ਲੋਕ ਖੇਡਾਂ ਲੋਕਾਂ ਦੀ ਜੀਵਨ-ਸ਼ੈਲੀ ਦਾ ਪ੍ਰਮੁੱਖ ਅੰਗ ਹੁੰਦੀਆਂ ਹਨ। ਲੋਕ - ਖੇਡਾਂ ਵਿਚ ਮੁਹਾਰਤ ਹਾਸਲ ਕਰਨ ਵਾਲੇ ਬੱਚੇ ਆਪਣੀ ਪ੍ਰਪੱਕ ਉਮਰੇ ਖੇਡਾਂ ਵਿਚ ਆਪਣਾ ਰੌਸ਼ਨ ਭਵਿੱਖ ਵੀ ਵੇਖਦੇ ਹਨ ਅਤੇ ਆਪਣਾ ਕਰੀਅਰ ਵੀ ਵਿਕਸਤ ਕਰਨ ਵੱਲ ਉਤਸ਼ਾਹਿਤ ਹੁੰਦੇ ਹਨ। ਲੋਕ ਖੇਡਾਂ ਰਾਹੀਂ ਹੀ ਜਿੱਥੇ ਜੀਵਨ ਦੀਆਂ ਰਮਜ਼ਾਂ ਸਮਝ ਆਉਂਦੀਆ ਹਨ ਉੱਥੇ ਦੁਨੀਆਂ ਵਿਚ ਆਪਣਾ ਨਾਮ ਚਮਕਦੇ ਸਿਤਾਰਿਆਂ ਵਿਚ ਲਿਖਵਾਉਣ ਅਤੇ ਵੱਖ ਵੱਖ ਫੀਲਡਾਂ ਵਿਚ ਭਰਤੀ ਹੋ ਕੇ ; ਖੇਡ ਕੋਟੇ ਰਾਹੀਂ ਆਪਣਾ ਸਿਰਨਾਵਾਂ ਸਿਰਜਣ ਦੀ ਪਹਿਲੀ ਪੈਂੜ ਸਥਾਪਤ ਹੁੰਦੀ ਹੈ। ਲੋਕ ਖੇਡਾਂ ਵੀ ਆਮ ਤੌਰ 'ਤੇ ਲੋਕ ਕਿੱਤਿਆਂ ਅਰਥਾਤ ਧੰਦਿਆਂ ਅਤੇ ਲੋਕ ਕਲਾਵਾਂ ਆਦਿ ਵਾਂਗ ਹੀ ਪੀੜ੍ਹੀ ਦਰ ਪੀੜ੍ਹੀ ਵਿਕਾਸ ਕਰਨ ਵਾਲੀਆਂ ਖੇਡਾਂ ਹੀ ਲੋਕ ਖੇਡਾਂ ਅਖਵਾਉਂਦੀਆਂ ਹਨ। ਜਿਸ ਨੂੰ ਸਾਧਾਰਨ ਪੱਧਰ ਉੱਤੇ ਜਨ ਜੀਵਨ ਦੇ ਅਨੁਸਾਰੀ ਅਤੇ ਸੀਮਤ ਸਾਧਨਾਂ ਨੂੰ ਮੱਦੇਨਜ਼ਰ ਰੱਖਦਿਆਂ ਖੇਡਿਆ ਜਾਂਦਾ ਰਿਹਾ ਹੈ। ਬੱਚੇ ਆਪਣੇ ਵਡੇਰਿਆਂ ਤੋਂ ਬਾਤਾਂ ਤੇ ਬੁਝਾਰਤਾਂ ਸੁਣਦੇ ਸੁਣਦੇ ਵੀ ਖੇਡਣ ਦੀ ਕਿਰਿਆ ਜੀਉਂਦੇ ਹਨ। ਮਸਲਨ, ਬੁਝਾਰਤ ਇਉਂ ਆਪਣਾ ਰੂਪ ਧਾਰਦੀ ਹੈ ਕਿ ਕੋਈ ਵਿਅਕਤੀ ਵਿਸ਼ੇਸ਼ ਰੋਟੀ ਖਾਂਦਾ ਹੈ ਤਾਂ ਦੂਜੇ ਦੇ ਕਹਿਣ 'ਤੇ ਬੁਝਾਰਤ ਪਾਉਂਦਾ ਹੈ ਕਿ 'ਬਾਤ ਪਾਵਾਂ ? ਨਾਲ ਹੀ ਕਹਿੰਦੇ ਹੈ "ਪਾ ਵੀ ਦਿੱਤੀ"। ਇਸੇ ਨਾਲ ਰੋਟੀ ਦੀ ਗਰਾਹੀ ਮੂੰਹ ਵਿਚ ਪਾ ਲੈਂਦਾ ਹੈ। ਜਿੱਥੇ ਇਹ ਸਹਿਜ ਕਿਰਿਆ ਹੈ ਉੱਥੇ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਵੀ ਬੜੀ ਸਹਾਈ ਸਿੱਧ ਹੁੰਦੀ ਹੈ। ਬੇਸ਼ੱਕ ਲੋਕ ਖੇਡਾਂ ਲਈ ਕੋਈ ਵਿਸ਼ੇਸ਼ ਧਾਰਨਾ/ਪ੍ਰੀਭਾਸ਼ਾ ਦੇ ਧਾਰਨੀ ਹੋਣਾ ਜ਼ਰੂਰੀ ਨਹੀਂ ਪਰ ਲੋਕਾਂ ਦੀ ਜੀਵਨ ਧਾਰਾ ਨੂੰ ਮੁਖ਼ਾਤਿਬ ਹੋਣ ਵਾਲੀ ਖੇਡ ਹੀ ਲੋਕ ਖੇਡ ਅਖਵਾ ਸਕਦੀ ਹੈ। ਜਿੱਥੇ ਬਹੁਤ ਸਾਰੇ ਵਿਦਵਾਨ ਲੋਕ ਖੇਡਾਂ ਨੂੰ ਕੇਵਲ ਮਨੋਰੰਜਨ ਦਾ ਸਾਧਨ ਮੰਨਦੇ ਹਨ। ਉੱਥੇ ਲੋਕ ਖੇਡਾ ਬੱਚਿਆਂ ਦੇ ਸਰਵ-ਪੱਖੀ ਵਿਕਾਸ (ਜਿਵੇਂ ਸਰੀਰਕ, ਮਾਨਸਿਕ, ਮਨੋਸੰਵੇਗਾਤਮਕ, ਸਮਾਜਿਕ ਆਦਿ) ਲਈ ਕਾਰਜਸ਼ੀਲ ਰਹਿੰਦੀਆਂ ਹਨ। ਕਿਉਂਕਿ ਸੁਖਦੇਵ ਮਾਦਪੁਰੀ ਲਿਖਦੇ ਹਨ ਕਿ " ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ - ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ।"
ਲੋਕ ਖੇਡਾਂ ਦੇ ਨਾਮ -
ਆਮ ਤੌਰ ਉੱਤੇ ਬੱਚੇ ਜਨਮ ਲੈਣ ਤੋਂ ਬਾਅਦ ਹੀ ਲੱਤਾਂ ਬਾਹਾਂ ਮਾਰਨ ਲੱਗਦਾ ਹੈ ਤਾਂ ਉਸ ਦੀ ਖੇਡਣ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਫਿਰ ਉਮਰ ਦੇ ਵਧਣ ਨਾਲ ਬੱਚਿਆਂ ਦੀ ਖੇਡਾਂ ਵੀ ਮਿਲੀਆਂ ਸਹੂਲਤਾਂ ਅਨੁਸਾਰ ਵਿਕਾਸ ਕਰਦੀਆਂ ਜਾਂਦੀਆਂ ਹਨ। ਬੱਚੇ ਆਮ ਤੌਰ ਉੱਤੇ ਛੂਹਣ ਵਾਲੀਆਂ ਖੇਡਾਂ ਜ਼ਿਆਦਾ ਖੇਡਦੇ ਹਨ। ਜਿਵੇਂ - ਬੁੱਢੀ ਮਾਈ, ਭੰਡਾ ਭੰਡਾਰੀਆ, ਊਚ- ਨੀਚ, ਕੋਟਲਾ-ਛਪਾਕੀ, ਦਾਈਆਂ ਦੁੱਕੜ, ਬਾਂਦਰ ਕੀਲਾ, ਕਿਣਮਿਣ ਕਾਣੀ ਕੌਣ ਕਿਣਿਆ , ਸਮੁੰਦਰ ਤੇ ਮੱਛੀ, ਲੱਕੜ ਲੋਹਾ, ਅੰਨ੍ਹਾ ਝੋਟਾ, ਗੁੱਲੀ ਡੰਡਾ, ਪਿੱਠੂ ਗਿਰੇ, ਪੀਚੋ ਬੱਕਰੀ, ਅੱਡੀ ਛੜੱਪਾ/ਅੱਡਾ ਖੱਡਾ, ਕੂਕਾਂ-ਕਾਂਗੜੇ, ਚੋਰ-ਸਿਪਾਹੀ, ਲੁੱਕਣ ਮੀਚੀ, ਜੰਜ਼ੀਰ ਛੂਹ, ਛੂਹਣ-ਛਮੀਕਾ,ਬਿੱਲੀ ਮਾਸੀ ਆਦਿ।
ਬੈਠ ਕੇ ਖੇਡਣ ਵਾਲੀਆਂ ਖੇਡਾਂ - ਬਾਰ੍ਹਾਂ ਟਾਹਣੀ, ਅੱਖ਼ਰ/ਸ਼ਬਦ ਲੱਭਣਾਂ, ਰਾਜਾ ਵਜ਼ੀਰ, ਕਾਂ ਉੱਡ ਚਿੜੀ ਉੱਡ, ਗੜੈ-ਗੜੈ-ਗੜੁੱਪ ਆਦਿ।
ਲੋਕ ਖੇਡਾਂ ਲੋਕ ਸਿਰਜਣਾ ਦਾ ਹਿੱਸਾ ਹਨ। ਜਿੰਨ੍ਹਾਂ ਨੂੰ ਖੇਡਣ ਲਈ ਕਿਸੇ ਵਿਸ਼ੇਸ਼ ਗਰਾਉਂਡ ਜਾਂ ਮੈਦਾਨ ਦੀ ਲੋੜ ਨਹੀਂ ਪੈਂਦੀ। ਇਹ ਖੇਡਾਂ ਕਿਧਰੇ ਗਲੀਆਂ, ਵਿਹੜਿਆਂ, ਖੱਤਿਆਂ ਆਦਿ ਵਿੱਚ ਭਾਵ ਜਿੱਥੇ ਕਿਤੇ ਵੀ ਭੱਜਣ ਦੌੜਣ ਜਿੰਨੀ ਕੁ ਥਾਂ ਮਿਲੇ, ਖੇਡ ਲਈਆਂ ਜਾਂਦੀਆਂ ਹਨ। ਦੂਜੀ ਗੱਲ ਕਿ ਇਨ੍ਹਾਂ ਖੇਡਾਂ ਲਈ ਖਿਡਾਰੀਆਂ ਦੀ ਕੋਈ ਸੀਮਾ ਨਿਯਤ ਨਹੀਂ ਹੁੰਦੀ। ਜਿੰਨੇ ਬੱਚੇ ਇਕੱਠੇ ਹੋਣ ਜਾਣ , ਓਨੇ ਹੀ ਖੇਡ ਲੈਂਦੇ ਹਨ। ਲੋਕ ਖੇਡਾਂ ਦੀ ਖ਼ਾਸੀਅਤ ਇਹੀ ਹੈ ਕਿ ਇਹ ਖੇਡਾਂ ਹਰ ਕੁੜੀ ਜਾਂ ਮੁੰਡਾ, ਜਾਤ ਬਰਾਦਰੀ, ਅਮੀਰ ਜਾਂ ਗਰੀਬ ਰਲਮਿਲ ਕੇ ਖੇਡ ਦੇ ਹਨ। ਜਿਸ ਨਾਲ ਬੱਚਿਆਂ ਵਿਚ ਆਪਸੀ ਸਾਂਝ ਉਸਰਦੀ ਹੈ।
