ਹਰ ਵਿਅਕਤੀ ਜਨਮ ਤਾਂ ਭਾਵੇਂ ਮਾਂ ਦੇ ਪੇਟੋਂ ਹੀ ਲੈਂਦਾ ਹੈ ਪਰ ਉਸ ਦਾ ਇੱਕ ਸੱਭਿਆਚਾਰਕ ਜਨਮ ਵੀ ਹੁੰਦਾ ਹੈ। ਸੱਭਿਆਚਾਰਕ ਜਨਮ ਵਿੱਚ ਬਹੁਤ ਸਾਰੀਆਂ ਰੀਤਾਂ, ਰਸਮਾਂ ਵੀ ਸ਼ਾਮਲ ਹੁੰਦੀਆਂ ਹਨ। ਰੀਤ ਅੰਗਰੇਜ਼ੀ ਸ਼ਬਦ 'ritual' ਦੇ ਪਰਾਇ ਵਜੋਂ ਵਰਤਿਆ ਜਾਂਦਾ ਹੈ ।ਇਹ ਅੰਗਰੇਜ਼ੀ ਸ਼ਬਦ 'rite' ਦਾ ਵੀ ਸਮਾਨਾਰਥਕ ਹੈ। ਥਿੰਦ ਇਸ ਲਈ ਅਨੁਸ਼ਠਾਨ ਸ਼ਬਦ ਵਰਤਦਾ ਹੈ । ਪਰ ਆਮ 'ਰੀਤ' ਹੀ ਪ੍ਰਚਲਿਤ ਹੈ । ਰਸਮ ਦੀ ਪਰਿਭਾਸ਼ਾ ਕਰਦਿਆਂ ਭੁਪਿੰਦਰ ਸਿੰਘ ਖਹਿਰਾ ਲਿਖਦੇ ਹਨ,

   "ਸਮਾਜ ਦੇ ਸਮਾਂ ਵਿਹਾਅ ਚੁੱਕੇ ਅਮਲ ਜਦੋਂ ਆਪਣੇ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਦੁਹਰਾਏ ਜਾਂਦੇ ਹਨ ਤਾਂ ਉਹ ਰਸਮਾਂ ਅਖਵਾਉਂਦੇ ਹਨ ।"

     ਪੰਜਾਬੀ ਸੱਭਿਆਚਾਰ ਦਾ ਖੂਬਸੂਰਤ ਮੁਹਾਂਦਰਾ ਪੇਸ਼ ਕਰਦੀ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ 'ਮੇਰਾ ਪਿੰਡ ' ਵਿੱਚ ਪੰਜਾਬੀਆਂ ਦੇ ਜਨਮ, ਵਿਆਹ ਤੇ ਮੌਤ ਨਾਲ ਸੰਬੰਧਿਤ ਵਿਭਿੰਨ ਰੀਤਾਂ  ਰਸਮਾਂ ਦਾ ਭਾਵਪੂਰਤ ਚਿੱਤਰ ਉਲੀਕਿਆ ਗਿਆ ਹੈ ।

         ਪੰਜਾਬੀ ਪੇਂਡੂ ਸੱਭਿਆਚਾਰ ਦੇ ਪ੍ਰਤੀਨਿੱਧ ਬਣਕੇ ਉੱਭਰੇ ਪਿੰਡ 'ਮਿੱਠੇਵਾਲ' ਦੇ ਲੋਕਾਂ ਦੇ ਰੀਤ ਸੰਸਕਾਰਾਂ ਸਬੰਧੀ ਗਿਆਨੀ ਜੀ ਲਿਖਦੇ ਹਨ ,

     "ਮੇਰੇ ਪਿੰਡ ਦੇ ਲੋਕਾਂ ਦਾ ਜੀਵਨ, ਇੱਕ ਤਰੀਕੇ ਨਾਲ ਰਿਵਾਜ਼ਾਂ ਅਤੇ ਰਸਮਾਂ ਵਿੱਚ, ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਇਆ ਚੱਲਦਾ ਹੈ ।"

     ਲੇਖਕ ਮੁਤਾਬਿਕ ਵਿਅਕਤੀ ਨੂੰ ਰਸਮਾਂ ਰਾਹੀਂ ਉਸ ਦੀ ਅਸਲ ਉਮਰ ਨਾਲੋਂ ਡਿਊਢਾ ਜੀਵਨ ਦਿਵਾਇਆ ਜਾਂਦਾ ਹੈ । ਜਨਮ ਸਮੇਂ ਦੀਆਂ ਰਸਮਾਂ ਸਬੰਧੀ ਜਾਣਕਾਰੀ ਪਿੰਡ ਦੀਆਂ 'ਰੈਫਰੈਂਸ ਬੁੱਕਾਂ' ਬੁੱਢੀਆਂ ਪਾਸੋਂ ਜਨਣੀ ਨੂੰ ਮਿਲਣੀ  ਆਰੰਭ ਹੁੰਦੀ ਹੈ। ਗਊਆਂ ਨੂੰ ਪੇੜੇ ਦੇਣੇ ,ਮੱਸਿਆ ਦੀ ਸੁੱਖਣਾ, ਇਕਾਦਸ਼ੀ ਦੇ ਵਰਤ, ਕੀੜਿਆਂ ਦੇ ਭੌਣ ਤੇ ਤਿਲ ਚੌਲੀ ਆਦਿ ਗਰਭਵਤੀ ਲਈ ਆਵਸ਼ਕ ਜਿਹਾ ਹੋ ਜਾਂਦਾ ਹੈ ।

