ਜਿਊਣਾ ਝੂਠ ਅਤੇ ਮਰਨਾ ਸੱਚ ਮੰਨਿਆ ਜਾਂਦਾ ਹੈ । 'ਸਭਨੇ ਸਹੁਰੇ ਵੰਞਣਾ ਸਭ ਮੁਕਲਾਵਨ ਹਾਰ' ਸਾਰਥਕ ਕਥਨ ਹੈ ।ਪਰ ਨੇਕ ਬੰਦਿਆਂ ਦੇ ਗੁਣ ਸਦਾ ਜੀਵੰਤ ਰਹਿੰਦੇ ਹਨ । ਸਰੀਰ ਤਾਂ ਛਿਣ- ਭੰਗਰ ਹੀ ਹੁੰਦਾ ਹੈ । ਇਸ ਦਾ ਅੰਤ ਹੋਣ ਤੇ ਵਿਭਿੰਨ ਸੱਭਿਆਚਾਰਾਂ ਵਿੱਚ ਵੱਖਰੇ -ਵੱਖਰੇ ਰੀਤੀ, ਰਸਮਾਂ, ਸੰਸਕਾਰ ਕੀਤੇ ਜਾਂਦੇ ਹਨ । ' ਰੀਤ ' ਅੰਗਰੇਜ਼ੀ ਸ਼ਬਦ 'ritual' ਅਤੇ 'rite' ਦਾ ਸਮਾਨਾਰਥਕ ਹੈ । 'ਰਸਮ' ਸਬੰਧੀ ਭੁਪਿੰਦਰ ਸਿੰਘ ਖਹਿਰਾ ਲਿਖਦੇ ਹਨ -
"ਸਮਾਜ ਦੇ ਸਮਾਂ ਵਿਹਾ ਚੁੱਕੇ ਅਮਲ ਜਦੋਂ ਆਪਣੇ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਦੁਹਰਾਏ ਜਾਂਦੇ ਹਨ ਤਾਂ ਉਹ ਰਸਮਾਂ ਅਖਵਾਉਂਦੇ ਹਨ ।"
ਪੰਜਾਬੀ ਸੱਭਿਆਚਾਰ ਦਾ ਭਾਵਪੂਰਤ ਮੁਹਾਂਦਰਾ ਪੇਸ਼ ਕਰਦੀ ਗੁਰਦਿੱਤ ਸਿੰਘ ਦੀ ਪੁਸਤਕ 'ਮੇਰਾ ਪਿੰਡ' ਜਿੱਥੇ ਪੰਜਾਬੀਆਂ ਦੇ ਜਨਮ ਤੇ ਵਿਆਹ ਸਮੇਂ ਦੀਆਂ ਰੀਤਾਂ ਰਸਮਾਂ ਦਾ ਚਿੱਤਰ ਉਲੀਕਦੀ ਹੈ ਉੱਥੇ ਮੋਹਤਾ ਸਬੰਧਤ ਰੀਤਾਂ ਰਸਮਾਂ ਦਾ ਵੀ ਕਰੁਣਾਮਈ ਚਿੱਤਰ ਪ੍ਰਸਤੁਤ ਕਰਦੀ ਹੈ । ਪੇਂਡੂ ਪੰਜਾਬੀ ਸੱਭਿਆਚਾਰ ਦੇ ਪ੍ਰਤੀਨਿਧ ਬਣ ਕੇ ਉੱਭਰੇ ਪਿੰਡ 'ਮਿੱਠੇਵਾਲ' ਦੇ ਲੋਕਾਂ ਦੇ ਰੀਤ ,ਸੰਸਕਾਰਾਂ ਸਬੰਧੀ ਲੇਖਕ ਦਾ ਕਥਨ ਹੈ :-
"ਮੇਰੇ ਪਿੰਡ ਦੇ ਲੋਕਾਂ ਦਾ ਜੀਵਨ ਇੱਕ ਤਰੀਕੇ ਨਾਲ ਰਿਵਾਜਾਂ ਤੇ ਰਸਮਾਂ ਵਿੱਚ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਇਆ ਚੱਲਦਾ ਹੈ। ਰਸਮਾਂ ਤੇ ਰੀਤਾਂ ਦਾ ਇਹ ਕਾਰਯਕ੍ਰਮ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਸ਼ੁਰੂ ਹੋ ਕੇ ਜਿੰਨਾ ਚਿਰ ਉਸਦੇ ਸਿਵੇ ਉੱਤੇ ਸੁਆਦ ਦੀ ਚੁਟਕੀ ਤੱਕ ਰਹਿੰਦੀ ਹੈ ,ਨਹੀਂ ,ਨਹੀਂ। ਸਿਵੇ ਵਾਲੀ ਥਾਂ ਦਾ ਥੱਲਾ ਤੱਕ ਘਰੋੜਿਆ ਨਹੀਂ ਜਾਂਦਾ, ਉਸ ਤੋਂ ਪਿੱਛੋਂ ਤੱਕ ਵੀ ਇਹ ਫ਼ਰਜ਼ ਦੀਵਾ ਜਗਾ ਜਗਾ ਕੇ ਸਾਵਧਾਨੀ ਨਾਲ ਨਿਭਾਇਆ ਜਾਂਦਾ ਹੈ ।"
ਇਹ ਰੀਤਾਂ ਬੁੱਢਿਆਂ ਦੇ ਭੂਤ ਬਣਨ ਤੋਂ ਡਰਦਿਆਂ ਵੀ ਕੀਤੀਆਂ ਜਾਂਦੀਆਂ ਹਨ । ਪੈਰਾਂ ਦਾ ਸੋਜਾ ਮੌਤ ਦਾ ਲੱਛਣ ਸਮਝਿਆ ਜਾਂਦਾ ਹੈ । ਗੀਤਾ ,ਜਪੁਜੀ ਤੇ ਸੁਖਮਨੀ ਦੇ ਪਾਠ ਆਰੰਭ ਹੋ ਜਾਂਦੇ ਹਨ। ਘੋਰੜੂ ਵੱਜਦੇ ਨੂੰ ਧਰਤੀ ਤੇ ਲਿਟਾ ਦਿੱਤਾ ਜਾਂਦਾ ਹੈ ਤਾਂ ਕਿ ਗਤੀ ਹੋ ਜਾਵੇ। ਚੜ੍ਹਦੇ ਵੱਲ ਪੈਰ ਕਰਕੇ ਵੱਡਾ ਪੁੱਤ ਭੁੰਜੇ ਲਾਹੇ ਪਿਤਾ ਦਾ ਸਿਰ ਆਪਣੇ ਮੋਢਿਆਂ ਤੇ ਰੱਖ ਲੈਂਦਾ ਹੈ । ਫਰਸ਼ ਉੱਪਰ ਹਰੀ ਕਾਹੀ , ਰੁੱਤੀ ਫ਼ਸਲ ਜਾਂ ਪਰਾਲੀ ਵਿਛੀ ਹੁੰਦੀ ਹੈ ।
