ਅਜੋਕੇ ਤੇਜ਼-ਤਰੀਨ ਦੌਰ ਵਿੱਚ ਜ਼ਿੰਦਗੀ ਬਾਬਤ ਸੰਭਾਵਨਾਵਾਂ ਵੀ ਬਦਲਦੀਆਂ ਨਜ਼ਰ ਆ ਰਹੀਆਂ ਹਨ। ਅੱਜਕੱਲ੍ਹ ਆਨ-ਲਾਈਨ ਮੋਡ ਵਿੱਚ ਕਾਰਜ ਹੋ ਰਹੇ ਹਨ। ਜਿੱਥੇ ਚੰਗੇ ਨਾਤੇ ਜੁੜ ਰਹੇ ਹਨ ਉੱਥੇ ਵਧੀਆ ਤੇ ਸੁਖਾਵਾਂ ਰੁਜ਼ਗਾਰ ਵੀ ਮਿਲ ਰਿਹਾ ਹੈ। ਪਰ ਹਰ ਖੇਤਰ ਵਿੱਚ ਮੁਕਾਬਲਾ ਹੋਣ ਕਾਰਨ ; ਹਰ ਇਨਸਾਨ ਨੂੰ ਕੁੱਝ ਵਿਸ਼ੇਸ਼ ਮੁਹਾਰਤ ਰੱਖਣ ਦੀ ਖੇਚਲ ਕਰਨੀ ਲਾਜ਼ਮੀ ਜਾਪਦੀ ਹੈ। ਅੱਜ ਅਸੀਂ "ਵੈੱਬ-ਦੇਵ ਭਾਵ ਵੈਬ-ਡਿਵੈਲਪਮੈਂਟ" ਬਾਰੇ ਵਿਚਾਰ ਕਰਾਂਗੇ। ਇਸ ਵਿਚ ਕੋਰਸ ਅਤੇ ਰੁਜ਼ਗਾਰ ਲਈ ਮੌਜੂਦ ਸੰਭਾਵਨਾਵਾਂ ਨੂੰ ਘੋਖਵੀਂ ਨਜ਼ਰ ਨਾਲ ਵੇਖਾਂਗੇ।
             ਵੈੱਬ-ਡਿਵੈਲਪਮੈਂਟ, ਵੈਬਸਾਈਟਾਂ ਦੇ ਖੇਤਰ ਵਿੱਚ ਕਾਰਜ ਕਰਨ ਨੂੰ ਕਿਹਾ ਜਾਂਦਾ ਹੈ ਜੋ ਇੰਟਰਨੈੱਟ ਦੇ ਮਾਧਿਅਮ ਰਾਹੀਂ ਕੀਤਾ ਜਾਂਦਾ ਹੈ। ਇਹ ਖੇਤਰ ਸਾਧਾਰਨ ਪੱਧਰ ਤੋਂ ਗੁੰਝਲਦਾਰ ਪੜਾਵਾਂ ਵੱਲ ਨੂੰ ਸਫ਼ਰ ਕਰਦਾ ਹੈ। ਇਸ ਵਿਚ ਇੰਟਰਨੈਟ ਐਪਲੀਕੇਸ਼ਨਾਂ (ਵੈਬ ਐੱਪਸ), ਇਲੈਕਟ੍ਰਾਨਿਕ ਕਾਰੋਬਾਰਾਂ ਅਤੇ ਸੋਸ਼ਲ ਨੈੱਟਵਰਕ ਤੱਕ ਵਿਚਾਰਿਆ ਜਾ ਸਕਦਾ ਹੈ। ਇਸ ਤੋਂ ਅੱਗੇ ਵੈਬ ਇੰਜੀਨੀਅਰਿੰਗ , ਵੈੱਬ ਡਿਜ਼ਾਈਨ , ਵੈੱਬ ਸਮੱਗਰੀ ਵਿਕਾਸ , ਕਲਾਇੰਟ ਸੰਪਰਕ,ਕਲਾਇੰਟ-ਸਾਈਡ / ਸਰਵਰ-ਸਾਈਡ ਸਕ੍ਰਿਪਟਿੰਗ , ਵੈਬ ਸਰਵਰ ਅਤੇ ਨੈਟਵਰਕ ਸੁਰੱਖਿਆ ਕਨਫਿਗਰੇਸ਼ਨ ਅਤੇ ਈ-ਕਾਮਰਸ ਡਿਵੈਲਪਮੈਂਟ ਆਦਿ ਖੇਤਰ ਆਉਂਦੇ ਹਨ।
