ਸਾਹਿਤ ਜੀਵਨ ਦੀ ਅਭਿਵਿਅਕਤੀ ਹੈ ਅਤੇ ਜੀਵਨ ਸਮਾਜ ਨਾਲ ਸਿੱਧਾ ਸਬੰਧ ਰੱਖਦਾ ਹੈ ।ਸਮਾਜ ਦੀਆਂ ਮੂਲ ਪ੍ਰਵਿਰਤੀਆਂ ਸਾਹਿਤ ਦੀਆਂ ਮੂਲ ਪ੍ਰਵਿਰਤੀਆਂ ਨਾਲ ਜੁੜ ਜਾਂਦੀਆਂ ਹਨ । ਹਰ ਸਾਹਿਤਕ ਰਚਨਾ ਦਾ ਜਿੱਥੇ ਭਾਸ਼ਾਈ ਅਸਤਿਤਵ ਹੁੰਦਾ ਹੈ ਉੱਥੇ ਸੱਭਿਆਚਾਰਕ ਅਸਤਿਤਵ  ਵੀ ਹੁੰਦਾ ਹੈ ।ਕਿਸੇ ਵੀ ਸਮੇਂ ਦੇ ਸਾਹਿਤ ਨੂੰ ਉਸ ਦੇ ਸੱਭਿਆਚਾਰਕ ਪ੍ਰਸੰਗ ਚ ਰੱਖ ਕੇ ਪਰਖਣ ਨਾਲ ਸਾਹਿਤ ਦਾ ਪ੍ਰਯੋਜਨ ਸਹੀ ਤਰੀਕੇ ਨਾਲ ਪਛਾਨਣਾ ਸੰਭਵ ਹੁੰਦਾ ਹੈ। ਪਦਾਰਥਵਾਦੀ ਵਿਰੋਧ ਵਿਕਾਸੀ ਫਲਸਫੇ ਦੇ ਧਾਰਨੀ ਸਾਹਿਤ ਚਿੰਤਕਾਂ ਦਾ ਮੱਤ ਹੈ ਕਿ ਵਾਰ ਵਾਰ ਦੁਹਰਾਏ ਜਾਣ ਕਾਰਨ ਜਦੋਂ ਸਭਿਆਚਾਰਕ ਪੈਟਰਨ ਮਨੁੱਖੀ ਚੇਤਨਾ ਦਾ ਅੰਗ ਬਣ ਜਾਂਦੇ ਹਨ ਤਾਂ ਉਹ ਕਲਾਤਮਿਕ ਬਿੰਬਾਂ ਦੇ ਰੂਪ ਵਿੱਚ ਮੁੜ ਸਿਰਜੇ ਜਾਣ ਸਮੇਂ ਵਿਸ਼ੇਸ਼ ਤਰ੍ਹਾਂ ਦੀ ਸੁਹਜਾਤਮਕ ਅਰਥ ਗ੍ਰਹਿਣ ਕਰ ਲੈਂਦੇ ਹਨ। ਜਿਨ੍ਹਾਂ ਦੇ ਆਪਸੀ ਸਬੰਧ ਜਾਨਣ ਤੋਂ ਪਹਿਲਾਂ ਸਾਹਿਤ ਤੇ ਸਭਿਆਚਾਰ ਬਾਰੇ ਜਾਣ ਲੈਣਾ ਜ਼ਰੂਰੀ ਹੈ ।
          ਸਾਹਿਤ ਜੀਵਨ ਦਾ ਦਰਪਣ ਤੇ ਸਮਾਜ ਦੀ ਡੰਗੋਰੀ ਹੈ। ਇਸ ਦਾ ਪ੍ਰਯੋਜਨ ਸੱਤਿਯਮ ,ਸ਼ਿਵਮ, ਸੁੰਦਰਮ ਮੰਨਿਆ ਜਾਂਦਾ ਹੈ ।
ਰੈਨੇ ਵੈਲਿਕ ਮੁਤਾਬਿਕ ,
        "ਕੋਈ ਵੀ ਸਾਹਿਤਕ ਕਲਾਕ੍ਰਿਤ ਇੱਕ ਸਿੱਧ ਪੱਧਰੀ ਵਸਤੂ ਨਹੀਂ ,ਇੱਕ ਆਧਿਕ ਅਰਥਾਂ ਤੇ ਸੰਬੰਧਾਂ ਨੂੰ ਜਨਮ ਦੇਣ ਵਾਲੀ ਇੱਕ ਅਤਿਅੰਤ ਜਟਿਲ ਕ੍ਰਿਤ ਹੈ ।"
      ਸੱਭਿਆਚਾਰ ਸਾਡੇ ਕੰਮਾਂ- ਧੰਦਿਆਂ ,ਕਾਰਾਂ -ਵਿਹਾਰਾਂ ,ਰੀਤਾਂ- ਰਸਮਾਂ ਅਤੇ ਜੀਵਨ ਵਿਧੀਆਂ ਦਾ ਸਮੁੱਚ ਹੈ ।
ਹਰਸਕੋਵਿਟਸ ਮੁਤਾਬਿਕ ,
     "  ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਤ ਭਾਗ ਹੈ ।"
ਅਸੀਂ ਆਖ ਸਕਦੇ ਹਾਂ ਕਿ ਸਾਹਿਤ ਤੇ ਸੱਭਿਆਚਾਰ ਸਮਾਜਿਕ ਚੇਤਨਾ ਦਾ ਸਿਰਜਣਾਤਮਕ ਪ੍ਰਗਟਾਅ ਹਨ। ਸੱਭਿਆਚਾਰ ਸਾਹਿਤ ਦਾ ਵਿਭਾਵ ਹੈ ।ਇਨ੍ਹਾਂ ਦੇ ਸੰਬੰਧਾਂ ਨੂੰ ਦੋ ਪੱਧਰਾਂ ਤੇ ਵਿਚਾਰਿਆ ਜਾ ਸਕਦਾ ਹੈ -ਇਕਾਲਕੀ(synchronic) ਤੇ(dichronic) ਕਾਲਕ੍ਰਮਕੀ।