   " ..........ਸੁਣ ਬਹੁ ....ਇਹੋ ਜਿਹੇ ਵੇਲੇ ਸੌ ਇੱਲ ਬਲਾ ਆ ਚਿੰਬੜਦੀ ਅੈ, ਝਿੜੀ ਵਾਲੇ ਸੰਤ ਆਖਦੇ ਹੁੰਦੇ ਸੀ, ਗਰਭਵਤੀ ਦੀ ਚੁੰਨੀ ਦੇ ਪੱਲੇ ਨੂੰ ਕੱਚੇ ਦਾਣਿਆਂ ਦਾ ਫੱਕਾ ਬੰਨ੍ਹ ਦੇਣਾ ਚਾਹੀਦਾ ਹੈ। ਲੰਘਦੀ ਕਰਦੀ ਕਦੇ ਕਿਸੇ ਦੇ ਭੁੱਲਕੇ ਵੀ ਢੱਲ ਦੇ ਪਰਛਾਵੇਂ ਵੱਲ ਦੀ ਨਾ ਲੰਘੀ । ਕੀ ਪਤਾ ਕਦੋਂ ਕਿਹੜੀ ਜਾਏ ਖਾਣੀ ਦਾ ਭੈੜਾ ਪਰਛਾਵਾਂ ਪੈ ਜਾਵੇ .....ਏਨੀ ਦਿਨੀਂ ਕਿਸੇ ਦਾ ਗਿੱਲਾ ਸਿਰ ਦੇਖਣਾ ਮਾੜਾ ਹੁੰਦਾ ਏ । "ਇਸ ਪ੍ਰਕਾਰ ਹੋਰ ਬਹੁਤ ਸਾਰੇ ਪੁੰਨ ਪਾਪਾ ਸਬੰਧੀ' ਕਰਫਿਊ ' ਵਾਂਗ ਪਾਬੰਦੀ ਕੀਤੀ ਜਾਂਦੀ ਹੈ ।

ਅੱਖ ਸਲਾਈ ਦੀ ਰਸਮ:- ਤਿੰਨਾਂ ਮਹੀਨਿਆਂ ਬਾਅਦ ਨਣਾਨ ਗਰਭਵਤੀ ਦੀ ਅੱਖ ਸੁਰਮਾਂ ਪਾ ਕੇ ਰਸਮ ਕਰਦੀ ਹੈ ਜਿਸ ਪਿੱਛੋਂ ਬੱਚਾ ਜੰਮਣ ਤੀਕ  ਬਹੂ ਸੁਰਮਾਂ ਨਹੀਂ ਪਾਉਂਦੀ । ਪੇਕੇ ਧੀ ਦੇ ਗਰਭਵਤੀ ਹੋਣ ਦਾ ਸੰਕੇਤ ਮਿੱਠਾ ਬੁਹੀਆ ਘੱਲ ਕੇ ਕੀਤਾ ਜਾਂਦਾ ਹੈ ,ਜਵਾਬ ਵਿੱਚ ਪੇਕਿਆਂ ਵੱਲੋਂ ਸੰਧਾਰੇ ਵਜੋਂ ਚੌਲ ਤੇ ਸ਼ੱਕਰ ਘੱਲੇ ਜਾਂਦੇ ਹਨ। ਸੱਤਵੇਂ ਮਹੀਨੇ ਸਹੁਰੇ ਜਸ਼ਨ ਨਾਲ ਬਹੂ ਨੂੰ ਵਿਦਾ ਕਰਦੇ ਹਨ ।ਸ਼ਗਨ ਵਿਚਾਰਾਂ ਦੀ ਪੂਰਤੀ ਪਿੱਛੋਂ ਖੋਪੇ ਦਾ ਗੁੱਟ, ਮਿਸ਼ਰੀ ਦੇ ਕੁਜੇ ਖੰਮਣੀਆਂ ਨਾਲ ਲਪੇਟ ਕੇ ਬਹੂ ਦੀ ਝੋਲੀ ਪਾਏ ਜਾਂਦੇ ਹਨ। ਤੁਰਦੀ ਨੂੰ ਚੁਰਸਤੇ ਵਿੱਚੋਂ ਲੰਘਣ, ਗ੍ਰਹਿਣ ਤੋਂ ਬਚਣ' ਸ਼ਿਲੇ ਚੱਲੀਹੇ ਵਾਲੀ ਜਨਾਨੀ ਤੋਂ ਦੂਰ ਰਹਿਣ ਦੀਆਂ ਤਾਕੀਦਾਂ ਕੀਤੀਆਂ ਜਾਂਦੀਆਂ ਹਨ ।

  ਪੇਕੇ ਘਰ ਚੜ੍ਹਦੇ ਵੱਲ ਮੂੰਹ ਵਾਲਾ ਕਮਰਾ ਜਣਪੇੇ ਲਈ ਚੁਣਿਆ ਜਾਂਦਾ ਹੈ । ਕੁੱਤੇ ਬਿੱਲੀ ਤੋਂ ਇਲਾਵਾ ਹਨੇਰੇ ਰੱਖਿਆ ਜਾਂਦਾ ਹੈ । ਜਨਣੀ ਦੇ ਮੰਜੇ ਹੇਠ ਜੰਤਰ ਮੰਤਰ ਵਾਲੇ ਤਵੀਤ, ਮੰਤਰਿਆਂ ਪਾਣੀ ,ਲੋਹੇ ਦੀ ਦੰਦਲ ਦੀ ਦਾਤੀ ਤੇ ਜਿੰਦੇ ,ਸਰ੍ਹੋਂ, ਕਣਕ ਜਾਂ ਚੌਲਾਂ ਦੇ ਦਾਣੇ ਮੰਜੇ ਦੀ ਦੌਣ ਦੇ ਸੰਘੇ ਨਾਲ ਬੰਨ੍ਹੇ ਜਾਂਦੇ ਹਨ। ਲੂਣ ਤੇ ਮਾਂਹ ਉਸ ਦੇ ਸਿਰੋਂ ਵਾਰ ਕੇ ਦਾਈ ਨੂੰ ਦਿੱਤੇ ਜਾਂਦੇ ਹਨ ।