             ਵੈਬ-ਡਿਜ਼ਾਈਨ ਤੇ ਵੈਬ-ਡਿਵੈਲਪਮੈਂਟ ਵਿੱਚ ਫ਼ਰਕ :- ਇਹ ਦੋਵੇਂ ਖੇਤਰ ਰੁਜ਼ਗਾਰ ਲਈ ਬੜੇ ਢੁੱਕਵੇਂ ਹਨ। ਬੇਸ਼ੱਕ ਇਕੋ ਜਿਹੇ ਜਾਪਦੇ ਨੇ ਪਰ ਵੈਬ-ਡਿਜ਼ਾਈਨ ਦੇ ਕਾਰਜ ਵਿੱਚ ਫਰੰਟ-ਐਂਡ ਨੂੰ ਡਿਜ਼ਾਈਨ ਕਰਨਾ ਹੁੰਦਾ ਹੈ। ਜਿਸ ਦਾ ਸਿੱਧਾ ਸੰਬੰਧ 'ਕਲਾਈਟ ਸਾਈਡ' ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਨਾਲ ਸੰਬੰਧਿਤ ਹੋਰ ਖੇਤਰਾਂ ਵਿੱਚ ਵੈੱਬ ਗ੍ਰਾਫ਼ਿਕ ਡਿਜ਼ਾਈਨ, ਯੂ.ਆਈ.(ਯੂਜਰ ਇੰਟਰਫੇਸ) ਡਿਜ਼ਾਈਨ ਅਤੇ ਯੂ.ਐੱਕਸ (ਯੂਜਰ ਐਕਪ੍ਰੀਅਸ) ਡਿਜ਼ਾਈਨ ਆਦਿ ਆਉਂਦੇ ਹਨ। ਜਦਕਿ ਵੈਬ-ਡਿਵੈਲਪਮੈਂਟ ਵਿੱਚ ਵੈਬਸਾਈਟ ਨੂੰ ਕੋਡਿੰਗ ਰਾਹੀਂ ਡਿਵੈਲਪ/ਵਿਕਸਤ ਕਰਨ ਨੂੰ ਕਿਹਾ ਜਾਂਦਾ ਹੈ।
              ਵੈੱਬ - ਡਿਵੈਲਪਮੈਂਟ ਦੇ ਦੋ ਭਾਗ ਹੁੰਦੇ ਹਨ। ੧) ਫਰੰਟ ਐਂਡ (ਜੋ ਯੂਜਰ ਨੂੰ ਦਿਸਦਾ ਹੈ) ਅਤੇ ੨) ਬੈੱਕ ਐਂਡ (ਜੋ ਯੂਜਰ ਨੂੰ ਨਹੀਂ ਦਿਸਦਾ)
        ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਤੁਸੀਂ ਵੈੱਬ-ਡਿਵੈਲਪਮੈਂਟ ਲਈ ਕਿਹੜੇ ਭਾਗ ਨੂੰ ਚੁਣਨਾ ਹੈ। ਆਮ ਤੌਰ 'ਤੇ ਫਰੰਟ ਐਂਡ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਜਿਸ ਵਿੱਚ ਕੰਮ ਕਰਨ ਲਈ ਕੰਪਿਊਟਰੀ ਭਾਸ਼ਾਵਾਂ ਐੱਚ.ਟੀ.ਐੱਮ.ਐੱਲ., ਸੀ.ਐੱਸ.ਐੱਸ. ਜਾਂ ਐਕਸ.ਐੱਮ.ਐੱਲ ਸਿੱਖਣ ਮਗਰੋਂ ਸੀ.ਐੱਸ.