ਲੋਕ ਖੇਡਾਂ ਖੇਡਣ ਲਈ ਕੁੱਝ ਸਾਧਾਰਨ ਜਿਹੇ ਨਿਯਮ ਬੱਚਿਆਂ ਵਲੋਂ ਖੇਡ ਨੂੰ ਸਾਰਥਕ ਬਣਾਉਣ ਲਈ ਆਪੇ ਹੀ ਬਣਾਏ ਜਾਂਦੇ ਹਨ। ਪਹਿਲੀ ਗੱਲ ਕਿ ਖੇਡ 'ਪੁੱਗਣ' ਜਾਂ 'ਈਗਣ-ਮੀਗਣ' ਆਦਿਕ ਗੀਤ ਗਾ ਕੇ, ਵਾਰੀ ਜਾਂ ਮਿੱਤ ਜਾਂ ਦਾਈ ਦੇਣ ਵਾਲਾ ਖਿਡਾਰੀ ਚੁਣਿਆ ਜਾਂਦਾ ਹੈ। ਦਾਈ ਦੇਣ ਵਾਲਾ ਖਿਡਾਰੀ ਚੁਣਨ ਲਈ ਬਹੁਤ ਸਾਰੇ ਰੌਚਕ ਤਰੀਕੇ ਬੱਚਿਆਂ ਵਲੋਂ ਵਰਤੇ ਜਾਂਦੇ ਹਨ। ਜਿਵੇਂ - ਸਾਰੇ ਬੱਚਿਆਂ ਨੇ ਹੱਥਾਂ 'ਤੇ ਹੱਥ ਰੱਖਕੇ ਉੱਪਰ ਨੂੰ ਉਛਾਲਣਾ ਅਤੇ ਸਾਰੇ ਬੱਚਿਆਂ ਦੇ ਹੱਥਾਂ ਦੀ ਮੁਦਰਾ ਵੇਖਣੀ ਕਿ ਕਿਸ ਇਕੱਲੇ ਦਾ ਹੱਥ ਉਲਟ ਮੁਦਰਾ ਭਾਵ ਉਲਟ ਹੈ , ਦੁਜਿਆਂ ਸਾਰਿਆਂ ਨਾਲੋਂ; ਉਸ ਸਿਰ ਦਾਈ ਆ ਜਾਂਦੀ ਹੈ। ਜਾਂ ਫਿਰ ਕਿਸੇ ਗੀਤ ਨੂੰ ਛੇੜ ਲਿਆ ਜਾਂਦਾ ਹੈ। ਇਕ ਖਿਡਾਰੀ 'ਕੱਲਾ-'ਕੱਲਾ ਸ਼ਬਦ ਉਚਾਰਦਾ ਆਪਣੀ ਉਗ਼ਲੀ ਖਿਡਾਰੀਆਂ ਵੱਲ ਕਰਦਾ ਜਾਂਦਾ ਹੈ। ਜਿਸ ਬੱਚੇ 'ਤੇ ਆ ਕੇ ਗੀਤ ਦਾ ਆਖ਼ਰੀ ਸ਼ਬਦ ਸਮਾਪਤ ਹੁੰਦਾ ਹੈ, ਉਸ ਸਿਰ ਮਿੱਤ ਆ ਜਾਂਦੀ ਹੈ। ਇਸ ਤੋਂ ਇਲਾਵਾ ਦੋ ਵੱਡੇ ਬੱਚੇ ਆਪਣੀ ਟੀਮ ਲਈ ਖਿਡਾਰੀ ਚੁਣਦੇ ਹਨ। ਇਥੇ ਵੀ ਪੁੱਗਣ ਲਈ ਬੜੀ ਉਤਸੁਕਤਾ ਨਜ਼ਰ ਆਉਂਦੀ ਹੈ। ਇਕ ਜੋੜੀ ਆਪਣਾ ਕੋਈ ਨਾਮ ਧਰਾਕੇ ਆਉਂਦੀ ਹੈ। ਫਿਰ ਵੱਡੇ ਬੱਚਿਆਂ ਸਾਹਮਣੇ ਆ ਕੇ ਕਹਿੰਦੇ ਹਨ। ਜਿਵੇਂ 'ਲੱਕੜ ਕਿ ਲੋਹਾ ?'