ਮੁੰਡਾ ਹੋਣ ਤੇ ਬੂਹੇ ਅੱਗੇ ਸ਼੍ਰੀਹ ਦੇ ਪੱਤਿਆਂ ਦੀ ਮਾਲਾ ਲਟਕਾਈ ਜਾਂਦੀ ਹੈ ਤਾਂ ਜੋ ਕੋਈ' ਬੋਲ' ਬੱਚੇ ਦੇ ਕੰਨੀਂ ਨਾ ਪਵੇ । ਕੋਲਿਆਂ ਨੂੰ ਗਿੱਲੀ ਮਿੱਟੀ ਦਾ ਥੋਬਾ ਵੀ ਬੋਲ ਪੈਣ ਦੇ ਡਰੋਂ ਚਮੇੜਿਆ ਜਾਂਦਾ ਹੈ । ਪਹਿਲੇ ਬੱਚੇ ਸਮੇਂ ਜਨਣੀ ਨੂੰ ਕੋਠੇ ਦੀਆਂ ਕੜੀਆਂ ਗਿਣਨ ਲਈ ਕਿਹਾ ਜਾਂਦਾ ਹੈ ਤਾਂ ਜੋ ਵੱਧ ਬੱਚੇ ਜੰਮਣ।

ਗੁੜਤੀ ਦੇਣੀ :-

                   ਦਾਈ ਦੇ ਕਹਿਣ ਪਿੱਛੋਂ ਤੇ ਸੀਲ ਸੰਤੋਖੀ, ਗੁਣਵੰਤ ਬੰਦੇ ਜਾਂ ਤੀਵੀਂ ਨੂੰ ਇਸ ਰਸਮ ਲਈ ਚੁਣਿਆ ਜਾਂਦਾ ਹੈ । ਕੋਰੇ ਚੱਪਣ ਵਿੱਚ ਰੂੰ ਦੀ ਪੂਣੀ ਨਾਲ ਬੱਕਰੀ ਦਾ ਦੁੱਧ ਬੱਚੇ ਨੂੰ ਪਹਿਲੀ ਵਾਰ ਚੁੰਘਾ ਕੇ ਇਹ ਰਸਮ ਕੀਤੀ ਜਾਂਦੀ ਹੈ। ਗੁਆਂਢੀ ਵਧਾਈਆਂ ਦੇਣ ਤੇ ਲਾਗੀ ਵਧਾਈਆਂ ਦੇ ਇਵਜ਼ਾਨੇ ਲੈਣ ਲਈ ਹਰੇ ਘਾਹ ਜਾਂ ਦੱਬ ਦੀਆਂ ਗੁੱਟੀਆਂ ਕਰਕੇ ਵਿੱਚ ਵਧਾਈਆਂ ਦੀ ਹਰਿਆਲੀ ਟੁੰਗਣ ਪੁੱਜ ਜਾਂਦੇ ਹਨ । 

" ਪ੍ਰਭਾ ਨੂੰ ਵਧਾਈਆਂ ,ਦੋਹਤੇ ਪੋਤੇ ਜਿਊਣ ,ਵੇਲ ਵਧੇ ,ਧੀਆਂ ਧਿਆਣੀਆਂ ,ਦੁੱਧ -ਪੁੱਤੀ ਫਲਣ...." ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਮਰਾਸੀ ਕਹਿੰਦਾ ਹੈ -

"ਬੋਧਾ ਸੋਧੇ ਦਾ, ਸੋਧਾ ਗੋਦੇ ਦਾ, ਗੋਦਾ ਧੰਨੇ ਦਾ ,ਧੰਨਾ ਮੰਨੇ ਦਾ..." ਨਵੇਂ ਮੁੰਡੇ ਨੂੰ ਲੜੀ ਵਿੱਚ ਸ਼ਾਮਿਲ ਕਰਕੇ ਦਮ ਲੈਂਦਾ ਹੈ। ਪਿੰਡ 'ਚ ਖ਼ਬਰ ਧੁਮਾਉਦਾ ਹੈ ਨੈਣ ਘਰਦਿਆਂ ਨੂੰ ਸਾਂਭਦੀ ਹੈ ।

