ਪ੍ਰਸਿੱਧ ਲੋਕਧਾਰਾ ਵਿਗਿਆਨੀ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੇ ਮਧਕਾਲੀਨ ਪੰਜਾਬ ਵਿਚ ਸਿਰਜਤ 'ਲੋਕ-ਕਾਥਾਵਾਂ', 'ਬਾਤਾਂ' ਨੂੰ ਸੰਗ੍ਰਹਿਤ ਕਰਕੇ ਲੋਕ ਸਾਹਿਤ ਦੇ ਖੇਤਰ ਵਿੱਚ ਸਿਰੜੀ ਘਾਲਣਾ ਦਾ ਪ੍ਰੀਚੈਯ ਦਿੱਤਾ ਹੈ।ਬਾਤ ਲੋਕ ਕਹਾਣੀ ਦਾ ਜਨਮ ਮਨੁੱਖ ਦੇ ਜਨਮ ਨਾਲ ਹੀ ਹੋਇਆ ਮੰਨਦਾ ਹੈ। ਪੰਜਾਬੀ ਬਾਤ ਭਾਰਤੀ ਕਥਾ ਪ੍ਰੰਪਰਾ ਅਤੇ ਸਾਮੀ ਕਥਾ ਪਰੰਪਰਾ ਤੋਂ ਆਪਣਾ ਵੱਖਰਾ ਸਰੂਪ ਗ੍ਰਹਿਣ ਕਰਦੀ ਵੱਖਰੇ ਪਛਾਣ ਚਿੰਨ੍ਹ ਧਾਰਨ ਕਰਦੀ ਹੈ। ਇਹਨਾਂ ਬਾਤਾਂ ਵਿਚ ਸਾਡੀ ਸੰਸਕ੍ਰਿਤੀ ਬਰਾਤ ਸਮੇਤ ਲੱਥੀ ਹੁੰਦੀ ਹੈ।
ਡਾਕਟਰ ਵਣਜਾਰਾ ਬੇਦੀ ਅਨੁਸਾਰ,
"ਬਾਤ ਲੋਕ-ਮਨ ਦੀ ਬਿਰਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀਆਂ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।"
   ਇਨ੍ਹਾਂ ਬਾਤਾਂ ਦੀ ਰੂਪ ਰਚਨਾ ਵਿਚ ਜਿੱਥੇ ਬਿਰਤਾਂਤਕ ਲੋਕਿਕ-ਪ੍ਰਲੋਕਿਕ ਪਾਤਰ, ਘਟਨਾਵਾਂ ਆਦਿ ਮੁੱਖ ਭੁਮਿਕਾ ਨਿਭਾਉਂਦੇ ਹਨ ਓਥੇ ਕਥਾਨਕ ਰੂੜੀਆਂ ਲੋਕ ਰੂੜੀਆਂ ਨੂੰ ਇਹਨਾਂ ਦੀ ਚੂਲ ਮੰਨਿਆ ਜਾ ਸਕਦਾ ਹੈ।
   ਲੋਕ ਰੂੜ੍ਹੀਆਂ ਮਨੁੱਖ ਦੇ ਸੱਭਿਆਚਾਰਕ ਵਤੀਰੇ ਨੂੰ ਸਿਰਜਣ ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਲੋਕ ਸਾਹਿਤ ਦੀ ਪ੍ਰੰਪਰਾ ,ਰੀਤਾਂ ਰਸਮਾਂ ਅਤੇ ਲੋਕ ਵਿਸ਼ਵਾਸ ਦਾ ਸੰਚਾਲਨ ਕਰਨ ਵਿਚ ਵੀ ਇਨ੍ਹਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਜਿਆਦਾਤਰ ਸਮੂਹਿਕ ਅਨੁਭਵ, ਕਲਪਨਾ ਤੇ ਵਿਸ਼ਵਾਸ ਦੀ ਉਪਜ ਹੁੰਦੀਆਂ ਹਨ।