ਐੱਸ. ਫਰੇਮ-ਵਰਕ (ਰਿਸਪੋਸਿਵ ਅਤੇ ਬੂਟਸਟਿਪ) ਸਿੱਖਣਾ ਬੜਾ ਜ਼ਰੂਰੀ ਹੈ। ਕਿਉਂਕਿ ਇਸ ਨਾਲ ਕੋਡਿੰਗ ਕਰਨੀ ਕਾਫ਼ੀ ਆਸਾਨ ਹੋ ਜਾਂਦੀ ਹੈ ਅਤੇ ਕੋਡਿੰਗ ਫੁਰਤੀ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਅੱਗੇ ਜਾਵਾ ਸਕਰਿਪਟ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉਸ ਤੋਂ ਮਗਰੋਂ ਜਾਵਾ ਸਕਰਿਪਟ ਫਰੇਮ ਵਰਕ 'ਤੇ ਕੰਮ ਕਰਨਾ ਹੋਵੇਗਾ। ਇਸ ਵਿੱਚ 'ਐਂਗੂਲਰ ਅਤੇ ਰੀਐਟ' ਦੋ ਖੇਤਰ ਹਨ। 'ਰੀਐਟ' ਇਕ ਓਪਨ-ਸੋਰਸ ਹੈ। ਜੋ ਆਨ-ਲਾਈਨ ਮੁਫ਼ਤ ਉਪਲੱਬਧ ਹੈ।
                  ਉਦਾਹਰਣ ਲਈ ਫੇਸਬੁੱਕ ਨੂੰ ਮੇਨਟੇਨ ਕਰਨ ਲਈ ਰੀਐਟ ਦੀ ਵਰਤੋਂ ਕੀਤੀ ਜਾਂਦੀ ਹੈ। ਰੀਐਟ ਦੀ ਇੱਕੋ ਕਮਾਂਡ ਨਾਲ ਵੈਬਸਾਈਟ, ਓਂਡਰਾਇਡ ਐੱਪ ਤੇ ਆਈ.ਯੂ.ਐੱਸ. ਨੂੰ ਚਲਾਇਆ ਜਾ ਸਕਦਾ ਹੈ। ਰੀਐਟ ਦੀਆਂ ਕਿਸਮਾਂ ਵਿੱਚ 'ਫਲੈਕਸ, ਰੈੱਡ-ਐਕਸ ਤੇ ਮੋਬ-ਐਕਸ' ਆਉਂਦੇ ਹਨ। ਜੇਕਰ ਤੁਸੀਂ ਫਰੰਟ ਐਂਡ ਵਿੱਚ ਆਪਣਾ ਭਵਿੱਖ ਵੇਖ ਰਹੇ ਹੋ ਤਾਂ ਤੁਹਾਨੂੰ ਉਕਤ ਦੱਸੀਆਂ ਕੰਪਿਊਟਰੀ ਭਾਸ਼ਾਵਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। 
                ਸਾਡੇ ਕੋਲ ਵੈੱਬ-ਡਿਵੈਲਪਮੈਂਟ ਦਾ ਦੂਜਾ ਖੇਤਰ 'ਬੈੱਕ-ਐਂਡ' ਦਾ ਹੈ। ਤੁਹਾਨੂੰ ਕੰਪਿਊਟਰ ਦੀ ਕਿਸੇ ਇੱਕ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨੀ ਪਵੇਗੀ। ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣ ਨਾਲ ਵਧੇਰੇ ਲਾਭ ਹੋਵੇਗਾ।  ਇਸ ਵਿੱਚ ਜਾਵਾ, ਜਾਵਾ ਸਕਰਿਪਟ, ਪਾਈਥਨ, ਪੀ.ਐੱਚ.