ਦੁੱਧੀਆਂ ਧੁਆਉਣੀਆ ਰਸਮ:-

                    ਅਗਰ ਮੁੰਡਾ ਦਾਦਕੇ ਜੰਮੇ ਤਾਂ ਕੁਆਰੀ ਭੂਆ ਜਾਂ  ਸ਼ਰੀਕੇ ਦੇ ਘਰਾਂ ਚੋਂ, ਜੇ ਨਾਨਕੇ ਜੰਮੇ ਤਾਂ ਮਾਸੀ ਤੋਂ ਇਹ ਰਸਮ ਕਰਾਈ ਜਾਂਦੀ ਹੈ । ਕੋਰੀ ਠੂਠੀ ਵਿੱਚ ਹਲਦੀ ਦੀ ਗੱਠੀ ਥੋੜ੍ਹੀ ਜਿਹੀ ਘਸਾ ਕੇ ਵਿੱਚ ਚਾਂਦੀ ਰੁਪਇਆ ਜਾਂ ਕੋਈ ਟੂੰਮ ਰੱਖ ਕੇ ਚੌਲ ਘੋਲ ਲਏ ਜਾਂਦੇ ਹਨ । ਅਖੰਡ ਪਾਠ ਦੇ ਕੁੰਭ ਦਾ ਪਾਣੀ ਜਾਂ ਗੰਗਾ ਜਲ ਲੈ ਕੇ (ਕੋਈ ਗਊਆਂ ਦਾ ਮੂਤਰ ਵੀ) ਹਰੇ ਘਾਹ ਦੀ ਜੂੜੀਵਨਾਲ ਇਹ ਰਸਮ ਕੀਤੀ ਜਾਂਦੀ ਹੈ । ਪੁਰਾਤਨ ਇੱਕ ਰੁਪਏ ਤੋਂ ਲੈ ਕੇ ਮਹਿੰ ਗਾਂ ਤੀਕ ਧੁਆਈ ਵਜੋਂ ਦਿੱਤੀ ਜਾਂਦੀ ਹੈ ।

ਬਾਹਰ ਵਧਾਉਣ ਦੀ ਰਸਮ:-

                   ਹਫਤੇ ਮਗਰੋਂ ਜਨਣੀ ਨੂੰ ਬੱਚੇ ਸਮੇਤ ਦੇਹਲੀਓਂ ਬਾਹਰ ਕੱਢਿਆ ਜਾਂਦਾ ਹੈ । ਜਨਾਨੀ ਨੂੰ ਉਦੋਂ ਤੀਕ ਮੰਜੇ ਤੇ ਇਕੱਲੀ ਨਾ ਛੱਡਣਾ, ਬੱਚੇ ਨੂੰ ਦਹਿਲੀਜ਼ੋੰ ਅੰਦਰ ਰੱਖਣਾ ਸ਼ਿਲੇ ਦੇ ਦਿਨਾਂ ਵਿੱਚ ਦੀਵੇ ਦੀ ਨਿਰੰਤਰ ਅਖੰਡ ਜੋਤ ਜਗਾਈ ਰੱਖਣੀ ਵਿਸ਼ਵਾਸ ਹਨ। ਅੱਠਵੇਂ ਦਿਨ, ਅਠਾਰਵੇਂ ਦਿਨ, ਅੱਠਵੇਂ ਮਹੀਨੇ, ਅਠਾਰਵੇਂ ਮਹੀਨੇ ਤੇ ਸਾਲ ਵੀ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ ।

        ਬਾਹਰ ਵਧਾਉਣ ਵੇਲੇ ਮੁੰਡੇ ਲਈ ਸ਼ੁੱਕਰਵਾਰ ਚੰਗਾ ,ਕੁੜੀ ਲਈ ਬੁਰਾ ਸੋ ਸੱਤਵੇਂ ,ਨੌਵੇਂ ,ਗਿਆਰਵੇਂ, ਚੰਗੇ ਦਿਨ ਜਨਣੀ ਨੂੰ ਨੁਹਾ ਕੇ ਬਾਹਰ ਵਧਾਇਆ ਜਾਂਦਾ ਹੈ। ਨਹਾਉਣ ਵੇਲੇ ਪਾਣੀ ਵਿੱਚ ਹਰੀ ਮੇਥੀ ਜਾਂ ਚਾਰੇ ਨੂੰ ਉਬਾਲਿਆ ਜਾਂਦਾ ਹੈ । ਬ੍ਰਾਹਮਣੀ ਜਾਂ ਨੈਣ ਨਹਾਉਣ ਵਾਲੇ ਪਟੜੇ ਵਾਲੀ ਜਗ੍ਹਾ ਚੌਕ ਪੂਰਦੀ ਹੈ । ਇੱਥੇ ਹੀ ਕੱਪੜੇ ਬਦਲੇ ਜਾਂਦੇ ਹਨ ।ਬੱਚੇ ਨੂੰ ਪਹਿਲਾਂ ਕੱਪੜਾ ਕਿਸੇ ਵਡੇਰੇ ਵਿੱਚੋਂ ਜਾਂ ਗੁਰਦੁਆਰੇ ਨਵਾਂ ਰੁਮਾਲਾ ਦੇ ਕੇ ਪੁਰਾਣੇ ਦਾ ਬਣਾਇਆ ਜਾਂਦਾ ਹੈ ।

     ਜਨਣੀ ਦੇ ਬਾਹਰ ਨਿਕਲਨੋਂ ਪਹਿਲਾਂ ਦੋਹਾਂ ਕੌਲਿਆਂ ਤੇ ਤੇਲ ਚੋ ਕੇ ਬੱਚਦਾ ਤੇਲ ਸੱਜੇ ਕੌਲ਼ੇ ਤੇ ਡੋਲ ਦਿੱਤਾ ਜਾਂਦਾ ਹੈ। ਮੁੰਡੇ ਨੂੰ ਸ਼ਿਲੇ ਦਾ ਭੁੱਖਾ ਨਾ ਕਹਿਣ ਲੋਕ ਇਸ ਲਈ ਮਾਂ ਨੂੰ ਸੱਤ, ਨੌਂ ਜਾਂ ਗਿਆਰਾਂ ਟਾਂਕ ਮੰਡਿਆਂ ਤੇ ਤਕੜਾ ਸਾਰਾ ਕੜਾਹ ਰੱਖ ਕੇ ਝੋਲੀ ਵਿੱਚ ਉਲੱਦ ਦਿੱਤਾ ਜਾਂਦਾ ਹੈ ।

