ਗਿਆਨੀ ਗੁਰਦਿੱਤ ਸਿੰਘ ਦੀ ਸਿਰਜਣਾ 'ਮੇਰਾ ਪਿੰਡ' ਪੰਜਾਬੀ ਲੋਕ ਜੀਵਨ, ਲੋਕ ਪਰੰਪਰਾ ,ਰਹਿਣ ਸਹਿਣ ,ਵਿਲੱਖਣ ਜੀਵਨ ਵਿਧੀਆਂ, ਰਿਸ਼ਤਿਆਂ- ਨਾਤਿਆਂ, ਸਾਂਝਾ, ਕਿੱਤਿਆਂ ,ਕਾਰ ਵਿਹਾਰਾਂ, ਲੋਕ -ਵਿਸ਼ਵਾਸਾਂ ,ਵਹਿਮਾਂ -ਭਰਮਾਂ, ਕਥਾ -ਕਹਾਣੀਆਂ ,ਲੋਕ ਸਿਆਣਪਾਂ, ਤਿੱਥਾਂ -ਤਿਉਹਾਰਾਂ ਤੇ ਰੀਤੀ ਸੰਸਕਾਰਾਂ ਦੀ ਅਮੁੱਲ ਧਰੋਹਰ ਨੂੰ ਸੰਭਾਲਣ ਵਾਲਾ ਇੱਕ 'ਗ੍ਰਾਮ ਵੇਦ 'ਹੈ ।ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਇਸੇ ਕਾਰਨ ਹੀ ਆਪਣੇ ਜੱਦੀ ਪਿੰਡ ਮਿੱਠੇਵਾਲ ਨੂੰ ਕੇਂਦਰ ਬਣਾ ਕੇ ਲਿਖੀ ਗਈ ਇਸ ਪੁਸਤਕ ਵਿੱਚੋਂ ਸਮੁੱਚੇ ਪੰਜਾਬੀ ਸੱਭਿਆਚਾਰ ਵਿਰਸੇ ਦੀ ਧੜਕਣ ਸੁਣਾਈ ਦਿੰਦੀ ਹੈ ।ਇਸ ਦੀ ਭੂਮਿਕਾ ਦੇ ਪੰਨਾ ਨੰਬਰ 11 ਉੱਪਰ ਅੰਮ੍ਰਿਤਾ ਪ੍ਰੀਤਮ ਦੀ ਕਾਵਿਕ ਟਿੱਪਣੀ ਬੜੀ ਭਾਵਪੂਰਤ ਦਿਖਾਈ ਦਿੰਦੀ ਹੈ ;
"ਪੰਜਾਬ ਦੀ ਰਹਿਣੀ- ਬਹਿਣੀ ਦੇ ਖਿੰਡੇ ਹੋਏ ਤੀਲਿਆਂ ਨੂੰ ਆਪਣੀ ਕਲਮ ਨਾਲ ਚੁਣ ਕੇ ਗੁਰਦਿੱਤ ਸਿੰਘ ਨੇ 'ਮੇਰਾ ਪਿੰਡ' ਉਹ ਕਿਤਾਬੀ ਆਲ੍ਹਣਾ ਬਣਾਇਆ ਹੈ, ਜਿਹਦੇ ਵਿੱਚੋਂ ਸਾਨੂੰ ਪੰਜਾਬ ਦੀ ਰੂਹ ਦਾ ਪੰਛੀ ਬੈਠਾ ਅਤੇ ਕੇਲਾਂ ਕਰਦਾ ਦਿਖਾਈ ਦਿੰਦਾ ਹੈ ।"
ਭਾਈ ਜੋਧ ਸਿੰਘ ਇਸ ਕਿਤਾਬ ਨੂੰ 'ਪੇਂਡੂ ਜੀਵਨ ਦਾ ਹੂ -ਬ- ਹੂ ਚਿੱਤਰ' ਪ੍ਰਤਾਪ ਸਿੰਘ ਕੈਰੋਂ 'ਪੰਜਾਬ ਦੀ ਜ਼ਿੰਦਗੀ ਸਮਝਾਉਣ ਵਾਲੀ ਗਾਈਡ ',ਪ੍ਰੀਤਮ ਸਿੰਘ ਲਈ ਇਹ 'ਗ੍ਰਾਮ ਵੇਦ 'ਜਾਂ 'ਜੱਟ ਪੁਰਾਣ' ਤੇ ਰੰਧਾਵੇ ਲਈ 'ਲਾਜਵਾਬ ਤੇ ਬੇਮਿਸਾਲ' ਕਿਰਤ ਹੈ ।ਨਾਨਕ ਸਿੰਘ ਲਈ ਇਹ 'ਸੰਦਲੀ ਸਰਬੱਤ ਦਾ ਗਲਾਸ 'ਡਾਕਟਰ ਹਰਭਜਨ ਸਿੰਘ ਲਈ 'ਮਹਿਕ ਦਾ ਬਣਿਆ ਪਿੰਡ 'ਤੇ ਸੇਖੋਂ ਲਈ 'ਪਿੰਡਾਂ ਦੀ ਪੁਰਾਤਨਤਾ ਦਾ ਇੱਕ ਅਤਿ ਪ੍ਰਭਾਵਿਤ ਚਿੱਤਰ 'ਹੈ ।ਪ੍ਰਸਿੱਧ ਲੋਕਧਾਰਾ ਸ਼ਾਸਤਰੀ ਦੇਵਿੰਦਰ ਸਤਿਆਰਥੀ ਅਨੁਸਾਰ,
"ਮੇਰਾ ਪਿੰਡ' ਦੇ ਪੰਨਿਆਂ ਵਿੱਚ ਪੰਜਾਬੀ ਲੋਕ ਜੀਵਨ ਤੇ ਲੋਕ -ਪਰੰਪਰਾ ਨੇ ਨਵਾਂ ਜਨਮ ਪ੍ਰਾਪਤ ਕੀਤਾ ਹੈ ।"