         ਰੂੜੀ ਅੰਗਰੇਜ਼ੀ ਸ਼ਬਦ motif ਦਾ ਪੰਜਾਬੀ ਰੂਪ ਹੈ ਜੋ ਸੁਤੰਤਰ ਪ੍ਰਭਾਵ ਦਿਖਾਉਣ ਵਾਲੀ ਗੱਲ ਵੱਲ ਇਸ਼ਾਰਾ ਕਰਦਾ ਹੈ ।
ਸਟਿਥ ਥੋਮਸਨ ਅਨੁਸਾਰ,
                 "ਮੋਟਿਫ ਉਹ ਚੋਣਵਾਂ ਗੁਣ ਹੈ ਜਿਸ ਦੁਆਰਾ ਲੋਕਯਾਨ ਦੇ ਕਿਸੇ ਭਾਗ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ ।"
ਡਾ.ਭੁਪਿੰਦਰ ਸਿੰਘ ਖਹਿਰਾ ਨੇ ਵੀ ਲਿਖਿਆ ਹੈ ,
                "ਲੋਕ ਮਨ ਦੀਆਂ ਉਹ ਗੰਢਾਂ ਜਿਨ੍ਹਾਂ ਦਾ ਸੰਚਾਲਨ ਅਚੇਤ ਮਨ ਕਰਦਾ ਹੈ ;ਸਮੂਹਿਕ ਲੋਕ ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ ;  ਸਹਿਜ ਸੁਭਾਅ ਅਭਿਵਿਅਕਤ ਹੁੰਦੀਆਂ ਹਨ ;ਲੋਕ ਰੂੜੀਆਂ ਅਖਵਾਉਂਦੀਆਂ ਹਨ ।"
             ਪਰੰਪਰਾਗਤ ਲੋਕ ਅਨੁਭਵ ਤੋਂ ਲੈ ਕੇ ਸੰਕਲਪ ਵੀ ਲੋਕ ਰੂੜੀਆਂ ਦਾ ਰੂਪ ਧਾਰਨ ਕਰ ਸਕਦੇ ਹਨ, ਇਹ ਲੋਕ ਅਨੁਭਵ ਤੇ ਲੋਕ ਸੰਕਲਪ ਕੋਈ ਪੋਰਾਣਿਕ ਸਿਰਜ ਲੈਂਦੇ ਹਨ, ਇਨ੍ਹਾਂ ਪ੍ਰਸੰਗਾਂ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਤੱਤ ਸੰਮਲਿਤ ਹੁੰਦੇ ਹਨ ।ਇਹ ਪ੍ਰਸੰਗ ਲੋਕ ਕਹਾਣੀਆਂ ,ਕਥਾਵਾਂ' ਦੰਦ ਕਥਾਵਾਂ 'ਸਾਖੀਆਂ ਆਦਿ ਵਿਭਿੰਨ ਰੂਪਾਂ 'ਚ ਮਿਲਦੇ ਹਨ।     