ਜਨਣੀ ਨੈਣ ਦੁਆਰਾ ਲਿਆਂਦੀ ਨਾਈ ਦੀ ਜੁੱਤੀ ਪਾ ਕੇ ਗੁੱਤ ਨੂੰ ਖੰਮਣੀ ਬੰਨ੍ਹ ਕੇ ਫੁਲਕਾਰੀ ਵਿੱਚ ਲਿਪਟੀ ਦੇਹਲੀਓਂ ਬਾਹਰ ਆਉਂਦੀ ਹੈ । ਸੂਰਜ ਦੀ ਚਮਕ ਤੋਂ ਬਚਾਓ, ਚੰਗੇ ਦੇ ਮੱਥੇ ਲੱਗਣ ਸਬੰਧੀ ਪੂਰਵ ਪ੍ਰਬੰਧ ਕਰ ਲਏ ਜਾਂਦੇ ਹਨ। ਅਗਰ ਜਨਣੀ ਪੇਕੇ ਘਰ ਹੋਵੇ ਤਾਂ ਬੀਹੀਂ ਵਿਹੜੇ ਅੰਦਰ, ਜੇ ਸਹੁਰੇ ਹੋਵੇ ਸਾਰੇ ਪਿੰਡ ਦੇ ਘਰੀਂ ਦੋ ਦੋ ਮੰਡੇ ,ਇੱਕ ਇੱਕ ਗੋਲੋਲੀ(ਗੋਲੀ) ਕੜਾਹ ਦੀ ਪਿੰਨੀ ਮੰਡਿਆਂ ਤੇ ਧਰ ਕੇ ਫੇਰਿਆ ਜਾਂਦਾ ਹੈ ।

       ਚਮਾਰ ਲਾਲ ਖੱਲ ਦੇ ਨਿੱਕੇ ਨਿੱਕੇ ਮੌਜੇ ,ਦਾਈ ਨਿੱਕੇ ਚਾਂਦੀ ਦੇ ਘੁੰਗਰੂਆਂ ਨਾਲ ਇੱਕ ਕਾਲਾ ਨਜ਼ਰ ਬੱਟੂ ਪਾਉਂਦੀ ਹੈ, ਸੁਨਿਆਰੀ ਮੁੰਡੇ ਦੇ ਚਾਂਦੀ ਦੀ ਤੜਾਗੀ ਪਾ ਕੇ ਆਪਣਾ ਲਾਗ ਲੈਂਦੇ ਹਨ ।

        ਚੰਗਾ ਦਿਨ ਵੇਖ ਕੇ ਉਸ ਨੂੰ ਮੂੰਹ ਹਨੇਰੇ ਬਾਹਰ ਜੰਗਲ ਪਾਣੀ ਲਿਜਾਇਆ ਜਾਂਦਾ ਹੈ । ਪਾਣੀ ਵਾਲੇ ਭਾਂਡੇ 'ਚ ਲੋਹੇ ਦਾ ਟੁਕੜਾ ਪਾ ਲਿਆ ਜਾਂਦਾ ਹੈ ਤੇ ਵਾਪਸ ਆਉਂਦਿਆਂ ਕੋਈ ਦੱਬ ਪੁੱਟ ਕੇ ਇਨ੍ਹਾਂ ਨੂੰ ਨਵਜੰਮੇ ਦੇ ਸਿਰਹਾਣੇ ਰੱਖਿਆ ਜਾਂਦਾ ਹੈ ।

    ਜੇ ਜਨਣੀ ਪੇਕੇ ਹੋਵੇ ਤਾਂ ਇਹ ਖੁਸ਼ਖਬਰੀ ਖੰਮਣੀ ਬੰਨ੍ਹ ਗੁੜ ਦੀ ਭੇਲੀ ਭੇਜੀ ਜਾਂਦੀ ਹੈ । ਜੇ ਸਹੁਰੇ ਹੋਵੇ ਤਾਂ( ਉਲਟ) ਜਿਸ ਨੂੰ ਵੀ ਭੇਲੀ ਪੁੱਜੇ ਉਹ ਜਨਨੀ ਨੂੰ ਪੰਜੀਰੀ ਰਲਾਕੇ ਭੇਜਦੇ ਹਨ । ਆਮ ਲੋਕ ਇਸ ਵਿੱਚ ਮੇਥੇ ,ਕਤੀਰਾ ਗੂੰਦ ਪਰ ਸਰਦੇ ਪੁੱਜਦੇ ਸੁੱਕੇ ਮੇਵੇ ਵੀ ਪਾਉਂਦੇ ਹਨ। ਪੰਜੀਰੀ ਨਾਈ, ਘਰ ਦਾ ਮੋਹਰੀ ਜਾਂ ਮੁੰਡੇ ਦਾ ਦਾਦਾ ਲਿਆਉਂਦਾ ਹੈ। ਧਿਆਨ ਨਾਲ ਲਿਆਂਦੀ ਪੰਜੀਰੀ ਪਹਿਲਾਂ ਵੱਡਿਆਂ ਦੇ ਨਾਂਅ ਦੀ ਕੱਢ ਕੇ ਨਿਆਣਿਆਂ ਵਿੱਚ ਵੰਡੀ ਜਾਂਦੀ ਹੈ । ਦਾਈ ਨੂੰ ਦੇਣ ਪਿੱਛੋਂ ਪਰਾਤ 'ਚ ਆਪਣੀ ਤੇ ਸਹੁਰਿਆਂ ਦੀ ਰਲਾ ਕੇ ਆਢ ਗੁਆਂਢ ਦਿਖਾਈ ਜਾਂਦੀ ਹੈ ।