ਇਸ ਵਿਚਲੇ ਕੁਝ ਕਾਂਡਾਂ ਜਿਵੇਂ 'ਹਾੜ੍ਹਾਂ ਦੇ ਦੁਪਹਿਰੇ' ਤੇ 'ਸਿਆਲਾਂ ਦੀਆਂ ਧੂਣੀਆਂ 'ਵਿੱਚ ਬਹੁ ਪਾਸਾਰੀ ਤੇ ਬਹੁਦਿਸ਼ਾਵੀ ਸੱਭਿਆਚਾਰਕ ਵੇਰਵੇ ਸਮਲਿਤ ਹਨ ।' ਤੀਆਂ 'ਅਤੇ ਤ੍ਰਿੰਞਣਾਂ ਦੀ ਮਹਾਨਤਾ ,ਦਿਓਰ -ਭਾਬੀ ਜਿਹੇ ਰਿਸ਼ਤਿਆਂ ਦੀ ਰੁਮਾਂਚਿਕਤਾ, ਗਾਹਲੜੀਆਂ ,ਅਮਲੀਆਂ ,ਸੰਗੀਤ ਰੱਸੀਆਂ ਤੇ ਰੰਗ ਬਰੰਗੇ ਬਜ਼ੁਰਗਾਂ ਦੀਆਂ ਗੱਲਾਂ ਉਪਰੋਕਤ ਵਿਦਵਾਨਾਂ ਦੇ ਕਥਨਾਂ ਦੀ ਪੁਸ਼ਟੀ ਕਰਦੇ ਹਨ ।ਇਸ ਤੋਂ ਇਲਾਵਾ ਜਨਮ ,ਵਿਆਹ ਤੇ ਮ੍ਰਿਤ ਸੰਸਕਾਰਾਂ ਵਿੱਚ ਗੁਜ਼ਰਦੇ ਪੰਜਾਬੀਆਂ ਦੇ ਬਹੁ ਰੰਗੇ ਜੀਵਨ ਰਾਹੀਂ 'ਮਰਨਾ ਸੱਚ ਤੇ ਜਿਉਣਾ ਝੂਠ' ਸਾਬਤ ਕਰ ਦਿੱਤਾ ਗਿਆ ਹੈ ।ਇਸ ਵਿੱਚ ਦਿਖਦੇ ਸੱਭਿਆਚਾਰਕ ਮਹਾਂਦਰ ਨੂੰ ਅਸੀ ਨਿਮਨਲਿਖਤ ਅਨੁਸਾਰ ਵਾਚ ਸਕਦੇ ਹਾਂ :-
1. ਲੋਕ ਪ੍ਰੰਪਰਾਵਾਂ :-
ਪੰਜਾਬੀਆਂ ਦੁਆਰਾ ਆਪਣੀ ਇਤਿਹਾਸਕ ਵਿਕਾਸ ਯਾਤਰਾ ਵਿੱਚ ਵਿਕਸਤ ਕੀਤੀਆਂ ਪਰੰਪਰਾਵਾਂ ਉਨ੍ਹਾਂ ਦੇ ਸੱਭਿਆਚਾਰਕ ਜੀਵਨ ਦਾ ਗੁਣ ਪ੍ਰਮਾਣਿਕ ਲੱਛਣ ਬਣ ਕੇ ਪੇਸ਼ ਹੋਈਆਂ ਹਨ। ਇਹ ਪਰੰਪਰਾਵਾਂ ਪੰਜਾਬੀਆਂ ਤੋਂ ਉਹ ਰੂੜੀਬੱਧ ਵਿਹਾਰ ਤੇ ਵਿਸ਼ਵਾਸ ਪ੍ਰਬੰਧ ਹੈ ਜੋ ਉਨ੍ਹਾਂ ਨੂੰ ਆਤਮ ਪ੍ਰਗਟਾਵੇ ਦਾ ਸਹਿਜ ਮਾਧਿਅਮ ਪ੍ਰਸਤੁਤ ਕਰਦਾ ਹੈ ।ਪੰਜਾਬ ਦੀ ਸਰਬਸਾਂਝੀ ਧਾਰਮਿਕ ਵਿਰਾਸਤ ਦਾ ਖਾਕਾ ਪੇਸ਼ ਕਰਦਿਆਂ ਮੇਰੇ ਪਿੰਡ ਦੇ ਇਸ਼ਕ ਵਿੱਚ ਲੇਖਕ ਲਿਖਦਾ ਹੈ ;-
"ਮੇਰੇ ਪਿੰਡ ਦੇ ਲੋਕਾਂ ਦੇ ਕਈ ਛੋਟੇ ਵੱਡੇ ਇਸ਼ਟ ਹਨ। ਸਾਰੇ ਪਿੰਡ ਦਾ ,ਸਮੇਤ ਮੁਸਲਮਾਨਾਂ ਦੇ ਵੱਡਾ ਪੂਜਨੀਕ ਸਥਾਨ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਹੈ । ਹਰ ਗੋਤ ਦੇ ਘਰਾਂ ਦੇ ਆਪੋ ਆਪਣੇ ਵੱਡੇ- ਵਡੇਰਿਆਂ ਦੀਆਂ ਵੱਖੋ ਵੱਖਰੀਆਂ ਸਮਾਧਾਂ ਤੇ ਮੜ੍ਹੀਆਂ ਹਨ ।ਹਰ ਗਲੀ ਸਾਹਮਣੇ ਲੱਗਿਆ ਖੂਹ ਖਵਾਜਾ ਪੀਰ ਤੇ ਹਰ ਮੁਹੱਲੇ ਖੜ੍ਹਾ ਪਿੱਪਲ ਬ੍ਰਹਮਾ ਦਾ ਅਵਤਾਰ ਹੈ ,ਤੇ ਹਰ ਘਰ ਵਿੱਚ ਗਊ ਇੱਕ ਤਰ੍ਹਾਂ ਦਾ ਜੇਬੀ ਇਸ਼ਟ ਹੈ ।ਗੱਲ ਕੀ ਖੂਹ, ਪਿੱਪਲ ,ਗਊਆਂ , ਟੋਏ, ਟਿੱਬੇ ,ਛੱਪੜ ,ਛੱਪੜੀਆਂ ਸਭੇ ਚੀਜ਼ਾਂ ਪੂਜਨੀਕ ਹਨ।"