"ਹੇਠ ਪਰਾਲੀ ਉੱਤੇ ਛੱਲੇ, ਜਿਹੋ ਜਿਹੇ ਆਏ ਉਹੋ ਜਿਹੇ ਚੱਲੇ" ਪ੍ਰਸਿੱਧ ਕਥਨ ਹੈ ।
ਇਸ ਸਮੇਂ ਕੁੱਲ ਪ੍ਰੋਹਿਤ ਲਈ 'ਗਊ ਪੁੰਨ ' ਦੀ ਰਸਮ (ਬੁੜ੍ਹੇ ਤੋਂ ਗਾਂ ਦੀ ਪੂਛ ਨੂੰ ਹੱਥ ਲਵਾ ਕੇ ਦਾਨ ਦੇਣੀ) ਕੀਤੀ ਜਾਂਦੀ ਹੈ। (ਇਹ ਗਓੂ, ਵੈਤਰਣੀ ਨਦੀ ਰਾਧ ਤੇ ਪੂੰ ਦੀਆਂ ਲਾਟਾਂ ਛੱਡਦੀ, ਉੱਬਲਦੀ ਵਿੱਚੋਂ ਜਦ ਯਮ ਲਘਾਉਂਦੇ ਹਨ ਤਾਂ ਪੂਛ ਫੜਾ ਕੇਲੰਘਾ ਲਿਜਾਂਦੀ ਹੈ ।)
ਆਂਢ ਗੁਆਂਢ ਨੂੰ ਖ਼ਬਰ ਦੇਣ ਲਈ ਘਰ ਦੀਆਂ ਤੀਵੀਆਂ ਲੰਮੇ ਤੇ ਡੂੰਘੇ ਵੈਣ ਘੁੰਡ ਕੱਢ ਕੱਢ ਪਾਉਣ ਲੱਗਦੀਆਂ ਹਨ । ਹਰ ਘਰੋਂ ਇੱਕ ਇੱਕ ਬੁੱਢੀ ਘੱਗਰਾ ਸਲਾਰੀ ਜਾਂ ਚਾਦਰ ਦਾ ਘੁੰਡ ਕੱਢ ਕੇ ਮਰਨਵਾਲੇ ਘਰ ਪਹੁੰਚ ਜਾਂਦੀਆਂ ਹਨ ਵੈਣ:-
"ਕਿੱਥੇ ਤੁਰ ਗਿਉਂ ਪਾ ਕੇ ਲੰਮੀ ਜੁਦਾਈ ਜੀ ,ਮੇਰਿਆਂ ਦੇਸ਼ਾਂ ਦੀਆਂ ਰਾਜਿਆ ਬਾਬਲਾ!" ਪੱਥਰਾਂ ਨੂੰ ਵੀ ਰੁਆ ਦਿੰਦੇ ਹਨ। ਇਹ ਵੈਣ ਬੁੜੇ ਨੂੰ ਨਵਾਕੇ ਤੇ ਕੱਪੜੇ ਪੁਆ ਕੇ ਅਰਥੀ ਤੇ ਰੱਖਣ ਵਾਲੇ ਤੱਕ ਜਾਰੀ ਰਹਿੰਦੇ ਹਨ। ਨੂੰਹ ਕਫ਼ਨ ਲਈ ਕੋਰੀ ਖੱਦਰ ਦੀ ਤਾਣੀ ਸੰਦੂਕ ਚੋਂ ਕੱਢ ਕੇ ਕੰਧੁਈ ਨਾਲ ਗਿਉਤੀ ਜਾਂਦੀ ਹੈ ਤੇ 'ਪੱਲਾ ਪਾਉਂਦੀ' ਹੈ । ਨੂੰਹ ਦੀ ਅਣਹੋਂਦ 'ਚ ਜਿਉਂਦੀ ਘਰ ਵਾਲੀ ਇਹ ਫ਼ਰਜ਼ ਨਿਭਾਉਂਦੀ ਹੈ । ਲੋਕ ਗੁਣਾਂ ਦੀ ਚਰਚਾ ਕਰਦੇ ਹਨ।
ਬੇਰੀ ਦੀਆ ਦੋ ਲੰਮੀਆਂ ਤੇ ਪਿੰਜਣੀ ਜਿਹੀਆਂ ਮੋਟੀਆਂ ਕੈਲਾਂ ਵੱਢ ਕੇ ਪੌੜੀ ਵਾਂਗ ਮੁੰਜ ਦੇ ਬਾਣ ਨਾਲ ਟੰਬੇ ਬੰਨ੍ਹ ਕੇ ਅਰਥੀ ਤਿਆਰ ਹੋ ਜਾਂਦੀ ਹੈ ।
ਦਹੀਂ ਨਾਲ ਕੇਸੀ ਨਵਾਏ ਤੇ ਕੱਪੜੇ ਪਹਿਨੇ ਬੁੱਢੇ ਦੇ ਉੱਤੋਂ ਦਸ ਗਜ਼ ਖੱਦਰ ਤਾਣੀ ਨਾਲੋਂ ਲਾਹ ਕੇ ਲਪੇਟ ਦਿੰਦੇ ਹਨ । ਸਰਦੇ ਪੁੱਜਦੇ ਦੁਸਾਲਾ ਵੀ ਪਾ ਦਿੰਦੇ ਹਨ । ਖਾਦਰ ਦੀ ਚਾਦਰ ਤਾਂ ਹਾਰ ਪਾਉਂਦਾ ਹੈ । ਖੱਫਣ ਵਾਲੇ ਲੀੜੇ ਚੋਂ ਸੂਤ ਕੱਢ ਤਿਆਰ ਕੀਤਾ ਧਾਗਾ ਤੇ ਬੇਸ਼ਗਨੀ ਸੂਈ ਕੰਮ ਕਰਨ ਮਗਰੋਂ ਕਫਨ 'ਚ ਹੀ ਟੁੰਗ ਦਿੱਤੀ ਜਾਂਦੀ ਹੈ। ਜਵਾਨ ਦੀ ਵਿਧਵਾ ਸੁਹਾਗ, ਲੌਂਗ , ਚੂੜੀਆਂ ,ਨੱਥ ਤੇ ਹੋਰ ਗਹਿਣੇ ਲਾਹ ਕੇ ਸਿਰ ਖੋਲ੍ਹ ਦਿੰਦੀ ਹੈ । ਕਿਉਂਕਿ 'ਸਿਰੋਂ ਨੰਗੀ' ਇਹ ਕਿਸੇ ਹੋਰ ਦੇ ਸਿਰ ਧਰੀ ਜਾਣ ਤੀਕ ਸਿਰ ਨਹੀਂ ਗੁੰਦਵਾਉਦੀ । ਬਿਰਧ ਦੀ ਮੌਤ ਤੇ ਅਰਥੀ ਤੁਰਦਿਆਂ ਨੂੰਹਾਂ ਸਿਰ ਖੋਲ੍ਹ ਦਿੰਦੀਆਂ ਹਨ ।
