ਪੰਜਾਬ ਦੀ ਭੂਗੋਲਿਕ ਸਥਿਤੀ ,ਜਲਵਾਯੂ ,ਪ੍ਰਾਕਿਰਤਕ ਨੇਹਮਤਾ ਕਾਰਣ ਮਾਨਵ ਵਿਗਿਆਨੀ ਇਸ ਖੇਤਰ ਨੂੰ 'ਮਾਨਵ ਸੱਭਿਅਤਾ ਦਾ ਆਦਮ ਘਰ 'ਜਾਂ 'ਮਨੁੱਖੀ ਸੱਭਿਆਚਾਰ ਦਾ ਪੰਘੂੜਾ' ਸਵੀਕਾਰਦੇ ਹਨ ।ਸਹੀ ਮਾਇਨਿਆਂ ਵਿੱਚ ਭਾਰਤ ਦਾ ਸੱਭਿਆਚਾਰਕ ਇਤਿਹਾਸ ਪੰਜਾਬ ਤੋਂ ਹੀ ਸ਼ੁਰੂ ਹੁੰਦਾ ਹੈ । ਈਰਾਨੀ, ਯੂਨਾਨੀ ,ਹਮਲਾਵਰਾਂ ਨੇ ਪਹਿਲਾਂ ਪਹਿਲ ਸਿੰਧ -ਪੰਜਾਬ ਨੂੰ ਹੀ ਹਿੰਦੁਸਤਾਨ  ਸਮਝਦਿਆਂ 'ਸਿੰਧੂ' ਉੱਪਰ ਬਲ ਦੇ ਕੇ 'ਹਿੰਦੂ 'ਤੇ 'ਇੰਦੂ' ਆਖਿਆ ਜਿਸ ਤੋਂ ਇੱਕ ਪਾਸੇ 'ਹਿੰਦੁਸਤਾਨ' ਤੇ ਦੂਜੇ ਪਾਸੇ 'ਇੰਡੀਆ' ਨਾਮ ਪ੍ਰਚਲਿਤ ਹੋਏ ।ਅਜੇ ਵੀ ਪੱਛਮੀ ਪੰਜਾਬ ਦੇ (ਸੰਯੁਕਤ ਪੰਜਾਬ ਦੇ) ਧੁਰ ਉੱਤਰ ਪੱਛਮੀ ਇਲਾਕੇ ਵਿੱਚ 'ਹਿੰਦਕੋ' ਪੰਜਾਬੀ ਉਪਬੋਲੀ ਬੋਲੀ ਜਾਂਦੀ ਹੈ । ਐਨੁਲਹੇੈਕ ਫਰੀਦਕੋਟੀ-ਪੰਜਾਬ ਨੂੰ ਦੁਨੀਆਂ ਦੀ ਪਹਿਲੀ ਤਹਿਜ਼ੀਬ ਦੀ ਜਨਮ ਭੂਮੀ ਕਹਿੰਦਾ ਹੈ ।ਪੰਜਾਬ ਵਿੱਚ ਹੀ ਪੂਰਵ ਹੜੱਪਾ ਯੁੱਗ ਅੰਦਰ 'ਸੁਹਾਂ' ਨਦੀ ਦੇ ਕਿਨਾਰੇ 'ਸੁਹਾਂ ਸਭਿਆਚਾਰ ਵਿਰਾਸਿਆ'ਇੱਥੇ ਹੀ ਹੜੱਪਾ ਸੱਭਿਅਤਾ ਦੀ ਸ਼ਕਲ ਵਿੱਚ ਪ੍ਰਥਮ 'ਸਿਟੀ ਕਲਚਰ 'ਰੂਪਮਾਨ ਹੋਇਆ ।ਇਹ ਵੈਦਿਕ ਸੰਸਕ੍ਰਿਤ ਦਾ ਪ੍ਰਥਮ ਜੱਦੀ ਘਰ ਹੈ ,ਵਿਸ਼ਵ ਦਾ ਪ੍ਰਥਮ ਸਿਸਟਮ ਬੱਧ ਵਿਆਕਰਨ 'ਅਸ਼ਟਧਿਆਇ' ਪਾਣਿਨੀ ਨੇ ਇਸੇ ਧਰਤੀ ਉੱਪਰ ਰਚਿਆ ,ਤਕਸ਼ਿਲਾ ਦੀ ਯੂਨੀਵਰਸਿਟੀ ,ਗੰਧਾਰ ਸਕੂਲ ਆਫ ਆਰਟਰ ਗੀਤਾ ਆਦਿ ਸਭ ਇਸੇ ਸੰਸਕ੍ਰਿਤੀ ਦਾ ਮਾਣ ਹਨ।ਪੋਰਸ ਜਿਹੇ ਸੂਰਮਿਆਂ ਅਤੇ ਤੌਹੀਦ  ਦੀ ਪਹਿਲੀ ਆਵਾਜ਼ ਉੱਚਾਰਨ ਵਾਲੇ ਨਾਨਕ ਦੀ ਇਹ ਮਾਣਮੱਤੀ ਧਰਤੀ ਅਜਿਹੀਆਂ ਪਹਿਲਤਾਵਾ ਕਾਰਨ ਅਗਰ ਲਘੂ ਏਸ਼ੀਆ ਨਹੀਂ ਤਾਂ ਲਘੂ ਭਾਰਤ ਅਵੱਸ਼ ਹੈ ।ਦਰਅਸਲ ਪੰਜਾਬ ਦੇ ਰਾਜਨੀਤਕ ਨਕਸ਼ੇ ਦੇ ਮੁਕਾਬਲੇ ਪੰਜਾਬ ਦਾ ਸੱਭਿਆਚਾਰਕ ਨਕਸ਼ਾ ਕਿਤੇ ਵੱਧ ਪਕੇਰਾ ਹੈ । ਇਸ ਦਾ ਨਾਮ ,ਭੂਗੋਲ ,ਬੋਲੀ ,ਰਾਜਨੀਤੀ, ਤਾਰੀਖ ਅਤੇ ਤਕਦੀਰ ਬਦਲ ਸਕਦੀ ਹੈ ਪਰ ਸੱਭਿਆਚਾਰ ਇਸ ਦਾ ਅਜਿਹਾ 'ਸੰਪਰਕ ਸੂਤਰ' ਹੈ ਜਿਹੜਾ ਯੁੱਗ ਦੇ ਘੁੱਪ ਹਨੇਰਿਆਂ ਵਿੱਚ ਅਨੇਕਾਂ ਮੰਜ਼ਿਲਾਂ ਤੈਅ ਕਰਦਾ ਹੋਇਆ ਸਵੈ ਪਹਿਚਾਣ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ ।ਇਸ ਸੱਭਿਆਚਾਰ ਦਾ ਉੱਘੜਵਾਂ ਲੱਛਣ ਇਸ ਦਾ ਸੰਚਿਤ ਕਿਰਦਾਰ (inclusive character )ਹੈ ਜਿਹੜਾ ਕਿ ਇਸ ਦੀ ਬਹੁਜਾਤੀ ਮਿੱਸ ਅਤੇ ਮਿਸ਼ਰਣ (composite )ਦਾ ਨਤੀਜਾ ਹੈ ।
ਡਾ. ਬੁੱਧ ਪ੍ਰਕਾਸ਼ ਅਨੁਸਾਰ ,
                                       ''ਪੰਜਾਬ ਦੀ ਧਰਤੀ ਇੱਕ ਅਜਿਹੀ ਕੁਠਾਲੀ ਹੈ( melting pot )  ,ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰਕ ਅੰਸ਼, ਇੱਕ ਰੂਪ ਅਤੇ ਇੱਕ ਜਾਨ ਹੋ ਕੇ ਪੰਜਾਬੀਆਂ ਲਈ ਸ਼ਕਤੀਵਰ ਅਕਸੀਰ ਬਣ ਨਿਬੜੇ ਹਨ ।"
ਇਸ ਬਹੁ ਜਾਤੀ ਬਹੁ ਨਸਲੀ ਸੱਭਿਆਚਾਰ ਵਿੱਚ ਪ੍ਰਮੁੱਖ ਪੰਜ ਨਸਲਾਂ ਹਨ -negritos( ਨੀਗ੍ਰੀਟੋ), austroloids (ਨਿਸ਼ਾਦ),mediterraneans(ਦ੍ਰਾਵਿੜ ),mongoloids(ਕਿਰਾਤ) ਅਤੇ aryans(ਆਰੀਆ) ਆਦਿ। 

ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ  ਨੀਗ੍ਰੀਟੋ, ਨਿਸ਼ਾਦ ,ਦ੍ਰਾਵਿੜ, ਆਰੀਆ ਇਸਲਾਮ -ਸਿੱਖੀ ਜੀਵਨ ਅਤੇ ਦਰਸ਼ਨ ਦਾ ਪੰਜਾਬੀ ਪਰਿਵੇਸ਼ ਵਿੱਚ ਸੱਭਿਆਚਾਰੀਕਰਨ   ਹੋਇਆ ਹੈ । ਇਸੇ ਲਈ ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਕ੍ਰਮਿਕਤਾ ਤੇ ਲੜੀਬੱਧਤਾ ਹੈ ।
               "ਪੰਜਾਬੀ ਸੱਭਿਆਚਾਰ ਦੀ ਅਖੰਡ ਧਾਰਾ ਨਿਰੰਤਰ ਰੁਮਕਦੀ ਆ ਰਹੀ ਹੈ ।ਜਿਸ ਵਿੱਚ ਭਿੰਨ ਭਿੰਨ ਇਤਿਹਾਸਕ ਕਾਲ ਖੰਡਾਂ ਉੱਤੇ ਹੋਰ- ਹੋਰ ਨਸਲਾਂ ,ਰੰਗਾਂ, ਧਰਮਾਂ ਤੇ ਜਾਤਾਂ ਗੋਤਾਂ ਦੇ ਵੰਨ ਸੁਵੰਨੇ ਅੰਸ਼ ਘੁਲ ਮਿਲ ਕੇ ਅਨੋਖੀ ਰੰਗਾ ਰੰਗੀ ਬਖਸ਼ ਦੇ ਜਾਂਦੇ ਹਨ ।ਪਰ ਪੰਜਾਬੀ ਸੱਭਿਆਚਾਰ ਦਾ ਮੂਲ ਕਿਰਦਾਰ ਬਰਕਰਾਰ ਹੈ। ਉਸ ਦੀ ਪ੍ਰਵਿਰਤੀ ਬਦਲੀ ਹੈ।(ਪੰਜਾਬੀ ਸੱਭਿਆਚਾਰ ਨੇ ਕਈ ਦੌਰ, ਕਈ ਕਾਲ -ਖੰਡ ਹੰਢਾਏ ਹਨ। ਇਸ ਦਾ ਅਤੀਤ ਵੀ ਹੈ ,ਵਰਤਮਾਨ ਵੀ ਹੈ ਅਤੇ ਭਵਿੱਖ ਵੀ ਹੈ ।"

ਪੰਜਾਬੀ ਸੱਭਿਆਚਾਰ ਦੇ ਆਦਿ ਯੁੱਗ ਨੂੰ ਤਿੰਨ ਕਾਲ ਖੰਡਾਂ ਵਿੱਚ ਵੰਡਿਆ ਜਾ ਸਕਦਾ ਹੈ -
         ੳ) ਪੂਰਵ ਹੜੱਪਾ ਯੁੱਗ ।
         ਅ) ਹੜੱਪਾ ਯੁੱਗ ।
         ੲ) ਉੱਤਰ ਹੜੱਪਾ ਯੁੱਗ ।

ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-
                                                  (ੳ) ਪੂਰਵ ਹੜੱਪਾ ਯੁੱਗ 
                                                                                   ਡਾ. ਵੀ. ਸੀ ਪਾਂਡੇਯ ਪੂਰਵ ਪੱਥਰ ਯੁੱਗ ਦੇ ਸੁਹਾਂ ਕਲਚਰ ਨੂੰ ਪੰਜਾਬ ਦੀ ਮਹੱਤਵਪੂਰਨ ਦੇਣ ਮੰਨਦਾ ਹੈ ।ਹੁਸ਼ਿਆਰਪੁਰ ਨੂੰ ਤਾਂ ਮੁੱਢਲੇ ਇਨਸਾਨ ਦਾ ਘਰ ਕਿਹਾ ਜਾਂਦਾ ਹੈ ।ਇੱਥੇ ਦੌਲਤਪੁਰ, ਢੋਲਬਾਹਾ ਆਦਿ ਥਾਵਾਂ ਤੋਂ ਪੱਥਰ ਯੁੱਗ ਦੀਆਂ ਪੁਰਾਤਤਵੀ ਵਸਤਾਂ ਮਿਲੀਆਂ ਹਨ ।ਪੂਰਵ ਹੜੱਪਾਈ ਪੰਜਾਬ ਦੇ ਲੋਕ ਨੀਗ੍ਰੀਟੋ ਤੇ  ਆਸਟਿ੍ਕ ਨਸਲਾਂ ਦੇ ਵੇਸ਼ਜ਼ ਸਨ।ਇਸ ਪਿੱਛੋਂ ਹੜੱਪਾ ਸੱਭਿਅਤਾ ਦੇ ਉਸਰੱਈਏ ਦ੍ਰਾਵਿੜ ਲੋਕ ਬਣੇ। ਡਾ. ਐੱਸ .ਕੇ .ਚੈਟਰਜੀ ਅਫਰੀਕਾ ਤੋਂ ਆਏ ਨੀਗ੍ਰੀਟੋ ਨੂੰ ਪ੍ਰਾਚੀਨਤਮ ਭਾਰਤੀ ਨਸਲੀ ਵਰਗ ਮੰਨਦੇ ਹਨ।ਧਨੁੱਖ ਬਾਣ ਦੀ ਕਾਡ ,ਬਿਰਖਾਂ ਬੂਟਿਆਂ ਦੀ ਪੂਜਾ ,ਮ੍ਰਿਤਕਾਂ ਦੀਆਂ ਰੂਹਾਂ ਦੀ ਕਲਪਨਾ ਆਦਿ ਸ਼ਾਇਦ ਇਨ੍ਹਾਂ ਦੀ ਹੀ ਸਾਡੇ ਸੱਭਿਆਚਾਰ ਨੂੰ ਦੇਣ ਹੈ ।ਇਨ੍ਹਾਂ ਤੋਂ ਪਿੱਛੋਂ ਆਸਟ੍ਰਿਕ ਇਸ ਧਰਤੀ ਤੇ ਵੱਸਦੇ ਹਨ। ਅਜੋਕੇ ਪੂਰਬੀ ਅਤੇ ਦੱਖਣੀ ਭਾਰਤ ਦੇ ਵਾਸੀ ਮੁੰਡਾ ਤੇ ਭੀਲ ਆਦਿ ਕਬੀਲੇ ਇਸੇ ਜਾਤੀ ਦੇ ਆਧੁਨਿਕ ਉੱਤਰਾਧਿਕਾਰੀ ਹਨ।ਆਸਟਿ੍ਕ ਨਿਊਜ਼ੀਲੈਂਡ ਤੋਂ ਪੰਜਾਬ ਤੀਕ ਪਸਰੀ ਜਾਤੀ ਸੀ। ਪੁਰਾਤੱਤਵ- ਵਿਗਿਆਨੀ 'ਸਿੰਧ ਘਾਟੀ ਦੀ ਸੱਭਿਅਤਾ ਨੂੰ ਚਾਰ ਦੌਰਾਂ ਵਿੱਚ ਵੰਡਦੇ ਹਨ :-
1) ਆਮਰੀ -ਕਾਲ ਤਹਿਜ਼ੀਬ।
2) ਦਰਾਵੜੀ ਤਹਿਜ਼ੀਬ।
3)  ਝੰਗੇਰ ਤਹਿਜ਼ੀਬ ।
4) ਝਕਾਰ ਤਹਿਜ਼ੀਬ ।