ਪੀ ਅਤੇ ਰੂਬੀ ਆ ਜਾਂਦੀਆਂ ਹਨ। ਇਨ੍ਹਾਂ ਕੰਪਿਊਟਰ ਦੀਆਂ ਭਾਸ਼ਾਵਾਂ ਵਿੱਚੋਂ ਅੱਜ ਕਲ੍ਹ ਪਾਈਥਨ,ਜਾਵਾ ਸਕਰਿਪਟ ਅਤੇ ਰੂਬੀ ਦੀ ਜ਼ਿਆਦਾ ਮੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਤੁਹਾਨੂੰ ਫਰੇਮ-ਵਰਕ ਸਿੱਖਣਾ ਪਵੇਗਾ ਜਿਸ ਵਿੱਚ ਰੂਬੀ ਆਨ ਰੇਲਸ ਅਤੇ ਡਿਜੈਗੋ ਸ਼ਾਮਲ ਹਨ। ਜੇਕਰ ਤੁਸੀਂ ਫਰੇਮ-ਵਰਕ ਸਿੱਖ ਲੈਂਦੇ ਹੋ ਤਾਂ ਪ੍ਰੋਗਰਾਮਿੰਗ ਫੁਰਤੀ ਨਾਲ ਕਰ ਸਕੋਗੇ। ਤੁਹਾਡਾ ਸਮਾਂ ਵੀ ਬਚੇਗਾ ਅਤੇ ਵੈਬ-ਡਿਵੈਲਪਮੈਂਟ ਦਾ ਕੰਮ ਵੀ ਜਲਦੀ ਹੋ ਜਾਵੇਗਾ। 
              ਜਦ ਤੁਸੀਂ 'ਬੈੱਕ-ਐਂਡ' ਲਈ ਕਾਰਜ ਕਰ ਰਹੇ ਹੁੰਦੇ ਹੋ ਤਾਂ ਇਸ ਵਿੱਚ ਤੁਹਾਨੂੰ ਡੀ.ਬੀ.ਐੱਮ.ਐਕਸ. ਭਾਵ ਡਾਟਾ ਬੇਸ ਮੈਨੇਜਮੈਂਟ ਸਿਸਟਮ ਬਾਰੇ ਵੀ ਗਿਆਨ ਹਾਸਲ ਕਰਨਾ ਪਵੇਗਾ। ਇਸ ਦੀਆਂ ਅੱੱਗੇ ਹੋਰ ਤਕਨੀਕੀ ਕਿਸਮਾਂ ਵੀ ਸਿੱਖਣ ਦੀ ਜਾਚ ਕਰਨੀ ਪਵੇਗੀ। 
                 ਪਿਆਰੇ ਦੋਸਤੋ ! ਇਹ ਸਾਰੀ ਸੰਜੀਦਾ ਜਾਣਕਾਰੀ ਵੈਬ-ਡਿਵੈਲਪਮੈਂਟ ਲਈ ਬੜੀ ਉਪਯੋਗੀ ਹੈ। ਇੱਥੇ ਜ਼ਿਕਰਯੋਗ ਹੈ ਕਿ ਤੁਸੀਂ ਆਪਣੀ ਸ਼ੁਰੂਆਤ ਐੱਚ.ਟੀ.ਐੱਮ.ਐੱਲ. ਤੋਂ ਕਰ ਸਕਦੇ ਹੋ। ਇਸੇ ਨਾਲ ਐੱਚ.ਟੀ.ਐੱਮ.ਐੱਲ. ਜਾਂ ਸੀ.ਐੱੲ.ਐੱਸ. ਤੁਸੀਂ ਮੁਫ਼ਤ ਵਿੱਚ ਆਨ-ਲਾਈਨ ਵੀ ਸਿੱਖ ਸਕਦੇ ਹੋ। ਤੁਹਾਨੂੰ ਵਿਚਾਰ ਕਰਨੀ ਪਵੇਗੀ ਕਿ ਤੁਸੀਂ 'ਫਰੰਟ-ਐਂਡ' ਵਿੱਚ ਕੰਮ ਕਰਨਾ ਹੈ ਜਾਂ 'ਬੈੱਕ-ਐਂਡ' 'ਚ। ਇੱਥੇ ਜੋ ਵੀ ਚੁਣੋਂ ਪਹਿਲਾਂ ਉਸ ਵਿੱਚ ਮੁਹਾਰਤ ਹਾਸਲ ਜ਼ਰੂਰ ਕਰੋ। ਯਾਦ ਰਹੇ ਕਿ ਫਰੰਟ ਐਂਡ ਤੇ ਬੈੱਕ ਐਂਡ ਦੋਵੇਂ ਖੇਤਰ ਦੇ ਮਾਹਰ ਨੂੰ 'ਫੁੱਲ ਸਟੈਕ ਡਿਵੈਲਪਰ' ਕਿਹਾ ਜਾਂਦਾ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਲਾਜ਼ਮੀ ਹੋਵੇਗੀ।
