ਗੁਰਮਤਿ ਕਾਵਿ ਧਾਰਾ ਪੰਜਾਬੀ ਸਾਹਿਤ ਦੀ ਸਭ ਤੋਂ ਅਮੀਰ ਤੇ ਮਹਾਨ ਕਾਵਿ ਧਾਰਾ ਹੈ। ਗੁਰਬਾਣੀ ਨੇ ਲੋਕਾਂ ਦਾ ਜੀਵਨ ਸੁਧਾਰ ਦਿੱਤਾ । ਇਸ ਲਈ ਮੱਧ ਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। 1500 ਤੋਂ 1708 ਈ. ਦੇ ਕਰੀਬ ਤੱਕ ਦਾ ਸਮਾਂ ਨਾਨਕ ਕਾਲ ਵਜੋਂ ਜਾਣਿਆ ਜਾਂਦਾ ਹੈ। ਗੁਰਮਤਿ ਕਾਵਿ ਵਿੱਚ ਪਹਿਲੇ ਪੰਜ ਗੁਰੂਆਂ ਨੌਵੇੰ ਤੇ ਦਸਵੇਂ ਗੁਰੂ ਤੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵਿਚਾਰਿਆ ਜਾਂਦਾ ਹੈ। ਗੁਰਮਤਿ ਕਾਵਿ ਨੂੰ ਅੱਜ ਵੀ ਲੋਕ ਸਵੇਰੇ ਉਠਦੇ ਜਪਦੇ ਹਨ। ਜਿਵੇਂ-ਜਪੁਜੀ ਸਾਹਿਬ , ਅਨੰਦ ਸਾਹਿਬ, ਜਾਪੁ ਸਾਹਿਬ, ਸੁਖਮਨੀ ਸਾਹਿਬ, ਕੀਰਤਨ ਸੋਹਲਾ, ਆਸਾ ਦੀ ਵਾਰ, ਰਹਿਰਾਸ ਸਾਹਿਬ, ਚੌਪਈ, ਬਾਰਾਂਮਾਹ, ਸ਼ਬਦ, ਸ਼ਲੋਕ, ਅਧਿਆਤਮ ਵਾਰਾਂ ਆਦਿ।
ਡਾ. ਤਾਰਨ ਸਿੰਘ ਅਨੁਸਾਰ- "ਗੁਰੂਬਾਣੀ ਪਹਾੜੀ ਝਰਨੇ ਵਾਂਗ ਨੈਣੀਂ, ਠੰਡ ਤੇ ਕਾਲਜੇ ਨੂੰ ਸ਼ਾਂਤੀ ਬਖਸ਼ਦੀ ਹੈ।"
ਆਧਾਰ-
ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਭਗਤੀ ਲਹਿਰ ਪੈਂਦੀ ਹੋਈ। ਜੋ ਗੁਰਮਤਿ ਕਾਵਿ ਦਾ ਆਧਾਰ ਬਣੀ। ਜਾਤ -ਪਾਤ, ਊਚ-ਨੀਚ , ਫੋਕੇ ਕਰਮ ਕਾਂਡ, ਅਸੁਰੱਖਿਆ, ਅੰਧ ਵਿਸ਼ਵਾਸ ਤੇ ਬ੍ਰਾਹਮਣਵਾਦ ਦੀ ਕੱਟੜਤਾ ਕਾਰਨ ਸਮਾਜ ਨੂੰ ਸੁਧਾਰ ਦੀ ਲੋੜ ਸੀ। ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਦਿਆਂ ਸੰਤ ਕਬੀਰ ਨੇ ਲਿਖਿਆ।
"ਮੇਰਾ ਮੁਝ ਮਹਿ ਕਿਛੁ ਨਹੀਂ
ਜੋ ਕਿਛੁ ਹੈ ਸੋ ਤੇਰਾ ।"
ਗੁਰੂ ਕਵੀਆਂ ਨੇ ਸਮਾਜ ਦਾ ਕਲਿਆਣ ਕਰਦਿਆਂ "ਵਿੱਦਿਆ ਵੀਚਾਰੀ ਤਾਂ ਪਰਉਪਕਾਰੀ"ਦਾ ਸੰਦੇਸ਼ ਦਿੱਤਾ, "ਮਨ ਜੀਤੈ ਜਗੁ ਜੀਤੁ।" ਦੇ ਮਹਾਂਵਾਕ ਅਨੁਸਾਰ ਬੰਦੇ ਨੂੰ ਆਪਣੇ ਮਨ ਨੂੰ ਜਿੱਤਣ ਦਾ ਉਪਦੇਸ਼ ਦਿੱਤਾ।
ਗੁਰਮਤਿ ਸਿਧਾਂਤ-
ਗੁਰਬਾਣੀ ਦੀ ਸਿੱਖਿਆ ਹੈ ਕਿ ਚੰਗੇ ਕਰਮ ਕਰਨੇ ਚਾਹੀਦੇ ਹਨ। ਗੁਰਮੁਖਿ ਕਾਵਿ ਦਾ ਵਿਸੇ਼ ਪੱਖੋਂ ਯੋਗਦਾਨ ਇਸ ਪ੍ਰਕਾਰ ਹੈ।:-
1. ਕਿਰਤ ਕਰੋ, ਨਾਮ ਜਪੋ, ਵੰਡ ਛਕੋ - ਗੁਰਬਾਣੀ ਨੇ ਮਨੁੱਖ ਨੂੰ ਆਪਣੇ ਹੱਥੀਂ ਕੰਮ ਕਰਨ ,ਨਾਮ ਜਪਣ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ ਹੈ।