                           ਇਨ੍ਹਾਂ ਵਿੱਚ ਪ੍ਰਥਮ ਪ੍ਰਾਚੀਨਤਮ ਹੈ ।ਜੋ ਸਿੰਧ ਤੇ ਬਲੋਚਿਸਤਾਨ ਨਾਲ ਸਬੰਧਿਤ ਥਾਂ ਹੈ ।ਇਸ ਤਹਿਜ਼ੀਬ ਦੀ ਆਖਰੀ ਮੰਜ਼ਿਲ ਦੀਆਂ ਨਿਸ਼ਾਨੀਆਂ 2200 ਈਸਵੀ ਪੂਰਵ ਤੱਕ ਮਿਲਦੀਆਂ ਹਨ ਤੇ ਇਹ ਸੱਭਿਅਤਾ ਮੁੰਡਾ ਕਬੀਲਿਆਂ ਨਾਲ ਸਬੰਧ ਰੱਖਦੀ ਸੀ। ਨਾਚਾਂ ,ਤਿਉਹਾਰਾਂ ਦੇ ਇਕੱਠ, ਮੱਛ ,ਕੱਛੂ ਤੇ ਸੂਅਰ ਨਾਲ ਸੰਬੰਧਿਤ ਧਾਰਮਿਕ ਸੰਕਲਪ ,ਅੰਡੇ ਦੀ ਸ਼ਕਲ ਵਿੱਚ ਬ੍ਰਹਿਮੰਡ ਦੀ ਕਲਪਨਾ,ਚੰਦਰਮਾ ਦੇ ਹਿਸਾਬ ਨਾਲ ਮਹੀਨਿਆਂ ਅਤੇ ਤਿੱਥਾਂ ਦੀ ਗਣਨਾ, 20  ਨੂੰ ਇਕਾਈ (ਕੌੜੀ) ਮੰਨਣਾ ਤੇ ਪੁਨਰ ਜਨਮ ਦੀ ਕਲਪਨਾ ਇਨ੍ਹਾਂ ਦੀ ਦੇਣ ਹਨ।ਸਾਡੀ ਪੰਜਾਬੀ ਭਾਸ਼ਾ ਵਿੱਚ ਵਸਤੂ ਵਾਚਕ ਅਤੇ ਕਿਰਿਆ ਵਾਚਕ ਨਾਮਾਵਲੀ ਦੀ ਬਣਤਰ ਅਤੇ ਬੁਣਤਰ ਮੁੰਡਾ ਭਾਸ਼ਾਵਾਂ ਦੇ ਸਮਰੂਪ ਸ਼ਬਦਾਂ ਦੇ ਯੂਰਪੀਅਨ ਵਿਦਵਾਨ T.Burrow ਨੇ ਸੰਸਕ੍ਰਿਤ ਵਿੱਚ ਗ਼ੈਰ ਆਰੀਆ ਅੰਸ਼ਾਂ ਦੀ ਖੋਜ ਕਰਦਿਆਂ ਮੁੰਡਾ (ਆਸਟਰੋ- ਏਸ਼ੀਆਟਿਕ) ਪਰਿਵਾਰ ਅਤੇ ਦ੍ਰਾਵਿੜ ਪਰਿਵਾਰ ਦੇ ਪ੍ਰਭਾਵਾਂ ਦੀ ਚਰਚਾ ਕੀਤੀ ਹੈ ।ਪੰਜਾਬੀ ਦੀਆਂ ਕਈ ਰਸਮਾਂ ਜਿਵੇਂ ਪਾਣੀ ਵਾਰਨਾ, ਲਾਗ, ਪਾਹੁਲ ,ਸਰਬਾਲਾ ,ਮਾਘੀ, ਤੀਆਂ ,ਪੀੜ੍ਹੀ ,ਵਰ/ਵਰੀ ਆਦਿ ਦੇ ਪ੍ਰੇਰਨਾ  ਸੋਮੇ  ਮੁੰਡਾ ਸੱਭਿਆਚਾਰ ਵਿੱਚ ਮੌਜੂਦ ਹਨ। ਇਸ ਪ੍ਰਕਾਰ ਪੰਜਾਬੀ ਸੱਭਿਆਚਾਰ ਦੇ ਮੁੱਢਲੇ ਵਿਕਾਸ ਵਿੱਚ ਆਸਟ੍ਰਿਕ ਜਾਤੀ ਦੇ ਵਿਸ਼ੇਸ਼ ਯੋਗਦਾਨ ਹਨ ।

                  (ਅ) ਹੜੱਪਾ ਯੁੱਗ
                                             ਹੜੱਪਾ ਸੱਭਿਅਤਾ ਨੂੰ ਪਹਿਲਾਂ ਸਿੰਧ ਵਾਦੀ ਦੀ ਸੱਭਿਅਤਾ ਕਿਹਾ ਜਾਂਦਾ ਸੀ ।ਪਰ ਇਸ ਦੇ ਪ੍ਰਮੁੱਖ ਲੱਛਣ ਹੜੱਪਾ ਤੋਂ ਮਿਲੇ ਹੋਣ ਕਾਰਨ ਇਸ ਨੂੰ ਹੁਣ ਪਹਿਲਾ ਨਾਂ  ਨਹੀਂ ਦਿੱਤਾ ਜਾਂਦਾ ।ਡਾ.ਐੱਲ. ਐੱਮ. ਜੋਸ਼ੀ ਇਸ ਸੱਭਿਆਚਾਰ ਦਾ ਸਮਾਂ 3250 ਈਸਵੀ ਪੂਰਵ ਤੋਂ 2750 ਈਸਵੀ ਪੂਰਵ ਮੰਨਦੇ ਹਨ।ਪਰ ਕਈ ਵਿਦਵਾਨਾਂ ਮੁਤਾਬਕ ਇਹ 3000ਈਸਵੀ ਪੂਰਵ ਤੋਂ1500 ਈਸਵੀ ਪੂਰਵ ਤੱਕ ਸੀ ।ਖੇਤੀਬਾੜੀ ਅਤੇ ਸ਼ਹਿਰ ਨਿਰਮਾਣ ਇਨ੍ਹਾਂ ਦੀ ਸਾਡੇ ਸੱਭਿਆਚਾਰ ਨੂੰ ਖਾਸ ਦੇਣ ਹੈ। ਇਸ ਤਹਿਜ਼ੀਬ ਦੇ ਸੰਚਾਲਕ ਦ੍ਰਾਵਿੜ ਕਬੀਲਿਆਂ ਦਾ ਭਾਸ਼ਾਈ ਅਸਰ ਅੱਜ ਵੀ ਪੰਜਾਬੀ ਉੱਪਰ ਪ੍ਰਤੱਖ ਹੈ  ਕਿਉਂਕਿ ਆਖਿਆ ਜਾਂਦਾ ਹੈ ਕਿ ,"language is a chief vehicle of culture ".ਟੀ.ਬਰੋ ਨੇ ਰਿਗਵੇਦਕ  ਸ਼ਬਦਾਂ ਉਲਖਲ (ਉੱਖਲੀ), ਕੁੰਡ(ਚੁਬੱਚਾ),ਦੰਡ (ਸਜ਼ਾ) ,ਪਿੰਡ (ਗ੍ਰਾਮ), ਮਯੂਰ (ਮੋਰ), ਨੂੰ ਦਰਾਵੜੀ ਮੂਲ ਦੇ ਦੱਸ ਕੇ ਇਹ ਨਤੀਜਾ ਕੱਢਿਆ ਹੈ ਕਿ ਰਿਗਵੇਦ ਦੀ ਰਚਨਾ ਸਮੇਂ ਉੱਤਰ ਪੱਛਮੀ ਭਾਰਤ(ਸਿੰਧ ਪੰਜਾਬ )ਵਿੱਚ ਦਰਾਵੜੀ ਨਸਲ ਦੇ ਲੋਕ ਵੱਸਦੇ ਸਨ ।ਇਹ ਵੀ ਸਰਵ ਪ੍ਰਵਾਨਿਤ ਹੈ ਕਿ ਸੰਸਕ੍ਰਿਤੀ ਵਿੱਚ ਮੂਰਧਨੀ ਧੁਨੀਆਂ  (retroflex sounds)  ਟ,ਠ ,ਡ,ਢ,ਣ/ਦਾ ਪ੍ਰਵੇਸ਼ ਦਰਾਵੜੀ ਭਾਸ਼ਾ ਦਾ ਪ੍ਰਭਾਵ ਹੈ ।ਆਰੀਆ ਦੇ ਹਿੰਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਥੇ ਤਿੰਨ ਵਿਭਿੰਨ ਭਾਸ਼ਾ ਵਰਗਾਂ ਦਾ ਦੌਰ ਸੀ:-
