹੀ ਲੌਕਿਕ ਰੂਪ ਹਨ( ਵਣਜਾਰਾ ਬੇਦੀ )।ਮਾਹੀਏ ਦਾ ਨਾ 'ਮਾਹੀਆ' ਸ਼ਾਹ ਹੁਸੈਨ ਸਮੇਂ ਪਿਆ ਪਹਿਲਾਂ ਇਹਦਾ ਨਾਂ ਟੱਪਾ ਹੋ ਸਕਦਾ ਹੈ । ਸ਼ਾਹ ਹੁਸੈਨ ਸਮੇਂ ਹੀਰ ਰਾਂਝੇ ਦੀ ਪ੍ਰੇਮ ਗਾਥਾ ਅਧਿਅਾਤਮਕ ਪ੍ਰਤੀਕ ਬਣ ਗਈ ਸੀ । ਜਿਸ ਕਾਰਨ 'ਮਾਹੀ ' ਸ਼ਬਦ ਵਿਸ਼ੇਸ਼ ਸੁੱਖ ਦਿਆ ਕਰਦਾ ਹੈ । ਸੋ ਟੱਪਿਆਂ ਦੀਆਂ ਇਨਾਂ ਕਲੀਆਂ ਨੂੰ 'ਮਾਹੀਆ' ਕਿਹਾ ਜਾਣ ਲੱਗ ਪਿਆ।

ੲ ) ਧਾਨ ਪੋਠੋਹਾਰ ਵਿਚ ਇਹਦਾ ਇਕ ਹੋਰ ਰੂਪ ' ਮਾਹੀਆ ਬਾਲੋ' ਮਿਲਦਾ ਹੈ । ਬਾਲ੍ਹੋ ਗੁੱਜਰਾਂਵਾਲੇ ਦੀ ਸੁੰਦਰ ਮੁਟਿਆਰ ਸੀ ਜਿਹੜੀ ਆਪਣੇ ਪ੍ਰੇਮੀ ਮੁਹੰਮਦ ਅਲੀ ਨੂੰ ਮਾਹੀਆ ਸੱਦਿਆ ਕਰਦੀ ਸੀ। 'ਹੀਰ ਸਿਆਲ' ਫ਼ਿਲਮ ਚ 'ਸੋਹਣਾ ਦੇਸ਼ਾਂ ਚੋਂ ਦੇਸ਼ ਪੰਜਾਬ' ਬਾਲੋ ਨੇ ਗਾਇਆ । ਇਹ ਪ੍ਰਸ਼ਨ-ਉੱਤਰ ਰੂਪ ਵਿੱਚ ਮਿਲਦਾ ਹੈ ।

ਮਾਹੀਆ -"ਹੱਟੀਆਂ ਤੇ ਫ਼ੀਤਾ ਈ!

            ਸੱਚ-ਸੱਚ ਦੱਸ ਨੀ ਬਾਲੋ,

           ਕਦੇ ਯਾਦ ਵੀ ਕੀਤਾ ਈ!"

ਬਾਲੋ- " ਮੈਂ ਖੜੀ ਹੋਈ ਆਂ ਵਿੱਚ 

           ਬੇਲੇ!

          ਕਸਮ -ਏ ਖ਼ੁਦਾ ਨੀਂ, 

          ਮਾਹੀਆ ,

        ਯਾਦ ਕਰਨੀਅਾਂ ਹਰ ਵੇਲੇ !"

ਸ ) ਮਾਹੀਆ ਸਾਡੇ ਲੋਕ ਸਾਹਿਤ ਦਾ ਅਤਿ ਮਹੱਤਵਪੂਰਨ ਕਾਵਿ ਰੂਪ ਮੰਨਿਆ ਜਾਂਦਾ ਹੈ ਇਸ ਨਾਲ ਆਮ ਕਰਕੇ ਬਾਲੋ ਦਾ ਨਾਮ ਜੁੜਦਾ ਹੈ  ।  

ਅਵਤਾਰ ਸਿੰਘ ਦਲੇਰ ਅਨੁਸਾਰ -

   "ਮਾਹੀਆ ਹੈ ਹੀ ਅਸਲ ਵਿੱਚ ਨੱਢੀਆਂ ਦਾ ਗੀਤ ਜੋ ਆਪਣੇ ਮਾਹੀ ਦੇ ਵਿਛੋੜੇ ਵਿੱਚ ਉਚਾਰਿਆ ਗਿਆ ਹੈ  ।"

      persian ਵਿੱਚ mahi (ਮਾਹੀ) ਦਾ ਅਰਥ ਮੱਛੀ( fish)ਹੈ ,   "Mahi is  fish in persian, that is for the freudians and balo has no extra significance "

          ਮਾਹੀਆ ਪ੍ਰਸ਼ਨੋਤਰੀ ਵਿੱਚ ਹੋਇਆ ਕਰਦਾ ਹੈ। ਭਾਵ ਇੱਕ ਵਾਰ ਮਾਹੀਆ ਬੋਲਦਾ ਹੈ ਅਤੇ ਦੂਜੀ ਵਾਰੀ ਬਾਲੋ । ਇਸ ਵਿਚ  -

1-"ਦੋ ਪੱਤਰ ਅਨਾਰਾਂ ਦੇ ..........।"

2-"ਬਾਗਾਂ ਵਿੱਚ ਕਾਂ ਬੋਲੇ  .........।"

3-"ਚਿੜੀਆਂ ਬਾਰ ਦੀਆਂ  .......।"

4-"ਕਿੱਕਰੀ ਤੇ ਬੂਰ ਹੋਸੀ ..........।"

    ਆਦਿ ਤੁਕਾਂ ਤੁਕਾਂਤ ਮੇਲ ਵਾਸਤੇ ਵਰਤੀਆਂ ਜਾਂਦੀਆਂ ਹਨ। ਜਦੋਂ ਪਹਿਲੀ ਲਾਈਨ ਗਾਈ ਜਾਂਦੀ ਹੈ ਤਾਂ ਢੋਲਕ ਦੀਆਂ ਚਾਰ ਤਾਲਾਂ, ਦੂਜੀ ਤੇ ਤਿੰਨ ਅਤੇ ਤੀਜੀ ਉੱਪਰ ਚਾਰ ਕਨ ਰਸ ਵਿੱਚ ਵਾਧਾ ਕਰਦੀਆਂ ਹਨ । ਅਲੀ ਤੇ ਤੀਜੀ ਦਾ ਰਿਦਮ ਮਿਲਦਾ ਹੁੰਦਾ  ਹੈ ।

      "ਦਰਿਆ ਦੀਆਂ ਕਾਗਾਂ ਨੇ, ਛੇਤੀ ਛੇਤੀ ਚੜ੍ਹ ਚੰਨਾ ,ਸਾਨੂੰ ਤੇਰੀਆਂ ਤਾਂਘਾਂ ਨੇ  ।"

ਹ ) ਮਾਹੀਆ ਵੀ ਟੱਪੇ ਵਾਂਗ ਨਾਚ ਦਾ ਆਧਾਰ ਨਹੀਂ ਬਣਦਾ। ਮਾਹੀਏ ਦਾ ਜਨਮ ਮਾਲਵੇ ਤੋਂ ਹੋਇਆ ਤਸੱਵਰ ਕੀਤਾ ਜਾਂਦਾ ਹੈ । ਜਦਕਿ ਟੱਪਾ ਸੰਦਲਬਾਰ ,ਰਾਵੀ ,ਚਨਾਬ ਵਿੱਚ ਪੈਦਾ ਹੋਇਆ । ਮਾਹੀਏ ਸਬੰਧੀ ਇਸ ਦੀਆਂ ਤਿੰਨ ਪੰਗਤੀਆਂ ਪਹਿਚਾਣ ਬਣਦੀਆਂ ਹਨ ਜਦਕਿ ਟੱਪੇ ਵਿੱਚ ਦੋ ਪੰਗਤੀਆਂ ਵੀ ਹੋ ਸਕਦੀਆਂ ਹਨ  ।

      "ਛੱਪੜੀ ਵਿੱਚ ਅੰਬ ਤਰਦਾ  !

      ਏਸ ਜੁਦਾਈ ਨਾਲੋਂ  ,

      ਰੱਬ ਪੈਦਾ ਹੀ ਨਾ ਕਰਦਾ  ।"

ਕ ) ਵੈਸੇ ਮਾਈਆਂ ਰੁਮਾਂਚਕ ਵਿਸ਼ਿਆਂ ਨੂੰ ਅਪਣਾਉਂਦਾ ਹੈ ਪਰ ਹਜ਼ਰਤ ਮੁਹੰਮਦ ਦੇ ਕੁਝ ਸਮਰਥਕਾਂ ਨੇ ਉਸ ਨੂੰ 'ਮਾਹੀ ' ਮੰਨਦੇ 'ਨਾਤੀਆਂ ਮਾਹੀਏ' ਰਚੇ ਪਰ ਬਹੁਤੇ ਪ੍ਰਸਿੱਧ ਨਹੀਂ ਹੋਏ ।

   "ਬਾਗੇ ਵਿਚ ਸੋਨਾ ਈ  !

    ਅੱਗੇ ਰਸੂਲ ਅੱਲਾਹ  ,

   ਛੇ ਉਮਤ ਹੋਣਾ ਈ  !"

ਹਿੰਦੂਆਂ ਨੇ ਕ੍ਰਿਸ਼ਨ ਨੂੰ ਮਾਹੀ ਮੰਨਿਆ। ਪਰ ਇਹ ਮਾਹੀਏ ਵੀ ਪ੍ਰਚੱਲਿਤ ਨਹੀਂ । ਇੰਜ ਮਾਹੀਏ ਨੂੰ ਇਕਾਂਤ, ਦੁੱਖ ਜਾ ਧੋਖੇ ਸਮੇਂ ਉਚਾਰਿਆ ਜਾਂਦਾ ਹੈ ਤੇ ਪੇਂਡੂ ਇਸ ਨਾਲ ਵੱਧ ਜੁੜੇ ਹਨ  ।

7. ਢੋਲਾ :-

           ਢੋਲਾ ਧਨ ਪੋਠੋਹਾਰ ਦੇ ਖੇਤਰ ਦਾ ਪ੍ਰਸਿੱਧ ਕਾਵਿ ਰੂਪ ਹੈ। ਕਈ ਢੋਲੇ ਤਾਂ ਮਾਹੀਏ ਦਾ ਹੀ ਬਦਲਿਆ ਰੂਪ ਹਨ ਜੋ ਉਸੇ ਲੈਅ ਵਿੱਚ ਗਾਏ ਜਾਂਦੇ ਹਨ। ਧਨ ਪੋਠੋਹਾਰ ਵਿੱਚ ਗਾਏ ਜਾਣ ਵਾਲੇ ਢੋਲੇ ਰੂਪ ਪੱਖੋਂ ਸਾਂਦਲ ਬਾਰ ਤੇ ਨੀਲੀ ਬਾਰ ਦੇ ਜਾਂਗਲੀਆਂ ਦੇ ਢੋਲਿਆ ਨਾਲੋਂ ਬਿਲਕੁਲ ਵੱਖਰੇ ਹਨ। ਧਨ ਪੋਠੋਹਾਰ ਦਾ ਟੋਲਾ ਦੋ ਸਤਰਾਂ ਦਾ ਹੁੰਦਾ ਹੈ । ਮਾਹੀਏ ਵਾਂਗ ਹੀ ਇਸ ਦਾ ਵਿਸ਼ਾ ਹੁਸਨ -ਇਸ਼ਕ ਹੈ , ਇਕਹਿਰਾ ਵਿਚਾਰ ਪ੍ਰਗਟਾਇਆ ਜਾਂਦਾ ਹੈ  ।

ਡਾ.ਵਣਜਾਰਾ ਬੇਦੀ ਅਨੁਸਾਰ ,

  "ਮਾਹੀਏ ਵਾਂਗ ਢੋਲੇ ਵਿੱਚ ਵੀ ਸੰਯਮ ਤੇ ਸੰਕੇਤ ਨਾਲ ,ਥੋੜ੍ਹੇ ਵਿਚ ਹੀ ਬਹੁਤ ਕੁਝ ਕਹਿ ਦਿੱਤਾ ਹੁੰਦਾ ਹੈ। ਜਿਵੇਂ ਅੱਗ ਦੇ ਭਾਂਬੜ ਵਿਚੋਂ ਕੋਈ ਵੀ ਇਕ ਭਖਦਾ ਕੋਲਾ ਚਿਮਟੇ ਨਾਲ ਪਕੜ ਕਿਸੇ ਉੱਤੇ ਵਗਾ ਮਾਰੇ.......।"

ਜਿਹੜੇ ਢੋਲੇ 'ਬਜਾਰ ਵਿਕਦੇ..' ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੀ ਪਹਿਲੀ ਸਤਰ ਮਾਹੀਏ ਵਾਂਗ ਬਹੁਤ ਵਾਰੀ ਕੋਈ ਅਰਥ ਨਹੀਂ ਰੱਖਦੀ। ਪਰ ਜਿਹੜੇ ਢੋਲੇ ਕਿਸੇ ਹੋਰ ਤੁਕ ਨਾਲ ਆਰੰਭ ਹੁੰਦੇ ਹਨ ਉਨ੍ਹਾਂ ਦੀ ਪਹਿਲੀ ਤੁਕ ਭਾਵ ਪੱਖੋਂ ਬਾਕੀ ਤੁਕਾਂ ਦਾ ਅਨਿੱਖੜ ਅੰਗ ਹੁੰਦੀ ਹੈ ।

     ਢੋਲੇ ਤੇ  ਮਾਹੀਏ ਦੇ ਤੁਕਾਂਤ ਵਿਧਾਨ ਚ ਅੰਤਰ ਹੁੰਦਾ ਹੈ । ਮਾਹੀਏ ਵਿੱਚ ਪਹਿਲੀ ਤੋਂ ਤੀਜੀ ਪੰਕਤੀ ਦਾ ਤੁਕਾਂਤ ਮਿਲਦਾ ਹੈ ਪਰ ਢੋਲੇ ਵਿੱਚ ਪਹਿਲੀਆਂ ਦੋ ਦਾ ਮਿਲਦਾ ਹੈ  ,ਤੀਜੀ ਆਪਣੀ ਹੀ ਲੈਅ ਦੇ ਬੱਲ ਉੱਤੇ ਟੁੰਬਦੀ ਹੈ ਤੇ ਉਸ ਦੇ ਅੰਤ ਤੇ 'ਜੀ ਢੋਲਾ ' ਵਾਕਾਂਸ਼ ਵਰਤਿਆ ਜਾਂਦਾ ਹੈ ,

     "ਬਾਜ਼ਾਰ ਵਿਕੇਂਦੀਆਂ ਛੂਰੀਆਂ, ਇਸ਼ਕੇ ਦੀਆਂ ਚਾਟਾਂ ਬੁਰੀਆ, ਲੱਗਣ ਤਾਂ ਜਾਣੇ, ਜੀ ਢੋਲਾ ।"

   ਕਈ ਢੋਲਿਆਂ ਦਾ ਰੂਪ ਵਿਧਾਨ ਪੰਜ ਸਤਰਾਂ ਦਾ ਹੁੰਦਾ ਹੈ ਤੇ ਉਹ ਦੋ ਟੋਟਿਆਂ ਚ (ਵੰਡੇ )ਵਿਭਾਜਿਤ ਹੁੰਦੇ ਹਨ । ਪਹਿਲਾ ਟੋਟਾ ਤਿੱਨ ਸਤਰਾਂ  ਦਾ ਤੇ ਦੂਜਾ ਦੋ ਸਤਰਾਂ ਦਾ ਹੁੰਦਾ ਹੈ ।ਇਹ ਪਹਿਲੇ ਦੇ ਪ੍ਰਭਾਵ ਨੂੰ ਗੂੜਾ ਕਰਦਾ ਹੈ ,ਚਕਾਚੌੰਧ ਕਰਦਾ ਹੈ ਤੇ ਰਸ ਵਿੱਚ ਵਾਧਾ ਕਰਦਾ ਹੈ । ਇਸ ਦੀ ਲੈਅ ਤੇ ਤੁਕਾਂਤ ਵੀ ਪਹਿਲੇ ਨਾਲੋਂ ਵੱਖਰੀ ਹੁੰਦੀ ਹੈ -

   "ਬਾਜ਼ਾਰ ਵਿਕੇਂਦੀ ਹਿੰਗ ਵੇ ! ਮਹਿੰਡੀ ਤੁਸਾਂ ਨੇ ਬੁੱਤੇ 'ਚ ਜਿੰਦ ਵੇ, ਬੁੱਤ ਰੱਖ ਸਾਹਮਣੇ, ਜੀ ਢੋਲਾ !

ਢੋਲ ਚਾਨਣਾ,

ਸਾਡੀ ਗਲੀ ਆਵੇ ਦੀਵਾ ਕਾਹਨੂੰ ਬਾਲਣਾ  ।"

   ਇਹ ਅਖੀਰਲੀ ਕਲੀ ਢੋਲੇ ਦੀ ਇਕਾਈ ਦਾ ਬੱਝਵਾਂ ਅੰਗ ਹੁੰਦਿਆਂ   ਭਾਵ ਸਤੰਤਰ ਤੇ ਸਵੈ- ਸੰਪਨ ਹੋਣ ਕਾਰਨ ਕਿਸੇ ਵੀ ਢੋਲੇ ਦੀ ਕਲੀ ਨਾਲ ਲਗਾ ਕੇ ਗਾਈ ਜਾ ਸਕਦੀ ਹੈ।

ਕਈ ਵਾਰ ਮਾਹੀਏ ਦੀਆਂ ਓਨਾ ਕਲੀਆਂ ਨੂੰ ਵੀ ਢੋਲਾ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਅੰਤ ਤੇ ਢੋਲਾ ਸ਼ਬਦ ਵਰਤਿਆ ਜਾਵੇ -

  "ਮੈ ਖੱਲੀਆਂ ਬੇਲੇ ਤੇ !

   ਸੱਚ ਪਈ ਆਖਨੀਆ ,

   ਮਰਿੰਡਾ ਬਹੂੰ ਦਿਲ ਢੋਲੇ ਤੇ ।"

ਰੂਪ ਪੱਖੋਂ ਇਹ ਮਰਦਾ ਵੱਲੋ ਤੀਵੀਆਂ ਨੂੰ ਸੰਬੋਧਿਤ ਹੁੰਦੇ ਹਨ ਪਰ ਦੋਨੋਂ ਮਰਦ ਤੇ ਤੀਵੀਆਂ ਇਨਾਂ ਨੂੰ ਗਾਉਂਦੇ ਹਨ ।

         ਸੰਦਲ ਬਾਰ ਦੇ ਢੋਲੇ ਬਾਰੇ  

 ਪੱਛਮੀ ਪੰਜਾਬ ਦੇ ਪੱਛਮੀ ਭਾਗ ਦੇ ਬਾਰ ਦੇ ਇਲਾਕੇ ਨਾਲ ਸਬੰਧਿਤ ਪ੍ਰਸਿੱਧ ਜਾਂਗਲੀ ਗੀਤ ਵੀ ਹੈ ।

ਹਰਜੀਤ ਸਿੰਘ ਅਨੁਸਾਰ -

"ਢੋਲੇ ਦਾ ਛੰਦ ਸਾਡੇ ਪੁਰਾਤਨ ਛੰਦ ਸ਼ਾਸਤਰ ਦੇ ਪਿੱਛੇ ਨਹੀਂ ਤੁਰਦਾ ,ਇਹ ਜਾਂਗਲੀ ਲੋਕ ਪ੍ਰਤਿਭਾ ਦੀ ਆਪਣੀ ਰਚਨਾ ਹੈ । ਢੋਲੇ ਦਾ ਰਾਗ ਜਾਂਗਲੀ ਮਰਦ ਦੀਆਂ ਦਰਦ ਭਰੀਆਂ ਘਨਘੋਰਾਂ ਹਨ  ।"

ਢੋਲਿਆ ਵਿੱਚ ਸੁੰਦਰ ਅਲੰਕਾਰ ਮਿਲਦੇ ਹਨ ਜਿਨ੍ਹਾਂ ਵਿੱਚ ਜੋਬਨ ਦੀ ਥੋੜ੍ਹ ਚਿਰੀ ਨੂੰ ਦੁਪਹਿਰਾਂ ਨਾਲ ਉਪਮਾਇਆ ਮਿਲਦਾ ਹੈ । ਇਨ੍ਹਾਂ ਵਿਚ ਸੱਜਣਾਂ ਦੇ ਮਿੱਠੇ ਬੋਲਾਂ ਦੀਆਂ ਸਿਫਤਾਂ ਦੀ ਗੂੰਜਦੀਆਂ ਹਨ  -

 "ਅਸਾਡੇ ਸੱਜਣ ਦੀਬ ਏਡੀ ਬੋਲੀ ਮਿੱਠੀਓ, ਜਿਵੇਂ ਕੱਲਰ ਕੂੰਜ ਕੁਰਲਾਵੇ  ।"

ਢੋਲਿਆ ਵਿੱਚ ਸਾਨੂੰ ਜਾਂਗਲੀਆਂ ਦਾ ਪ੍ਰਕਿਰਤੀ ਪ੍ਰੇਮ ਵੀ ਦਿਖਾਈ ਦਿੰਦਾ ਹੈ ।

"ਕੁਦਰਤਾਂ ਤੇਰੀਆਂ, ਹਟ ਹੰਡੂ ਨਾ ਜਾਂਦੀਆਂ "-ਇਸ ਦੀ ਪ੍ਰਸਿੱਧ ਤੁਕ ਹੈ  ।

8. ਬੁਝਾਰਤ -:

                    ਬੁਝਾਰਤ ਲੋਕ ਸਾਹਿਤ ਦੀ ਇੱਕ ਵੰਨਗੀ ਹੈ ਜਿਸ ਵਿੱਚ ਇੱਕ ਜਾਣਾ ਦੂਜੇ ਦੇ ਗਿਆਨ ਜਾ ਬੋਧ ਨੂੰ ਪਰਖਣ ਹਿੱਤ ਸੰਕੇਤਕ ਭਾਸ਼ੀ ਕਾਵਿ ਜੁਗਤ ਰਾਹੀਂ ਕੁਝ ਬੁੱਝਣ ਲਈ ਆਖਦਾ ਹੈ । ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਜੀਵਨ, ਕਾਰਵਿਹਾਰ ਅਤੇ  ਨਿੱਤ ਕੰਮ ਆਉਣ ਵਾਲੀਆਂ ਵਸਤੂਆਂ ਦੀ ਝਲਕ ਸਾਡੀਆਂ ਲੋਕ ਬੁਝਾਰਤਾਂ ਵਿੱਚ ਉੱਘੜਦੀ ਹੈ । ਇਸ ਨੂੰ 'ਪਹੇਲੀ ' ਵੀ ਆਖਿਆ ਜਾਂਦਾ ਹੈ। ਪਹਿਲੀ ਸ਼ਬਦ ਸੰਸਕ੍ਰਿਤ 'ਪ੍ਰਹੇਲਿਕਾ' ਦਾ ਪੰਜਾਬੀ ਤਦਭਵ ਸ਼ਬਦ ਹੈ । ਪੰਜਾਬੀ ਸਾਹਿਤ ਕੋਸ਼ (ਪੰਨਾ ਚੌਂਹਠ)' ਚ ਬੁਝਾਰਤ ਦੇ ਅਰਥ 'ਗਿਆਨ ਕਰਵਾਉਣ ਲਈ ਦਿੱਤਾ ਗਿਆ ਸੰਕੇਤ' ਵਜੋਂ ਅੰਕਿਤ ਹੈ  ।

ਗੁਰਦੇਵ ਸਿੰਘ ਬੁਝਾਰਤਾਂ ਨੂੰ ਸਮਝੌਤੀ ਅਤੇ ਸਿੱਖਿਆ ਦੇ ਅਰਥ ਵਿਚ ਵੀ ਗ੍ਰਹਿਣ ਕਰਦਾ ਹੈ -'ਦੇਇ ਬੁਝਾਰਤ ਸਾਰਤਾ' ਜਾਂ 'ਕਹਾਂ ਬੁਝਾਰਤ ਬੂਝੇ ਡੋਰਾ' ਇਸ ਦਾ ਪ੍ਰਮਾਣ ਹਨ ।

ਡਾ.ਵਣਜਾਰਾਬੇਦੀ ਅਨੁਸਾਰ -

        "ਬੁਝਾਰਤ ਮੋਟੇ -ਠੁੱਲ੍ਹੇ ਪ੍ਰਸ਼ਨ ਹੁੰਦੇ ਹਨ, ਜਿਨ੍ਹਾਂ ਵਿਚ ਆਦਿਮ ਬਿੰਬਾਂ , ਰੂਪਕਾਂ ਤੇ ਸੰਕਲਪ ਚਿੱਤਰਾ ਨਾਲ ਅਨੂਠੇ ਆਕਾਰਾਂ ਦੇ ਝਾਉਲੇ ਹੁੰਦੇ ਹਨ ਤੇ ਜਿਨ੍ਹਾਂ ਵਿੱਚ ਛੁਪੇ ਕਿਸੇ ਮੂਲ ਚਿੱਤਰ ਨੂੰ ਲੱਭਣਾ ਹੁੰਦਾ ਹੈ  ।"

ਡਾ.ਕਰਨੈਲ ਸਿੰਘ ਅਨੁਸਾਰ -

  " ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੈ ਜਿਸ ਵਿੱਚ ਕੋਈ ਪ੍ਰਸ਼ਨ ਗੁੰਝਲ ਜਾਂ ਅੜਾਉਣੀ ਹੁੰਦੀ ਹੈ । ਇਸ ਪ੍ਰਸ਼ਨ ਜਾਂ ਗੁੰਝਲ ਵਿੱਚ ਹੀ ਸਾਰਾ ਰਹੱਸ ਛੁਪਿਆ ਹੁੰਦਾ ਹੈ  ।"

W.G ਆਰਚਰ ਮੁਤਾਬਿਕ ਬੁਝਾਰਤਾਂ ਵਿਚੋਂ ਉਨ੍ਹਾਂ ਵਿਉਤਾਂ ਦੀ ਸੂਹ ਲੱਗਦੀ ਹੈ ਜਿਹੜੀ ਇੱਕ ਕਬੀਲੇ ਨੂੰ ਹੋਰਨਾਂ ਕਬੀਲਿਆਂ ਤੋਂ ਵੱਖਰਿਉਂਦੀਆਂ ਹਨ ਜਿੱਥੇ ਹਰਬਰਟ ਰੀਡ ਲਈ ਇਹ ਕਿਸੇ ਵਸਤੂ ਦਾ ਚਾਣ ਚੱਕ ਤੇ ਸੋਖ ਉਘਾੜਾ ਹੈ ਜਿਥੇ ਵਿਸ਼ਵਨਾਥ ਲਈ ਇਹ ਨਿਰੀ ਅਨੋਖੀ ਕਥਨੀ ਹੈ । ਡਾ ਨਾਹਰ ਸਿੰਘ ਨੇ ਬੁਝਾਰਤ ਨੂੰ 'ਸ਼ੁੱਧ ਤਰਕ ਮੁਲਕ ਕਾਵਿ ਰੂਪ' ਦੀ ਸੰਗਿਆ ਦਿੱਤੀ ਹੈ  ।

      ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ 'ਪੰਜਾਬੀ ਲੋਕਧਾਰਾ 'ਪੁਸਤਕ ਵਿੱਚ ਲਿਖਦੇ ਹਨ ਕਿ ਰਿਗਵੇਦ ਦੇ ਪਹਿਲੇ ਮੰਡਲ ਦ੍ਰਿਗਾਤਮਾ ਦੀ ਇਕੋ ਰਿੱਚ ਵਿੱਚ ਦਿੱਤੀਆਂ ਇਕਵੰਜਾ ਬੁਝਾਰਤਾਂ ਤੋਂ ਅਨੁਮਾਨ ਲਗਾਇਆ  ਜਾ ਸਕਦਾ ਹੈ ਕਿ ਵੈਦਿਕ ਕਾਲ ਤੋਂ ਧਾਰਮਿਕ ਰਹੁ-ਰੀਤਾਂ ਵੇਲੇ ਇਨ੍ਹਾਂ ਦੇ ਪੁੱਛਣ ਦਾ ਰਿਵਾਜ ਸੀ। ਅਮੀਰ ਖੁਸਰੋ (1312-1382) ਦੀਆ ਪਹੇਲੀਆਂ ਜਾਂ  ਕਹਿ-ਮੁਕਰਨੀਆ ਪ੍ਰਸਿੱਧ ਹਨ । ਜਿਵੇਂ  -