ਉਦਾਹਰਣ ਵਜੋਂ-
"ਘਾਲ ਖਾਇ ਕਿਛੁ ਹਥਹੁ ਦੇਇ।"
2. ਇੱਕ ਪਰਮਾਤਮਾ ਵਿੱਚ ਵਿਸ਼ਵਾਸ - ਗੁਰੂ ਸਾਹਿਬ ਨੇ ਲੋਕਾਂ ਨੂੰ 33 ਕਰੋੜ ਦੇਵੀ ਦੇਵਤਿਆਂ ਦੇ ਚੱਕਰ ਵਿੱਚੋਂ ਕੱਢਿਆ ਅਤੇ ਇੱਕ ਰੱਬ ਦਾ ਨਾਮ ਜਪਣ ਦਾ ਸੰਦੇਸ਼ ਦਿੱਤਾ ਦੱਸਿਆ ਕਿ ਪਰਮਾਤਮਾ ਕਾਰਨ ਕਰਾਵਣ ਹਾਰਾ ਹੈ। ਉਦਾਹਰਣ -
"੧ਓ ਸਤਿਨਾਮ
ਕਰਤਾ ਪੁਰਖ।"
3. ਸਮਾਜ ਸੁਧਾਰ-
ਗੁਰਬਾਣੀ ਵਿੱਚ ਸਮਾਜ ਨੂੰ ਊਚ-ਨੀਚ, ਜਾਤ ਪਾਤ, ਭਿ੍ਸ਼ਟਾਚਾਰ, ਝੂਠ ਦਿਖਾਵੇ ਤੇ ਸਤੀ ਪ੍ਰਥਾ ਆਦਿ ਬੁਰਾਈਆਂ ਤੋਂ ਦੂਰ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਉਦਾਹਰਣ ਇਸ ਪ੍ਰਕਾਰ ਹੈ।
ਉਦਾਹਰਣ-
"ਫਕੜੁ ਜਾਤੀ
ਫਕੜੁ ਪਾਓ।।
ਸਭ ਨਾ ਜੀਆ
ਇਕਾ ਛਾਓ।।"
4. ਭਾਣਾ ਜਾਂ ਰਜ਼ਾ-
ਗੁਰਮਤਿ ਕਾਵਿ ਵਿੱਚ ਸਤਿਗੁਰੂ ਦੇ ਭਾਣੇ ਵਿੱਚ ਚੱਲਣ ਦਾ ਸੰਕਲਪ ਹੈ। ਗੁਰੂ ਸਾਹਿਬ ਦੀ ਸਿੱਖਿਆ ਹੈ ਕਿ ਸਭ ਕੁਝ ਰੱਬੀ ਭਾਣੇ ( ਹੁਕਮ ) ਵਿੱਚ ਹੋ ਰਿਹਾ ਹੈ। ਜੀਵ ਕੁਝ ਨਹੀਂ ਕਰ ਸਕਦਾ। ਜਿਸ ਨੇ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖ ਲਿਆ, ਉਹ ਮਨੁੱਖ ਮੁਕਤ ਹੋ ਜਾਂਦਾ ਹੈ।
ਉਦਾਹਰਣ-
"ਤੇਰਾ ਭਾਣਾ ਮੀਠਾ ਲਾਗੈ।
ਹਰਿ ਨਾਮ ਪਦਾਰਥ
ਨਾਨਕ ਮਾਂਗੈ।।"
5. ਔਰਤ ਦਾ ਸਤਿਕਾਰ- ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਗੁਰਮਤਿ ਦੀ ਇਹ ਪ੍ਰਾਪਤੀ ਹੈ ਕਿ ਇਸ ਵਿੱਚ ਨਾਰੀ ਨੂੰ ਆਦਰਯੋਗ ਸਮਝਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਵਾਲ ਕਰ ਕੇ ਸਮਝਾਇਆ ਹੈ -
"ਸੋ ਕਿਉਂ ਮੰਦਾ ਆਖੀਐ
ਜਿਤ ਜੰਮਹਿ ਰਾਜਾਨੁ।"
ਰੂਪਕ ਵਿਸ਼ੇਸ਼ਤਾਵਾਂ :-
ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਮਹਾਨ ਸਿੱਖਿਆ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੀ ਗਈ ਹੈ।ਗੱਲ ਕਹਿਣ ਦਾ ਢੰਗ ਤਰੀਕਾ ਲੋਕਾਂ ਦੇ ਮਨਾਂ ਉਪਰ ਅਸਰ ਕਰਦਾ ਹੈ।
1. ਸੌਖੀ, ਢੁਕਵੀਂ, ਲੋਕ ਬੋਲੀ-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਮ ਲੋਕਾਂ ਦੀ ਬੋਲੀ ਵਰਤੀ ਗਈ ਹੈ ਜੋ ਚੰਗੀ ਤਰ੍ਹਾਂ ਸਮਝ ਆਉਣ ਵਾਲੀ ਹੈ । ਬੋਲੀ ਵਿੱਚ ਅੱਡ-ਅੱਡ ਭਾਸ਼ਾਵਾਂ ਦੇ ਸ਼ਬਦ ਹਨ।ਇਸ ਕਾਰਨ ਕਈ ਤੁਕਾਂ ਲੋਕਾਂ ਦੀ ਜੁਬਾਨ ਤੇ ਚੜ ਗਈਆਂ ਹਨ।