ਤਦ ਤੀਕ ਸਿਵਿਆਂ ਵਿੱਚ, ਲੋਕ ਮੋਢਿਆਂ ਤੇ ਸਿਰਾਂ 'ਤੇ ਲੱਕੜਾਂ ਢੋਣ ਦਾ (ਸ਼ੁੱਭ) ਕੰਮ ਕਰਕੇ ਚਿਖਾ ਤਿਆਰ ਕਰ ਲੈਂਦੇ ਹਨ ।ਸਿੜੀ ਨਾਲ ਲਿਜਾਣ ਲਈ 'ਪਿੰਡੇ' (ਚੌਲਾਂ ਦੇ ਆਟੇ ਦੇ ਪਿੰਨੇ ) ਨੂੰ ਪੁੱਠੀ ਚੱਕੀ ਫੇਰ ਤਿਆਰ ਕੀਤੇ ਸਤਨਾਜਾ (ਮੱਕੀ, ਕਣਕ ,ਛੋਲੇ ,ਮਾਂਹ, ਮੋਠ ਜੋ ਜਾਂ ਕੱਲੇ ਜੋ ) ਦੇ ਚਾਰ ਪਿੰਨੇ ਬਣਾ ਕੇ ਥਾਲੀ ਚ ਰੱਖ ਦਿੰਦੀ ਹੈ। ਨਾਈ ਨੂੰ ਫੜਾਈ ਜਾਂਦੀ ਇਸ ਸਮੱਗਰੀ ਵਾਲੀ ਥਾਲੀ ਵਿੱਚ ਇੱਕ ਕੌਲੀ ਘਿਓ, ਸੂਤ ਦਾ ਗਲੋਟਾ, ਚਾਰ ਤਾਂਬੇ ਦੇ ਪੈਸੇ ਤੇ ਇੱਕ ਪਾਣੀ ਦੀ ਮੰਘੀ ਵੀ ਟਿਕਾਈ ਜਾਂਦੀ ਹੈ । ਬੁੱਢੇ ਦਾ ਮੂੰਹ ਚੜ੍ਹ ਵੀ ਚੜ੍ਹਦੀ ਵੱਲ (ਮੁਸਲਮਾਨ ਛਿਪਦੇ ਵੱਲ) ਰੱਖਦਿਆਂ ਸਭ ਉਸ ਕੋਲ ਖੜ੍ਹੇ ਹੋ ਜਾਂਦੇ ਹਨ। ਵੱਡੀ ਨਹੂੰ ਜਾਂ ਪੁੱਤਰ ਰੁਪਿਆ ਮੱਥਾ ਟੇਕਦਾ ਹੈ ਤੇ ਫਿਰ ਅਤਿ ਨਜ਼ਦੀਕੀ 'ਚਾਰ ਕਾਨੀ' ਆਪਣੇ ਮੋਢਿਆਂ ਤੇ ਸਿੜੀ ਚੁੱਕ ਲੈਂਦੇ ਹਨ। ਪੋਤਿਆਂ ਵਾਲੇ ਬੁੱਢੇ ਦੇ ਮੂੰਹ ਚ ਛੋਟੀ ਜੀ ਸੋਨੇ ਦੀ ਡਲੀ ਤੇ ਪੜਪੋਤਿਆਂ ਵਾਲਾ ਹੋਵੇ ਤਾਂ ਸੋਨੇ ਦੀ ਪੌੜੀ ਨਾਲ ਪੈਰ ਛੁਹਾ ਸੋਨੇ ਦੀ ਪੌੜੀ ਚ ਚੜ੍ਹਾਉਣ ਵਾਲੀ ਰਸਮ ਕੀਤੀ ਜਾਂਦੀ ਹੈ । ਜ਼ਨਾਨੀਆਂ ਜਿੱਥੋਂ ਤੀਕ ਨਾਲ ਜਾਂਦੀਆਂ ਹਨ ਖੜ੍ਹ ਕੇ ਰੋਂਦੀਆਂ ਹਨ ਅਦਬ ਵਜੋਂ । ਰਾਹੀਂ ਜੁੱਤੀ ਲਾਹ ਕੇ ਮੁਰਦੇ ਦਾ ਸਤਿਕਾਰ ਕਰਦੇ ਹਨ ।
ਅਰਥੀ ਦੇ ਮੂਹਰੇ ਸਮੱਗਰੀ ਵਾਲਾ ਨਾਈ, ਫਿਰ ਅਰਥੀ ਦੇ ਪਿੱਛੇ ਪਿੰਡ ਦੇ ਲੋਕ ਰਾਮ ਨਾਮ ਸੱਤ ਹੈ ...ਜਾਂ ਸਤਿਨਾਮ ਵਾਹਿਗੁਰੂ ਦੀ ਧੁੰਨ ਅਲਾਪਦੇ ਹਨ। ਘਰੋਂ ਅਲਵਿਦਾ ਕਹਿਣ ਵਾਲੀਆ ਔਰਤਾਂ ਸੰਸਕਾਰ ਕਰਕੇ ਮੁੜ ਆਉਣ ਤੀਕ ਵੈਣ ਪਾਉਂਦੀਆਂ ਹਨ। ਨਾਲ ਗਈਆਂ ਰਸਤੇ ਦੇ ਪੜਾਅ ਤੇ ਖੜ੍ਹੀਆਂ ਲਾਂਬੂ ਲਗਾਉਣ ਵੇਲੇ ਜ਼ੋਰ ਨਾਲ ਰੋੰਦੀਆਂ ਹਨ।
ਸਿਵਿਆਂ ਤੋਂ ਕੁਝ ਉਰੇ ਅਰਥੀ ਸੰਭਰੇ ਤੇ ਛਿੱਟਾ ਦਿੱਤੇ ਥਾਂ ਰੱਖ ਦਿੱਤੀ ਜਾਂਦੀ ਹੈ ।ਮੁਰਦੇ ਦੇ ਪੈਰ ਅੱਗੇ ਤੇ ਸਿਰ ਪਿੱਛੇ ਕਰ ਦਿੱਤਾ ਜਾਂਦਾ ਹੈ ਸਿਰ ਵੱਲ ਲੱਗੇ ਕਾਨੀ ਪੈਰਾਂ ਵੱਲ ਤੇ ਪੈਰਾਂ ਵਾਲੇ ਸਿਰ ਵੱਲ 'ਮੁਰਦੇ ਨੂੰ ਚੋਰ ਭਲਾਈ ਦੇਣ' ਲਈ ਆ ਲੱਗਦੇ ਹਨ ਕਿ ਕਿਤੇ ਉਹ ਕੰਧਿਆਂ ਤੇ ਬੈਠ ਘਰ ਨਾ ਆ ਜਾਵੇ। ਕਿਸੇ ਕਿਸੇ ਪਿੰਡ ਦਾ ਨਾਈ ਇੱਕ ਪਿੰਨਾਂ ਰਸਤੇ ਵਿੱਚ, ਇੱਕ ਘਰ ਦੇ ਬੂਹੇ ,ਦੂਜਾ ਦਰਵਾਜ਼ੇ ,ਤੀਜਾ ਸਿਵਿਆਂ ਤੇ ਪਿੰਡ ਦਰਮਿਆਨ ਧਰਦਾ ਜਾਂਦਾ ਹੈ ,ਪਰ ਆਮ ਚਾਰੇ ਪਿੰਨੇ ਮਸਾਣਾਂ ਨੇੜੇ ਦਿੰਦੇ ਹਨ ।