ਪੰਜਾਬੀ 'ਲੋਕ ਸਾਹਿਤ 'ਵਿੱਚੋਂ ਇਨ੍ਹਾਂ ਪਰੰਪਰਾਵਾਂ ਸਬੰਧੀ ਮਿਲਦੇ ਸੰਕੇਤਾਂ ਨੂੰ ਲੇਖਕ ਇੰਜ ਪੇਸ਼ ਕਰਦਾ ਹੈ ,
"ਕੁਝ ਅੰਨ ਦੇ, ਕੁੱਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਢੋਲ -ਢਮੱਕਾ ਸਰਵਰ ਦਾ ,ਕੁੱਝ ਹਿੜਵੱਸ ਬਾਬੇ ਨਾਨਕ ਦੀ ।"
ਲੋਕ ਜੀਵਨ ਦਾ ਦੂਸਰਾ ਮਹੱਤਵਪੂਰਨ ਪਹਿਲੂ ਸਮਾਜਿਕ ਵਿਹਾਰ ਨਾਲ ਸਬੰਧਿਤ ਹੈ ।ਇਸ ਵਿੱਚ ਉਹ ਸਾਰੀਆਂ ਪਰੰਪਰਾਵਾਂ ਆ ਜਾਂਦੀਆਂ ਹਨ ਜੋ ਪੰਜਾਬੀ ਵਸਨੀਕਾਂ ਨੇ ਇੱਕ ਖ਼ਾਸ ਕਿਸਮ ਦੇ ਰੀਤ ਬਾਅਦ ਵਿਹਾਰ ਨਾਲ ਜੋੜਦੀਆਂ ਹਨ ।ਇਸ ਪੁਸਤਕ ਵਿੱਚ ਜਨਮ ਤੋਂ ਮਰਨ ਤੱਕ ਦੀਆਂ ਰਸਮਾਂ ਰੀਤਾਂ ਨੂੰ ਸਮਾਜਿਕ ਪਰੰਪਰਾਵਾਂ ਦਾ ਨਾਮ ਦਿੱਤਾ ਜਾ ਸਕਦਾ ਹੈ ।
2. ਲੋਕ ਵਿਸ਼ਵਾਸ ਤੇ ਵਹਿਮ -ਭਰਮ :-ਇਹ ਲੋਕਧਾਰਾ ਦਾ ਅਨਿੱਖੜਵਾਂ ਅੰਗ ਹੁੰਦੇ ਹਨ । ਰੀਵਰ ਤੇ ਬੌਸਵੈਲ ਅਨੁਸਾਰ ,
"ਵਿਸ਼ਵਾਸ ਪਰੰਪਰਾਗਤ ਰੂਪ ਵਿੱਚ ਪ੍ਰਚਲਿਤ ਕਰਮਕਾਂਡਾਂ, ਰੋਹੁ ਰੀਤਾਂ ,ਪੂਜਾ ਵਿਧੀਆਂ ,ਪੂਰਬਾ, ਵਰਤਾਂ ,ਪ੍ਰਥਾਵਾਂ ਅਤੇ ਸੰਸਕਾਰਾਂ ਆਦਿ ਦਾ ਸਮੂਹ ਹੈ ਜਿਸ ਨਾਲ ਜਨ ਸਧਾਰਨ ਦੀ ਭਾਵਨਾ ਜੁੜੀ ਹੋਈ ਹੁੰਦੀ ਹੈ ।ਇਨ੍ਹਾਂ ਦੀ ਵਰਤੋਂ ਆਦਿ ਕਾਲ ਤੋਂ ਮਨੁੱਖੀ ਜੀਵਨ ਦੇ ਵਿਸ਼ੇਸ਼ ਮੌਕਿਆਂ ਤੇ ਕੀਤੀ ਜਾਂਦੀ ਰਹੀ ਹੈ ।"
ਇਨ੍ਹਾਂ ਵਿਸ਼ਵਾਸਾਂ ਵਿੱਚ ਪੰਜਾਬੀ ਜੀਵਨ ਦੀ ਬਹੁਰੰਗੀ ਤਸਵੀਰ ਸਾਂਭੀ ਪਈ ਹੈ ਜਿਸ ਨੂੰ ਗਿਆਨੀ ਜੀ ਨੇ ਲੁਭਾਵਨੇ ਢੰਗ ਨਾਲ ਪੇਸ਼ ਕੀਤਾ ਹੈ ।
'ਮੇਰੇ ਪਿੰਡ ਦੇ ਇਸ਼ਟ 'ਵਿੱਚ ਧਾਰਮਿਕ ਮਨੌਤਾਂ ਦੇ ਜ਼ਿਕਰ ਤੋਂ ਇਲਾਵਾ ਜੋ ਪੰਜਾਬ ਦੇ ਵੱਖ ਵੱਖ ਫਿਰਕਿਆਂ ਦੇ ਨਿੱਘੇ ਜੀਵਨ ਦੇ ਵਿਸ਼ਵਾਸ ਪ੍ਰਬੰਧ ਦਾ ਹਿੱਸਾ ਹਨ- ਬਿਮਾਰੀਆਂ ਤੇ ਕੁਦਰਤੀ ਆਫਤਾਂ ਦੇ ਸੰਕਟਾਂ ਸਮੇਂ ਪੰਜਾਬੀ ਲੋਕਾਂ ਦੇ ਵਿਸ਼ਵਾਸ ਦੀ ਵੀ ਤਸਵੀਰ ਉਘਾੜੀ ਗਈ ਹੈ ।
ਲੇਖਕ ਦਾ ਕਥਨ ,