1) ਪਹਾੜੀ ਬੋਲੀਆਂ -ਅਰਥਾਤ ਤਿੱਬਤ ਬਰਮੀ ।
2) ਭੀਲ,ਸੰਥਾਲ ,ਮੁੰਡਾ- ਕਬੀਲਿਆਂ ਦੀਆਂ ਬੋਲੀਆਂ ਜਿਨ੍ਹਾਂ ਦੇ  ਅਸਰ ਉੱਤਰੀ ਭਾਰਤ ਦੀਆਂ ਬੋਲੀਆਂ ਤੇ ਹਨ।
3) ਦ੍ਰਾਵਿੜ ਭਾਸ਼ਾ ਪਰਿਵਾਰ- ਇਹ ਅੱਜ ਕੱਲ੍ਹ ਦੱਖਣੀ ਭਾਰਤ ਵਿੱਚ ਹੈ ।
            ਪੰਜਾਬੀ ਭਾਸ਼ਾ/ ਸੱਭਿਆਚਾਰ ਦੀ ਉਤਪਤੀ ਮੂਲ ਰੂਪ ਵਿੱਚ ਅਗਰ ਦਰਾਵੜੀ ਜਾਂ ਮੁੰਡਾ ਤੋਂ ਹੋਈ ਹੁੰਦੀ ਤਾਂ ਸਾਡੇ ਗੁਆਂਢ ਵਿੱਚ ਢੇਰ ਸਦੀਆਂ ਤੋਂ ਪ੍ਰਫੁੱਲਤ ਅਤੇ ਪ੍ਰਚਲਿਤ ਦਰਾਵੜੀ ਗਰੁੱਪ ਦੀ ਬ੍ਰਾਹੂਈ ਭਾਸ਼ਾ/ ਸੱਭਿਆਚਾਰ ਨਾਲ ਹੀ ਮਿਲਦਾ ਜੁਲਦਾ ਪੰਜਾਬੀ ਸੱਭਿਆਚਾਰ ਹੋਣਾ ਸੀ। ਪਰ ਸਪੱਸ਼ਟ ਹੈ ਕਿ ਪੂਰਵ ਹੜੱਪਾ ਕਾਲ ਵਿੱਚ ਪੰਜਾਬ ਦੇ ਵੱਖੋ ਵੱਖਰੇ ਸੱਭਿਆਚਾਰ /ਕਬੀਲੇ ਸਨ ਜਿਨ੍ਹਾਂ ਨੂੰ ਨੀਮ ਕਲਚਰ(sub culture) ਦੀ ਸੰਗਿਆ ਦਿੱਤੀ ਜਾ ਸਕਦੀ ਹੈ ,ਪਰ ਪੰਜਾਬੀ ਸੱਭਿਆਚਾਰ ਕਹੀ ਜਾਣ ਵਾਲੀ 'ਸਵੈ -ਪਛਾਣ ਧਾਰੀ' ਇਕਾਈ ਉਦੋਂ ਸਥਾਪਿਤ ਨਹੀਂ ਸੀ ਹੋਈ ।ਹੜੱਪਾ ਸੱਭਿਆਚਾਰ ਵਿੱਚ ਲਿੱਪੀ ਦੀ ਹੋਂਦ, ਬੈਲ ਅਤੇ ਲਿੰਗ ਪੂਜਾ, ਧਾਰਮਿਕ ਨਾ ਬਰਾਬਰੀ ਦੇ ਚਿੰਨ੍ਹ ਪ੍ਰਾਪਤ ਹੁੰਦੇ ਹਨ। ਡਾਕਟਰ ਸੁਨੀਤੀ ਕੁਮਾਰ ਚੈਟਰਜੀ ਮੁਤਾਬਿਕ- ਭਾਰਤੀ ਸੱਭਿਆਚਾਰ ਵਿੱਚ ਗ਼ੈਰ ਆਰੀਆਈ ਸੱਭਿਆਚਾਰਾਂ ਦਾ ਰੁਪਏ ਵਿੱਚ ਬਾਰਾਂ ਆਨੇ ਯੋਗਦਾਨ ਹੈ ।1921ਵਿੱਚ ਡਾ. ਦਯਾ ਰਾਮ ਸਾਹਨੀ ਨੇ ਹੜੱਪਾ ਤੋਂ ਖੋਜ ਕਾਰਜ ਸਫਲਤਾ ਪੂਰਵਕ ਸ਼ੁਰੂ ਕਰਕੇ ਇਸ ਦਾ ਪਤਾ ਲਗਾਇਆ ਤੇ ਹੁਣ ਤੀਕ 100 ਸਥਾਨਾਂ (ਰੋਪੜ, ਕੋਟਲਾ ਨਿਹੰਗ ਖ਼ਾਨ, ਸੰਘੋਲ ,ਕਾਲੀ ਬਰਨ, ਆਦਿ  ਮੋਹਿੰਜੋਦੜੋ ਤੇ ਹੜੱਪਾ ਤੋਂ ਇਲਾਵਾ )ਤੋਂ ਇਸ ਦੇ ਚਿੰਨ੍ਹ ਪ੍ਰਾਪਤ ਹੋਏ ਹਨ ਤੇ ਇਹ 900 ਮੀਲਾਂ ਵਿੱਚ ਤਰਤੀਬ ਅਤੇ ਕਰਮ ਅਨੁਸਾਰ ਫੈਲਿਆ ਹੋਇਆ ਕਲਚਰ ਆਖਿਆ ਜਾ ਸਕਦਾ ਹੈ ।ਹੜੱਪਾ ਦੀਆਂ ਪੁਰਾਤਤਵੀ ਵਸਤਾਂ ਨੀਗ੍ਰੀਟੋ ,ਆਸਟ੍ਰਿਕ ,ਦਰਾਵੜੀ (ਅਲਪਾਈਨ) ਤੇ ਮੰਗੋਲ ਚਾਰ ਨਸਲਾਂ ਦੇ ਚਿੰਨ੍ਹ ਪ੍ਰਸਤੁਤ ਕਰਦੀਆਂ ਹਨ ।ਆਰੀਆ ਦਾ ਕੋਈ ਚਿੰਨ੍ਹ ਇਨ੍ਹਾਂ ਵਿੱਚ ਨਹੀਂ ।ਆਰੀਆ ਨੇ ਹੀ ਬਾਅਦ ਵਿੱਚ ਇਸ ਸੱਭਿਅਤਾ ਦਾ ਵਿਗਠਨ ਕਰਨਾ ਸ਼ੁਰੂ ਕੀਤਾ ਤੇ ਰਿਗਵੇਦ ਵਿੱਚ ਮਿਲਦਾ ਸ਼ਬਦ ,'ਦਸਯੂ' (ਦਾਸ) ਸ਼ਾਇਦ ਬਚੇ ਖੁਚੇ ਹੜ੍ਹੱਪਾਈਆਂ ਲਈ ਹੀ ਵਰਤਿਆ ਗਿਆ ਹੈ। ਆਰੀਆ ਦੀ ਇਨ੍ਹਾਂ ਉੱਪਰ ਜਿੱਤ ਨੂੰ ਕੁੱਝ ਵਿਦਵਾਨ 'victory of barbarions over civilized 'ਆਖਦੇ ਹਨ। ਆਰੀਆ ਨੇ ਬਾਅਦ ਵਿੱਚ ਇਸ ਸੱਭਿਆਚਾਰ ਦੀਆਂ ਕੁਝ ਗੱਲਾਂ ਨੂੰ ਅਪਣਾਇਆ।' ਡਾਕਟਰ ਗਿਲਬਰਟ ਸਲਾਤਰ 'ਅਨੁਸਾਰ :-ਜਿੱਥੇ ਭਾਸ਼ਾ ਪੱਖੋਂ ਦਰਾਵੜੀ ਲੋਕਾਂ ਦਾ ਆਰੀਆਈਕਰਣ ਹੋਇਆ ਉੱਥੇ ਕਲਚਰ ਪੱਖੋਂ ਆਰੀਆ ਦਾ ਦਰਾਵੜੀ ਕਰਨ ਹੋਇਆ।
ਇਸ ਯੁੱਗ ਤੋਂ ਬਾਅਦ ਇਸੇ ਭੂਗੋਲਿਕ ਖਿੱਤੇ ਵਿੱਚ ਰਿਗਵੈਦਿਕ ਆਰੀਆਈ ਸੱਭਿਆਚਾਰ ਸਥਾਪਿਤ ਹੁੰਦਾ ਹੈ ।
ਆਰੀਆ ਸੱਭਿਅਤਾ :-