              'ਮੱਧਕਾਲੀਨ ਪੰਜਾਬੀ ਕਥਾ: ਰੂਪ ਤੇ ਪਰੰਪਰਾ' ਵਿੱਚ ਡਾਕਟਰ ਵਣਜਾਰਾ ਬੇਦੀ ਕਥਾਨਕ ਰੂੜੀ ਨੂੰ ਬਾਤ ਦੀ ਛੋਟਾਤਮਕ ਤੇ ਆਪੇ 'ਚ ਸੰਪੂਰਨ ਅਰਥ ਰੱਖਣ ਵਾਲਾ ਤੱਤ ਮੰਨਦਾ ਹੈ ।ਸੋ ਇਹ ਸੰਚੇ ਵਿੱਚ ਢਲੇ ਕਥਾਨਿਕ ਵਸਤੂ ਤੇ  ਵਿਚਾਰ ਹਨ ਜੋ ਕਿਸੇ ਜਾਤੀ ਦੀਆਂ ਬਾਤਾਂ ਵਿੱਚ ਖਾਸ ਤਰ੍ਹਾਂ ਦੇ ਮਾਨਸਿਕ ਪ੍ਰਭਾਵ, ਵਸਤੂ ਰੌਚਿਕਤਾ ਤੇ ਪ੍ਰਸਥਿਤੀ ਪੈਦਾ ਕਰਨ ਲਈ ਮੁੜ ਮੁੜ ਦੁਹਰਾਏ ਜਾਣ। ਸਰਵ ਪ੍ਰਥਮ ਇਹ ਆਪਣਾ ਯਥਾਰਥ ਤੇ ਸੰਜੀਵਤਾ ਰੱਖਦੇ ਹਨ । ਪਰ ਪੁਨਰ ਦੁਹਰਾਅ ਵਿੱਚ ਪੈ ਕੇ ਆਪਣਾ ਰੂਪ ਗਵਾ ਕੇ ਇਸ ਸਧਾਰਨ ਕਲਪਿਤ ਰੂੜੀ ਦੇ ਰੂਪ ਵਿੱਚ ਕਥਾ ਪ੍ਰਵਾਹ ਅੰਦਰ ਵਿਲੀਨ ਹੋ ਜਾਂਦੇ ਹਨ ।ਇਹ ਵਸਤੂ ਰੌਚਿਕਤਾ ਭਾਵੇਂ ਕਾਇਮ ਰੱਖ ਸਕਣ ਪਰ ਯਥਾਰਥਕ ਅਹਿਸਾਸ ਗਵਾ ਦਿੰਦੀਆਂ ਹਨ ।
      ਇਨ੍ਹਾਂ ਤੱਤਾਂ ਵਿੱਚ ਰੌਚਿਕਤਾ ਪੁਨਰ ਦੁਹਰਾਅ ਦਾ ਕਾਰਨ ਬਣਦੀ ਹੈ ।ਸੋ ਇਸ ਦਾ ਅਭਿਹਿਠ' ਅਨੋਖੇ ਅਤੇ ਅਲੌਕਿਕ ਹੋਣਾ ਜ਼ਰੂਰੀ ਹੈ। ਜਿਵੇਂ ਚਿੜੀ ਮੋਟਿਫ ਨਹੀਂ, ਮਨੁੱਖ ਵਾਂਗ ਬੋਲਦੀ ਚਿੜੀ ਮੋਟਿਫ਼ ਹੈ; ਅੰਡਾ ਦੇਣ ਵਾਲੀ ਮੁਰਗੀ ਨਹੀਂ, ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਮੋਟੀਫ ਹੈ । ਸੋ ਮੋਟਿਫ਼ ਇੱਕ ਪ੍ਰਕਾਰ ਦੇ ਕਥਾ ਮੁਹਾਵਰੇ ਹਨ।
                  ਪਰਾ -ਇਤਿਹਾਸਕ ਕਾਲ ਵਿੱਚ ਉਪਜੀਆਂ ਇਹ ਕਥਾਨਕ ਰੂੜ੍ਹੀਆਂ ਡਾ. ਵਣਜਾਰਾ ਬੇਦੀ ਅਨੁਸਾਰ -ਕੁੱਝ ਪਰੰਪਰਾਗਤ ਵਿਸ਼ਵਾਸ ,ਮਨੌਤਾਂ ਤੇ ਸੰਕਲਪ ਹਨ; ਕੁਝ ਆਦਿਮ ਸੰਸਕ੍ਰਿਤੀ ਦੇ ਅਵਸ਼ੇਸ਼ ਤੇ ਵਹਿਮ ਭਰਮ ਹਨ; ਕੁਝ ਪਰਾਕਲਪਨਾ ਦੀ ਉਪਜ  ਹਨ ਤੇ ਕੁਝ( ਰੂੜੀਆਂ )ਕਾਵਿ ਕਲਪਨਾ ਤੇ ਜੀਵਨ ਅਨੁਭਵ ਦਾ ਫਲ ਹਨ। ਇੰਜ ਇਨ੍ਹਾਂ ਦੀ ਪ੍ਰਕਿਰਤੀ ਤੇ ਪ੍ਰਭਾਵ ਵੱਖ ਵੱਖ ਹਨ। ਪਰ ਇਨ੍ਹਾਂ ਦਾ ਪ੍ਰਕਾਰਜ ਕਥਾ ਨੂੰ ਗਤੀ ਦੇਣਾ ਹੈ। ਉਸ ਨੇ ਇਨ੍ਹਾਂ ਨੂੰ ਪ੍ਰਕਿਰਤੀ ਪੱਖੋਂ ਤਿੰਨ ਵਰਗਾਂ ਵਿਚ ਵਿਭਾਜਿਤ ਕੀਤਾ ਹੈ :-
ੳ) ਸੰਸਾਰਿਕ                         ਅ ) ਵਿਸ਼ਵਾਸਪਰਕ
 ੲ) ਅਧਿਦੈਵਿਕ
ਕਰਨੈਲ ਸਿੰਘ ਥਿੰਦ ਲੋਕ ਕਥਾਨਕ ਰੂੜ੍ਹੀਆਂ ਦਾ ਵਰਗੀਕਰਨ ਘਟਨਾ, ਪਾਤਰ ,ਵਸਤੂ ਤੇ ਵਿਚਾਰ ਦੇ ਆਧਾਰ ਤੇ ਇੰਝ ਕਰਦੇ ਹਨ:-
1.ਘਟਨਾਪਰਕ (ਇਸ ਸੁਪਨੇ 'ਚ ਵੇਖ ਕੇ ਪ੍ਰੇਮ ਹੋਣਾ  )
2.ਪਾਤਰਪਰਕ (ਰੂਪ ਬਦਲ ਕੇ ਭਰਮਾਉਣ ਵਾਲਾ (ਛਲੇਡਾ ))
3.ਵਸਤੂਪਰਕ ਰੂੜੀਆਂ (ਮੋਏ ਨੂੰ ਸੁਰਜੀਤ ਕਰਨ ਵਾਲਾ ਜਲ )
4.ਵਿਚਾਰ ਪਾਰਕ (ਪੂਰਨ ਦੇ ਆਉਣ 'ਤੇ ਬਾਗ ਹਰਾ ਹੋਣਾ, ਇਸਤਰੀ ਨੂੰ ਅਗਨ ਪ੍ਰੀਖਿਆ ਚ ਆਂਚ ਨਾ ਆਉਣੀ )ਆਦਿ ।
                   ਡਾ. ਵਣਜਾਰਾ ਬੇਦੀ ਦੁਆਰਾ ਇਨ੍ਹਾਂ ਰੂੜੀਆਂ ਦੀ ਕੀਤੀ ਉਪਰੋਕਤ ਵਰਗ ਵੰਡ ਅਨੁਸਾਰ ਹੀ ਅਸੀਂ 'ਬਾਤਾਂ ਮੁੱਢ ਕਦੀਮ ਦੀਆਂ' ਪੁਸਤਕ ਵਿੱਚ ਪ੍ਰਯੁਕਤ ਕਥਾ ਰੂੜੀਆਂ ਦਾ ਵਿਸ਼ਲੇਸ਼ਣ ਕਰਦੇ ਹਾਂ ।
  ੳ) ਸੰਸਾਰਿਕ ਜਾਂ ਵਾਸਤਵਿਕ  :-                                ਇੱਕ ਕਥਾਨਕ ਰੂੜ੍ਹੀਆਂ ਨਿੱਤ ਪ੍ਰਤੀ ਦੇ ਵਰਤ- ਵਰਤਾਰੇ ,ਸੱਭਿਆਚਾਰਕ/ ਸਮਾਜਿਕ ਸੰਸਕਾਰਾਂ ਤੇ ਵਿਹਾਰਾਂ ,ਰਿਸ਼ਤੇ ਨਾਤੇ ਅਤੇ ਜਾਤੀ ਚਰਿੱਤਰਾਂ ਨਾਲ ਸਬੰਧਿਤ ਹੁੰਦੀਆਂ ਹਨ । ਵਾਸਤਵਿਕ ਜੀਵਨ ਤੋਂ ਲਈਆਂ ਹੋਣ ਕਾਰਨ ਤੇ ਸੰਭਾਵਨਾਵਾਂ ਉੱਪਰ ਆਧਾਰਿਤ ਹੋਣ ਕਾਰਨ ਇਹ ਸੁਭਾਵਿਕ ਲੱਗਦੀਆਂ ਹਨ ।