ਅਰਥੀ ਰੱਖਣ ਵਾਲੀ ਥਾਂ ਸਿੜੀ ਦੇ ਚਾਰੇ ਪਾਸੇ ਉਨ੍ਹਾਂ ਨਾਲ ਤਾਂਬੇ ਦੇ ਚਾਰ ਚਾਰ ਪੈਸੇ ਰੱਖ ਕੇ ਸਿਵਿਆਂ ਵਾਲੇ ਪਾਸੇ ਮੱਘੀ ਭੰਨੀ ਜਾਂਦੀ ਹੈ। (ਮੱਘੀ ਦਾ ਪਾਣੀ ਤੇ ਪਿੰਨੇ ਪਰਲੋਕ ਦੀ ਖੁਰਾਕ)। ਅਰਧ ਮਾਰਗੀ ਵਿਸ਼ਰਾਮ ਦੀ ਇਹ ਰਸਮ ਪੁਰਾਤਨ ਸਮੇਂ ਪਿੰਡਾਂ ਤੋਂ ਦੂਰ ਮਸਾਣਾ ਹੋਣ ਕਰਕੇ ਕਾਨੀਆਂ ਨੂੰ ਆਰਾਮ ਦੇਣ ਲਈ ਮੁਰਦੇ ਦੇ ਆਰਾਮ ਬਹਾਨੇ ਹੁੰਦੀ ਸੀ । ਨਾਲ ਜਾਣ ਵਾਲੀਆਂ ਅਰਧਮਾਰਗ ਤੇ ਬੈਠ ਕੇ ਰੋਂਦੀਆਂ ਪਿੱਟਦੀਆਂ ਹਨ। ਨਹੂੰ ਚੌਥਾ ਪਿੰਨਾਂ ਚੁੱਕ ਪਹਿਲੇ ਵਾਲੀ ਥਾਂ ਰੱਖ ਦਿੰਦੀ ਹੈ ।
'ਰਾਮ ਨਾਮ ਸਤਿ' ਦੀਆਂ ਧੁਨਾਂ ਵਿੱਚ ਸਨੇਹੀ ਅਰਥੀ ਤੋਂ ਚੁੱਕ ਮੁਰਦੇ ਦੇ ਹੱਥ ਵਾਲੀ ਪਿੰਨੀ ਹੇਠਾਂ ਨੂੰ ਦਬਾਅ ਕੇ ਲਾਸ਼ ਚਿਖਾ ਤੇ ਰੱਖ ਦਿੰਦੇ ਹਨ। ਵੱਡਾ ਪੁੱਤਰ ਕਫ਼ਨ 'ਚ ਲਪੇਟੇ ਮੂੰਹ ਦਵਾਲਿਉਂ ਇੱਕ ਹੱਥ ਨਾਲ ਗੰਢਾਂ ਖੋਲ੍ਹ ਕੇ ਅੰਤਿਮ ਦਰਸ਼ਨਾਂ ਲਈ ਮੂੰਹ ਨੰਗਾ ਕਰਦਾ ਹੈ । ਫਿਰ (ਜੇ ਸੋਨਾ ,ਮੋਤੀ ਪਾਉਣ ਦੀ ਗੁੰਜਾਇਸ਼ ਨਾ ਹੋਵੇ ਤਾਂ )ਚਾਂਦੀ ਦਾ ਰੁਪਇਆ ਮੂੰਹ ਚ ਪਾ ਕੇ ਤਾਂ ਦਿੱਤਾ ਜਾਂਦਾ ਹੈ ਲੱਕੜਾਂ ਲਾਸ਼ ਤੇ ਚੁਣੀਆਂ ਜਾਂਦੀਆਂ ਹਨ । ਹਰ ਚਾਲੇ ਆਇਆ ਲੱਕੜਾਂ ਚੁੱਕ ਹੱਥ ਸਫਲੇ ਕਰਦਾ ਹੈ। ਲਾਸ਼ ਤੇ ਚਿਖਾ ਵਿਚਾਲੇ ਇੱਕ ਦੋ ਸਰਕੜੇ ਦੇ ਪੂਲੇ ਜਾਂ ਘਾਹ ਫੂਸ ਦੇ ਦਿੰਦੇ ਹਨ ,ਤਾਂ ਕਿ ਅਗਨ ਲਪੇਟ ਲਵੇ । ਜੇਠਾ ਪੁੱਤਰ ਲੰਮੀ ਪੂਲੀ ਨੂੰ ਅੱਗ ਲਾ ਕੇ ਘਾਹ ਫੂਸਵਾਲੀਆ ਚਿਖਾਈ ਥਾਵਾਂ ਤੋਂ ਗੇੜਾ ਦੇ ਕੇ ਲਾਂਬੂ ਲਾ ਦਿੰਦਾ ਹੈ। ,'ਸੁਰਗਾਂ ਦੇ ਵਾਸੇ ਲਈ ਦੁਆ' ਨਿਕਲਦੀ ਹੈ । ਸਿੱਖ ਜਪੁਜੀ ਤੇ ਕੀਰਤਨ ਸੋਹਿਲਾ ਪੜ੍ਹਦੇ ਹਨ ।
