ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ । ਦੂਜਿਆਂ ਤਿਉਹਾਰਾਂ ਵਾਂਗ ਤੀਆਂ ਦਾ ਤਿਉਹਾਰ( ਸਾਵਿਆਂ ਦਾ ਤਿਉਹਾਰ) ਵੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ ।ਸਾਵਣ ਦੀ ਤੀਜ ਨੂੰ ਧੀਆਂ ਦਾ ਇਹ ਪੰਦਰਵਾੜਾ ਆਰੰਭ ਹੁੰਦਾ ਹੈ । ਤੀਆਂ ਧੀਆਂ ਦਾ ਤਿਉਹਾਰ ਹੈ । ਵਿਆਦੜਾਂ ਨੂੰ ਪੇਕੇ ਲਿਆਇਆ ਜਾਂਦਾ ਹੈ । ਮਹਿਮੂਦ ਗਜ਼ਨੀ ਦੇ ਜ਼ਮਾਨੇ ਦਾ ਇੱਕ ਸ਼ਾਇਰ ਲਿਖਦਾ ਹੈ -
"ਅੰਮਾ ਮੇਰੇ ਬਾਬਾ ਜੀ ਕੋ ਭੇਜੋ ਕਿ ਸਾਵਣ ਆਇਆ, ਬੇਟੀ ਤੇਰਾ ਬਾਬਾ ਬੁੱਢੜਾ ਕੀ ਸਾਵਣ ਆਇਆ ।"
ਹਰ ਪਿੰਡ ਵਿੱਚ ਤੀਆਂ ਵਾਲਾ ਟੋਭਾ, ਬਰੋਟਾ ,ਖੂਹ ਆਦਿ ਮੁਕੱਰਰ ਥਾਵਾਂ ਹੁੰਦੀਆਂ ਹਨ । ਨਸ਼ਿਆਈ ਪ੍ਰਕਿਰਤੀ ਵਿੱਚ ਸਹੁਰੇ ਬੈਠੀ ਭੈਣ ਅੰਮਾਂ ਜਾਏ ਨੂੰ ਉਡੀਕਦੀ ਰਹਿੰਦੀ ਹੈ -
"ਲਹਿਰੋ ਨੀ ਲਹਿਰੋ ਨੀ ਜਾਓ ਪੇਕੜੇ,
ਮੇਰੇ ਵੀਰ ਨੂੰ ਸੱਦ ਲਿਆਓ ਨੀ।"
ਰਾਹਾਂ ਚ ਉੱਡਦੀ ਧੂੜ ਉਸ ਨੂੰ ਵੀਰ ਦੇ ਬੋਤੇ ਦੀ ਆਮਦ ਦਾ ਭੁਲੇਖਾ ਪਾਉਂਦੀ ਹੈ :-
"ਉੱਡਦੀ ਧੂੜ ਦਿਸੇ ਬੋਤਾ ਵੀਰ ਦਾ ਨਜ਼ਰ ਨਾ ਆਵੇ ।"
ਮਾਰੂਥਲ ਦਾ ਜਹਾਜ਼ ਦੇ ਬੋਤਾ ਕੁੜੀ ਲਈ ਸ਼ੁੱਭ ਸ਼ਗਨ ਦਾ ਚਿੰਨ੍ਹ ਤੇ ਪੇਕਿਆਂ ਦਾ ਦੂਤ ਹੋ ਨਿਬੜਦਾ ਹੈ ,
"ਤੇਰੇ ਬੋਤੇ ਨੂੰ ਗੁਆਰੇ ਦੀਆਂ ਫ਼ਲੀਆਂ,
ਤੈਨੂੰ ਵੀਰਾ ਦੁੱਧ ਦਾ ਛੰਨਾ।"
ਭੈਣ ਭਰਾ ਦੇ ਸਵਾਲ ਜਵਾਬ ਇੰਜ ਸ਼ੁਰੂ ਹੋ ਜਾਂਦੇ ਹਨ :-
1. "ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਨ ਗੱਡੀਆਂ ।"
2. "ਮੱਥਾ ਟੇਕਦਾ ਅੰਮਾ ਦੀਏ ਜਾਈਏ' ਬੋਤਾ ਭੈਣੇ ਫੇਰ ਬੰਨ ਲੂੰ।"
ਆਪਣੇ ਪੇਕਿਆਂ ਬਾਰੇ ਗੱਲ ਪੁੱਛਦੀ ਉਹ ਭਾਵੁਕ ਹੋ ਜਾਂਦੀ ਹੈ ਤੇ ਵੀਰ "ਭੈਣਾਂ ਰੋਂਦੀਆਂ ਨੂੰ ਵੀਰ ਵਿਰਾਉਂਦੇ ਸਿਰ ਉੱਤੇ ਹੱਥ ਰੱਖ ਕੇ "
ਉਹਦਾ ਦਿਲ ਪੇਕੇ ਲਈ ਤਾਂਘਦਾ ਹੈ - "ਵੀਰਾ ਮੈਨੂੰ ਲੈ ਚੱਲ ਵੇ ਖੜ੍ਹੀ ਬਿਗਾਨੇ ਦੇਸ।"