         'ਸੰਧਿਆਂ 'ਨਾਮੀ ਬਾਤ ਸ਼ੇਰ ਅਤੇ ਧੋਬੀ ਦੇ ਆਪਸੀ ਸਬੰ ਧਾਂ ਰਾਹੀਂ 'ਮਨ ਦੇ ਹਾਰਿਆਂ 'ਹਾਰ ਹੈ 'ਮਨ ਦੇ ਜਿੱਤਿਆ' ਜਿੱਤ ਦੀ ਰੂੜੀ ਨੂੰ ਵਸਤੂ ਵਜੋਂ ਪੇਸ਼ ਕਰਦੀ ਹੈ । 'ਰੰਨਾਂ ਦੇ ਚਲਿੱਤਰ 'ਅਤੇ ਲੋਈ ਚਲਿੱਤਰ ਘਰੇਲੂ ਸਧਾਰਨ ਔਰਤਾਂ ਦੇ ਤੀਖਣ ਸੋਚ ਤੇ ਪਤੀ ਨੂੰ 'ਸਬਕ ਸਿਖਾਉਣ' ਦੀ ਸਮਰੱਥਾ ਵੱਲ ਸੰਕੇਤ ਕਰਦੀਆਂ ਹਨ ।'ਚੰਦਰੀ ਸੰਗਤ' ਦੁਆਰਾ ਬੁਰੀ ਸੰਗਤ ਤੋਂ ਬਚਾਉਣ ਦੀ ਰੂੜੀ ਨੂੰ ਦ੍ਰਿਸ਼ਟਾਂਤ ਵਜੋਂ ਪੇਸ਼ ਕੀਤਾ ਹੈ। 'ਕੁੱਕੜ ਅਤੇ ਡੱਡੂ ' ,'ਡਾਢੇ ਦਾ ਸੱਤੀ ਵੀਹੀ ਸੌ 'ਦੀ ਰੂੜੀ ਨੂੰ ਪ੍ਰਯੁਕਤ ਕਰਦੀ ਹੈ । ਮਤਰੇਈ  ਦੇ ਬੁਰੇ ਸਲੂਕ ਨੂੰ 'ਸਾਹਣੀ ਚਿੜੀ 'ਰਾਹੀਂ ਵਿਅਕਤ ਕੀਤਾ ਗਿਆ ਹੈ। ਕੁਝ ਬਾਤਾਂ ਜਿਵੇਂ 'ਅਨਾਰਾਂ ਸ਼ਹਿਜ਼ਾਦੀ' ਵਿੱਚ ਸਮਾਧੀ ਵਿੱਚ ਲੀਨ ਤਰੁੱਠੇ ਸਾਧੂ ਵੱਲੋਂ ਸ਼ਹਿਜ਼ਾਦੇ ਨੂੰ ਸ਼ਹਿਜ਼ਾਦੀ ਬਖਸ਼ਿਸ਼ ਕਰਨ ਦੀ ਕਿਰਿਆ 'ਮੰਗ ਜੋ ਕੁਝ ਮੰਗਣਾ 'ਦੀ ਲੋਕ ਰੂੜੀ ਰਾਹੀਂ ਪ੍ਰਗਟਾਈ ਗਈ ਹੈ ।
ਅ) ਵਿਸ਼ਵਾਸ ਪਰਕ ਰੂੜ੍ਹੀਆਂ :-