ਚਿਖਾ ਚੋਂ ਕੱਢੇ ਇੱਕ ਟੰਬੇ ਜਾਂ ਸਿੜੀ ਦੀ ਬਾਹੀ ਨੂੰ ਲੈ ਕੇ ਅਰਥੀ ਤੇ ਜ਼ਿੰਮੇਵਾਰੀ ਨਿਭਾਉਣ ਵਾਲਾ ਵਿਅਕਤੀ ਸੜ ਰਹੇ ਮੁਰਦੇ ਦੇ ਸਿਰ ਚ ਮਾਰ ਕੇ ਕਪਾਲ ਕਿਰਿਆ ਕਰਦਾ ਹੈ । ਇਸ ਪਿੱਛੋਂ ਉਸ ਨੂੰ ਸਵਾਲ ਸਮਝ ਲਿਆ ਜਾਂਦਾ ਹੈ ।ਚਾਲੇ ਆਏ ਆਦਮੀ ਇਧਰੋਂ ਉਧਰੋਂ ਡੱਕੇ ਚੁਗ ਤੋੜ ਕੇ ਸੜਦੀ ਸਿੱਖਾਂ 'ਚ ਸੁੱਟ ਬਿਨਾਂ ਦੇਖਿਆਂ ਮੁੜਨਾ ਆਰੰਭ ਕਰਦੇ ਹਨ । ਭਾਵ ਰਿਸ਼ਤਾ ਖਤਮ ਹੋ ਗਿਆ ਹੈ ।ਵਾਵਰੋਲੇ ਨੂੰ ਇਸ ਸਮੇਂ ਉੱਡ ਰਹੀ ਜਾਨ ਵੀ ਮਿੱਥ ਲਿਆ ਜਾਂਦਾ ਹੈ । ਚਾਲੇ ਗਏ ਬੰਦੇ ਰਾਹ ਚ ਆਉਂਦੇ ਖੂਹ ਟੋਭੇ ਤੇ ਜਨਾਨੀਆਂ ਵੀ ਇਸ਼ਨਾਨ ਜਾਂ ਮੂੰਹ ਹੱਥ ਧੋ ਕੇ ਸੁੱਚੇ ਹੁੰਦੇ ਹਨ। ਘਰ ਪਹੁੰਚ ਸਿਮਰਤੀਆਂ ਤਾਜ਼ਾ ਕਰਨ ਪਿੱਛੋਂ ਕੰਮ ਕਾਜ ਆਮ ਫਿਰ ਤੁਰ ਪੈਂਦੇ ਹਨ । ਦਸਾਹੀ ਘਰ ਮਕਾਨਾਂ ਜਾਂ ਅੰਗਾਂ ਸਾਕਾਂ ਦਾ ਆਉਣਾ ਆਰੰਭ ਹੋ ਜਾਂਦਾ ਹੈ ।
ਈਸਾਈ ਅਤੇ ਮੁਸਲਮਾਨ ਕਬਰ ਪੁੱਟ ਦਬਾ ਦਿੰਦੇ ਹਨ। ਹਿੰਦੂਆਂ ਵਿੱਚ ਜੇਠਾ ਪੁੱਤ ਮੂੰਹ ਸਿਰ ਮੁੰਡਾ ਕੇ ,ਜਨੇਊ ਪਹਿਨ ,ਤਿੰਨ ਪਰਨਿਆਂ ਚ ਲਪੇਟਕੇ ਸੰਨਿਆਸੀਆਂ ਵਾਂਗ ਕਰਮੀ ਧਰਮੀ ਬਣਦਾ ਹੈ ।ਅਫ਼ਸੋਸ ਕਰਨ ਵਾਲਿਆਂ ਨਾਲ ਦਸ਼ਾਹੀ ਤੀਕ ਬਿਨਾਂ ਘਰਦਿਆਂ ਤੋਂ ਵੱਖਰੇ ਭੁੰਜੇ ਸੌਣਾ ,ਜਾਮਾਂ ਜੋੜਾ ਨਾ ਪਹਿਨਣਾ, ਦੋਹੇਂ ਵੇਲੇ ਇਸ਼ਨਾਨ ਕਰ ਪਿੱਤਰ ਪੂਜਾ ਕਰਨਾ, ਗਰੁੜ ਪੁਰਾਣ ਦਾ ਪਾਠ ਸੁਣਦਾ ਤੇ ਪੁੰਨ ਕਰਦਾ ਹੈ । ਉਸ ਦੇ ਕਰਮ ਹੁੰਦੇ ਹਨ -ਪਹਿਲੇ ਦਿਨ ਰਾਤ ਨੂੰ ਮਸਾਣਾਂ 'ਚ ਕੋਰਾ ਪਰ ਥੰਦਾ ਘੜਾ ਸਿਵੇ ਕੋਲ ਰੱਖ ਕੇ ਆਉਣਾ ਰਾਤ ਨੂੰ ਜਾਪ ਕਰਨ ਵਾਲੇ ਬ੍ਰਾਹਮਣ ਨੂੰ ਨਾਲ ਲੈ ਕੇ ਸੀਵਿਆਂ ਰਾਹ ਜੋਤ ਜਗਾਉਂਦੇ ਹਨ ।
ਜਵਾਨ ਦੀ ਮੌਤ ਤੇ ਸਿਵਾ ਠੰਢਾ ਹੋਣ ਤੇ ਇੱਕ ਖਾਸ ਰਾਖੀ ਰੱਖੀ ਜਾਂਦੀ ਹੈ ਕੰਗਰੋੜ ਸਿਵੇ ਦੇ ਬਾਹਰ ਸੁੱਟੀ ਜਾਂਦੀ ਹੈ ਤਾਂ ਕਿ ਜਾਦੂ ਟੂਣੇ ਵਾਲੇ ਸਿਵੇ ਜਗਾ ਕੇ ਪ੍ਰੇਤ ਵੱਸ ਨਾ ਕਰ ਲੈਣ ।ਸਿਵਿਆਂ ਨੇੜੇ ਜਿੱਥੇ ਅਰਥੀ ਰੱਖੀ ਹੁੰਦੀ ਹੈ ਕੁਝ 'ਸਿਆਣੇ' ਸਿਵਿਆਂ ਦੀ ਸੁਆਹ ਵਿੱਚੋਂ ਥੋੜ੍ਹੀ ਜਿਹੀ ਵਿਛਾ ਕੇ ਟੋਕਰੀ ਮੂਧੀ ਮਾਰ ਦਿੰਦੇ ਹਨ ਕਿ ਅਗਲੀ ਜੂਨ ਦੀਆਂ ਪੈੜਾਂ ਸੁਆਹ ਤੇ ਵਾਚਦੇ ਹਨ ।
ਜਣੇਪੇ ਤੇ ਚੱਲੀਰੇ 'ਚ ਮਰੀ ਜਨਾਨੀ ਕਲੀਚ ਇਸਤਰੀ ਅਰਥੀ ਉਠਾਉਣੋ ਪਹਿਲਾਂ ਘਰ ਦੇ ਚੌਹਾਂ ਖੂੰਜਿਆਂ ਚ ਕਿੱਲੇ ਗੱਡ ਦਿੱਤੇ ਜਾਂਦੇ ਹਨ ਤੇ ਉਸ ਦੇ ਪੈਰਾਂ ਚ ਮੇਖਾਂ ਠੋਕੀਆਂ ਜਾਂਦੀਆਂ ਹਨ। ਅਰਥੀ ਲਿਜਾਣ ਤੋਂ ਪਹਿਲਾਂ ਸੱਤਾ ਖੂਹਾਂ ਦਾ ਪਾਣੀ ਤੇ ਸਤਨਾਜਾ ਤੇ ਮੰਤਰ ਪੜ੍ਹਵਾ ਕੇ ਉਹਦਾ ਪਤੀ ਇਹ ਬਿਗਾਨੀ ਜੂਹ ਚ ਦੱਬ ਕੇ ਆਉਂਦਾ ਹੈ । ਸੁਰਤ ਬੱਚੇ ਚ ਹੁੰਦੀ ਹੈ। (ਰੋਹੀਆਂ 'ਚ ਦੁਪਹਿਰਾਂ ਨੂੰ ਪਾਣੀ ਪੀਣ ਦੀ ਆਵਾਜ਼ ਨੂੰ ਜੰਗੀ ਸ਼ਹੀਦਾਂ ਜਾਂ ਪਿਆਸਿਆਂ ਦੀਆਂ ਰੂਹਾਂ ਦਾ ਹਾਰਡ ਬੋਲ ਰਿਹਾ ਕਹਿੰਦੇ ਹਨ।) ਹਿੰਦੂ ਘਰਾਂ 'ਚ ਗਰੁੜ ਪੁਰਾਣ ਤੇ ਸਿੱਖਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭਿਆ ਜਾਂਦਾ ਹੈ ।