ਆਓ ਕੁਝ ਲੋਕ ਖੇਡਾਂ ਖੇਡਣ ਬਾਰੇ ਜਾਣੀਏ :
ਅੱਜ ਅਸੀਂ ਤਕਨੀਕੀ ਵਿਕਾਸ ਦੀ ਪੌੜੀ ਚੜ੍ਹਦੇ ਜਾ ਰਹੇ ਹਾਂ। ਜਿੱਥੇ ਲੋਕ ਖੇਡਾਂ ਸਾਡੇ ਮਨੋ-ਤਨੋ ਵਿਸਰ ਚੁਕੀਆਂ ਹਨ। ਉੱਥੇ ਬਹੁਤ ਸਾਰੀਆਂ ਲੋਕ ਖੇਡਾਂ ਵਿਕਸਤ ਹੋ ਕੇ ਅੱਜ ਵੀ ਖੇਡੀਆਂ ਜਾ ਰਹੀਆਂ ਹਨ। ਉਦਾਹਰਣ ਲਈ ਖਿਦੋ ਖੂਡੀ ਦਾ ਸੁਧਰਿਆ ਰੂਪ ਹੀ ਅਜੋਕੀ ਹਾਕੀ ਨੇ ਲੈ ਲਿਆ ਹੈ। ਇਸੇ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ ਕਿਸੇ ਨਾ ਕਿਸੇ ਰੂਪ ਵਿਚ ਵਿਸ਼ਵ ਪੱਧਰ ਉੱਤੇ ਨਾਂ ਬਦਲਕੇ ਖੇਡੀਆਂ ਜਾਂਦੀਆਂ ਰਹੀਆ ਹਨ। ਜਿਵੇਂ ਬਿੱਲੀ ਮਾਸੀ ਨੂੰ ਯੂਰਪ ਵਿਚ 'Old Witch' ਦੇ ਨਾਮ ਹੇਠ ਖੇਡਿਆ ਜਾਂਦਾ ਰਿਹਾ ਹੈ।
◆ ਬਿੱਲੀ ਮਾਸੀ :- ਇਹ ਛੋਟੇ ਬੱਚਿਆਂ ਦੀ ਖੇਡ ਹੈ। ਇਸ ਨੂੰ ਦੋ ਬੱਚੇ ਖੇਡਦੇ ਹਨ। ਇਕ ਬੱਚਾ ਬਿੱਲੀ ਬਣਦਾ ਹੈ ਅਤੇ ਦੂਜਾ ਬੱਚਾ ਮਾਸੀ ਬਣ ਜਾਂਦਾ ਹੈ। ਮਾਸੀ ਆਪਣਾ ਸਮਾਨ ਦੱਸਦੀ ਹੈ ਕਿ ਆਹ ਮੇਰਾ ਆਟਾ ਤੇ ਆਹ ਮੇਰੀ ਖੰਡ, ਦੁੱਧ ਆਦਿ। ਫਿਰ ਸ਼ਹਿਰ ਨੂੰ ਜਾਣਦਾ ਬਹਾਨਾ ਘੜਦੀ ਹੈ, ਚੋਰੀ ਚੋਰੀ ਆ ਕੇ ਆਪਣਾ ਸਾਰਾ ਦੁੱਧ, ਘਿਓ, ਆਟਾ ਆਦਿ ਖਾ ਜਾਂਦੀ ਹੈ। ਫਿਰ ਪੁੱਛਦੀ ਹੈ "ਹਾਏ ਮੇਰਾ ਆਟਾ ਕਿੱਥੇ ਗਿਆ ?" ਮੇਰੀ ਦਾਲ, ਦੁੱਧ, ਘਿਓ ਕਿੱਥੇ ਗਿਆ ? ਤਾਂ ਦੂਜਾ ਬੱਚਾ ਕਹਿੰਦਾ ਹੈ ਕਿ ਬਿੱਲੀ ਖਾ ਗਈ। ਇਉਂ ਮਾਸੀ ਬਣਿਆ ਬੱਚਾ ਬਿੱਲੀ ਬਣੇ ਬੱਚੇ ਦੇ ਮਗ਼ਰ ਦੌੜ ਕੇ ਉਸ ਨੂੰ ਛੂਹਣ ਲੱਗਦਾ ਹੈ।