1.ਇਕਾਲਕੀ -:ਇਸ ਅਧੀਨ ਇਹ ਵਿਚਾਰਿਆ ਜਾ ਸਕਦਾ ਹੈ ਕਿ ਸਾਹਿਤ ਦੀ ਸਿਰਜਨ ਪ੍ਰਕਿਰਿਆ ਵਿੱਚ ਸੱਭਿਆਚਾਰਕ ਤੱਤ ਕਿਵੇਂ ਸ਼ਾਮਿਲ ਹੁੰਦੇ ਹਨ ।ਸਾਹਿਤ ਦੇ ਤੱਤਾਂ ਦਾ ਨਿਰਣਾ ਕਰਨ ਵਿੱਚ ਸੱਭਿਆਚਾਰ ਕਿਵੇਂ ਭੂਮਿਕਾ ਨਿਭਾਉਂਦਾ ਹੈ ।
ਕਾਲਕ੍ਰਮਕੀ-: ਇਸ ਵਿੱਚ ਇਹ ਵਿਚਾਰਿਆ ਜਾ ਸਕਦਾ ਹੈ ਕਿ ਸੱਭਿਆਚਾਰ ਦੀ ਇੱਕ ਵਿਸ਼ੇਸ਼ ਪੜਾਅ ਨਾਲ ਸਾਹਿਤ ਦੇ ਕਿਹੜੇ ਰੂਪਾਂ ਦਾ ਸਬੰਧ ਹੈ। ਸਮਾਜਿਕ ਵਿਕਾਸ ਨਾਲ ਸਾਹਿਤਕ ਰੂਪ ਕਿਵੇਂ ਵਿਕਾਸ ਕਰਦੇ ਹਨ ।
1)ਇਕਾਲਕੀ ਪੱਧਰ ਦਾ ਸਬੰਧ ਸਾਹਿਤ ਦੀ ਸਿਰਜਣ ਪ੍ਰਕਿਰਿਆ ਤੇ ਸਿਰਜਣਾ ਸੰਬੰਧਾਂ ਨਾਲ ਹੈ ।
2) ਕਾਲਕ੍ਰਮਕੀ ਪੱਧਰ ਦਾ ਸਬੰਧ ਸਾਹਿਤਕ ਇਤਿਹਾਸ ਦੇ ਸੱਭਿਆਚਾਰਕ ਵਿਕਾਸ ਨਾਲ ਹੈ। ਇਹ ਦੋਵੇਂ ਇੱਕ ਦੂਜੇ ਦੀ ਉਸਾਰੀ ਕਰਦੇ ਹਨ ਤੇ ਇੱਕ ਦੂਸਰੇ ਤੋਂ ਪ੍ਰਭਾਵਿਤ ਹੁੰਦੇ ਹਨ ।
              1.ਇਕਾਲਕੀ ਪੱਧਰ 
        1)ਵਿਸ਼ਾ 2)ਵਿਚਾਰ 3)ਭਾਵ 4)ਸ਼ੈਲੀ5) ਸੁਹਜ 6)ਸੱਚ ;ਸਾਹਿਤ ਦੇ ਉਪਰੋਕਤ ਛੇ ਤੱਤ ਸੱਭਿਆਚਾਰਕ ਧਰਾਤਲ ਨਾਲ ਗਹਿਰਾ ਸਬੰਧ ਰੱਖਦੇ ਹਨ ਜਾਂ ਸੱਭਿਆਚਾਰਕ ਉਪਜ ਲੱਗਦੇ ਹਨ।
         ਸਾਹਿਤ ਸਿਰਜਣ ਪ੍ਰਕਿਰਿਆ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ  1)ਵਿਚਾਰਧਾਰਕ 2)ਬੌਧਿਕ 3)ਸੁਹਜਾਤਮਕ। ਸਾਹਿਤਕਾਰ ਸਮਾਜ ਦਾ ਸੁਹਿਰਦ ਮੈਂਬਰ ਹੋਣ ਦੇ ਨਾਤੇ ,ਪਰੰਪਰਾ ਤੋਂ ਵਿਸ਼ਵਾਸ, ਵਿਚਾਰ ਤੇ ਅਨੁਭਵ ਹਾਸਲ ਕਰਦਾ ਹੈ ਤੇ ਇਸ ਦੇ ਨਾਲ ਹੀ ਉਹ ਵਰਤਮਾਨ ਵਿੱਚ ਗਿਆਨ ਇੰਦਰੀਆਂ ਤੇ ਅਨੁਭਵਾਂ  ਦੀ ਸੁੱਧ ਨਾਲ ਆਪਣੇ ਚੁਗਿਰਦੇ ਨੂੰ ਸਮਝਣ ਦਾ ਯਤਨ ਕਰਦਾ ਹੈ  
ੳ) ਵਿਸ਼ਾ ਵਸਤੂ :-