    "....ਆਹ ਸਹੁਰਿਆਂ ਤੋਂ ਆਈ ਏ, ਬਥੇਰਾ ਕੁੱਝ ਪਾਇਅੈ, ਜਿਹੋ ਜਿਹੀ ਸਾਥੋਂ ਸਰਦੀ ਪੁੱਜਦੀ ਸੀ, ਅਸੀਂ ਸੇਰ ਕੁ ਆਟਾ ਕੱਚਾ ਭੁੰਨਾ ਕਰ ਦਿੱਤਾ ਹੈ।"............." ਹਾਂ ਭੈਣੇ ਲੀੜੇ ਵੀ ਭੇਜੇ ਨੇ ,ਮਖਿਆ ਕੀ ਘਰ ਘਰ ਚੁੱਕੀ ਫਿਰਨੇ ,ਦਾਲਾਂ ਵੇਲੇ ਸਭਨਾਂ ਨੂੰ ਇਕੱਠੇ ਈ ਦਿਖਾ ਦੇਵਾਂਗੇ ।"

    ਸ਼ਾਮਾਂ ਨੂੰ ਮੰਜਿਆਂ ਤੇ ਫੁਲਕਾਰੀਆਂ ਵਿਛਾ ਕੇ ਉਨ੍ਹਾਂ ਤੇ ਆਏ ਲੀੜਿਆਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ । ਇਨ੍ਹਾਂ ਚੀਜ਼ਾਂ ਨੂੰ ਸ਼ੂਸ਼ਕ ਆਖਿਆ ਜਾਂਦਾ ਹੈ । ਬੁੱਢੀਆਂ ਆਪੋ ਆਪਣੇ ਸੁਭਾਅ ਮੁਤਾਬਿਕ ਟਿੱਪਣੀਆਂ ਕਰਦੀਆਂ ਹਨ ।

ਮੁੰਡੇ ਦੀ ਛਟੀ:-

                   ਮੁੰਡਾ ਜੰਮਣ ਤੋਂ ਵਰ੍ਹੇ ਅੰਦਰ ਤਕੜੇ ਘਰ ਇਹ ਵੱਡਾ ਜਸ਼ਨ ਕਰਦੇ ਹਨ । ਮੁੰਡੇ ਦੇ ਨਾਨਕੇ ਕੁੜੀ ਲਈ ਟੂੰਮਾਂ , ਸੱਗੀ ਫੁੱਲ ,ਮੱਥੇ ਨੂੰ ਟਿੱਕਾ ,ਹੱਥਾਂ ਨੂੰ ਕੰਗਣ ਤੇ ਪੈਰਾਂ ਨਪਹੁੰਚੇ ਰਿਸ਼ਤੇਦਾਰ ਲਿਆਉਂਦੇ ਹਨ । ਸਿਰ ਲਈ ਟੋਪਾਂ ,ਝੱਗਾ, ਦੁਪੱਟਾ ,ਖੱਦਰ ਦਾ ਪਰਨਾ, ਹੁਣ ਤੋਲ਼ੀਆ ਵੀ ਹੁੰਦਾ ਹੈ। ਧੀ ਲਈ ਕੁੜਤੀ ,ਸੁੱਥਣ, ਫੁਲਕਾਰੀ ਲੈ ਕੇ ਜਾਂਦੇ ਹਨ । ਸਰਦੇ ਪੁੱਜਦੇ ਲਾਗੀਆਂ ਨੂੰ ਵੀ ਪੂਰਦੇ ਹਨ । ਮੁੰਡੇ ਦੇ ਦਾਦੇ, ਪਿਤਾ 'ਚਾਚੇ ,ਤਾਏ ਲਈ ਖੱਦਰ ਦਾ ਥਾਨ ਖੱਦਰ ਦੇ ਚਾਦਰੇ ਜਾਂ ਪੱਗ ਹੁੰਦੇ ਹਨ ।

         ਦਾਦਕਿਆਂ ਵੱਲੋਂ ਭੂਆ ਤੇ ਨਾਨਕਿਆਂ ਵੱਲੋਂ ਮਾਸੀ ਟੂੰਮ ਟਾਕੀ ਵਜੋਂ ਟਕਰਾਅ 'ਚ ਅੱਗੇ ਵੱਧਦੀਆਂ ਹਨ। ਜਨਾਨੀਆਂ ਗਰਮ ਗੱਲਬਾਤ ਚ ਠੰਢੀ ਡੋਈ ਫੇਰਦੀਆਂ ਹਨ ।

    ਹਫ਼ਤੇ ਦੇ ਅੰਦਰ ਅੰਦਰ ਨਾਈ ਇਹ ਗੱਲ ਦੱਸ ,ਕਈ ਭੇਤ ਲੈ ਆਉਂਦਾ ਸੁੰਘ ਆਉਂਦੈ । ਪੇਕਿਆਂ ਅਤੇ ਸਹੁਰਿਆਂ ਨਾਲ ਸਬੰਧਿਤ ਰਿਸ਼ਤਿਆਂ ਦਾ ਵੱਕਾਰ ਦਾਅ ਤੇ ਲੱਗਾ ਹੁੰਦਾ ਹੈ ।