ਜਿਸ ਨੂੰ ਕੋਈ ਲੈਣ ਨਹੀਂ ਆਉਂਦਾ ਸੱਸ ਤਾਹਨੇ ਮਾਰਦੀ ਹੈ ਤੇ ਨੂੰਹ ਜਵਾਬ ਦਿੰਦੀ ਹੈ , "ਬਹੁਤਿਆਂ ਭਰਾਵਾਂ ਵਾਲੀਏ ,ਤੈਨੂੰ ਤੀਆਂ ਤੇ ਲੈਣ ਨਾ ਆਏ ।"
"ਸੱਸੇ ਬਘਿਆੜ ਮੂੰਹੀਏ ਤੈਥੋਂ ਡਰਦੇ ਲੈਣ ਨਹੀਂ ਆਏ ।"
ਵੀਰਾਂ ਤੋਂ ਬਾਹਰੀਆਂ ਭੈਣਾਂ ਦੇ ਮੂੰਹੋਂ ਸਦਾ ਇਹ ਦੁਆ ਨਿਕਲਦੀ ਹੈ- "ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ ।"
ਵੀਰਾਂ ਨੂੰ ਸਾਰੀ ਉਮਰ ਦੇ ਮਾਪੇ ਮੰਨਦੀਆਂ ਉਹ ਅਹੁਦੇ ਵੀ ਮੰਗ ਲੈਂਦੀਆਂ ਹਨ-" ਦੋ ਵੀਰ ਦੇਈ ਵੇ ਰੱਬਾ ਇੱਕ ਮੁਨਸ਼ੀ ਤੇ ਇੱਕ ਪਟਵਾਰੀ ।"
"ਮੇਰਾ ਵੀਰ ਨੀ ਜਮਾਤੀ ਥਾਣੇਦਾਰ ਦਾ ,ਸੰਮਾਂ ਵਾਲੀ ਡਾਂਗ ਰੱਖਦਾ ।"
"ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ ,ਕਾਲੀ ਡਾਂਗ ਮੇਰੇ ਵੀਰ ਦੀ ।"
ਜਿਨ੍ਹਾਂ ਨੂੰ ਪੇਕੇ ਨਾ ਲਿਆਂਦਾ ਜਾ ਸਕਦਾ ਹੋਵੇ , ਉਨ੍ਹਾਂ ਨੂੰ ਤੀਆਂ ਦੇ ਦਿਨੀਂ ਸਹੁਰੇ ਸੰਧਾਰਾ ਭੇਜਿਆ ਜਾਂਦਾ ਹੈ । ਜਿਸ ਵਿੱਚ ਕੁੜਤੀ ਸੁੱਥਣ ਦਾ ਤਿਉਰ ,ਗੁੜ ਦੇ ਗੁਲਗੁਲੇ ਜਾਂ ਚੌਲ -ਸ਼ੱਕਰ ਇੱਕ ਰੁਪਿਆ ਤੀਆਂ ਦੇ ਸੰਧਾਰੇ ਦਾ ਬੰਧੇਜ ਮੰਨਿਆ ਜਾਂਦਾ ਹੈ ।
ਅਣਮੁਕਲਾਈਆਂ ਕੁੜੀਆਂ ਨੂੰ ਸਹੁਰਿਆਂ ਸੰਧਾਰਾ ਭੇਜਿਆ ਜਾਂਦਾ ਹੈ । ਇਸ ਵਿੱਚ ਤੇੜ -ਸਿਰ ਦੇ ਕੱਪੜਿਆਂ ਤੋਂ ਇਲਾਵਾ ਇੱਕ ਸੂਤ ਦੀ ਰੰਗੀਲੀ ਤੇ ਝੂਟਣ ਵਾਲੀ ਪੀਂਘ ਭੇਜੀ ਜਾਂਦੀ ਹੈ। ਕਈ ਲੌਂਗ/ ਤੀਲੀ ਵੀ ਰੋਅਬ ਲਈ ਭੇਜ ਦਿੰਦੇ ਹਨ ।
ਤੀਆਂ ਦੇ ਚੋਹਲ ਮਹਿੰਦੀ-
"ਸਾਉਣ ਬਖ਼ਤਾਵਰਾ, ਤੂੰ ਕੁੜੀਆਂ ਦੇ ਕਰਦੈਂ ਮੇਲੇ।"
ਦੂਜਾ ਮਹਿੰਦੀ ਵਾਲਾ ਦਿਨ ਹੁੰਦਾ ਹੈ ਜਿਸ ਦਿਨ ਸਭ ਦੇ ਹੱਥ ਰੰਗ ਦਿੱਤੇ ਜਾਂਦੇ ਹਨ। ਸੂਹਣ ਜਾਂ ਰੜਕੇ ਦੇ ਤੀਲੇ ਨਾਲ ਹੱਥਾਂ ਤੇ ਟਿਮਕਣੇ ਲਾ ਕੇ ਮੀਨਾਕਾਰੀ ਕੀਤੀ ਜਾਂਦੀ ਹੈ । ਕਲੱਤਣ ਲਈ ਮਹਿੰਦੀ ਰਗੜਦਿਆਂ ਕੋਲੇ ਪਾ ਲਏ ਜਾਂਦੇ ਹਨ । ਇਸ ਰੰਗ ਨੂੰ ਕੋਲੀਆਂ ਪੈ ਗਈਆਂ ਕਹਿੰਦੇ ਹਨ। ਤੀਆਂ ਦੇ ਗਿੱਧੇ 'ਚ ਮਹਿੰਦੀ ਦਾ ਖ਼ੂਬ ਚਰਚਾ ਹੁੰਦਾ ਹੈ ,-