                         ਸਾਹਿਤਕਾਰ ਸਮਾਜ ਦੇ ਵਿਸ਼ਾਲ ਚਿੱਤਰਪੱਟ ਵਿੱਚੋਂ ਕੁਝ ਕੁ ਖਾਸ ਘਟਨਾਵਾਂ ਜਾਂ ਬਿਰਤਾਂਤਾਂ ਨੂੰ ਚੁਣ ਕੇ ਉਸ ਨੂੰ ਸਥਾਪਿਤ ਸੱਭਿਆਚਾਰਕ ਪਰੰਪਰਾ ਚ ਪੇਸ਼ ਕਰਦਾ ਹੈ ।ਕਿਸੇ ਸਮੇਂ ਦਾ ਸਥਾਪਿਤ ਸੱਭਿਆਚਾਰ ਲੋਕਾਂ ਦੇ ਸਮਾਜਿਕ ਜੀਵਨ ਨੂੰ ਨਿਰਧਾਰਿਤ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਕਿਸੇ ਸਮੇਂ ਦਾ ਸੱਭਿਆਚਰਕ, ਸਬੰਧਤ ਸਮਾਜ ਦੇ ਸਮਾਜਿਕ ਜੀਵਨ ਦਾ ਹੀ ਪ੍ਰਤੀਬਿੰਬ ਹੁੰਦਾ ਹੈ ।
ਪਲੋਖਾਨੋਵ ਕਲਾ ਸਬੰਧੀ ਪ੍ਰਚਲਿਤ ਵਿਸ਼ਵਾਸ ਨੂੰ ਸਮਾਜਿਕ ਵਾਤਾਵਰਨ ਦੀ ਬੇਸੁਰਤਾਂ ਵਿੱਚੋਂ ਪੈਦਾ ਹੋਇਆ ਦੱਸਦਾ ਹੈ। ਸ੍ਰੇਸ਼ਠ ਸਾਹਿਤ ਦੀ ਰਚਨਾ ਲਈ ਸਾਹਿਤ, ਸਮਾਜ ਅਤੇ ਸੱਭਿਆਚਾਰ ਇੱਕ ਸੁਰਤਾ ਜ਼ਰੂਰੀ ਹੈ ।
ਅ) ਵਿਚਾਰ :-ਜਿਹੜੇ ਸਾਹਿਤ ਰੂਪ ਸੱਭਿਆਚਾਰ ਦੇ ਵਧੇਰੇ ਨੇੜੇ ਹੁੰਦੇ ਹਨ ਉਨ੍ਹਾਂ ਵਿੱਚ ਵਿਚਾਰਾਂ ਦਾ ਪ੍ਰਗਟਾਅ ਧੀਮਾ ਹੁੰਦਾ ਹੈ ।ਜਿਹੜੇ ਸੱਭਿਆਚਾਰ ਤੋਂ ਥੋੜ੍ਹੇ ਸੁਤੰਤਰ ਹੁੰਦੇ ਹਨ ਉਨ੍ਹਾਂ ਚ ਵਿਚਾਰਾਂ ਦਾ ਪ੍ਰਗਟਾਅ ਪ੍ਰਬਲ ਹੁੰਦਾ ਹੈ ।ਸਾਹਿਤਕਾਰ ਉਸੇ ਵਿਚਾਰ ਤੋਂ ਪ੍ਰੇਰਿਤ ਹੁੰਦਾ ਹੈ ਜੋ ਸਮਾਜ ਵਿੱਚ ਸੰਚਾਰ ਸਾਧਨ ਬਣਨ ਦੀ ਸਮਰੱਥਾ ਰੱਖਦਾ ਹੋਵੇ ।
                 ਜਮਾਤੀ ਸਮਾਜ ਚ ਸੱਭਿਆਚਾਰ ਵੀ ਜਮਾਤੀ ਹੁੰਦਾ ਹੈ। ਅਜਿਹੀ ਵਿਵਸਥਾ ਚ ਵਿਚਾਰਾਂ ਦਾ ਜਮਾਤੀ ਹੋਣਾ ਸੁਭਾਵਿਕ ਹੈ ।ਇਹ ਵਿਚਾਰ ਸਮੇਂ ਦੇ ਸਾਹਿਤ ਵਿੱਚ ਭਾਰੂ ਹੋਣ ਤੇ ਵਿਅਕਤ ਹੁੰਦੇ ਹਨ ।
ੲ) ਭਾਵ:-  ਭਾਵ ਸੰਚਾਰ ਵੀ ਹੁੰਦਾ ਹੈ ,ਭਾਵ ਰਾਹੀਂ ਸਾਹਿਤਕਾਰ ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਸਮਾਂਤਰ ਭਾਵ ਪੈਦਾ ਕਰਦਾ ਹੈ । ਭਾਵ ਸਾਹਿਤ ਦਾ ਬੁਨਿਆਦੀ ਤੱਤ ਹੈ, ਅਤੇ ਸੱਭਿਆਚਾਰਕ ਪਰੰਪਰਾ ਦਾ ਅਟੁੱਟ ਅੰਗ ਹੈ ।ਇਸ ਲਈ ਭਾਵ ਦੀ ਉਤਪਤੀ ਲਈ ਸਾਹਿਤਕਾਰ ਨੂੰ ਨਿਰੋਲ ਸੱਭਿਆਚਾਰਕ ਪਰੰਪਰਾ ਤੇ ਨਿਰਭਰ ਕਰਨਾ ਪੈਂਦਾ ਹੈ । ਦੂਜੀਆਂ ਭਾਸ਼ਾਵਾਂ ਦਾ ਸਾਹਿਤ ਓਪਰਾ ਲੱਗਣ ਦਾ ਇਹੀ ਕਾਰਨ ਹੁੰਦਾ ਹੈ ਕਿ ਉਹ ਸਾਡੀ ਸੱਭਿਆਚਾਰਕ ਪਰੰਪਰਾ ਦਾ ਭਾਗ ਨਹੀਂ ਬਣ ਸਕਦਾ ।