                              ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਪਛਾਣ ਚਿੰਨ੍ਹ ਇਸਦੀ ਪੇਂਡੂ ਪ੍ਰਕਿਰਤੀ ਹੈ ਜਿਵੇਂ ਕਿ ਉੱਤਰ ਹੜੱਪਾ ਯੁੱਗ ਵਿੱਚ ਵੱਸਦੇ ਆਰੀਆ ਲੋਕਾਂ ਦੀ ਸੀ ।ਉਨ੍ਹਾਂ ਰਿੱਗ ਵੇਦ ਵਿੱਚ ਪੰਜਾਬ ਨੂੰ 'ਸਪਤ ਸਿੰਧੂ '  ਆਖਕੇ ਇੱਕ ਸੰਗਠਿਤ ਸੱਭਿਆਚਾਰਕ ਇਕਾਈ ਵਜੋਂ ਕਈ ਵਾਰੀ ਯਾਦ ਕੀਤਾ  ।ਵੈਦਿਕ ਸਾਹਿਤ ਵਿੱਚ ਪੰਜਾਬ ਦੇ ਕੁਦਰਤੀ ਦ੍ਰਿਸ਼ਾਂ ਨਦੀਆਂ, ਸਮਾਜਿਕ ਵਰਤਾਰਿਆਂ ,ਰਸਮਾਂ ਰਿਵਾਜ਼ਾਂ ,ਪਹਿਨ -ਪਹਿਰਾਵਿਆਂ, ਲੋਕਚਾਰ ਅਤੇ ਹੋਰ ਵਿਕਸਿਤ ਚਿੰਤਨ ਧਾਰਾ ਦਾ ਮਹੱਤਵਪੂਰਨ ਵਰਣਨ ਤੇ ਭਰਪੂਰ ਵਰਣਨ ਹੋਇਆ ਹੈ ।ਪੰਜਾਬੀ ਭਾਸ਼ਾ ਦਾ ਬੁਨਿਆਦੀ ਮੁਹਾਂਦਰਾ ਰਿਗਵੈਦਿਕ ਪੰਜਾਬ ਦੀ ਵੈਦਿਕ ਭਾਸ਼ਾ ਨਾਲ ਅਧਿਕ ਮੇਲ ਰੱਖਦਾ ਹੈ ।
ਡਾ .ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ,
                   "ਅਜੋਕੇ ਪੰਜਾਬੀ ਸੱਭਿਆਚਾਰ ਦੀ ਨੁਹਾਰ ਅਤੇ ਕਿਰਦਾਰ ਦੇ ਸਿੰਘਵਾਲੋਕਨ ਅਤੇ ਅਧਿਐਨ ਤੋਂ ਇਹ ਕਹਿਣਾ ਤਰਕ- ਸੰਗਤ ਪ੍ਰਤੀਤ ਹੁੰਦਾ ਹੈ ਕਿ  ਪੰਜਾਬੀ ਸੱਭਿਆਚਾਰ ਦਾ ਉਦੈ ਉੱਤਰ ਹੜੱਪਾ ਯੁੱਗ ਵਿੱਚ ਪੰਜਾਬ ਦੇ ਆਰੀਆਈਕਰਨ ਤੋਂ ਸ਼ੁਰੂ ਹੁੰਦਾ ਹੈ ।"
                                             ਇਨ੍ਹਾਂ ਆਰੀਆ ਨੇ ਦ੍ਰਾਵਿੜਾਂ ਪਾਸੋਂ ਪੂਜਾ ਰਸਮਾਂ ਅਤੇ ਦੇਵਤਿਆਂ ਨੂੰ ਜਿਉਂ ਦੀ ਤਿਉਂ ਅਪਣਾਲਿਆ।ਕੁਰੂਕਸ਼ੇਤਰ ਵਿਖੇ ਹੋਏ ਮਹਾਂਭਾਰਤ ਦੇ ਯੁੱਧ ,ਜੋਤੀਸਰ ਵਿਖੇ ਕ੍ਰਿਸ਼ਨ ਦੁਆਰਾ ਅਰਜਨ ਨੂੰ ਕਰਮਯੋਗੀ ਹੋਣ ਦਾ ਉਪਦੇਸ਼ ਦੇਣਾ ਬਾਸਤਾਲੀ ਵਿਖੇ ਰਿਸ਼ੀ ਵਿਆਸ ਦਾ ਜਨਮ ਆਦਿ ਆਰੀਆਈ ਸੰਸਕ੍ਰਿਤੀ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਚਿੰਨ੍ਹ ਹਨ ।"ਹਿਊਨਸਾਂਗ" ਦੇ ਕਥਨ ਮੁਤਾਬਿਕ ਪੰਜਾਬ ਦੇ ਜੰਮਪਲ ਅਤੇ ਟੈਕਸਲਾ( ਤਖਸ਼ਿਲਾ )ਵਿਸ਼ਵ ਵਿਦਿਆਲੇ ਦੇ ਵਿਦਿਆਰਥੀ ਪਾਣਿਨੀ ਨੇ 'ਅਸ਼ਟਾਧਿਆਈ ' ਇਸੇ ਧਰਤੀ ਉੱਪਰ ਰਚੀ।ਆਰੀਆ ਦੇ ਧਰਮ ਕਰਮ ਅਤੇ ਨੀਤੀਆਂ ਕਾਰਨ ਹੀ ਪੰਜਾਬ ਨੂੰ 'ਬ੍ਰਹਮਾਵਰਤ' ਜਾਂ 'ਬ੍ਰਹਮਰਿਸ਼ੀ ਦੇਸ਼' ਆਖਿਆ ਜਾਣ ਲੱਗ ਪਿਆ ।
320ਈਸਵੀ ਵਿੱਚ ਸਿਕੰਦਰ ਮਹਾਨ ਦੇ ਹਮਲੇ ਦਾ ਇਸ ਛੋਟੇ ਛੋਟੇ ਜਨਪਦਾਂ ਵਿੱਚ ਵਿਭਾਜਿਤ ਪੰਜਾਬ ਨੇ 'ਕੈਕਈ' ਦੇ ਰਾਜੇ ਪੋਰਸ ਦੀ ਅਗਵਾਈ ਵਿੱਚ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਅਣਖ ਦੀ ਧਾਕ ਜਮਾ ਦਿੱਤੀ ।
                 ਮੋਰੀਆ ਵੰਸ਼ ਦੇ ਮੋਢੀ ਚੰਦਰ ਗੁਪਤ ਮੌਰੀਆ ਅਤੇ ਫਿਰ ਅਸ਼ੋਕ (273-232 ਈ. ਪੂਰਵ )ਮਹਾਨ ਨੇ ਇਸ ਨੂੰ ਪ੍ਰਸਿੱਧੀ ਬਖਸ਼ੀ ।ਇਸ ਵੇਲੇ ਦੇ ਪੰਜਾਬੀ ਜੀਵਨ ਉੱਪਰ ਰਾਜਧਰਮ 'ਬੁੱਧ 'ਦਾ ਡੂੰਘਾ ਪ੍ਰਭਾਵ ਪਿਆ ।ਫਾਹੀਯਾਨ ਮੁਤਾਬਿਕ- ਮਹਾਤਮਾ ਬੁੱਧ ਦੇ ਕੁਝ ਅੰਗਾਂ ਦਾ ਸੰਸਕਾਰ ਪੰਜਾਬ ਵਿੱਚ ਕੀਤਾ ਗਿਆ ।ਉਸ ਸਮੇਂ ਇਸ ਨੂੰ (ਪੰਜਾਬ ਨੂੰ )'ਪਿੱਟੂ 'ਆਖਿਆ ਜਾਂਦਾ ਸੀ ਅਤੇ ਦੋਨੋਂ ਬੋਧੀ ਸੰਪਰਦਾਵਾਂ 'ਹੀਨਯਾਨ 'ਅਤੇ 'ਮਹਾਯਾਨ' ਇੱਥੇ ਫੈਲ ਰਹੀਆਂ ਸਨ ।ਬੁੱਧ ਕਾਲ ਵਿੱਚ ਟੈਕਸਲਾ ਨਾਂ ਦੀ ਯੂਨੀਵਰਸਿਟੀ ਅਤੇ ਚਾਣਕਯ ਚਰਕ ਪ੍ਰਸਿੱਧ ਵਿਦਿਆਰਥੀ ਇਸ ਖਿੱਤੇ ਦਾ ਮਾਣ ਸਨ ।{ਚਾਣਕਯ( ਅਰਥਸ਼ਾਸਤਰ), ਚਰਕ( ਹਿਕਮਤ ਦਾ ਗਿਆਤਾ) }