"ਮਹਿੰਦੀ ਮਹਿੰਦੀ ਸਭ ਜਗ ਕਹਿੰਦਾ ,ਮੈਂ ਵੀ ਆਖਦਿਆ ਮਹਿੰਦੀ ।
ਬਾਗ਼ਾਂ ਦੇ ਵਿੱਚ ਸਸਤੀ ਵਿਕਦੀ, ਹੱਟੀਆਂ ਦੇ ਵਿੱਚ ਮਹਿੰਗੀ ।
ਘੋਟ ਘੋਟ ਕੇ ਹੱਥਾਂ ਨੂੰ ਲਾ ਲਈ, ਫੋਲਕ ਬਣ ਬਣ ਲਹਿੰਦੀ ।
ਮਹਿੰਦੀ ਸ਼ਗਨਾਂ ਦੀ, ਧੋਤਿਆਂ ਕਦੇ ਨਾ ਲਹਿੰਦੀ ।"
ਮਰੈਲਣ ਕੁੜੀਆਂ ਗੈਰ -ਹਜ਼ਾਰਾਂ ਦੇ ਘਰੀਂ ਜਾ ਕੇ ਪੁੱਛ ਪੜਤਾਲ ਕਰਦੀਆਂ ਹਨ, ਘਰਦੇ ਆਪਣੀ ਮਜਬੂਰੀ ਵਿਅਕਤ ਕਰਦੇ ਹਨ ।
ਕਈ ਵਾਰੀ ਪ੍ਰਾਹੁਣੇ ਚਾਅ ਨਾਲ ਤੀਆਂ ਵੇਖਣ ਆਉਂਦੇ ਹਨ ਪਰ ਸਾਲੀਆਂ ਨਾਲ ਕੀਤਾ ਹਾਸਾ ਠੱਠਾ ਉਨ੍ਹਾਂ ਨੂੰ ਅਤਿ ਮਹਿੰਗਾ ਪੈਂਦਾ ਹੈ ,-
1."ਜੀਜਾ ਵਾਰ ਦੇ ਦੁਆਨੀ ਖੋਟੀ, ਵਿੱਚ ਤੇਰੀ ਸਾਲ਼ੀ ਨੱਚਦੀ" 2."ਜੀਜੇ ਨੇ ਮਾਂ ਵਾਰੀ ,ਮੈਂ ਵਾਰੀ ਫੁਲਕਾਰੀ "
ਘਰ ਜਾ ਕੇ ਵੀ ਮੰਜੀ ਤੇ ਬੈਠੇ ਜਾਂ ਸ਼ੀਸ਼ਿਆਂ ਜੜੇ ਕਰੋਸ਼ੀਏ ਨਾਲ ਬਣੀ ਰੰਗਦਾਰ ਡੰਡੀ ਵਾਲੀ ਪੱਖੀ ਦੇ ਸਿਲਵੇਂ ਸਿਤਾਰੇ ਹਵਾ ਵਿੱਚ ਘੁਮਾ ਰਹੇ ਜੀਜੇ ਨੂੰ ਕਹਿੰਦੀਆਂ ਹਨ -
"ਪਰ੍ਹਾਂ ਹੋ ਜੋ ਨੀਂ ਵਿਹੜਾ ਖਾਲੀ ਕਰੋ, ਪ੍ਰਾਹੁਣੇ ਨੇ ਊੜਾ ਆੜਾ ਪਾਉਣੇ"
ਪ੍ਰਾਹੁਣੇ ਦੇ ਸਹੁਰਿਆਂ ਵੱਲੋਂ ਵਰਜਣ ਤੇ ਇਹ ਅੱਥਰੀਆਂ ਜਵਾਨੀਆਂ ਕਹਿੰਦੀਆਂ ਹਨ -
" ਵੇ ਨਾ ਝਿੜਕੀਂ ਵੇ ਚਾਚਾ ,ਚਾਰ ਦਿਨ ਕੁੜੀਆਂ ਦਾ ਤਮਾਸ਼ਾ ।
ਵੇ ਨਾ ਝਿੜਕੀਂ ਵੇ ਵੀਰਾ, ਇਹ ਤਾਂ ਕੁੜੀਆਂ ਦਾ ਰਵੀਰਾ ।
ਨੀਂ ਨਾ ਝਿੜਕੀ ਨੀ ਮਾਏ, ਸਾਵਣ ਦੇ ਦਿਨ ਆਏ ।"
ਇਨ੍ਹਾਂ ਕੁੜੀਆਂ ਦੇ ਬਾਣੀ ਬਾਣਾਂ ਘਾਅ ਗਾਉਣ ਲਈ 1880 ਸਿੰਘ ਸਭੀਆਂ ਦੀ ਅਗਵਾਈ ਵਿਚ ਕੁੱਝ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਤੇ (ਤੀਆਂ ਤੇ) ਪ੍ਰਤੀਬੰਧ ਲਗਾ ਦਿੱਤਾ।
//1. "ਮਰ ਜਾਣ ਸਿੰਘ ਸਭੀਏ ਜਿਨ੍ਹਾਂ ਤੀਆਂ ਤੇ ਗਿੱਧੇ ਬੰਦ ਕੀਤੇ।"//