                ਇਹ ਇਕ ਸਿਰਜਣਾਤਮਕ ਖੇਤਰ ਹੈ। ਜੋ ਭਵਿੱਖ ਵਿੱਚ ਰੁਜ਼ਗਾਰ ਦਾ ਮੁੱਖ ਸਾਧਨ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਦੁਨੀਆਂ ਭਰ ਦੀਆਂ ਕੰਪਨੀਆਂ ਵਿੱਚ ਵੈਬਸਾਈਟਾਂ ਦੀ ਵੱਡੀ ਮੰਗ ਹੈ। ਜਿੰਨ੍ਹਾਂ ਦੀ ਰੋਜ਼ਾਨਾ ਅਪਡੇਸ਼ਨ ਬਹੁਤ ਜ਼ਰੂਰੀ ਹੈ। ਇਉਂ  ਇਕ ਵੈੱਬ-ਡਿਵੈਲਪਰ ਦੇ ਪ੍ਰੋਜੈਕਟ ਕਦੀ ਖ਼ਤਮ ਨਹੀਂ ਹੁੰਦੇ ਜਦਕਿ ਨਵੇਂ ਪ੍ਰੋਜੈਕਟ ਮਿਲਦੇ ਜ਼ਰੂਰ ਰਹਿੰਦੇ ਹਨ। ਇਸ ਖੇਤਰ ਵਿੱਚ ਆਉਣ ਵਾਲੇ ਮਿਹਨਤੀ ਅਤੇ ਸ਼ੌਕੀਨ ਇਨਸਾਨ ੧) ਪਹਿਲਾਂ ਇੰਟਰਨੈੱਟ ਤੋਂ ਬੇਸਿਕ ਗਿਆਨ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹਨ। ਜਿਸ ਵਿੱਚ 'ਕੋਡ-ਅਕੈਡਮੀ', ਉਡੇਮੀ, ਉਡਾਸਿਟੀ ਅਤੇ ਕਾਊਸੇਰਾ ਆਦਿ ਦੀ ਸਹਾਇਤਾ ਲਈ ਜਾ ਸਕਦੀ ਹੈ। ਇਸੇ ਤਰ੍ਹਾਂ ਮੋਬਾਈਲ ਐੱਪਸ 'ਸੋਲੋ ਲਰਨ, ਪ੍ਰੋਗਰਾਮਿੰਗ ਹੱਬ ਅਤੇ ਕੋਡ ਅਕੈਡਮੀ ਐੱਪਸ ਆਦਿ ਵੀ ਮੌਜੂਦ ਹਨ। ਤੁਸੀਂ ਇਨ੍ਹਾਂ ਵੈੱਬਸਾਈਟਾਂ ਤੋਂ ਮੁੱਢਲੀ ਜਾਣਕਾਰੀ ਹਾਸਲ ਕਰ ਸਕਦੇ ਹੋ। 
               