         ਦੂਜੀ ਸਦੀ ਈਸਵੀ ਪੂਰਵ ਤੋਂ ਸੱਤਵੀਂ ਸਦੀ ਈਸਵੀ ਪੂਰਬ ਤੀਕ 900 ਸਾਲ ਪੰਜਾਬ ਉੱਤਰ ਸ਼ੱਕ ,ਪਾਰਥੀਅਨ ,ਕੁਸ਼ਾਨ, ਹੂਣ ਆਦਿ ਧਾਵੇ ਬੋਲਦੇ ਰਹੇ ।ਇਸੇ ਸਮੇਂ ਮਾਲਵੇ ਦੇ ਰਾਜੇ ਗੌਤਮੀ ਪੁੱਤਰ ਸਾਂਤਕਰਨੀ (ਸਾਤਵਾਹਨ )ਨੇ ਸ਼ੱਕਾ ਉੱਪਰ ਜਿੱਤ ਦੀ ਖੁਸ਼ੀ ਵਿੱਚ 'ਬਿਕਰਮੀ ਸੰਮਤ 'ਚਲਾਇਆ ।ਸੁਹਿੰਦਰ ਸਿੰਘ ਵਣਜਾਰਾ ਬੇਦੀ 'ਸਾਤਵਾਹਨ' ਨੂੰ ਪੰਜਾਬ ਵਿੱਚ ਸਲਵਾਨ ਦੇ ਨਾਮ ਹੇਠ ਮਸ਼ਹੂਰ ਹੋਇਆ ਦੱਸਦੇ ਹਨ, ਜਿਸ ਦੀਆਂ ਰਾਣੀਆਂ ਇੱਛਰਾਂ ਅਤੇ ਲੂਣਾ ਸਨ ਅਤੇ ਪੁੱਤਰ 'ਪੂਰਨ' ਅਤੇ 'ਰਸਾਲੂ '।ਇਸ ਪਰਿਵਾਰ ਨਾਲ ਜੁੜੀਆਂ ਦੰਦ ਕਥਾਵਾਂ ਸਾਡੇ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦੀਆਂ ਹਨ। ਯੂਇ- ਦੀ ਕਬੀਲੇ ਦੇ 'ਸਿਰ- ਕੱਪ' ਅਤੇ 'ਕਨਿਸ਼ਕ' ਹੋਰ ਪ੍ਰਸਿੱਧ ਰਾਜਿਆਂ ਵਿੱਚ ਸ਼ਾਮਿਲ ਹਨ।
               ਸੱਤਵੀਂ ਸਦੀ ਤੀਕ ਪ੍ਰਭਾਕਰਵਰਧਨ ਅਤੇ ਉਸ ਦਾ ਪੁੱਤਰ ਹਰਸ਼ਵਰਧਨ (ਅੰਤਿਮ ਹਿੰਦੂ ਰਾਜਾ)(606-647 ਈਸਵੀ) ਨੇ ਆਪਣੀ ਸੂਰਬੀਰਤਾ ਨਾਲ ਪੰਜਾਬੀ ਕੌਮ ਦਾ ਸਿਰ ਉੱਚਾ ਕਰ ਦਿੱਤਾ।ਹਰਸ਼ਵਰਧਨ ਨੇ ਕਸ਼ਮੀਰ ਤੋਂ ਅਸਾਮ ਅਤੇ ਹਿਮਾਲਿਆ ਤੋਂ ਵਿੰਧੀਆ ਤੀਕਰ ਸਾਰੇ ਦੇਸ਼ ਨੂੰ ਸੰਗਠਿਤ ਕਰ ਦਿੱਤਾ ਸੀ।
           ਮੁਹੰਮਦ ਬਿਨ ਕਾਸਿਮ ਦੇ ਹਮਲੇ ਨਾਲ ਇੱਥੇ ਇਸਲਾਮ ਜਾਤੀ ਦਾ ਪ੍ਰਵੇਸ਼ ਹੋਇਆ। ਆਰੀਆ ਰਿਸ਼ੀਆਂ ਮੁਨੀਆਂ ਵਾਂਗ ਹੀ ਮੁਸਲਿਮ ਪੀਰਾਂ- ਫਕੀਰਾਂ ਵਲੀਆਂ ਨੇ ਇੱਥੋਂ ਦੇ ਲੋਕਾਂ ਦੇ ਦਿਲ ਜਿੱਤਣੇ ਆਰੰਭ ਕਰ ਦਿੱਤੇ ।ਦਾਤਾ ਗੰਜ ਬਖਸ਼ -ਬੂ- ਅਲੀਸ਼ਾਰ ਸ਼ਿੰਕਰ ਅਤੇ ਬਾਬਾ ਸ਼ੇਖ ਫਰੀਦ ਨੇ ਲੱਖਾਂ ਹਿੰਦ ਵਾਸੀਆਂ ਨੂੰ ਆਪਣੇ ਮੱਤ ਦਾ ਅਨੁਯਾਈ ਬਣਾਇਆ।
          ਗਿਆਰਵੀਂ ਸਦੀ ਦੇ ਮੁੱਢ ਵਿੱਚ ਮਹਿਮੂਦ ਗਜ਼ਨੀ ਲੁੱਟਮਾਰ ਅਤੇ ਧਾਰਮਿਕ ਕੱਟੜਤਾ ਦੇ ਉਦੇਸ਼ ਦੀ ਪੂਰਤੀ ਲਈ ਸਤਾਰਾਂ ਧਾਵੇ ਕੀਤੇ ,ਪਰ ਜੈਪਾਲ ਅਤੇ ਆਨੰਦਪਾਲ ਨਾਮੀ ਸ਼ੇਰਾਂ ਨੇ ਉਸ ਦਾ ਡੱਟਵਾਂ ਵਿਰੋਧ ਕੀਤਾ।ਉਸ ਪਿੱਛੋਂ ਮੁਹੰਮਦ ਗੌਰੀ, ਗੁਲਾਮ ਵੰਸ਼(1206-1288 ਈਸਵੀ ),  ਖਿਲਜੀ ਵੰਸ਼ (1288-1321),ਤੁਗਲਕ ਵੰਸ਼ (1321-1413),ਸੱਯਦ ਵੰਸ਼ 1414-1450)ਅਤੇ ਲੋਧੀ ਵੰਸ਼(1450-1526) ਪੰਜਾਬ ਉੱਪਰ ਕਾਬਿਜ਼ ਰਹੇ ।ਤੈਮੂਰ ਅਤੇ ਚੰਗੇਜ਼ ਖਾਨ ਨੇ ਇੱਥੇ ਅਤਿਅੰਤ ਜ਼ੁਲਮ ਕੀਤੇ ।
                 ਪੰਜਾਬ ਨੇ ਪਾਣੀਪਤ ਦੀਆਂ ਤਿੰਨ ਲੜਾਈਆਂ ਹੰਢਾਈਆਂ ਬਾਬਰ ਨੇ ਪਹਿਲੀ (ਪਾਣੀਪਤ ਦੀ )ਲੜਾਈ ਦੁਆਰਾ ਮੁਗ਼ਲ ਵੰਸ਼ ਦੀ ਨੀਂਹ ਰੱਖੀ ।ਇੱਥੇ ਅਕਬਰ ਜਿਹਾ ਸਮ ਦ੍ਰਿਸ਼ਟੀ ਵਾਲਾ ਅਤੇ ਔਰੰਗਜ਼ੇਬ ਜਿਹਾ ਤੰਗ ਦ੍ਰਿਸ਼ਟੀ ਵਾਲਾ ਰਾਜਾ ਵੀ ਰਾਜ ਕਰ ਗਿਆ ।ਤਾਕਤਵਾਰ ਮੁਗਲਈ ਰਾਜ ਦੇ ਵਿਗਠਨ ਤੋਂ ਬਾਅਦ ਪੰਜਾਬ ਦੇ ਉੱਪਰ ਉੱਤਰ ਪੱਛਮ ਵੱਲੋਂ ਆਕਰਮਣਾ ਦਾ ਸਿਲਸਿਲਾ ਜਿਹਾ ਤੁਰ ਪਿਆ ।
ਨਾਦਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਨੇ ਪੰਜਾਬੀ ਸੱਭਿਆਚਾਰ ਅਤੇ ਜਨ ਜੀਵਨ ਉੱਪਰ ਕਈ ਪ੍ਰਭਾਵ ਪਾਏ। ਜਿਵੇਂ :-
1) ਖਾਧਾ ਪੀਤਾ ਲਾਹੇ ਦਾ, ਰਹਿੰਦਾ (ਬਾਕੀ )ਨਾਦਰ ਸ਼ਾਹੇ ਦਾ ।