"ਬਾਤ ਕੀ ਬਾਤ ,ਠਠੋਲੀ ਕੀ ਠਠੋਲੀ ਮਰਦ ਕੀ ਗਾਂਠ ਔਰਤ ਨੇ ਖੋਲ੍ਹੀ।" (ਤਾਲਾ-ਕੁੰਜੀ  )

     ਬੁਝਾਰਤਾਂ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਆਖ ਸਕਦੇ ਹਾਂ ਕਿ ਰੂਪ ਰਚਨਾ ਪੱਖੋਂ ਇਹ ਲੋਕ ਸਾਹਿਤ ਦਾ ਵਿਲੱਖਣ ਤੇ ਸੁਤੰਤਰ ਰੂਪ ਹਨ। ਅੱਧਭੂਤਤਾਂ ,ਕਲਪਨਾ ,ਸੰਜਮਤਾ, ਸਰਲਤਾ ,ਮੌਖਿਕਤਾ ,ਰੌਚਿਕਤਾ, ਰਸਕਤਾ ,ਮਨੋਰੰਜਨ ਤੇ ਗਿਆਨ ਭੰਡਾਰ ਹੁੰਦੀਆਂ  ਹਨ।ਇਹ ਦਿਮਾਗੀ ਕਸਰਤ ਦਾ ਉਸਾਰੂ ਮਾਧਿਅਮ ਹਨ। ਇਨ੍ਹਾਂ ਨੂੰ ਅਲੰਕਾਰਕ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ । ਸਦੀਵਤਾ ਅਤੇ ਸਥਿਰਤਾ ਵੀ ਇਸ ਦਾ ਮਹੱਤਵਪੂਰਨ ਗੁਣ ਹੈ  ।

ਇਨ੍ਹਾਂ ਵਿੱਚੋਂ ਅਨੇਕਾਂ ਪ੍ਰਕਾਰ ਦੇ ਛੰਦ ਉਪਮਾਵਾਂ ਵਰਤੀਆਂ ਹੁੰਦੀਆਂ ਹਨ। ਇਨ੍ਹਾਂ ਵਿਚਲੇ ਰੂਪਕਾਂ, ਸੰਕਲਪ- ਚਿੱਤਰਾਂ ਅਤੇ ਪ੍ਰਤੀਕਾਂ ਦਾ ਆਪਣਾ ਗੌਰਵ ਹੈ  ।

ਬੁਝਾਰਤਾਂ ਦਾ ਵਰਗੀਕਰਨ ਇਸ ਪ੍ਰਕਾਰ ਕੀਤਾ ਜਾਂਦਾ ਹੈ  -

1.) ਕੁਦਰਤ ਸਬੰਧੀ ਬੁਝਾਰਤਾਂ :-

"ਨੀਲੀ ਟਾਕੀ ਚਾਵਲ ਬੱਧੇ , ਦਿਨੇਂ ਗੁਆਚੇ ਰਾਤੀਂ ਲੱਭੇ ।" (ਤਾਰੇ )

2. ) ਬਨਸਪਤੀ ਸਬੰਧੀ   

"ਬੀਜੀ ਰੋੜ ,ਜੰਮੇ ਝਾੜ੍ ,ਲੱਗੇ ਨਿੰਬੂ, ਖਿੜੇ ਅਨਾਰ ।"

3. ) ਜੀਵ ਜੰਤੂਆਂ ਸਬੰਧੀ  -

"ਵਾਹ ਵੇ ਰੱਬਾ ਤੇਰੇ ਕੰਮ, ਬਾਹਰ ਹੱਡੀਆਂ ਅੰਦਰ ਚੰਮ  ।"

4. ) ਨਿੱਤ ਵਰਤੋਂ ਦੀਆਂ ਚੀਜ਼ਾਂ ਸਬੰਧੀ  -

" ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ । " (ਸੂਈ ਧਾਗਾ)

5. ) ਮਾਨਵ ਅੰਗਾਂ ਸਬੰਧੀ  -

" ਇਕ ਡੱਬੇ ਵਿੱਚ ਬੱਤੀ ਦਾਣੇ ,ਬੁੱਝਣ ਵਾਲੇ ਬੜੇ ਸਿਆਣੇ ।" (ਦੰਦ)

6 .) ਦਾਰਸ਼ਨਿਕਤਾ ਸਬੰਧੀ  -

  "ਪੌਣ ,ਪਾਣੀ ,ਅਗਨੀ ਕਾ ਮੇਲ, ਚੰਚਲ ਚਪਲ ਬੁਧਿ ਕਾ ਖੇਲ , ਨਉਂ ਦਰਵਾਜ਼ੇ ਦਸਵਾਂ ਦੁਆਰ , ਬੁਝ ਰੇ ਗਿਆਨੀ ਇਹ ਬਿਚਾਰ।" ( ਮਨੁੱਖੀ ਸਰੀਰ  )

7 . ) ਕਹਿ ਮੁਕਰਨੀਆ :-

   ਇਨ੍ਹਾਂ ਵਿੱਚ ਬਾਹਰੋਂ ਕੁਝ ਹੋਰ ਕਹਿਣਾ ਪਰ ਪਿੱਛੋਂ ਮੁੱਕਰ ਜਾਣਾ ਤੇ ਅਸਲ ਗੱਲ ਹੋਰ ਦੱਸਣ ਦਾ ਉਪਰਾਲਾ ਕੀਤਾ ਜਾਂਦਾ ਹੈ । ਭਾਵ ਬੁਝਾਰਤ ਦਾ ਉੱਤਰ ਬੁਝਾਰਤ ਵਿੱਚ  ਹੀ ਲੁਕਾ ਲਿਆ ਜਾਂਦਾ ਹੈ  -

"ਸਾਰੀ ਰਾਤ ਮੇਰੇ ਨਾਲ ਜਾਗਿਆ, ਸਵੇਰ ਹੋਈ ਤਾਂ ਵਿੱਛੜਣਾ ਲੱਗਿਆ । ਉਹ ਵਿਛੜੇ ਤਾਂ ਫਟਦਾ ਜਿਉੜਾ,(ਅੈ ਸਖੀ ਸੱਜਣ?) ਨਹੀਂ ਸਖੀ ਦੀਵੜਾ ।"

ਰੂਪ ਰਚਨਾ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਦੇ ਵਰਗੀਕਰਨ ਸਬੰਧੀ ਸਾਂਝੇ ਨਿਯਮ ਦਾ ਆਭਾਵ ਹੈ ਕਿਉਂਕਿ ਕਿਤੇ ਇਹ ਨਿਰੋਲ ਕਾਵਿ ਟੂਕ ਕਿਤੇ ਦੁਹਿੜੇ ਦੀ ਬਣਤਰ ਵਾਲੀ ਅਤੇ ਕੀਤੇ ਪ੍ਰਸ਼ਨ ਉੱਤਰ ਵਿਧੀ ਰਾਹੀਂ ਭਾਵ ਪੜਤਾਲ ਵੱਲ ਰੁਚਿਤ ਹੁੰਦੀ ਹੈ ।

ਡਾ.ਨਾਹਰ ਸਿੰਘ ਮੁਤਾਬਿਕ:-

 "ਬੁਝਾਰਤ ਦੀ ਰੂਪ ਰਚਨਾ ਵਸਤੂ ਤਰਕ ਅਥਵਾ ਲੋਕਧਾਰਕ ਸਰੰਚਨਾ ਦੀ ਧਾਰਨੀ ਹੁੰਦੀ ਹੈ। ਬੁਝਾਰਤ ਦੀ ਬਣਤਰ ਭਾਸੁਕੀ -ਸਰੰਚਨਾ ਵਿਚ ਹੁੰਦੀ ਹੋਈ ਵੀ ਇਸ ਤੋਂ ਮੁਕਤ ਹੁੰਦੀ ਹੈ । ਇਸ ਦੀ ਲੋਕਧਾਰਕ ਸਰੰਚਨਾ ਪੇਸ਼ ਹੋ ਰਹੇ ਵਸਤੂ ਦੀ ਤਰਕ ਉਤੇ ਖਲੋਤੀ ਹੁੰਦੀ ਹੈ।"

    ਨਾਹਰ ਸਿੰਘ ਨੇ ਇਸ ਦੀ ਰੂਪ-ਰਚਨਾ ਦੇ ਇਹ ਮੁੱਖ ਤੱਤ ਮਿਲਦੇ ਹਨ-

1. ਸੰਪੂਰਨ ਰੂਪਕ ਅਤੇ ਵਰਤਮਾਨ ਕਾਲਕ ਵਾਕ ਰਚਨਾ।

2. ਪਰਤੱਖ ਉਪਮਾਨ ਪਰੋਖ ਉਪਮੇਯ, ਦੋਹਾਂ ਦੀ ਤਰਕਸ਼ੀਲ ਸਰੰਚਨਾ।

3. ਉਪਮਾਨ ਅਤੇ ਉਪਮੇਯ ਵਿਚਾਲੇ ਸਿੱਧ, ਇਕਹਿਰਾ ਤੇ ਸਮਾਂਤਰ ਸੰਬੰਧ।

4. ਸਿੱਧਾ ਪ੍ਰਸ਼ਨ ਰੂਪ।

5. ਬੱਝਵੇਂ ਨੇਮਾਂ ਅਧੀਨ ਚਲਦੀ ਪੁਨਰ ਸਿਰਜਨ ਦੀ ਧੀਮੀ ਪ੍ਰਕਿਰਿਆ।

   ਰੂਪ-ਰਚਨਾ ਦੇ ਅੰਦਰੂਨੀ ਸ਼ਿਲਪ ਸਿਰਜਣ ਵਿਧਾਨ ਦੇ ਅੰਤਰਗਤ ਬੁਝਾਰਤਾਂ ਦੋ ਵਰਗਾਂ ਵਿੱਚ ਰੱਖੀਆਂ ਜਾ ਸਕਦੀਆਂ ਹਨ-

  ਇਕਹਿਰੇ ਰੂਪਕ ਵਾਲੀਆਂ ਬੁਝਾਰਤਾਂ:-ਇਹਨਾਂ ਦੀ ਪੇਸ਼ਕਾਰੀ ਸਰਲਤਾ ਤੇ ਇਕਹਿਰੇ ਰੂਪ ਦੀ ਧਾਰਨੀ ਹੁੰਦੀ ਹੈ। ਇਹਨਾਂ ਦੀ ਪੇਸ਼ਕਾਰੀ ਦੀ ਹੋਰ ਖਾਸੀਅਤ ਰੂੜ੍ਹ ਤੁਕਾਂਤ ਦੇ ਮਾਧਿਅਮ ਰਾਹੀਂ, ਨਾਟਕੀ ਰੂਪ ਵਿਧੀ ਦੇ ਪ੍ਰਸਤੁਤੀਕਰਨ ਰਾਹੀ ਅਤੇ ਟੁੱਟਵੇਂ ਭਾਵ  ਖੰਡਿਤ ਪ੍ਰਸਤੂਤੀਕਰਨ ਰਾਹੀਂ ਕੀਤੀ ਜਾਂਦੀ ਹੈ-

 (ੳ) "ਘੁਮਿਆਰਾਂ ਦੀ ਛਪੜੀ, ਤਰਖਾਣੀ ਪਾਵੇ ਗਾਹ। ਉੱਤੋਂ ਗੂਣਾ ਰੋਲਿਆ, ਪਾਣੀ ਬੇਪਰਵਾਹ।"

(ਚਾਟੀ ਚੇ ਮਧਾਣੀ, ਦਹੀਂ, ਮੱਖਣ ,ਲੱਸੀ)

ਨਾਟਕੀਅਤਾ-"ਨਿੱਕੇ-ਨਿੱਕੇ ਠੇਂਗਨੇ ਸੰਦੂਕ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ।"(ਰੇਲ ਗੱਡੀ)

ਖੰਡਿਤ ਪ੍ਰਕਾਰ ਦੀਆਂ

 ਬੁਝਾਰਤਾਂ ਵਿੱਚ ਇਕਹਿਰੇ ਰੂਪਕ ਨੂੰ ( ਸਮਾਨ) ਇੱਕੋ ਜਿਹੇ ਵਿਭਿੰਨ ਖੰਡਾਂ ਰਾਹੀਂ ਵਿਅਕਤ ਕੀਤਾ ਜਾਂਦਾ ਹੈ-

"ਜੇ ਤੂੰ ਜਾਵੇ ਸ਼ਹਿਰ ਬਾਜ਼ਾਰ,

ਆਹ ਲੈ ਮੈਥੋਂ ਪੈਸੇ ਚਾਰ, ਵਡਿਆ ਮਾਸ ਲਿਆਵੀਂ ਨਾ,

ਟੁੱਕਿਆ ਮਾਸ ਲਿਆਵੀਂ ਨਾ,

ਮੋਇਆਂ ਮਾਸ ਲਿਆਵੀਂ ਨਾ,

ਮਾਸ ਬਿਨਾ ਘਰ ਆਵੀਂ ਨਾ।"

                   (ਆਂਡਾ)

 ਜਟਿਲ ਰੂਪਕ ਵਾਲੀਆਂ ਬੁਝਾਰਤਾਂ:-

          ਇਹਨਾਂ ਵਿੱਚ ਰੂਪਕ ਦੋਹਰਾ ਤੇ ਕਿਤੇ ਕਿਤੇ ਤਹਿਰਾ ਵੀ ਹੁੰਦਾ ਹੈ।ਗੁੰਝਲਦਾਰ ਅਥਵਾ ਜਟਿਲ ਕਿਸਮ ਦੀਆਂ ਬੁਝਾਰਤਾਂ ਵਿੱਚ ਨਾਟਕੀਅਤਾ ਅਰਥ ਸੰਵਾਦ ਸਿਰਜਣ ਪ੍ਰਕਿਰਿਆ ਦਾ ਸਮਾਵੇਸ਼ ਹੁੰਦਾ ਹੈ-

 "ਹਰਾ ਦੁਪੱਟਾ ਲਾਲ ਕਿਨਾਰੀ ਟੁੱਟ ਪੈਣੇ ਨੇ ਇੱਟ ਮਾਰੀ।

ਮਿੱਡੀਆਂ ਨਾਸਾਂ ਥੌਬੜ੍ਹ ਮੂੰਹ ਮੈਂ ਕੀ ਜਾਣਾਂ ਹੇਠਾਂ ਬੈਠੀ ਤੂੰ।"