ਸ) ਸ਼ੈਲੀ:- ਸਾਹਿਤ ਬਾਹਰੀ ਯਥਾਰਥ ਨੂੰ ਸਾਧਾਰਨ ਬਿੰਬਾਂ ਵਿੱਚ ਪੇਸ਼ ਨਹੀਂ ਕਰਦਾ ਸਗੋਂ ਕਲਾਮਈ ਬਿੰਬਾਂ ਵਿੱਚ ਵਿਅਕਤ ਕਰਦਾ ਹੈ। ਸਾਹਿਤ ਯਥਾਰਥ ਦਾ ਸੁਹਜਾਤਮਕ ਪ੍ਰਗਟਾਅ ਹੈ ।ਸਮਾਜਿਕ ਚੌਗਿਰਦੇ ਨਾਲ ਇੱਕ ਸੁਰ ਹੋਏ, ਸੱਭਿਆਚਾਰਕ- ਪਰੰਪਰਾ ਨਾਲ ਜੁੜੇ ਹੋਏ ਲੋਕ ਬੋਲੀ ਤੇ ਮੁਹਾਰਤ ਪ੍ਰਾਪਤ ਵਿਅਕਤੀ  ਦਾ ਸਰਲ ਸਪੱਸ਼ਟ ਹੋਣਾ ਕੁਦਰਤੀ ਹੈ। ਵੈਸੇ ਸ਼ੈਲੀ ਵਿਅਕਤੀਗਤ ਭੂਸ਼ਣ ਹੈ ।ਪਰ ਇਹ ਉਸ ਭਾਸ਼ਾ ਵਿੱਚ ਪ੍ਰਚਲਿਤ ਸ਼ੈਲੀ ਪਰੰਪਰਾ 'ਚ ਕਿਤੇ ਨਾ ਕਿਤੇ ਜ਼ਰੂਰ ਖੜ੍ਹਦੀ ਹੈ ।
ਹ) ਸੁਹਜ :-  ਲੋਕਾਂ ਦੀ ਸੁਹਜ ਭਾਵਨਾ ਇਤਿਹਾਸਕ ਪ੍ਰਕਿਰਿਆ ਦੇ ਵਹਾਅ ਵਿੱਚ ਬਦਲਦੀ ਰਹਿੰਦੀ ਹੈ ।ਸੁਹਜ ਵਿੱਚ ਸਾਹਿਤ  ਦੀ ਸੁਰ, ਤਾਲ ,ਲੈਅ ,ਸਮਾਪਤਾ ਅਤੇ ਸੁੰਦਰਤਾ ਦਾ ਸੰਕਲਪ ਇੱਕ ਮੇਲ ਹੋਏ ਹੁੰਦੇ ਹਨ। ਸੋ ਸੰਬੰਧਤ  ਕਲਾਕ੍ਰਿਤ ਨੂੰ ਲੋਕਾਂ ਵੱਲੋਂ ਸਵੀਕਾਰੇ ਤੇ ਸਲਾਹੇ ਡਿਜ਼ਾਈਨ ਦੇ ਨੇੜੇ ਹੋਣਾ ਚਾਹੀਦਾ ਹੈ ।
ਕ) ਸਾਹਿਤਕ ਸੱਚ:-  ਜਜ਼ਬਾ ਅਨੁਭਵੀ ਮਨੁੱਖਾਂ ਦੀ ਮਾਨਸਿਕ ਅਭਿਵਿਅੰਜਨਾ ਹੈ ।ਜਜ਼ਬਾ ਜਗਾਉਣ ਵਾਲੀ ਸਮੱਗਰੀ ਮਨੁੱਖ ਦੇ ਮਨ ਅੰਦਰ ਹੀ ਨਹੀਂ ਸਮਾਈ ਹੁੰਦੀ, ਉਹ ਇਸ ਸਮੱਗਰੀ ਦੀ ਬਾਹਰੀ ਚੌਗਿਰਦੇ 'ਚੋਂ ਚੋਣ ਕਰਦਾ ਹੈ ।ਸਾਹਿਤ ਵਿੱਚ ਸੱਚ ਪਰਿਵਰਤਨਸ਼ੀਲ ਹੁੰਦਾ ਹੈ ।
      ਸਾਹਿਤ ਦੀ ਤੱਤਾਂ ਦੀ  ਸੱਭਿਆਚਾਰ ਨਾਲ ਸਾਂਝ ਪਾ ਕੇ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸਾਹਿਤਿਕ ਤੱਤਾਂ ਦੀਆਂ ਦੋ ਵੰਨਗੀਆਂ ਹਨ- ਇੱਕ ਵੰਨਗੀ- ਸ਼ਖ਼ਸੀਅਤ 'ਹੁਨਰ ,ਅਭਿਆਸ, ਪ੍ਰਤਿਭਾ ਤੇ ਬੌਧਿਕ ਪੱਧਰ ਨਾਲ ਤੇ ਦੂਜੀ ਵੰਨਗੀ -ਸੱਭਿਆਚਾਰਕ ਤੇ ਸਮਾਜਿਕ ਪਰੰਪਰਾ ਦੇ ਵਿਕਾਸ ਨਾਲ ਸਬੰਧ ਰੱਖਦੀ ਹੈ ।ਇਨ੍ਹਾਂ ਦੋਨਾਂ ਵੰਨਗੀਆਂ ਦਾ ਸੁਮੇਲ ਹੀ ਸਾਹਿਤ ਹੈ। ਅਮੀਰ ਸੱਭਿਆਚਾਰ ਮਹਾਨ ਸ਼ਖ਼ਸੀਅਤਾਂ ਪੈਦਾ ਕਰਦੇ ਹਨ ਜੋ ਉੱਤਮ ਸਾਹਿਤ ਰਚਦੀਆਂ ਹਨ ।