                                       ਇਹ ਵਿਸ਼ਵਾਸਾਂ ਉੱਪਰ ਅਧਾਰਿਤ ਹੁੰਦੀਆਂ ਹਨ। ਇਹ ਕਿਸੇ ਜਾਤੀ ਦੇ ਲੌਕਿਕ ਅਤੇ ਧਾਰਮਿਕ ਸੰਕਲਪਾਂ, ਮਨੋਤਾ ਅਤੇ ਵਿਸ਼ਵਾਸਾਂ 'ਚੋਂ ਜਨਮ ਲੈਂਦੀਆਂ ਹਨ ।ਜਿਵੇਂ ਗੰਗਾ ਇਸ਼ਨਾਨ ਨਾਲ ਪਾਪਾਂ ਤੋਂ ਮੁਕਤੀ ਮੰਨਣਾ ਆਦਿ ।ਇਹ ਸਾਡੇ ਨਿਸ਼ਚੇ ਦਾ ਅੰਗ ਹੋਣ ਕਰਕੇ ਵਾਸਤਵਿਕਤਾ ਦਾ ਪ੍ਰਭਾਵ ਉਜਾਗਰ ਕਰਦੀਆਂ ਹਨ । ਲੋਕ ਮਨ' ਚ ਇਸ ਪ੍ਰਕਾਰ ਦੇ ਵਿਸ਼ਵਾਸ ਲੋਕ ਪਰੰਪਰਾ ਦਾ ਹਿੱਸਾ ਬਣਨ ਕਾਰਨ ਇੱਕ ਪ੍ਰਕਾਰ ਲੋਕ ਚੇਤਨਾ ਦਾ ਹਿੱਸਾ ਵੀ ਬਣ ਚੁੱਕੇ ਹਨ ।
       'ਸੰਯੋਗ 'ਵਿਆਹ ਬੰਧਨ ਸਬੰਧੀ ਨਿਸ਼ਚਿਤ ਔਰਤ/ ਮਰਦ ਦੇ ਸੰਯੋਗ ਨੂੰ ਰੂਪਮਾਨ ਕਰਦੀ ਹੈ। 'ਪਰਾਏ ਧਨ ਦਾ ਹਸ਼ਰ 'ਵਿੱਚ ਲੋਕ ਰੂੜੀ 'ਜਿਹੀ ਕਰਨੀ ਤੇਹੀ ਭਰਨੀ' ਦਾ ਪ੍ਰਯੋਗ ਕੀਤਾ ਗਿਆ ਹੈ ।'ਪਿੱਤਰਾਂ ਨੂੰ ਦਾਨ 'ਦੁਆਰਾ ਪ੍ਰੋਹਿਤਾਂ ਨੂੰ ਸ਼ਰਾਧ ਖਵਾਉਣਾ ਅਤੇ ਦਾਨਪੁੰਨ ਕਰਨ ਦਾ ਉਲੇਖ ਕੀਤਾ ਗਿਆ ਹੈ ,ਜਿਸ ਦਾ ਉਦੇਸ਼ ਪੂਰਵਜਾਂ ਦਾ ਪੇਟ ਭਰਨ ਦੇ ਲੋਕ ਵਿਸ਼ਵਾਸਾਂ ਵਿੱਚ ਜੁੜਦਾ ਹੈ 'ਅੰਨ੍ਹੇ ਦਾ ਸਵਾਂਗ 'ਬਾਤ ਵਿੱਚ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਉੱਪਰ ਸੁੱਖਣਾ -ਸੁੱਖਣ ਵਾਲੇ ਭਗਤਾਂ ਦੀਆਂ ਪੂਰੀਆਂ ਹੁੰਦੀਆਂ ਮੁਰਾਦਾਂ ਦੀ ਲੋਕ ਰੂੜੀ ਅਭਿਵਿਅਕਤ ਕੀਤੀ ਗਈ ਹੈ ।
ਕਈ ਬਾਤਾਂ ਕੇਵਲ ਹੱਕ ਹਲਾਲ ਦੀ ਕਮਾਈ ਨੂੰ ਹੀ ਅਸਲ ਕਮਾਈ ਮੰਨਦੀਆਂ ਹਨ।' ਪਰਾਏ ਧਨ ਦਾ ਹਸ਼ਰ' 'ਚ ਜਦ ਬਾਣੀਆਂ ਮਹਾਤਮਾ ਨਾਲ ਧੋਖਾ ਕਰਕੇ ਮਾਇਆ ਚੁਰਾ ਲੈਂਦਾ ਹੈ ਤਾਂ ਮਹਾਤਮਾ ਛਲੇਡੇ ਦੇ ਰੂਪ ਵਿੱਚ ਬਾਣੀਏ ਦੇ ਘਰ ਜਨਮ ਲੈ ਕੇ ਪੈਸੇ ਰੋੜ ਦਰਿਆ 'ਚ ਛਾਲ ਮਾਰ ਦਿੰਦਾ ਹੈ ।ਭਾਵ 'ਨਾਜਾਇਜ਼ ਮਾਇਆ ਜਿਵੇਂ ਆਵੇ ਕਿਵੇਂ ਜਾਵੇ' ਦਾ ਵਿਸ਼ਵਾਸ ਪੇਸ਼ ਕੀਤਾ ਗਿਆ ਹੈ ।