ਜੇਕਰ ਤੁਸੀਂ ਇਸ ਖੇਤਰ ਲਈ ਆਫ਼-ਲਾਈਨ ਸਿੱਖਿਆ ਕੇਂਦਰ ਵਿੱਚ ਪੜ੍ਹਾਈ ਕਰਨੀ ਚਾਹੋਗੇ ਤਾਂ ਆਪਣੇ ਇਲਾਕੇ ਦੇ ਸੰਜੀਦਾ ਕੇਂਦਰ ਦੀ ਭਾਲ ਕਰੋ। ਤੁਹਾਨੂੰ ਬਹੁਤੀ ਸਮਝ ਆਪਣੇ ਹੱਥੀਂ ਕਾਰਜ ਕਰਨ ਉਪਰੰਤ ਹੀ ਆਵੇਗੀ। ਸੋ ਵੱਧ ਤੋਂ ਵੱਧ ਨਿੱਠ ਕੇ ਪ੍ਰੋਗਰਾਮਿੰਗ ਲਈ ਸਮਾਂ ਦੇਣਾ ਪਵੇਗਾ। ਇੱਕ ਵਾਰ ਮੁਹਾਰਤ ਹਾਸਲ ਕਰਨ ਉਪਰੰਤ ਵਧੀਆ ਕਮਾਈ ਵਾਲੀ ਨੌਕਰੀ ਕਰ ਸਕਦੇ ਹੋ।
                  ਮੇਰੇ ਸੰਜੀਦਾ ਪਾਠਕੋ ! ਇਸ ਖੇਤਰ ਵਿੱਚ ਦਸ ਹਜ਼ਾਰ ਤੋਂ ਲੱਖਾਂ ਤੱਕ ਦੀ ਕਮਾਈ ਕੀਤੀ ਜਾ ਸਕਦੀ ਹੈ। ਤੁਹਾਨੂੰ ਸਿਰੜ ਤੇ ਸਿਦਕ ਨਾਲ ਕੰਮ ਕਰਨਾ ਪਵੇਗਾ। ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਵੀ ਪੰਜਾਬੀਆਂ ਤੋਂ ਆਪਣੀਆਂ ਵੈਬਸਾਈਟਾਂ ਤਿਆਰ ਕਰਵਾ ਰਹੀਆਂ ਹਨ। ਤੁਸੀਂ ਸ਼ੋਸਲ ਨੈੱਟਵਰਕਿੰਗ ਦੇ ਐੱਪਸ ਵੀ ਬਣਾ ਸਕਦੇ ਹੋ। ਇਨ੍ਹਾਂ ਉਕਤ ਸੰਸਥਾਵਾਂ ਵਿੱਚ ਕੰਮ ਕਰ ਸਕਦੇ ਹੋ। ਤੁਸੀਂ ਆਪਣੀ ਅਕੈਡਮੀ ਬਣਾ ਕੇ ; ਨਵੇਂ ਸਿਖਾਂਦਰੂਆਂ ਨੂੰ ਸਿੱਖਿਆ ਦੇ ਸਕਦੇ ਹੋ। 
                   ਜੇਕਰ ਤੁਸੀਂ ਜਲਦੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਕੱਲੇ ਅੱਗੇ ਵਧੋ ਪਰ ਜੇਕਰ ਸਹਿਜੇ ਪਰ ਜ਼ਿਆਦਾ ਤਾਂ ਇਕ ਟੀਮ ਦੇ ਰੂਪ ਵਿੱਚ ਵੀ ਕੰਮ ਕਰ ਸਕਦੇ ਹੋ। ਇੱਥੇ ਇਹ ਵੀ ਦੱਸ ਦਿਆਂ ਕਿ ਤੁਸੀਂ ਇਸ ਦੁਨੀਆਂ ਵਿੱਚ ਜ਼ਿਆਦਾ ਖੇਤਰਾਂ ਦੇ ਗਿਆਨ/ਜਾਣਕਾਰੀ ਦੀ ਕਾਹਲ ਨਾਲੋਂ ਇਕ ਖੇਤਰ ਵਿੱਚ ਬਹੁਤ ਚੰਗੀ ਤੇ ਕੰਮ ਦੀ ਜਾਣਕਾਰੀ ਹਾਸਲ ਕਰੋਗੇ ਤਾਂ ਵਧੀਆ ਰੁਜ਼ਗਾਰ ਕਰ ਸਕੋਗੇ।

 (ਨੋਟ - ਮੇਰਾ ਇਹ ਆਰਟੀਕਲ 'ਜੱਗ-ਬਾਣੀ' ਵਿਚ ਮੰਜ਼ਿਲ ਅੰਕ ਅਧੀਨ ਪ੍ਰਕਾਸ਼ਿਤ ਹੋਇਆ ਸੀ।)