ਉਦਾਹਰਣ-
"ਸਚੇ ਮਾਰਗ ਚਲਦਿਆਂ
ਉਸਤਤਿ ਕਰੇ ਜਹਾਨ।।"
2. ਅਲੰਕਾਰ-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੲੀ ਅਲੰਕਾਰ ਵਰਤੇ ਗਏ ਹਨ।
ਜਿਵੇਂ- ਉਪਮਾ ਰੂਪਕ ਅਤਿਕਥਨੀ
ਉਦਾਹਰਨ-
"ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤੁ ਮਹਤੁ॥ "
3. ਰਸ-
ਗੁਰਬਾਣੀ ਵਿੱਚ ਸ਼ਾਂਤ ਰਸ ਦੇ ਨਾਲ-ਨਾਲ ਸ਼ਿੰਗਾਰ ਰਸ , ਭਿਆਨਕ ਰਸ ,ਕਰੁਣਾ ਰਸ ਆਦਿ ਵਰਤੇ ਜਾਂਦੇ ਹਨ।
4. ਸੱਭਿਆਚਾਰਕ ਬਿੰਬ ਤੇ ਪ੍ਰਤੀਕ-
ਗੁਰੂ ਸਾਹਿਬ ਨੇ ਆਮ ਜੀਵਨ ਵਿੱਚੋਂ ਬਿੰਬ ਤੇ ਪ੍ਰਤੀਕ ਲੲੇ। ਪਾਣੀ, ਬਗਲਾ, ਹੰਸ, ਕਾਂ, ਰੁੱਖ, ਆਦਿ ਦੇ ਚਿੰਨ ਵਰਤੇ ਹਨ। ਬਿੰਬ ਸਾਡੀਆਂ ਗਿਆਨ ਇੰਦਰੀਆਂ ਨੂੰ ਮਹਿਸੂਸ ਹੁੰਦੇ ਹਨ।
ਉਦਾਹਰਨ-
"ਮਿਠਤੁ ਨੀਵੀ ਨਾਨਕਾ
ਗੁਣ ਚੰਗਿਆਈਆ ਤਤੁ॥"
ਗੁਰਮਤਿ ਕਾਵਿ ਧਾਰਾ (ਇਤਿਹਾਸਕ ਵਿਕਾਸ) -
1. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ- ਸ੍ਰੀ ਗੁਰੂ ਨਾਨਕ ਦੇਵ (1469-1539ਈ.) ਜੀ ਦੀ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ। ਜਪੁਜੀ ਸਾਹਿਬ ਦਾ ਮੂਲ ਮੰਤਰ ੧ਓ ਗੁਰਬਾਣੀ ਦੀ ਕੁੰਜੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਉਸ ਸਮੇਂ ਦੇ ਸਾਮਜ ਨੂੰ ਵੰਗਾਰਿਆ (ਪੇਸ਼ ਕੀਤਾ) ਗਿਆ ਹੈ।ਬਾਬਰ ਵਰਗੇ ਜਾਲਮ ਰਾਜਿਆਂ ਨੂੰ ਵੰਗਾਰਿਆ ਹੈ।
"ਰਾਜੇ ਸ਼ੀਹ ਮੁੱਕਦਮ ਕੁੱਤੇ ਸੀ।।"
2. ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ- ਗੁਰੂ ਅੰਗਦ ਦੇਵ ਨੇ "ਗੁਰ ਬਿਨ ਘੋਰ ਅੰਧਾਰੁ" ਆਖ ਕੇ ਗੁਰੂ ਦਾ ਮਹੱਤਵ ਦੱਸਿਆ। ਆਪ ਨੇ ਸ਼ਲੋਕਾਂ ਰਾਹੀਂ ਬੜੀ ਸੁੰਦਰ ਰਚਨਾ ਕੀਤੀ ਅਤੇ ਜੱਗ ਨੂੰ ਸੱਚੇ ਰੱਬ ਦੀ ਕੋਠੜੀ ਆਖਿਆ ਹੈ।
3. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ- ਤੀਜੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤੀ ਪ੍ਰਥਾ,ਜਤੀ ਪ੍ਰਥਾ, ਵਿਧਵਾ ਨਾਲ ਬੁਰਾ ਮਲੂਕ ਆਦਿ ਅਨੇਕਾਂ ਬੁਰਾਈਆਂ ਦਾ ਵਿਰੋਧ ਕੀਤਾ ਗਿਆ ਹੈ। ਆਨੰਦ ਸਾਹਿਬ ਨੂੰ ਪੜ ਕੇ ਸ਼ਾਂਤ ਰਸ ਮਹਿਸੂਸ ਹੁੰਦਾ ਹੈ।
"ਅਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈ ਪਾਇਆ।।"
4. ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਬਾਣੀ ਰਚਨਾ ਕਰਨ ਦਾ ਮਾਣ ਗੁਰੂ ਰਾਮਦਾਸ ਜੀ ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਹੈ। ਚੌਥੇ ਗੁਰੂ ਦੀ ਬਾਣੀ ਵਿੱਚ ਰਸ,ਲੈਅ ਤੇ ਦੁਹਰਾਅ ਬਹੁਤ ਹੈ ਜੋ ਮਨ ਨੂੰ ਖਿੱਚਦਾ ਹੈ।
"ਬਾਣੀ ਗੁਰੂ ਗੁਰੂ ਹੈ ਬਾਣੀ।।
ਵਿੱਚ ਬਾਣੀ ਅੰਮ੍ਰਿਤ ਸਾਰੇ।।"
5. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ- ਸ੍ਰੀ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਭਾੲੀ ਗੁਰਦਾਸ ਜੀ ਨੇ ਲਿਖਤ ਦਾ ਕਾਰਜ ਨਿਭਾਇਆ। ਆਪ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਰਚੀ।
"ਸੋ ਮਾਂਗੈ ਠਾਕੁਰ ਅਪਨੇ ਤੇ
ਸੋਈ ਸੋਈ ਦੇਵੇ।।"
ਜਾਂ
"ਘਰ ਸੁਖ ਵਸਿਆ
ਬਾਹਰ ਸੁਖ ਪਾਇਆ।।"
6. ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ- ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਗ 31ਵੇਂ ਰਾਗ ਜੈਜੈਵੰਤੀ ਵਿੱਚ ਵੈਰਾਗ ਮੲੀ ਰਚਨਾ ਕੀਤੀ।
ਆਪ ਨੇ ਸਵਾਲੀਆ (ਪ੍ਰਸ਼ਨ ਸ਼ੈਲੀ) ਵਰਤੀ।
"ਕਾਹੇ ਰੇ ਬਨ ਖੋਜਨ ਜਾਈ।।"
7.ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ- ਗੁਰੂ ਗੋਬਿੰਦ ਸਿੰਘ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਪਰ ਆਪ ਦੇ ਸ਼ਬਦ "ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।" ਨੂੰ ਬੜੀ ਸ਼ਰਧਾ ਨਾਲ ਪੜ੍ਹਿਆ ਜਾਂਦਾ ਹੈ।
ਭਾਈ ਗੁਰਦਾਸ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਤਾਂ ਨਹੀਂ ਹੈ ਪਰ ਗੁਰਬਾਣੀ ਦੀ ਵਿਆਖਿਆ ਜ਼ਰੂਰ ਕਰਦੀ ਹੈ। ਇਸਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ।
ਸੱਚ-ਮੁੱਚ ਗੁਰਮਤਿ- ਕਾਵਿ ਕੇਵਲ ਪੰਜਾਬੀ ਸਾਹਿਤ ਦਾ ਹੀ ਨਹੀਂ ਸਗੋਂ ਸਾਰੇ ਵਿਸ਼ਵ ਦੇ ਸਾਹਿਤ ਦਾ ਸਾਂਭਣ ਯੋਗ ਖਜ਼ਾਨਾ ਹੈ।

0 Comments