ਇਹ ਬੁਝਾਰਤ ਛੱਪੜ ਕੰਢੇ ਲੱਗੇ ਅੰਬ ਦੇ ਰੁੱਖ ਉਪਰ ਬੈਠੇ ਤੋਤੇ ਕੋਲੋਂ ਅੰਬ ਹੇਠ ਬੈਠੀ ਡੱਡ ਉੱਪਰ ਅੰਬ ਦੀ ਗਿਟਕ ਡਿੱਗ ਪੈਣ ਦੇ ਚਿੱਤਰ ਨੂੰ ਸਾਕਾਰ ਕਰਦੀ ਹੈ। ਇੱਥੇ ਪੇਸ਼ਕਾਰੀ ਨਾਟਕੀ ਹੈ। ਅਕਾਰ ਪੱਖੋਂ ਬੁਝਾਰਤਾਂ ਲੰਮੀਆਂ ਅਤੇ ਛੋਟੀਆਂ ਹੋ ਸਕਦੀਆਂ ਹਨ। ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕੇ ਦਿਮਾਗੀ ਕਸਰਤ ਕਰਵਾਉਣ ਵਾਲੀਆਂ ਤੇ ਮਨੋਰੰਜਨ ਦਾ ਸਾਧਨ ਬਣਨ ਵਾਲੀਆਂ ਇਹ ਬੁਝਾਰਤਾਂ ਜਿਥੇ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ ਓਥੇ ਸਾਡੇ ਸੱਭਿਆਚਾਰ ਦਾ ਵੀ ਭਰਪੂਰ ਚਿਤਰਣ ਕਰਦੀਆਂ ਹਨ। ਪੰਜਾਬੀ ਸੱਭਿਅਤਾ ਦਾ ਸਰਬਾਂਗੀ ਮੁਹਾਂਦਰਾ ਇਨ੍ਹਾਂ ਵਿੱਚੋਂ ਪੂਰਨ ਭਾਂਤ ਸਾਕਾਰ ਹੁੰਦਾ ਦਿਸਦਾ ਹੈ।

9. ਘੋੜੀ :-

       (ੳ) ਘੋੜੀ ਵਿਆਹ ਦੇ ਮੁੰਡੇ ਸ਼ੁਭ ਸਮੇਂ ਗਾਇਆ ਜਾਣ ਵਾਲਾ ਸਮੂਹਿਕ ਗੀਤ ਹੁੰਦਾ ਹੈ। ਇਹ ਵਿਆਹੋਂ ਕੁਝ ਦਿਨ ਪਹਿਲਾਂ ਗਾਈਆਂ ਜਾਂਦੀਆਂ ਹਨ। ਘੋੜੀਆਂ ਗੌਣ ਸਮੇਂ ਬਾਕੀ ਸਵਾਣੀਆਂ ਕਿਸੇ ਤਿੱਖੀ ਤੇ ਉੱਚੀ ਸੁਰ ਵਾਲੀ ਦੇ ਬੋਲ ਚ ਬੋਲ ਮਿਲਾਉਣ ਦਾ ਯਤਨ ਕਰਦੀਆਂ ਹਨ। ਬੰਦ ਕਾਵਿ ਰੂਪ ਹੋਣ ਕਰਕੇ ਇਸ ਵਿੱਚ ਪਰਿਵਰਤਨ ਅਸੰਭਵ ਜਾਪਦਾ ਹੈ। ਕਈ ਵਾਰੀ ਬਾਜ਼ੀਗਰਨੀਆਂ ਨਿੱਕੇ ਨਿੱਕੇ ਬੱਚਿਆਂ ਦੀਆਂ ਜਾਂ ਲਾੜੇ ਦੀ ਸੁੱਖ ਦੀਆਂ ਘੋੜੀਆਂ ਗਾਉਂਦੀਆਂ ਹਨ। ਵਿਆਹ ਸਮੇਂ ਜੰਝ ਤੁਰਨੋ ਪਹਿਲਾਂ ਲਾੜਾ ਲਾੜੀ ਚੜ੍ਹਾਇਆ ਜਾਂਦਾ ਹੈ। ਮਾਲਣ ਜਾਂ ਲਾਗਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਜਿਸ ਨੂੰ ਲਾੜੇ ਦੇ ਸਿਰ ਉੱਤੇ ਦੂਜੇ ਸਿਹਰੇ ਦੇ ਨਾਲ ਸਜਾਇਆ ਜਾਂਦਾ ਹੈ। ਉਸ ਵੇਲੇ ਚਾਅ ਮੱਤੀਆਂ ਭੈਣਾ ਭਰਾ ਦੀ ਘੋੜੀ ਦੀ ਵਾਗ ਗੁੰਦਦੀਆਂ ਹਨ। ਭਰਜਾਈਆਂ ਇਸ ਸ਼ੁਭ ਸਮੇਂ ਦਿਓਰ ਦੀਆਂ ਅੱਖਾਂ ਚ ਸੁਰਮਾ ਪਾਉਂਦੀਆਂ ਹਨ। ਇਨ੍ਹਾਂ ਘੋੜੀਆਂ ਚ ਬਾਬੇ, ਨਾਨੇ ,ਪਿਤਾ ,ਭਰਾ ,ਤਾਏ , ਚਾਚੇ ਮਾਮੇ ਇਸ ਤਰਾਂ ਰਿਸ਼ਤੇਦਾਰਾਂ ਦੇ ਚਾਹ ਤੇ ਸ਼ੁੱਭ ਇਛਾਵਾਂ ਨੂੰ ਗੁੰਦਿਆ ਹੁੰਦਾ ਹੈ।

(੧)"ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ। ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ, ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ। ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।"

(੨)"ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ, ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ।

ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ ਤੇ ਲਾਓ, ਖਾਣਾ ਰਾਜਿਆਂ ਦਾ ਖਾਓ, ਛੈਲ ਨਵਾਬਾਂ ਦੇ ਘਰ ਢੁੱਕਣਾ, ਢੁੱਕਣਾ ਆਂ।........."

(ਅ) ਘੋੜੀ ਇੱਕ ਕਾਵ ਰੂਪ ਵੀ ਹੈ। ਘੋੜੀ ਨੂੰ ਅੌਰਤ ਦੀ ਕਾਮੁਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਮਰਦ ਦੀ ਸਰਵ ਉੱਚਤਾ ਦਾ  ਵੀ ਪ੍ਰਤੀਕ ਹੈ। ਡਾਕਟਰ ਵਣਜਾਰਾ ਬੇਦੀ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿਚ ਇਕ ਅਜਿਹੀ ਰਸਮ ਦਾ ਜ਼ਿਕਰ ਵੀ ਕਰਦੇ ਹਨ ਮੁੜ ਆਉਣਗੇ ਨਹੀਂ ਹੈ ਜਿਥੇ ਵਿਆਹੁਲੀ ਕੁੜੀ ਨੂੰ ਲਾੜੇ ਦੀ ਘੋੜੀ ਦੇ ਹੇਠੋਂ ਦੀ ਲੰਘਾਇਆ ਜਾਂਦਾ ਸੀ। ਇਹ ਆਧੀਨਗੀ ਦਾ ਚਿੰਨ੍ਹ ਸੀ (ਜਿਲਦ ਪੰਜਵੀਂ ਪੰਨਾ 1290)। ਘੋੜੀ ਦੀ ਰਸਮ ਸਮੇਂ ਲਾੜੇ ਦੇ ਹੱਥ ਤਲਵਾਰ ਦੇਣਾ ਜੰਡੀ ਕੱਟਣਾ ਮਰਦਾਵੇਂ ਗੁਣਾਂ ਦਾ ਉਘਾੜਨਾ ਕਰਨਾ ਹੈ। 'ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ'ਇਸੇ ਪਾਸੇ ਵੱਲ ਹੀ ਸੰਕੇਤ ਹੈ।

ਡਾਕਟਰ ਜੀਤ ਸਿੰਘ ਜੋਸ਼ੀ ਅਨੁਸਾਰ,

   "ਘੋੜੀ ਕਾਵ ਰੂਪ ਲਾੜੇ ਦੀ ਸਰੀਰਿਕ ਦਿੱਖ, ਉਸ ਦੇ ਬਸਤਰ, ਉਸ ਦੇ ਪਰਿਵਾਰ ਦੀ ਖ਼ੁਸ਼ਹਾਲੀ, ਉਸ ਦੇ ਖਾਨਦਾਨ ਦੀ ਸ਼ਾਨੋ ਸ਼ੌਕਤ ਸੁਹਣੀ ਬੰਨੋ ਵਿਆਹ ਲਿਆਉਣ ਦੇ ਰੂਪ ਵਿਚ jatt ਦੇ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ।"

 ਸਾਡੇ ਮਰਦ ਪ੍ਰਧਾਨ ਸਮਾਜਿਕ ਢਾਂਚੇ ਵਿਚ ਦੋ ਵੀ ਭਾਵ ਦੀ ਲੲੀ ਪ੍ਰਗਟ ਹੁੰਦੇ ਹਨ  ਉਹ ਸੁਹਾਗ ਵਿਚ ਅਤੇ ਜੋ ਪੁੱਤਰ ਲਈ ਉਹ ਘੋੜੀ ਵਿਚ ਅਭਿ ਵਿਅਕਤੀ ਪਾਉਂਦੇ ਹਨ।

(ੳ) ਮੁੰਡੇ ਲਈ ਲੋਹੜੀ ਸਮੇਂ ਵੀ ਉਸਨੂੰ ਕਲਪਨਾ ਵਿੱਚ ਵੱਡਾ ਕਰਕੇ ਉਸ ਦਾ ਵਿਆਹ ਰਚਾ ਦਿੱਤਾ ਜਾਂਦਾ ਹੈ। ਤੇ ਲੋਕਪ੍ਰਿਯ ਗੀਤ ਗਾਇਆ ਜਾਂਦਾ ਹੈ-

//"ਹਰਿਆ ਨੀ ਮਾਏ ਹਰਿਆ ਨੀ ਭੈਣੇ, ਹਰਿਆ ਤੇ ਭਾਗੀਂ ਭਰਿਆ। ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ ਸੇਈ ਦਿਹਾੜਾ ਭਾਗੀਂ ਭਰਿਆ! ਨੀ ਹਾਂ।"//

(ਸ) ਬਾਜ਼ੀਗਰਨੀਆਂ ਵੀ ਆਪਣੇ ਵੱਖਰੇ ਅੰਦਾਜ਼ ਵਿੱਚ ਗਾਇਨ ਕਰਦਿਆਂ ਖ਼ੂਬ ਰੰਗ ਬੰਨ੍ਹਦੀਆਂ ਹਨ-

 //"ਜਦੋਂ ਚੜਿਆ ਵੀਰਾ ਘੋੜੀ ਵੇ, ਤੇਰੇ ਨਾਲ ਭਰਾਵਾਂ ਦੀ ਜੋੜੀ ਵੇ। ਲਟਕਦੇ ਵਾਲ ਸੋਨੇ ਦੇ, ਸੋਹਣਿਆਂ ਵੀਰਾ ਮੈਂ ਤੈਨੂੰ ਘੋੜੀ ਚੜੇਨੀ ਆਂ......।"//

(ਹ) ਮਰਦ ਉਪਜੀਵੀ ਹੈ ਅਤੇ  ਅੌਰਤ ਪ੍ਰਜੀਵੀ ਹੈ। ਮਰਦ ਅੌਰਤ ਲਈ ਠੋਸ ਵਸਤੂ ਵਿਕਣ ਦਾ ਪ੍ਰਤੀਕ ਹੈ।  ਜੋਸ਼ੀ ਅਨੁਸਾਰ,

//"ਸੁਹਾਗ ਗੀਤ ਕੇਵਲ ਯੋਗ ਵਰ ਤੇ ਘਰ ਦੀ ਲੋਚ ਕਰਦੇ ਹਨ ਅਤੇ ਘੋੜੀ ਅੰਦਰ ਖੁਸ਼ਹਾਲੀ ਖੂਬਸੂਰਤੀ ਤੇ ਖੁਸ਼ਨਸੀਬੀ ਦਾ ਖੁੱਲਾ ਡੁੱਲਾ ਪ੍ਰਗਟਾਵਾ ਹੁੰਦਾ ਹੈ।"//

      ਰਾਣੀ ਨੂੰ ਰਾਓ ਪਿਆਰਾ ਤੇ ਕਾਉਣੀ ਕਾਓ ਪਿਆਰਾ ਪ੍ਰਤੀਕ ਹੈ ਕਿ ਭਾਰਤੀ ਨਾਰੀ ਲਈ ਉਸ ਦੇ ਪਤੀ ਦਾ ਬਦਲ ਕੋਈ ਨਹੀਂ।

10. ਮੁਹਾਵਰਾ - ਮੁਹਾਵਰੇ ਅਤੇ ਅਖਾਣ ਕਿਸੇ ਭਾਸ਼ਾ ਦੀ ਜਿੰਦ ਜਾਨ ਹੁੰਦੇ ਹਨ ਜੋ ਭਾਸ਼ਾ ਦੇ ਟਕਸਾਲੀ ਠੁੱਕ ਬਨ੍ਹਣ ਵਿਚ ਯੋਗਦਾਨ ਪਾਉਂਦੇ ਹਨ। ਇਹ ਸਾਡੇ ਬਜ਼ੁਰਗਾਂ ਦੇ ਜੀਵਨ ਅਨੁਭਵ ਦੀ ਅਨੁਭੂਤੀ ਹੋਇਆ ਕਰਦੇ ਹਨ। ਇਹਨਾਂ ਨਾਲ ਮਨੁੱਖ ਦੀ ਸਾਂਝ ਪ੍ਰੰਪਰਾ  ਜਿਤਨੀ ਹੀ ਪੁਰਾਣੀ ਹੈ। ਤੇ ਇਨ੍ਹਾਂ ਵਿੱਚ ਵਰ੍ਹਿਆਂ ਦਾ ਅਨੁਭਵ ਤੇ ਜਾਤੀ ਦੀ ਸਿਆਣਪ ਬੋਲਦੀ ਹੈ।