            12 ਸਾਲਾਂ ਦੀ ਰੂੜੀ ਸਾਡੇ ਲੋਕ ਸਾਹਿਤ ਵਿੱਚ' ਬਾਰੀ ਬਰਸੀ ਖੱਟਣ ਗਿਆ' ਬਾਰੀਂ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਆਦਿ ਬਹੁਤ ਵਰਤੀ ਜਾਂਦੀ ਹੈ । 'ਡੱਡੂ ਰਾਜਕੁਮਾਰ 'ਅੰਦਰ ਬਾਰਾਂ ਸਾਲਾਂ ਬਾਅਦ ਡੱਡੂ ਸਹਿਜ਼ਾਦੀ ਨਾਲ ਸੌਂ ਕੇ ਰਾਜਕੁਮਾਰ ਬਣ ਜਾਂਦਾ ਹੈ ।
         ਪੁਨਰ ਜਨਮ ਵਿੱਚ ਵਿਸ਼ਵਾਸ ਵੀ ਇੱਕ ਹੋਰ ਕਥਾ ਰੂੜੀ ਹੈ ।ਭਾਵੇਂ ਧਰਮ ਤੇ ਦਰਸ਼ਨ 'ਚ ਇਸਲਾਮ ਵਿੱਚ ਇਸ ਵਿੱਚ ਵਿਸ਼ਵਾਸ ਨਹੀਂ ਰੱਖਦਾ । ਪਰ ਹਿੰਦੂ ਧਰਮ ਆਵਾਗਮਨ 'ਚ ਆਸਥਾ ਰੱਖਦਾ ਹੈ । 'ਭੰਵਰਾ ਅਤੇ ਸੰਗਲਾਂ' ਵਿੱਚ ਸ਼ਹਿਜ਼ਾਦੀ ਵਾਰ ਵਾਰ ਜਨਮ ਲੈ ਕੇ ਪ੍ਰੇਮੀ ਨੂੰ ਮਿਲਦੀ ਰਹਿੰਦੀ ਹੈ ਇਸੇ ਤਰ੍ਹਾਂ ਪਰਾਏ ਧਨ ਦਾ ਹਸ਼ਰ ਵਿੱਚ ਮਹਾਤਮਾ ਦਾ ਬੱਚਾ ਬਣ ਬਾਣੀਏ ਦੇ ਘਰ ਜੰਮਣਾ ਤੇ ਅਲੋਪ ਹੋਣਾ ਵੀ ਉਪਰੋਕਤ ਅਨੁਸਾਰ ਹੀ ਹੈ ।
           ਅਸਮਾਨੀ ਬਿਜਲੀ ਦੇ ਪੈਦਾ ਹੋਣ ਬਾਰੇ ਮੁੱਢੀ ਵਿੱਚ ਦੱਸਦਿਆਂ ਇਸ ਨੂੰ ਮਾਮੇ ਭਾਣਜੇ ਦੇ ਰਿਸ਼ਤੇ ਦੀ ਵਰਨ ਮੰਨਿਆ ਗਿਆ ਹੈ ।
ੲ ) ਅਧਿਦੈਵਿਕ ਰੂੜ੍ਹੀਆਂ :-
                                    ਇਹ ਅਦਭੁੱਤ ਤੇ ਅਲੌਕਿਕ ਹੁੰਦੀਆਂ ਹਨ। ਜਿਵੇਂ ਅਨਾਰ ਜਾਂ ਫਲ ਚੋਂ ਪਰੀ ਦਾ ਨਿਕਲਣਾ ਜਾਂ ਸੁਰਮਾ (ਜਾਦੂ ਦਾ) ਪਾ ਕੇ ਅਦ੍ਰਿਸ਼ਟ ਹੋ ਜਾਣਾ ਆਦਿ । ਸਮਕਾਲੀ ਸਮਾਜਿਕ, ਇਤਿਹਾਸਕ, ਰਾਜਨੀਤਿਕ, ਪ੍ਰਸਥਿਤੀਆਂ ਦੇ ਫਲਸਰੂਪ ਮੱਧਕਾਲ 'ਚ ਇਨ੍ਹਾਂ ਦਾ ਬਹੁਤ ਪ੍ਰਯੋਗ ਹੋਇਆ ਹੈ ।