"ਜਿਸ ਜੀ ਦੇ ਮਾਤਾ ਨਿਕਲੀ ਹੋਵੇ ,ਬੁੱਢਾ ਹੋਵੇ ,ਨਿਆਣਾ ਹੋਵੇ' ਮਰਦ ਹੋਵੇ ਜਾਂ ਤੀਵੀਂ ਉਸ ਨੂੰ ਮਾਤਾ ਰਾਣੀ ਦੇ ਖੋਤੜੇ ਦੀ 'ਪਦਮ ਵਿਭੂਸ਼ਣ 'ਉਪਾਧੀ ਨਾਲ ਭੂਸ਼ਿਤ ਕੀਤਾ ਜਾਂਦਾ ਹੈ ।"
ਭੂਤ ਜਾਂ ਪ੍ਰੇਤ ਨੂੰ ਕਈ ਬੀਮਾਰੀਆਂ ਦਾ ਕਾਰਨ ਮੰਨਣਾ ਵੀ ਲੋਕ ਵਿਸ਼ਵਾਸ ਹੈ ।
ਲੋਕਯਾਨ ਮਨੁੱਖ ਨੂੰ ਅਸੰਭਵ ਤੇ ਅਟੱਲ ਹੋਣੀ ਦੇ ਭਾਵੁਕ ਸੰਕਟ ਬਣਨ ਤੋਂ ਰੋਕਣ ਦਾ ਰਵਾਇਤੀ ਮਾਰਗ ਦਰਸਾਉਂਦਾ ਹੈ । ਲੋਕ ਵਿਸ਼ਵਾਸਾਂ ਦਾ ਇਹ ਘੇਰਾ ਮੀਂਹ, ਹੜ੍ਹ, ਸੋਕਾ ਆਦਿ ਕੁਦਰਤੀ ਆਫ਼ਤਾਂ ਅਤੇ ਬਰਕਤਾਂ ਨਾਲ ਵੀ ਸੰਬੰਧਿਤ ਹੈ ।
ਲੇਖਕ ਅਨੁਸਾਰ ,"ਜੇ ਕਿਧਰੇ ਮੀਂਹ ਪੈਣ ਲੱਗ ਜਾਵੇ ਬਿਜਲੀ ਕੜਕਦੀ ਹੋਵੇ ਤਾਂ ਸਾਰਾ ਟੱਬਰ ਆਹਣ ਉਡਾਉਣ ਵਾਲਿਆਂ ਵਾਂਗ ਜੰਗੀ ਤਰੀਕੇ ਨਾਲ ਡੱਟ ਕੇ ਹੱਲਾ ਬੋਲ ਦਿੰਦਾ ਹੈ ,ਬੁੜੀਆਂ ਚੱਕੀਆਂ ਝੋਅ ਦਿੰਦੀਆਂ ਹਨ, ਆਦਮੀ ਤੇ ਬੱਚੇ ਬੁੱਢੇ ,ਕਈ ਡੱਬਾ, ਕੋਈ ਪੀਪਾ ਤੇ ਕੋਈ ਘਰ ਦੇ ਭਾਂਡੇ , ਬਾਟੀਆਂ ਤੇ ਕਾਂਸੀ ਦੀਆਂ ਥਾਲੀਆਂ ਨੂੰ ਵੱਟਿਆਂ ਤੇ ਲੋਹੇ ਦਿਆਂ ਸਰੀਆਂ, ਜੇ ਹੋਰ ਕੁਝ ਨਾ ਮਿਲੇ ਤਾਂ ਖੁਰਚਣਿਆਂ ਨਾਲ ਹੀ ਖੜਕਾਉਣ ਲੱਗ ਪੈਂਦੇ ਹਨ ।"
ਸੋ ਇਨ੍ਹਾਂ ਲੋਕ ਵਿਸ਼ਵਾਸਾਂ ਰਾਹੀਂ ਪੰਜਾਬੀ ਲੋਕਮਨ ਆਪਣੇ ਅਚੇਤ ਨੂੰ ਪ੍ਰਗਟਾਉਂਦਾ ,ਭੈ- ਸ਼ਕਤੀਆਂ ਦਾ ਰਾਹ ਤਲਾਸ਼ਦਾ ਅਤੇ ਸੱਭਿਆਚਾਰਕ ਪਹਿਚਾਣ ਦੇ ਚਿੰਨ੍ਹ ਉਘਾੜਦਾ ਹੈ ।
3. ਲੋਕ ਸੱਸਕ੍ਰਿਤੀ ਤੇ ਵਿਗਿਆਨ ਸੰਸਕ੍ਰਿਤੀ :- ਲੋਕ ਸੰਸਕ੍ਰਿਤੀ ਅਤੇ ਵਿਗਿਆਨ ਸੰਸਕ੍ਰਿਤੀ ਮਨੁੱਖੀ ਹੋਂਦ ਵਿਧੀ ਦੇ ਦੋ ਸਮਾਂਤਰ ਪਾਸਾਰ ਹਨ। ਵਹਿਮ ਭਰਮ ਅਸਲ ਵਿੱਚ ਵਿਗਿਆਨਕ ਚਿੰਤਨ ਦੀ ਮੁਢਲੀ ਕੋਸ਼ਿਸ਼ ਹੀ ਹੁੰਦੀ ਹੈ ।
ਭੁਪਿੰਦਰ ਸਿੰਘ ਖਹਿਰਾ ਲਿਖਦੇ ਹਨ,
"ਜਦੋਂ ਮਨੁੱਖ ਦੇ ਭੈਅ- ਭੀਤ ਮਨ ਦੀ ਅਭਿਵਿਅਕਤੀ ਕਿਸੇ ਕਲਪਤ ਬਿੰਬ ,ਪ੍ਰਸਥਿਤੀ ਜਾਂ ਅਦਾ ਦੁਆਰਾ ਹੁੰਦੀ ਹੈ ਤਾਂ ਇਹ ਭਰਮ ਅਖਵਾਉਂਦੀ ਹੈ। ਭਰਮ ਵਿਅਕਤੀਗਤ ਵਰਤਾਰਾ ਹੈ ,ਇਸ ਦਾ ਆਧਾਰ ਸਮੂਹਿਕ ਹੁੰਦਾ ਹੈ ।"