        ਸਾਹਿਤ ਸੱਭਿਆਚਾਰ ਅਤੇ   ਵਿਅਕਤੀ ਦਾ ਸਬੰਧ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ :-
ਸਾਹਿਤ -ੳ ) ਵਿਅਕਤੀ (ਅਭਿਆਸ ,ਹੁਨਰ ,ਪ੍ਰਤਿਭਾਬੰਦ )-ਬੌਧਿਕ ,ਕਾਲਪਨਿਕ 
ਅ ) ਸੱਭਿਆਚਾਰ (ਸੁਹਜ', ਸੰਵੇਦਨਾ ,ਸੁਰ-ਤਾਲ )- ਜਜ਼ਬਾ ,ਸੁਹਜ ,ਭਾਵ 
ਵਿਅਕਤੀਗਤ ਵੰਨਗੀ 'ਚ ਆਉਣ ਵਾਲੇ ਸਾਹਿਤਕ ਤੱਤ ਵੀ ਪ੍ਰੇਰਨਾ ਸੱਭਿਆਚਾਰਕ ਧਰਾਤਲ ਤੇ ਹੀ ਲੈਂਦੇ ਹਨ ।ਸਾਹਿਤ ਇੱਕ ਅਜਿਹਾ ਜਜ਼ਬਾ ਹੈ ਜਿਸਦੀ ਸਿਰਜਣਾ ਸੱਭਿਆਚਾਰਕ ਸਮੱਗਰੀ ਤੋਂ ਬਿਨਾਂ ਸੰਭਵ ਨਹੀਂ ।
       2. ਕਾਲਕ੍ਰਮੀ ਪੱਧਰ 
ੳ ) ਸਾਹਿਤ ਦਾ ਕਾਲਕਰਮੀ ਪੱਧਰ ਸਬੰਧਿਤ ਸਾਹਿਤ ਦਾ ਇਤਿਹਾਸ ਹੀ ਹੁੰਦਾ ਹੈ । ਸਾਹਿਤ ਦਾ ਕਾਲਕ੍ਰਮੀ ਪ੍ਰਸੰਗ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰੀ ਰਿਸ਼ਤਿਆਂ ਦੇ ਬਦਲਣ ਨਾਲ ਬਦਲਦਾ ਰਹਿੰਦਾ ਹੈ ।ਸਾਹਿਤ ਸਮਾਜਿਕ ਤੇ ਸੱਭਿਆਚਾਰਕ ਚੇਤਨਾ ਦਾ ਪ੍ਰਗਟਾਅ ਹੋਣ ਸਦਕਾ ਇਨ੍ਹਾਂ ਪਰਿਵਰਤਨਾਂ ਤੋਂ ਸਾਰਥਿਕ ਤੌਰ ਤੇ ਪ੍ਰਭਾਵਿਤ ਹੁੰਦਾ ਹੈ ।
ਅ ) ਹੱਥ ਕਿਰਤੀ ਸਮਾਜ ਸੁਰ, ਲੈਅ ਤੇ ਤਾਲ ਨੂੰ ਮਹੱਤਵ ਪ੍ਰਦਾਨ ਕਰਦਾ ਹੈ ।ਉਹ ਹਰ ਦਾਤ ਲਈ ਕੁਦਰਤ ਦਾ ਧੰਨਵਾਦੀ ਹੁੰਦਾ ਹੈ। ਇਹ ਅਵਸਥਾ ਭਾਵਾਂ ਨੂੰ ਪ੍ਰਫੁੱਲਤ ਹੋਣ ਦਿੰਦੀ ਹੈ ।ਕਵਿਤਾ ਚ ਭਾਵ ਪ੍ਰਧਾਨ ਹੁੰਦੇ ਹਨ, ਜਿਉਂ ਜਿਉਂ ਕਵਿਤਾ ਤਰਕ ਪ੍ਰਧਾਨ ਹੁੰਦੀ ਹੈ ,ਰੂਪ ਬਦਲਦੀ ਵਾਰਤਕ ਨੇੜੇ ਹੁੰਦੀ ਜਾਂਦੀ ਹੈ ।ਸੰਸਾਰ ਵਿੱਚ ਹਰ ਸਾਹਿਤ ਕਵਿਤਾ ਨਾਲ ਆਰੰਭ ਹੁੰਦਾ ਹੈ ।
ੲ ) ਪੈਦਾਵਾਰੀ ਸ਼ਕਤੀਆਂ ਵਿਕਸਤ ਹੋਣ ਨਾਲ ਸਮਾਜ ਪ੍ਰਬੰਧ ਦੀ ਅਵਸਥਾ ਬਦਲਦੀ ਹੈ ।ਨਵੇਂ ਪ੍ਰਬੰਧ ਸਿਰਜਣ ਲਈ, ਜਗੀਰਦਾਰੀ ਦਾ ਪ੍ਰਸਾਰ ਕਰਨ ਲਈ ,ਜਗੀਰਦਾਰੀ ਨਾਲ ਸੰਬੰਧਤ ਧਰਮ ਤੇ ਦਰਸ਼ਨ ਦੇ ਪ੍ਰਸਾਰ ਲਈ ਮਹਾਂਕਾਵਿ ਪ੍ਰਮੁੱਖ ਰੂਪ ਵਜੋਂ ਉੱਭਰਦਾ ਹੈ ।