//2. "ਮੁੱਕ ਗਏ ਘੜੇ ਦੇ ਦਾਣੇ ਬਣ ਗਏ ਸਿੰਘ ਸਭੀਏ"//
ਇਸ ਰਾਹੀਂ ਕੁੜੀਆਂ ਨੇ ਇਨ੍ਹਾਂ ਤੇ ਵੀ ਤਵੇ ਲਾਏ ਹਨ।
ਵੰਗਾਂ ਅਤੇ ਮਹਿੰਦੀ:-ਵੰਗਾਂ ਚੜਾਉਣੀਆਂ ਤੀਆਂ ਦੀ ਤਿਆਰੀ ਵਿਚ ਆਰੰਭਕ ਰਸਮ ਗਿਣੀ ਜਾਂਦੀ ਹੈ। ਵਣਜਾਰਾ ਚੂੜੀਆਂ ਵੱਟੇ ਦਾਣੇ ਆਦਿ ਆਪਣੀ ਬਗਲੀ ਵਿਚ ਪਾ ਲੈਂਦਾ ਹੈ। ਇਸ ਸਮੇਂ (ਚੂੜੀਆਂ ਚੜਾਉਣ ਸਮੇ) ਟੁੱਟੀਆਂ ਚੂੜੀਆਂ ਦੇ ਟੋਟੇ ਦੋਹਾਂ ਹੱਥਾਂ ਵਿੱਚ ਮਟਕਾ ਕੇ ਉਹਨਾਂ ਦਾ ਭੰਨ ਤੋੜਿਆ ਜਾਂਦਾ ਹੈ ਤੇ ਇਸ ਨੂੰ ਵੀਰ ਮਾਂ , ਭੈਣ ਤੇ ਸੱਸ ਦੇ ਪਿਆਰ ਨਾਲ ਜੋੜਿਆ ਜਾਂਦਾ ਹੈ।
ਕਈ ਵਾਰ ਤੀਆਂ ਵਿਚ ਆਏ ਵਣਜਾਰੇ ਨੂੰ ਵੀ ਰੰਗੀਨ ਬੋਲ ਬੋਲੇ ਜਾਂਦੇ ਹਨ-
//"ਆ ਵਣਜਾਰਿਆ ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ! ਪਿੰਡਾਂ ਦੀਆਂ ਕੁੜੀਆਂ ਵਿੱਚ ਤੀਆਂ ਦੇ , ਕਿਉਂ ਫਿਰਨਾਂ ਦਰ-ਦਰ ਵੇ!
ਚਾੜ੍ਹ ਬਲੌਰੀ ਵੰਗਾਂ ਮੇਰੇ , ਤੇਰੀ ਝੋਲ਼ੀ ਪਾਵਾਂ ਜਰ ਵੇ!
ਭੀੜੀ ਵੰਗ ਬਚਾ ਕੇ ਚਾੜ੍ਹੀਂ ਮੈਂ ਜਾਊਂਗੀ ਮਰ ਵੇ!
ਕੋਲੇ ਬੋਤਲ ਦੇ ਮਘਦੇ- ਚਿੰਗਾੜੇ ਧਰ ਵੇ"//
ਸ਼ਿੰਗਾਰ ਲਈ ਮਾਵਾਂ ਜਾਂ ਨੈਣਾਂ ਤੋਂ ਸਿਰ ਗੂੰਦਵਾਏ ਜਾਂਦੇ ਹਨ। ਲਾਗ ਲੈਣ ਵਾਲੀਆਂ ਇਹ ਨੈਣਾਂ ਇਸ ਕੰਮ ਵਿੱਚ ਮਾਹਰ ਹੁੰਦੀਆਂ ਹਨ,-
//"ਸਿਰ ਗੁੰਦ ਦੇ ਕੁਪੱਤੀਏ ਨੈਣੇ, ਉਤੇ ਪਾ ਦੇ ਡਾਕ ਬੰਗਲਾ।"//
ਗੋਰਿਆਂ ਦੇ ਇਨ੍ਹਾ ਨਾਗ ਰੂਪੀ ਵਾਲਾਂ ਨੂੰ ਗੁੰਦਦਿਆਂ ਮਾਂ ਵੀ ਡਰ ਜਾਂਦੀ ਹੈ,-
//"ਵਾਲ ਗੌਰੀ ਦੇ ਬਿਸੀ਼ਆਰ ਕਾਲੇ, ਡਰਦੀ ਮਾਂ ਵੀ ਨਾ ਗੁੰਦੇ।"//
ਕਾਲੀ ਲੋਗੜੀ ਜੇ ਮਹਿੰਗੀ ਹੋ ਜਾਵੇ ਤਾਂ ਲਾਲੇ ਦਾ ਵੀ ਤੋਪਾ ਭਰ ਦਿੱਤਾ ਜਾਂਦਾ ਹੈ,-
//"ਅੱਗ ਲੱਗ ਜਾਏ ਕਿਹਾੜਾ ਤੇਰੀ ਹੱਟ ਨੂੰ , ਵਿਚ ਮੱਚੇ ਕਾਲੀ ਲੋਗੜੀ।"//
ਕੁਝ ਹੋਰ ਹਾਰ-ਸ਼ਿੰਗਾਰਾਂ ਸਬੰਧੀ ਸੰਕੇਤ ਵੀ ਮਿਲਦੇ ਹਨ,-
//1. ਚੌਂਕ ਘੜਾਕੇ ਦੇ ਗਿਆ ਪੁੱਤ ਸਹੁਰੇ ਦਾ।"
2."ਫੁੱਲਾਂ ਦੀ ਲਾਜ ਵੇ ਰੱਖੀ ਜਿੰਨਾ ਤੇਰੇ ਲੜ ਲਾਈ।"
3."ਤੇਰੀ ਗੁੱਤ ਤੇ ਬਘਿਆੜੀ ਚਮਕੇ ਰੇਸ਼ਮੀ ਦੁਪੱਟੇ ਵਾਲ਼ੀਏ।"
4."ਚੌਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ।"
5."ਤੇਰੀ ਜੁਗਨੀ ਘੜੇ ਦਾ ਪੁਰਜਾ ,ਜੰਜੀਰੀ ਤਾਰ ਬੰਗਲੇ ਦੀ।"
6." ਤੇਰਾ ਲੌਂਗ ਕਰੇ ਸਰਦਾਰੀ, ਥਾਣੇਦਾਰ ਨੁੱਕਰਾ ਕਰੇ।"//
ਗਹਿਣਿਆਂ ਨੂੰ ਅਧਿਕਾਰੀਆਂ ਮੁਤਾਬਕ ਪਦਵੀਆਂ ਮਹੱਤਵਪੂਰਨ ਹਨ।
ਤੀਆਂ ਦਾ ਗਿੱਧਾ:-ਇਸ ਰਾਹੀਂ ਕੁੜੀਆਂ ਆਪਣੇ ਗੁੱਭ-ਗੁਭਾਹਟ ਕਰਦੀਆਂ ਹਨ। ਲੇਖਕ ਅਨੁਸਾਰ,
//ਜਿਉਂ-ਜਿਉਂ ਗਿੱਧਾ ਮਘਦਾ ਜਾਂਦਾ ਹੈ, ਨੱਚਣ ਵਾਲੀਆਂ ਕੁੜੀਆਂ ਆਪਣੇ ਆਪ ਬਦਲਦੀਆਂ ਰਹਿੰਦੀਆਂ ਹੈ, ਇਉਂ ਜੋਤ ਤੋਂ ਜੋਤ ਗਿੱਧੇ ਦੀ ਲਾਟ ਮੱਚਦੀ ਰਹਿੰਦੀ ਹੈ।"//
ਗਿੱਧੇ ਦੇ ਮੰਗਲਾਚਰਨ ਵਿਚ ਸਾਉਣ , ਕੁੜੀਆ, ਸੱਸਾਂ,ਪਤੀਆਂ ਸਬੰਧੀ ਭਾਵ ਘੁਲੇ ਮਿਲੇ ਰੂਪ ਵਿੱਚ ਬਾਹਰ ਆਉਂਦੇ ਹਨ।
//"ਸ਼ੌਕ ਨਾਲ ਗਿੱਧੇ ਵਿੱਚ ਆਵਾਂ, ਬੋਲੀ ਪਾਵਾਂ, ਸ਼ਗਨ ਮਨਾਵਾਂ, ਸਾਉਣ ਦਿਆ ਬੱਦਲਾ ਵੇ ਮੈਂ ਤੇਰਾ ਜਸ ਗਾਵਾਂ।"//
ਸਾਉਣ ਦੀਆਂ ਝੜੀਆਂ ਜਵਾਨੀ ਦੀਆ ਅੜੀਆਂ ਅੱਗੇ ਲਾਚਾਰ ਹੋ ਜਾਂਦੀਆਂ ਹਨ। ਲੇਖਕ ਅਨੁਸਾਰ,
"ਤੀਆਂ ਦੇ ਦਿਨੀਂ ਸਾਵਣ ਕੋਈ ਮਹੀਨਾ ਨਹੀਂ ਰਹਿ ਜਾਂਦਾ ,ਇਹ ਤਾਂ ਨ੍ਰਿਤ ਦੇਵਤੇ ਦੇ ਰੂਪ ਵਿੱਚ ਸਾਕਾਰ ਹੋਇਆ, ਕੁੜੀਆਂ ਨੂੰ ਗਿੱਧਾ ਪਾਉਣ ਲਈ ਸੈਨਤਾਂ ਮਾਰਨ ਵਾਲਾ ਚੰਚਲ ਕਾਨ ਬਣ ਚੁੱਕਾ ਹੁੰਦਾ ਹੈ । ਮੋਰ ਪਪੀਹਿਆਂ ਦੀਆਂ ਹੂਕਾਂ ਤੇ ਕੂਕਾਂ ਮਾਰਕੇ ਗੱਜ ਦੇ ਕਾਲੇ ਬੱਦਲ ਬਿਜਲੀ ਦੇ ਨਾਲ ਨਾਲ ਹੋਰ ਲੋਹੜੇ ਮਾਰ ਜਾਂਦੇ ਹਨ ।"
1. "ਛਮ ਛਮ ਪੈਣ ਫੁਹਾਰਾਂ, ਬਿਜਲੀ ਰੰਗ ਨਿਆਰੇ! ਆਓ ਕੁੜੀਓ ਗਿੱਧਾ ਪਾਓ ਸਾਨੂੰ ਸਾਉਣ ਸੈਨਤਾਂ ਮਾਰੇ !ਫੇਰ ਕਦੋਂ ਨੱਚੋਗੀਆਂ' ਜਦੋਂ ਤੀਆਂ ਦੇ ਲੰਘ ਗਏ ਦਿਹਾੜੇ ।"