ਫੁੱਲ ਚੁਗਣੇ:-
ਇਹ ਚਿਖਾ ਚੜ੍ਹਾਉਣ ਤੋਂ ਤੀਜੇ ਦਿਨ ਕੀਤੀ ਜਾਂਦੀ ਹੈ । ਲੱਕੜ ਦੀ ਛੋਟੀ ਜਿਹੀ ਫਹੁੜੀ ਤੇ ਚਾਰ ਕਿੱਲੀਆਂ ਬਣਵਾ ਕੇ ਦੁੱਧ ਦੇ ਕਟੋਰੇ ਤੇ ਕੱਪੜੇ ਦੀ ਫੁੱਲ ਪਾਉਣ ਲਈ ਸਿਉਂਤੀ ਥੈਲੀ ਅਤੇ ਇੱਕ ਕੱਚੇ ਧਾਗੇ ਦੇ ਗਲੋਟੇ ਫੁੱਲ ਚੁਗਣ ਸਮੇਂ ਨਾਈ ਨਾਲ ਲੈ ਕੇ ਆਉਂਦਾ ਹੈ । ਜੇਠਾ ਚਾਰੇ ਕਾਨੀ ਜਾਂ ਇੱਕ ਦੋ ਹੋਰ ਅੰਗੀ ਸਾਕੀ ਰਲ ਜਾਂਦੇ ਹਨ । ਫੁੱਲ, ਮੂੰਹ ਦੇ ਦੰਦ, ਛਾਤੀ- ਪਸਲੀਆਂ ਤੇ ਹੱਡੀਆਂ ਚੋਂ ਪੁਤਲੀ ਲੱਭੀ ਜਾਂਦੀ ਹੈ। ਦੋ ਪੋਟਿਆਂ ਨਾਲ ਕੌਲੀ 'ਚ ਲਿਆਕੇ ਦੁੱਧ 'ਚ ਧੋ ਕੇ, ਜਿਸ ਦਾ ਪਹਿਲਾਂ ਸਿਵੇ ਨੂੰ ਛਿੱਟਾ ਦਿੱਤਾ ਜਾਂਦਾ ਹੈ ,ਥਾਲੀ 'ਚ ਪਾ ਲੈਂਦੇ ਹਨ ,ਸਿਵੇ ਦੀ ਸੁਆਹ ਪਿੰਡ ਦੇ ਟੋਭੇ 'ਚ ਜਾਂ ਕੱਸੀ ਸੂਏ ਚ ਰੋੜ ਦਿੰਦੇ ਹਨ ਫੁੱਲਾਂ ਵਾਲੀ ਥੈਲੀ (ਮਰਦ ਲਈ ਚਿੱਟੀ ਔਰਤ ਲਈ ਲਾਲ) ਨਾਲ ਦੇ ਦਰੱਖਤ ਤੇ ਟੰਗ ਆਉਂਦੇ ਹਨ -ਘਰੇ ਜਾ ਨਹਾ ਧੋ ਰੋਟੀ ਖਾ ਬਾਹਰੋਂ ਬਾਹਰ ਫੁੱਲ ਚੁੱਕ ਹਰਿਦੁਆਰ ਤੱਕ ਦਾ ਰੋਟੀ ਪੰਜੀਰੀ ਲੈ ਤੁਰ ਪੈਂਦਾ ਹੈ । ਘਰ ਦੇ ਖਾਸ ਖਾਸ ਸਿਵਿਆਂ ਚ ਉਸ ਨੂੰ ਵਿਦਾਈ ਦਿੰਦੇ ਹਨ ।ਪੋਟਲੀ ਰੁੱਖੋ ਲਾਹ ਸਿਵੇ ਦੁਆਲੇ ਸੱਤ ਗੇੜੇ ਕੱਢ ਦੋ ਪੈਸੇ ਭਾੜੇ ਦੇ ਉੱਥੋਂ ਸੁੱਟ ਮਾਰਨ ਵਾਲੇ ਦਾ ਨਾਂ ਲੈ ਕੇ ਪੁਕਾਰਦਾ ਤੇ ਤੁਰ ਪੈਂਦਾ ਹੈ -"ਆਪ ਭਗਤਿਆ ਹਰਿਦੁਆਰ ਚੱਲੀਏ!" ਉੱਥੋਂ ਤੀਕ ਉਸਨੂੰ ਪੂਰਾ ਬੰਦਾ ਸਮਝਿਆ ਜਾਂਦਾ ਹੈ । ਹਰਿਦੁਆਰ ਪਹੁੰਚਦਿਆਂ ਪਾਂਡੇ ਗਿਰਜਾ ਵਾਂਗ ਆ ਚਿੰਬੜਦੇ ਹਨ। ਫੁੱਲ ਪਾਉਣ ਪਹਿਲਾਂ ਨਾਈ ,ਫਿਰ ਬ੍ਰਾਹਮਣ ਪਰ ਭ੍ਰਿਸ਼ਟਾਚਾਰ ਕਰਕੇ ਆਪ ਜਾਣ ਲੱਗੇ। ਕਈ ਆਪਣੇ ਪਿੰਡ ਦੀ ਮਿੱਟੀ ਚ ਹੀ ਮਿੱਟੀ ਹੋਣਾ ਲੋਚਦੇ ਹਨ ।
ਸਿਆਪਾ -:
ਵਡੇਰੀ ਉਮਰ ਭੋਗ ਕੇ ਮਰੇ ਦਾ ਹੰਗਾਮਾ ਤੇ ਕਿਰਿਆ ਕਰਮ ਵੱਖ ਵੱਖ ਹੁੰਦੇ ਹਨ। ਨਾਈ ਨੂੰ ਮੌਤ ਦੀ ਖ਼ਬਰ ਦੇ ਕੇ ਅੰਗੀ ਸਾਕੀ ਘਲਿਆ ਜਾਂਦਾ ਹੈ । ਫਿਰ ਲੋਕ ਮਕਾਣ ਤੇ ਪਰਚਾਉਣੀ ਕਰਨ ਆਉਂਦੇ ਹਨ ।
ਮਕਾਣਾ:-