ਰਾਮਚੰਦਰ ਦੁਆਰ ਰਾਜਾ ਜਨਕ ਦਾ ਧਨੁੱਖ ਤੋੜਨਾ ਤੇ ਸੀਤਾ ਨੂੰ ਪਰਨਾਉਣਾ, ਸ਼ਿਕਾਰੀ ਜੀਵਨ ਸਥਿਤੀ ਤੋਂ ਖੇਤੀ ਦੇ ਆਧਾਰ ਤੇ ਜੀਵਨ, ਸਥਿਤੀ ਵਿੱਚ ਪਰਿਵਰਤਨ ਦਾ ਸੰਕੇਤ ਹੈ। ਪੰਜਾਬੀ ਸਾਹਿਤ ਦੇ ਜਨਮ ਤੋਂ ਹੁਣ ਤੀਕ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਤਾਂ ਹੀ ਇਸੇ ਕਾਰਨ ਇੱਥੇ ਮਹਾਂਕਾਵਿ ਦੀ ਘਾਟ ਰਹੀ ਹੈ। ਜਿਹੜੇ ਮਹਾਂਕਾਵਿ ਪੰਜਾਬੀ ਚ ਲਿਖੇ ਗਏ ਹਨ ਉਹ ਚੇਤਨ ਤੌਰ ਤੇ ਮਹਾਕਾਲ ਦੀ ਨਕਲ ਕਰਨ ਦੇ ਅਭਿਆਸ ਵਿੱਚੋਂ ਪੈਦਾ ਹੋਏ ਹਨ ।
ਸ ) ਪੰਜਾਬੀ ਕਿੱਸਾ ਕਾਵਿ ਮਹਾਂਕਾਵਿ ਦੀ ਸੁਧਰੀ ਤੇ ਨਵੀਨ ਵੰਨਗੀ ਹੈ ।ਇਨ੍ਹਾਂ ਦੇ ਪਾਤਰ ਜਨ ਸਧਾਰਨ ਵਿੱਚੋਂ ਹਨ ,ਤਾਂ ਹੀ ਇਹ ਸੱਭਿਆਚਾਰਕ ਪਰੰਪਰਾ ਦੇ ਨੇੜੇ ਹਨ ।
ਹ ) ਗੁਰਮਤਿ ਸਾਹਿਤ ਦੀ ਉਤਪਤੀ ਤੇ ਹਰਮਨਪਿਆਰਾਤਾ ਵੀ ਸਮਾਜਿਕ ਪ੍ਰਸਥਿਤੀਆਂ ਨਾਲ ਸਬੰਧਿਤ ਹੈ ।ਸਾਰੇ ਕਬੀਲਿਆਂ ਨੂੰ ਇੱਕ ਕਰਕੇ ਵੱਡੀ ਸਮਾਜਿਕ ਇਕਾਈ ਉਸਾਰਨ ਦੀ ਵੱਡੀ ਲੋੜ ਸੀ। ਗੁਰੂ ਨਾਨਕ ਦਾ ਇੱਕ ਪਰਮਾਤਮਾ ਦਾ ਸੰਕਲਪ ਇਸ ਪਾਸੇ ਬਹੁਤ ਸਹਾਈ ਹੋਇਆ । ਦਸਵੇਂ ਗੁਰੂ ਨੇ ਨਾਵਾਂ ਤੇ ਪਹਿਰਾਵਿਆਂ ਦਾ ਸਮੀਕਰਨ ਕਰ ਦਿੱਤਾ । ਇੰਝ ਪੰਜਾਬੀ ਮੱਧਕਾਲੀ ਸਾਹਿਤ ਦੇ ਰੂਪ ਜ਼ਿਆਦਾਤਰ ਪੈਦਾਵਾਰੀ ਪ੍ਰਸਥਿਤੀਆਂ ਦੇ ਪਰਿਵਰਤਨ ਨਾਲ ਸਬੰਧਿਤ ਹਨ ।
ਕ ) ਸਾਹਿਤ ਸਮਾਜਿਕ ਪ੍ਰਸਥਿਤੀਆਂ ਤੋਂ ਜਨਮਦਾ ਹੀ ਨਹੀਂ ਇਨ੍ਹਾਂ ਨੂੰ ਬਦਲਦਾ ਵੀ ਹੈ ।'ਚੰਡੀ ਦੀ ਵਾਰ 'ਨੇ ਸਮਾਜਿਕ ਕਾਇਰਤਾ ਤੇ ਸੱਟ ਮਾਰੀ ।(ਵਾਰ ਦੀ ਪ੍ਰਸਿੱਧੀ ਪੰਜਾਬ ਚ ਤਾਹੀਂ ਬਾਹਰੀ ਹਮਲੇ ਕਾਰਨ ਹੈ )
ਖ ) ਜਗੀਰਦਾਰੀ ਸਮਾਜ ਦੇ ਪਤਨ ਨਾਲ ਪੂੰਜੀਵਾਦੀ ਸਮਾਜ ਪੈਰ ਜਮਾਉਂਦਾ ਹੈ ਤਾਂ ਸਮਾਜਿਕ ਮੁੱਲ ਬਦਲਦੇ ਹਨ ; ਇਸ ਪਰਿਵਰਤਨ ਨੂੰ ਵਿਅਕਤ ਕਰਨ ਲਈ ਨਾਵਲ ਪ੍ਰਚਲਿਤ ਹੁੰਦਾ ਹੈ । 'ਪਿਓ ਪੁੱਤਰ', 'ਯੁੱਗ ਬਦਲ ਗਿਆ' ,'ਤੂਤਾਂ ਵਾਲਾ ਖੂਹ 'ਉਪਰੋਕਤ ਦਾ ਸਿੱਟਾ ਹਨ ।