        ਮੁਹਾਵਰਾ ਕਿਸੇ ਵਾਕ ਦਾ ਕੇਵਲ ਮਾਤਰ ਹੀ ਹੁੰਦਾ ਹੈ। ਜਿਸਨੂੰ ਅਸੀਂ ਦੋ-ਚਾਰ ਸ਼ਬਦਾਂ ਦਾ ਛੋਟਾ ਸਮੂਹ ਆਖ ਸਕਦੇ ਹਾਂ। ਇਸ ਦੇ ਸ਼ਬਦੀ ਅਰਥ ਕੁਝ ਹੋਰ ਤੇ ਭਾਵ ਅਰਥ ਕੁੱਝ ਹੋਰ ਹੁੰਦੇ ਹਨ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਕਿਸੇ ਖਾਸ ਢੰਗ ਨਾਲ ਗੱਲ ਕਰਨਾ ਹੁੰਦਾ ਹੈ। ਰਾਮ ਨਰੇਸ਼ ਤ੍ਰਿਪਾਠੀ ਅਨੁਸਾਰ,

   //"ਮੁਹਾਵਰਾ ਕਿਸੇ ਭਾਸ਼ਾ ਅਥਵਾ ਬੋਲੀ ਵਿੱਚ ਪ੍ਰਯੁਕਤ ਹੋਣ ਵਾਲਾ ਉਹ ਵਾਕ - ਖੰਡ ਹੈ ਜੋ ਆਪਣੀ ਉਪਸਥਿਤਿ ਦੁਆਰਾ ਸੰਪੂਰਨ ਵਾਕ ਨੂੰ ਸਬਲ,ਸਤੇਜ,ਰੌਚਕ ਅਤੇ ਚੁਸਤ ਬਣਾ ਦਿੰਦਾ ਹੈ। ਸੰਸਾਰ ਵਿਚ ਮਨੁੱਖ ਦੇ ਆਪਣੇ ਕਾਰ-ਵਿਹਾਰ ਵਿਚ ਜਿਨ੍ਹਾਂ ਜਿਨ੍ਹਾਂ ਵਸਤਾਂ ਅਤੇ ਵਿਚਾਰਾਂ ਨੂੰ ਵਧੇਰੇ ਨੇੜਿਉਂ ਤੱਕਿਆ ਹੈ, ਸਮਝਿਆ ਹੈ ਅਤੇ ਵਾਰ-ਵਾਰ ਉਨ੍ਹਾਂ ਦਾ ਅਨੁਭਵ ਕੀਤਾ। ਉਨ੍ਹਾਂ ਨੂੰ ਉਸ ਨੇ ਸ਼ਬਦਾਂ ਵਿੱਚ ਬੰਨ ਦਿੱਤਾ। ਇਹੀ ਮੁਹਾਵਰੇ ਹਨ।"//

ਡਾਕਟਰ ਵਣਜਾਰਾ ਬੇਦੀ ਅਨੁਸਾਰ,

//"ਜੀਵਨ ਦੇ ਵਿਸ਼ਾਲ ਕਾਰਜ ਖੇਤਰ ਵਿੱਚ ਵਰਤੀਦੀਆਂ ਉਪਮਾਵਾਂ ਲਾਖਸ਼ਣਿਕ ਅਰਥ ਗ੍ਰਹਿਣ ਕਰਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਵਾਉਣ ਲੱਗ ਪੈਂਦੀਆਂ ਹਨ ਤੇ ਪ੍ਰਚਲਤ ਹੋ ਕੇ ਮੁਹਾਵਰਾ ਬਣ ਜਾਂਦੀਆਂ ਹਨ।"//

ਡਾਕਟਰ ਨਾਹਰ ਸਿੰਘ ਅਨੁਸਾਰ,

//"ਮੁਹਾਵਰਾ ਭਾਸ਼ਾਈ ਸੰਰਚਨਾ ਵਿਚ ਬੱਝਾ ਸਥਿਰ ਪ੍ਰਗਟਾ ਵਾਲਾ ਅਜਿਹਾ ਸ਼ਬਦ ਜੁੱਟ ਹੈ ਜਿਸ ਵਿੱਚ ਹਰ ਸ਼ਬਦ ਆਪਣੇ ਕੋਸ਼- ਅਰਥਾਂ ਤੋਂ ਵਿਸਤ੍ਰਿਤ ਹੋ ਕੇ ਨਵੇਂ ਸੰਦਰਭ ਵਿਚ ਨਵੇਂ ਸ਼ਬਦਾਂ ਨਾਲ ਮਿਲਕੇ ਵਿਸਤ੍ਰਿਤ ਅਰਥ ਧਾਰਨ ਕਰ ਜਾਂਦਾ ਹੈ। ਇਹ ਸ਼ਬਦ ਜੁੱਟ ਰੂਪਾਂਤਰਤ ਅਰਥਾਂ ਵਿਚ ਰੂੜ ਹੋ ਕੇ ਲੋਕ ਪ੍ਰਵਾਨ ਹੋ ਜਾਂਦਾ ਹੈ ਤੇ ਮੁਢਲੇ ਅਰਥਾਂ ਤੋਂ ਮੁਕਤ ਹੋ ਜਾਂਦਾ ਹੈ।"//

   ਉਦਾਹਰਨ ਵਜੋਂ ਉਂਗਲ ਕਰਨੀ ਦਾ ਸ਼ਬਦ ਅਰਥ ਸਰੀਰ ਦੇ ਅੰਗ ਨਾਲ ਇਸ਼ਾਰਾ ਕਰਨਾ ਹੈ। ਹਰ ਭਾਵ ਅਰਥ ਦੋਸ਼ ਲਾਉਣ ਨਾਲ ਸਬੰਧਿਤ ਹੈ। ਮੁਹਾਵਰੇ ਦਾ ਕਾਵਿਕ ਹੁੰਦਿਆਂ ਵੀ ਕਾਵਿ ਵਿਧਾਨ ਦੀ ਪਾਲਣਾ ਨਹੀਂ ਕਰਦੇ।

     1. ਮੁਹਾਵਰੇ ਦੇ ਕਿਰਿਆ ਵਿੱਚ ਲਿੰਗ, ਵਚਨ, ਕਾਲ ਤੇ ਪੁਰਖ ਮੁਤਾਬਕ ਪਰਿਵਰਤਨ ਆ ਜਾਂਦਾ ਹੈ ਪਰ ਕਿਰਿਆ ਦਾ ਧਾਤੂ ਮੁੱਢਲੇ ਰੂਪ ਵਿੱਚ ਹੀ ਰਹਿੰਦਾ ਹੈ ਕਿਉਂਕਿ ਧਾਤੂ ਬਦਲਣ ਨਾਲ ਮੁਹਾਵਰੇ ਦੇ ਅਰਥ ਸੰਚਾਰ ਵਿਚ ਤਬਦੀਲੀ ਆ ਜਾਣੀ ਸੁਭਾਵਿਕ ਹੈ।

2. ਵਾਕ ਵਿੱਚ ਵਰਤੋਂ ਸਮੇਂ ਮੁਹਾਵਰੇ ਦੀ ਕਿਰਿਆ ਵਿਚ ਲਿੰਗ ਵਚਨ ਕਾਲ ਅਤੇ ਪੁਰਖ ਅਨੁਸਾਰ ਪਰਿਵਰਤਨ ਆ ਜਾਂਦਾ ਹੈ-

         'ਹੱਥ ਬੰਨ੍ਹਣਾ',  'ਹੱਥ ਬੰਨ੍ਹੇ', 'ਹੱਥ ਬੰਨ੍ਹਣਗੇ', ''ਹੱਥ ਬੰਨ੍ਹਣਗੀਆ'।

3. ਮੁਹਾਵਰੇ ਦੇ ਅੰਤ ਵਿਚ 'ਨਾ' , 'ਨੀ', 'ਨੇ', 'ਣਾ', 'ਣੇ', 'ਣੀ' ਜਾਂ 'ਆ'  ਆਦਿ ਪ੍ਰਯੋਗ ਵਿੱਚ ਆਉਂਦੇ ਹਨ-

      'ਉੱਲੂ ਸਿੱਧਾ ਕਰਨਾ', 'ਉਲਟੇ ਚਾਲੇ ਫੜਨੇ', 'ਅੱਖ ਨੀਵੀਂ ਕਰਨੀ', 'ਅੜੀ ਭੰਨਣੀ', 'ਉਖਲੀ ਵਿਚ ਸਿਰ ਦੇਣਾ', 'ਸਿਰੋਂ ਨੰਗੀ ਹੋਣਾ', 'ਪਾਣੀ ਪਾਣੀ ਹੋਣਾ', 'ਸੁਤੀਆਂ ਕਲਾਂ ਜਗਾਉਣੀਆਂ'।

4. ਮੁਹਾਵਰੇ ਦੇ ਅਰਥ ਪ੍ਰਸਤੁਤ ਸ਼ਬਦ-ਜੁੱਟ ਰਾਹੀਂ ਵਿਅਕਤ ਨਹੀਂ ਹੁੰਦੇ ਸਗੋਂ ਕਿਸੇ ਖਾਸ ਪ੍ਰਸਥਿਤੀ ਜਾਂ ਸੰਦਰਭ ਵਿਚ ਉਨ੍ਹਾਂ ਦਾ ਅਰਥ ਉਦੀਪਤ ਹੁੰਦਾ ਹੈ।

5. ਮੁਹਾਵਰੇ ਦਾ ਅਨੁਭਵ ਸਾਮੂਹਿਕ ਹੁੰਦਾ ਹੈ ਤੇ ਵਰਤੋਂ ਭਾਵੇਂ ਨਿੱਜੀ ਹੁੰਦੀ ਹੈ।

11. ਅਖਾਣ :-ਇਹ ਹੀ ਜੀਵਨ ਅਨੁਭਵ ਦਾ ਨਿਚੋੜ ਹੁੰਦੇ ਹਨ। ਅਖਾਣ ਆਪਣੇ ਆਪ ਵਿੱਚ ਸੰਪੂਰਨ ਵਾਕ ਹੁੰਦਾ ਹੈ। ਇਹ ਭਾਸ਼ਾ ਨੂੰ ਅਥਾਹ ਅਮੀਰਤ ਪ੍ਰਦਾਨ ਕਰਦੇ ਹਨ। ਡਾਕਟਰ ਵਣਜਾਰਾ ਬੇਦੀ ਅਨੁਸਾਰ,

    "ਅਖਾਣ ਨਿੱਤ ਦੀ ਬੋਲ-ਚਾਲ ਵਿੱਚ ਵਰਤੀਂਦੇ, ਪਰਵਾਨ ਹੋਏ ਉਹ ਕਥਨ ਹਨ, ਜਿਨ੍ਹਾਂ ਵਿੱਚ ਮਨੁੱਖੀ ਜੀਵਨ ਨਾਲ ਸਬੰਧਤ ਕੋਈ ਅਨੁਭਵ ਸੂਤਰ ਬੱਧ ਕਰਕੇ ਦਿਲ ਖਿਚਵੀਂ ਜਾਂ ਅਲੰਕਾਰਕ ਬੋਲੀ ਵਿੱਚ ਪੇਸ਼ ਕੀਤਾ ਜਾਂਦਾ ਹੈ।"

ਇਸ ਵਿਦਵਾਨ ਮੁਤਾਬਕ ਇਹ ਸੰਯਮ ਤੇ ਲੈਅ ਭਰਪੂਰ ਚੁਸਤ ਵਾਕ ਹੁੰਦੇ ਹਨ ਜਿਨ੍ਹਾਂ ਵਿਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਨਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੁੰਦਾ ਹੈ।

      ਅਖਾਣਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਇਹ ਆਕਾਰ ਵਿਚ ਛੋਟੇ, ਭਾਵ ਪੱਖੋਂ ਤਿੱਖੇ ਤੇ ਸ਼ੈਲੀ ਪੱਖੋਂ ਗੁੰਦਵੀ ਵਿਧੀ ਦੇ ਹੁੰਦੇ ਹਨ। ਇਨ੍ਹਾਂ ਦੀ ਘੜਤ ਬੜੀ ਜੋਖਵੀ ਸੰਤੁਲਿਤ ਦੀ ਚਾਲ ਲੈਅ ਭਰਪੂਰ ਹੁੰਦੀ ਹੈ। ਇਨ੍ਹਾਂ ਵਿਚ ਪ੍ਰਵਾਨਗੀ ਹੁੰਦੀ ਹੈ।

        1. ਅਖਾਣਾਂ ਦੇ ਮਹੱਤਵ ਉਪਰ ਨਜ਼ਰ ਮਾਰਿਆਂ ਅਸੀਂ ਆਖ ਸਕਦੇ ਹਾਂ ਕਿ ਅਖਾਣ ਗਿਆਨਕੋਸ਼ ਹੁੰਦੇ ਹਨ। ਇਹ ਜੀਵਨ-ਅਨੁਭਵ ਪੇਸ਼ ਕਰਦੇ ਹਨ।

//"ਦੋ ਘਰਾਂ ਦਾ ਪ੍ਰੋਹਣਾਂ ਭੁੱਖਾ ਰਹਿੰਦਾ ਹੈ।"

"ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ"।//

2. ਇਨ੍ਹਾਂ ਤੋਂ ਸਾਨੂੰ ਸਦਾਚਾਰਕ ਸਿੱਖਿਆ ਵੀ ਮਿਲਦੀ ਹੈ। ਜਿਵੇਂ:-

//"ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।"

"ਮਿੱਠਿਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।"//

3. ਅਖਾਣਾਂ ਵਿੱਚ ਬਦਲਣਯੋਗ ਅਟਲ ਸਚਾਈਆਂ ਹੁੰਦੀਆਂ ਹਨ। ਇਸੇ ਕਾਰਨ ਇਹ ਸਦੀਵੀ ਰੂਪ ਧਾਰਦੇ ਹਨ। ਥਿੰਦ ਮੁਤਾਬਕ ਕਿਸੇ ਭਾਸ਼ਾ ਦੀ ਅਮੀਰਤ ਜਾਂ ਠੁਕ ਬੰਨ੍ਹਣਾ ਵਿਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ-

//"ਕਿਸੇ ਭਾਸ਼ਾ ਨੂੰ ਚੁਸਤ, ਮੁਹਾਵਰੇਦਾਰ, ਰੋਚਕ, ਬਲਵਾਨ, ਅਤੇ ਟਕਸਾਲੀ ਬਣਾਉਣ ਵਿਚ ਮੁਹਾਵਰਿਆਂ ਅਤੇ ਅਖਾਣਾ ਦਾ ਬਹੁਤ ਹੱਥ ਹੁੰਦਾ ਹੈ। ਇਨ੍ਹਾਂ ਵਿੱਚ ਕਿਸੇ ਭਾਸ਼ਾ ਦੀ ਜਿੰਦ ਜਾਨ ਸਮੋਈ ਹੁੰਦੀ ਹੈ।"//