2. ਕੋਇਲੇ ਸਾਉਣ ਦੀਏ ,ਤੈਨੂੰ ਹੱਥ ਤੇ ਚੋਗ ਚੁਗਾਵਾਂ ।"
3. " ਜਾਂਦਾ ਹੋਇਆ ਦੱਸ ਨਾ ਗਿਆ, ਚਿੱਠੀਆਂ ਕਿੱਧਰ ਨੂੰ ਪਾਵਾਂ! ਕੋਇਲਾਂ ਕੂਕਦੀਆਂ ,ਕਿਤੇ ਬੋਲ ਚੰਦਰਿਆ ਕਾਵਾਂ ।"
ਬਿਰਹਨ ਢੋਲ ਸਿਪਾਹੀ ਨੂੰ ਯਾਦ ਕਰਦੀ ਔਸੀਆਂ ਪਾਉਂਦੀ ਹੈ। ਇਸੇ ਕਾਰਨ ਹੀ ਨੌਕਰਾਂ ਨਾਲ ਵਿਆਹ ਕਰਨੋ ਉਹ ਬਾਬਲ ਨੂੰ ਵਰਜਦੀ ਹੈ ,
"ਨੌਕਰ ਨੂੰ ਦੇੲੀਂ ਬਾਬਲਾ ,ਹਾਲੀ ਪੁੱਤ ਬਥੇਰੇ । ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪਰਦੇਸਾਂ ਡੇਰੇ। ਨੌਕਰ ਨਾਲੋਂ ਐਵੇਂ ਚੰਗੀ , ਦਿਨ ਕੱਟ ਲਊਂ ਘਰ ਤੇਰੇ । ਮਾਂ ਤੈਨੂੰ ਵਰਜ ਰਹੀ ,ਦੇਈਂ ਨਾ ਬਾਬਲਾ ਫੇਰੇ ।"
ਜੰਗ ਤੇ ਗਏ ਸਿਪਾਹੀ ਨੂੰ ਪੰਜਾਬੀ ਮੁਟਿਆਰ ਪੁਕਾਰ -ਪੁਕਾਰ ਆਖਦੀ ਹੈ -
"ਆਜਾ ਸਿਪਾਹੀਆ ਵੇ ਮੈਂ ਜਿੰਦੜੀ ਘੋਲ ਘੁਮਾਈ ।"
ਦੂਜੀਆਂ ਰੰਨਾਂ ਉੱਪਰ ਮੋਹਿਤ ਹੋਣ ਵਾਲੇ ਗੱਭਰੂਆਂ ਦਾ ਵਿਸ਼ਾ ਵੀ ਇਸੇ ਗਿੱਧੇ ਚ ਛਿੜਦਾ ਹੈ -
"ਸੱਸੜੀਏ ਸਮਝਾ ਲੈ ਪੁੱਤ ਨੂੰ, ਘਰ ਨੂੰ ਰਾਤ ਨਾ ਆਵੇ । ...............ਵਰਜ ਕੁਪੱਤੇ ਨੂੰ ਸ਼ਰਮ ਰਤਾ ਨਾ ਖਾਵੇ ।"
ਪਰ ਕਈ ਨਾਰੀਆਂ ਵੀ ਆਪਣੀ ਵਫ਼ਾ ਕਿਸੇ ਹੋਰ ਦੇ ਹਵਾਲੇ ਕਰਦੀਆਂ ਹਨ -
ਆਵੇ ਯਾਰਾ ਜਾਵੇ ਯਾਰਾਂ ,ਰੱਖਾਂ ਕੰਤ ਤੋਂ ਪਿਆਰਾ।........... ਰਾਤੀਂ ਪਾੜ ਪਿਆ ਲੁੱਟ ਲਿਆ ਤਖ਼ਤ ਹਜ਼ਾਰਾਂ।"
ਰੁਪਇਆਂ ਦੇ ਲਾਲਚ ਧੀਆਂ ਵੇਚਣ ਵਾਲੇ ਬਾਬਲ ਦੀ ਕਿਸਮ ਵੀ ਕੁੜੀਆਂ ਛੇੜਦੀਆਂ ਹਨ -
"ਬਦਲੇ ਮੇਰੇ ਲੈ ਲਏ ਬਾਬਲਾ, ਬੁੱਢੜੇ ਨਾਲ ਵਿਆਹੀ। ਬੋਹੜ ਲੈ ਕੇ ਅੰਦਰ ਧਰ ਲਿਆ ,ਮੈਂ ਕਿਉਂ ਚਿਖਾ ਚੜ੍ਹਾਈ ।"
ਫ਼ੜੂਹਾ-
ਇਹ ਤੀਆਂ ਵਿੱਚ ਹੱਲੇ ਦਾ ਗੀਤ ਹੁੰਦਾ ਹੈ ।ਇਸ 'ਚ ਇੱਕ ਕੁੜੀ ਜ਼ੋਰ ਨਾਲ ਨੱਚਦੀ ਹੈ ਅਤੇ ਦੂਜੀਆਂ ਗਿੱਧੇ ਦੀਆਂ ਥਾਪਾ ਦਿੰਦੀਆਂ ਹਨ। ਅਜਿਹੇ ਨਾਟਕੀ ਗੀਤਾਂ 'ਚ ਕਰਾਰੇ ਸਵਾਲ ਜਵਾਬ ਤੇ ਗੁੱਜਾ ਰੋਮਾਂਸ ਫੁੱਟ ਫੁੱਟ ਵੱਗਦਾ ਹੈ -