ਗ ) ਪੂੰਜੀਵਾਦੀ ਸਮਾਜ ਦੀ ਤਰੱਕੀ ਕਾਰਨ ਵਾਰਤਕ ਅੱਜ ਪ੍ਰਧਾਨ ਸਾਹਿਤ ਰੂਪ ਹੈ। ਵਾਰਤਕ 'ਚ ਸੱਭਿਆਚਾਰਕ ਵੰਨਗੀਆਂ ਦਾ ਉਲਥਾ ਕਰਨਾ ਜ਼ਰੂਰੀ ਨਹੀਂ ,ਇਹ ਤਾਂ ਵਾਰਤਕ ਨੂੰ ਰੌਚਕ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਪੂੰਜੀਵਾਦੀ ਸਮਾਜ ਦੇ ਸਾਹਿਤਕ ਮੁੱਲ ਕਾਣੀ ਵੰਡ ਦੇ ਆਧਾਰਿਤ ਹੁੰਦੇ ਹਨ । ਅਗਲੀ ਅਵਸਥਾ ਸਮਾਜਵਾਦੀ ਹੈ , ਉਸ ਚ ਵੀ ਤਰਕ ਤੇ ਵਾਰਤਕ ਪ੍ਰਧਾਨ ਰਹਿਣਗੇ ।
ਘ ) ਨਾਟਕ ਸਾਰੇ ਸਮਾਜਿਕ ਪੜਾਵਾਂ 'ਚ ਪ੍ਰਚਲਿਤ ਰਹਿੰਦਾ ਹੈ। ਕਿਉਂਕਿ ਵਾਸਤਵਿਕ ਜੀਵਨ ਦੀ ਨਕਲ ਹੁੰਦਾ ਹੈ। ਪਰ ਇਸ ਲਈ ਸ਼ਾਂਤ ਮਾਹੌਲ ਲੋੜੀਂਦਾ ਹੈ ।ਪੰਜਾਬ ਜੰਗਾਂ ਯੁੱਧਾਂ ਦਾ ਅਖਾੜਾ ਰਿਹਾ ਹੈ' ਇਸ ਲਈ ਇੱਥੇ ਨਾਟਕ ਵੀਹਵੀਂ ਸਦੀ ਚ ਹੀ ਪ੍ਰਚੱਲਿਤ ਹੋ ਸਕਿਆ ਹੈ ।ਭਾਰਤ ਦਾ ਸੰਬੰਧ ਬਰਤਾਨੀਆ ਅਤੇ ਹੋਰ ਪੱਛਮੀ ਮੁਲਕਾਂ ਨਾਲ ਹੋਣ ਕਾਰਨ ਸਫ਼ਰਨਾਮੇ ਬਣੇ।
ਙ) ਸਾਹਿਤਕ ਤੇ ਸਮਾਜਿਕ ਰੂਪ ਸਮਾਜਿਕ ਤੇ ਸੱਭਿਆਚਾਰਕ ਵਿਕਾਸ ਦੀ ਅਵਸਥਾ ਨਾਲ ਸਿੱਧੇ ਤੌਰ ਤੇ ਸਬੰਧਤ ਹੁੰਦੇ ਹਨ। ਪੰਜਾਬੀ ਸਾਹਿਤ ਦਾ ਕਾਲਕ੍ਰਮਿਕ ਪ੍ਰਸੰਗ ਇਸ ਗੱਲ ਦੀ ਗਵਾਹੀ ਹੈ ਕਿ ਸਾਹਿਤ ਸੱਭਿਆਚਾਰ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸੱਭਿਆਚਾਰ ਦੀ ਪ੍ਰਮੁੱਖ ਮੰਗ ਅਤੇ ਪਰਿਵਰਤਨ ਦੀ ਲੋੜ ਵੀ ਪੂਰੀ ਕਰਦਾ ਹੈ। ਮੱਧਕਾਲੀ ਕਿੱਸਾ ਕਾਵਿ ਸਮਕਾਲੀ ਸਮਾਜਿਕ ਚਿਤਰਣ ਹੀ ਨਹੀਂ ਸਗੋਂ ਸੱਭਿਆਚਾਰਕ ਲੋੜ ,ਕਬੀਲਿਆਂ ਦਾ ਸੱਭਿਆਚਾਰਕ ਮੇਲ ਤੇ ਸਾਂਝ ਸਥਾਪਤ ਕਰਨਾ ਵੀ ਇਹਦਾ ਮੁੱਖ ਕਾਰਜ ਹੈ । ਸਾਹਿਤ ਦੇ ਰੂਪ ਸਮਾਜਿਕ ਲੋੜ ਤੇ ਨਿਰਭਰ ਕਰਦੇ ਹਨ। ਸਮਾਜਿਕ ਲੋੜ ਸਮੇਂ ਦੀਆਂ ਸੱਭਿਆਚਾਰਕ ਪ੍ਰਸਥਿਤੀਆਂ ਦੀ ਉਪਜ ਹੁੰਦੀ ਹੈ ।
                ਸਾਹਿਤਕ ਅਤੇ ਸੱਭਿਆਚਾਰਕ ਮੁੱਲ :-