ਹਰਿਆਵਲੀ ਸਲਾਹੇ ਤੇ ਚਾਦਰ ਤੋਂ ਇਲਾਵਾ ਭਰਵੇ ਲਹਿੰਗੇ ਖਾਸ ਮਕਾਨਾਂ ਲਈ ਰੱਖੇ ਜਾਂਦੇ ਹਨ। ਘਗਰਾ ਪਿੱਟਣ ਸਮੇਂ ਤੇ ਸਟੋਰ ਵਜੋਂ ਕੰਮ ਕਰਦਾ ਹੈ । ਪਿੰਡ ਨੇੜੇ ਪਹੁੰਚ ਕੇ ਆਦਮੀ ਅੱਗੇ ਵੱਖ ਚੌਗਾਨ 'ਚ ਵਿੱਛੀਆਂ ਫੂੜੀਆਂ ਤੇ ਜਾ ਬਹਿੰਦੇ ਹਨ ਤੇ ਬੁੜ੍ਹੀਆਂ ਦੀ ਆਮਦ ਬਾਰੇ ਸੂਚਨਾ ਦਿੰਦੇ ਹਨ। ਪਿੰਡ ਦੀਆਂ ਬੁੜੀਆਂ ਮਰਾਸਣ ਜਾਂ ਨੈਣ ਦੇ ਪਹਿਲੇ ਸੱਦੇ ਨਾਲ ਹੀ ਸਿਆਪੇ ਲਈ ਸਬੰਧਤ ਘਰ ਪੁੱਜ ਜਾਂਦੀਆਂ ਹਨ। ਆ ਰਹੀਆਂ ਔਰਤਾਂ ਪਿੰਡ ਨੇੜੇ ਪਹੁੰਚ ਘੱਗਰੇ ਤੇ ਜੁੱਤੀਆਂ ਝਾੜ, ਗਲਾ ਸਾਫ਼ ਕਰ, ਲਾਈਨਾਂ ਬਣਾ ਤੇ ਆਵਾਜ਼ਾਂ ਦੇ ਜੁੱਟ ਬਣਾ ਕੇ ਨਜ਼ਦੀਕੀ ਨੂੰ ਕਮਾਨ ਸੌਂਪ ਕੇ ਲੰਮੇ ਲੰਮੇ ਘੁੰਡ ਕੱਢ ਕੇ ਤੁਰ ਪੈਂਦੀਆਂ ਹਨ ਹਾਂ... ਹਾ...ਹਾ..ਹੂੰ...ਹੂੰ...ਹੂੰ ਕਰਦੀਆਂ ਹਨ ।ਮਕਾਣ ਆਈ ਪਿੰਡ ਦੀ ਧੀ ਹੋਣ ਦੇ ਬਾਵਜੂਦ ਨੂੰਹਾਂ ਵਾਂਗ ਘੱਗਰਾ ਪਾ ਕੇ ਚੱਲਦੀ ਪਹਿਲਾਂ ਵੈਣ ਆਰੰਭਦੀ ਹੈ -
" ਤੇਰੇ ਬਿਨਾਂ ਅੱਜ ਸੱਖਣੇ ਦਿਸਦੇ ਪਿੰਡ ਦੇ ਖੂਹ ਟੋਭੇ ਵੇ ਮੈਨੂੰ ਜਣਨ ਵਾਲਿਆਂ ਬਾਬਲਾ ।"
ਦੂਜੀਆਂ ਸੁਰ ਮਿਲਦੀਆਂ ਹਨ। ਦਰਵਾਜ਼ਾ ਲੰਘਦੀ ਕੁੜੀ ਦਰਦਨਾਕ ਕੀਰਨਾ ਪਾਉਂਦੀ ਹੈ ,ਅੱਗੋਂ ਪਿੰਡ ਦੀ ਮਰਾਸਣ ਜਾਂ ਨੈਣ ਦੀ ਦੇਖ ਰੇਖ 'ਚ ਖੜ੍ਹੀਆਂ ਟਰੇਡ ਜ਼ਨਾਨੀਆਂ ਅੰਦਰੋਂ ਆਪਣੇ ਅਲਾਪ ਦੀ ਸੁਰ ਹਾ...ਹਾ...ਹਾ.. ਰਲਾ ਦਿੰਦੀਆਂ ਹਨ।
ਅਲਾਹੁਣੀਆਂ:-ਦੋਹਾਂ ਪਾਸਿਆਂ ਦੀਆਂ ਔਰਤਾਂ ਆਹਮੋ ਸਾਹਮਣੇ ਖੜ੍ਹ ਜਾਂਦੀਆਂ ਹਨ। ਸਿਆਪੇ ਦੀ ਨੈਣ ਸੁਰਬੱਧ ਕਰਦੀ ਹੈ। ਪਹਿਲੀ ਅਲਾਹੁਣੀ ਵਿਚ ਬੁੜ੍ਹੇ ਦੇ ਮਰਨ ਦਾ ਬਿਰਤਾਂਤ ਹੁੰਦਾ ਹੈ। ਸੁਰ ਮਿਲਾਉਂਦੀਆਂ ਜਨਾਨੀਆਂ ਇਕ ਵਾਰੀ ਦੁਹੱਥੜਾਂ ਪੱਟਾਂ ਤੇ ਅਤੇ ਦੂਜੀ ਵਾਰੀ ਛਾਤੀਆਂ ਉੱਤੇ ਅਤੇ ਤੀਜੀ ਵਾਰੀ ਮੂੰਹ 'ਤੇ ਤਾਲ ਨਾਲ ਮਾਰਦੀਆਂ ਹਨ। ਜਵਾਨ ਅਤੇ ਵਿਧਵਾ ਜੇ ਛੱਡ ਮਰੇ ਤਾਂ ਉਸ ਦੇ ਸਹੁਰਿਆਂ, ਪੇਕਿਆਂ ਦੀਆਂ ਦੂਹਰੀਆਂ ਮਕਾਣਾ ( ਏਧਰੋਂ ਉਧਰੋਂ-ਓਧਰੋ ਏਧਰ) ਭਿਅੰਕਰ ਕਰੁਣਾਮਈ ਸਿਆਪਾ ਕਰਦੀਆਂ ਹਨ। 'ਹਾਏ ਹਾਏ ਮੇਰਾ ਸਰੂ ਜਿਹਾ' ਮੁਟਿਆਰ ਕੁੜੀ ਜਾਂ ਨੂੰਹ ਦਾ ਵੀ ਬਹੁਤ ਦੁੱਖ ਮਨਾਇਆ ਜਾਂਦਾ ਹੈ। ਧੀਏ ਮੋਰਨੀਏ ਰੁਦਨ ਕਰਦੀਆਂ ਹਨ। ਟੁੱਟ ਟੁੱਟ ਜਾਂਦੀ ਨੈਣ ਮਰਾਸਣ ਨਾਲ ਇਹ ਨਿਯਮ ਬੱਧ ਸਿਆਪਾ ਗਿੱਧੇ ਦਾ ਰੰਗ ਫੜ ਲੈਦਾ ਹੈ। ਨਿੱਕੇ ਲਾਲ ਦੀ ਮੌਤ ਉੱਤੇ ਰੀਝਾਂ ਨੂੰ ਅਲਾਹਣੀਆਂ 'ਚ ਗੁੰਦ ਕੇ ਪੇਸ਼ ਕੀਤਾ ਜਾਂਦਾ ਹੈ-