"ਮੇਰੇ ਪੀੜ ਹੁੰਦੀ ਐ ,ਵੇ ਮੇਰੇ ਪੀੜ ਹੁੰਦੀ ਅੈ ।..........ਅਜਿਹਾ ਗੀਤ ਹੈ ।
ਵਿਆਹੀਆਂ ਕੁੜੀਆਂ ਪਾਸੋਂ ਸਹੁਰਿਆਂ ਦੀਆਂ ਮੌਜਾਂ ਸੁਣ ਕੁਆਰੀਆਂ ਮਚਲਦੀਆਂ ਹਨ -
"ਮਾਏ ਨੀ ਮੇਰਾ ਅੱਜ ਮੁਕਲਾਵਾ ਤੋਰ ਦੇ ।..........ਮਾਏ ਨੀ ਤੈਥੋਂ ਕੁਝ ਵੀ ਨਹੀਂ ਸਰਦਾ, ਰਾਂਝੇ ਦੇ ਨਾਲ ਟੋਰ ਦੇ ।"
ਪਰ ਅਗਰ ਪਤੀ ਮੁਕਲਾਵੇ ਮਗਰੋਂ ਵੀ ਬਾਹਰ ਮੂੰਹ ਮਾਰੇ ਤਾਂ ਕਹਿੰਦੀਆਂ ਹਨ:- ਨਾਹ- ਧੋ ਮੁੰਡਾ ਖੁੰਡਾ ਤੇ ਬਹਿੰਦਾ, ਅੱਧੀ ਰਾਤੀਂ ਘਰ ਆਉਂਦਾ ਨੀਂ। ਸਾਡਾ ਨਿੱਜ ਮੁਕਲਾਵਾ ਆਉਂਦਾ ਨਹੀਂ ।"
ਇਨ੍ਹਾਂ ਲੜੀਵਾਰ ਬੋਲੀਆਂ ਵਿੱਚ ਜੇਠ ਦਾ ਜ਼ਿਕਰ ਛੇੜ ਕੇ ਵੀ ਮੂੰਹ ਕਰਾਰਾ ਕੀਤਾ ਜਾਂਦਾ ਹੈ , "ਧੇਲੀ ਦੀ ਮੈਂ ਰੂੰ ਕਰਾਈ ,ਉਹ ਚੜ੍ਹ ਗਈ ਛੱਤੇ। ਨੱਚੋ ਨੀਂ ਮੇਰੇ ਹਾਣਦੀਓ ,ਮੇਰਾ ਜੇਠ ਪੂਣੀਆਂ ਕੱਤੇ । ਨੱਚੋ ਨੀ........।"
ਪੀਂਘਾਂ ਝੂਟਦੀਆਂ ਮੁਟਿਆਰਾਂ ਬੋਹੜ ਜਾਂ ਪਿੱਪਲ ਦੀ ਟਾਹਣੀ ਤੋਂ ਪੱਤੇ ਸੂਤ ਕੇ ਆਖਦੀਆਂ ਹਨ -"ਆਪ ਪੱਟ ਲਿਆਂਦਾ ਸੱਸ ਦਾ ਚੂੰਡਾ "ਉਹ ਸੱਸ ਨੂੰ ਸ਼ਰਧਾਂਜਲੀ ਦਿੰਦੀਆਂ ਹਨ -
1.ਸੱਸ ਮਰਜੇ ਨਣਾਣ ਸਹੁਰੇ ਤੁਰਜੇ, ਆਪਾਂ ਦੋਵੇਂ ਮੇਲੇ ਚੱਲੀਏ ।" 2."ਸੱਸ ਪਿੱਟਣੀਂ ਪੰਜੇਬਾਂ ਪਾ ਕੇ ,ਲੋਕੀਂ ਭਾਵੇਂ ਨਿੰਦਿਆ ਕਰੇ ।"3. "ਆਪੇ ਚੱਕੀ ਪੀਸੀ ਜਾਊਗੀ, ਜਦੋਂ ਡਾਂਗ ਨੀ ਸਮਾਂ ਵਾਲੀ ਖੜਕੀ .....।"
ਛੋਟੇ ਦਿਉਰ ਦਾ ਰੋਮਾਂਸ ਗਿੱਧੇ ਦਾ ਖਾਸ ਸੁਆਦਲਾ ਅੰਗ ਹੁੰਦਾ ਹੈ -
1."ਅਸੀਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਦੁੱਧ ਪੀ ਲਵੇ।" 2."ਪਿੰਡ ਲੰਘਕੇ ਕਲਿੰਗੜੀ ਪਾਈ, ਦਿਓਰ ਭਾਬੀ ਮੇਲੇ ਨੂੰ ਚੱਲੇ ।"
"ਤੀਆਂ ਦੇਖਣ ਆਏ ਪ੍ਰਾਹੁਣੇ ਬਣ ਕੇ ਇੰਦਰਾਣੇ" ਵੀ ਪਤੀ ਪਿਆਰ ਨੂੰ ਪ੍ਰਗਟਾਉਂਦਾ ਹੈ ।
ਲੇਖਕ ਦਾ ਪਿੰਡ ਮਲੇਰਕੋਟਲਾ ਰਿਆਸਤ ਵਿੱਚ ਹੋਣ ਕਾਰਨ ਜ਼ਮੀਨ ਦੇ ਬਹੁਤੇ ਮਸਲੇ ਦਾ ਰੋਸ ਵੀ ਕੁੜੀਆਂ ਪ੍ਰਗਟਾਉਂਦੀਆਂ ਹਨ :-