   ਦੋਨੋਂ ਮੁੱਲ ਕਿਸੇ ਸਮਾਜ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ।ਸਾਹਿਤਕ ਮੁੱਲ ਸਮੇਂ ਦੇ ਮਨੁੱਖ ਦਾ ਨਿਰਧਾਰਿਤ ਲਕਸ਼ ਬਿਆਨਦੇ ਹਨ ,ਜਦਕਿ ਸੱਭਿਆਚਾਰਕ ਮੁੱਲ ਸਮੇਂ ਦੀਆਂ ਪ੍ਰਚੱਲਿਤ ਕਦਰਾਂ ਕੀਮਤਾਂ ਨੂੰ ਵਿਅਕਤ ਕਰਦੇ ਹਨ ।ਗੁਰੂ ਨਾਨਕ ਦੇਵ ਜੀ ਦਾ 'ਸੋ ਕਿਉ ਮੰਦਾ ਆਖੀਏ' ਮਹਾਨ ਸਾਹਿਤਕ ਮੁੱਲ ਹੈ । ਪਰ ਸਮਕਾਲੀ ਸੱਭਿਆਚਾਰਕ ਮੁੱਲ ਇਹਦੇ ਬਰਾਬਰ ਨਹੀਂ ਸੀ। ਸੱਭਿਆਚਾਰਕ ਮੁੱਲ ਸਮੇਂ ਦੇ ਪ੍ਰਚੱਲਿਤ ਅਮਲ ਨੂੰ ਹੀ ਪ੍ਰਤੀਬਿੰਬਤ ਕਰਦੇ ਹਨ ।ਜਦਕਿ ਸਾਹਿਤਕ ਮੁੱਲ ਅਸਲ ਵਿੱਚ ਬਦਲਣ ਲਈ ਕਿੰਨਾ ਹੀ ਸਮਾਂ ਲਾਉਂਦੇ ਹਨ ਸੱਭਿਆਚਾਰ ਕਮਲਾ ਅਸਲੀ ਪਰ ਸਾਹਿਤਕ ਮੁੱਲ ਕਲਪਿਤ ਹੁੰਦੇ ਹਨ।
            ਕਈ ਸਾਹਿਤਕ ਮੁੱਲ  ਸੱਭਿਆਚਾਰਕ ਮੁੱਲਾਂ ਤੋਂ ਵੀ ਵੱਧ ਯਥਾਰਥਕ ਹੁੰਦੇ ਹਨ। ਜਿਵੇਂ ਮਾਨਵੀ ਵਰਤਾਓ ਅਤੇ ਸਾਮਾਨ ਤਾਂ ਬਹੁਤ ਸਾਰੀਆਂ ਸਾਹਿਤਕ ਕਿਰਤਾਂ 'ਚ ਮੁੱਲ ਵਜੋਂ ਪੇਸ਼ ਹੋਇਆ ।ਇਹ ਮਨੁੱਖੀ ਮਿਸ਼ਨ ਦੀ ਰਹਿਨੁਮਾਈ ਕਰਦਾ ਹੈ ,ਇਨ੍ਹਾਂ ਪ੍ਰਤੀ ਹੁੰਗਾਰਾ ਤੇ ਮਨੁੱਖੀ ਉਤੇਜਨਾ ਸੱਭਿਆਚਾਰਕ ਮੁੱਲਾ ਨਾਲੋਂ ਵੱਧ ਜਾਂਦੀ ਹੈ। ਦੋਹਾਂ ਮੁੱਲਾਂ ਦੇ ਅੰਤਰ ਹੀ ਸਾਹਿਤ ਦੁਆਰਾ ਸੱਭਿਆਚਾਰ ਨੂੰ ਪਰਿਵਰਤਨ ਕਰਨ ਦੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ ।
          ਸਮੁੱਚੇ ਰੂਪ ਚ ਲੋਕਾਂ ਦੀ ਸੁਹਜ ਭਾਵਨਾ ਇਤਿਹਾਸ ਪ੍ਰਕਿਰਿਆ ਦੇ ਪ੍ਰਵਾਹ 'ਚ ਬਦਲਦੀ ਰਹਿੰਦੀ ਹੈ ।ਸਾਹਿਤ ਦਾ ਕਾਲਕ੍ਰਮਕੀ ਸਬੰਧ ਇਤਿਹਾਸ ਨਾਲ ਹੈ ।ਸਮਾਜਿਕ ਰਿਸ਼ਤੇ ਸੱਭਿਆਚਾਰਕ ਚੇਤਨਾ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਪੰਜਾਬੀ ਮੱਧਕਾਲੀ ਸਾਹਿਤ ਦੇ ਜ਼ਿਆਦਾ ਰੂਪ ਪੈਦਾਵਾਰੀ ਪ੍ਰਸਥਿਤੀਆਂ ਦੇ ਪਰਿਵਰਤਨ ਨਾਲ ਸਬੰਧਿਤ ਹਨ। ਨੇਮ ਚੰਦਰ ਜੈਨ' ਬਦਲਦੇ ਪਰਿਪੇਖ' (ਪੰਨਾ -5) ਵਿੱਚ ਲਿਖਦੇ ਹਨ ,
       "ਸਾਹਿਤ ਸਮਾਜ ਦੀ ਸਭ ਤੋਂ ਵਧੇਰੇ ਮਾਨਵੀ ਅਤੇ ਮਾਨਵ ਦੀ ਸਭ ਤੋਂ ਵਧੇਰੇ ਸਮਾਜਿਕ ਕਿਰਿਆ ਹੈ। "