2) ਖਾਧਾ ਪੀਤਾ ਲਾਹੇ ਦਾ, ਰਹਿੰਦਾ (ਬਾਕੀ )ਅਹਿਮਦ ਸ਼ਾਹੇ ਦਾ ।
                         ਪੰਜਾਬੀਆਂ ਦਾ ਜੀਵਨ ਸਿਧਾਂਤ ਜਿਹਾ ਬਣ ਗਿਆ ।ਸਿੱਖਾਂ ਦੁਆਰਾ ਅਬਦਾਲੀ ਨੂੰ ਹਾਰ ਦੇ ਕੇ ਸਮੁੱਚੇ ਇਤਿਹਾਸ ਵਿੱਚ ਨਵੀਂ ਜਾਨ ਪਾਈ ਗਈ ।
                         ਮੁਗ਼ਲ ਰਾਜ ਦੀ ਸਥਾਪਨਾ ਦੇ ਸਮੇਂ ਨਾਲ ਹੀ ਪੰਜਾਬ ਵਿੱਚ ਉੱਭਰੀ ਇਸ ਨਵੀਨ ਸਿੱਖ ਲਹਿਰ ਨੇ ਇੱਥੋਂ ਦੇ ਸਮਾਜਿਕ ਅਤੇ ਅਧਿਆਤਮਕ ਜੀਵਨ ਵਿੱਚ ਨਵੀਂ ਰੂਹ ਫੂਕ ਦਿੱਤੀ ।ਗੁਰੂ ਨਾਨਕ ਦੇ ਵਿਚਾਰਾਂ ਨੇ ਇਸ ਨੂੰ ਚੇਤਨਾ ਬਖਸ਼ੀ ,ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨਾਲ ਇਸ ਨੇ ਕਰਵਟ ਬਦਲੀ, ਅਤੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੇ ਇੱਥੋਂ ਦੇ ਸੱਭਿਆਚਾਰ ਵਿੱਚ ਵੀਰਤਾ ਦਾ ਸੰਚਾਰ ਕਰ ਦਿੱਤਾ ।ਇਹੋ ਕਾਰਨ ਸੀ ਕਿ 'ਮੀਰ ਮੰਨੂੰ 'ਜਿਹੇ ਇਨ੍ਹਾਂ ਦੀ ਚੜ੍ਹਦੀ ਕਲਾ ਨੂੰ ਨਹੀਂ ਰੋਕ ਸਕੇ ਅਤੇ ਬੰਦਾ ਬਹਾਦਰ ਸਮੇਤ ਲੱਖਾਂ ਕੁਰਬਾਨੀਆਂ ਸਦਕਾ ਇੱਕ ਦਿਨ ਸਿੱਖ ਮਿਸਲ ਰਾਜ ਸਥਾਪਿਤ ਹੋ ਗਿਆ ।
ਇਨ੍ਹਾਂ ਵਿੱਚੋਂ ਹੀ ਸ਼ੁੱਕਰਚੱਕੀਆ ਮਿਸਲ ਦੇ ਮੁਖੀ ਰਣਜੀਤ ਸਿੰਘ ਨੇ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਸਮੇਟ ਕੇ ਸਤਲੁਜ ਤੋਂ ਅਟਕ ਤੱਕ ਸਾਰੇ ਪੰਜਾਬ ਉੱਪਰ ਸੰਗਠਿਤ ਰਾਜ ਸਥਾਪਿਤ ਕਰ ਲਿਆ ।
           ਪਰ ਉਸ ਦੇ ਵੰਸ਼ ਦੀ ਫੁੱਟ, ਸਰਦਾਰਾਂ ਦੀ ਈਰਖਾਬਾਜ਼ੀ ,ਡੋਗਰਾ ਗਰਦੀ ਅਤੇ ਅੰਗਰੇਜ਼ਾਂ ਦੀਆਂ ਕੁਟਿਲ ਨੀਤੀਆਂ ਕਾਰਨ 1849 ਈਸਵੀ ਵਿੱਚ ਇਹ ਸੂਬਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ।
ਅੰਗਰੇਜ਼ੀ ਸਾਮਰਾਜ ਦੇ ਸਮੇਂ ਆਵਾਜਾਈ ਅਤੇ ਸੰਚਾਰ ਦਾ ਵਿਕਾਸ ਅਤੇ ਮਾਮਲੇ ਦੀ ਉਗਰਾਹੀ (ਪੰਜਾਬ ਦੇ ਹੀ ਜੰਮਪਲ ਸ਼ੇਰਸ਼ਾਹ ਸੂਰੀ ਵਰਗੇ ਮਹਾਨ ਸ਼ਾਸਕ ਵਾਗ ) ਦਾ ਵਿਕਾਸ ਹੋਇਆ ।ਪੰਜਾਬ ਦੀ ਜਿੰਦ ਜਾਨ ਟੋਡਰ ਮੱਲ ਤੇ ਬੀਰਬਲ ਜਿਹੇ ਯੋਗ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਯੁਕਤ ਅੰਗਰੇਜ਼ੀ ਸਾਮਰਾਜ ਨੇ ਇਸ ਦੇ ਵਿਕਾਸ ਵਿੱਚ ਅਸਿੱਧੀਆਂ ਮਹੱਤਵਪੂਰਨ ਯੋਗਦਾਨ ਦਿੱਤਾ ।ਅੰਗਰੇਜ਼ਾਂ ਨੇ ਸਮਾਜ ਸੁਧਾਰ ਦੇ ਬਹੁਤ ਸਾਰੇ ਕਾਰਜ ਵੀ ਕੀਤੇ ।ਵੈਸੇ ਤਾਂ ਨਾਥ ਜੋਗੀ ਪ੍ਰੰਪਰਾ ਅਤੇ ਭਗਤੀ ਪਰੰਪਰਾ ਨੇ ਵੀ ਅਚੇਤ- ਸੁਚੇਤ ਅਜਿਹੇ ਕਾਰਜਾਂ ਵੱਲ ਆਪਣਾ ਧਿਆਨ ਲਗਾਇਆ ਸੀ ।
1857ਈਸਵੀ ਪਿੱਛੋਂ ਵਿਦੇਸ਼ੀ ਹਕੂਮਤ ਦਾ ਅੰਤ ਕਰਨ ਲਈ ਪੰਜਾਬੀ ਖੂਨ ਖੋਲ੍ਹਣਾ ਸ਼ੁਰੂ ਹੋਇਆ ਅਤੇ ਬਾਬਾ ਰਾਮ ਸਿੰਘ ਦੀ ਅਗਵਾਈ ਵਿੱਚ ਕੂਕਾ ਜਾ ਨਾਮਧਾਰੀ ਨਾਂਅ ਦੀ ਸ਼ੁਧੱ ਸਵਦੇਸ਼ੀ ਲਹਿਰ ਚੱਲੀ ।ਇਸ ਲਹਿਰ ਦੁਆਰਾ ਲੋਕ ਚੇਤਨਾ ਵਿੱਚ ਬਣਾਈ ਥਾਂ ਦੀ ਪੁਸ਼ਟੀ ਨਿਮਨ- ਲਿਖਿਤ ਬੋਲੀ ਤੋਂ ਹੀ ਹੋ ਜਾਂਦੀ ਹੈ :-
        "ਕੂਕਿਆਂ ਦਾ ਪੰਥ ਨਿਰਾਲਾ,
         ਅੰਗਰੇਜ਼ਾਂ ਦੀ ਈਨ ਨਾ ਮੰਨਦੇ'
          ਮੰਗਿਆਂ ਦੇਣ ਦਾ ਹਾਲਾ  ।
          ਰਾਜ ਫਰੰਗੀਆਂ ਦਾ ,