"ਆ ਜਾਓ ਵੇ ਵੀਰੋ ਹਲ ਛੱਡ ਕੇ, ਥੋਤੋਂ ਮਾਮਲਾ ਮੰਗੇ ਪਟਵਾਰੀ ।"
ਤੀਆਂ ਦੀ ਵਿਦਾਇਗੀ ਵੀ ਅੱਧਖੜ੍ਹ ਜਨਾਨੀਆਂ ਤੇ ਛੋਟੇ ਮੁੰਡਿਆਂ ਸਮੇਤ ਇਕ ਮੇਲਾ ਜਿਹਾ ਹੋ ਨਿੱਬੜਦੀ ਹੈ ।
ਇੱਕ ਕੁੜੀ ਨੂੰ ਲਾੜੀ ਦੂਜੇ ਨੂੰ ਲਾੜਾ ਬਣਾ ਕੇ ਵਿਆਹ ਰਸਮਾਂ ਕੀਤੀਆਂ ਜਾਂਦੀਆਂ ਹਨ। ਜੰਝ ਢੁਕਾਅ ਵੇਲੇ ਕੁੜੀਆਂ ਦੀ ਇੱਕ ਢਾਣੀ ਮੂੰਹ ਨਾਲ ਵਾਜੇ ਵਜਾਉਂਦੀ ਜੰਝ ਮੂਹਰੇ ਨੱਚਦੀ ਟੱਪਦੀ ਜਾਂਦੀ ਹੈ। ਜੰਞ ਦੀ ਵਿਦਾਇਗੀ ਤੇ ਰੋੜ/ਠੀਕਰੀਆਂ ਡੋਲੇ ਤੋਂ ਸੁੱਟੇ ਜਾਂਦੇ ਹਨ। ਇਨ੍ਹਾਂ ਨੂੰ ਹੱਲੇ ਨਾਲ ਚੁਗਣ ਨੂੰ 'ਤੀਆਂ ਲੁੱਟਣਾ 'ਕਹਿੰਦੇ ਹਨ ।
ਕੁੜੀਆਂ ਡਾਂਗਾਂ ਲੈ ਕੇ 'ਡੋਲੀ ਲੁੱਟਣ 'ਜਾਂ 'ਲੁੱਟ ਮਚਾ ਦੇਣ 'ਦੀ ਅੰਤਿਮ ਰਸਮ ਕਰਦੀਆਂ ਹਨ ਤੀਆਂ ਦੀ। ਫਿਰ ਨਗਰ ਖੇੜੇ ਦੇ ਵੱਸਣ ਦੀਆਂ ਦੁਆਵਾਂ ਦਿੰਦੀਆਂ ਹਨ :-
"ਸੁੱਖ ਵੱਸਦੀ ਵੇ ਬਾਬਾ ਥੋਡੀ ਨਗਰੀ, ਜੀ, ਸੁੱਖ ਵੱਸਦੀ । ਥੋਡੇ ਹੱਥ ਕਟੋਰਾ, ਥੋਡੇ ਮੁੱਖ ਜਲੇਬੀ । ਥੋਡੇ ਸਿਰ ਪਰ ਕਲਗੀ ,ਸੱਜਦੀ ਜੀ, ਬਾਬਾ ਸੁੱਖ ਵੱਸਦੀ ।"
ਦੂਜੀ ਢਾਣੀ:-
" ਖੜੋਤੀ ਕੁੜੀਏ ਚੁਕ ਲਿਆ ਸੜਕ ਤੋਂ ਪਾਈਏ।
ਮਾਪਿਓ ਵੇ! ਥੋਡੇ ਰਾਜ ਦੇ ਉੱਤੋਂ ।
ਅਸੀਂ ਖੇਡ ਕੇ ਘਰਾਂ ਨੂੰ ਆਈਏ।
ਖੜੋਤੀ ਕੁੜੀਏ ਭਿਓ ਬੱਠਲਾਂ ਵਿੱਚ ਤਾਣਾ ।
ਤੀਵੀਆਂ ਦਾ ਰਾਜ ਹੋ ਗਿਆ।
ਚੱਕੀ ਛੁੱਟ ਗਈ ,ਚੁੱਲ੍ਹੇ ਨੇ ਛੁੱਟ ਜਾਣਾ ।"
ਲੇਖਕ ਅਨੁਸਾਰ ,
"ਇਉਂ ਤੀਵੀਆਂ ਦਾ ਰਾਜ ਹੋ ਜਾਣ ਤੇ ਸੁਨਹਿਰੀ ਭਵਿੱਖ ਦੀ ਕਲਪਨਾ ਵਿੱਚ ਕੁੜੀਆਂ ਦਾ ਰੰਗ ਰਲੀਆਂ ਮਨਾਉਣ ਦਾ ਇਹ ਮੇਲਾ ਹਰ ਸਾਲ ਆਉਂਦਾ ਤੇ ਪੁਰਾਣੀਆਂ ਯਾਦਾਂ ਨੂੰ ਟੁੰਬਦਾ ਨਵੀਆਂ ਸਾਂਝਾ ਜਗਾ ਕੇ ਲੰਘ ਜਾਂਦਾ ਹੈ
"ਸਾਉਣ ਵੀਰ ਕੱਠੀਆਂ ਕਰੇ! ਭਾਦੋਂ ਚੰਦਰੀ ਵਿਛੋੜੇ ਪਾਵੇ ।"
"ਤੀਆਂ ਸਾਉਣ (ਤੀਜ )ਦੀਆਂ ,ਭਾਦੋਂ ਦੇ ਮੁਕਲਾਵੇ ।"


0 Comments