ਗੁਰਦਿੱਤ ਸਿੰਘ ਨੇ ਇਸ ਪੁਸਤਕ ਵਿੱਚ' ਵਹਿਮ ਭਰਮ' ਨਾਂ ਦਾ ਨਿਬੰਧ ਵੀ ਰਚਿਆ ਹੈ । ਉਹ 'ਸ਼ਗਨਾਂ ਤੇ ਆਪ ਸ਼ਗਨਾਂ 'ਦੀ ਰਚਨਾ ਕਰਦਾ ਲਿਖਦਾ ਹੈ ,
".......ਜਦੋਂ ਆਪਾਂ ਸਲਾਹਾਂ ਕਰਦੇ ਸੀ ਜਾਇਖਾਣੇ ਕੁੱਤੇ ਨੇ ਉਦੋਂ ਹੀ ਕੰਨ ਮਾਰੇ । ਮੇਰਾ ਤਾਂ ਉਸੇ ਵੇਲੇ ਮੱਥਾ ਠਣਕਿਆ ਸੀ ਕਿ ਹੁਣ ਕੰਮ ਨਹੀਂ ਹੋਣਾ ।"
ਇਸ ਪ੍ਰਕਾਰ ਕੁੱਤੇ ਦਾ ਰੋਣਾ, ਬਿੱਲੀ ਦਾ ਰਸਤਾ ਕੱਟਣਾ' ਖਾਲੀ ਭਾਂਡੇ ਮੱਥੇ ਲੱਗਣਾ 'ਨਿੱਛ ਮਾਰਨੀ ਅਸ਼ੁੱਭ ਹਨ। ਬ੍ਰਾਹਮਣ ਦਾ ਮੱਥੇ ਲੱਗਣਾ ਤੇ ਬੁਰੀ ਨਜ਼ਰ ਬਾਰੇ ਅਨੇਕ ਵਹਿਮ ਹਨ ।
"..........ਪਤਾ ਨਹੀਂ ਕਿਹੜਾ ਜਾਇਖਾਣਾ ਸਾਡੇ ਘਰ ਸੇਹ ਦਾ ਤੱਕਲਾ ਗੱਡ ਗਿਆ ।ਨਿੱਤ ਕਲੇਸ਼! ਇਸ ਕਾਰ ਦਾ ਤਾਂ ਆਪੇ ਹੀ ਅੰਤ ਆਉਣਾ ਹੋਇਆ ।"
ਸਲਾਹ ਕਰਦੇ ਸਮੇਂ ਸੱਪ ਨਿਓਲੇ ਦੀ ਲੜਾਈ ,ਚੂੜੇ ਦਾ ਮੱਥੇ ਲੱਗਣਾ ,ਭਰਿਆ ਘੜਾ ਮੱਥੇ ਲੱਗਣਾ 'ਗਧੇ ਦਾ ਹੀਂਗਣਾ ਆਦਿ ਸ਼ੁਭ ਸ਼ਗਨ ਹਨ ।
ਸਾਡੇ ਲੋਕਯਾਨ ਦੀ ਮੌਲਿਕ ਪਰੰਪਰਾ ਦਾ ਅੰਗ ਇਹ ਵਹਿਮ- ਭਰਮ ਮਾਨਸਿਕ ਚਿੰਤਾ ਨੂੰ ਘਟਾਉਣ ਦਾ ਲੋਕਯਾਨਿਕ ਤਰੀਕਾ ਆਖੇ ਜਾ ਸਕਦੇ ਹਨ ।ਗੁਰਦਿੱਤ ਸਿੰਘ ਪੰਨਾ 185 'ਤੇ ਲਿਖਦੇ ਹਨ ,
"ਵਹਿਮਾਂ ਅਤੇ ਵਿਸ਼ਵਾਸਾਂ ਦੀ ਮਾਨਤਾ ਮਨੁੱਖ ਦੇ ਅੰਦਰ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਕਾਰਨ ਇਸ ਦਾ ਅਗਿਆਨਤਾ ਹੈ । ਪਰ ਵਿਸ਼ਵਾਸ ਦੀ ਉਪਜ ਵੀ ਇੱਕ ਸਮੇਂ ਦਾ ਗਿਆਨ ਬਲਕਿ ਵਿਗਿਆਨ ਹੈ । ਨਾਲ ਹੀ ਪਰਾ ਸਰੀਰਕ ਸ਼ਕਤੀਆਂ ਤੇ ਰੂਹਾਂ ਦੀ ਦੁਨੀਆਂ ਬਾਰੇ ਅਟਕਲਾਂ ਉਨ੍ਹਾਂ ਦੇ ਕ੍ਰਮ ਪ੍ਰਤੀਕ੍ਰਮ ਦੇ ਲੱਖਣ ਲਾਉਣ ਦੀ ਆਪਣੀ ਕਿਸਮ ਦੀ ਸੂਝ ਪ੍ਰਣਾਲੀ ਹੈ ।"
ਇਸ ਸੰਬੰਧੀ ਅਸੀਂ ਕੁਝ ਟੂਕਾਂ ਵੀ ਵਾਚ ਸਕਦੇ ਹਾਂ -
1) "ਦਿਨੇ ਗਿੱਦੜ ਬੋਲਣ, ਰਾਤੀਂ ਬੋਲਣ ਕਾਂ ।
ਮਰੇ ਬਸਤੀ ਦਾ ਬਾਦਸ਼ਾਹ, ਜਾਂ ਉਜੜੇ ਗਰਾਂ ।"
2) "ਮੰਗਲਵਾਰ ਨਾ ਲੰਘੇ ਪਾਰ, ਜਿੱਤੀ ਬਾਜ਼ੀ ਆਵੇ ਹਾਰ ।"
3) "ਬੁੱਧ ਕੰਮ ਸ਼ੁੱਧ"
(ਭੂਤਾਂ ਬਾਰੇ ਵੀ ਬਹੁਤ ਸਾਰੇ ਵਹਿਮ ਹਨ )
ਬੱਚਿਆਂ ਦੇ ਵਹਿਮ -
4) ਸੂਰਜਾ ਸੂਰਜਾ!