◆ ਜੰਜ਼ੀਰ ਛੂਹ - ਇਹ ਖੇਡ ਪੰਜ ਤੋਂ ਸੱਤ ਬੱਚਿਆਂ ਵਲੋਂ ਰਲ ਕੇ ਖੇਡੀ ਜਾਂਦੀ ਹੈ। ਯਾਦ ਰਹੇ ਖਿਡਾਰੀਆਂ ਦੀ ਗਿਣਤੀ ਵੱਧ ਜਾਂ ਘੱਟ ਵੀ ਸਕਦੀ ਹੈ। ਪੁੱਗਣ ਮਗਰੋਂ ਦਾਈ ਦੇਣ ਵਾਲਾ ਬੱਚਾ 'ਗਿਣਤੀ ਕਰਕੇ' ਜਾਂ ਕਿਸੇ ਨਿਸ਼ਚਿਤ ਰੁੱਖ/ਥਾਂ ਨੂੰ ਹੱਥ ਲਾ ਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦੌੜਦਾ ਹੈ। ਪਹਿਲਾਂ ਇਕ ਬੱਚੇ ਨੂੰ ਛੂਹਦਾ ਹੈ ਉਹ ਛੂਹ ਹੋਣ ਮਗਰੋਂ ਦਾਈ ਵਾਲੇ ਬੱਚੇ ਦਾ ਸਾਥੀ ਬਣ ਜਾਂਦਾ ਹੈ ਅਤੇ ਹੱਥ ਨਾਲ ਹੱਥ ਫੜ੍ਹ ਜ਼ੰਜੀਰਾਂ ਬਣਕੇ ਹੋਰ ਬੱਚਿਆਂ ਨੂੰ ਛੂਹਣ ਲੱਗਦੇ ਹਨ। ਸਾਰੇ ਖਿਡਾਰੀ ਛੂਹੇ ਜਾਣ ਉੱਤੇ, ਸਭ ਤੋਂ ਪਹਿਲਾਂ ਛੂਹੇ ਗਏ ਬੱਚੇ ਸਿਰ ਵਾਰੀ ਆ ਜਾਂਦੀ ਹੈ ਅਤੇ ਖੇਡ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
◆ ਬਾਰ੍ਹਾਂ ਟਾਹਣੀ - ਇਹ ਇਕ ਦਿਮਾਗ਼ੀ ਖੇਡ ਹੈ। ਜਿਸ ਨੂੰ ਦੋ ਧਿਰਾਂ ਖੇਡਦੀਆਂ ਹਨ। ਇਸ ਖੇਡ ਨੂੰ ਖੇਡਣ ਲਈ ਜ਼ਮੀਨ 'ਤੇ ਲਕੀਰਾਂ ਖਿੱਚਕੇ, 12+01+12 =25 ਖਾਨਿਆਂ/ਬਿੰਦੂਆਂ ਦਾ ਗ੍ਰਾਫ਼ ਤਿਆਰ ਕੀਤਾ ਜਾਂਦਾ ਹੈ। ਜਿਸ ਵਿਚ ਇਕ ਧਿਰ ਦੀਆਂ ਬਾਰ੍ਹਾਂ ਟਾਹਣੀਆਂ/ਡਿੱਕਰੀਆਂ ਜਾਂ ਬਾਰ੍ਹਾਂ ਰੋੜੀਆਂ/ ਡਿਕੋਲਣਾ ਆਦਿ ਰੱਖੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਦੂਜੀ ਧਿਰ ਲਈ ਲਾਜ਼ਮੀ ਹੈ। ਸਿੱਕਾ ਸੁੱਟ ਕੇ ਪੁੱਗਣ ਮਗਰੋਂ ਜਾਂ ਪੁੱਗਣ ਦਾ ਪਗਾਟਾ ਕਰਕੇ ਖੇਡ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸ਼ਤਰੰਜ ਵਾਂਗੂੰ ਬਾਰ੍ਹਾਂ ਟਾਹਣੀ ਵਿਚ ਵੀ ਇਕ ਖਿਡਾਰੀ ਨੇ ਦੂਜੇ ਖਿਡਾਰੀ ਦੇ ਮੌਹਰੇ ਦੱਬਣੇ ਜਾਂ ਮਾਰਨੇ ਹੁੰਦੇ ਹਨ। ਜਿਹੜਾ ਖਿਡਾਰੀ ਪਹਿਲਾਂ ਆਪਣੇ ਵਿਰੋਧੀ ਦੇ ਮੌਹਰੇ ਆਪਣੇ ਅਧੀਨ ਕਰ ਲੈਂਦਾ ਹੈ। ਉਸ ਦੀ ਜਿੱਤ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਬਹੁਤ ਸਾਰੀਆਂ ਖੇਡਾਂ ਵਿਚ ਕੁੜੀਆਂ ਅਤੇ ਮੁੰਡਿਆਂ ਵਲੋਂ ਆਪੋ ਆਪਣੇ ਰੁਝਾਨ ਮੁਤਾਬਕ ਵੱਖਰੀਆਂ ਵੱਖਰੀਆਂ ਖੇਡਾਂ ਸਿਰਜ ਲਈਆਂ ਜਾਂਦੀਆਂ ਹਨ। ਜਿਵੇਂ ਕੁੜੀਆਂ 'ਥਾਲ', ਘਰ ਘਰ ਜਾਂ ਗੁੱਡੀਆਂ ਪਟੋਲਿਆਂ ਨਾਲ ਖੇਡਣ ਲੱਗ ਪੈਂਦੀਆਂ ਹਨ। ਇਸੇ ਤਰ੍ਹਾਂ ਮੁੰਡੇ 'ਗੁੱਲੀ ਡੰਡਾ', ਤਾੜਮ-ਤਾੜਾ ਆਦਿ ਖੇਡ ਦੇ ਹਨ। ਇਸ ਵਿਸ਼ੇਸ਼ ਉਮਰ ਤੱਕ ਕੁੜੀਆਂ ਮੁੰਡੇ ਰਲ ਮਿਲ ਕੇ ਸਾਂਝੀਆਂ ਖੇਡਾਂ ਹੀ ਖੇਡਿਆ ਕਰਦੇ ਸਨ।
ਲੋਕ ਖੇਡਾਂ ਖੇਡਣ ਦਾ ਮਹੱਤਵ/ਲਾਭ :
1) ਬੱਚੇ ਖੇਡਦੇ ਖੇਡਦੇ ਚੋਖਾ ਮਨੋਰੰਜਨ ਕਰ ਲੈਂਦੇ ਹਨ।
2) ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ। ਜਿੱਥੇ ਤਾਕਤਵਰ ਬੱਚਿਆਂ ਦੀ ਊਰਜਾ ਖੇਡਣ ਨਾਲ ਸਹੀ ਪਾਸੇ ਲੱਗਦੀ ਹੈ। ਉੱਥੇ ਕਮਜ਼ੋਰ ਬੱਚੇ ਵੀ ਖੇਡਾਂ ਖੇਡ ਕੇ ਰਿਸਟ ਪੁਸ਼ਟ ਹੋ ਜਾਂਦੇ ਹਨ।
3) ਲੋਕ ਖੇਡਾਂ ਖੇਡਣ ਨਾਲ ਬੱਚਿਆ ਦਾ ਮਾਨਸਿਕ ਵਿਕਾਸ ਹੁੰਦਾ ਹੈ। ਜਿਵੇਂ 'ਬਾਰ੍ਹਾਂ ਟਾਹਣੀ' ਜਾਂ ਸ਼ਤਰੰਜ ਆਦਿ ਦਿਮਾਗ਼ ਨੂੰ ਪ੍ਰਫੁੱਲਤ ਕਰਨ ਵਾਲੀਆਂ ਖੇਡਾਂ ਹਨ।
4) ਬੱਚਿਆਂ ਵਿਚ ਆਪਣੀ ਸਾਂਝ ਅਤੇ ਭਾਈਚਾਰਕ ਏਕਤਾ ਵੱਧਦੀ ਹੈ।