"ਹਾਇਆ ਲਾਲ ਮੇਰਾ ਲਾਲ ਗੋਪਾਲ ,ਹਾਏ ਨੀਂ ਟੁਰ ਗਿਆ ਲਾਲ........................ ।"
ਕੂੜਮੱਤ (ਜੋ ਬੁੜੇ ਦੇ ਜਾਂ ਕੁੜੀ ਮੁੰਡੇ ਦੇ ਸਹੁਰਿਆਂ ਆਉਂਦੀ ਹੈ )ਦਾ ਨਜ਼ਾਰਾ ਸੁਆਦਲਾ ਹੁੰਦਾ ਹੈ । ਇਹ ਕੇਵਲ ਰਹਿਣ ਨੂੰ ਹੀ ਮਕਾਨ ਹੈ, ਗੱਲਾਂ ਵਿਆਹ ਦੀਆਂ ਹੁੰਦੀਆਂ ਹਨ । ਅਜਿਹੇ ਸਮੇਂ ਸਿਆਪਾ ਕਰਨ ਵਾਲੀਆਂ ਮਿਰਾਸਣਾ ਹਾਸ- ਰਾਸ ਦਾ ਰੰਗ ਵੀ ਉਭਾਰਦੀਆਂ ਹਨ ।
"ਇਹ ਝੂਮਰਮਾਟਾ ਮਾਰ ਲੰਮੇ ਕੀਰਨੇ ਵੀ ਪਾਉਣ ਲੱਗ ਪੈਂਦੀਆਂ ਹਨ ।
ਪੱਲਾ ਛੁਡਾਉਣਾ:-
ਵਾਰੋ ਵਾਰੀ ਸਭ ਗਲ਼ੇ ਮਿਲਣ ਪਿੱਛੋਂ ਬਾਹਰ ਆਈ ਮਕਾਨ ਵਿੱਚੋਂ ਘਰਵਾਲੀਆਂ ਦਾ ਤੇ ਘਰ ਆਈ ਮਕਾਨ ਦੀਆਂ ਜ਼ਨਾਨੀਆਂ ਦੀਆਂ ਗਲੇ ਪਈਆਂ ਬਾਹਵਾਂ ਚੜਾਉਂਦੀਆਂ ਹਨ। ਸ਼ੇਰ ਤੋਂ ਉਤਾਰਨ ਵਾਂਗ ਸਿਆਪਾ ਸਮੇਟਣਾ ਵੀ ਮੁਸ਼ਕਿਲ ਹੁੰਦਾ ਹੈ ।ਫਿਰ ਬਜ਼ੁਰਗ ਦੇ ਅੰਤ ਵੇਲੇ ਤੇ ਬਿਮਾਰੀ ਬਾਰੇ ਗੱਲਾਂ ਤੁਰਦੀਆਂ ਹਨ ।
ਕੁੜਮੱਤ ਆਈਆਂ ਹੰਗਾਮੇ ਦੇ ਲੱਡੂ, ਜਲੇਬੀਆਂ ,ਕੜਾਹ ਖਾ ਕੇ ਸ਼ਾਮ ਨੂੰ ਗਿੱਧੇ ਦਾ ਪੀੜ ਮੰਗਾ ਲੈਂਦੀਆਂ ਹਨ । ਕਵੀਸ਼ਰ ਤੇ ਨਕਲੀਏ ਵੀ ਕਦੇ ਕਦੇ ਸੱਦ ਲੈ ਜਾਂਦੇ ਹਨ। ਪਿੰਡ ਨੂੰ ਰੋਟੀ ਕਰਕੇ ਬੁੜ੍ਹੇ ਦਾ 'ਨਾਂ ਵੱਡਾ ' ਕੀਤਾ ਜਾਂਦਾ ਹੈ। ਕਈ ਬੁੜ੍ਹੇ ਜਿਉਂਦੇ ਜੀਅ ਆਪ ਇਹ ਰਸਮਾਂ ਕਰਦੇ ਹਨ।
ਗਦੌੜਾ ਫੇਰਨਾ:-
ਚੌਲਾਂ ਦੇ ਆਟੇ ਦੇ ਜਾਂ ਚਾਬ ਦੇ ਵੱਡੇ ਵੱਡੇ ਲੱਡੂ ਬਣਾ ਕੇ ਆਸ ਪਾਸ ਦੀਆਂ ਪੰਚਾਇਤਾਂ ਪਾਸ ਝਿਉਰ ਨੂੰ ਵਹਿੰਗੀ ਚ ਪਾ ਕੇ ਭੇਜੇ ਜਾਂਦੇ ਹਨ । ਇਹ ਗਦੌੜੇ ਦੀ ਸੂਚਨਾ ਵੀ ਦੇ ਦਿੰਦਾ ਹੈ । ਵੱਡੇ ਪੁੱਤ ਨੂੰ ਪਹਿਲਾਂ ਰੁਪਿਆ ,ਪੱਗ ਸਹੁਰਿਆਂ ਵੱਲੋਂ ਫਿਰ ਦੂਜੇ ਰਿਸ਼ਤੇਦਾਰਾਂ ਤੇ ਭਾਈਚਾਰੇ ਵੱਲੋਂ ਦੇ ਕੇ ਉਸ ਨੂੰ ਵਾਰਸ ਮੰਨ ਲਿਆ ਜਾਂਦਾ ਹੈ ।
ਸ਼ਾਮ ਨੂੰ ਪਿੰਡ ਦੀ ਸੱਥ 'ਚ ਨਕਲੀਏ ,ਭੰਡ ਤੇ ਗਾਇਕ ਅਖਾੜੇ ਲਾਉਂਦੇ ਹਨ। ਇੰਜ ਰੰਗ ਤਮਾਸ਼ਿਆਂ ਵਾਲਾ ਇਹ ਦਿਨ ਸਭ ਦੇ ਮਨ ਖ਼ੁਸ਼ੀ ਭਰਦਾ ਹੈ ।
"ਹਸੰਦਿਆਂ ,ਖਲੰਦਿਆਂ, ਖਾਵੰਦਿਆਂ ,ਪੈਨੰਦਿਆਂ ਵਿੱਚ ਹੋਵੇ ਮੁਕਤ "
ਦੇ ਵਾਕ ਸਿੱਧ ਹੋਣ ਵਾਲਾ ਇਹ ਨਜ਼ਾਰਾ ਬੁੜ੍ਹੇ ਦੇ ਅੰਤਿਮ ਰਸਮਾਂ ਦੀ ਸਮਾਪਤੀ ਨਾਲ 'ਸ਼ਭਮ ਸਤੀ' ਹੋ ਜਾਂਦਾ ਹੈ ।


0 Comments