          ਚੰਦ ਰੋਜ਼ ਦਾ ਚਾਲਾ ।"
ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੇ ਬਾਂਕੇ ਦਿਆਲ ਦੇ ਗੀਤ ਰਾਹੀਂ ਪੰਜਾਬੀਆਂ ਨੂੰ ਪ੍ਰੇਰਨਾਮਈ ਵੰਗਾਰ ਪਾਈ :-
        " ਪੱਗੜੀ ਸੰਭਾਲ ਜੱਟਾ ,
          ਪੱਗੜੀ ਸੰਭਾਲ ਓਏ ।
         ਲੁੱਟ ਲਿਆ ਮਾਲ ਤੇਰਾ,
          ਕੀਤਾ ਬੇਹਾਲ ਓਏ ।"   
ਵਿਦੇਸ਼ੀ ਬੈਠੇ ਪੰਜਾਬੀਆਂ ਨੇ ਗ਼ਦਰ ਪਾਰਟੀ ਬਣਾਈ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਦਿੱਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਦੇਸ਼ ਭਗਤਾਂ ਨੇ 'ਗ਼ਦਰ ਦੀ ਗੂੰਜ' ਅਖਬਾਰ ਰਾਹੀਂ ਜੋਸ਼ੀਲਾ ਸਾਹਿਤ ਵੰਡਿਆ। ਉਦਾਹਰਨ ਲਈ ਜਿਵੇਂ :-   
       "ਗ਼ਦਰ ਪਾਰਟੀ ਲੇਖਾ ਲੈਣਾ ,
       ਕੰਮ ਨਹੀਂ ਕੋਈ ਚੋਰੀ ਦਾ ।
      ਰਲ ਮਿਲ ਸਾਰੇ ਕਰੋ ਖਾਤਮਾ,
       ਕੌਮ ਫਿਰੰਗੀ ਗੋਰੀ ਦਾ ।"  
                                       ਕਾਮਾਗਾਟਾ ਮਾਰੂ ਦੀ ਘਟਨਾ ਅਤੇ ਬਜਬਜ ਘਾਟ ਦੇ ਹਾਦਸੇ ਨਾਲ ਪੰਜਾਬੀ ਖੂਨ ਖੌਲਿਆ ।"ਜਬੈ ਬਾਣ ਲਾਗੈ ,ਤਬੈ ਰੋਸ ਜਾਗੇ "ਅਧੀਨ ਵਿਦਰੋਹੀ ਸੁਰਾਂ ਉੱਠਣ ਲੱਗੀਆਂ।ਜਲ੍ਹਿਆਂ ਵਾਲੇ ਬਾਗ਼ ਦਾ ਦੁਖਾਂਤ ਪੰਜਾਬੀ ਜੋਸ਼ ਦਾ ਸੂਰਜ ਅਸਤ ਨਾ ਕਰ ਸਕਿਆ।' ਗੁਰੂ ਕੇ ਬਾਗ' ਅਤੇ ਜੈਤੋ ਦੇ ਮੋਰਚੇ ਪੰਜਾਬੀਆਂ ਦੇ ਅਣਖ ਲਈ ਜਿਉਣ ਬਦਲੇ ਦਿੱਤੇ ਬਲਿਦਾਨ ਦੇ ਸਾਕੇ ਹਨ ।ਭਗਤ ਸਿੰਘ, ਊਧਮ ਸਿੰਘ, ਜਨਰਲ ਮੋਹਨ ਸਿੰਘ, ਪ੍ਰੇਮ ਕੁਮਾਰ ਸਹਿਗਲ ,ਸ਼ਾਹ ਨਵਾਜ, ਨਿਰੰਜਨ ਸਿੰਘ ਗਿੱਲ ਪੰਜਾਬੀ ਨਾਇਕਾਂ ਵਾਂਗ ਉੱਭਰਦੇ ਹਨ ।
                                      ਇਸ ਸਮੇਂ ਚੱਲੀਆਂ ਧਾਰਮਿਕ ਅਤੇ ਸਮਾਜ ਸੁਧਾਰਕ ਲਹਿਰਾਂ ਨੇ ਸਾਡੀ ਬੋਲੀ ਤੇ ਸਾਹਿਤ ਨੂੰ ਨਵੇਂ ਲਿਖਾਰੀ ਦਿੱਤੇ ।ਹੀਰਾ ਸਿੰਘ ਦਰਦ, ਸ਼ਰਫ਼, ਮੁਸਾਫ਼ਰ, ਤੀਰ, ਇਨ੍ਹਾਂ ਲਹਿਰਾਂ ਦੀ ਉਪਜ ਹਨ ।ਅਕਾਲੀ, ਨਾਮਧਾਰੀ, ਈਸਾਈ ਮਿਸ਼ਨਰੀ, ਸਿੰਘ ਸਭਾ ਤੇ ਆਰੀਆ ਸਮਾਜ ਲਹਿਰਾਂ ਨੇ ਸਾਡੇ ਸਾਹਿਤ ਅਤੇ ਸੱਭਿਆਚਾਰ ਵਿੱਚ ਪਰਿਵਰਤਨ ਲਿਆਂਦੇ। ਪ੍ਰੰਤੂ ਇਨ੍ਹਾਂ ਨਾਲ ਮਜ਼ਹਬੀ ਜਨੂੰਨ ਵੀ ਫੈਲਿਆ ਇਸ ਨਾਲ ਹੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਅਤੇ ਉਸ ਪਿੱਛੋਂ ਪੰਜਾਬ ਦੇ ਹੋਰ ਟੁਕੜੇ ਹੁੰਦੇ ਗਏ ।ਕੁਝ ਸਮਾਂ ਪਹਿਲਾਂ ਪੈਦਾ ਹੋਇਆ ਸੱਭਿਆਚਾਰਕ ਤਣਾਅ ਵੀ ਇਨ੍ਹਾਂ ਲਹਿਰਾਂ ਦੀ ਹੀ ਉਪਜ ਮੰਨਿਆ ਜਾ ਸਕਦਾ ਹੈ ।
                                       ਆਧੁਨਿਕ ਪੰਜਾਬ ਵਿੱਚ ਰੇਲਾਂ, ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛਿਆ ਹੈ। ਕਿਸਾਨਾਂ ਦੀਆਂ ਮਿਹਨਤਾਂ ਤੇ ਵਿਗਿਆਨਕ ਵਿਕਾਸ ਨਾਲ ਕ੍ਰਾਂਤੀਕਾਰੀ ਤਬਦੀਲੀ ਆ ਗਈ ਹੈ ।ਵਿੱਦਿਅਕ ਸੰਸਥਾਵਾਂ ਦਾ ਵਿਕਾਸ ਹੋ ਰਿਹਾ ਹੈ ।ਅਗਰ ਘਟੀਆ ਸਿਆਸੀ ਚਾਲਾਂ ਅਤੇ ਮਤਲਬੀ ਪ੍ਰਸਤੀ ਦੇ ਦਾਅ ਪੇਚ 'ਚ ਪੰਜਾਬੀਆਂ ਨੂੰ ਨਾ ਫਸਾਇਆ ਜਾਵੇ ਤਾਂ ਸੰਸਾਰ ਵਿੱਚ ਇਨ੍ਹਾਂ ਦਾ ਕੋਈ ਸਾਨੀ ਨਹੀਂ ।