    ਡਾਕਟਰ ਵਣਜਾਰਾ ਬੇਦੀ ਨੇ ਅਖਾਣਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ-ਲੌਕਿਕ ਅਤੇ ਸਾਹਿਤਕ। ਪਰ ਇਨ੍ਹਾਂ ਦਾ ਨਿਖੇੜਾ ਕਰਨਾ ਬਹੁਤ ਕਠਿਨ ਹੈ। ਸਮੁੱਚੇ ਰੂਪ ਵਿਚ ਅਸੀਂ ਡਾਕਟਰ ਵਣਜਾਰਾ ਬੇਦੀ ਨਾਲ ਸਹਿਮਤ ਹੋ ਜਾਂਦੇ ਹਾਂ ਕਿ-

"ਅਖਾਣ ਵਿਚ ਪੁਰਖਿਆਂ ਦਾ ਅਨੁਭਵ ਤੇ ਜਾਤੀ ਦੀ ਸਿਆਣਪ ਕੈਪਸੂਲ ਵਿੱਚ ਪਈ ਚੀਜ਼ ਵਾਂਗ ਅਛੂਤੀ ਰਹਿੰਦੀ ਹੈ। ਜਾਤੀ ਦੀ ਸਮੁੱਚੀ ਪ੍ਰਤਿਭਾ ਅਖਾਣਾਂ ਵਿੱਚ ਢਲ ਕੇ ਪ੍ਰਾਣ ਧਾਰੀ ਹੋ ਜਾਂਦੀ ਹੈ। ਜਾਤੀ ਦੇ ਅਨੁਭਵ ਲੋਕ ਪਰਵਾਹ ਵਿਚ ਰੀਂਗਦੇ ਰਹਿੰਦੇ ਹਨ ਤੇ ਫਿਰ ਕੋਈ ਸਮਾਂ ਆਉਂਦਾ ਹੈ, ਜਦੋਂ ਕਿਸੇ ਅਨੁਭਵੀ ਦੀ ਛੋਹ ਨਾਲ ਇਹਨਾਂ ਵਿੱਚ ਕਈ ਅਨੁਭਵ, ਸ਼ਬਦਾਂ ਦਾ ਸਰੂਪ ਧਾਰ ਲੈਂਦਾ ਹੈ।"

     ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਵਿਅਕਤੀਆਂ ਦਾ ਅਨੁਭਵ ਪੀੜ੍ਹੀਓ-ਪੀੜ੍ਹੀ ਅੱਗੇ ਤੁਰਦਾ ਯੁਗਾਂ ਦੇ ਪੈਂਡੇ ਮਾਰ ਲੈਂਦਾ ਹੈ।

12. ਬਾਤ :- ਪੰਜਾਬੀ ਬਾਤ- ਪੰਜਾਬੀ ਭਾਰਤੀ ਕਥਾ ਪਰੰਪਰਾ ਅਤੇ ਸਾਮੀ ਕਥਾ ਪਰੰਪਰਾ ਤੋਂ ਆਪਣੇ ਵੱਖਰੇ ਸਰੂਪ ਨੂੰ ਗ੍ਰਹਿਣ ਕਰਦੀ ਹੈ ਜਿਸ ਕਾਰਨ ਇਸ ਦੇ ਆਪਣੇ ਵੱਖਰੇ ਪਛਾਣ-ਚਿੰਨ੍ਹ ਹਨ। ਪੰਜਾਬੀ ਵਿੱਚ ਬਾਤ ਨੂੰ ਕਥਾ, ਕਹਾਣੀ, ਵਾਰਤਾ, ਕਿੱਸਾ ਆਦਿ ਕਿਹਾ ਜਾਂਦਾ ਹੈ।

     ਲੋਕ ਸਾਹਿਤ ਵਿੱਚ ਵਡਮੁਲਾ ਸਥਾਨ ਰੱਖਣ ਵਾਲੀਆਂ ਇਹਨਾਂ ਬਾਤਾਂ ਦੀ ਦਿਲਚਸਪੀ ਸਬੰਧੀ ਇਹ ਗੱਲ ਪ੍ਰਮਾਣ ਵਜੋਂ ਕਾਫੀ ਹੈ ਕਿ ਦਿਨੇ ਬਾਤਾਂ ਪਾਉਣ ਨਾਲ ਤਾਂ ਰਾਹੀ ਵੀ ਰਾਹ ਭੁੱਲ ਜਾਂਦੇ ਹਨ। ਲੋਕ ਲੰਮੀਆਂ ਸਰਦ ਰਾਤਾਂ ਨੂੰ ਪਿੰਡ ਦੀ ਭੱਠੀ ਤੇ ਬੈਠੇ ਕਿਸੇ ਨਿਪੁੰਨ ਵਿਅਕਤੀ ਪਾਸੋਂ ਅਜੇਹੀਆਂ ਕਹਾਣੀਆਂ (ਬਾਤਾਂ) ਸਾਰੀ ਰਾਤ ਸੁਣਦੇ ਰਹਿੰਦੇ ਜਾਂ ਫਿਰ ਬੱਚਿਆਂ ਦੇ ਦਾਦਾ ਦਾਦੀ ਰਾਤ ਨੂੰ ਕਹਾਣੀਆਂ ਸੁਣਾਉਂਦੇ ਹਨ। ਇਹ ਕਹਾਣੀਆਂ ਨਿਰੀਆਂ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਸਿੱਖਿਆਦਾਇਕ ਵੀ ਹੁੰਦੀਆਂ ਹਨ।

ਰੀਵਰ ਅਤੇ ਬੌਸ ਵੈੱਲ ਲੋਕ ਕਹਾਣੀ (ਬਾਤਾਂ) ਦੀ ਪਰਿਭਾਸ਼ਾ ਕਰਦੇ ਲਿਖਦੇ ਹਨ,

//"...... ਲੋਕ-ਕਹਾਣੀ ਲੋਕਧਾਰਾ ਦੇ  ਬਾਣੀ ਗਤ ਰੂਪ ਦਾ ਅਜਿਹਾ ਅੰਗ ਹੈ ਜਿਸ ਵਿਚ ਬਿਰਤਾਂਤ ਦਾ ਹੋਣਾ ਅਵੱਸ਼ਕ ਹੈ।"//

ਡਾਕਟਰ ਵਣਜਾਰਾ ਬੇਦੀ ਅਨੁਸਾਰ,//"ਬਾਤ ਲੋਕ-ਮਨ ਦੀ ਬਿਰਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀਆਂ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।"//

ਇਹ ਬਾਤਾਂ ਮੌਖਿਕ ਸਾਹਿਤ ਹਨ ਜੋ ਪੀੜ੍ਹੀਓ-ਪੀੜ੍ਹੀ ਅੱਗੇ ਚਲਦਾ ਆਉਂਦਾ ਹੈ।

      ਲੋਕ ਕਹਾਣੀ (ਬਾਤ) ਦਾ ਜਨਮ ਮਨੁੱਖ ਦੇ ਜਨਮ ਨਾਲ ਹੀ ਸਹਿਜ ਅਵਸਥਾ ਵਿਚ ਹੋਇਆ ਮੰਨਿਆ ਜਾਂਦਾ ਹੈ। ਪੰਜਾਬੀ ਬਾਤਾਂ ਦੇ ਮੂਲ ਨੂੰ ਪ੍ਰਾਚੀਨਤਮ ਗ੍ਰੰਥ ਰਿਗਵੇਦ ਨਾਲ ਜੋੜਿਆ ਜਾਂਦਾ ਹੈ। ਪ੍ਰੰਤੂ ਇਸ ਦਾ ਮੁਢਲਾ ਰੂਪ ਸ਼ਾਇਦ ਸਿੰਧ ਘਾਟੀ ਸੱਭਿਅਤਾ ਵਾਲੇ  ਹੋਂਦ ਗ੍ਰਹਿਣ ਕਰ ਗਿਆ ਸੀ।

       ਡਾਕਟਰ ਵਣਜਾਰਾ ਬੇਦੀ ਦੇ ਅਨੁਸਾਰ,//"ਨਰ ਸਿੰਘ ਪਾਤਰ ਜਿਸ ਦਾ ਆਧਾਰ ਹੈ ਸ਼ੇਰ ਦਾ ਅਤੇ ਮੁੱਖ ਮਾਨਵ ਦਾ ਹੈ ਹੜੱਪਾ ਠੀਕਰ ਮੋਹਰਾਂ ਉੱਤੇ ਮਿਲਦਾ ਹੈ, ਜਿਸਦਾ ਮਗਰੋਂ ਆਰਿਆਈ ਸੰਸਕ੍ਰਿਤੀ ਵਿਚ ਉਦਾਤੀਕਰਣ ਹੋ ਗਿਆ ਅਤੇ ਪੁਰਾਣਾਂ ਵਿੱਚ ਇਹ ਵਿਸ਼ਨੂੰ ਦੇ ਅਵਤਾਰ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਇਆ।"//

ਵਿਸ਼ਵ ਦੀਆਂ ਪ੍ਰਾਚੀਨਤਮ ਲੋਕ ਕਹਾਣੀਆਂ 'ਉਰ੍ਵਸ਼ੀ','ਪੁਰੂਰਵਸ',  'ਨਚੇਕਤਾ', 'ਸਨੇਹਸਿਧ', ਆਦਿ ਰਿਗਵੇਦ ਵਿਚੋਂ ਮਿਲਦੀਆਂ ਹਨ।

      ਲੋਕ-ਕਹਾਣੀ ਦੇ ਤੱਤਾਂ ਵਿੱਚ ਬਿਰਤਾਂਤ ਨੂੰ ਮੂਲ ਮੰਨਿਆ ਜਾਂਦਾ ਹੈ। ਇਨ੍ਹਾਂ ਦੁਆਰਾ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ। ਡਾਕਟਰ ਵਣਜਾਰਾ ਬੇਦੀ ਅਨੁਸਾਰ,"..…...... ਇਨ੍ਹਾਂ ਵਿਚ ਸਾਡੀ ਸੰਸਕ੍ਰਿਤੀ ਲੱਥੀ ਹੁੰਦੀ ਹੈ।"  ਬਾਤਾਂ ਵਿਚ ਕਥਾਨਕ ਰੂੜੀਆਂ (ਜਿਵੇਂ ਨਾਇਕ ਪੂਰਨ ਯੂਸੁਫ਼ ਦਾ ਖੂਹ ਚੋਂ ਦਰੁਸਤ ਨਿਕਲ ਆੳੁਣਾ।) ੲਿਨ੍ਹਾਂ ਨੂੰ ਪ੍ਰਪੰਰਾ ਦਾ ਅੰਗ ਬਣਾਉਂਦੀਆਂ ਹਨ। ਇਨ੍ਹਾਂ ਵਿਚ ਲੋਕਿਕ ਅਤੇ ਪ੍ਰਾਲੋਕਿਕ ਕਿਸਮ ਦੇ ਪਾਤਰ ਮਨੋਰੰਜਨ ਦਾ ਸਾਧਨ ਬਣਦੇ ਹਨ। ਇਸੇ ਪ੍ਰਕਾਰ ਲੋਕ ਪਰਲੋਕ ਵਿਚ  ਵਾਪਰਨ ਵਾਲੀਆਂ ਘਟਨਾਵਾਂ ਦਾ ਇਨ੍ਹਾਂ ਵਿੱਚ ਕੇਦਰੀ ਹੁੰਦਾ ਹੈ। ਕਥਾਕਾਰ ਦਾ ਵਿਲੱਖਣ ਸਥਾਨ ਹੈ ਕਿਉਂਕਿ ਉਹ ਯੁੱਗਾਂ ਨਾਲ ਨਾਤਾ ਜੋੜ ਲੈਂਦਾ ਹੈ। ਇਨ੍ਹਾਂ ਬਾਤਾਂ ਦੀ ਅਤਿਅੰਤ ਉਪਯੋਗਤਾ ਹੈ। ਜਿਹੜੀ ਸੰਤੁਲਿਤ ਸ਼ਖ਼ਸੀਅਤ ਦਾ ਨਿਰਮਾਣ ਕਰਨ ਅਤੇ ਉੱਤਮ ਜੀਵਨ ਨਿਰਬਾਹ ਕਰਨ ਵਿਚ ਸਹਾਇਤਾ ਕਰਦੀ ਹੈ। ਪੰਜਾਬੀ ਬਾਤਾਂ ਦੇ ਮੂਲ ਤੱਤ-1. ਬਿਰਤਾਂਤ, 2. ਲੋਕ ਮਨ ਦੀ ਅਭੀਵਿਅਕਤੀ, 3. ਕਥਾਨਕ ਰੂੜੀਆਂ, 4. ਪਾਤਰ, 5. ਘਟਨਾ ,6. ਕਥਾਕਾਰੀ, 7. ਉਪਯੋਗਤਾ, 8. ਕਲਪਨਾ ਆਦਿ ਹਨ।

    ਬਾਤਾਂ ਦਾ ਵਰਗੀਕਰਨ ਕਰਦਿਆਂ Encyclopaedia Brittanica ਨੇ ਇਨ੍ਹਾਂ ਨੂੰ ਤਿੰਨ ਭਾਗਾਂ, ਸੋਫੀਆ ਬਰਨ ਨੇ 30, ਡਾਕਟਰ ਵਣਜਾਰਾ ਬੇਦੀ ਨੇ 25 ਪ੍ਰਕਾਰਾਂ ਅਤੇ ਡਾਕਟਰ ਕਰਨੈਲ ਸਿੰਘ ਥਿੰਦ ਨੇ ਇਹਨਾਂ ਨੂੰ 8 ਭਾਗਾਂ ਵਿਚ ਵਿਭਾਜਿਤ ਕੀਤਾ ਹੈ।