ਪੁਰਾਣਾ ਦੰਦ ਲੈ ਜਾ,
ਨਵਾਂ ਦੰਦ ਦੇ ਜਾਹ।"
5) "ਬੁੱਧ ਸ਼ਨਿੱਚਰ ਕੱਪੜਾ, ਗਹਿਣਾ ਐਤਵਾਰ ।"
ਇਸ ਤੋਂ ਇਲਾਵਾ ਸੁਪਨਿਆਂ, ਕੰਮ -ਧੰਦਿਆਂ ਅਤੇ ਡੰਗਰਾਂ ਬਾਰੇ ਵੀ ਬਹੁਤ ਸਾਰੇ ਵਹਿਮ ਭਰਮ ਪ੍ਰਚਲਿਤ ਹਨ ।
4. ਰੀਤ ਰਿਵਾਜ਼ ਤੇ ਸੰਸਕਾਰ :-
ਮਨੁੱਖ ਪਿਤਾ ਪੁਰਖੀ ਪ੍ਰੰਪਰਾਵਾਂ ਰੀਤਾਂ -ਰਸਮਾਂ ਤੇ ਤੋਂ ਟੁੱਟ ਕੇ ਬੇਗਾਨਗੀ ਅਤੇ ਇਕਲਾਪੇ ਦੇ ਜੀਵਨ ਵਿੱਚ ਗੁਆਚ ਕੇ ਸੰਤਾਪ ਭੋਗਣ ਡਰਦਾ ਹੈ ।'ਮੇਰਾ ਪਿੰਡ 'ਪੁਸਤਕ ਦੇ ਲੇਖਕ ਇਨ੍ਹਾਂ ਸਬੰਧੀ ਪੁਸਤਕ ਦੇ ਦੂਜੇ ਭਾਗ ਚ ਲਿਖਦਾ ਹੈ ,
" ਮੇਰੇ ਪਿੰਡ ਦੇ ਲੋਕਾਂ ਦਾ ਸਾਰਾ ਜੀਵਨ ਰੀਤੀ ਰਿਵਾਜਾਂ ਤੇ ਰਸਮਾਂ ਵਿੱਚ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਇਆ ਹੈ ।"
ਰਸਮਾਂ ਤੇ ਰੀਤਾਂ ਦਾ ਇਹ ਕਾਰਯਕ੍ਰਮ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਸ਼ੁਰੂ ਹੋ ਕੇ ਜਿੰਨਾ ਚਿਰ ਉਸਦੇ ਸਿਵੇ ਉੱਤੇ ਸੁਆਹ ਦੀ ਚੁਟਕੀ ਤੱਕ ਰਹਿੰਦੀ ਹੈ ,ਨਹੀਂ ! ਨਹੀਂ! ਸਿਵੇ ਵਾਲੀ ਥਾਂ ਦਾ ਥੱਲਾ ਤੱਕ ਘਰੋੜਿਆ ਨਹੀਂ ਜਾਂਦਾ, ਉਸ ਤੋਂ ਪਿੱਛੋਂ ਤੱਕ ਵੀ ਇਹ ਫ਼ਰਜ਼ ਦੀਵਾ ਜਗਾ ਕੇ ਸਾਵਧਾਨੀ ਨਾਲ ਨਿਭਾਇਆ ਜਾਂਦਾ ਹੈ ।"
ਰੀਤਾਂ -ਰਸਮਾਂ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸਬੰਧਿਤ ਹੁੰਦੀਆਂ ਹਨ ਅਤੇ ਸੱਭਿਆਚਾਰ ਦੀ ਆਤਮ ਪਛਾਣ ਦਾ ਚਿੰਨ੍ਹ ਬਣ ਕੇ ਪ੍ਰਗਟ ਹੁੰਦੀਆਂ ਹਨ ।ਹੜੱਪਾ ਅਤੇ ਮੋਹਿੰਜੋਦੜੋ ਦੀ ਪੁਰਾਤਨ ਸੱਭਿਅਤਾ ਤੋਂ ਲੈ ਕੇ ਆਧੁਨਿਕ ਪੰਜਾਬੀ ਸਮਕਾਲੀ ਸਥਿਤੀ ਤੱਕ ਇਨ੍ਹਾਂ ਰੀਤੀ -ਰਿਵਾਜਾਂ ਦੀ ਮੌਖਿਕ ਪਰੰਪਰਾ ਪ੍ਰਚਲਿਤ ਰਹੀ ਹੈ ।
ਪਿੰਡ ਦੀਆਂ ਰੀਤਾਂ ਰਸਮਾਂ ਦਾ ਗਿਆਨ ਰੱਖਣ ਵਾਲੀਆਂ ਬੁੱਢੀਆਂ ਨੂੰ ਲੇਖਕ 'ਰੈਫਰੈਂਸ ਬੁੱਕਾਂ 'ਆਖਦਾ ਹੈ, ਜਿਹੜੀ ਬੱਚਾ ਜਣਨ ਵਾਲੀ ਦੇ ਮਨ ਵਿੱਚ ਇਨ੍ਹਾਂ ਦਾ ਏਨਾ ਭਾਰ ਪਾ ਦਿੰਦੀਆਂ ਹਨ ਕਿ ਉਸ ਨੂੰ ਇਨ੍ਹਾਂ ਦੇ ਨਿਭਾਅ ਨਾਲੋਂ ਬੱਚਾ ਜੰਮਣਾ ਸੌਖਾ ਲੱਗਦਾ ਹੈ ।