ਨਾਮਕਰਣ :-

            ਛਟੀ ਵਾਲੇ ਦਿਨ ਪਹਿਲਾਂ ਆਮ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ, ਵਾਕ ਲੈਣ ਵਾਲੇ ਭਾਈ ਜੀ ਤੋਂ ਤੁੱਕ ਦਾ ਪਹਿਲਾ ਅੱਖਰ ਪੁੱਛ ਕੇ ਨਾਮਕਰਨ ਕਰ ਦਿੱਤਾ ਜਾਂਦਾ ਹੈ । ਪਹਿਲਾਂ ਨਾ (ਮੁੰਡੇ ਕੁੜੀਆਂ ਦੇ) ਦਿਨਾਂ ਤੋਂ ਰੱਖੇ ਜਾਂਦੇ ਸਨ ਜਾਂ ਅਰਜੁਨ ,ਭੀਮ, ਆਦਿ ਜਾਂ ਫਿੰਨਾਂ, ਡੁੱਡਾ ਆਦਿ। ਛਟੀ ਵਾਲੇ ਦਿਨ ਦੁਪਹਿਰਾਂ ਦੀ ਰੋਟੀ ਕੜਾਹ ਜਾਂ ਲੱਡੂਆਂ ਦੀ ਕੀਤੀ ਜਾਂਦੀ ਹੈ । ਕਈ ਕੇਵਲ 'ਚੌਲਾਂ ਦੀ ਦੇਗ ' ਹੀ ਉਬਾਲਦੇ ਹਨ । ਜੇ ਕੜਾਹ ਕੀਤਾ ਹੋਵੇ ਤਾਂ ਚੌਲਾਂ ਦੀ ਥਾਂ ਮੰਡੀਆਂ ਉੱਤੇ ਹਿਸਾਬ ਸਿਰ ਦਾ ਬਣਦਾ ਛਾਂਦਾ ਵੰਡ ਦਿੱਤਾ ਜਾਂਦਾ ਹੈ ।

      "ਵੱਡਾ ਹੋਵੇ ਜਵਾਨੀਆਂ ਮਾਣੇ, ਰੱਬ ਸਭਨਾਂ ਦੀ ਵੇਲ ਵਧਾਵੇ! ਇਹ ਚੀਜ਼ਾਂ ਕਿਹੜਾ ਰੱਜਣ ਨੂੰ ਹੁੰਦੀਆਂ ਹਨ , ਬੱਸ ਸ਼ਗਨ ਹੀ ਹੁੰਦਾ ਹੈ ।"

   ਰੋਟੀ ਵੇਲੇ ਮੁੰਡੇ ਦੀ ਮਾਂ ਸੁੱਭਰ ਜਾਂ  ਫੁਲਕਾਰੀ ਦੀ ਬੁੱਕਲ ਮਾਰਕੇ ਕਾਕੇ ਨੂੰ ਚੁੱਕ ਕੇ ਰਕਾਨ ਬਣ ਬਹਿੰਦੀ ਹੈ। ਆਏ ਗਏ ਸੰਗੀ, ਸਾਕ ਸਿਰਵਾਰਨਾ ਕਾਕੇ ਨੂੰ ਦਿੰਦੇ ਹਨ ।

       ਚਮਾਰ ਛੋਟਾ ਜਿਹਾ ਮੌਜਿਆਂ ਦਾ ਜੋੜਾ( ਤਿੱਲੇ ਵਾਲਾ) ਤਰਖਾਣ ਗੁੱਲੀ ਝੰਡਾ ਜਾਂ ਪਹੀਆਂ ਵਾਲਾ ਗੱਡਾ( ਛੋਟਾ), ਨੈਣ ਤੜਾਗੀ, ਘੁਮਾਰੀ ਮਿੱਟੀ ਦੇ ਖਿਡਾਉਣੇ, ਸੁਨਾਰ ਤੜਾਗੀ ਲਈ ਘੁੰਗਰੂ ਡੋਰਾਂ 'ਚ ਪਰੋ ਕੇ ਲੱਕ ਨੂੰ ਬੰਨਦਾ ਹੈ । ਹੋਰ ਜਾਤਾਂ ਹਰਾ ਘਾਹ ਲੈ ਕੇ ਸ਼ਗਨ ਲੈਂਦੀਆਂ ਹਨ । ਨਾਈ ਕੇਂਦਰ ਬਿੰਦੂ ਬਣਦਾ ਹੈ । ਪਰੀਹੇ ਆਦਮੀਆਂ, ਫੇਰ ਸੁਆਣੀਆਂ ਨੂੰ ਪੰਗਤ ਲਵਾ ਕੇ ਰੋਟੀ ਖਵਾਉਂਦੇ ਹਨ । ਬੋਤਲ ਵੀ ਖੁੱਲ੍ਹ ਹੀ ਜਾਂਦੀ ਹੈ ।

               ਜਨਾਨੀਆਂ ਗੀਤਾਂ ਦੀਆਂ ਧੁਨੀਆਂ ਛੋਹ ਦਿੰਦੀਆਂ ਹਨ:- 1. " ਅੱਧੀ ਅੱਧੀ ਰਾਤੀਂ ਵੇ ਪਿਛਲਾ ਪਹਿਰਾ, ਭਾਬੋ ਘਰ ਮੰਡਲ ਵੱਜਿਆ "

2. "ਬੀਬਾ, ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ । "

3.v"ਹਰਿਆ ਨੀ ਮਾਏ ,ਹਰਿਆ ਨੀ ਭੈਣੇ ,ਹਰਿਆ ਤੇ ਭਾਗੀਂ ਭਰਿਆ ਨੀਂ  ਹਾਂ ,ਜਿੱਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ, ਸੋਈ ਦਿਹਾੜਾ ਭਾਗੀਂ ਭਰਿਆ ਨੀਂ ਹਾਂ ।"

4. "ਵੱਡੀ ਭੈਣ ਨੇ ਸੱਦਾ ਦਿੱਤਾ ਵੀਰਾ ਮੇਰਿਆ, ਛੋਟੀ ਤੇ ਆਈ ਜਰੂਰ ਵੀਰਾ ਘਰ ਸੋਹਿਲੜੇ !"