        ਇਨ੍ਹਾਂ ਬਾਤਾਂ ਚ ਕਾਂ ,ਕੁੱਕੜ, ਚਿੜੀ ,ਹੰਸ ,ਕਬੂਤਰ ,ਡੱਡੂ ਤੇ ਵੱਥ ਸੰਕਲਪਾਂ -'ਮਾਇਆ',' ਕਰਮ', 'ਬਿਧਾਤਾ 'ਆਦਿ ਜਾਨਵਰਾਂ ਜਾਂ ਦੈਵੀ ਹੋਂਦਾਂ ਦੇ ਧਾਰਨੀ ਹੋਣ ਦੇ ਬਾਵਜੂਦ ਮਨੁੱਖਾਂ ਵਾਂਗ ਗੱਲਾਂ ਕਰਨਾ ਵੀ ਇੱਕ ਆਧਿਵੈਦਿਕ ਰੂੜੀ ਹੈ ।
           ਪਾਤਰਾਂ ਦੀ ਕਾਇਆ ਪਲਟੀ ਜਿਵੇਂ ਡੱਡੂ ਦਾ ਫਿਰ ਰਾਜਕੁਮਾਰ ਬਣਨਾ ,ਰਾਜਕੁਮਾਰੀ ਦਾ ਚਿੜੀ ਬਣਨਾ, ਸ਼ੇਰ ਦਾ ਮਹਾਤਮਾ, ਮਹਾਤਮਾ ਦਾ ਛਲੇਡਾ ਬਣਨਾ ਜਾਂ ਸੌ ਸਾਲਾਂ ਤੋਂ ਉੱਪਰ ਉਮਰ ਭੋਗ ਚੁੱਕੇ ਸੱਪ ਇੱਛਾਧਾਰੀ (ਛਲੇਡੇ) ਦਾ ਰੂਪ ਧਾਰਨਾ ਆਦਿ ਦੀ ਕਾਇਆ ਪਲਟੀ ਹੈ ।
        ਪਰੀਆਂ ਦੀ ਹੋਂਦ ਸਵੀਕਾਰਨੀ ਵੀ ਉਪਰੋਕਤ ਲੋਕ ਰੂੜੀ ਹੈ । ਸ਼ਹਿਜ਼ਾਦੀ ਦਾ ਅਨਾਰਾ ਚ ਵੱਸ ਜਾਣਾ, ਡੱਡੂ ਦਾ ਰਾਜਕੁਮਾਰ ਬਣ ਜਾਣਾ, ਦੇਵਿਆਂ ਵਾਲੇ ਪਾਤਰ ਦੇ ਦੀਵੇ ਦੀਵਾ ਬੁੱਝਣ ਤੇ ਧਨ ਪ੍ਰਾਪਤ ਕਰਨਾ, ਨਿਹੰਗ ਦੇ ਨੇਜੇ ਨੂੰ ਪਰਉਪਕਾਰ ਮਗਰੋਂ ਫਲ ਲੱਗਣੇ ਆਦਿ ਦੇਵੀ ਸੁਭਾਅ ਦੀਆਂ ਘਟਨਾਵਾਂ ਹਨ ।ਰਿੱਝਦੀ ਕੱਟਵੀਂ ਚੋਂ ਅਵਾਜ 'ਬੁੜ੍ਹਕ ਕੁੰਨੀਏ, ਝੀਵਰੀ ਦਾ ਸਿਰ ਮੁੰਨੀਏ 'ਵੀ ਆਧਿਦੈਵਿਕ ਹੈ। ਭਾਵੇਂ ਦਿੱਖ ਦੀ ਪੱਧਰ ਤੇ ਇਹ ਕਿੰਨੀਆਂ ਵੀ ਅਸੰਭਵ ਅਲੌਕਿਕ ਤੇ ਅਨੋਖੀਆਂ ਕਿਉਂ ਨਾ ਜਾਪਣ ਇਨ੍ਹਾਂ 'ਚ ਪੇਸ਼ ਮਨੁੱਖੀ ਅਤੇ ਸਮਾਜਿਕ ਯਥਾਰਥ ਤੋਂ ਮੁਨਕਰ ਹੋਣਾ ਅਸੰਭਵ ਹੈ ।