ਆਲੋਚਨਾਤਮਕ ਟਿੱਪਣੀ ਕਰਦਿਆਂ ਲੇਖਕ ਨੇ ਦੱਸਿਆ ਹੈ ਕਿ ਲੋਕਮਨ ਪ੍ਰੰਪਰਾਮੁਖੀ ਹੋਣ ਕਾਰਨ ਇਨ੍ਹਾਂ ਨੂੰ ਬਿਨਾਂ ਤਰਕ ਤੋਂ ਪ੍ਰਵਾਨ ਕਰਦਾ ਹੈ। ਜਨਮ ਦੀਆਂ ਰੀਤਾਂ ਰਸਮਾਂ ਤੋਂ ਬਾਅਦ ਛਟੀ( ਮੁੰਡੇ ਦੀ) ਤੇ ਵਿਆਹ ਨਾਲ ਸਬੰਧਤ ਰੀਤਾਂ ਦਾ ਵਿਸਤ੍ਰਿਤ ਵਰਣਨ ਕੀਤਾ ਹੈ ।ਮਨੁੱਖ ਦੇ ਸਰੀਰਕ ਅੰਤ ਉੱਪਰ ਪੰਜਾਬੀਆਂ ਦੁਆਰਾ ਬਣੀਆਂ ਰੀਤਾਂ ਦਾ ਵੀ ਵਿਸਤਰਿਤ ਜ਼ਿਕਰ ਹੈ ।ਲੇਖਕ ਦੇ ਕਥਨ ਅਨੁਸਾਰ ,
"ਵਿਅਕਤੀ ਨੇ ਜਿੰਨੀ ਅਸਲ ਉਮਰ ਜੀਣੀ ਹੁੰਦੀ ਹੈ ,ਉਸ ਨੂੰ ਰਸਮਾਂ ਤੇ ਗੀਤਾਂ ਰਾਹੀਂ ਘੱਟੋ ਘੱਟ ਡਿਉਢਾ ਜੀਵਨ ਜ਼ਰੂਰ ਜਿਵਾਇਆ ਜਾਂਦਾ ਹੈ ।"
ਇੰਝ ਉਸ ਨੇ ਆਪਣੇ ਪਿੰਡ ਦੇ ਲੋਕਾਂ ਦੀਆਂ ਰਸਮਾਂ ਰੀਤਾਂ ਦੇ ਬਿਆਨ ਕਰਕੇ ਪੰਜਾਬ ਦੇ ਪ੍ਰਤੀਨਿਧ ਸੰਸਕਾਰਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਦਿੱਤੀ ਹੈ ।
5. ਕਥਾ ਕਹਾਣੀਆਂ (ਬਾਤਾਂ ) :-
ਲੇਖਕ ਨੇ ਇਨ੍ਹਾਂ ਕਹਾਣੀਆਂ ਦੀ ਪਰੰਪਰਿਕ ਹੋਂਦ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ ਹੈ ,
"ਝਾਬੇ ਕਾ ਨਿਹਾਲ ਸਿੰਘ ਮੇਰੇ ਪਿੰਡ ਦੀਆਂ ਧੁਨੀਆਂ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ।....... ਤੋਤਾ, ਮੈਨਾ ਦੀਆਂ ਕਹਾਣੀਆਂ, ਅਲਫ ਲੈਲਾ,ਅਲਾਦੀਨ ਦੇ ਚਿਰਾਗ ਦੀਆਂ ਕਰਾਮਾਤਾਂ, ਰਿਸ਼ੀਆਂ ਮੁਨੀਆਂ ਦੇ ਰਾਤ ਨੂੰ ਅੰਗ ਵੱਖ ਰੱਖ ਕੇ ਸੌਣ ਦੇ ਕਿੱਸੇ ,ਇੰਦਰ ਦੇ ਅਖਾੜੇ ਵਿੱਚ ਅਪੱਛਰਾ ਦੇ ਨਾਚ,ਪਰੀਆਂ ਦਾ ਸੋਲਾਂ ਸ਼ਿੰਗਾਰ ਲਾ ਕੇ ਰਿਸ਼ੀਆਂ ਮੁਨੀਆਂ ਦੇ ਤਪ ਭੰਗ ਕਰਨ ਦੀਆਂ ਪੋਰਾਣਿਕ ਕਥਾਵਾਂ ਉਸ ਨੇ ਕਈ -ਕਈ ਦਿਨ ਬਾਕੀ ਕੱਲ੍ਹ ਦੀ ਸੂਚਨਾ ਦਿੱਤੇ ਬਿਨਾਂ ਚਲਾਈ ਰੱਖਣੀਆਂ ।"
ਉਸ ਨੇ 'ਮੇਰੇ ਪਿੰਡ ਦੀ ਗਲੜੀ' ਵਿੱਚ ਵੀ ਇਨ੍ਹਾਂ ਲੋਕ ਕਥਾਵਾਂ ਦੇ ਮਹੱਤਵ ਅਤੇ ਪ੍ਰਕਾਰਜ ਨੂੰ ਤੇ ਇਨ੍ਹਾਂ ਦੇ ਸੰਦਰਭ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ( ਖਾਸ ਤੌਰ ਤੇ )।
ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਪੰਜਾਬੀਆਂ ਦੇ ਪ੍ਰਸਿੱਧ ਮੇਲਿਆਂ (ਜਰਗ ਦਾ ਮੇਲਾ, ਛਪਾਰ ਦਾ ਮੇਲਾ ਆਦਿ) ਬਾਰੇ ਰੰਗੀਨ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਤਿੱਥਾਂ ਤਿਉਹਾਰਾਂ ,ਰੱਖੜੀ' ਦੀਵਾਲੀ, ਦੁਸਹਿਰਾ 'ਤੀਆਂ ਤੇ ਤ੍ਰਿੰਞਣ ਦਾ ਵਿਸ਼ੇਸ਼ ਵਰਣਨ ਹੈ । ਪੰਜਾਬੀ ਸੱਭਿਆਚਾਰ ਦੀ ਵਿਲੱਖਣ ਰਿਸ਼ਤਾ ਪ੍ਰਣਾਲੀ ਤੇ ਖਾਸਕਰ ਦਿਓਰ ਭਾਬੀ ਦੇ ਰਿਸ਼ਤੇ ਸਬੰਧੀ ਭਾਵਪੂਰਤ ਵਰਣਨ ਕੀਤਾ ਗਿਆ ਹੈ ।ਪੰਜਾਬੀਆਂ ਦੇ ਮੁੱਖ ਕੀਤੇ ਖੇਤੀਬਾੜੀ ਅਤੇ ਇਨ੍ਹਾਂ ਉੱਪਰ ਆਧਾਰਿਤ ਕੀਤਿਆਂ ਅਤੇ ਰੋਜ਼ਾਨਾ ਕਾਰ ਵਿਹਾਰ ਨੂੰ ਖੂਬੀ ਨਾਲ ਅੰਕਿਤ ਕੀਤਾ ਹੈ । ਪੰਜਾਬ ਦੇ ਭੂਗੋਲਿਕ ਚੌਗਿਰਦੇ ਨਾਲ ਘੜੀ ਪੰਜਾਬੀ ਮਾਨਸਿਕਤਾ ਦੇ ਸਜੀਵ ਦਰਸ਼ਨ ਕਰਵਾਉਣ ਵਾਲੀ ਇਸ ਪੁਸਤਕ ਦਾ ਸ਼ੈਲੀ ਪੱਖ ਵੀ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਸੁਭਾਅ ਵਾਂਗ ਹੀ ਖੁੱਲ੍ਹਾ- ਡੁੱਲਾ ਹੈ ।
6. ਪੰਜਾਬ ਦੇ ਸੱਭਿਆਚਾਰ ਦੀ ਇਤਿਹਾਸਕਾਰੀ:-
ਇਸ ਪੁਸਤਕ ਵਿੱਚ ਪਿੰਡ ਮਿੱਠੇਵਾਲ ਪੰਜਾਬ ਦੇ ਸਮੁੱਚੇ ਇਤਿਹਾਸਕ ਚਰਿੱਤਰ ਦਾ ਪ੍ਰਤੀਨਿਧ ਬਣ ਕੇ ਪੇਸ਼ ਹੋਇਆ ਹੈ। ਇਤਿਹਾਸ ਕਿਸੇ ਸਮੇਂ ,ਸਥਾਨ ਵਿੱਚ ਰਹਿਣ ਵਾਲੇ ਮਨੁੱਖੀ ਭਾਈਚਾਰੇ ਦੀ ਹੋਂਦ ਵਿਧੀ ਦਾ ਤੱਥ ਮੂਲਕ ਵੇਰਵਾ ਹੁੰਦਾ ਹੈ ।ਇਹ ਸਮੁੱਚੇ ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਰਿਪੇਖ ਦੀ ਪ੍ਰਤੀਨਿਧਤਾ ਕਰਨ ਵਾਲੀ ਪੁਸਤਕ ਹੈ ।
ਇੰਝ ਅਸੀਂ ਆਖ ਸਕਦੇ ਹਾਂ ਕਿ ਸਜਿੰਦ ਪੰਜਾਬੀ ਸੱਭਿਆਚਾਰ ਦੀ ਜੋ ਤਸਵੀਰ ਸਾਨੂੰ ਇਸ ਪੁਸਤਕ ਵਿੱਚ ਦਿਖਾਈ ਦਿੰਦੀ ਹੈ ,ਉਸ ਦੀ ਕੇਵਲ ਅਤੀਤਕਾਲੀ ਅਤੇ ਸਮਕਾਲੀ ਮਹਾਨਤਾ ਹੀ ਨਹੀਂ ਸਗੋਂ ਭਵਿੱਖਮੁੱਖੀ ਮਹੱਤਤਾ ਵੀ ਹੈ ।ਇਸ ਨੂੰ ਪੰਜਾਬੀ ਸੱਭਿਆਚਾਰ ਅਤੇ ਇਤਿਹਾਸਕ ਪ੍ਰਸੰਗ ਦੀ ਜੀਵੰਤ ਝਾਕੀ ਸਮਝਿਆ ਜਾ ਸਕਦਾ ਹੈ। ਨਿੱਤ ਬਦਲਦੇ ਭੂਗੋਲਿਕ, ਰਾਜਨੀਤਕ ,ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸੰਦਰਭਾਂ ਦੇ ਵਿਸ਼ਵ ਵਿਆਪੀ ਪਸਾਰੇ ਵਿੱਚ ਪੰਜਾਬੀ ਸੱਭਿਆਚਾਰ ਦੀ ਰੂਪ ਰੇਖਾ ਨੂੰ ਸਮਝਣ ਲਈ 'ਮੇਰਾ ਪਿੰਡ' ਸੱਚਮੁੱਚ ਹੀ ਲੋਕਵੇਦ ਹੋਣ ਦਾ ਮਾਣ ਰੱਖਦੀ ਹੈ ।


0 Comments