5. "ਨਣਦ ਤੇ ਭਾਬੀ ਰਲ ਬੈਠੀਆਂ ,ਜੀਅ ਕੀਤਾ ਸੂ ਕੌਲ ਕਰਾਰ, ਜੇ ਘਰ ਜੰਮੇਗਾ ਗੀਗੜਾ ਨੀ, ਬੀਬਾ ਦੇਵਾਂਗੀ ਫੁੱਲ ਚਿੜੀਆਂ ।"

6. "ਚੰਨ ਚੜ੍ਹਿਆ ਬਾਪ ਦੇ ਵਿਹੜੇ, ਵੀਰ ਘਰ ਪੁੱਤ ਜੰਮਿਆ ।"

       ਨਣਦਾਂ ਨੂੰ ਕੁੱਝ ਦੇ ,ਗੀਤ ਦਾ, ਪ੍ਰਾਹੁਣੀਆਂ ਨੂੰ ਤੋਰਨ ਦਾ ਆਹਾਰ ਕੀਤਾ ਜਾਂਦਾ ਹੈ । ਮੁੰਡੇ ਦੀ ਨਾਨੀ, ਦਾਦੀ, ਜਾਂ ਭੁਆ ਆਦਿ ਕਾਕੇ ਨੂੰ ਲੋਰੀ ਥਥਲੀ ਜ਼ਬਾਨ ਚ ਦਿੰਦੀਆਂ ਹਨ ,

1. "ਲੋਰੀ ਲੱਕੜੇ ਊਂ-ਊਂ, ਤੇਰੀਆਂ ਸੱਦਕੜੇ ਊਂ-ਊਂ।"

2." ਹੂਟੇ- ਮਾਟੇ ਖੰਡ ਘਿਓ ਖਾਧੇ।" ਸਮੁੱਚਾ ਵਾਤਾਵਰਨ ਅਨੰਦਮਈ ਹੋ ਜਾਂਦਾ ਹੈ ।

ਖੁਸਰਿਆਂ ਦੀ ਆਮਦ:-

                            ਖੁਸਰੇ ਇਸ ਖੁਸ਼ੀ ਚ ਇਉਂ ਟੁੱਟ ਪੈਂਦੇ ਹਨ ਜਿਵੇਂ ਮੁੰਡਾ ਉਨ੍ਹਾਂ ਦੇ ਆਪਣਾ ਹੀ ਹੁੰਦਾ ਹੈ। ਇਸਤਰੀ ,ਮਰਦ ,ਦੀਨ -ਧਰਮ ਤੋਂ ਵਿਲੱਖਣ ਖੁਸਰੇ ਮੁੰਡੇ ਨੂੰ ਲੋਰੀਆਂ ਦਿੰਦੇ ,ਨੱਚਦੇ ,ਘੁਮਾਕਾਰਾਂ ਪਾਉਂਦੇ ਅਰਧ ਜ਼ਨਾਨੇ -ਮਰਦਾਵੇਂ ਬੋਲਾਂ ਨਾਲ ਰੰਗ ਬੰਨ੍ਹ ਦਿੰਦੇ ਹਨ ।ਹੈਦਰ ਸ਼ੇਖ ਜਾਂ ਸਖੀਸਰਵਰ ,ਪੀਰਾਂ, ਫ਼ਕੀਰਾਂ ਤੋਂ ਬਾਲ ਮੰਗੇ ਜਾਂਦੇ ਹਨ। ਲਾਲਾਂ ਵਾਲਾ ਪੀਰ ਲੋਕਾਂ 'ਚ ਇਸ ਲਈ ਮਕਬੂਲ ਹੋਇਆ ਹੈ ;ਖੁਸਰੇ ਗਾਉਂਦੇ ਹਨ -

     "ਦੇਵਾਂ ਲੋਰੀਆਂ ਮਾਵਾਂ ਦੇ ਪੁੱਤ ਪਿਆਰੇ ! ਲਾਲਾਂ ਵਾਲਿਆਂ ਦੇਹ  ਮੈਨੂੰ ਬੱਚੜਾ, ਮੋਹਰਾਂ ਵੰਡਦੀ ਆਵਾਂ।"

ਇਹ ਖੁਸਰੇ ਪਿਆਰ ਨਾਲ ਜਾਂ ਧੱਕੇ ਨਾਲ ਆਪਣਾ ਬਣਦਾ ਲੈ ਕੇ ਤੁਰਦੇ ਹਨ । ਇਸ ਪਿੱਛੋਂ ਆਏ ਸਬੰਧੀਆਂ ਨੂੰ ਮਰਿਆਦਾ ਮੁਤਾਬਿਕ ਕੱਪੜੇ ਲੀੜੇ ਜਵਾਬੀ ਤਿਓਰ ਦੇ ਕੇ ਵਿਦਾਅ ਕਰ ਦਿੱਤਾ ਜਾਂਦਾ ਹੈ ।