5) ਲੋਕ ਖੇਡਾਂ ਰੂਹ ਵਿਚ ਖੇੜਾ ਭਰ ਦਿੰਦੀਆਂ ਹਨ।
6) ਲੋਕ ਖੇਡਾਂ ਬੱਚਿਆਂ ਨੂੰ ਏਕਾਗਰਤਾ, ਸਹਿਣਸ਼ੀਲਤਾ, ਸਹਾਇਤਾ, ਸ੍ਵੈ-ਵਿਸ਼ਵਾਸ ਦੀਆਂ ਧਾਰਨੀ ਬਣਾਉਂਦੀਆਂ ਹਨ।
7) ਲੋਕ ਖੇਡਾਂ ਨਾਲ ਬੱਚਿਆਂ ਦੀ ਸੋਚਣ ਸ਼ਕਤੀ, ਸਰੀਰਕ ਬਣਤਰ ਅਤੇ ਫੁਰਤੀਲਾ ਪਨ ਆਉਣਾ ਸੁਭਾਵਿਕ ਹੈ।
8) ਲੋਕ ਖੇਡਾਂ ਹੀ ਬੱਚਿਆਂ ਦੇ ਭਵਿੱਖ ਵਿਚ ਕਾਰਜਸ਼ੀਲਤਾ ਦੀ ਗਤੀ ਮੱਧਮ ਜਾਂ ਤੇਜ਼ ਹੋਣ ਦਾ ਅਨੁਮਾਨਿਤ ਸਿੱਟਾ ਪੇਸ਼ ਕਰਦੀਆਂ ਹਨ।
9) ਲੋਕ ਖੇਡਾਂ ਬੱਚਿਆਂ ਅੰਦਰ ਜਿੱਤਾਂ ਦੇ ਨਾਲ ਨਾਲ ਹਾਰਾਂ ਨੂੰ ਕਬੂਲਣ ਦੀ ਸਮਰੱਥਾ ਬਖ਼ਸ਼ਦੀਆਂ ਹਨ।
10) ਲੋਕ ਖੇਡਾਂ ਨਾਲ ਬੱਚਿਆਂ ਦਾ ਜੀਵਨ ਪ੍ਰਤੀ ਨਜ਼ਰੀਆ ਸਾਰਥਕ, ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਅਤੇ ਸ੍ਵੈ ਚਿੰਤਨ ਦੀ ਲਾਗ ਲੱਗ ਜਾਂਦੀ ਹੈ।
ਆਖ਼ਰ ! ਲੋਕ ਖੇਡਾਂ ਬੱਚਿਆਂ ਵਿਚ ਸੁਚੇਤਤਾ, ਨਿਰਪੱਖਤਾ ਅਤੇ ਨਿਆਂ ਦੇ ਨਾਲ ਨਾਲ ਚੰਗੀ ਖੇਡ ਰਾਹੀਂ ਆਪਣੇ ਭਵਿੱਖ ਵਿੱਚ ਚੰਗੇ ਰੁਜ਼ਗਾਰ ਦੀ ਆਸ ਨੂੰ ਵੀ ਉਸਾਰਨ ਵਿਚ ਸਹਾਈ ਹੁੰਦੀਆਂ ਹਨ। ਲੋਕ - ਖੇਡਾਂ ਹੀ ਵਿਅਕਤੀ ਵਿਸ਼ੇਸ਼ ਦੀ ਸ੍ਵੈ-ਹੋਂਦ ਨੂੰ ਸਾਰਥਕ ਕਰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਲੋਕ-ਖੇਡਾਂ ਦੇ ਅਸਲ ਮਕਸਦ ਤੋਂ ਜਾਣੂ ਕਰਵਾਇਆ ਜਾਵੇ ਅਤੇ ਖੇਡਾਂ ਰਾਹੀਂ ਨਾਮ ਚਮਕਾਉਣ ਵਾਲੀਆਂ ਹਸਤੀਆਂ ਨੂੰ ਮਿਲਾਉਣ ਦੀ ਚੇਸ਼ਟਾ ਕੀਤੀ ਜਾਵੇ।

0 Comments