       ਮੋਟੇ ਰੂਪ ਵਿੱਚ ਅਸੀਂ ਇਨ੍ਹਾਂ ਨੂੰ ਇਸ ਪ੍ਰਕਾਰ ਵਰਗੀਕ੍ਰਿਤ ਕਰਦੇ ਹਾਂ:-

(ੳ) ਦੇਵ ਕਥਾਵਾਂ:-ਇਹ ਬਾਤ ਦਾ ਪ੍ਰਾਚੀਨਤਮ ਰੂਪ ਹਨ ਜੋ ਪ੍ਰਕਿਰਤਕ ਸ਼ਕਤੀਆਂ ਬਾਰੇ ਮਨੁੱਖ ਦੇ ਕਥਾ ਵਿੱਚ ਮੁੱਢਲੇ ਆਦਮ ਅਨੁਭਵ ਹਨ। ਇਹਨਾਂ ਵਿੱਚ ਬਾਲਾਂ ਵਾਲੀ ਬੌਧਿਕ ਪੱਧਰ ਉੱਤੇ ਵਿਸ਼ਵ ਰਹੱਸ ਖੋਲੇ ਜਾਂਦੇ ਹਨ। ਹੋਮਰ, ਕਾਲੀਦਾਸ, ਪਲੈਟੋ, ਨਾਨਕ ਅਤੇ ਸੂਫੀ ਕਵੀ ਇਹਨਾਂ ਤੋਂ ਪ੍ਰਭਾਵਿਤ ਹੋਏ ਹਨ। ਸੇਖੋਂ ਦਾ ਨਾਟਕ'ਕਲਾਕਾਰ'ਵੀ ਦੇਵ ਕਥਾ ਉਪਰ ਨਵਾਂ ਰੰਗ ਹੈ।

(ਅ) ਦੰਦ ਕਥਾ:-ਅੰਗਰੇਜ਼ੀ ਵਿੱਚ ਇਨ੍ਹਾਂ ਨੂੰ legend ਤੇ ਪਾਲੀ ਵਿੱਚ ਅਵਦਾਨ ਕਿਹਾ ਜਾਂਦਾ ਹੈ। ਇਸ ਸਬੰਧੀ ਡਾਕਟਰ ਵਣਜਾਰਾ ਬੇਦੀ ਲਿਖਦੇ ਹਨ,

//"ਦੰਦ ਕਥਾ ਦਾ ਸ਼ਾਬਦਿਕ ਅਰਥ ਹੈ ਉਹ ਸੁਣੀ ਸੁਣਾਈ ਗੱਲ, ਜੋ ਲੋਕ ਚਰਚਾ ਦਾ ਵਿਸ਼ਾ ਬਣ ਗਈ ਹੋਵੇ।"//

ਕ੍ਰਿਸ਼ਨਦੇਵ ਉਪਾਧਿਆਇ ਮੁਤਾਬਕ ਜਦੋਂ ਪ੍ਰਪੰਰਿਕ ਕਥਾਵਾਂ ਚ ਦੇਵੀ ਦੇਵਤਿਆਂ ਦੀ ਥਾਂ ਮਨੁੱਖ ਪ੍ਰਵੇਸ਼ ਕਰਦੇ ਹਨ ਤੇ ਦੈਵੀ ਪੌਰਾਣਿਕ ਗੁਣਾਂ ਨੂੰ ਜਦ ਨਾਇਕ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਇਹ ਉਪਜਦੀ ਹੈ। ਇਹਨਾਂ ਵਿੱਚ ਇਤਿਹਾਸ ਤੇ ਮਿਥਿਹਾਸ ਦਾ ਸੁਮੇਲ ਹੁੰਦਾ ਹੈ। ਇਹ ਯੋਗ ਮੱਤ, ਪੀਰਾਂ-ਫ਼ਕੀਰਾਂ ਨਾਲ, ਗੁਰੂਆਂ ਤੇ ਭਗਤਾਂ ਆਦਿ ਨਾਲ ਸਬੰਧਤ ਹਨ। ਪੰਜਾਬੀ ਪ੍ਰੀਤ-ਕਥਾਵਾਂ ਬਾਰੇ ਵਣਜਾਰਾ ਬੇਦੀ ਲਿਖਦੇ ਹਨ,

//"ਇਹਨਾਂ ਦੰਦ ਕਥਾਵਾਂ ਨੂੰ ਪੰਜਾਬੀਆਂ ਨੇ ਆਪਣੇ ਖੂਨ ਨਾਲ ਪਾਲਿਆ਼ ਅਤੇ ਪ੍ਰਾਂਣਾ ਨਾਲੋਂ ਵੱਧ ਸੰਭਾਲ ਕੇ ਰੱਖਿਆ ਹੈ। ਇਹੋ ਕਥਾਵਾਂ ਉਹਨਾਂ ਦਾ ਗੌਰਵ ਹਨ, ਇਹੋ ਉਨ੍ਹਾਂ ਦਾ ਮਾਣ, ਇਹੋ ਓਹਨਾ ਦੀ ਲੋਚਾ ਤੇ ਇਹ ਉਨ੍ਹਾਂ ਦੀ ਤਾਂਘ।"//

ਲੋਕ ਇਨ੍ਹਾਂ ਨੂੰ ਇਤਿਹਾਸਕ ਯਥਾਰਥਕ ਮੰਨਦੇ ਹਨ ਜਦ ਕੇ ਇਹਨਾ ਦਾ ਵਿਰਸਾ ਪੌਰਾਣਿਕ ਹੈ।

      ਤੀਜੀ ਪ੍ਰਕਾਰ ਦੀਆਂ ਦੰਦ ਕਥਾਵਾਂ ਦੇ ਦੁੱਲੇ ਭੱਟੀ ਵਰਗੇ ਨਾਇਕ ਹਨ।

(ੳ) ਪਰੀ ਕਹਾਣੀਆਂ :-ਮਨ ਦੀ ਮੌਜ ਦੀਆਂ ਇਹ ਬਾਤਾਂ  ਪਰਾਲੌਕਿਕ ਜਗਤ ਦੀ ਸੈਰ ਕਰਵਾਉਂਦੀਆਂ ਹਨ। ਡਾਕਟਰ ਕਰਨੈਲ ਸਿੰਘ ਥਿੰਦ ਅਨੁਸਾਰ,

//"ਇਹ ਵਿਸ਼ੇਸ਼ ਪ੍ਰਕਾਰ ਦਾ ਲੋਕ ਗਲਪ ਹੈ। ਜਿਸ ਦਾ ਇੱਕੋ-ਇੱਕ ਉਦੇਸ਼ ਜੀ-ਪਰਚਾਵਾ ਹੈ.....।"//

(ਸ) ਪ੍ਰੇਤ ਕਥਾ :-ਡਾਕਟਰ ਵਣਜਾਰਾ ਬੇਦੀ ਅਨੁਸਾਰ,

//"ਮਨੁੱਖ ਦੇ ਆਪਣੇ ਨਾਲੋਂ ਵਧੇਰੇ ਬਲਵਾਨ, ਵਿਕਰਾਲ ਅਤੇ ਰਹੱਸਮਈ ਸ਼ਕਤੀਆਂ ਨਾਲ ਜੂਝਣ ਅਤੇ ਉਨ੍ਹਾਂ ਨੂੰ ਪ੍ਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ।"//

ਇਹਨਾਂ ਵਿੱਚ ਅਥਾਹ ਕਲਪਨਾ, ਰੋਮਾਂਸ ਤੇ ਅਦਭੁਤ ਘਟਨਾਵਾਂ ਦੀ ਭਰਮਾਰ ਹੁੰਦੀ ਹੈ।

(ਹ) ਪਸ਼ੂ ਕਹਾਣੀਆਂ :-ਇਹ ਪ੍ਰਾਚੀਨਤਮ ਅਤੇ ਸਰਵ ਵਿਆਪਕ ਹੁੰਦੀਆਂ ਹਨ। ਇਨ੍ਹਾਂ ਵਿਚ ਮੁੱਖ ਨਾਇਕ ਜਾਂ ਗੌਣ ਪਾਤਰ ਹੁੰਦੇ ਹਨ ਤੇ ਸੂਰ ਉਪਦੇਸ਼ਾਤਮਿਕ ਹੁੰਦੀ ਹੈ।

(ਕ) ਨੀਤੀ ਕਥਾ :-ਅੰਗਰੇਜ਼ੀ ਵਿੱਚ ਇਸ ਨੂੰ ਫੇਬਲ ਕਹਿੰਦੇ ਹਨ। ਇਹਨਾਂ ਵਿੱਚ ਮਨੁੱਖੀ ਜਗਤ ਦੀ ਗੱਲ ਪਸ਼ੂ ਤੇ ਜੰਤੂ ਜਗਤ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਦੋ ਭਾਗ ਹੁੰਦੇ ਹਨ। ਪਹਿਲੇ ਚ ਉਦੇਸ਼ ਮਿਸਾਲਾਂ ਦੇ ਕੇ ਸਮਝਾਇਆ ਜਾਂਦਾ ਹੈ ਤੇ ਦੂਜੇ ਚ ਉਪਦੇਸ਼ ਅਖਾਣਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਡਾਕਟਰ ਕਰਨੈਲ ਸਿੰਘ ਥਿੰਦ ਨੂੰ ਅਨੁਸਾਰ,

//"ਨੀਤੀ ਕਥਾ ਅਜਿਹਾ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਬੁੱਧੀਹੀਣ ਜੀਵ ਅਤੇ ਬੇਜਾਨ ਵਸਤੂ ਸਦਾਚਾਰਕ ਉਪਦੇਸ਼ਾਂ ਲਈ ਵਰਤ ਲਏ ਜਾਂਦੇ ਹਨ।

ਨੀਤੀ ਕਥਾਵਾਂ ਦਾ ਪ੍ਰਾਚੀਨਤਮ ਗ੍ਰੰਥ 'ਈਨਮ ਫੇਬਲਜ' ਹੈ। ਭਾਰਤ ਵਿਚ 'ਪੰਚ ਤੰਤਰ' ਅਤੇ 'ਹਿੱਤ ਉਪਦੇਸ਼' ਇਨ੍ਹਾਂ ਦੇ ਪ੍ਰਸਿੱਧ ਗ੍ਰੰਥ ਹਨ।

(ਖ) ਬੁਝਾਵਨ ਕਥਾ :-ਇਨ੍ਹਾਂ ਚ ਬੁਝਾਰਤਾਂ ਅੜਾਉਣੀਆਂ ਜਾਂ ਪ੍ਰਸ਼ਨ ਦੁਆਰਾ ਸਮੱਸਿਆ ਦੱਸੀ ਗਈ ਹੁੰਦੀ ਹੈ।'ਬੇਤਾਲ ਕਥਾਵਾਂ'ਇਸੇ ਵੰਨਗੀ ਦੀਆਂ ਹਨ।'ਅਲਫ਼ ਲੈਲਾ'ਆਦਿ ਪਹੇਲੀ ਵਾਂਗ ਇਸ ਵਿੱਚ ਵੀ ਸੰਕੇਤਾਂ, ਰੂਪਾਂ ਤੇ ਚਿੰਨ੍ਹਾਂ ਦੁਆਰਾ ਇਕ ਰਹੱਸਮਈ ਪਾਸਾਰ ਸਿਰਜ ਲਿਆ ਜਾਂਦਾ ਹੈ। ਜੋ ਬੁਝਾਰਤ ਚ ਕਾਵਿ ਬਿਰਤੀ ਹੋਣ ਕਰਕੇ ਸੰਘਣੇ ਹੁੰਦੇ ਹਨ। ਪਰ ਬੁਝਾਵਲ ਵਿਚ ਬਿਰਤਾਂਤ ਹੋਣ ਕਰਕੇ ਕਾਲ-ਸਥਾਨ ਵਿਚ ਫੈਲੇ ਹੁੰਦੇ ਹਨ। ਇਹਨਾਂ ਦੇ ਰਹੱਸ ਖੋਲਣ ਨਾਲ ਬਿਰਤਾਂਤ ਦੀ ਗੁੰਝਲ ਖੁੱਲ੍ਹ ਜਾਂਦੀ ਹੈ। ਇਹਨਾਂ ਵਿੱਚ ਸਰੋਤਾ ਕਥਾ ਦਾ ਅੰਗ ਬਣ ਜਾਂਦਾ ਹੈ।

(ਗ) ਟੋਟਕੇ ਹਿਕਾਇਤਾਂ :-ਹਿਕਾਇਤ ਅਰਬੀ ਸ਼ਬਦ ਹੈ ਜਿਸ ਦਾ ਅਰਥ ਹੈ ਕਥਾ, ਕਹਾਣੀ ਜਾਂ ਸਾਖੀ ਆਦਿ। ਪੰਜਾਬੀ ਵਿੱਚ ਸ਼ੇਖ ਚਿੱਲੀ ਅਕਬਰ ਬੀਰਬਲ ਨਾਲ ਜੁੜੀਆਂ ਅਨੇਕਾਂ ਅਜਿਹੀਆਂ ਬਾਤਾਂ ਹਨ।

       ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਬਾਤ ਲੋਕ ਮਨ ਦਾ ਬਿਰਤਾਂਤਕ ਪ੍ਰਗਟਾਅ ਹੈ। ਇਸ ਦਾ ਜਨਮ ਪਰੰਪਰਾਗਤ ਰੂੜੀਆਂ ਅਤੇ ਤੱਤਾਂ ਤੋਂ ਹੁੰਦਾ ਹੈ। ਇਹ ਪ੍ਰੰਪਰਾ ਦਾ ਰੂਪ ਧਾਰਨ ਕਰਕੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਵੱਧਦੀ ਹੈ।

13. ਸੁਹਾਗ :-(ੳ) ਸੁਹਾਗ ਬਝਵੇਂ ਕਾਵ ਰੂਪਾਂ ਦੀ ਇੱਕ ਮਹੱਤਵਪੂਰਨ ਵੰਨਗੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਵਾਲੇ ਘਰ ਗਾਏ ਜਾਣ ਵਾਲੇ ਇਸ ਕਾਵਿ ਰੂਪ ਵਿੱਚ ਵੀ ਘੋੜੀਆਂ ਵਾਂਗ ਹੀ ਰੱਦੋਬਦਲ ਦੀ ਸੰਭਾਵਨਾ ਨਾ ਦੇ ਬਰਾਬਰ ਹੀ ਹੁੰਦੀ ਹੈ। ਸੁਹਾਗ ਸਮੂਹਿਕ ਹੋਇਆ ਕਰਦੇ ਹਨ। ਕੁੜੀਆਂ ਇਕੱਠੀਆਂ ਮਿਲ ਕੇ ਜਦੋਂ ਇਸ ਲਈ ਲੈਅ ਭਰਪੂਰ ਕਾਵ ਰੂਪ ਨੂੰ ਗਾਉਂਦੀਆਂ ਹਨ ਤਾਂ ਸਮੁੱਚਾ ਚੌਗਿਰਦਾ ਸੁਖਮਈ ਅਤੇ ਰਸਿਕਤਾ ਨਾਲ ਯੁਕਤ ਹੋ ਜਾਂਦਾ ਹੈ। ਇਸ ਵਿੱਚ ਮਨ ਦੀਆਂ ਰੀਝਾਂ ਰਮਜ਼ਾਂ ਨਾਲ਼ ਕੀਤੀਆਂ ਜਾਂਦੀਆਂ ਹਨ-

//"ਬੀਬੀ ਚੰਦਨ ਦੇ ਓਹਲੇ ਓਹਲੇ ਕਿਉਂ ਖੜੀ?

ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ,

ਬਾਬਲ ਵਰ ਲੋੜੀਏ।

ਨੀ ਧੀਏ ਕਿਹੋ ਜਿਹਾ ਵਰ ਲੋੜੀਏ?

ਜਿਉਂ ਤਾਰਿਆਂ ਵਿੱਚੋਂ ਚੰਨ, ਚੰਨਾਂ ਵਿਚੋਂ ਕਾਹਨ,

ਕਨ੍ਹਈਆ ਵਰ ਲੋੜੀਏ।"//

ਇਸ ਵਿਚ ਪ੍ਰਸ਼ਨ ਉੱਤਰ ਵਿਧੀ ਦਾ ਪ੍ਰਯੋਗ ਕਰਕੇ   ਸੁੰਦਰ ਸੰਕੇਤਾਵਲੀ ਰਾਹੀ ਵੱਲੋਂ ਦਿਲੀ ਵਲਵਲੇ ਨੂੰ ਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ।

(ਅ) ਸੁਹਾਗ ਕਿਉਂ ਕਿ ਮਾਨਵੀ ਜੀਵਨ ਦੇ ਮਹੱਤਵਪੂਰਨ ਪੜਾਅ ਅਰਥਾਤ ਵਿਆਹ ਨਾਲ ਸਬੰਧਤ ਹਨ, ਹੈ ਇਸ ਲਈ ਇਨ੍ਹਾਂ ਦੀ ਸਮਾਜਿਕ ਸਾਰਥਕਤਾ ਜਾਨਣ ਲਈ ਵਿਆਹ ਪ੍ਰਥਾ ਦਾ ਸਮਾਜਿਕ ਪਿਛੋਕੜ ਜਾਣ ਲੈਣਾ ਚਾਹੀਦਾ ਹੈ।

    ਭਾਰਤੀ ਚਿੰਤਨ ਵਿੱਚ ਮਾਨਵ ਦਾ ਅੰਤਿਮ ਲਕਸ਼ ਮੋਕਸ਼ ਪ੍ਰਾਪਤੀ ਹੈ। ਇਸ ਲਈ ਇਸ ਨੂੰ ਗ੍ਰਹਿਸਥ ਆਸ਼ਰਮ ਵਿੱਚ ਹੈ ਕਿ ਸੰਤਾਨ ਉਤਪਤੀ ਕਰਨੀ ਪੈਂਦੀ ਹੈ। ਆਪਣੇ ਖੂਨ ਤੇ ਗੋਤ ਵਿਚ ਵਿਵਾਹਿਕ ਰਿਸ਼ਤੇ ਕਾਇਮ ਕਰਨ ਨੂੰ ਵਿਵਰਜਿਤ ਮੰਨਦਿਆਂ ਮੋਟੇ ਤੌਰ ਤੇ ਕਿਸੇ ਪਰਿਵਾਰ ਦੀ ਲੜਕੀ ਨੂੰ ਕਿਸੇ ਦੂਸਰੇ ਪਰਿਵਾਰ ਦੇ ਲੜਕੇ ਨਾਲ ਤੁਰਿਆ ਜਾਂਦਾ ਹੈ।

    ਇਤਿਹਾਸਿਕ ਪਿਛੋਕੜ ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ, ਪਹਿਲਾਂ ਮਨੁੱਖ ਤੇ ਅੌਰਤਾਂ ਇਕੱਠੇ ਰਹਿੰਦੇ, ਕੰਮ ਕਰਦੇ, ਉਤਪਾਦਨ ਕਰਦੇ ਤੇ ਸਾਂਝਾ ਫ਼ਲ ਹੰਢਾਉਂਦੇ ਸਨ। ਸਾਂਝੀ ਔਲਾਦ ਹੋਣ ਕਾਰਨ ਪਰਿਵਾਰ ਮਾਂ - ਵੰਸ਼ੀ ਵਜੋਂ ਪਹਿਚਾਣੇ ਜਾਂਦੇ ਸਨ। ਪਰ ਜਦ ਮਨੁੱਖ ਨੇ ਪਸ਼ੂ ਪਾਲਣ ਅਤੇ ਖੇਤੀ ਆਦਿ ਆਰੰਭੀ ਤਾਂ ਤਾਕਤਵਰ ਪੁਰਸ਼ ਨੇ ਨਾਰੀ ਨੂੰ ਘਰ ਦੇ ਕੰਮਾਂ ਤੱਕ ਸੀਮਤ ਕਰ ਕੇ ਉਤਰਾਧਿਕਾਰ ਪਰੰਪਰਾ ਨੂੰ ਮਾਂ ਵੰਸ਼ੀ ਤੋਂ ਪਿਉ ਵੰਸ਼ੀ ਕਰ ਦਿੱਤਾ। ਫਰੈਡਰਿਕ ਏਜਲਜ ਅਨੁਸਾਰ ਇਸ ਨਾਲ'ਦਾਜ ਪ੍ਰਥਾ' ਤੇ'ਵਿਅਕਤੀਗਤ ਧਨ'ਵਾਲੇ ਯੁੱਗ ਦਾ ਸ੍ਰੀ ਗਣੇਸ਼ ਹੀ ਕਰ ਦਿੱਤਾ। ਇੰਜ ਸ਼ੋਸ਼ਕ ਤੇ ਸ਼ੋਸ਼ਿਤ ਪ੍ਰਥਾਵਾਂ ਚੱਲੀਆਂ। ਮੰਨੂੰ ਦੇ ਸਮਾਜਿਕ ਕਾਨੂੰਨ ਅਨੁਸਾਰ ਔਰਤ ਬਚਪਨ ਤੋਂ ਬੁਢਾਪੇ ਤੀਕ ਮਰਦ ਉੱਪਰ ਹੀ ਨਿਰਭਰ ਕਰਦੀ ਹੈ।

    'ਸੁਹਾਗ '  ਦਾ ਸ਼ਾਬਦਿਕ ਅਰਥ ਹੈ-ਪਤੀ ਦੀ ਹੋਂਦ।'ਬੁੱਢ ਸੁਹਾਗਣ' ਹੋਣ ਦੀ ਅਸੀਸ ਵੀ ਬੁਡਾਪੇ ਤੀਕ ਪਤੀ ਦੇ ਅੰਗ ਸੰਗ ਰਹਿਣ ਲਈ ਦਿੱਤੀ ਜਾਂਦੀ ਹੈ।'ਕਰਵਾ' ਵਰਤ ਵੀ ਸੁਹਾਗ ਦੀ ਸਲਾਮਤੀ ਲਈ ਰੱਖਿਆ ਜਾਂਦਾ ਹੈ। ਜੀਤ ਸਿੰਘ ਜੋਸ਼ੀ ਅਨੁਸਾਰ,

//"ਸੁਹਾਗ ਨਾਂ ਹੇਠ ਗਾਏ ਜਾਣ ਵਾਲੇ ਲੋਕ ਗੀਤ ਅਕਸਰ ਵਿਆਹੀ ਜਾਣ ਵਾਲੀ ਮੁਟਿਆਰ ਦੇ ਜਜ਼ਬਿਆਂ, ਸੁਪਨਿਆਂ, ਕਾਮਨਾਵਾਂ ਤੇ ਕਲਪਨਾਵਾਂ ਦੀ ਤਰਜਮਾਨੀ ਕਰਦੇ ਹਨ। ਇਹਨਾਂ ਗੀਤਾਂ ਅੰਦਰ ਕੁੜੀ ਦੇ ਵਿਆਹੁਤਾ ਜੀਵਨ ਬਾਰੇ, ਬਾਬਲ ਦੀ ਸਹੇੜ ਬਾਰੇ, ਸਹੁਰੇ ਘਰ ਦੇ ਆਰ-ਪਰਿਵਾਰ ਬਾਰੇ, ਕਿਸੇ ਓਪਰੇ, ਅਣਦੇਖੇ, ਅਣਪਛਾਤੇ, ਰਿਸ਼ਤਿਆਂ ਦੀ ਸਮਝ,  ਸਾਂਝ ਅਤੇ ਅਪਣੱਤ ਬਾਰੇ, ਕਲਪਨਾ ਤੇ ਕਾਮਨਾ ਕਰਦੇ ਤਰਲੇ ਹੁੰਦੇ ਹਨ।"//

      ਇਨ੍ਹਾਂ ਗੀਤਾਂ ਦੀ ਧੁਰ ਅੰਦਰਲੀ ਸੁਰ ਸ਼ਹਿਨਾਈ ਦੀ ਗੂੰਜ ਵਾਂਗ ਮੰਗਲ ਕਾਰਜ ਦਾ ਸੰਦੇਸ਼ ਦਿੰਦੀ ਤੇ ਮਿਸ਼ਰੀ ਭਰੇ ਬੋਲਾਂ ਨਾਲ ਪਰਿਵਾਰਿਕ ਵਾਤਾਵਰਣ ਨੂੰ ਮਨਮੋਹਕ ਬਣਾ ਦਿੰਦੀ ਹੈ।

      ਸੁਹਾਗ ਦੇ ਬੋਲ ਅਵੇਸਲੇ ਬੈਠੇ ਬਾਬਲ ਨੂੰ ਸੰਵਾਦਕ ਰੂਪ ਵਿਚ ਧੀ ਦੇ ਜਵਾਨ ਹੋਣ ਦੀ ਸੂਚਨਾ ਦੇਣ ਚ ਪਹਿਲਕਦਮੀ ਕਰਦੇ ਹਨ-

//"ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟੜੀ ਹੋਈ ਮੁਟਿਆਰ।"//

ਸਾਡੀ ਲੋਕ ਮਾਨਸਿਕਤਾ ਪੂਰਨਤਾ ਦੇ ਪ੍ਰਤੀਕ ਵਜੋਂ ਰਾਮ ਵਰਗਾ ਪੁੱਤਰ ਤੇ ਸ਼ਾਮ ਵਰਗਾ ਪਤੀ ਦੀ ਲੋਚਾ ਰੱਖਦੀ ਹੈ। ਸਾਡੇ ਸੱਭਿਆਚਾਰ ਚ'ਵਰ' ਤੇ'ਘਰ'  ਵਧੇਰੇ ਮਹੱਤਵਪੂਰਨ ਤੇ ਵਿਸ਼ਾਲ ਅਰਥਾਂ ਦੇ ਧਾਰਨੀ ਹਨ। ਵਧੀਆ ਵਰ ਘਰ ਨਾ ਮਿਲਣ ਤੇ-

//"ਘਰ ਨਾ ਵੇਹਲੀਆਂ, ਵਰ ਨਾ ਵੇਹਲੀਆਂ, ਬਦਲੇ ਗੋਰੀਆਂ ਮਾਵਾਂ।" ਜਾਂ

"ਕੰਤ ਨਿਆਣੇ ਦੀ ਰੋ-ਰੋ ਸੇਜ ਵਿਛਾਵਾਂ।" ਜਾਂ

"ਬਾਬਲੇ  ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ।"ਆਦਿ।

    ਵਰ ਵਾਂਗ ਹੀ ਵਧੀਆ ਘਰ ਦਾ ਅੱਖਾਂ ਵਿੱਚ ਸੰਜੋਇਆ ਸੁਪਨਾ ਕੁੜੀਆਂ ਇਉਂ ਵਿਅਕਤ ਕਰਦੀਆਂ ਹਨ-

 //"ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ,  ਸਹੁਰਾ ਸਰਦਾਰ ਹੋਵੇ। ਸੱਸ ਨੂੰ ਸੱਦਣ ਸ਼ਰੀਕਣੀਆਂ, ਕਚਿਹਰੀ ਦਾ ਸਰਦਾਰ ਹੋਵੇ।  ਬਾਬਲ ਤੇਰਾ ਪੁੰਨ ਹੋਵੇ। "// ਜਾਂ

//"ਦੇਈਂ ਦੇਈਂ ਵੇ ਬਾਬਲਾ     ਓਸ ਘਰੇ , ਜਿੱਥੇ ਬੂਰੀਆਂ ਹੋਵਣ ਸੱਤ। ਇੱਕ ਚੋਵਾਂ ਦੂਜੀ ਰਿੜ੍ਹਕ ਧਰਾਂ, ਮੇਰਾ ਮੱਖਣਾਂ ਦੇ ਵਿੱਚ ਹੱਥ। ਬਾਬਲ ਤੇਰਾ ਪੁੰਨ ਹੋਵੇ।"//ਜਾਂ

//"ਦੇਈਂ ਦੇਈਂ ਵੇ ਬਾਬਲ ਓਸ ਘਰੇ, ਜਿਥੇ ਸੱਸੜੀ ਦੇ  ਜਾਇੜੇ ਸੱਤ। ਹਿੱਕ ਮੰਗੀਆਂ ਦੂਜਾ ਪਰਨੀਯਾ, ਮਹਿੰਡਾ ਨਿੱਤ ਕੜਾਹੀਆ ਚ ਹੱਥ। ਬਾਬਲ ਤੇਰਾ ਪੁੰਨ ਹੋਵੇ।"

     ਇੰਝ ਵਿਆਹ ਦੀ ਰਸਮ ਹੁੰਦੀ ਹੈ, ਧੀ ਤਰਲਾ ਕਰਦੀ ਹੈ ਕੇ ਉਸ ਦਾ ਡੋਲਾ ਬਾਬਲ ਦੀ ਦਹਿਲੀਜ਼ ਵਿੱਚੋਂ ਲੰਘ ਨਹੀਂ ਸਕੇਗਾ, ਸਮਾਜਿਕ ਮਰਯਾਦਾ ਦਾ ਬੰਨ੍ਹਿਆ ਬਾਬਲ, ਬੇਬੱਸ ਬਾਬਲ ਇੱਕ ਇੱਟ ਪਟਾਉਣ ਲਈ ਤਿਆਰ ਹੁੰਦਾ ਹੈ ਤੇ ਇੰਝ ਗੁਰਮਤਿ ਦੀ ਸਰਵੋਤਮ ਸਹਾਈ 'ਸਭਨਾਂ ਸੋਹਰੇ ਵੰਝਣਾ, ਸਭ ਮੁਕਲਾਵਣਹਾਰੁ।'